.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਸਮਰਪਤ ਭਾਵਨਾ

ਦੋ ਸਿੱਖਿਆਰਥੀ ਕਿਸੇ ਉਸਤਾਦ ਕੋਲੋਂ ਤਬਲੇ ਦੀ ਵਿਦਿਆ ਲੈਣ ਲਈ ਗਏ। ਇੱਕ ਸੱਖਿਆਰਥੀ ਕਹਿੰਦਾ ਹੈ ਕਿ "ਮੈਨੂੰ ਤਬਲਾ ਆਉਂਦਾ ਹੈ"। ਉਸਤਾਦ ਜੀ ਕਹਿਣ ਲੱਗੇ, "ਫਿਰ ਤਬਲਾ ਵਜਾ ਕੇ ਦਿਖਾਓ"। ਸਿਖੇ ਹੋਏ ਸਿੱਖਿਆਰਥੀ ਨੇ ਤਬਲਾ ਵਜਾਇਆਂ ਤਾਂ ਉਸਤਾਦ ਜੀ ਕਹਿਣ ਲੱਗੇ, "ਭਾਈ ਤੈਨੂੰ ਪੰਜ ਸਾਲ ਲੱਗਣਗੇ ਤਬਲਾ ਸਿੱਖਣ ਲਈ"। ਉਸਤਾਦ ਜੀ ਨੇ ਦੂਸਰੇ ਸਿਖਿਆਰਥੀ ਨੂੰ ਪੁੱਛਿਆ, ਕਿ "ਤੈਨੂੰ ਤਬਲਾ ਆਉਂਦਾ ਹੈ" ਤਾਂ ਉਹ ਸਿੱਖਿਆਰਥੀ ਕਹਿਣ ਲੱਗਾ ਕਿ ਜੀ, "ਮੈਨੂੰ ਬਿਲਕੁਲ ਕੁੱਝ ਨਹੀਂ ਆਉਂਦਾ ਤੇ ਨਾਹੀ ਮੈਨੂੰ ਤਬਲੇ ਸਬੰਧੀ ਕੋਈ ਜਾਣਕਾਰੀ ਹੈ"। ਤਾਂ ੳਸਤਾਦ ਸੁਣ ਕੇ ਵਿਚਾਰ ਕੇ ਕਹਿਣ ਲੱਗਾ, ਕਿ "ਭਾਈ ਤੈਨੂੰ ਤਬਲਾ ਸਿੱਖਣ ਲਈ ਤਿੰਨ ਸਾਲ ਲੱਗਣਗੇ"। ਪਹਿਲਾ ਸਿੱਖਿਆਰਥੀ ਕਹਿੰਦਾ, ਕਿ "ਉਸਤਾਦ ਜੀ ਇਸ ਨੂੰ ਕੁੱਝ ਵੀ ਨਹੀਂ ਆਉਂਦਾ ਤੇ ਤਿੰਨ ਸਾਲ ਮੈਨੂੰ ਤਬਲਾ ਆਉਂਦਾ ਕਿ ਪੰਜ ਸਾਲ ਅਜੇਹੀ ਬੇ-ਇਨਸਾਫ਼ੀ ਕਿਉਂ"? ਉਸਤਾਦ ਜੀ ਕਹਿਣ ਲੱਗੇ, ਕਿ "ਭਾਈ ਤੂੰ ਗਲਤ ਸਿੱਖਿਆ ਹੈ ਦੂਜਾ ਤੈਨੂੰ ਮਾਣ ਹੈ ਕਿ ਮੈਨੂੰ ਤਬਲਾ ਵਜਾਉਣਾ ਆਉਂਦਾ ਹੈ ਇਸ ਲਈ ਮੇਰੀ ਗੱਲ ਤੇਰੇ ਖਾਨੇ ਵਿੱਚ ਨਹੀਂ ਪਏਗੀ, ਪਹਿਲਾਂ ਜੋ ਤੂੰ ਸਿੱਖਿਆ ਹੈ ਉਸ ਨੂੰ ਬਾਹਰ ਕੱਢਣਾ ਪੈਣਾ ਹੈ"। ਜਿਹੜਾ ਅਜੇ ਕੋਰਾ ਹੈ ਉਹ ਇਹ ਗੱਲ ਮੰਨ ਗਿਆ ਹੈ ਕਿ ਮੈਨੂੰ ਕੁੱਝ ਵੀ ਨਹੀਂ ਆਉਂਦਾ ਤੇ ਸਿੱਖਣ ਲਈ ਵੀ ਤਿਆਰ ਹੈ ਇਸ ਲਈ ਇਹ ਬਹੁਤ ਜਲਦੀ ਤਬਲੇ ਦੀਆਂ ਬਰੀਕੀਆਂ ਸਿੱਖ ਜਾਏਗਾ। ਜਦੋਂ ਬੰਦਾ ਨਿੰਮ੍ਰਤਾ ਨਾਲ ਸਿੱਖਣ ਦਾ ਯਤਨ ਕਰੇਗਾ ਤਾਂ ਉਹ ਬਹੁਤ ਜਲਦੀ ਸਿੱਖ ਜਾਂਦਾ ਹੈ ਪਰ ਜਦੋਂ ਮਨੁੱਖ ਇਹ ਮਨ ਵਿੱਚ ਧਾਰ ਲਏ ਕਿ ਮੈਨੂੰ ਬਹੁਤ ਕੁੱਝ ਆਉਂਦਾ ਹੈ ਤਾਂ ਉਸ ਦੇ ਸਿੱਖਣ ਵਾਲੇ ਦਰਵਾਜ਼ੇ ਬੰਦ ਹੋ ਜਾਂਦੇ ਹਨ।

ਨਹ ਸਮਰਥੰ ਨਹ ਸੇਵਕੰ, ਨਹ ਪ੍ਰੀਤਿ ਪਰਮ ਪਰਖੋਤਮੰ॥

ਤਵ ਪ੍ਰਸਾਦਿ ਸਿਮਰਤੇ ਨਾਮੰ ਨਾਨਕ, ਕ੍ਰਿਪਾਲ ਹਰਿ ਹਰਿ ਗੁਰੰ॥੨੨॥

ਅੱਖਰੀਂ ਅਰਥ-— ਹੇ ਪਰਮ ਉੱਤਮ ਅਕਾਲ ਪੁਰਖ! ਹੇ ਕ੍ਰਿਪਾਲ ਹਰੀ! ਹੇ ਗੁਰੂ ਹਰੀ! (ਮੇਰੇ ਅੰਦਰ ਸਿਮਰਨ ਦੀ) ਨਾਹ ਹੀ ਸਮਰੱਥਾ ਹੈ, ਨਾ ਹੀ ਮੈਂ ਸੇਵਕ ਹਾਂ, ਨਾਹ ਹੀ ਮੇਰੇ ਅੰਦਰ (ਤੇਰੇ ਚਰਨਾਂ ਦੀ) ਪ੍ਰੀਤ ਹੈ। (ਤੇਰਾ ਦਾਸ) ਨਾਨਕ ਤੇਰੀ ਮੇਹਰ ਨਾਲ (ਹੀ) ਤੇਰਾ ਨਾਮ ਸਿਮਰਦਾ ਹੈ।

ਵਿਚਾਰ ਚਰਚਾ--

ਤਿੰਨ ਨੁਕਤੇ ਉਠਾਏ ਹਨ ਕਿ ਰੱਬ ਜੀ ਮੇਰੇ ਵਿੱਚ ਕੋਈ ਸਮਰੱਥਾ ਨਹੀਂ ਹੈ ਦੂਜਾ ਨਾ ਹੀ ਸੇਵਕਾਂ ਵਾਲਾ ਕੋਈ ਗੁਣ ਹੈ ਤੇ ਤੀਜਾ ਮੇਰੀ ਪ੍ਰੀਤੀ ਕੋਈ ਬਹੁਤੀ ਨਹੀਂ ਹੈ।

੨ ਤੇਰੀ ਮਿਹਰ ਨਾਲ ਹੀ ਮੈਂ ਨਾਮ ਸਿਮਰ ਸਕਦਾ ਹਾਂ।

੩ ਇਸ ਸਲੋਕ ਦੀ ਭਾਵਨਾ ਸਮਝ ਆਉਂਦੀ ਹੈ ਕਿ ਜਦੋਂ ਕਿਸੇ ਨੇ ਕੁੱਝ ਹਾਸਲ ਕਰਨਾ ਹੈ ਤਾਂ ਆਪਣੇ ਆਪ ਨੂੰ ਸਮਰਪਤ ਕਰਨਾ ਪਏਗਾ।

੪ ਆਸਾ ਰਾਗ ਅੰਦਰ ਵੀ ਬੜਾ ਪਿਆਰਾ ਵਾਕ ਹੈ ਕਿ ਭਰੇ ਭਾਂਡੇ ਵਿਚੋਂ ਪਹਿਲੀ ਵਸਤੂ ਕੱਢਣੀ ਪਏਗੀ ਤਾਂ ਦੂਜੀ ਪਾਈ ਜਾ ਸਕਦੀ ਹੈ।

੫ ਇੰਝ ਮਨੁੱਖ ਆਪਣੇ ਆਪ ਨੂੰ ਜਦੋਂ ਸਮਰੱਪਤ ਕਰਦਿਆਂ ਉਦਮ ਕਰੇਗਾ ਤਾਂ ਇਹ ਹੀ ਰੱਬ ਜੀ ਦੀ ਮਿਹਰ ਹੈ। ਇੰਝ ਕਦੀ ਵੀ ਨਹੀਂ ਹੋ ਸਕਦਾ ਕਿ ਕਿਰਸਾਨ ਕਣਕ ਬੀਜੇ ਹੀ ਨਾ ਤੇ ਇਹ ਕਹੇ ਕਿ ਮੇਰੇ ਘਰ ਕਣਕ ਆਪਣੇ ਆਪ ਤਿਆਰ ਹੋ ਕੇ ਆ ਜਾਏ। ਬੱਚਾ ਕਦੇ ਡਾਕਟਰੀ ਦੀ ਪੜ੍ਹਾਈ ਕਰੇ ਹੀ ਨਾ ਤੇ ਕਹੇ ਕਿ ਰੱਬ ਜੀ ਮੈਨੂੰ ਘਰ ਬੈਠਿਆਂ ਡਾਕਟਰ ਬਣਾ ਦਿਓ। ਏਦਾਂ ਕਦੇ ਵੀ ਨਹੀਂ ਹੁੰਦਾ।

੬ ਕਈ ਵਾਰੀ ਏਦਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਕਿ ਬੱਚੇ ਦਾ ਕੁੱਝ ਸਿੱਖਣ ਨੂੰ ਮਨ ਨਹੀਂ ਕਰਦਾ ਤੇ ਨਾਹੀ ਉਸ ਕੰਮ ਪ੍ਰਤੀ ਉਸ ਦਾ ਪਿਆਰ ਜਾਂ ਲਗਨ ਹੁੰਦੀ ਹੈ ਤੇ ਨਾ ਹੀ ਕੋਈ ਸਿੱਖਣ ਦੀ ਰੁਚੀ ਹੁੰਦੀ ਹੈ ਪਰ ਜੇ ਅਧਿਆਪਕ ਚੰਗਾ ਮਿਲ ਜਾਏ ਤਾਂ ਉਹ ਪ੍ਰੇਰਨਾ ਨਾਲ ਕਿਸੇ ਮੰਜ਼ਿਲ `ਤੇ ਵੀ ਪਹੁੰਚ ਸਕਦਾ ਹੈ।

੭ ਕਈਆਂ ਕੋਲ ਫੀਸ ਦੇ ਪੈਸੇ ਵੀ ਨਹੀਂ ਹੁੰਦੇ ਤੇ ਨਾ ਹੀ ਦੂਸਰਿਆਂ ਵਿਦਿਆਰਥੀਆਂ ਵਾਂਗ ਰਹਿਣ ਸਹਿਣ ਹੁੰਦਾ ਹੈ ਅਜੇਹੀ ਅਵਸਥਾ ਵਿੱਚ ਕੋਈ ਨਾ ਕੋਈ ਪ੍ਰੇਰਨਾ ਸਰੋਤ ਮਿਲ ਜਾਏ ਤਾਂ ਨਾਮ ਜਪਣ ਲੱਗ ਜਾਂਦਾ ਹੈ ਭਾਵ ਰਾਹ ਸਿਰ ਤੁਰ ਪੈਂਦਾ ਹੈ।

੮ ਆਪਣੇ ਆਪ ਨੂੰ ਸਮਰੱਪਤ ਕਰਨਾ, ਉਦਮੀ ਹੋਣਾ ਤੇ ਮਨ ਮਾਰ ਕੇ ਮਿਹਨਤ ਕਰਨ ਲਈ ਤਿਆਰ ਹੋ ਜਾਣਾ ਹੀ ਰੱਬ ਜੀ ਦੀ ਕ੍ਰਿਪਾ ਤਥਾ ਮਿਹਰ ਹੈ--

ਕਾਮੁ ਕ੍ਰੋਧੁ ਲੋਭੁ ਛੋਡੀਐ ਦੀਜੈ ਅਗਨਿ ਜਲਾਇ॥

ਜੀਵਦਿਆ ਨਿਤ ਜਾਪੀਐ ਨਾਨਕ ਸਾਚਾ ਨਾਉ॥੧॥

ਸਲੋਕ ਮ: ੫ ਪੰਨਾ ੫੧੯




.