ਕੀ ਮਿਸ਼ਨਰੀ ਸੋਚ ਵਾਲੇ ਵੀ ਦੋਸ਼ੀ ਨਹੀਂ ਹਨ?
ਅੱਜ ਤੋਂ 35 ਸਾਲ ਪਹਿਲਾਂ ਭਾਵ ਕਿ ਸੰਨ 1984 ਵਿੱਚ ਇੰਡੀਆ ਦੀ ਪ੍ਰਧਾਨ ਮੰਤ੍ਰੀ ਇੰਦਰਾ ਗਾਂਧੀ ਦੇ
ਕਤਲ ਤੋਂ ਬਾਅਦ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਦੇ ਜੋ ਕਤਲੇਆਮ ਹੋਏ ਸਨ ਉਸ ਬਾਰੇ ਇਸ
ਹਫਤੇ ਮੀਡੀਏ ਵਿੱਚ ਤੁਸੀਂ ਸਾਰਿਆਂ ਨੇ ਬਹੁਤ ਕੁੱਝ ਪੜ੍ਹਿਆ ਸੁਣਿਆਂ ਹੋਵੇਗਾ। ਇਹੀ ਕੁੱਝ ਤੁਸੀਂ
ਸਾਰੇ ਪਿਛਲੇ 35 ਸਾਲਾਂ ਤੋਂ ਪੜ੍ਹਦੇ ਸੁਣਦੇ ਆ ਰਹੇ ਹੋ। ਕਿਸ ਤਰ੍ਹਾਂ ਟੱਬਰਾਂ ਦੇ ਟੱਬਰ ਜੀਂਦੇ
ਸਾੜੇ ਗਏ, ਗਲਾਂ ਵਿੱਚ ਟਾਇਰ ਪਾ ਕੇ ਤੜਫਦਿਆਂ ਨੂੰ ਮਖੌਲ ਕੀਤੇ ਗਏ, ਬਲਾਤਕਾਰ ਕੀਤੇ ਗਏ, ਲਾਸ਼ਾਂ
ਕੁੱਤਿਆਂ ਨੇ ਖਾਧੀਆਂ, ਹਜਾਰਾਂ ਹੀ ਟੱਬਰ ਲੱਖਾਂ ਤੋਂ ਕੱਖਾਂ ਦੇ ਹੋ ਕੇ ਰਹਿ ਗਏ, ਵਿਧਵਾ ਕਲੋਨੀਆਂ
ਬਣ ਗਈਆਂ ਅਤੇ ਹਜਾਰਾਂ ਹੀ ਲੋਕ ਹੁਣ ਤੱਕ ਮਾਨਸਿਕ ਪੀੜਾ ਨਿਭਾ ਰਹੇ ਹਨ। ਇਹ ਸਾਰਾ ਕੁੱਝ ਕਿਉਂ
ਹੋਇਆ? ਕੀ ਇਸ ਲਈ ਸਿਰਫ ਕਾਂਗਰਸੀ ਜਾਂ ਕਾਂਗਰਸ ਸਰਕਾਰ ਹੀ ਦੋਸ਼ੀ ਅਤੇ ਜਿੰਮੇਵਾਰ ਹੈ? ਕੀ ਹੋਰ ਕੋਈ
ਜ਼ਿੰਮੇਵਾਰ ਨਹੀਂ ਹੈ? ਇਸ ਬਾਰੇ ਸੰਖੇਪ ਜਿਹੀ ਵਿਚਾਰ ਕਰਦੇ ਹਾਂ।
ਇਹ ਜਰੂਰੀ ਨਹੀਂ ਕਿ ਤੁਸੀਂ ਮੇਰੇ ਨਾਲ ਸਹਿਮਤ ਹੋਵੋਂ। ਤੁਹਾਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਹੈ।
ਪਰ ਮੈਂ ਜੋ ਕਹਿਣਾ ਹੈ ਕਹਿ ਦੇਣਾ ਹੈ। ਤੁਹਾਨੂੰ ਚੰਗੀ ਲੱਗੇ ਜਾਂ ਨਾ ਲੱਗੇ, ਹਜ਼ਮ ਹੋਵੇ ਜਾਂ ਨਾ
ਹੋਵੇ ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਨਾ ਹੀ ਤੁਹਾਡੇ ਕਥਿਤ ਧਰਮ ਦੀ ਮੈਂ ਕੋਈ ਬਹੁਤੀ
ਪਰਵਾਹ ਕਰਦਾ ਹਾਂ। ਕਿਸੇ ਵਿਰਲੇ ਨੂੰ ਛੱਡ ਕੇ ਤਕਰੀਬਨ ਸਾਰੇ ਹੀ ਸਿੱਖ ਇਹੀ ਸਮਝਦੇ ਹਨ ਕਿ ਅਸੀਂ
ਸਿੱਖ ਬਿੱਲਕੁੱਲ ਠੀਕ ਕਰਦੇ ਹਾਂ ਸਾਡਾ ਕੋਈ ਕਸੂਰ ਨਹੀਂ ਹੁੰਦਾ, ਕਸੂਰ ਸਿਰਫ ਸਰਕਾਰਾਂ ਦਾ ਹੁੰਦਾ
ਹੈ ਜਿਹੜੀਆਂ ਸਾਡੇ ਨਾਲ ਧੱਕਾ ਕਰਦੀਆਂ ਹਨ। ਕਿਉਂਕਿ ਸਿੱਖ ਤਾਂ ਗਲਤੀਆਂ ਰਹਿਤ ਹੁੰਦੇ ਹਨ, ਇਹ ਤਾਂ
ਕੋਈ ਗਲਤੀ ਕਰ ਹੀ ਨਹੀਂ ਸਕਦੇ। ਇਸ ਲਈ ਦੁਨੀਆ ਦੇ ਸਾਰੇ ਲੋਕਾਂ ਨੂੰ ਸਿਰਫ ਸਿੱਖਾਂ ਨੂੰ ਹੀ ਠੀਕ
ਕਹਿਣਾ ਚਾਹੀਦਾ ਹੈ ਅਤੇ ਹੋਰ ਸਾਰੀ ਦੁਨੀਆ ਦੇ ਲੋਕਾਂ ਨੂੰ ਗਲਤ। ਇਹ ਹੈ ਸਿੱਖਾਂ ਦੀ ਮਾਨਸਿਕਤਾ।
1984 ਨੂੰ ਹੋਏ ਬਲਿਊ ਸਟਾਰ ਉਪਰੇਸ਼ਨ ਵਿੱਚ ਵੀ ਸਰਕਾਰ ਹੀ ਦੋਸ਼ੀ ਸੀ ਅਤੇ ਉਸ ਤੋਂ ਇੱਕ ਸਾਲ ਬਾਅਦ
ਏਅਰ ਇੰਡੀਆ ਦੇ ਜਹਾਜ਼ ਨੂੰ ਅਸਮਾਨ ਵਿੱਚ ਬੰਬ ਨਾਲ ਉਡਾਉਣ ਵਿੱਚ ਵੀ ਸਰਕਾਰ ਹੀ ਦੋਸ਼ੀ ਸੀ ਜਿਸ ਵਿੱਚ
329 ਬੇ-ਕਸੂਰੇ ਮੁਸਾਫਰ ਮਾਰੇ ਗਏ ਸਨ। ਇਸ ਹਾਦਸੇ ਬਾਰੇ ਲਿਖੀ ਗਈ ਇੱਕ ਕਿਤਾਬ ਸੌਫਟ ਟਾਰਗਟ ਦਾ
ਜ਼ਿਕਰ ਵੀ ਸਿੱਖ ਬੜੀ ਧੂਮ-ਧਾਮ ਨਾਲ ਕਰਦੇ ਹਨ। ਇਸ ਕਾਰੇ ਬਾਰੇ ਇੱਕ ਲੇਖ ਕਿੰਮ ਬੋਲਨ ਦਾ ਵੀ ਇੱਥੇ
ਮੈਂ ਸਿੱਖ ਮਾਰਗ ਤੇ ਪਾਇਆ ਹੋਇਆ ਹੈ। ਇਹ ਇੱਕ ਅੰਗ੍ਰੇਜ਼ੀ ਅਖਬਾਰ ਦੀ ਪੱਤਰਕਾਰ ਹੈ ਅਤੇ ਸਿੱਖ ਇਸ
ਨੂੰ ਵੀ ਭਾਰਤ ਸਰਕਾਰ ਨਾਲ ਜੋੜਦੇ ਹਨ ਕਿ ਇਹ ਸਾਰਾ ਕੁੱਝ ਸਰਕਾਰ ਦੇ ਕਹਿਣ ਤੇ ਸਿੱਖਾਂ ਵਿਰੁੱਧ
ਲਿਖਦੀ ਹੈ। ਇੱਕ ਮਿੰਟ ਲਈ ਜੇ ਕਰ ਮੰਨ ਵੀ ਲਈਏ ਕਿ ਇਹ ਸਾਰਾ ਕੁੱਝ
ਸਰਕਾਰ ਨੇ ਕੀਤਾ ਜਾਂ ਕਰਾਇਆ ਸੀ ਅਤੇ ਕਿੰਮ ਬੋਲਨ ਨੇ ਵੀ ਸਾਰਾ ਕੁੱਝ ਝੂਠ ਹੀ ਲਿਖਿਆ ਹੈ
ਫਿਰ ਤੁਸੀਂ ਇਹ ਤਾਂ ਦੱਸ ਦਿਓ ਕਿ ਇੰਦਰਜੀਤ ਸਿੰਘ
ਰਿਆਤ ਨੂੰ ਦੋ ਵਾਰੀ ਸਜਾ ਕਿਸ ਗੱਲ ਦੀ ਹੋਈ ਸੀ? ਕੀ ਉਹ ਬੰਬ ਬਣਾਉਣ ਅਤੇ ਝੂਠ ਬੋਲਣ ਦਾ ਦੋਸ਼ੀ
ਨਹੀਂ ਪਾਇਆ ਗਿਆ ਸੀ? ਇਹ ਸੱਚ ਕਿਉਂ ਨਹੀਂ ਦੱਸਦੇ ਕਿ ਸਰਕਾਰ ਨੇ ਸਿੱਖਾਂ ਦੇ ਗੁੱਸੇ ਨੂੰ,
ਸਿੱਖਾਂ ਨੂੰ ਹੀ ਸਿੱਖਾਂ ਵਿਰੁੱਧ ਵਰਤ ਲਿਆ? ਕੀ ਤੁਸੀਂ ਇਹ ਕਹਿ ਸਕਦੇ ਹੋ ਕਿ ਨਿਰਦੋਸ਼ਿਆਂ ਨੂੰ
ਕਤਲ ਕਰਨ ਜਾਂ ਕਰਵਾਉਣ ਵਾਲਾ ਸਿੱਖ ਨਹੀਂ ਹੋ ਸਕਦਾ? ਜੇ ਕਰ ਇਹ ਕਹਿ ਸਕਦੇ ਹੋ ਤਾਂ ਫਿਰ ਇਹ ਵੀ
ਕਹਿਣਾ ਪਵੇਗਾ ਕਿ ਭਿੰਡਰਾਂਵਾਲਾ ਸਿੱਖ ਨਹੀਂ ਸੀ ਜਿਹੜਾ ਕਿ ਇੱਕ ਨਿਰਜਿੰਦ (ਲੋਹੇ ਦੀ ਬਣੀ ਬੱਸ
ਬਦਲੇ) 5000 ਨਿਰਦੋਸ਼ੇ ਹਿੰਦੂ ਕਤਲ ਕਰਨ ਦੀ ਧਮਕੀ ਦਿੰਦਾ ਸੀ।
ਧਿਆਨ ਨਾਲ ਗੱਲ ਸੁਣੋ ਉਏ ਸਿੱਖੋ, ਜਿਨ੍ਹਾਂ ਨੂੰ ਤੁਸੀਂ ਮਹਾਨ ਸਿੱਖ ਮੰਨਦੇ ਹੋ ਉਨ੍ਹਾਂ ਨੂੰ ਮਹਾਨ
ਬਣਾਉਣ ਵਾਲੀ ਵੀ ਉਹੀ ਕਾਗਰਸ ਸਰਕਾਰ ਸੀ ਜਿਸ ਨੂੰ ਤੁਸੀਂ ਸਿੱਖਾਂ ਦੀ ਦੁਸ਼ਮਣ ਮੰਨਦੇ ਹੋ। ਕੀ
ਕਰਤਾਰ ਸਿੰਘ ਅਤੇ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਮਹਾਨ ਬਣਾਉਣ ਵਿੱਚ ਕਾਂਗਰਸ ਦੀ ਸਰਕਾਰ ਜਾਂ ਇਸ
ਵਿਚਲੇ ਕੁੱਝ ਧੜਿਆਂ ਨੇ ਪੂਰੀ ਸ਼ਹਿ ਨਹੀਂ ਸੀ ਦਿੱਤੀ? ਭਿੰਡਰਾਂਵਾਲੇ ਸਾਧ ਬਾਰੇ ਸਾਰੇ ਸਬੂਤ
ਤੁਹਾਡੇ ਸਾਹਮਣੇ ਇੱਥੇ ਰੱਖ ਤਾਂ ਚੁੱਕਾਂ ਹਾਂ। ਪਰ ਤੁਸੀਂ ਨਾ ਤਾਂ ਸਮਝਣਾ ਚਾਹੁੰਦੇ ਹੋ ਅਤੇ
ਨਾ ਹੀ ਸਮਝ ਸਕਦੇ ਹੋ ਕਿਉਂਕਿ ਝੂਠ ਨੇ ਤੁਹਾਡੇ ਬਰੇਨ (ਦਿਮਾਗ) ਵਾਸ਼ ਕਰ ਦਿੱਤੇ ਹੋਏ ਹਨ। ਸਿੱਖਾਂ
ਦੇ ਕਥਿਤ ਵਿਦਵਾਨਾ ਨੇ ਇਸ ਸਾਧ ਬਾਰੇ ਝੂਠੀਆਂ ਕਹਾਣੀਆਂ ਘੜ ਕੇ ਅਤੇ ਜਾਹਲੀ ਕਿਤਾਬਾਂ ਛਪਵਾ ਕੇ
ਲੋਕਾਈ ਨੂੰ ਰੱਜ ਕੇ ਬੇਵਕੂਫ ਬਣਾਇਆ ਹੈ ਅਤੇ ਹਾਲੇ ਵੀ ਬਣਾਇਆ ਜਾ ਰਿਹਾ ਹੈ। ਇਸ ਤਰ੍ਹਾਂ ਦੇ
ਕਥਿਤ ਵਿਦਵਾਨਾਂ ਦੀਆਂ ਝੂਠ ਨਾਲ ਲਿਬਰੇਟ ਤਕਰੀਰਾਂ ਵੀ ਯੂ-ਟਿਊਬ ਤੇ ਭਰੀਆਂ ਪਈਆਂ ਹਨ। ਤਹਾਡੇ
ਵਿਚੋਂ ਕਿਤਨੇ ਕੁ ਹਨ ਜੋ ਇਸ ਨੰਗੀ ਚਿੱਟੀ ਬੇਈਮਾਨੀ ਬਾਰੇ ਬੋਲਦੇ ਹਨ? ਇਸ ਇਨਸਾਨੀਅਤ ਤੋਂ ਗਿਰੇ
ਹੋਏ ਇੱਕ ਸਾਧ ਨੂੰ ਤੁਸੀਂ ਝੂਠ ਬੋਲ-ਬੋਲ ਕੇ ਬਹੁਤ ਵੱਡਾ ਅਧਿਆਤਮਕਵਾਦੀ, ਮਹਾਨ ਯੋਧਾ, ਮਹਾਨ
ਸੂਰਮਾ, ਮਹਾਨ ਸ਼ਹੀਦ ਬਣਾਉਣ ਵਿੱਚ ਪਤਾ ਨਹੀਂ ਕਿਤਨਾ ਕੁ ਕੁਫਰ ਤੋਲਿਆ ਹੈ ਅਤੇ ਹਾਲੇ ਵੀ ਤੋਲੀ ਜਾ
ਰਹੇ ਹੋ।
ਸਿੱਖੋ ਤੁਸੀਂ ਤਾਂ ਇਤਨੇ ਫੁਕਰੇ ਹੋ ਕਿ ਵਿਸ਼ਵਾਸ਼-ਘਾਤ ਕਰਕੇ ਕਿਸੇ ਨੂੰ ਮਾਰਨ ਵਿੱਚ ਬਹੁਤ ਵੱਡੀ
ਬਹਾਦਰੀ ਸਮਝਦੇ ਹੋ ਅਤੇ ਫਿਰ ਇਸ ਦੀ ਖੁਸ਼ੀ ਮਨਾਉਣ ਵਿੱਚ ਢੋਲ ਬਜਾ ਕੇ ਭੰਗੜਾ ਪਉਣਾ ਸ਼ੁਰੂ ਕਰ
ਦਿੰਦੇ ਹੋ। ਇਹ ਗੱਲ ਤੁਸੀਂ ਬੜੇ ਮਾਣ ਨਾਲ ਕਹਿੰਦੇ ਹੋ ਕਿ ਇੰਦਰਾ ਗਾਂਧੀ ਨੂੰ ਉਸ ਦੇ ਘਰ ਵਿੱਚ
ਢਾਹ ਕੇ ਜਾ ਕੇ ਬਦਲਾ ਲੈ ਲਿਆ। ਜਦੋਂ ਅਗਲਿਆਂ ਨੇ ਇੱਕ ਦੇ ਬਦਲੇ ਹਜ਼ਾਰਾਂ ਮਾਰ ਕੇ ਬਦਲਾ ਲਿਆ
ਫਿਰ ਤੁਸੀਂ ਸਾਰੀ ਦੁਨੀਆ ਦੇ ਅੱਗੇ ਵਿਚਾਰੇ ਬਣ ਕੇ ਇਨਸਾਫ ਲਈ ਲੇਲੜੀਆਂ ਕੱਢ ਰਹੇ ਹੋ। ਫਿਰ
ਦਲੀਲਾਂ ਇਹ ਦਿੰਦੇ ਹੋ ਕਿ ਜਦੋਂ ਮਹਾਤਮਾ ਗਾਂਧੀ ਦਾ ਕਤਲ ਹੋਇਆ ਸੀ ਉਸ ਵੇਲੇ ਤਾਂ ਮਰਾਠਿਆਂ ਨਾਲ
ਇਸ ਤਰ੍ਹਾਂ ਨਹੀਂ ਹੋਈ ਸੀ ਜਿਸ ਤਰ੍ਹਾਂ ਸਾਡੇ ਨਾਲ ਹੋਈ ਹੈ। ਕੀ ਮਰਾਠਿਆਂ ਨੇ ਵੀ ਆਪਣੇ ਹੀ ਧਰਮ
ਦੇ ਹਿੰਦੂਆਂ ਵਿਰੁੱਧ ਇਤਨੀ ਜ਼ਹਿਰ ਉਗਲੀ ਸੀ ਜਿਤਨੀ ਇਹ ਤੁਹਾਡਾ ਸਾਧੜਾ ਉਥੇ ਲੁਕ ਕੇ ਬੈਠਾ ਉਗਲਦਾ
ਰਿਹਾ ਹੈ? ਸਿੱਖਾਂ ਦੇ ਤਕਰੀਬਨ ਸਾਰੇ ਹੀ ਵਿਦਵਾਨ ਅਤੇ ਰਾਜ ਨੀਤਕ ਲੋਕ ਰੱਜ ਕੇ ਕਪਟੀ ਅਤੇ
ਬੇਈਮਾਨ ਹਨ। ਬਾਦਲ ਜਿਹੜਾ ਖੁਦ ਵੀ ਬਲਿਉਸਟਾਰ ਲਈ ਦੋਸ਼ੀ ਮੰਨਿਆਂ ਜਾਂਦਾ ਹੈ ਉਹੀ ਬਾਦਲ ਪਿਛਲੇ 35
ਸਾਲਾਂ ਤੋਂ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਦੱਸ ਕੇ ਵੋਟਾਂ ਦੀ ਰਾਜਨੀਤੀ ਕਰ ਰਿਹਾ ਹੈ। ਜੇ ਕਰ
ਕਾਂਗਰਸ ਨੇ ਧੱਕਾ ਕੀਤਾ ਵੀ ਹੈ ਤਾਂ ਉਹ ਤਾਂ ਦੋ ਵਾਰੀ ਸਿੱਖਾਂ ਨੂੰ ਸਿੱਖਾਂ ਦੇ ਹੱਕ ਦੇਣ ਲਈ ਵੀ
ਰਾਜ਼ੀ ਹੋ ਗਈ ਸੀ ਪਰ ਸਿੱਖਾਂ ਨੇ (ਬਾਦਲਾਂ ਨੇ) ਲਿਆ ਹੀ ਨਹੀਂ। ਇੱਕ ਵਾਰੀ 1975 ਦੀ ਐਂਮਰਜਾਂਸੀ
ਵੇਲੇ ਇੰਦਰਾ ਗਾਂਧੀ ਰਾਹੀਂ ਅਤੇ ਦੂਜੀ ਵਾਰੀ ਮਨਮੋਹਣ ਸਿੰਘ ਵੇਲੇ। ਪਰ ਭਾਜਪਾ ਵਾਲੇ ਤਾਂ ਲਾਰੇ
ਲੱਪੇ ਤੋਂ ਬਿਨਾ ਹਾਲੇ ਕੁੱਝ ਵੀ ਨਹੀਂ ਦੇ ਸਕੇ, ਜਿਨ੍ਹਾਂ ਨਾਲ ਬਾਦਲਾਂ ਦੀ ਯਾਰੀ ਹੈ। ਇਸ ਲਈ
ਭਾਰਵੋ ਆਪਣੀ ਅਕਲ ਵਰਤੋ। ਨਾ ਤਾਂ ਕਾਗਰਸ ਵਾਲੇ ਉਤਨੇ ਦੁਸ਼ਮਣ ਹਨ ਜਿਤਨੇ ਪ੍ਰਚਾਰੇ ਜਾ ਰਹੇ ਹਨ ਅਤੇ
ਨਾ ਹੀ ਭਾਜਪਾ ਵਾਲੇ ਹਮਾਇਤੀ ਹਨ ਜਿਹੜੇ ਅਸਿੱਧੇ ਤੌਰ ਤੇ ਸਾਰੇ ਅਦਾਰਿਆਂ ਤੇ ਕੰਟਰੋਲ ਕਰ ਚੁੱਕੇ
ਹਨ। ਬਾਦਲ ਦਾ ਰਾਜ ਕਾਂਗਰਸ ਦੇ ਅਮਰਿੰਦਰ ਸਿੰਘ ਨਾਲੋਂ ਕਿਤਨਾ ਕੁ ਚੰਗਾ ਸੀ? ਇਸ ਬਾਰੇ ਪੰਜਾਬ ਦੇ
ਲੋਕ ਚੰਗੀ ਤਰ੍ਹਾਂ ਜਾਣਦੇ ਹੀ ਹੋਣਗੇ।
ਸਿੱਖਾਂ ਦੇ ਕਤਲੇਆਮ ਵਿੱਚ ਜੇ ਕਾਂਗਰਸ ਸਰਕਾਰ ਦੋਸ਼ੀ ਹੈ ਤਾਂ ਸਿੱਖੋ
ਤੁਸੀਂ ਵੀ ਘੱਟ ਦੋਸ਼ੀ ਨਹੀਂ ਹੋ ਜਿਨ੍ਹਾਂ ਨੇ ਇੱਕ ਡੇਰੇ ਵਾਲੇ ਸਾਧ ਨੂੰ ਇੱਕ ਧਾਰਮਿਕ ਅਸਥਾਨ ਵਿੱਚ
ਲੁਕ ਕੇ ਫਿਰਕਾਪ੍ਰਸਤੀ ਫੈਲਾਉਣ ਦੀ ਖੁੱਲੀ ਛੁੱਟੀ ਦਿੱਤੀ ਹੋਈ ਸੀ। ਤੁਹਾਨੂੰ ਇਹ ਵੀ ਪਤਾ ਹੋਣਾ
ਚਾਹੀਦਾ ਸੀ ਕਿ ਇੱਕ ਧਾਰਮਿਕ ਅਸਥਾਨ ਤੇ ਨੰਗੀ ਚਿੱਠੀ ਗੁੰਡਾਗਰਦੀ ਅਤੇ ਫਿਰਕਾਪ੍ਰਸਤੀ ਦਾ
ਪ੍ਰਤੀਕਰਮ ਬਹੁਤ ਭਿਆਨਕ ਰੂਪ ਵਿੱਚ ਹੋ ਸਕਦਾ ਹੈ ਅਤੇ ਉਹ ਹੋਇਆ ਵੀ ਜਿਸ ਦਾ ਤੁਸੀਂ ਪਿਛਲੇ 35
ਸਾਲਾਂ ਤੋਂ ਪਿੱਟ ਸਿਆਪਾ ਪਾ ਰਹੇ ਹੋ, ਹਾਏ ਸਾਨੂੰ ਇਨਸਾਫ ਨਹੀਂ ਮਿਲਿਆ, ਹਾਏ ਸਿੱਖ ਜ਼ਿਊਂਦੇ ਸਾੜ
ਦਿੱਤੇ। ਤੁਹਾਨੂੰ ਪਤਾ ਨਹੀਂ ਸੀ ਕਿ ਉਥੇ ਬੀਜ਼ ਕਿਸ ਤਰਹਾਂ ਦੇ ਬੀਜੇ ਜਾ ਰਹੇ ਸਨ?
ਪਤਾ ਹੋਣ ਵਾਲਿਆਂ ਨੂੰ ਪਤਾ ਸੀ। ਪਰ ਉਹ ਆਪਣੀ ਚਮੜੀ ਬਚਾਉਣ ਲਈ ਨਹੀਂ ਬੋਲੇ ਅਤੇ ਹੁਣ ਇਤਨੇ ਸਾਲਾਂ
ਬਾਅਦ ਵੀ ਨਹੀਂ ਬੋਲ ਰਹੇ। ਗੁਰਮਤਿ ਦੇ ਜਾਣੂ ਮਿਸ਼ਨਰੀ ਸੋਚ ਵਾਲਿਆਂ ਨੂੰ ਅਤੇ ਦੁਨੀਆਂ ਦੀ ਜਾਣਕਾਰੀ
ਰੱਖਣ ਵਾਲਿਆਂ ਹੋਰ ਲੋਕਾਂ ਨੂੰ, ਸਭ ਨੂੰ ਪਤਾ ਸੀ, ਪਰ ਨਹੀਂ ਬੋਲੇ। ਸੰਨ 1984 ਤੋਂ ਇੱਕ ਸਾਲ
ਪਹਿਲਾਂ ਹੀ ਭਾਵ ਕਿ ਸੰਨ 1983 ਵਿਚ, ਪ੍ਰਿੰ: ਹਰਿਭਜਨ ਸਿੰਘ ਚੰਡੀਗੜ੍ਹ ਵਾਲੇ ਜਦੋਂ ਇੱਥੇ ਕਨੇਡਾ
ਵਿੱਚ ਆਏ ਸਨ ਤਾਂ ਉਨ੍ਹਾਂ ਨੇ ਮੈਨੂੰ ਦੱਸਿਆ ਸੀ ਕਿ ਜੋ ਕੁੱਝ ਇਹ ਸਾਧ ਉਥੇ ਕਰ ਰਿਹਾ ਹੈ ਅਤੇ ਜੇ
ਕਰ ਇਸੇ ਤਰ੍ਹਾਂ ਹੀ ਕਰਦਾ ਰਿਹਾ ਤਾਂ ਪੰਜਾਬ ਤੋਂ ਬਾਹਰਲੇ ਸਿੱਖਾਂ ਦੇ ਨੁਕਸਾਨ ਹੋਣ ਦਾ ਬਹੁਤ
ਜ਼ਿਆਦਾ ਖਤਰਾ ਹੈ। ਪਰ ਉਹ ਡਰਦੇ ਮਾਰੇ ਆਪਣੀ ਗੱਲ ਖੋਲ ਕੇ ਲੋਕਾਂ ਨੂੰ ਦੱਸ ਨਹੀਂ ਸਕੇ। ਜੇ ਕਰ ਇਸ
ਤਰ੍ਹਾਂ ਦੇ ਕੁੱਝ ਬੰਦੇ ਇਕੱਠੇ ਹੋ ਕੇ ਸ਼੍ਰੋਮਣੀ ਕਮੇਟੀ ਤੇ ਦਬਾਅ ਪਾ ਕੇ ਕਹਿੰਦੇ ਕਿ ਇਸ ਸਾਧ ਨੂੰ
ਕਹੋ ਕਿ ਇਸ ਤਰ੍ਹਾਂ ਦੀਆਂ ਫੁਕਰੀਆਂ ਅਤੇ ਫਿਰਕਾਪ੍ਰਸਤੀ ਵਾਲੀਆਂ ਗੱਲਾਂ ਜੇ ਕਰ ਕਰਨੀਆਂ ਹਨ ਤਾਂ
ਆਪਣੇ ਡੇਰੇ ਵਿੱਚ ਜਾ ਕੇ ਕਰੋ। ਜੇ ਕਰ ਕਦੀ ਇਸ ਤਰ੍ਹਾਂ ਹੋ ਜਾਂਦੀ ਫਿਰ ਨਾ ਤਾਂ ਬਲਿਊਸਟਾਰ
ਓਪਰੇਸ਼ਨ ਹੋਣਾ ਸੀ, ਨਾ ਹੀ ਇੰਦਰਾ ਗਾਂਧੀ ਦਾ ਕਤਲ ਹੋਣਾ ਸੀ ਅਤੇ ਨਾ ਹੀ ਫਿਰ ਨਿਰਦੋਸ਼ੇ ਸਿੱਖ ਮਾਰੇ
ਜਾਣੇ ਸਨ। ਜੇ ਕਰ ਰਾਜਨੀਤਕ ਲੋਕ ਗੱਲ ਨਾ ਵੀ ਸੁਣਦੇ ਤਾਂ ਘੱਟੋ-ਘੱਟ ਇਹ ਤਾਂ ਹੋਣਾ ਸੀ ਕਿ ਕਿਸੇ
ਦੂਰ ਅੰਦੇਸ਼ ਵਾਲਿਆਂ ਨੇ ਕੋਈ ਸੱਚੀ ਗੱਲ ਕੀਤੀ ਹੈ।
ਪ੍ਰਿੰ: ਹਰਿਭਜਨ ਸਿੰਘ ਜੀ ਚੰਡੀਗੜ੍ਹ ਵਾਲੇ ਪ੍ਰੋ: ਸਾਹਿਬ ਸਿੰਘ ਤੋਂ ਬਾਅਦ, ਸ਼ਹੀਦ ਸਿੱਖ ਮਿਸ਼ਨਰੀ
ਕਾਲਜ਼ ਦੇ ਪ੍ਰਿੰ: ਬਣੇ ਸਨ। ਉਂਨ੍ਹਾਂ ਤੋਂ ਪੜੇ ਹੋਏ ਬਹੁਤ ਸਾਰੇ ਵਿਦਿਆਰਥੀ ਦੇਸ਼-ਬਿਦੇਸ਼ ਵਿੱਚ
ਵਸਦੇ ਹਨ। ਇਹ ਗੱਲ ਉਨ੍ਹਾਂ ਤੋਂ ਵੀ ਪੁੱਛੀ ਜਾ ਸਕਦੀ ਹੈ ਕਿ ਉਹ ਇਸ ਤਰ੍ਹਾਂ ਦੇ ਵਿਚਾਰ ਰੱਖਦੇ ਸਨ
ਜਾਂ ਨਹੀਂ? ਪਰ ਇਨ੍ਹਾਂ ਵਿਚੋਂ ਬਹੁਤ ਸਾਰੇ ਸ਼ਾਇਦ ਹੁਣ ਸਾਧਾਂ ਦੇ ਚੇਲੇ ਬਣ ਚੁੱਕੇ ਹੋਣਗੇ ਅਤੇ
ਸੱਚੀ ਗੱਲ ਕਰਨ ਤੋਂ ਕੰਨੀ ਕਤਰਾਉਂਦੇ ਹੋਣਗੇ। ਉਂਜ ਇਨ੍ਹਾਂ ਵਿਚੋਂ
ਬਹੁਤਿਆਂ ਨੂੰ ਪਤਾ ਸੀ ਕਿ ਭਿੰਡਰਾਂਵਾਲਾ ਸਾਧ ਉਥੇ ਬਹੁਤ ਕੁੱਝ ਗਲਤ ਕਰ ਰਿਹਾ ਹੈ ਪਰ ਇਹ ਆਪਣੀ
ਜ਼ਮੀਰ ਮਾਰ ਕੇ ਬੈਠੇ ਰਹੇ ਅਤੇ ਸੱਚ ਬੋਲਣ ਤੋਂ ਕੰਨੀ ਕਤਰਾਉਂਦੇ ਰਹੇ ਹਨ। ਇਸ ਲਈ ਇਹ ਵੀ ਸਿੱਖਾਂ
ਦੇ ਕਤਲੇਆਮ ਹੋਣ ਵਿੱਚ ਦੋਸ਼ੀ ਹਨ। ਇਹ ਵੀ ਸਾਰੇ ਆਪਣੀ ਜ਼ਮੀਰ ਨੂੰ ਮਾਰ ਕੇ ਸਾਧਾਂ ਦਾ ਸਾਥ ਦੇਣ
ਕਰਕੇ ਪੰਜਾਬ ਤੋਂ ਬਾਹਰ ਸਿੱਖਾਂ ਦੇ ਹੋਏ ਕਤਲਾਂ ਦੇ ਦੋਸ਼ੀ ਸਾਬਤ ਹੁੰਦੇ ਹਨ ਅਤੇ ਇਨ੍ਹਾਂ ਤੇ ਵੀ
ਆਪਣੀ ਜ਼ਿੰਮੇਵਾਰੀ ਅਤੇ ਫਰਜ਼ਾਂ ਨੂੰ ਚੰਗੀ ਤਰ੍ਹਾਂ ਨਾ ਨਿਭਾਉਣ ਦੀ ਕੁਤਾਹੀ ਦੇ ਕਾਰਨ ਕਰਕੇ ਦੋਸ਼ ਦੇ
ਮੁਕੱਦਮੇ ਚੱਲਣੇ ਚਾਹੀਦੇ ਹਨ। ਗੁਰਬਾਣੀ ਦੀ ਇਹ ਹੇਠ ਲਿਖੀ ਪੰਗਤੀ ਇਸ ਤਰ੍ਹਾਂ ਦੇ
ਸਿੱਖਾਂ ਤੇ ਵੀ ਉਤਨਹੀ ਹੀ ਢੁਕਦੀ ਹੈ ਜਿਤਨੀ ਇਹ ਦੂਸਰਿਆਂ ਤੇ ਢਕਾਉਂਦੇ ਹਨ।
ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥ ਪੰਨਾ 417॥
ਮੱਖਣ ਸਿੰਘ ਪੁਰੇਵਾਲ,
ਨਵੰਬਰ 03, 2019.