.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਗੁਰੂ ਦੀ ਸੇਵਾ ਤਥਾ ਸਿੱਖਿਆ


ਨਾਨਕਈ ਫਲਸਫ਼ਾ ਵਿਹਲੜ ਮਨੁੱਖ ਨੂੰ ਪੂਰੀ ਤਰ੍ਹਾਂ ਨਿਕਾਰਦਾ ਹੈ। ਕਿਰਤ ਕਰਨੀ ਜਾਂ ਕਿਰਤ ਦੇ ਸਾਧਨ ਪੈਦਾ ਕਰਨ ਨਾਲ ਸਮਾਜ ਤਰੱਕੀ ਦੀ ਲੀਹ ‘ਤੇ ਚਲਦਾ ਹੈ। ਦੂਸਰਾ ਵਿਚਾਰ ਵੰਡ ਕੇ ਛੱਕਣ ਦਾ ਆਉਂਦਾ ਹੈ ਜਿਹੜਾ ਸਮਾਜਕ ਬਰਾਬਰੀ ਪੈਦਾ ਕਰਦਾ ਹੈ। ਇਹ ਦੋ ਕੰਮ ਕਰਨ ਵਾਲਾ ਹੀ ਅਸਲ ਵਿਚ ਨਾਮ ਜੱਪ ਰਿਹਾ ਹੈ। ਇਹਨਾਂ ਵਿਚਾਰਾਂ ਨੂੰ ਅਮਲੀ ਜਾਮਾ ਦੇਣਾ ਹੀ ਗੁਰੂ ਦੀ ਸੇਵਾ ਹੈ। ਗੁਰੂ ਦੀ ਸੇਵਾ ਦਾ ਮਹੱਤਵ ਕੇਵਲ ਅਸੀਂ ਗੁਰਦੁਆਰੇ ਤੱਕ ਸੀਮਤ ਕਰਕੇ ਰੱਖ ਦਿੱਤਾ ਹੈ। ਬਿਨਾ ਲੋੜ ਤੋਂ ਰੁਮਾਲੇ ਚੜ੍ਹਾਈ ਜਾਣਾ, ਜਿੱਥੇ ਇਕ ਨੇ ਪੋਚਾ ਲਾਇਆ ਓੱਥੇ ਹੀ ਬਾਰ ਬਾਰ ਪੋਚਾ ਲਗਾਈ ਜਾਣਾ ਜਾਂ ਬਿਨਾ ਲੋੜ ਤੋਂ ਲੰਗਰਾਂ ਵਿਚ ਵੱਖ ਵੱਖ ਪ੍ਰਕਾਰ ਦੀਆਂ ਵੰਨਗੀਆਂ ਤਿਆਰ ਕਰੀ ਜਾਣ ਨੂੰ ਅਸੀਂ ਗੁਰੂ ਦੀ ਸੇਵਾ ਸਮਝ ਲਿਆ ਹੈ। ਸੇਵਾ ਗੁਰਦੁਆਰੇ ਵਿਚੋਂ ਸਿੱਖੀ ਜਾਂਦੀ ਹੈ ਤੇ ਇਸ ਦਾ ਖੇਤਰ ਦੁਨੀਆਂ ਵਿਚ ਨਿਰਧਾਰਤ ਕੀਤਾ ਗਿਆ ਹੈ। ਇਸ ਸਲੋਕ ਵਿਚ ਗੁਰੂ ਦੀ ਸੇਵਾ ਤੋਂ ਭਾਵ ਹੈ ਗੁਰੂ ਦਾ ਗਿਆਨ ਹਾਸਲ ਕਰਨਾ, ਉਸ ਅਨੁਸਾਰੀ ਹੋ ਕੇ ਤੁਰਨ ਤੋਂ ਹੈ---
ਅਧਰੰ ਧਰੰ ਧਾਰਣਹ ਨਿਰਧਨੰ ਧਨ ਨਾਮ ਨਰਹਰਹ॥
ਅਨਾਥ ਨਾਥ ਗੋਬਿੰਦਹ ਬਲਹੀਣ ਬਲ ਕੇਸਵਹ॥
ਸਰਬ ਭੂਤ ਦਯਾਲ ਅਚੁਤ ਦੀਨ ਬਾਂਧਵ ਦਾਮੋਦਰਹ॥
ਸਰਬਗੵ ਪੂਰਨ ਪੁਰਖ ਭਗਵਾਨਹ ਭਗਤਿ ਵਛਲ ਕਰੁਣਾ ਮਯਹ॥
ਘਟਿ ਘਟਿ ਬਸੰਤ ਬਾਸੁਦੇਵਹ ਪਾਰਬ੍ਰਹਮ ਪਰਮੇਸੁਰਹ॥
ਜਾਚੰਤਿ ਨਾਨਕ ਕ੍ਰਿਪਾਲ ਪ੍ਰਸਾਦੰ ਨਹ ਬਿਸਰੰਤਿ ਨਹ ਬਿਸਰੰਤਿ ਨਾਰਾਇਣਹ॥੨੧॥
ਅੱਖਰੀਂ ਅਰਥ--— ਪਰਮਾਤਮਾ ਦਾ ਨਾਮ ਨਿਆਸਰਿਆਂ ਨੂੰ ਆਸਰਾ ਦੇਣ ਵਾਲਾ ਹੈ, ਅਤੇ ਧਨ-ਹੀਣਾਂ ਦਾ ਧਨ ਹੈ। ਗੋਬਿੰਦ ਅਨਾਥਾਂ ਦਾ ਨਾਥ ਹੈ ਤੇ ਕੇਸ਼ਵ-ਪ੍ਰਭੂ ਨਿਤਾਣਿਆਂ ਦਾ ਤਾਣ ਹੈ। ਅਬਿਨਾਸ਼ੀ ਪ੍ਰਭੂ ਸਭ ਜੀਵਾਂ ਉਤੇ ਦਇਆ ਕਰਨ ਵਾਲਾ ਹੈ ਅਤੇ ਕੰਗਾਲਾਂ ਦਾ ਬੰਧੂ ਹੈ। ਸਰਬ-ਵਿਆਪਕ ਭਗਵਾਨ ਸਭ ਜੀਆਂ ਦੇ ਦਿਲ ਦੀ ਜਾਣਨ ਵਾਲਾ ਹੈ, ਭਗਤੀ ਨੂੰ ਪਿਆਰ ਕਰਦਾ ਹੈ ਅਤੇ ਤਰਸ ਦਾ ਘਰ ਹੈ। ਪਰਮਾਤਮਾ ਪਾਰਬ੍ਰਹਮ ਪਰਮੇਸਰ ਹਰੇਕ ਦੇ ਹਿਰਦੇ ਵਿਚ ਵੱਸਦਾ ਹੈ।ਨਾਨਕ ਉਸ ਕਿਰਪਾਲ ਨਾਰਾਇਣ ਤੋਂ ਕਿਰਪਾ ਦਾ ਇਹ ਦਾਨ ਮੰਗਦਾ ਹੈ ਕਿ ਉਹ ਮੈਨੂੰ ਕਦੇ ਨਾਹ ਵਿੱਸਰੇ, ਕਦੇ ਨਾਹ ਵਿੱਸਰੇ।
ਵਿਚਾਰ ਚਰਚਾ
੧ ਰੱਬ ਜੀ ਦਾ ਨਾਮ ਨਿਆਸਰਿਆਂ ਨੂੰ ਆਸਰਾ ਦੇਂਦਾ ਹੈ। ਵਿਕਸਤ ਮੁਲਕਾਂ ਦੀਆਂ ਸਰਕਾਰਾਂ ਅਪਣੇ ਦੇਸ ਵਾਸੀਆਂ ਨੂੰ ਹਰ ਪ੍ਰਕਾਰ ਦੀ ਮਦਦ ਦੇਂਦੀਆਂ ਹਨ ਤਾਂ ਕਿ ਮਨੁੱਖ ਵਿਕਾਸ ਕਰ ਸਕੇ। ਨਾਮ ਦਾ ਭਾਵ ਹੈ ਜਿਹੜਾ ਵੀ ਮਨੁੱਖ ਸਦ ਗੁਣਾਂ ਨੂੰ ਆਪਣੇ ਜੀਵਨ ਵਿਚ ਧਾਰਨ ਕਰਦਾ ਹੈ ਤਰੱਕੀ ਦੇ ਰਾਹ ਵੀ ਉਹ ਹੀ ਤੁਰਦਾ ਹੈ। ਆਸਰਾ ਤੋਂ ਭਾਵ ਉਤਸ਼ਾਹ, ਜਾਂ ਚਾਓ ਪੈਦਾ ਹੋਣ ਤੋਂ ਹੈ।
੨ ਧਨ ਹੀਣਾਂ ਨੂੰ ਧਨ ਦੇਂਦਾ ਹੈ—ਚੰਗੀਆਂ ਸਰਕਾਰਾਂ ਆਪਣੇ ਮੁਲਕ ਵਿਚ ਕਿਰਤ ਦੇ ਸਾਧਨ ਪੈਦਾ ਕਰਦੀਆਂ ਹਨ ਜਿਸ ਨਾਲ ਹਰੇਕ ਨੂੰ ਰੋਜ਼ੀ ਕਮਾਉਣ ਦਾ ਮੌਕਾ ਮਹੱਈਆ ਕਰਾਉਂਦੀਆਂ ਹਨ। ਧਨ ਕਮਾਉਣਾ ਤਾਂ ਆਪ ਹੀ ਪੈਣਾ ਹੈ ਜਿਸ ਲਈ ਉਦਮ ਵੀ ਆਪ ਹੀ ਕਰਨਾ ਪੈਣਾ ਹੈ।
੩ ਏੱਥੇ ਨਾਮ ਤੋਂ ਭਾਵ ਉਦਮੀ ਹੋਣ ਤੋਂ ਹੈ। ਜਿਹੜਾ ਬੱਚਾ ਉਦਮੀ ਹੋਏਗਾ ਮਨ ਮਾਰ ਕੇ ਪੜ੍ਹਾਈ ਕਰੇਗਾ ਤਰੱਕੀ ਦੇ ਰਾਹ ਵੀ ਉਸ ਦੇ ਹੀ ਖੁਲ੍ਹਦੇ ਹਨ।
੪ ਕਈ ਬੱਚੇ ਇਹ ਵੀ ਸੋਚ ਲੈਂਦੇ ਹਨ ਕਿ ਅਸੀਂ ਨਕਲ ਮਾਰ ਕੇ ਪਾਸ ਹੋ ਜਾਂਵਾਂਗੇ ਪਰ ਆਉਣ ਵਾਲੇ ਸਮੇਂ ਵਿਚ ਕਾਮਯਾਬ ਉਹ ਹੀ ਹੁੰਦਾ ਹੈ ਜਿਸ ਨੇ ਸੱਚੀ ਲਗਨ ਨਾਲ ਮਿਹਨਤ ਕੀਤੀ ਹੈ।
੫ ਬਲ ਹੀਣਾਂ ਨੂੰ ਬਲ ਮਿਲਦਾ ਹੈ—ਗੁਰੂ ਦੀ ਵਿਚਾਧਾਰਾ ਹੀ ਐਸੀ ਹੈ ਜਿਹੜੀ ਆਤਮਕ ਕੰਮਜ਼ੋਰੀ ਨੂੰ ਦੂਰ ਹੀ ਨਹੀਂ ਕਰਦੀ ਸਗੋਂ ਇਸ ਵਿਚੋਂ ਸੱਚ ਲਈ ਅੜਦਿਆਂ ਹੋਇਆ ਸ਼ਹੀਦ ਵੀ ਹੋ ਜਾਂਦਾ ਹੈ। ਅਜੇਹੀ ਸੋਚ ਹਰ ਜ਼ੁਲਮ ਨੂੰ ਠੱਲ ਪਉਂਦੀ ਤੇ ਬੇਇਨਸਾਫ਼ੀ ਵਿਰੁੱਧ ਲੜਦੀ ਹੈ। ਏੱਥੇ ਰੱਬ ਦੇ ਨਾਮ ਤੋਂ ਭਾਵ ਅਣਖ਼ੀ ਅਤੇ ਗੈਰਤਮੰਦ ਸੋਚ ਦਾ ਜਨਮ ਹੋਣ ਤੋਂ ਹੈ।
੬ ਸਰਬ ਵਿਆਪਕ ਰੱਬ ਜੀ ਸਾਡਿਆਂ ਦਿੱਲਾਂ ਦੀਆਂ ਜਾਣਦਾ ਹੈ—ਇਸ ਦਾ ਭਾਵ ਹੈ ਕਿ ਗੁਰੂ ਦਾ ਗਿਆਨ ਹਾਸਲ ਕਰਨ ਵਾਲਾ ਚੰਗੇ ਮਾੜੇ ਦੀ ਪਰਖ ਕਰਨ ਦੇ ਸਮਰੱਥ ਹੋ ਜਾਂਦਾ ਹੈ। ਗੁਰੂ ਸਾਹਿਬ ਦੀ ਸੇਵਾ ਭਾਵ ਸਿਖਿਆ ਵਿਚੋਂ ਆਪਸੀ ਪਿਆਰ ਭਾਵਨਾ ਦੀ ਸਮਝ ਆਉਂਦਿਆਂ ਈਰਖਾ ਦਵੈਸ਼ ਵਰਗੀਆਂ ਭਿਆਨਕ ਬਿਮਾਰੀਆਂ ਦਾ ਖਾਤਮਾ ਹੁੰਦਾ ਹੈ।
੭ ਰੱਬ ਜੀ ਹਰੇਕ ਹਿਰਦੇ ਵਿਚ ਵਸਣ ਤੋਂ ਭਾਵ ਹੈ ਕਿ ਹਰੇਕ ਦਿਮਾਗ ਵਿਚ ਰੱਬ ਜੀ ਵਲੋਂ ਬਹੁਤ ਕੁਝ ਪਾਇਆ ਗਿਆ ਹੈ ਜਿਹੜੀ ਇਸ ਨੂੰ ਸੰਗਤ ਮਿਲ ਗਈ ਉਹ ਹੀ ਇਸ ਵਿਚੋਂ ਪ੍ਰਗਟ ਹੋ ਜਾਣਾ ਹੈ। ਡਾਕਟਰ, ਖਿਢਾਰੀ, ਵਕੀਲ ਆਦ ਸਭ ਗੁਣ ਮਨੁੱਖੀ ਦਿਮਾਗ ਵਿਚ ਹੀ ਹਨ ਤੇ ਨਾਲ ਹੀ ਸਤ-ਸੰਤਖ, ਧੀਰਜ, ਧਰਮ, ਪਿਆਰ ਵਰਗੇ ਦੈਵੀ ਗੁਣ ਵੀ ਇਸ ਦੇ ਦਿਮਾਗ ਵਿਚ ਹੀ ਹਨ ਪਰ ਇਹਨਾਂ ਦੀ ਸਮਝ ਗੁਰ ਗਿਆਨ ਵਿਚੋਂ ਹੀ ਆਉਂਦੀ ਹੈ।
੮ ਕਿਰਪਾ ਦਾ ਦਾਨ ਮੰਗਿਆ ਹੈ। ਇਸ ਦਾ ਅਰਥ ਇਹ ਨਹੀਂ ਕਿ ਅਸੀਂ ਨਿਹੱਥੇ ਹੋ ਕੇ ਬੈਠ ਜਾਈਏ ਤੇ ਕਹੀ ਜਾਈਏ ਆਪੇ ਰੱਬ ਜੀ ਦੇਣਗੇ। ਇਸ ਤਰ੍ਹਾਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਹਾਂ ਮਿਹਨਤ ਮਨੁੱਖ ਨੂੰ ਹੀ ਕਰਨੀ ਪੈਣੀ ਹੈ।
੯ ਗੁਰੂ ਦੀ ਸੇਵਾ ਦੇ ਭਾਵ ਨੂੰ ਸਮਝਣ ਵਾਲਾ ਸਿੱਖਿਆ ਨੂੰ ਗ੍ਰਹਿਣ ਕਰਦਾ ਹੈ ਜਿੱਥੇ ਦੁਨਿਆਵੀ ਵਿਦਿਆ ਹਾਸਲ ਕਰਦਾ ਹੈ ਓੱਥੇ ਉਹ ਸਦਾਚਾਰਕ ਵਿਦਿਆ ਵੀ ਸਮਝਦਾ ਹੈ। ਅਜੇਹਾ ਮਨੁੱਖ ਹੀ ਆਤਮਕ ਤੌਰ ‘ਤੇ ਦੇਵੀ ਗੁਣਾਂ ਦਾ ਆਗੂ ਹੁੰਦਾ ਹੈ—
ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ॥
ਜਿਸੁ ਪਤਿ ਰਖੈ ਸਚਾ ਸਾਹਿਬੁ ਨਾਨਕ ਮੇਟਿ ਨ ਸਕੈ ਕੋਈ॥੨॥
ਸਲੋਕ ਮ: ੫ ਪੰਨਾ ੫੨੦




.