. |
|
ਕਲਜੁਗ ਮਹਿ ਕੀਰਤਨੁ ਪਰਧਾਨਾ॥ ਗੁਰਮੁਖਿ ਜਪੀਐ ਲਾਇ ਧਿਆਨਾ॥
(ਭਾਗ ੩)
ਗੁਰਬਾਣੀ ਕੀਰਤਨ ਲਈ ਕੀ ਕਰਨਾ ਚਾਹੀਦਾ ਹੈ?
What should we do for the Gurbani Kirtan?
ਲੇਖ ਦਾ ਆਰੰਭ ੩ ---
ਲੇਖ ਦਾ ਸੰਖੇਪ ੩
---ਲੇਖ ਦਾ ਸਾਰ, ਨਿਚੋੜ
ਜਾਂ ਮੰਤਵ ੩
ਗੁਰੂ ਗਰੰਥ ਸਾਹਿਬ ਵਿੱਚ ਸਾਰੇ ਸਬਦਾਂ ਦੇ ਸਿਰਲੇਖ ਵਿੱਚ ਇਹ ਖਾਸ ਤੌਰ ਤੇ
ਲਿਖਿਆ ਗਿਆ ਹੈ ਕਿ ਸਬਦ ਨੂੰ ਕਿਸ ਰਾਗ ਵਿੱਚ ਤੇ ਕਿਸ ਤਰ੍ਹਾਂ ਗਾਇਨ ਕਰਨਾ ਹੈ। ਇਹ ਹਦਾਇਤ ਇਸ ਲਈ
ਲਿਖੀ ਗਈ ਹੈ, ਤਾਂ ਜੋ ਸਬਦ ਗਾਇਨ ਕਰਨ ਸਮੇਂ ਉਸ ਸਬਦ ਦਾ ਅਰਥ ਭਾਵ ਸਹੀ ਤਰੀਕੇ ਨਾਲ ਸਮਝ ਆ ਸਕੇ,
ਸਬਦ ਵਿੱਚ ਧਿਆਨ ਲੱਗਾ ਰਹੇ ਤੇ ਸਬਦ ਦੀ ਠੀਕ ਵੀਚਾਰ ਲਈ ਸੇਧ ਮਿਲਦੀ ਰਹੇ। ਕਈ ਰਾਗੀਆਂ ਨੇ ਲੋਕਾਂ
ਨੂੰ ਪ੍ਰਭਾਵਤ ਕਰਨ ਲਈ ਫਿਲਮੀ ਟਿਊਨਾਂ ਵਰਤਣੀਆਂ ਸ਼ੁਰੂ ਕਰ ਦਿਤੀਆਂ ਹਨ, ਇਸ ਨਾਲ ਉਹ ਪੈਸੇ ਤਾਂ
ਜਿਆਦਾ ਇਕੱਠੇ ਕਰ ਸਕਦੇ ਹਨ, ਪਰੰਤੂ ਲੋਕਾਂ ਨੂੰ ਸਹੀ ਮਾਰਗ ਤੋਂ ਦੂਰ ਲਿਜਾ ਰਹੇ ਹਨ। ਮਨ ਦਾ
ਸੁਧਾਰ ਰਾਗ ਜਾਂ ਟਿਊਨ ਨੇ ਨਹੀਂ ਕਰਨਾ ਹੈ, ਬਲਕਿ ਸਬਦ ਦੀ ਠੀਕ ਵੀਚਾਰ ਤੇ ਮਨ ਨੂੰ ਮਿਲੀ ਸੇਧ ਨੇ
ਕਰਨਾ ਹੈ।
ਗੁਰੂ ਸਾਹਿਬ ਸਮਝਾਂਦੇ ਹਨ ਕਿ, ਜਿਸ ਤਰ੍ਹਾਂ ਸਤਿਗੁਰੂ ਨੇ ਮੈਨੂੰ ਉਪਦੇਸ਼
ਦਿੱਤਾ ਹੈ, ਮੈਂ ਉਸੇ ਤਰ੍ਹਾਂ ਉੱਚੀ ਬੋਲ ਕੇ ਆਪਣੇ ਮਨ ਨੂੰ
ਸਮਝਾ ਦਿੱਤਾ ਹੈ, ਕਿ ਅਕਾਲ ਪੁਰਖੁ ਦੇ ਕੀਰਤਨ ਦੀ ਬਰਕਤਿ ਨਾਲ ਹੀ ਵਿਕਾਰਾਂ ਤੋਂ ਬਚਾਉ ਹੋ ਸਕਦਾ
ਹੈ। ਇਸ ਲਈ
ਕੀਰਤਨ ਗੁਰੂ ਦੇ ਉਪਦੇਸ਼, ਭਾਵ
ਗੁਰਬਾਣੀ ਅਨੁਸਾਰ ਹੀ ਕਰਨਾ ਹੈ, ਤਾਂ ਹੀ ਮਨੁੱਖ ਦਾ ਉਧਾਰ ਹੋ ਸਕਦਾ ਹੈ।
ਜੈਸੋ ਗੁਰਿ ਉਪਦੇਸਿਆ ਮੈ ਤੈਸੋ ਕਹਿਆ ਪੁਕਾਰਿ॥ ਨਾਨਕੁ ਕਹੈ ਸੁਨਿ ਰੇ ਮਨਾ
ਕਰਿ ਕੀਰਤਨੁ ਹੋਇ ਉਧਾਰੁ॥ ੪॥ ੧॥ ੧੫੮॥ (੨੧੪)
ਆਪਣੇ
ਪਿਆਰੇ ਸਬਦ ਗੁਰੂ ਅੱਗੇ ਇਹੀ ਬੇਨਤੀ ਕਰਨੀ ਹੈ ਕਿ, ਹੇ ਪਿਆਰੇ ਗੁਰੂ! ਮੇਰੇ ਹਿਰਦੇ ਘਰ ਵਿੱਚ ਆ ਕੇ
ਵੱਸ ਜਾ, ਤੇ, ਮੇਰੇ ਕੰਨਾਂ ਵਿੱਚ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣਾ। ਤੇਰੇ ਆਇਆਂ ਮੇਰਾ ਮਨ ਤੇ
ਮੇਰਾ ਤਨ ਆਤਮਕ ਜੀਵਨ ਨਾਲ ਖੁਸ਼ਹਾਲ ਹੋ ਜਾਂਦਾ ਹੈ, ਤੇਰੇ ਚਰਨਾਂ ਵਿੱਚ ਰਹਿ ਕੇ ਹੀ ਅਕਾਲ ਪੁਰਖੁ
ਦਾ ਜਸ ਗਾਇਆ ਜਾ ਸਕਦਾ ਹੈ। ਗੁਰੂ ਦੀ ਮਿਹਰ ਨਾਲ
ਹੀ ਅਕਾਲ ਪੁਰਖੁ ਹਿਰਦੇ ਵਿੱਚ ਵੱਸ ਸਕਦਾ ਹੈ, ਤੇ ਮਾਇਆ ਦਾ ਮੋਹ ਦੂਰ ਕੀਤਾ ਜਾ ਸਕਦਾ ਹੈ। ਅਕਾਲ
ਪੁਰਖੁ ਦੀ ਭਗਤੀ ਦੀ ਕਿਰਪਾ ਨਾਲ ਬੁੱਧੀ ਵਿੱਚ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ, ਤੇ ਖੋਟੀ ਮਤਿ
ਦੇ ਸਾਰੇ ਵਿਕਾਰ ਤਿਆਗੇ ਜਾਂਦੇ ਹਨ ਤੇ ਦੁਖ ਦੂਰ ਹੋ ਜਾਂਦੇ ਹਨ। ਗੁਰੂ ਦਾ ਦਰਸਨ ਕਰਦਿਆਂ ਜੀਵਨ
ਪਵਿੱਤਰ ਹੋ ਜਾਂਦਾ ਹੈ, ਮੁੜ ਮੁੜ ਜੂਨਾਂ ਦੇ ਗੇੜ ਵਿੱਚ ਨਹੀਂ ਪਈਦਾ। ਜਿਹੜਾ ਵਡਭਾਗੀ ਮਨੁੱਖ ਤੇਰੇ
ਮਨ ਵਿੱਚ ਪਿਆਰਾ ਲੱਗਣ ਲੱਗ ਪੈਂਦਾ ਹੈ, ਉਹ, ਮਾਨੋ ਦੁਨੀਆ ਦੇ ਸਾਰੇ ਹੀ ਨੌ ਖ਼ਜ਼ਾਨੇ ਅਤੇ ਕਰਾਮਾਤੀ
ਤਾਕਤਾਂ ਹਾਸਲ ਕਰ ਲੈਂਦਾ ਹੈ। ਗੁਰੂ ਤੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ, ਇਸ ਲਈ ਮੈਨੂੰ ਕਿਸੇ
ਹੋਰ ਥਾਂ ਜਾਣ ਬਾਰੇ ਕੁੱਝ ਨਹੀਂ ਸੁੱਝਦਾ ਹੈ। ਮੇਰੇ ਵਰਗੇ ਗੁਣਹੀਨ ਮਨੁੱਖ ਦੀ ਗੁਰੂ ਤੋਂ ਬਿਨਾ
ਹੋਰ ਕੋਈ ਬਾਂਹ ਨਹੀਂ ਫੜਦਾ, ਸੰਤ ਜਨਾਂ ਦੀ ਸੰਗਤਿ ਵਿੱਚ ਰਹਿ ਕੇ ਹੀ ਅਕਾਲ ਪੁਰਖੁ ਦੇ ਚਰਨਾਂ
ਵਿੱਚ ਲੀਨ ਹੋ ਸਕਦਾ ਹਾਂ।
ਗੁਰੂ ਸਾਹਿਬ ਸਮਝਾਂਦੇ ਹਨ ਕਿ, ਸਬਦ ਗੁਰੂ ਨੇ ਮੈਨੂੰ ਅਚਰਜ ਤਮਾਸ਼ਾ ਵਿਖਾ ਦਿੱਤਾ ਹੈ, ਇਸ ਲਈ ਮੈਂ
ਆਪਣੇ ਮਨ ਵਿੱਚ ਹਰ ਵੇਲੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣ ਕੇ ਉਸ ਦੇ ਮਿਲਾਪ ਦਾ ਆਨੰਦ ਮਾਣਦਾ
ਰਹਿੰਦਾ ਹਾਂ।
ਮਾਰੂ ਮਹਲਾ ੫॥
ਆਉ ਜੀ ਤੂ ਆਉ ਹਮਾਰੈ ਹਰਿ ਜਸੁ ਸ੍ਰਵਨ
ਸੁਨਾਵਨਾ॥ ੧॥ ਰਹਾਉ॥ ਤੁਧੁ
ਆਵਤ ਮੇਰਾ ਮਨੁ ਤਨੁ ਹਰਿਆ ਹਰਿ ਜਸੁ ਤੁਮ ਸੰਗਿ ਗਾਵਨਾ॥ ੧॥ ਸੰਤ ਕ੍ਰਿਪਾ ਤੇ ਹਿਰਦੈ ਵਾਸੈ ਦੂਜਾ
ਭਾਉ ਮਿਟਾਵਨਾ॥ ੨॥ ਭਗਤ ਦਇਆ ਤੇ ਬੁਧਿ ਪਰਗਾਸੈ ਦੁਰਮਤਿ ਦੂਖ ਤਜਾਵਨਾ॥ ੩॥ ਦਰਸਨੁ ਭੇਟਤ ਹੋਤ
ਪੁਨੀਤਾ ਪੁਨਰਪਿ ਗਰਭਿ ਨ ਪਾਵਨਾ॥ ੪॥ ਨਉ ਨਿਧਿ ਰਿਧਿ ਸਿਧਿ ਪਾਈ ਜੋ ਤੁਮਰੈ ਮਨਿ ਭਾਵਨਾ॥ ੫॥ ਸੰਤ
ਬਿਨਾ ਮੈ ਥਾਉ ਨ ਕੋਈ ਅਵਰ ਨ ਸੂਝੈ ਜਾਵਨਾ॥ ੬॥ ਮੋਹਿ ਨਿਰਗੁਨ ਕਉ ਕੋਇ ਨ ਰਾਖੈ ਸੰਤਾ ਸੰਗਿ
ਸਮਾਵਨਾ॥ ੭॥ ਕਹੁ ਨਾਨਕ ਗੁਰਿ ਚਲਤੁ ਦਿਖਾਇਆ ਮਨ ਮਧੇ ਹਰਿ ਹਰਿ ਰਾਵਨਾ॥ ੮॥ ੨॥ ੫॥ (੧੦੧੮)
ਆਮ ਤੌਰ ਤੇ ਸੰਸਾਰੀ ਜੀਵ ਹੰਕਾਰੀ ਹੋਏ ਰਹਿੰਦੇ ਹਨ, ਕੋਈ ਵਡਭਾਗੀ ਮਨੁੱਖ
ਹੀ ਗੁਰੂ ਦੇ ਸਬਦ ਵਿੱਚ ਜੁੜ ਕੇ ਵਿਕਾਰਾਂ ਦੀ ਮੈਲ ਆਪਣੇ ਮਨ ਤੋਂ ਉਤਾਰਦਾ ਹੈ। ਗੁਰੂ ਸਾਹਿਬ
ਸਮਝਾਂਦੇ ਹਨ ਕਿ, ਮੈਂ ਉਸ ਅਕਾਲ ਪੁਰਖੁ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ ਹਾਂ, ਉਸ ਅਕਾਲ ਪੁਰਖੁ
ਦੀ ਮਿਹਰ ਨਾਲ ਹੀ ਮੈਂ ਉਸ ਦੇ ਗੁਣ ਗਾਇਨ ਕਰਦਾ ਹਾਂ, ਤੇ ਗੁਰੂ ਦੇ ਸਬਦ ਦੁਆਰਾ ਹੀ ਉਸ ਅਕਾਲ
ਪੁਰਖੁ ਦੇ ਗੁਣਾਂ ਦੀ ਵੀਚਾਰ ਕਰਦਾ ਹਾਂ। ਅਕਾਲ ਪੁਰਖੁ ਦੀ ਕਿਰਪਾ ਨਾਲ ਹੀ ਮੈਂ ਉਸ ਦਾ ਨਾਮੁ ਜਪਦਾ
ਹਾਂ, ਉਸ ਦੀ ਸਿਫ਼ਤਿ ਸਾਲਾਹ ਕਰਦਾ ਹਾਂ, ਅਤੇ ਆਪਣੇ ਅੰਦਰੋਂ ਹਉਮੈ ਦੂਰ ਕਰਦਾ ਹਾਂ।
ਇਸ ਲਈ ਗੁਰੂ ਦੇ ਸਬਦ ਦੁਆਰਾ ਹੀ ਅਕਾਲ
ਪੁਰਖੁ ਦੇ ਗੁਣ ਗਾਇਨ ਕਰਨੇ ਹਨ, ਉਸ ਦੀ ਸਿਫ਼ਤਿ ਸਾਲਾਹ ਕਰਨੀ ਹੈ ਤੇ ਗੁਰੂ ਦੇ ਸਬਦ ਦੀ ਵੀਚਾਰ
ਦੁਆਰਾ ਹੀ ਉਸ ਅਕਾਲ ਪੁਰਖੁ ਦੇ ਗੁਣ ਸਮਝ ਕੇ ਆਪਣੇ ਅੰਦਰੋਂ ਹਉਮੈ ਦੂਰ ਕਰਨਾ ਹੈ।
ਤਿਸ ਕਿਆ ਗੁਣਾ ਕਾ ਅੰਤੁ ਨ ਪਾਇਆ ਹਉ ਗਾਵਾ ਸਬਦਿ ਵੀਚਾਰੀ॥ ੯॥ ਹਰਿ ਜੀਉ
ਜਪੀ ਹਰਿ ਜੀਉ ਸਾਲਾਹੀ ਵਿਚਹੁ ਆਪੁ ਨਿਵਾਰੀ॥ ੧੦॥ (੯੧੧)
ਸ਼ਾਸਤ੍ਰ ਤੇ ਵੇਦ, ਪੁੰਨਾਂ ਤੇ ਪਾਪਾਂ ਦੀ ਵੀਚਾਰ ਦੱਸਦੇ ਹਨ, ਇਹ ਦੱਸਦੇ ਹਨ
ਕਿ ਫਲਾਣੇ ਕੰਮ ਪਾਪ ਹਨ, ਫਲਾਣੇ ਕੰਮ ਪੁੰਨ ਹਨ, ਜਿਨ੍ਹਾਂ ਦੇ ਕਰਨ ਨਾਲ ਮੁੜ ਮੁੜ ਕਦੇ ਨਰਕ ਵਿੱਚ
ਤੇ ਕਦੇ ਸੁਰਗ ਵਿੱਚ ਪੈ ਜਾਈਦਾ ਹੈ। ਗ੍ਰਿਹਸਤ ਵਿੱਚ ਰਹਿਣ ਵਾਲਿਆਂ ਨੂੰ ਪਰਿਵਾਰਕ ਚਿੰਤਾ ਤੰਗ
ਕਰਦੀ ਰਹਿੰਦੀ ਹੈ, ਗ੍ਰਿਹਸਤ ਦਾ ਤਿਆਗ ਕਰਨ ਵਾਲੇ ਆਪਣੇ ਹੰਕਾਰ ਨਾਲ ਆਫਰੇ ਰਹਿੰਦੇ ਹਨ, ਤੇ ਨਿਰੇ
ਕਰਮ ਕਾਂਡ ਕਰਨ ਵਾਲਿਆਂ ਦੀ ਜਿੰਦ ਮਾਇਆ ਦੇ ਜੰਜਾਲ ਵਿੱਚ ਫਸੀ ਰਹਿੰਦੀ ਹੈ। ਜੇ ਕਰ ਕਿਸੇ ਤੀਰਥ
ਉਤੇ ਜਾਓ, ਤਾਂ ਉਥੇ ਇਹੀ ਵੇਖਿਆ ਜਾਂਦਾ ਹੈ, ਕਿ ਲੋਕ ਆਪਣੇ ਆਪ ਬਾਰੇ ਹੰਕਾਰ ਵਿੱਚ ਇਹੀ ਕਹਿੰਦੇ
ਰਹਿੰਦੇ ਹਨ, ਕਿ "ਮੈਂ ਧਰਮੀ ਹਾਂ, ਮੈਂ ਧਰਮੀ ਹਾਂ", ਤੇ ਪੰਡਿਤ ਵੀ ਮਾਇਆ ਦੇ ਰੰਗ ਵਿੱਚ ਰੰਗੇ
ਹੋਏ ਰਹਿੰਦੇ ਹਨ। ਫਿਰ ਸਵਾਲ ਪੈਦਾ ਹੁੰਦਾ ਹੈ, ਕਿ ਉਹ ਅਸਥਾਨ ਕਿਹੜਾ ਹੈ ਤੇ ਕਿਥੇ ਹੈ, ਜਿੱਥੇ ਹਰ
ਵੇਲੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਹੁੰਦੀ ਹੋਵੇ?
ਗੁਰੂ ਸਾਹਿਬ ਇਸ ਦਾ ਉੱਤਰ ਦੇ ਕੇ
ਸਮਝਾਦੇ ਹਨ ਕਿ, ਸਾਧ ਸੰਗਤਿ ਵਿੱਚ ਰਹਿ ਕੇ ਸਦਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦੇ ਰਹਿਣਾ
ਚਾਹੀਦਾ ਹੈ, ਕਿਉਂਕਿ ਇਸ ਦੀ ਬਰਕਤਿ ਨਾਲ ਮਨ ਦੇ ਭਰਮ, ਪਰਿਵਾਰਕ ਮੋਹ ਤੇ ਚਿੰਤਾ, ਹਉਮੈ, ਮਾਇਆ ਦੇ
ਜੰਜਾਲ, ਆਦਿਕ, ਕੋਈ ਵੀ ਪੋਹ ਨਹੀਂ ਸਕਦੇ, ਪਰੰਤੂ ਇਹ ਅਸਥਾਨ ਗੁਰੂ ਪਾਸੋਂ ਹੀ ਪਾਇਆ ਜਾ ਸਕਦਾ ਹੈ।
ਸਾਧਸੰਗਿ ਹਰਿ ਕੀਰਤਨੁ ਗਾਈਐ॥ ਇਹੁ ਅਸਥਾਨੁ ਗੁਰੂ ਤੇ ਪਾਈਐ॥ ੧॥ ਰਹਾਉ
ਦੂਜਾ॥ ੭॥ ੫੮॥ (੩੮੫)
http://www.geocities.ws/sarbjitsingh/Bani2010GurMag200703.pdf
http://www.sikhmarg.com/2007/0325-sadh-sangat.html
ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਤੇ ਹਿਰਦੇ ਵਿੱਚ ਸਦਾ ਅਕਾਲ ਪੁਰਖੁ ਦੇ
ਨਾਮੁ ਸਿਮਰਨ ਦਾ ਹੀ ਆਹਰ ਹੈ, ਜਿਹੜੇ ਮਨੁੱਖ ਅਕਾਲ ਪੁਰਖੁ ਦੇ ਪ੍ਰੇਮ ਅਤੇ ਅਕਾਲ ਪੁਰਖੁ ਦੀ ਭਗਤੀ
ਦੇ ਮਤਵਾਲੇ ਹਨ, ਜਿਹੜੇ ਮਨੁੱਖ ਅਕਾਲ ਪੁਰਖੁ ਦੇ ਗੁਣ ਗਾਇਨ ਕਰਨ ਵਿੱਚ ਰੁਝੇ ਰਹਿੰਦੇ ਹਨ, ਉਨ੍ਹਾਂ
ਮਨੁੱਖਾਂ ਨੂੰ ਇਹ ਸੰਸਾਰ ਦਾ ਮੋਹ ਪੋਹ ਨਹੀਂ ਸਕਦਾ ਹੈ।
ਇਸ ਲਈ ਕੰਨਾਂ ਨਾਲ ਮਾਲਕ ਅਕਾਲ ਪੁਰਖੁ
ਦੀ ਸਿਫ਼ਤਿ ਸਾਲਾਹ ਸੁਣਨੀ, ਜੀਭ ਨਾਲ ਮਾਲਕ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਨਾ, ਇਹ ਸੰਤ ਜਨਾਂ ਦੀ
ਇਹ ਨਿੱਤ ਦੀ ਕਾਰ ਹੋਇਆ ਕਰਦੀ ਹੈ। ਸੰਤ ਜਨਾਂ ਦੇ ਹਿਰਦੇ ਵਿੱਚ ਅਕਾਲ ਪੁਰਖੁ ਦੇ ਸੋਹਣੇ ਚਰਨਾਂ ਦਾ
ਸਦਾ ਟਿਕਾਉ ਬਣਿਆ ਰਹਿੰਦਾ ਹੈ, ਅਕਾਲ ਪੁਰਖੁ ਦੀ ਪੂਜਾ ਭਗਤੀ ਉਨ੍ਹਾਂ ਦੇ ਪ੍ਰਾਣਾਂ ਦਾ ਆਸਰਾ
ਹੁੰਦਾ ਹੈ।
ਸਾਰਗ ਮਹਲਾ ੫॥
ਮਨਿ ਤਨਿ ਰਾਮ ਕੋ ਬਿਉਹਾਰੁ॥ ਪ੍ਰੇਮ
ਭਗਤਿ ਗੁਨ ਗਾਵਨ ਗੀਧੇ ਪੋਹਤ ਨਹ ਸੰਸਾਰੁ॥ ੧॥ ਰਹਾਉ॥
ਸ੍ਰਵਣੀ ਕੀਰਤਨੁ ਸਿਮਰਨੁ
ਸੁਆਮੀ ਇਹੁ ਸਾਧ ਕੋ ਆਚਾਰੁ॥ ਚਰਨ ਕਮਲ ਅਸਥਿਤਿ ਰਿਦ ਅੰਤਰਿ ਪੂਜਾ ਪ੍ਰਾਨ ਕੋ ਆਧਾਰੁ॥ ੧॥ (੧੨੨੨)
ਆਪਣੇ ਮਨ ਨੂੰ ਸਮਝਾਣਾ ਹੈ, ਕਿ ਤੂੰ ਉਸ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ
ਕਰਦਾ ਰਹੁ, ਜਿਸ ਦਾ ਨਾਮੁ ਜਪਿਆਂ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ, ਹਰੇਕ ਤਰ੍ਹਾਂ ਦੀ
ਬਿਪਤਾ ਟਲ ਜਾਂਦੀ ਹੈ, ਵਿਕਾਰਾਂ ਵਲ ਦੌੜਦਾ ਮਨ ਟਿਕਾਣੇ ਆ ਜਾਂਦਾ ਹੈ, ਕੋਈ ਦੁਖ ਪੋਹ ਨਹੀਂ ਸਕਦਾ,
ਤੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ, ਪੰਜੇ ਕਾਮਾਦਿਕ ਵਿਕਾਰ ਕਾਬੂ ਆ ਜਾਂਦੇ ਹਨ, ਆਤਮਕ ਜੀਵਨ
ਦੇਣ ਵਾਲਾ ਨਾਮੁ ਰੂਪੀ ਜਲ ਹਿਰਦੇ ਵਿੱਚ ਇਕੱਠਾ ਕਰ ਸਕਦੇ ਹਾਂ, ਮਾਇਆ ਦੀ ਤ੍ਰੇਹ ਬੁੱਝ ਜਾਂਦੀ ਹੈ
ਤੇ ਅਕਾਲ ਪੁਰਖੁ ਦੀ ਦਰਗਾਹ ਵਿੱਚ ਕਾਮਯਾਬ ਹੋ ਜਾਈਦਾ ਹੈ, ਪਿਛਲੇ ਕੀਤੇ ਹੋਏ ਕ੍ਰੋੜਾਂ ਪਾਪ ਮਿਟ
ਜਾਂਦੇ ਹਨ, ਤੇ ਅਗਾਂਹ ਵਾਸਤੇ ਭਲੇ ਮਨੁੱਖ ਬਣ ਜਾਈਦਾ ਹੈ, ਮਨ ਵਿਚੋਂ ਵਿਕਾਰਾਂ ਦੀ ਸਾਰੀ ਮੈਲ ਦੂਰ
ਹੋ ਜਾਂਦੀ ਹੈ, ਮਨੁੱਖ ਦੇ ਅੰਦਰ ਹਰ ਵੇਲੇ ਆਤਮਕ ਆਨੰਦ ਦੀ ਰੌ ਚਲੀ ਰਹਿੰਦੀ ਹੈ, ਆਤਮਕ ਆਨੰਦ
ਮਿਲਦਾ ਹੈ, ਆਤਮਕ ਅਡੋਲਤਾ ਵਿੱਚ ਟਿਕਾਣਾ ਮਿਲ ਜਾਂਦਾ ਹੈ। ਗੁਰੂ ਜਿਸ ਮਨੁੱਖ ਦੇ ਹਿਰਦੇ ਵਿੱਚ
ਅਕਾਲ ਪੁਰਖੁ ਦਾ ਨਾਮੁ ਜਪਣ ਦਾ ਉਪਦੇਸ਼ ਵਸਾ ਦੇਂਦਾ ਹੈ, ਉਸ ਮਨੁੱਖ ਉਤੇ ਗੁਰੂ ਨੇ ਮਾਨੋ ਸਭ ਤੋਂ
ਵਧੀਆ ਕਿਸਮ ਦੀ ਮਿਹਰ ਦੀ ਨਜ਼ਰ ਕਰ ਦਿੱਤੀ ਹੈ। ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਨੇ
ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਨੂੰ ਆਪਣੀ ਆਤਮਾ ਵਾਸਤੇ ਸੁਆਦਲਾ ਭੋਜਨ ਬਣਾ ਲਿਆ। ਪਰੰਤੂ ਉਹੀ
ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜਦਾ ਹੈ, ਜੇਹੜਾ ਗੁਰੂ ਦੇ ਸਬਦ ਦੀ ਵੀਚਾਰ ਕਰਦਾ ਹੈ ਤੇ ਉਸ
ਅਨੁਸਾਰ ਸੇਵਾ ਤੇ ਅਮਲ ਕਰਦਾ ਹੈ, ਉਹ ਮਨੁੱਖ ਗੁਰੂ ਦੀ ਸਰਨ ਵਿੱਚ ਪਿਆ ਰਹਿੰਦਾ ਹੈ, ਤੇ ਅਕਾਲ
ਪੁਰਖੁ ਦੇ ਨਾਮੁ ਵਿੱਚ ਜੁੜਿਆ ਰਹਿੰਦਾ ਹੈ। ਗੁਰੂ ਉਸ ਮਨੁੱਖ ਨੂੰ ਮਿਲਦਾ ਹੈ, ਜਿਸ ਦੇ ਮੱਥੇ ਉਤੇ
ਭਾਗ ਜਾਗ ਪੈਣ। ਫਿਰ ਉਸ ਮਨੁੱਖ ਦੇ ਹਿਰਦੇ ਵਿੱਚ ਅਕਾਲ ਪੁਰਖੁ ਆ ਵੱਸਦਾ ਹੈ, ਉਸ ਮਨੁੱਖ ਦਾ ਮਨ
ਸਰੀਰ ਤੇ ਹਿਰਦਾ ਠੰਢਾ ਠਾਰ ਹੋ ਜਾਂਦਾ ਹੈ, ਤੇ ਵਿਕਾਰਾਂ ਵਲੋਂ ਸੁਚੇਤ ਹੋ ਜਾਂਦਾ ਹੈ।
ਇਸ ਲਈ ਆਪਣੇ ਮਨ ਨੂੰ ਸਮਝਾਣਾ ਹੈ,
ਕਿ ਤੂੰ ਅਕਾਲ ਪੁਰਖੁ ਦੀ ਇਹੋ ਜਿਹੀ ਸਿਫ਼ਤਿ ਸਾਲਾਹ ਕਰਦਾ ਰਹੁ, ਜੇਹੜੀ ਤੇਰੀ ਇਸ ਜ਼ਿੰਦਗੀ ਵਿੱਚ ਵੀ
ਕੰਮ ਆਵੇ, ਤੇ ਪਰਲੋਕ ਵਿੱਚ ਵੀ ਤੇਰੇ ਕੰਮ ਆਵੇ।
ਗਉੜੀ ਮਹਲਾ ੫॥ ਗੁਰ ਸੇਵਾ ਤੇ ਨਾਮੇ ਲਾਗਾ॥ ਤਿਸ ਕਉ ਮਿਲਿਆ ਜਿਸੁ ਮਸਤਕਿ
ਭਾਗਾ॥ ਤਿਸ ਕੈ ਹਿਰਦੈ ਰਵਿਆ ਸੋਇ॥ ਮਨੁ ਤਨੁ ਸੀਤਲੁ ਨਿਹਚਲੁ ਹੋਇ॥ ੧॥
ਐਸਾ ਕੀਰਤਨੁ ਕਰਿ ਮਨ ਮੇਰੇ॥ ਈਹਾ ਊਹਾ
ਜੋ ਕਾਮਿ ਤੇਰੈ॥ ੧॥ ਰਹਾਉ॥ (੨੩੬)
ਇਕੱਲੇ ਸਾਜ਼ ਦੀ ਸੁਰ ਵਿੱਚ ਸਰੀਰ ਝੂਮਦਾ ਹੈ ਤੇ ਮਨ ਸੌ ਜਾਂਦਾ ਹੈ, ਇਸ ਲਈ ਸਿੱਖ ਨੇ ਅਕਾਲ ਪੁਰਖੁ
ਦੇ ਕੀਰਤਨ ਨਾਲ ਆਤਮਿਕ ਤੌਰ ਤੇ ਵੀ ਜਾਗਣਾਂ ਹੈ, ਤਾਂ ਜੋ ਉਸ ਦੇ ਹਿਰਦੇ ਵਿੱਚ ਅਕਾਲ ਪੁਰਖੁ ਦੇ
ਨਾਮੁ ਦਾ ਚਾਨਣ ਹੋ ਜਾਵੇ। ਲੋਕ ਖ਼ੁਸ਼ੀ ਆਦਿਕ
ਦੇ ਮੌਕੇ ਤੇ ਘਰਾਂ ਵਿੱਚ ਦੀਵੇ ਮੋਮਬੱਤੀਆਂ ਆਦਿਕ ਬਾਲ ਕੇ ਚਾਨਣ ਕਰਦੇ ਹਨ, ਪਰੰਤੂ ਮਨੁੱਖ ਦੇ
ਹਿਰਦੇ ਘਰ ਵਿੱਚ ਅਕਾਲ ਪੁਰਖੁ ਦੇ ਨਾਮੁ ਦਾ ਚਾਨਣ ਹੋ ਜਾਣਾ, ਇਹ ਦੁਨਿਆਵੀ ਘਰਾਂ ਵਿੱਚ ਹੋਰ ਸਭ
ਤਰ੍ਹਾਂ ਦੇ ਚਾਨਣ ਕਰਨ ਨਾਲੋਂ ਵਧੀਆ ਚਾਨਣ ਹੈ। ਸਦਾ ਅਕਾਲ ਪੁਰਖੁ ਦਾ ਹੀ ਨਾਮੁ ਸਿਮਰਨਾ, ਇਹ ਸਭ
ਤਰ੍ਹਾਂ ਦੇ ਸਿਮਰਨਾਂ ਨਾਲੋਂ ਸੋਹਣਾ ਸਿਮਰਨ ਹੈ। ਮਾਇਆ ਦੇ ਮੋਹ ਵਿਚੋਂ ਨਿਕਲਣ ਲਈ ਲੋਕ ਗ੍ਰਿਹਸਤ
ਜੀਵਨ ਤਿਆਗ ਦੇਂਦੇ ਹਨ, ਪਰੰਤੂ ਕਾਮ ਕ੍ਰੋਧ ਲੋਭ ਆਦਿਕ ਵਿਕਾਰਾਂ ਨੂੰ ਹਿਰਦੇ ਵਿਚੋਂ ਤਿਆਗ ਦੇਣਾ,
ਇਹ ਹੋਰ ਸਾਰੇ ਤਿਆਗਾਂ ਨਾਲੋਂ ਸ੍ਰੇਸ਼ਟ ਤਿਆਗ ਹੈ।
ਗੁਰੂ ਪਾਸੋਂ ਅਕਾਲ ਪੁਰਖੁ ਦੀ
ਸਿਫ਼ਤਿ ਸਾਲਾਹ ਦੀ ਖ਼ੈਰ ਮੰਗਣਾ, ਹੋਰ ਸਾਰੀਆਂ ਮੰਗਾਂ ਨਾਲੋਂ ਵਧੀਆ ਮੰਗ ਹੈ।
ਦੇਵੀ ਆਦਿਕ ਦੀ ਪੂਜਾ ਵਾਸਤੇ ਲੋਕ ਜਗਰਾਤੇ ਕਰਦੇ ਹਨ,
ਪਰੰਤੂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਵਿੱਚ ਜਾਗਣਾ, ਹੋਰ ਸਾਰੇ ਜਗਰਾਤਰਿਆਂ ਨਾਲੋਂ ਉੱਤਮ ਜਗਰਾਤਾ
ਹੈ। ਗੁਰੂ ਦੇ ਚਰਨਾਂ ਵਿੱਚ ਮਨ ਦਾ ਪਿਆਰ ਬਣ ਜਾਣਾ, ਹੋਰ ਸਾਰੀਆਂ ਲਗਨਾਂ ਨਾਲੋਂ ਵਧੀਆ ਲਗਨ ਹੈ।
ਪਰੰਤੂ, ਇਹ ਜੁਗਤਿ ਉਸੇ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ, ਜਿਸ ਦੇ ਮੱਥੇ ਉੱਤੇ ਅਕਾਲ ਪੁਰਖੁ ਦੀ
ਮਿਹਰ ਦੁਆਰਾ ਭਾਗ ਜਾਗ ਪੈਣ।
ਅੰਤ ਵਿੱਚ ਗੁਰੂ ਸਾਹਿਬ ਸਮਝਾਂਦੇ ਹਨ,
ਕਿ ਜਿਹੜਾ ਮਨੁੱਖ ਅਕਾਲ ਪੁਰਖੁ ਦੀ ਸਰਨ ਵਿੱਚ ਆ ਜਾਂਦਾ ਹੈ, ਉਸ ਨੂੰ ਹਰੇਕ ਤਰ੍ਹਾਂ ਦਾ ਸੋਹਣਾ
ਗੁਣ ਪ੍ਰਾਪਤ ਹੋ ਜਾਂਦਾ ਹੈ।
ੴ ਸਤਿਗੁਰ ਪ੍ਰਸਾਦਿ॥ ਚਾਦਨਾ ਚਾਦਨੁ ਆਂਗਨਿ ਪ੍ਰਭ ਜੀਉ ਅੰਤਰਿ ਚਾਦਨਾ॥ ੧॥
ਆਰਾਧਨਾ ਅਰਾਧਨੁ ਨੀਕਾ ਹਰਿ ਹਰਿ ਨਾਮੁ ਅਰਾਧਨਾ॥ ੨॥ ਤਿਆਗਨਾ ਤਿਆਗਨੁ ਨੀਕਾ ਕਾਮੁ ਕ੍ਰੋਧੁ ਲੋਭੁ
ਤਿਆਗਨਾ॥ ੩॥ ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ॥ ੪॥
ਜਾਗਨਾ ਜਾਗਨੁ ਨੀਕਾ ਹਰਿ ਕੀਰਤਨ ਮਹਿ
ਜਾਗਨਾ॥ ੫॥ ਲਾਗਨਾ ਲਾਗਨੁ
ਨੀਕਾ ਗੁਰ ਚਰਣੀ ਮਨੁ ਲਾਗਨਾ॥ ੬॥ ਇਹ ਬਿਧਿ ਤਿਸਹਿ ਪਰਾਪਤੇ ਜਾ ਕੈ ਮਸਤਕਿ ਭਾਗਨਾ॥ ੭॥ ਕਹੁ ਨਾਨਕ
ਤਿਸੁ ਸਭੁ ਕਿਛੁ ਨੀਕਾ ਜੋ ਪ੍ਰਭ ਕੀ ਸਰਨਾਗਨਾ॥ ੮॥ ੧॥ ੪॥ (੧੦੧੮)
ਉਹੀ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜਦਾ ਹੈ, ਜੇਹੜਾ ਗੁਰੂ ਦੀ ਸਰਨ
ਵਿੱਚ ਰਹਿੰਦਾ ਹੈ, ਗੁਰੂ ਦੀ ਸੇਵਾ ਕਰਦਾ ਹੈ, ਗੁਰੂ ਦੇ ਸਬਦ ਦੀ ਵੀਚਾਰ ਕਰਦਾ ਹੈ ਤੇ ਉਸ ਅਨੁਸਾਰ
ਜੀਵਨ ਬਤੀਤ ਕਰਦਾ ਹੈ। ਅਕਾਲ ਪੁਰਖੁ ਦਾ ਨਾਮੁ ਉਸ ਮਨੁੱਖ ਨੂੰ ਮਿਲਦਾ ਹੈ, ਜਿਸ ਦੇ ਮੱਥੇ ਉਤੇ ਭਾਗ
ਜਾਗ ਪੈਣ। ਗੁਰੂ ਦੇ ਸਬਦ ਦੀ ਵੀਚਾਰ ਦੁਆਰਾ ਅਕਾਲ ਪੁਰਖੁ, ਉਸ ਮਨੁੱਖ ਦੇ ਹਿਰਦੇ ਵਿੱਚ ਵੱਸਦਾ
ਰਹਿੰਦਾ ਹੈ, ਤੇ, ਉਸ ਮਨੁੱਖ ਦਾ ਮਨ ਤੇ ਸਰੀਰ ਠੰਢਾ ਠਾਰ ਹੋ ਜਾਂਦਾ ਹੈ, ਤੇ ਵਿਕਾਰਾਂ ਵਲੋਂ ਅਡੋਲ
ਹੋ ਜਾਂਦਾ ਹੈ। ਇਸ ਲਈ
ਆਪਣੇ ਮਨ ਨੂੰ ਸਮਝਾਣਾ ਹੈ, ਕਿ ਤੂੰ ਗੁਰੂ ਦੇ ਸਬਦ ਦੀ ਵੀਚਾਰ ਦੁਆਰਾ ਅਕਾਲ ਪੁਰਖੁ ਦੀ ਇਹੋ ਜਿਹੀ
ਸਿਫ਼ਤਿ ਸਾਲਾਹ ਕਰਦਾ ਰਹੁ, ਜੇਹੜੀ ਤੇਰੀ ਇਸ ਜ਼ਿੰਦਗੀ ਵਿੱਚ ਵੀ ਕੰਮ ਆਵੇ, ਤੇ ਪਰਲੋਕ ਵਿੱਚ ਵੀ
ਤੇਰੇ ਕੰਮ ਆਵੇ।
ਗਉੜੀ ਮਹਲਾ ੫॥ ਗੁਰ ਸੇਵਾ ਤੇ ਨਾਮੇ ਲਾਗਾ॥ ਤਿਸ ਕਉ ਮਿਲਿਆ ਜਿਸੁ ਮਸਤਕਿ
ਭਾਗਾ॥ ਤਿਸ ਕੈ ਹਿਰਦੈ ਰਵਿਆ ਸੋਇ॥ ਮਨੁ ਤਨੁ ਸੀਤਲੁ ਨਿਹਚਲੁ ਹੋਇ॥ ੧॥
ਐਸਾ ਕੀਰਤਨੁ ਕਰਿ ਮਨ ਮੇਰੇ॥ ਈਹਾ ਊਹਾ
ਜੋ ਕਾਮਿ ਤੇਰੈ॥ ੧॥ ਰਹਾਉ॥ (੨੩੬)
ਜਿਹੜੇ ਮਨੁੱਖ ਅਕਾਲ ਪੁਰਖੁ ਦਾ ਨਾਮੁ ਤਵੀਤ ਤੇ ਜੰਤ੍ਰ-ਮੰਤ੍ਰ ਆਦਿਕ ਦੀ
ਸ਼ਕਲ ਵਿੱਚ ਵੇਚਦੇ ਹਨ, ਉਨ੍ਹਾਂ ਦੇ ਜੀਉਣ ਨੂੰ ਲਾਹਨਤ ਹੈ, ਜੇ ਉਹ ਬੰਦਗੀ ਵੀ ਕਰਦੇ ਹਨ ਤਾਂ ਵੀ
ਉਨ੍ਹਾਂ ਦੀ ‘ਨਾਮੁ’ ਵਾਲੀ ਫ਼ਸਲ ਇਸ ਤਰ੍ਹਾਂ ਨਾਲੋ ਨਾਲ ਹੀ ਉੱਜੜਦੀ ਰਹਿੰਦੀ ਹੈ, ਤੇ ਜਿਨ੍ਹਾਂ ਦੀ
ਫ਼ਸਲ ਨਾਲੋ ਨਾਲ ਉੱਜੜਦੀ ਜਾਏ, ਉਨ੍ਹਾਂ ਦਾ ਖਲਵਾੜਾ ਕਿੱਥੇ ਬਣਨਾ ਹੋਇਆ? ਅਜੇਹੀ ਬੰਦਗੀ ਦਾ ਕੋਈ
ਚੰਗਾ ਸਿੱਟਾ ਨਹੀਂ ਨਿਕਲ ਸਕਦਾ ਹੈ, ਕਿਉਂਕਿ ਉਹ ਬੰਦਗੀ ਦੇ ਸਹੀ ਰਾਹ ਤੋਂ ਖੁੰਝੇ ਰਹਿੰਦੇ ਹਨ।
ਸਹੀ ਉੱਦਮ ਤੇ ਮਿਹਨਤ ਤੋਂ ਬਿਨਾ ਅਕਾਲ ਪੁਰਖੁ ਦੀ ਹਜ਼ੂਰੀ ਵਿੱਚ ਵੀ ਉਨ੍ਹਾਂ ਦੀ ਕੋਈ ਕਦਰ ਨਹੀਂ
ਹੁੰਦੀ, ਤੇ ਕਿਸੇ ਤਰ੍ਹਾਂ ਦੀ ਸ਼ਾਬਾਸ਼ ਨਹੀਂ ਮਿਲਦੀ। ਅਕਾਲ ਪੁਰਖੁ ਨੂੰ ਚਿਤ ਵਿੱਚ ਵਸਾਉਂਣਾ ਨਾਲ
ਤੇ ਉਸ ਦੇ ਹੁਕਮੁ ਤੇ ਰਜਾ ਅਨੁਸਾਰ ਚਲਣਾ ਬੜੀ ਸੁੰਦਰ ਤੇ ਅਕਲ ਦੀ ਗੱਲ ਹੈ, ਪਰੰਤੂ ਤਵੀਤ ਜਾਂ
ਧਾਗੇ ਬਣਾ ਕੇ ਦੇਣ ਵਿੱਚ ਰੁੱਝ ਪੈਣ ਨਾਲ ਇਸ ਅਕਲ ਨੂੰ ਵਿਅਰਥ ਗਵਾ ਲੈਣਾ, ਇਸ ਨੂੰ ਅਕਲ ਨਹੀਂ
ਆਖਿਆ ਜਾ ਸਕਦਾ। ਇਸ ਲਈ ਸਬਦ ਗੁਰੂ ਦੁਆਰਾ ਪਾਈ ਗਈ ਅਕਲ ਵਰਤ ਕੇ ਹੀ ਅਕਾਲ ਪੁਰਖੁ ਦੀ ਸੇਵਾ ਕਰੀਏ,
ਭਾਵ ਸਬਦ ਵੀਚਾਰ ਦੁਆਰਾ ਅਕਾਲ ਪੁਰਖੁ ਵਰਗੇ ਗੁਣ ਆਪਣੇ ਅੰਦਰ ਪੈਦਾ ਕਰੀਏ, ਤਾਂ ਜੋ ਬਿਬੇਕ ਬੁਧੀ
ਹਾਸਲ ਕਰਕੇ ਜੀਵਨ ਦੇ ਸਹੀ ਰਸਤੇ ਤੇ ਚਲ ਸਕੀਏ। ਅਕਲ ਵਰਤ ਕੇ ਹੀ ਅਕਾਲ ਪੁਰਖੁ ਨੂੰ ਚੇਤੇ ਕੀਤਾ ਜਾ
ਸਕਦਾ ਹੈ ਤੇ ਉਸ ਦੇ ਦਰ ਤੇ ਇੱਜ਼ਤ ਖੱਟੀ ਜਾ ਸਕਦੀ ਹੈ। ਅਕਲ ਇਹ ਹੈ ਕਿ ਅਕਾਲ ਪੁਰਖੁ ਦੀ ਸਿਫ਼ਤਿ
ਸਾਲਾਹ ਵਾਲੀ ਬਾਣੀ ਪੜ੍ਹੀਏ, ਇਸ ਦੇ ਡੂੰਘੇ ਭੇਤ ਸਮਝੀਏ ਤੇ ਹੋਰਨਾਂ ਨੂੰ ਅਕਾਲ ਪੁਰਖੁ ਦੇ ਗੁਣ ਤੇ
ਉਸ ਦੇ ਹੁਕਮੁ ਤੇ ਰਜਾ ਬਾਰੇ ਸਮਝਾਈਏ। ਗੁਰਬਾਣੀ ਦੁਆਰਾ ਪਾਈ ਗਈ ਅਕਲ ਵਰਤ ਕੇ ਹੀ ਕਿਸੇ ਤਰ੍ਹਾਂ
ਦਾ ਦਾਨ ਤੇ ਸਹਾਇਤਾ ਕੀਤੀ ਜਾਵੇ, ਇਹ ਨਾ ਹੋਵੇ ਕਿ ਦਾਨ ਕਰਨ ਨਾਲ ਅਸੀਂ ਨਖੱਟੂ ਤੇ ਮੰਗਤੇ ਹੀ
ਪੈਦਾ ਕਰੀ ਜਾਈਏ। ਗੁਰੂ
ਸਾਹਿਬ ਸਮਝਾਂਦੇ ਹਨ, ਕਿ ਜ਼ਿੰਦਗੀ ਦਾ ਸਹੀ ਰਸਤਾ ਸਿਰਫ਼ ਇਹੀ ਹੈ, ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ
ਤੇ ਉਸ ਦੇ ਹੁਕਮੁ ਤੇ ਰਜਾ ਬਾਰੇ ਸਮਝਣਾ ਤੇ ਚਲਣਾ ਹੈ, ਬਿਬੇਕ ਬੁਧੀ ਹਾਸਲ ਕਰਨੀ ਹੈ, ਇਸ ਤੋਂ
ਇਲਾਵਾ ਹੋਰ ਸਭ ਤਰ੍ਹਾਂ ਦੀਆਂ ਗੱਲਾਂ ਇੱਕ ਸ਼ੈਤਾਨ ਦੀ ਤਰ੍ਹਾਂ ਹਨ, ਜਿਹੜੀਆਂ ਜਾਂ ਤਾਂ ਸਾਨੂੰ
ਸ਼ੈਤਾਨ ਬਣਾ ਸਕਦੀਆਂ ਹਨ, ਤੇ ਜਾਂ ਅਸੀਂ ਸ਼ੈਤਾਨ ਪੈਦਾ ਕਰਨ ਦਾ ਕਾਰਨ ਬਣ ਸਕਦੇ ਹਾਂ।
ਸਲੋਕ ਮਃ ੧॥ ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ॥ ਖੇਤੀ
ਜਿਨ ਕੀ ਉਜੜੈ ਖਲਵਾੜੇ ਕਿਆ ਥਾਉ॥ ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ॥ ਅਕਲਿ ਏਹ ਨ ਆਖੀਐ ਅਕਲਿ
ਗਵਾਈਐ ਬਾਦਿ॥ ਅਕਲੀ ਸਾਹਿਬੁ
ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ ਹੋਰਿ
ਗਲਾਂ ਸੈਤਾਨੁ॥ ੧॥ (੧੨੪੫)
ਵੇਦ ਪੁਰਾਣ ਆਦਿਕ ਧਰਮ ਪੁਸਤਕਾਂ ਦਾ ਨਿਰੇ ਪੜ੍ਹਨ, ਸੁਣਨ ਜਾਂ ਵਿਚਾਰਨ ਦਾ
ਕੋਈ ਫ਼ਾਇਦਾ ਨਹੀਂ, ਜੇ ਕਰ ਇਸ ਪੜ੍ਹਨ ਸੁਣਨ ਦੇ ਨਾਲ ਅਡੋਲ ਅਵਸਥਾ ਪ੍ਰਾਪਤ ਨਾ ਹੋਈ ਤੇ ਉਸ ਅਕਾਲ
ਪੁਰਖੁ ਦਾ ਮਿਲਾਪ ਨਾ ਹੋ ਸਕਿਆ।
ਹੇ ਮੂਰਖ! ਤੂੰ ਅਕਾਲ ਪੁਰਖੁ ਦਾ
ਨਾਮੁ ਤਾਂ ਚੇਤੇ ਨਹੀਂ ਕਰਦਾ ਤੇ ਅਕਾਲ ਪੁਰਖੁ ਦੇ ਨਾਮੁ ਨੂੰ ਵਿਸਾਰ ਕੇ ਮੁੜ ਮੁੜ ਹੋਰ ਸੋਚਾਂ
ਸੋਚਣ ਦਾ ਤੈਨੂੰ ਕੀ ਲਾਭ ਹੋਵੇਗਾ? ਰਾਤ ਦੇ
ਹਨੇਰੇ ਵਿੱਚ ਤਾਂ ਦੀਵੇ ਦੀ ਲੋੜ ਹੁੰਦੀ ਹੈ, ਤਾਂ ਜੋ ਬਾਹਰਲੀ ਦੁਨੀਆਂ ਦਿਖਾਈ ਦੇ ਸਕੇ। ਇਸੇ
ਤਰ੍ਹਾਂ ਅਗਿਆਨਤਾ ਦੇ ਹਨੇਰੇ ਵਿੱਚ ਵੀ ਮਨੁੱਖ ਨੂੰ ਗਿਆਨ ਦੇ ਦੀਵੇ ਦੀ ਲੋੜ ਹੁੰਦੀ ਹੈ, ਤਾਂ ਜੋ
ਅੰਦਰੋਂ ਉਹ ਅਕਾਲ ਪੁਰਖੁ ਦਾ ਨਾਮੁ ਪਦਾਰਥ ਮਿਲ ਜਾਏ, ਕਿਉਂਕਿ ਅਕਾਲ ਪੁਰਖੁ ਦੇ ਨਾਮੁ ਤਕ ਮਨੁੱਖ
ਦੀਆਂ ਸਰੀਰਕ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ ਹੈ। ਧਾਰਮਿਕ ਪੁਸਤਕਾਂ ਪੜ੍ਹਨ ਨਾਲ ਉਹ ਗਿਆਨ
ਦਾ ਦੀਵਾ ਮਨ ਵਿੱਚ ਜਗਣਾ ਚਾਹੀਦਾ ਹੈ, ਜਿਸ ਨਾਲ ਅੰਦਰ ਵੱਸਦਾ ਅਕਾਲ ਪੁਰਖੁ ਲੱਭ ਪਏ। ਜਿਸ ਮਨੁੱਖ
ਨੂੰ ਉਹ ਅਪਹੁੰਚ ਅਕਾਲ ਪੁਰਖੁ ਦਾ ਨਾਮੁ ਪਦਾਰਥ ਮਿਲ ਜਾਂਦਾ ਹੈ, ਉਸ ਦੇ ਅੰਦਰ ਉਹ ਗਿਆਨ ਦਾ ਦੀਵਾ
ਫਿਰ ਸਦਾ ਟਿਕਿਆ ਰਹਿੰਦਾ ਹੈ। ਕਬੀਰ ਜੀ ਆਖਦੇ ਹਨ, ਕਿ ਉਸ ਅਪਹੁੰਚ ਅਕਾਲ ਪੁਰਖੁ ਦੇ ਨਾਮੁ ਪਦਾਰਥ
ਨਾਲ ਮੇਰੀ ਵੀ ਜਾਣ ਪਛਾਣ ਹੋ ਗਈ ਹੈ। ਜਦੋਂ ਤੋਂ ਮੇਰੀ ਅਕਾਲ ਪੁਰਖੁ ਦੇ ਨਾਮੁ ਨਾਲ ਜਾਣ ਪਛਾਣ ਹੋਈ
ਹੈ, ਮੇਰਾ ਮਨ ਉਸ ਅਕਾਲ ਪੁਰਖੁ ਦੇ ਨਾਮੁ ਵਿੱਚ ਹੀ ਟਿਕ ਗਿਆ ਹੈ। ਪਰੰਤੂ ਜਗਤ ਦੇ ਲੋਕ ਧਰਮ
ਪੁਸਤਕਾਂ ਦੇ ਰਿਵਾਜੀ ਪਾਠ ਕਰਨੇ ਕਰਾਉਣੇ ਤੇ ਤੀਰਥ ਆਦਿਕਾਂ ਦੇ ਇਸ਼ਨਾਨ ਕਰਨੇ ਲੋੜਦੇ ਹਨ। ਅਕਾਲ
ਪੁਰਖੁ ਦੇ ਨਾਮੁ ਵਿੱਚ ਮਨ ਜੁੜਨ ਨਾਲ ਕਰਮ ਕਾਂਡੀ ਜਗਤ ਦੇ ਲੋਕਾਂ ਦੀ ਤਸੱਲੀ ਨਹੀਂ ਹੁੰਦੀ। ਦੂਜੇ
ਪਾਸੇ, ਅਕਾਲ ਪੁਰਖੁ ਦੇ ਨਾਮੁ ਸਿਮਰਨ ਵਾਲੇ ਮਨੁੱਖ ਨੂੰ ਵੀ ਅਜੇਹੀ ਕੋਈ ਮੁਥਾਜੀ ਨਹੀਂ ਹੁੰਦੀ, ਕਿ
ਜ਼ਰੂਰ ਹੀ ਲੋਕਾਂ ਦੀ ਤਸੱਲੀ ਵੀ ਕਰਾਈ ਜਾਵੇ, ਇਹੀ ਕਾਰਨ ਹੈ, ਕਿ ਭਗਤਾਂ ਤੇ ਆਮ ਲੋਕਾਂ ਦਾ ਜੋੜ
ਬਣਿਆ ਨਹੀਂ ਰਹਿੰਦਾ ਹੈ। ਜੇ
ਕਰ ਮਨੁੱਖ ਦੀ ਲਗਨ ਅਕਾਲ ਪੁਰਖੁ ਦੇ ਨਾਮੁ ਵਿੱਚ ਨਹੀਂ ਲਗਦੀ ਤਾਂ ਧਾਰਮਿਕ ਪੁਸਤਕਾਂ ਦੇ ਪਾਠ
ਕਰਾਉਣ ਦਾ ਕੋਈ ਲਾਭ ਨਹੀਂ ਹੁੰਦਾ। ਇਹ ਪਾਠ ਕਰਨੇ ਕਰਾਉਣੇ ਨਿਰੇ ਲੋਕਾਚਾਰੀ ਰਹਿ ਜਾਂਦੇ ਹਨ।
ਕਿਆ ਪੜੀਐ ਕਿਆ ਗੁਨੀਐ॥ ਕਿਆ ਬੇਦ ਪੁਰਾਨਾਂ ਸੁਨੀਐ॥ ਪੜੇ ਸੁਨੇ ਕਿਆ ਹੋਈ॥
ਜਉ ਸਹਜ ਨ ਮਿਲਿਓ ਸੋਈ ॥ ੧॥
ਹਰਿ ਕਾ ਨਾਮੁ ਨ ਜਪਸਿ ਗਵਾਰਾ॥ ਕਿਆ
ਸੋਚਹਿ ਬਾਰੰ ਬਾਰਾ॥ ੧॥ ਰਹਾਉ॥ ਅੰਧਿਆਰੇ ਦੀਪਕੁ
ਚਹੀਐ॥ ਇੱਕ ਬਸਤੁ ਅਗੋਚਰ ਲਹੀਐ॥ ਬਸਤੁ ਅਗੋਚਰ ਪਾਈ॥ ਘਟਿ ਦੀਪਕੁ ਰਹਿਆ ਸਮਾਈ॥ ੨॥ ਕਹਿ ਕਬੀਰ ਅਬ
ਜਾਨਿਆ॥ ਜਬ ਜਾਨਿਆ ਤਉ ਮਨੁ ਮਾਨਿਆ॥ ਮਨ ਮਾਨੇ ਲੋਗੁ ਨ ਪਤੀਜੈ॥ ਨ ਪਤੀਜੈ ਤਉ ਕਿਆ ਕੀਜੈ॥ ੩॥ ੭॥
(੬੫੫, ੬੫੬)
ਕਿਸੇ ਤਰ੍ਹਾਂ ਦੇ ਰਾਗ ਗਾਣ ਨਾਲ, ਨਾਦ ਵਜਾਣ ਨਾਲ ਜਾਂ ਵੇਦ ਆਦਿਕ ਧਾਰਮਿਕ
ਪੁਸਤਕਾਂ ਪੜ੍ਹਨ ਨਾਲ, ਅਕਾਲ ਪੁਰਖੁ ਪ੍ਰਸੰਨ ਨਹੀਂ ਹੁੰਦਾ ਹੈ। ਅਕਾਲ ਪੁਰਖੁ ਨਾ ਹੀ ਸਮਾਧੀ
ਲਾਇਆਂ, ਗਿਆਨ ਦੀ ਚਰਚਾ ਕੀਤਿਆ ਜਾਂ ਜੋਗ ਦਾ ਕੋਈ ਸਾਧਨ ਕੀਤਿਆਂ ਪ੍ਰਸੰਨ ਹੁੰਦਾ ਹੈ। ਨਿਤ ਦੇ ਸੋਗ
ਕੀਤਿਆਂ, ਜਿਵੇਂ ਸ੍ਰਾਵਗ ਸਰੇਵੜੇ ਕਰਦੇ ਹਨ, ਉਨ੍ਹਾਂ ਨਾਲ ਵੀ ਉਹ ਅਕਾਲ ਪੁਰਖੁ ਪ੍ਰਸੰਨ ਨਹੀਂ
ਹੁੰਦਾ ਹੈ। ਰੂਪ, ਮਾਲ ਧਨ ਤੇ ਰੰਗ ਤਮਾਸ਼ਿਆਂ ਵਿੱਚ ਰੁੱਝਿਆਂ ਵੀ ਅਕਾਲ ਪੁਰਖੁ ਜੀਵ ਉਤੇ ਖ਼ੁਸ਼ ਨਹੀਂ
ਹੁੰਦਾ ਹੈ। ਤੀਰਥਾਂ ਤੇ ਨ੍ਹਾਤਿਆਂ ਜਾਂ ਨੰਗੇ ਘੁਮਣ ਨਾਲ ਵੀ ਉਹ ਅਕਾਲ ਪੁਰਖੁ ਨਹੀਂ ਭਿੱਜਦਾ ਹੈ।
ਦਾਨ ਪੁੰਨ ਕੀਤਿਆਂ ਵੀ ਅਕਾਲ ਪੁਰਖੁ ਰੀਝਦਾ ਨਹੀਂ, ਤੇ ਨਾ ਹੀ ਬਾਹਰ ਜੰਗਲਾਂ ਵਿੱਚ ਸੁੰਨ ਮੁੰਨ
ਅਵਸਥਾ ਵਿੱਚ ਬੈਠਿਆਂ, ਉਹ ਅਕਾਲ ਪੁਰਖੁ ਪ੍ਰਸੰਨ ਹੁੰਦਾ ਹੈ। ਜੋਧੇ ਲੜਾਈ ਵਿੱਚ ਲੜ ਕੇ ਮਰਦੇ ਹਨ,
ਇਸ ਤਰ੍ਹਾਂ ਕਰਨ ਨਾਲ ਵੀ ਉਹ ਅਕਾਲ ਪੁਰਖੁ ਪ੍ਰਸੰਨ ਨਹੀਂ ਹੁੰਦਾ ਹੈ। ਕਈ ਬੰਦੇ ਸੁਆਹ ਆਦਿਕ ਮਲ ਕੇ
ਮਿੱਟੀ ਵਿੱਚ ਲਿੱਬੜਦੇ ਹਨ, ਇਸ ਤਰ੍ਹਾਂ ਕਰਨ ਨਾਲ ਵੀ ਉਹ ਅਕਾਲ ਪੁਰਖੁ ਖ਼ੁਸ਼ ਨਹੀਂ ਹੁੰਦਾ ਹੈ।
ਗੁਰੂ ਸਾਹਿਬ ਸਮਝਾਦੇ ਹਨ ਕਿ,
ਅਕਾਲ ਪੁਰਖੁ ਤਾਂ ਪ੍ਰਸੰਨ ਹੁੰਦਾ ਹੈ, ਜੇ ਕਰ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦੇ ਨਾਮੁ ਵਿੱਚ
ਜੁੜੀਏ, ਕਿਉਂਕਿ ਜੀਵਾਂ ਦੇ ਚੰਗੇ ਮੰਦੇ ਹੋਣ ਦੀ ਪਰਖ, ਉਨ੍ਹਾਂ ਦੇ ਮਨ ਦੀ ਭਾਵਨਾ ਅਨੁਸਾਰ ਹੀ
ਕੀਤੀ ਜਾਂਦੀ ਹੈ।
ਮਹਲਾ ੧॥ ਨ ਭੀਜੈ ਰਾਗੀ ਨਾਦੀ ਬੇਦਿ॥ ਨ ਭੀਜੈ ਸੁਰਤੀ ਗਿਆਨੀ ਜੋਗਿ॥ ਨ ਭੀਜੈ
ਸੋਗੀ ਕੀਤੈ ਰੋਜਿ॥ ਨ ਭੀਜੈ ਰੂਪੀਂ ਮਾਲੀਂ ਰੰਗਿ॥ ਨ ਭੀਜੈ ਤੀਰਥਿ ਭਵਿਐ ਨੰਗਿ॥ ਨ ਭੀਜੈ ਦਾਤੀਂ
ਕੀਤੈ ਪੁੰਨਿ॥ ਨ ਭੀਜੈ ਬਾਹਰਿ ਬੈਠਿਆ ਸੁੰਨਿ॥ ਨ ਭੀਜੈ ਭੇੜਿ ਮਰਹਿ ਭਿੜਿ ਸੂਰ॥ ਨ ਭੀਜੈ ਕੇਤੇ
ਹੋਵਹਿ ਧੂੜ॥ ਲੇਖਾ ਲਿਖੀਐ ਮਨ ਕੈ ਭਾਇ॥ ਨਾਨਕ ਭੀਜੈ ਸਾਚੈ ਨਾਇ॥ ੨ ॥
(੧੨੩੭)
ਗੁਰੂ ਦੇ ਸੇਵਕ ਵਾਸਤੇ ਗੁਰੂ ਗੋਪਾਲ ਦਾ ਰੂਪ ਹੈ, ਗੁਰੂ ਹੀ ਗੋਵਿੰਦ ਦਾ
ਰੂਪ ਹੈ। ਗੁਰੂ ਦਇਆ ਦਾ ਸੋਮਾ ਹੈ, ਤੇ ਗੁਰੂ ਹੀ ਸਦਾ ਬਖ਼ਸ਼ਸ਼ ਕਰਨ ਵਾਲਾ ਹੈ। ਸੇਵਕ ਵਾਸਤੇ ਗੁਰੂ ਹੀ
ਸ਼ਾਸਤ੍ਰ ਹੈ, ਗੁਰੂ ਹੀ ਸਿਮ੍ਰਿਤੀ ਹੈ, ਤੇ ਗੁਰੂ ਹੀ ਛੇ ਧਾਰਮਿਕ ਕਰਮ ਹਨ
(ਦਾਨ ਦੇਣਾ, ਦਾਨ ਲੈਣਾ, ਜੱਗ ਕਰਨਾ,
ਜੱਗ ਕਰਾਣਾ, ਵਿੱਦਿਆ ਪੜ੍ਹਣੀ, ਵਿੱਦਿਆ ਪੜ੍ਹਾਣੀ),
ਸੇਵਕ ਲਈ ਗੁਰੂ ਹੀ ਪਵਿੱਤਰ ਤੀਰਥ ਹੈ। ਗੁਰੂ ਨੂੰ ਹਰ
ਵੇਲੇ ਯਾਦ ਕਰਨ ਨਾਲ ਸਾਰੇ ਪਾਪ ਨਾਸ ਹੋ ਜਾਂਦੇ ਹਨ, ਗੁਰੂ ਨੂੰ ਯਾਦ ਕਰਨ ਨਾਲ ਜੀਵ ਜਮ ਦੀ ਫਾਹੀ
ਵਿੱਚ ਨਹੀਂ ਫਸਦੇ, ਤੇ ਆਤਮਕ ਮੌਤ ਤੋਂ ਬਚੇ ਰਹਿੰਦੇ ਹਨ। ਗੁਰੂ ਨੂੰ ਯਾਦ ਕਰਨ ਨਾਲ ਮਨ ਪਵਿੱਤਰ ਹੋ
ਜਾਂਦਾ ਹੈ, ਤੇ ਇਸ ਤਰ੍ਹਾਂ ਗੁਰੂ ਮਨੁੱਖ ਨੂੰ ਲੋਕ ਪਰਲੋਕ ਦੀ ਨਿਰਾਦਰੀ ਤੋਂ ਬਚਾ ਲੈਂਦਾ ਹੈ।
ਗੁਰੂ ਦਾ ਸੇਵਕ ਨਰਕ ਵਿੱਚ ਨਹੀਂ ਪੈਂਦਾ, ਕਿਉਂਕਿ ਗੁਰੂ ਦਾ ਸੇਵਕ ਅਕਾਲ ਪੁਰਖੁ ਦਾ ਸਿਮਰਨ ਕਰਦਾ
ਰਹਿੰਦਾ ਹੈ। ਗੁਰੂ ਦਾ ਸੇਵਕ ਸਾਧ ਸੰਗਤਿ ਦਾ ਮਿਲਾਪ ਹਾਸਲ ਕਰ ਲੈਂਦਾ ਹੈ, ਸਾਧ ਸੰਗਤਿ ਵਿੱਚ ਗੁਰੂ
ਉਸ ਨੂੰ ਸਦਾ ਆਤਮਕ ਜੀਵਨ ਦੀ ਦਾਤਿ ਬਖ਼ਸ਼ਦਾ ਹੈ।
ਗੁਰੂ ਸਾਹਿਬ ਸਮਝਾਂਦੇ ਹਨ, ਕਿ ਗੁਰੂ
ਦੇ ਦਰ ਤੇ ਰਹਿ ਕੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣਨੀ ਚਾਹੀਦੀ ਹੈ, ਹਰੀ ਦਾ ਜਸ ਮੂੰਹੋਂ
ਉਚਾਰਨਾ ਚਾਹੀਦਾ ਹੈ, ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਸਦਾ ਅਕਾਲ ਪੁਰਖੁ ਦੀ
ਸਿਫ਼ਤਿ ਸਾਲਾਹ ਕਰਦਾ ਰਹਿੰਦਾ ਹੈ। ਗੁਰੂ ਮਨੁੱਖ ਦੇ ਸਾਰੇ ਝਗੜੇ ਕਲੇਸ਼ ਮਿਟਾ ਦੇਂਦਾ ਹੈ, ਤੇ ਗੁਰੂ
ਮਨੁੱਖ ਨੂੰ ਅਕਾਲ ਪੁਰਖੁ ਦੀ ਹਜ਼ੂਰੀ ਵਿੱਚ ਆਦਰ ਸਤਕਾਰ ਦੇਂਦਾ ਹੈ।
ਮਾਰੂ ਮਹਲਾ ੫ ਸੋਲਹੇ॥ ੴ ਸਤਿਗੁਰ ਪ੍ਰਸਾਦਿ॥ ਗੁਰੁ ਗੋਪਾਲੁ ਗੁਰੁ ਗੋਵਿੰਦਾ॥
ਗੁਰੁ ਦਇਆਲੁ ਸਦਾ ਬਖਸਿੰਦਾ॥ ਗੁਰੁ ਸਾਸਤ ਸਿਮ੍ਰਿਤਿ ਖਟੁ ਕਰਮਾ ਗੁਰੁ ਪਵਿਤ੍ਰੁ ਅਸਥਾਨਾ ਹੇ॥ ੧॥
ਗੁਰੁ ਸਿਮਰਤ ਸਭਿ ਕਿਲਵਿਖ ਨਾਸਹਿ॥ ਗੁਰੁ ਸਿਮਰਤ ਜਮ ਸੰਗਿ ਨ ਫਾਸਹਿ॥ ਗੁਰੁ ਸਿਮਰਤ ਮਨੁ ਨਿਰਮਲੁ
ਹੋਵੈ ਗੁਰੁ ਕਾਟੇ ਅਪਮਾਨਾ ਹੇ॥ ੨॥ ਗੁਰ ਕਾ ਸੇਵਕੁ ਨਰਕਿ ਨ ਜਾਏ॥ ਗੁਰ ਕਾ ਸੇਵਕੁ ਪਾਰਬ੍ਰਹਮੁ
ਧਿਆਏ॥ ਗੁਰ ਕਾ ਸੇਵਕੁ ਸਾਧਸੰਗੁ ਪਾਏ ਗੁਰੁ ਕਰਦਾ ਨਿਤ ਜੀਅ ਦਾਨਾ ਹੇ॥ ੩ ॥
ਗੁਰ ਦੁਆਰੈ ਹਰਿ ਕੀਰਤਨੁ
ਸੁਣੀਐ॥ ਸਤਿਗੁਰੁ ਭੇਟਿ ਹਰਿ ਜਸੁ ਮੁਖਿ ਭਣੀਐ॥ ਕਲਿ ਕਲੇਸ ਮਿਟਾਏ ਸਤਿਗੁਰੁ ਹਰਿ ਦਰਗਹ ਦੇਵੈ
ਮਾਨਾਂ ਹੇ॥ ੪ ॥
(੧੦੭੫)
ਹੇ ਭਾਈ! ਤੂੰ
ਜਗਤ ਵਿੱਚ ਵਣਜ ਕਰਨ ਆਇਆ ਹੈ, ਇਸ ਲਈ ਤੂੰ ਰਾਮ ਦਾ ਭਾਵ ਅਕਾਲ ਪੁਰਖੁ ਦੇ ਨਾਮੁ ਦਾ ਵਾਪਾਰ ਕਰਿਆ
ਕਰ। ਅਕਾਲ ਪੁਰਖੁ ਦੇ ਨਾਮੁ ਨੂੰ ਆਪਣੀ ਜਿੰਦ ਦਾ ਆਸਰਾ ਬਣਾ ਲੈ। ਜੇਹੜਾ ਅਕਾਲ ਪੁਰਖੁ ਹਰ ਥਾਂ
ਵਿਆਪਕ ਹੈ, ਸਾਰੀ ਸ੍ਰਿਸ਼ਟੀ ਵਿੱਚ ਮੌਜੂਦ ਹੈ, ਉਸ ਅਕਾਲ ਪੁਰਖੁ ਦੀ ਸਦਾ ਸਿਫ਼ਤਿ ਸਾਲਾਹ ਕਰਿਆ ਕਰ।
ਸੰਤ ਜਨਾਂ ਨਾਲ ਮਿਲ ਕੇ,
ਅਕਾਲ ਪੁਰਖੁ ਦਾ ਨਾਮੁ ਚੇਤੇ ਕਰਿਆ ਕਰ। ਇਹ ਕੰਮ ਹੋਰ ਸਾਰੇ ਕੰਮਾਂ ਨਾਲੋਂ ਪਵਿੱਤਰ ਅਤੇ ਸਫਲ ਹੈ।
ਅਕਾਲ ਪੁਰਖੁ ਦਾ ਨਾਮੁ ਧਨ ਇਕੱਠਾ ਕਰ,
ਖ਼ਜ਼ਾਨੇ ਭਰ ਲੈ, ਅਕਾਲ ਪੁਰਖੁ ਦੇ ਨਾਮੁ ਨੂੰ ਆਪਣੀ ਜਿੰਦ ਦੀ ਖ਼ੁਰਾਕ ਬਣਾ ਲੈ। ਗੁਰੂ ਨੇ ਕਿਰਪਾ ਕਰ
ਕੇ ਮੈਨੂੰ ਇਹ ਗੱਲ ਦੱਸ ਦਿੱਤੀ ਹੈ, ਕਿ ਵੇਖੀਂ, ਕਿਤੇ ਅਕਾਲ ਪੁਰਖੁ ਦਾ ਨਾਮੁ ਤੈਨੂੰ ਭੁੱਲ ਨਾ
ਜਾਏ। ਜੇਹੜਾ ਅਕਾਲ ਪੁਰਖੁ ਸਦਾ ਹੀ ਸਹਾਇਤਾ ਕਰਨ ਵਾਲਾ ਹੈ, ਉਸ ਦੇ ਚਰਨਾਂ ਵਿੱਚ ਸਦਾ ਸੁਰਤਿ ਜੋੜੀ
ਰੱਖ। ਅਕਾਲ ਪੁਰਖੁ ਦਾ ਨਾਮੁ ਜਪ ਜਪ ਕੇ ਜੀਵ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ, ਉਨ੍ਹਾਂ ਦੇ
ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਜਾਂਦੇ ਹਨ। ਅਕਾਲ ਪੁਰਖੁ ਦਾ ਨਾਮੁ ਸਿਮਰਿਆਂ ਅਕਾਲ ਪੁਰਖੁ
ਮਨੁੱਖ ਦਾ ਜਨਮ ਮਰਨ ਦਾ ਗੇੜ ਦੂਰ ਕਰ ਦੇਂਦਾ ਹੈ। ਅਕਾਲ ਪੁਰਖੁ ਦਾ ਨਾਮੁ ਉਚਾਰਦਿਆਂ ਅਕਾਲ ਪੁਰਖੁ
ਜੀਵ ਨੂੰ ਸਹਿਮ ਭਰੇ ਡਰਾਵਨੇ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ। ਇਸ ਲਈ ਸਭ ਤੋਂ
ਉੱਚੇ ਅਕਾਲ ਪੁਰਖੁ ਦੇ ਨਾਮੁ ਦਾ ਚਾਨਣ ਆਪਣੇ ਅੰਦਰ ਪੈਦਾ ਕਰ, ਦਿਨ ਰਾਤ ਉਸ ਦਾ ਨਾਮੁ ਜਪਿਆ ਕਰ।
ਗੋਂਡ ਮਹਲਾ ੫॥
ਰਾਮ ਰਾਮ ਸੰਗਿ ਕਰਿ ਬਿਉਹਾਰ॥ ਰਾਮ
ਰਾਮ ਰਾਮ ਪ੍ਰਾਨ ਅਧਾਰ॥ ਰਾਮ ਰਾਮ ਰਾਮ ਕੀਰਤਨੁ ਗਾਇ॥ ਰਮਤ ਰਾਮੁ ਸਭ ਰਹਿਓ ਸਮਾਇ॥
੧॥ ਸੰਤ ਜਨਾ ਮਿਲਿ ਬੋਲਹੁ
ਰਾਮ॥ ਸਭ ਤੇ ਨਿਰਮਲ ਪੂਰਨ ਕਾਮ॥ ੧॥ ਰਹਾਉ॥ ਰਾਮ
ਰਾਮ ਧਨੁ ਸੰਚਿ ਭੰਡਾਰ॥ ਰਾਮ ਰਾਮ ਰਾਮ ਕਰਿ ਆਹਾਰ॥ ਰਾਮ ਰਾਮ ਵੀਸਰਿ ਨਹੀ ਜਾਇ॥ ਕਰਿ ਕਿਰਪਾ ਗੁਰਿ
ਦੀਆ ਬਤਾਇ॥ ੨॥ ਰਾਮ ਰਾਮ ਰਾਮ ਸਦਾ ਸਹਾਇ॥ ਰਾਮ ਰਾਮ ਰਾਮ ਲਿਵ ਲਾਇ॥ ਰਾਮ ਰਾਮ ਜਪਿ ਨਿਰਮਲ ਭਏ॥
ਜਨਮ ਜਨਮ ਕੇ ਕਿਲਬਿਖ ਗਏ॥ ੩॥ ਰਮਤ ਰਾਮ ਜਨਮ ਮਰਣੁ ਨਿਵਾਰੈ॥ ਉਚਰਤ ਰਾਮ ਭੈ ਪਾਰਿ ਉਤਾਰੈ॥ ਸਭ ਤੇ
ਊਚ ਰਾਮ ਪਰਗਾਸ॥ ਨਿਸਿ ਬਾਸੁਰ ਜਪਿ ਨਾਨਕ ਦਾਸ॥ ੪॥ ੮॥ ੧੦॥ (੮੬੫)
ਗੁਰੂ ਅਰਜਨ ਸਾਹਿਬ ਨੇ ਉਪਰ ਲਿਖੇ ਸਬਦ ਵਿੱਚ ਅਕਾਲ ਪੁਰਖੁ ਲਈ ਰਾਮ ਦਾ
ਸ਼ਬਦ, ੨੮ ਵਾਰੀ ਵਰਤਿਆ ਹੈ, {ਰਾਮ/ਰਾਮੁ = ੧* (੫ ਵਾਰੀ) + ੨* (੪ ਵਾਰੀ) + ੩* (੫ ਵਾਰੀ) =
੫+੮+੧੫ = ੨੮ ਵਾਰੀ}, ਇਸ ਦਾ ਮਤਲਬ ਇਹ ਨਹੀਂ ਹੋਇਆ, ਕਿ ਸਾਨੂੰ ਸਿਰਫ ਰਾਮ ਰਾਮ ਹੀ ਕਰੀ ਜਾਣਾ
ਹੈ। ਉਸ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਨੀ ਹੈ, ਉਸ ਦੇ ਚਰਨਾਂ ਵਿੱਚ ਆਪਣੀ ਸੁਰਤਿ ਜੋੜਨੀ ਹੈ,
ਉਸ ਦੇ ਨਾਮੁ ਦਾ ਚਾਨਣ ਆਪਣੇ ਅੰਦਰ ਪੈਦਾ ਕਰਨਾ ਹੈ।
ਹੇ ਭਾਈ! ਨਾਰਾਇਣ ਦਾ ਨਾਮ, ਭਾਵ ਅਕਾਲ ਪੁਰਖੁ ਦਾ ਨਾਮੁ ਮਾਇਆ ਦੀ ਕਾਲਖ
ਤੋਂ ਬਚਾਣ ਵਾਲਾ ਹੈ। ਜਿਸ ਤਰ੍ਹਾਂ ਪਾਣੀ ਨਾਲ ਕਾਲਖ ਧੋਤੀ ਜਾ ਸਕਦੀ ਹੈ, ਉਸੇ ਤਰ੍ਹਾਂ ਅਕਾਲ
ਪੁਰਖੁ ਦੇ ਨਾਮੁ ਨਾਲ ਮਨ ਵਿਚੋਂ ਵਿਕਾਰਾ ਦੀ ਮੈਲ ਧੋਤੀ ਜਾ ਸਕਦੀ ਹੈ, ਇਸ ਨਾਮੁ ਨੂੰ ਆਪਣੇ ਹਿਰਦੇ
ਵਿੱਚ ਸਿੰਜ। ਅਕਾਲ ਪੁਰਖੁ ਦਾ ਨਾਮੁ ਹਿਰਦੇ ਵਿੱਚ ਵਸਾਉਂਣ ਨਾਲ ਤੇ ਰਸਨਾ ਨਾਲ ਸਿਮਰਨ ਕਰਨ ਨਾਲ
ਸਾਰੇ ਪਾਪ ਦੂਰ ਹੋ ਜਾਂਦੇ ਹਨ। ਸਭ ਜੀਵਾਂ
ਵਿੱਚ ਅਕਾਲ ਪੁਰਖੁ ਦਾ ਨਿਵਾਸ ਹੈ, ਹਰੇਕ ਸਰੀਰ ਵਿੱਚ ਅਕਾਲ ਪੁਰਖੁ ਦੀ ਜੋਤਿ ਦਾ ਹੀ ਚਾਨਣ ਹੈ।
ਅਕਾਲ ਪੁਰਖੁ ਦਾ ਨਾਮੁ ਜਪਣ ਵਾਲੇ ਜੀਵ ਨਰਕ ਵਿੱਚ ਨਹੀਂ ਪੈਂਦੇ। ਅਕਾਲ ਪੁਰਖੁ ਦੀ ਭਗਤੀ ਕਰ ਕੇ
ਸਾਰੇ ਫਲ ਪ੍ਰਾਪਤ ਕਰ ਲੈਂਦੇ ਹਨ। ਇਸ ਲਈ ਅਕਾਲ ਪੁਰਖੁ ਦੇ ਨਾਮੁ ਨੂੰ ਆਪਣੇ ਮਨ ਵਿੱਚ ਆਪਣੇ ਆਪ ਲਈ
ਓਟ ਆਸਰਾ ਬਣਾ ਲੈ, ਅਕਾਲ ਪੁਰਖੁ ਦਾ ਨਾਮੁ ਸੰਸਾਰ ਰੂਪੀ ਸਮੁੰਦਰ ਵਿਚੋਂ ਪਾਰ ਲੰਘਣ ਲਈ ਜਹਾਜ਼ ਹੈ।
ਅਕਾਲ ਪੁਰਖੁ ਦਾ ਨਾਮੁ ਜਪਦਿਆਂ ਜਮ ਭੱਜ ਕੇ ਪਰੇ ਚਲਾ ਜਾਂਦਾ ਹੈ। ਅਕਾਲ ਪੁਰਖੁ ਦਾ ਨਾਮੁ ਮਾਇਆ
ਡੈਣ ਦੇ ਦੰਦ ਭੰਨ ਦੇਂਦਾ ਹੈ। ਅਕਾਲ ਪੁਰਖੁ ਸਦਾ ਹੀ ਬਖ਼ਸ਼ਣਹਾਰ ਹੈ। ਅਕਾਲ ਪੁਰਖੁ ਆਪਣੇ ਸੇਵਕਾਂ ਦੇ
ਹਿਰਦੇ ਵਿੱਚ ਸੁਖ ਆਨੰਦ ਪੈਦਾ ਕਰਦਾ ਹੈ, ਉਨ੍ਹਾਂ ਦੇ ਅੰਦਰ ਆਪਣਾ ਤੇਜ ਪਰਤਾਪ ਪਰਗਟ ਕਰਦਾ ਹੈ।
ਅਕਾਲ ਪੁਰਖੁ ਆਪਣੇ ਸੇਵਕਾਂ ਸੰਤਾਂ ਦੀ ਮਾਂ ਪਿਉ ਵਾਂਗ ਰੱਖਿਆ ਕਰਦਾ ਹੈ। ਅਕਾਲ ਪੁਰਖੁ ਗੁਰੂ ਦੀ
ਸੰਗਤਿ ਵਿਚ ਹੀ
ਵਸਦਾ ਹੈ, ਜੇਹੜੇ ਮਨੁੱਖ ਸਾਧ ਸੰਗਤਿ ਵਿੱਚ ਟਿਕ ਕੇ ਸਦਾ ਅਕਾਲ ਪੁਰਖੁ ਦਾ ਨਾਮੁ ਜਪਦੇ ਹਨ, ਮੁੜ
ਮੁੜ ਉਸ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਇਨ ਕਰਦੇ ਹਨ, ਉਹ ਮਨੁੱਖ ਗੁਰੂ ਨੂੰ ਮਿਲ ਕੇ ਉਹ ਮਿਲਾਪ
ਰੂਪੀ ਕੀਮਤੀ ਚੀਜ਼ ਲੱਭ ਲੈਂਦੇ ਹਨ, ਜੇਹੜੀ ਇਹਨਾਂ ਇੰਦਰਿਆਂ ਦੀ ਪਹੁੰਚ ਤੋਂ ਪਰੇ ਹੈ। ਗੁਰੂ ਸਾਹਿਬ
ਸਮਝਾਂਦੇ ਹਨ, ਕਿ ਅਕਾਲ ਪੁਰਖੁ ਦੇ ਦਾਸ ਸਦਾ ਅਕਾਲ ਪੁਰਖੁ ਦਾ ਆਸਰਾ ਲਈ ਰੱਖਦੇ ਹਨ।
ਗੋਂਡ ਮਹਲਾ ੫॥
ਨਾਮੁ ਨਿਰੰਜਨੁ ਨੀਰਿ ਨਰਾਇਣ॥ ਰਸਨਾ
ਸਿਮਰਤ ਪਾਪ ਬਿਲਾਇਣ॥ ੧॥ ਰਹਾਉ॥ ਨਾਰਾਇਣ ਸਭ
ਮਾਹਿ ਨਿਵਾਸ॥ ਨਾਰਾਇਣ ਘਟਿ ਘਟਿ ਪਰਗਾਸ॥ ਨਾਰਾਇਣ ਕਹਤੇ ਨਰਕਿ ਨ ਜਾਹਿ॥ ਨਾਰਾਇਣ ਸੇਵਿ ਸਗਲ ਫਲ
ਪਾਹਿ॥ ੧॥ ਨਾਰਾਇਣ ਮਨ ਮਾਹਿ ਅਧਾਰ॥ ਨਾਰਾਇਣ ਬੋਹਿਥ ਸੰਸਾਰ॥ ਨਾਰਾਇਣ ਕਹਤ ਜਮੁ ਭਾਗਿ ਪਲਾਇਣ॥
ਨਾਰਾਇਣ ਦੰਤ ਭਾਨੇ ਡਾਇਣ॥ ੨॥ ਨਾਰਾਇਣ ਸਦ ਸਦ ਬਖਸਿੰਦ॥ ਨਾਰਾਇਣ ਕੀਨੇ ਸੂਖ ਅਨੰਦ॥ ਨਾਰਾਇਣ ਪ੍ਰਗਟ
ਕੀਨੋ ਪਰਤਾਪ॥ ਨਾਰਾਇਣ ਸੰਤ ਕੋ ਮਾਈ ਬਾਪ॥ ੩॥ ਨਾਰਾਇਣ ਸਾਧਸੰਗਿ ਨਰਾਇਣ॥ ਬਾਰੰ ਬਾਰ ਨਰਾਇਣ ਗਾਇਣ॥
ਬਸਤੁ ਅਗੋਚਰ ਗੁਰ ਮਿਲਿ ਲਹੀ॥ ਨਾਰਾਇਣ ਓਟ ਨਾਨਕ ਦਾਸ ਗਹੀ॥ ੪॥ ੧੭॥ ੧੯॥ (੮੬੭-੮੬੮)
ਗੁਰੂ ਅਰਜਨ ਸਾਹਿਬ ਨੇ ਉਪਰ ਲਿਖੇ ਸਬਦ ਵਿੱਚ ਅਕਾਲ ਪੁਰਖੁ ਲਈ ਨਾਰਾਇਣ ਦਾ
ਸ਼ਬਦ, ੧੬ ਵਾਰੀ ਵਰਤਿਆ ਹੈ, ਇਸ ਦਾ ਮਤਲਬ ਇਹ ਨਹੀਂ ਹੋਇਆ ਕਿ ਸਾਨੂੰ ਸਿਰਫ ਨਾਰਾਇਣ ਨਾਰਾਇਣ ਹੀ
ਕਰੀ ਜਾਣਾ ਹੈ। ਉਸ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਨੀ ਹੈ, ਉਸ ਦੇ ਚਰਨਾਂ ਵਿੱਚ ਆਪਣੀ ਸੁਰਤਿ
ਜੋੜਨੀ ਹੈ, ਉਸ ਦੇ ਨਾਮੁ ਦਾ ਚਾਨਣ ਆਪਣੇ ਅੰਦਰ ਪੈਦਾ ਕਰਨਾ ਹੈ। ਨਾਰਾਇਣ ਭਾਵ ਅਕਾਲ ਪੁਰਖੁ ਦਾ
ਨਾਮੁ ਮਾਇਆ ਦੀ ਕਾਲਖ ਤੋਂ ਬਚਾਣ ਵਾਲਾ ਹੈ, ਇਸ ਨੂੰ ਆਪਣੇ ਹਿਰਦੇ ਵਿੱਚ ਸਿੰਜਣਾ ਹੈ। ਅਕਾਲ ਪੁਰਖੁ
ਦਾ ਨਾਮੁ ਰਸਨਾ ਨਾਲ ਜਪਣ ਨਾਲ ਸਾਰੇ ਪਾਪ ਦੂਰ ਹੋ ਜਾਂਦੇ ਹਨ।
ਜਨੇਊ
ਆਦਿਕ ਪਾ ਕੇ ਹਿੰਦੂ ਸਮਝਦਾ ਹੈ ਕਿ ਮੈਂ ਫਲਾਣੇ ਬ੍ਰਾਹਮਣ ਨੂੰ ਆਪਣਾ ਗੁਰੂ ਧਾਰ ਲਿਆ ਹੈ; ਪਰੰਤੂ
ਗੁਰੂ ਉਦੋਂ ਮਿਲ ਗਿਆ ਸਮਝੋ, ਜਦੋਂ ਗੁਰੂ ਧਾਰਨ ਵਾਲੇ ਮਨੁੱਖ ਦੇ ਦਿਲ ਵਿਚੋਂ ਮਾਇਆ ਦਾ ਮੋਹ ਦੂਰ
ਹੋ ਜਾਏ, ਜਦੋਂ ਸਰੀਰ ਨੂੰ ਸਾੜਨ ਵਾਲੇ ਕਲੇਸ਼ ਮਿਟ ਜਾਣ, ਜਦੋਂ ਹਰਖ ਸੋਗ ਕੋਈ ਵੀ ਚਿੱਤ ਨੂੰ ਨਾ
ਸਾੜੇ। ਅਜੇਹੀ ਹਾਲਤ ਵਿੱਚ ਅੱਪੜਿਆਂ ਹਰ ਥਾਂ ਅਕਾਲ ਪੁਰਖੁ ਆਪ ਹੀ ਆਪ ਦਿੱਸਦਾ ਹੈ।
ਜਨੇਊ ਦੇ ਕੇ ਬ੍ਰਾਹਮਣ ਰਾਮ ਦੀ ਪੂਜਾ ਪਾਠ ਦਾ ਉਪਦੇਸ਼ ਵੀ
ਕਰਦਾ ਹੈ, ਪਰੰਤੂ ਰਾਮ ਰਾਮ ਆਖਣ ਵਿੱਚ ਵੀ ਫ਼ਰਕ ਪੈ ਜਾਂਦਾ ਹੈ, ਇਸ ਵਿੱਚ ਵੀ ਇੱਕ ਗੱਲ ਸਮਝਣ ਵਾਲੀ
ਹੈ। ਇੱਕ ਰਾਮ ਤਾਂ ਉਹ ਹੈ, ਜਿਸ ਨੂੰ ਹਰੇਕ ਜੀਵ ਸਿਮਰਦਾ ਹੈ, ਉਹ ਹੈ ਸਰਬ ਵਿਆਪਕ ਰਾਮ, ਭਾਵ ਅਕਾਲ
ਪੁਰਖੁ, ਜਿਸ ਦਾ ਸਿਮਰਨ ਕਰਨਾ ਤੇ ਗੁਣ ਗਾਇਨ ਕਰਨੇ ਹਰੇਕ ਮਨੁੱਖ ਦਾ ਫ਼ਰਜ਼ ਹੈ। ਪਰੰਤੂ ਇਹੀ ਰਾਮ
ਨਾਮ ਕਉਤਕਹਾਰ (ਰਾਸਧਾਰੀਏ) ਵੀ ਰਾਸਾਂ ਵਿੱਚ ਸਾਂਗ ਬਣਾ ਬਣਾ ਕੇ ਲੈਂਦੇ ਹਨ, ਤੇ ਇਹ ਰਾਮ ਰਾਜਾ
ਦਸਰਥ ਦਾ ਪੁੱਤਰ ਹੈ। ਇੱਕ ਮਨੁੱਖ ਜਿਹੜਾ ਖੁਦ ਨਾਸ਼ਵਾਨ ਹੈ, ਉਹ ਸਰਬ ਵਿਆਪਕ ਅਕਾਲ ਪੁਰਖੁ ਕਿਸ
ਤਰ੍ਹਾਂ ਹੋ ਸਕਦਾ ਹੈ। ਕਬੀਰ
ਜੀ ਸਮਝਾਂਦੇ ਹਨ, ਕਿ ਸਦਾ ਸਰਬ ਵਿਆਪਕ ਰਾਮ ਦਾ ਨਾਮੁ ਜਪ, ਪਰ ਜਪਣ ਵੇਲੇ ਇਹ ਗੱਲ ਚੇਤੇ ਰੱਖਣੀ ਕਿ
ਇੱਕ ਰਾਮ ਤਾਂ ਅਨੇਕਾਂ ਜੀਵਾਂ ਵਿੱਚ ਵਿਆਪਕ ਹੈ, ਉਸ ਦਾ ਨਾਮੁ ਜਪਣਾ ਹਰੇਕ ਮਨੁੱਖ ਦਾ ਧਰਮ ਹੈ,
ਪਰੰਤੂ ਇੱਕ ਰਾਮ ਦਰਸਥ ਦਾ ਪੁੱਤਰ ਜਿਹੜਾ ਸਿਰਫ਼ ਇੱਕ ਸਰੀਰ ਵਿੱਚ ਹੀ ਆਇਆ ਤੇ ਲੋਕਾਂ ਨੇ ਅਵਤਾਰ
ਬਣਾ ਦਿਤਾ, ਉਸ ਦਾ ਜਾਪ ਕੋਈ ਗੁਣ ਪੈਦਾ ਨਹੀਂ ਕਰ ਸਕਦਾ ਹੈ।
ਕਬੀਰ ਗੁਰੁ ਲਾਗਾ ਤਬ ਜਾਨੀਐ, ਮਿਟੈ ਮੋਹੁ ਤਨ ਤਾਪ॥ ਹਰਖ ਸੋਗ ਦਾਝੈ ਨਹੀ,
ਤਬ ਹਰਿ ਆਪਹਿ ਆਪ॥ ੧੮੯॥
ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ॥ ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ॥
੧੯੦॥ ਕਬੀਰ ਰਾਮੈ ਰਾਮ ਕਹੁ
ਕਹਿਬੇ ਮਾਹਿ ਬਿਬੇਕ॥ ਏਕੁ ਅਨੇਕਹਿ ਮਿਲਿ ਗਇਆ ਏਕ ਸਮਾਨਾ ਏਕ॥
੧੯੧॥ (੧੩੭੪)
ਜਦੋਂ ਤੋਂ ਗੁਰੂ ਨੇ ਮੇਰੇ ਹਿਰਦੇ ਵਿੱਚ ਅਕਾਲ ਪੁਰਖੁ ਲਈ ਪਿਆਰ ਪੈਦਾ ਕਰ
ਦਿੱਤਾ ਹੈ, ਉਦੋਂ ਤੋਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਮੇਰੇ ਮਨ ਨੂੰ ਪਿਆਰੀ ਲੱਗਦੀ ਹੈ, ਉਦੋਂ
ਤੋਂ ਮੇਰਾ ਮਨ ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜਿਆ ਰਹਿੰਦਾ ਹੈ।
ਹੇ ਅਕਾਲ ਪੁਰਖੁ! ਹੇ ਮੇਰੇ ਸੁਆਮੀ!
ਮੇਰੇ ਅੰਦਰ ਤਾਂਘ ਹੈ, ਕਿ ਮੈਂ ਅੱਖਾਂ ਨਾਲ ਤੇਰਾ ਦਰਸ਼ਨ ਕਰਦਾ ਰਹਾਂ, ਜੀਭ ਨਾਲ ਤੇਰਾ ਨਾਮੁ ਜਪਦਾ
ਰਹਾਂ, ਕੰਨਾਂ ਨਾਲ ਦਿਨ ਰਾਤ ਤੇਰੀ ਸਿਫ਼ਤਿ ਸਾਲਾਹ ਸੁਣਦਾ ਰਹਾਂ, ਤੇ ਹਿਰਦੇ ਵਿੱਚ ਤੂੰ ਮੈਨੂੰ
ਹਮੇਸ਼ਾਂ ਪਿਆਰਾ ਲੱਗਦਾ ਰਹੇ।
ਨੈਣੀ ਬਿਰਹੁ ਦੇਖਾ ਪ੍ਰਭ ਸੁਆਮੀ ਰਸਨਾ ਨਾਮੁ ਵਖਾਨੀ॥ ਸ੍ਰਵਣੀ ਕੀਰਤਨੁ ਸੁਨਉ
ਦਿਨੁ ਰਾਤੀ ਹਿਰਦੈ ਹਰਿ ਹਰਿ ਭਾਨੀ॥ ੩॥ (੧੧੯੯-੧੨੦੦)
ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਮਾਇਕ ਪਦਾਰਥਾਂ ਦੇ ਸਾਰੇ ਤਰ੍ਹਾਂ ਦੇ ਸੁਆਦ ਫਿੱਕੇ ਹਨ। ਅਕਾਲ
ਪੁਰਖੁ ਦਾ ਕੀਰਤਨ ਹੀ ਆਤਮਕ ਜੀਵਨ ਦੇਣ ਵਾਲਾ ਰਸ ਹੈ, ਇਸ ਲਈ ਹਮੇਸ਼ਾਂ ਅਕਾਲ ਪੁਰਖੁ ਦਾ ਕੀਰਤਨ ਹੀ
ਗਾਣਾ ਚਾਹੀਦਾ ਹੈ, ਤੇ ਜਿਹੜਾ ਮਨੁੱਖ ਅਕਾਲ ਪੁਰਖੁ ਦਾ ਕੀਰਤਨ ਗਾਇਨ ਕਰਦਾ ਰਹਿੰਦਾ ਹੈ, ਉਸ ਦੇ
ਅੰਦਰ ਦਿਨ ਰਾਤ ਆਤਮਕ ਆਨੰਦ ਦੇ ਵਾਜੇ ਵੱਜਦੇ ਰਹਿੰਦੇ ਹਨ।
ਅਕਾਲ ਪੁਰਖੁ ਦਾ ਨਾਮੁ ਸਿਮਰਨ ਕਰਨ ਨਾਲ ਆਤਮਕ ਸ਼ਾਂਤੀ
ਮਿਲਦੀ ਹੈ, ਬੜਾ ਸੁਖ ਪ੍ਰਾਪਤ ਹੁੰਦਾ ਹੈ, ਤੇ ਅੰਦਰੋਂ ਸਾਰੇ ਦੁਖ ਕਲੇਸ਼ ਮਿਟ ਜਾਂਦੇ ਹਨ। ਪਰੰਤੂ
ਅਕਾਲ ਪੁਰਖੁ ਦੇ ਨਾਮੁ ਸਿਮਰਨ ਦਾ ਇਹ ਲਾਭ ਸਾਧ ਸੰਗਤਿ ਵਿੱਚ ਹੀ ਮਿਲਦਾ ਹੈ, ਤੇ ਜਿਹੜੇ ਮਨੁੱਖ
ਗੁਰੂ ਦੀ ਸੰਗਤਿ ਵਿੱਚ ਮਿਲ ਬੈਠਦੇ ਹਨ, ਉਹ ਆਪਣੇ ਹਿਰਦੇ ਘਰ ਵਿੱਚ ਇਹ ਕਮਾਈ ਲੱਦ ਕੇ ਲੈ ਆਉਂਦੇ
ਹਨ। ਅਕਾਲ ਪੁਰਖੁ ਸਭਨਾਂ ਨਾਲੋਂ ਉੱਚਾ ਹੈ, ਉੱਚਿਆਂ ਤੋਂ ਵੀ ਉੱਚਾ ਹੈ, ਤੇ ਉਸ ਦੇ ਹੱਦ ਬੰਨੇ ਦਾ
ਅੰਤ ਨਹੀਂ ਪਾਇਆ ਜਾ ਸਕਦਾ। ਮੈਂ ਉਸ ਅਕਾਲ ਪੁਰਖੁ ਦੀ ਵਡਿਆਈ ਬਿਆਨ ਨਹੀਂ ਕਰ ਸਕਦਾ, ਕਿਉਂਕਿ ਉਸ
ਦੀ ਵਡਿਆਈ ਵੇਖ ਕੇ ਹੈਰਾਨ ਰਹਿ ਜਾਈਦਾ ਹੈ।
ਸਾਰਗ ਮਹਲਾ ੫॥ ਫੀਕੇ ਹਰਿ ਕੇ ਨਾਮ ਬਿਨੁ ਸਾਦ॥ ਅੰਮ੍ਰਿਤ ਰਸੁ ਕੀਰਤਨੁ ਹਰਿ
ਗਾਈਐ ਅਹਿਨਿਸਿ ਪੂਰਨ ਨਾਦ॥ ੧॥ ਰਹਾਉ॥
ਸਿਮਰਤ ਸਾਂਤਿ ਮਹਾ ਸੁਖੁ ਪਾਈਐ ਮਿਟਿ
ਜਾਹਿ ਸਗਲ ਬਿਖਾਦ॥ ਹਰਿ ਹਰਿ ਲਾਭੁ ਸਾਧ ਸੰਗਿ ਪਾਈਐ ਘਰਿ ਲੈ ਆਵਹੁ ਲਾਦਿ॥ ੧॥ ਸਭ ਤੇ ਊਚ ਊਚ ਤੇ
ਊਚੋ ਅੰਤੁ ਨਹੀ ਮਰਜਾਦ॥ ਬਰਨਿ ਨ ਸਾਕਉ ਨਾਨਕ ਮਹਿਮਾ ਪੇਖਿ ਰਹੇ ਬਿਸਮਾਦ॥ ੨॥ ੫੫॥ ੭੮॥ (੧੨੧੯)
ਗੁਰੂ ਸਾਹਿਬ ਸਮਝਾਂਦੇ ਹਨ, ਕਿ ਸੰਤ ਜਨਾਂ ਦੀ ਸੰਗਤਿ ਵਿੱਚ ਟਿਕ ਕੇ ਅਕਾਲ ਪੁਰਖੁ ਦੇ ਬਾਰੇ ਗਿਆਨ
ਤੇ ਉਸ ਦੇ ਗੁਣਾਂ ਦੀ ਗੱਲ ਬਿਆਨ ਕਰਨੀ ਚਾਹੀਦੀ ਹੈ। ਸਰਬ ਵਿਆਪਕ ਪੂਰਨ ਤੇ ਸਭ ਤੋਂ ਉੱਚੇ ਨੂਰ
ਪਰਮੇਸਰ ਭਾਵ ਅਕਾਲ ਪੁਰਖੁ ਦਾ ਨਾਮੁ ਸਿਮਰਨ ਕਰਨ ਨਾਲ ਲੋਕ ਪਰਲੋਕ ਵਿੱਚ ਇਜ਼ਤ ਹਾਸਲ ਕਰ ਸਕਦੇ ਹਾਂ।
ਗੁਰੂ ਦੀ ਸੰਗਤਿ ਵਿੱਚ ਅਕਾਲ ਪੁਰਖੁ ਦਾ
ਨਾਮੁ ਸਿਮਰਨ ਕਰਨ ਨਾਲ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ, ਤੇ ਭਟਕਣਾਂ ਦੇ ਥਕੇਵੇਂ ਨਾਸ ਹੋ
ਜਾਂਦੇ ਹਨ। ਅਕਾਲ ਪੁਰਖੁ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਰੰਗਣ ਨਾਲ ਵਿਕਾਰੀ ਮਨੁੱਖ ਵੀ ਇੱਕ ਖਿਨ
ਵਿੱਚ ਸੁੱਚੇ ਜੀਵਨ ਵਾਲੇ ਹੋ ਜਾਂਦੇ ਹਨ। ਜਿਹੜਾ ਮਨੁੱਖ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਾਣੀ
ਉਚਾਰਦਾ ਹੈ, ਸੁਣਦਾ ਹੈ, ਉਸ ਦੀ ਖੋਟੀ ਮਤਿ ਨਾਸ ਹੋ ਜਾਂਦੀ ਹੈ। ਉਹ ਮਨੁੱਖ ਸਾਰੀਆਂ ਮਨੋ
ਕਾਮਨਾਵਾਂ ਹਾਸਲ ਕਰ ਲੈਂਦਾ ਹੈ, ਤੇ ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ।
ਕਾਨੜਾ ਮਹਲਾ ੫ ਘਰੁ ੩॥ ੴ ਸਤਿਗੁਰ ਪ੍ਰਸਾਦਿ॥
ਕਥੀਐ ਸੰਤਸੰਗਿ ਪ੍ਰਭ ਗਿਆਨੁ॥ ਪੂਰਨ
ਪਰਮ ਜੋਤਿ ਪਰਮੇਸੁਰ ਸਿਮਰਤ ਪਾਈਐ ਮਾਨੁ॥ ੧॥ ਰਹਾਉ॥
ਆਵਤ ਜਾਤ ਰਹੇ ਸ੍ਰਮ ਨਾਸੇ ਸਿਮਰਤ ਸਾਧੂ ਸੰਗਿ॥ ਪਤਿਤ ਪੁਨੀਤ ਹੋਹਿ ਖਿਨ ਭੀਤਰਿ ਪਾਰਬ੍ਰਹਮ ਕੈ
ਰੰਗਿ॥ ੧॥ ਜੋ ਜੋ ਕਥੈ ਸੁਨੈ
ਹਰਿ ਕੀਰਤਨੁ ਤਾ ਕੀ ਦੁਰਮਤਿ ਨਾਸ॥ ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ॥
੨॥ ੧॥ ੧੨॥ (੧੩੦੦)
ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਕੀਰਤਨੁ ਸਬੰਧੀ ਸਿਖਿਆਵਾਂ ਨੂੰ ਇਕੱਠਾ ਕਰੀਏ ਤਾਂ ਅਸੀਂ
ਸੰਖੇਪ ਵਿੱਚ ਕਹਿ ਸਕਦੇ ਹਾਂ ਕਿ:
ਲੇਖ ਦਾ ਆਰੰਭ ੩
ਲੇਖ ਦਾ ਸੰਖੇਪ ੩
ਲੇਖ ਦਾ ਸਾਰ, ਨਿਚੋੜ ਜਾਂ
ਮੰਤਵ ੩
ਗੁਰੂ ਗਰੰਥ ਸਾਹਿਬ ਵਿੱਚ ਸਾਰੇ ਸਬਦਾਂ ਦੇ ਸਿਰਲੇਖ ਵਿੱਚ ਇਹ ਖਾਸ ਤੌਰ ਤੇ ਲਿਖਿਆ ਗਿਆ
ਹੈ ਕਿ ਸਬਦ ਨੂੰ ਕਿਸ ਰਾਗ ਵਿੱਚ ਤੇ ਕਿਸ ਤਰ੍ਹਾਂ ਗਾਇਨ ਕਰਨਾ ਹੈ। ਇਹ ਹਦਾਇਤ ਇਸ ਲਈ ਲਿਖੀ
ਗਈ ਹੈ, ਤਾਂ ਜੋ ਸਬਦ ਗਾਇਨ ਕਰਨ ਸਮੇਂ ਉਸ ਸਬਦ ਦਾ ਅਰਥ ਭਾਵ ਸਹੀ ਤਰੀਕੇ ਨਾਲ ਸਮਝ ਆ ਸਕੇ,
ਸਬਦ ਵਿੱਚ ਧਿਆਨ ਲੱਗਾ ਰਹੇ ਤੇ ਸਬਦ ਦੀ ਠੀਕ ਵੀਚਾਰ ਲਈ ਸੇਧ ਮਿਲਦੀ ਰਹੇ।
ਅਕਾਲ ਪੁਰਖੁ ਦੇ ਕੀਰਤਨ ਦੀ ਬਰਕਤਿ ਨਾਲ ਹੀ ਵਿਕਾਰਾਂ ਤੋਂ ਬਚਾਉ ਹੋ ਸਕਦਾ ਹੈ। ਇਸ ਲਈ
ਕੀਰਤਨ ਗੁਰੂ ਦੇ ਉਪਦੇਸ਼, ਭਾਵ ਗੁਰਬਾਣੀ ਅਨੁਸਾਰ ਹੀ ਕਰਨਾ ਹੈ, ਤਾਂ ਹੀ ਮਨੁੱਖ ਦਾ ਉਧਾਰ ਹੋ
ਸਕਦਾ ਹੈ।
ਆਪਣੇ ਪਿਆਰੇ ਸਬਦ ਗੁਰੂ ਅੱਗੇ ਇਹੀ ਬੇਨਤੀ ਕਰਨੀ ਹੈ ਕਿ, ਹੇ ਪਿਆਰੇ ਗੁਰੂ! ਮੇਰੇ ਹਿਰਦੇ
ਘਰ ਵਿੱਚ ਆ ਕੇ ਵੱਸ ਜਾ, ਤੇ, ਮੇਰੇ ਕੰਨਾਂ ਵਿੱਚ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣਾ।
ਤੇਰੇ ਆਇਆਂ ਮੇਰਾ ਮਨ ਤੇ ਮੇਰਾ ਤਨ ਆਤਮਕ ਜੀਵਨ ਨਾਲ ਖੁਸ਼ਹਾਲ ਹੋ ਜਾਂਦਾ ਹੈ, ਤੇਰੇ ਚਰਨਾਂ
ਵਿੱਚ ਰਹਿ ਕੇ ਹੀ ਅਕਾਲ ਪੁਰਖੁ ਦਾ ਜਸ ਗਾਇਆ ਜਾ ਸਕਦਾ ਹੈ।
ਗੁਰੂ ਦੇ ਸਬਦ ਦੁਆਰਾ ਹੀ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ ਹਨ, ਉਸ ਦੀ ਸਿਫ਼ਤਿ ਸਾਲਾਹ
ਕਰਨੀ ਹੈ ਤੇ ਗੁਰੂ ਦੇ ਸਬਦ ਦੀ ਵੀਚਾਰ ਦੁਆਰਾ ਹੀ ਉਸ ਅਕਾਲ ਪੁਰਖੁ ਦੇ ਗੁਣ ਸਮਝ ਕੇ ਆਪਣੇ
ਅੰਦਰੋਂ ਹਉਮੈ ਦੂਰ ਕਰਨਾ ਹੈ।
ਸਾਧ ਸੰਗਤਿ ਵਿੱਚ ਰਹਿ ਕੇ ਸਦਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦੇ ਰਹਿਣਾ ਚਾਹੀਦਾ
ਹੈ, ਕਿਉਂਕਿ ਇਸ ਦੀ ਬਰਕਤਿ ਨਾਲ ਮਨ ਦੇ ਭਰਮ, ਪਰਿਵਾਰਕ ਮੋਹ ਤੇ ਚਿੰਤਾ, ਹਉਮੈ, ਮਾਇਆ ਦੇ
ਜੰਜਾਲ, ਆਦਿਕ, ਕੋਈ ਵੀ ਪੋਹ ਨਹੀਂ ਸਕਦੇ, ਪਰੰਤੂ ਇਹ ਅਸਥਾਨ ਗੁਰੂ ਪਾਸੋਂ ਹੀ ਪਾਇਆ ਜਾ ਸਕਦਾ
ਹੈ।
ਕੰਨਾਂ ਨਾਲ ਮਾਲਕ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣਨੀ, ਜੀਭ ਨਾਲ ਮਾਲਕ ਅਕਾਲ ਪੁਰਖੁ
ਦਾ ਨਾਮੁ ਚੇਤੇ ਕਰਨਾ, ਇਹ ਸੰਤ ਜਨਾਂ ਦੀ ਇਹ ਨਿੱਤ ਦੀ ਕਾਰ ਹੋਇਆ ਕਰਦੀ ਹੈ। ਸੰਤ ਜਨਾਂ ਦੇ
ਹਿਰਦੇ ਵਿੱਚ ਅਕਾਲ ਪੁਰਖੁ ਦੇ ਸੋਹਣੇ ਚਰਨਾਂ ਦਾ ਸਦਾ ਟਿਕਾਉ ਬਣਿਆ ਰਹਿੰਦਾ ਹੈ, ਅਕਾਲ ਪੁਰਖੁ
ਦੀ ਪੂਜਾ ਭਗਤੀ ਉਨ੍ਹਾਂ ਦੇ ਪ੍ਰਾਣਾਂ ਦਾ ਆਸਰਾ ਹੁੰਦਾ ਹੈ।
ਆਪਣੇ ਮਨ ਨੂੰ ਸਮਝਾਣਾ ਹੈ, ਕਿ ਤੂੰ ਅਕਾਲ ਪੁਰਖੁ ਦੀ ਇਹੋ ਜਿਹੀ ਸਿਫ਼ਤਿ ਸਾਲਾਹ ਕਰਦਾ
ਰਹੁ, ਜੇਹੜੀ ਤੇਰੀ ਇਸ ਜ਼ਿੰਦਗੀ ਵਿੱਚ ਵੀ ਕੰਮ ਆਵੇ, ਤੇ ਪਰਲੋਕ ਵਿੱਚ ਵੀ ਤੇਰੇ ਕੰਮ ਆਵੇ।
ਇਕੱਲੇ ਸਾਜ਼ ਦੀ ਸੁਰ ਵਿੱਚ ਸਰੀਰ ਝੂਮਦਾ ਹੈ ਤੇ ਮਨ ਸੌ ਜਾਂਦਾ ਹੈ, ਇਸ ਲਈ ਸਿੱਖ ਨੇ
ਅਕਾਲ ਪੁਰਖੁ ਦੇ ਕੀਰਤਨ ਨਾਲ ਆਤਮਿਕ ਤੌਰ ਤੇ ਵੀ ਜਾਗਣਾਂ ਹੈ, ਤਾਂ ਜੋ ਉਸ ਦੇ ਹਿਰਦੇ ਵਿੱਚ
ਅਕਾਲ ਪੁਰਖੁ ਦੇ ਨਾਮੁ ਦਾ ਚਾਨਣ ਹੋ ਜਾਵੇ।
ਗੁਰੂ ਪਾਸੋਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਖ਼ੈਰ ਮੰਗਣਾ, ਹੋਰ ਸਾਰੀਆਂ ਮੰਗਾਂ
ਨਾਲੋਂ ਵਧੀਆ ਮੰਗ ਹੈ।
ਜਿਹੜਾ ਮਨੁੱਖ ਅਕਾਲ ਪੁਰਖੁ ਦੀ ਸਰਨ ਵਿੱਚ ਆ ਜਾਂਦਾ ਹੈ, ਉਸ ਨੂੰ ਹਰੇਕ ਤਰ੍ਹਾਂ ਦਾ
ਸੋਹਣਾ ਗੁਣ ਪ੍ਰਾਪਤ ਹੋ ਜਾਂਦਾ ਹੈ।
ਆਪਣੇ ਮਨ ਨੂੰ ਸਮਝਾਣਾ ਹੈ, ਕਿ ਤੂੰ ਗੁਰੂ ਦੇ ਸਬਦ ਦੀ ਵੀਚਾਰ ਦੁਆਰਾ ਅਕਾਲ ਪੁਰਖੁ ਦੀ
ਇਹੋ ਜਿਹੀ ਸਿਫ਼ਤਿ ਸਾਲਾਹ ਕਰਦਾ ਰਹੁ, ਜੇਹੜੀ ਤੇਰੀ ਇਸ ਜ਼ਿੰਦਗੀ ਵਿੱਚ ਵੀ ਕੰਮ ਆਵੇ, ਤੇ
ਪਰਲੋਕ ਵਿੱਚ ਵੀ ਤੇਰੇ ਕੰਮ ਆਵੇ।
ਜ਼ਿੰਦਗੀ ਦਾ ਸਹੀ ਰਸਤਾ ਸਿਰਫ਼ ਇਹੀ ਹੈ, ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ ਤੇ ਉਸ ਦੇ
ਹੁਕਮੁ ਤੇ ਰਜਾ ਬਾਰੇ ਸਮਝਣਾ ਤੇ ਚਲਣਾ ਹੈ, ਬਿਬੇਕ ਬੁਧੀ ਹਾਸਲ ਕਰਨੀ ਹੈ, ਇਸ ਤੋਂ ਇਲਾਵਾ
ਹੋਰ ਸਭ ਤਰ੍ਹਾਂ ਦੀਆਂ ਗੱਲਾਂ ਇੱਕ ਸ਼ੈਤਾਨ ਦੀ ਤਰ੍ਹਾਂ ਹਨ, ਜਿਹੜੀਆਂ ਜਾਂ ਤਾਂ ਸਾਨੂੰ ਸ਼ੈਤਾਨ
ਬਣਾ ਸਕਦੀਆਂ ਹਨ, ਤੇ ਜਾਂ ਅਸੀਂ ਸ਼ੈਤਾਨ ਪੈਦਾ ਕਰਨ ਦਾ ਕਾਰਨ ਬਣ ਸਕਦੇ ਹਾਂ।
ਜੇ ਕਰ ਮਨੁੱਖ ਦੀ ਲਗਨ ਅਕਾਲ ਪੁਰਖੁ ਦੇ ਨਾਮੁ ਵਿੱਚ ਨਹੀਂ ਲਗਦੀ ਤਾਂ ਧਾਰਮਿਕ ਪੁਸਤਕਾਂ
ਦੇ ਪਾਠ ਕਰਾਉਣ ਦਾ ਕੋਈ ਲਾਭ ਨਹੀਂ ਹੁੰਦਾ। ਇਹ ਪਾਠ ਕਰਨੇ ਕਰਾਉਣੇ ਨਿਰੇ ਲੋਕਾਚਾਰੀ ਰਹਿ
ਜਾਂਦੇ ਹਨ।
ਅਕਾਲ ਪੁਰਖੁ ਤਾਂ ਪ੍ਰਸੰਨ ਹੁੰਦਾ ਹੈ, ਜੇ ਕਰ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦੇ
ਨਾਮੁ ਵਿੱਚ ਜੁੜੀਏ, ਕਿਉਂਕਿ ਜੀਵਾਂ ਦੇ ਚੰਗੇ ਮੰਦੇ ਹੋਣ ਦੀ ਪਰਖ, ਉਨ੍ਹਾਂ ਦੇ ਮਨ ਦੀ ਭਾਵਨਾ
ਅਨੁਸਾਰ ਹੀ ਕੀਤੀ ਜਾਂਦੀ ਹੈ।
ਗੁਰੂ ਦੇ ਦਰ ਤੇ ਰਹਿ ਕੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣਨੀ ਚਾਹੀਦੀ ਹੈ, ਹਰੀ ਦਾ
ਜਸ ਮੂੰਹੋਂ ਉਚਾਰਨਾ ਚਾਹੀਦਾ ਹੈ, ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਸਦਾ
ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦਾ ਰਹਿੰਦਾ ਹੈ।
ਸੰਤ ਜਨਾਂ ਨਾਲ ਮਿਲ ਕੇ, ਅਕਾਲ ਪੁਰਖੁ ਦਾ ਨਾਮੁ ਚੇਤੇ ਕਰਿਆ ਕਰ, ਇਹ ਕੰਮ ਹੋਰ ਸਾਰੇ
ਕੰਮਾਂ ਨਾਲੋਂ ਪਵਿੱਤਰ ਅਤੇ ਸਫਲ ਹੈ। ਅਕਾਲ ਪੁਰਖੁ ਦੇ ਨਾਮੁ ਦਾ ਵਾਪਾਰ ਕਰਿਆ ਕਰ, ਅਕਾਲ
ਪੁਰਖੁ ਦੇ ਨਾਮੁ ਨੂੰ ਆਪਣੀ ਜਿੰਦ ਦਾ ਆਸਰਾ ਬਣਾ ਲੈ।
ਉਸ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਨੀ ਹੈ, ਉਸ ਦੇ ਚਰਨਾਂ ਵਿੱਚ ਆਪਣੀ ਸੁਰਤਿ ਜੋੜਨੀ
ਹੈ, ਉਸ ਦੇ ਨਾਮੁ ਦਾ ਚਾਨਣ ਆਪਣੇ ਅੰਦਰ ਪੈਦਾ ਕਰਨਾ ਹੈ।
ਅਕਾਲ ਪੁਰਖੁ ਦਾ ਨਾਮੁ ਮਾਇਆ ਦੀ ਕਾਲਖ ਤੋਂ ਬਚਾਣ ਵਾਲਾ ਹੈ, ਜਿਸ ਤਰ੍ਹਾਂ ਪਾਣੀ ਨਾਲ
ਕਾਲਖ ਧੋਤੀ ਜਾ ਸਕਦੀ ਹੈ, ਉਸੇ ਤਰ੍ਹਾਂ ਅਕਾਲ ਪੁਰਖੁ ਦੇ ਨਾਮੁ ਨਾਲ ਮਨ ਵਿਚੋਂ ਵਿਕਾਰਾ ਦੀ
ਮੈਲ ਧੋਤੀ ਜਾ ਸਕਦੀ ਹੈ, ਇਸ ਨਾਮੁ ਨੂੰ ਆਪਣੇ ਹਿਰਦੇ ਵਿੱਚ ਸਿੰਜ। ਅਕਾਲ ਪੁਰਖੁ ਦਾ ਨਾਮੁ
ਹਿਰਦੇ ਵਿੱਚ ਵਸਾਉਂਣ ਨਾਲ ਤੇ ਰਸਨਾ ਨਾਲ ਸਿਮਰਨ ਕਰਨ ਨਾਲ ਸਾਰੇ ਪਾਪ ਦੂਰ ਹੋ ਜਾਂਦੇ ਹਨ।
ਗੁਰੂ ਉਦੋਂ ਮਿਲ ਗਿਆ ਸਮਝੋ, ਜਦੋਂ ਗੁਰੂ ਧਾਰਨ ਵਾਲੇ ਮਨੁੱਖ ਦੇ ਦਿਲ ਵਿਚੋਂ ਮਾਇਆ ਦਾ
ਮੋਹ ਦੂਰ ਹੋ ਜਾਏ, ਜਦੋਂ ਸਰੀਰ ਨੂੰ ਸਾੜਨ ਵਾਲੇ ਕਲੇਸ਼ ਮਿਟ ਜਾਣ, ਜਦੋਂ ਹਰਖ ਸੋਗ ਕੋਈ ਵੀ
ਚਿੱਤ ਨੂੰ ਨਾ ਸਾੜੇ। ਅਜੇਹੀ ਹਾਲਤ ਵਿੱਚ ਅੱਪੜਿਆਂ ਹਰ ਥਾਂ ਅਕਾਲ ਪੁਰਖੁ ਆਪ ਹੀ ਆਪ ਦਿੱਸਦਾ
ਹੈ।
ਹੇ ਅਕਾਲ ਪੁਰਖੁ! ਹੇ ਮੇਰੇ ਸੁਆਮੀ! ਮੇਰੇ ਅੰਦਰ ਤਾਂਘ ਹੈ, ਕਿ ਮੈਂ ਅੱਖਾਂ ਨਾਲ ਤੇਰਾ
ਦਰਸ਼ਨ ਕਰਦਾ ਰਹਾਂ, ਜੀਭ ਨਾਲ ਤੇਰਾ ਨਾਮੁ ਜਪਦਾ ਰਹਾਂ, ਕੰਨਾਂ ਨਾਲ ਦਿਨ ਰਾਤ ਤੇਰੀ ਸਿਫ਼ਤਿ
ਸਾਲਾਹ ਸੁਣਦਾ ਰਹਾਂ, ਤੇ ਹਿਰਦੇ ਵਿੱਚ ਤੂੰ ਮੈਨੂੰ ਹਮੇਸ਼ਾਂ ਪਿਆਰਾ ਲੱਗਦਾ ਰਹੇ।
ਅਕਾਲ ਪੁਰਖੁ ਦਾ ਕੀਰਤਨ ਹੀ ਆਤਮਕ ਜੀਵਨ ਦੇਣ ਵਾਲਾ ਰਸ ਹੈ, ਇਸ ਲਈ ਹਮੇਸ਼ਾਂ ਅਕਾਲ ਪੁਰਖੁ
ਦਾ ਕੀਰਤਨ ਹੀ ਗਾਣਾ ਚਾਹੀਦਾ ਹੈ, ਤੇ ਜਿਹੜਾ ਮਨੁੱਖ ਅਕਾਲ ਪੁਰਖੁ ਦਾ ਕੀਰਤਨ ਗਾਇਨ ਕਰਦਾ
ਰਹਿੰਦਾ ਹੈ, ਉਸ ਦੇ ਅੰਦਰ ਦਿਨ ਰਾਤ ਆਤਮਕ ਆਨੰਦ ਦੇ ਵਾਜੇ ਵੱਜਦੇ ਰਹਿੰਦੇ ਹਨ।
ਸੰਤ ਜਨਾਂ ਦੀ ਸੰਗਤਿ ਵਿੱਚ ਟਿਕ ਕੇ ਅਕਾਲ ਪੁਰਖੁ ਦੇ ਬਾਰੇ ਗਿਆਨ ਤੇ ਉਸ ਦੇ ਗੁਣਾਂ ਦੀ
ਗੱਲ ਬਿਆਨ ਕਰਨੀ ਚਾਹੀਦੀ ਹੈ। ਸਰਬ ਵਿਆਪਕ ਪੂਰਨ ਤੇ ਸਭ ਤੋਂ ਉੱਚੇ ਨੂਰ ਪਰਮੇਸਰ ਭਾਵ ਅਕਾਲ
ਪੁਰਖੁ ਦਾ ਨਾਮੁ ਸਿਮਰਨ ਕਰਨ ਨਾਲ ਲੋਕ ਪਰਲੋਕ ਵਿੱਚ ਇਜ਼ਤ ਹਾਸਲ ਕਰ ਸਕਦੇ ਹਾਂ।
ਗੁਰਬਾਣੀ ਦੀਆਂ ਸਿਖਿਆਵਾਂ ਦਾ ਉਪਰ ਲਿਖਿਆ ਸੰਖੇਪ ਸਾਨੂੰ ਸਪੱਸ਼ਟ ਕਰਕੇ ਸਮਝਾਦਾ ਹੈ, ਕਿ
ਗੁਰਬਾਣੀ ਦੇ ਕੀਰਤਨ ਕਰਨ ਲਈ ਹੇਠ ਲਿਖੀਆਂ ਸਿਖਿਆਵਾਂ ਦਾ ਧਿਆਨ ਰੱਖਣਾ ਬਹੁਤ ਜਰੂਰੀ ਹੈ
ਲੇਖ ਦਾ ਆਰੰਭ ੩
--ਲੇਖ ਦਾ ਸੰਖੇਪ ੩
---ਲੇਖ ਦਾ ਸਾਰ, ਨਿਚੋੜ
ਜਾਂ ਮੰਤਵ ੩
ਸਬਦ ਨੂੰ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਰਾਗ ਅਨੁਸਾਰ ਗਾਇਨ ਕਰਨਾ ਹੈ, ਤਾਂ ਜੋ ਸਬਦ
ਗਾਇਨ ਕਰਨ ਸਮੇਂ ਉਸ ਸਬਦ ਦਾ ਅਰਥ ਭਾਵ ਸਹੀ ਤਰੀਕੇ ਨਾਲ ਸਮਝ ਆ ਸਕੇ, ਸਬਦ ਵਿੱਚ ਧਿਆਨ ਲੱਗਾ
ਰਹੇ ਤੇ ਸਬਦ ਦੀ ਠੀਕ ਵੀਚਾਰ ਲਈ ਸੇਧ ਮਿਲਦੀ ਰਹੇ।
ਕੀਰਤਨ ਗੁਰੂ ਦੇ ਉਪਦੇਸ਼, ਭਾਵ ਗੁਰਬਾਣੀ ਅਨੁਸਾਰ ਹੀ ਕਰਨਾ ਹੈ, ਤਾਂ ਜੋ ਵਿਕਾਰਾਂ ਤੋਂ
ਬਚਾਉ ਹੋ ਸਕੇ ਤੇ ਮਨੁੱਖ ਦਾ ਉਧਾਰ ਹੋ ਸਕੇ।
ਅਕਾਲ ਪੁਰਖੁ ਦੇ ਨਾਮੁ ਨਾਲ ਮਨ ਵਿਚੋਂ ਵਿਕਾਰਾ ਦੀ ਮੈਲ ਧੋਣੀ ਹੈ, ਤੇ ਸਾਰੇ ਪਾਪ ਦੂਰ
ਕਰਨੇ ਹਨ। ਗੁਰੂ ਉਦੋਂ ਮਿਲ ਗਿਆ ਸਮਝੋ, ਜਦੋਂ ਗੁਰੂ ਧਾਰਨ ਵਾਲੇ ਮਨੁੱਖ ਦੇ ਦਿਲ ਵਿਚੋਂ ਮਾਇਆ
ਦਾ ਮੋਹ ਦੂਰ ਹੋ ਜਾਏ, ਜਦੋਂ ਸਰੀਰ ਨੂੰ ਸਾੜਨ ਵਾਲੇ ਕਲੇਸ਼ ਮਿਟ ਜਾਣ, ਜਦੋਂ ਹਰਖ ਸੋਗ ਕੋਈ ਵੀ
ਚਿੱਤ ਨੂੰ ਨਾ ਸਾੜੇ।
ਗੁਰੂ ਨੂੰ ਹਿਰਦੇ ਘਰ ਵਿੱਚ ਵਸਾ ਕੇ ਕੰਨਾਂ ਵਿੱਚ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣਨੀ
ਹੈ, ਅਕਾਲ ਪੁਰਖੁ ਦਾ ਜਸ ਗਾਇਨ ਕਰਨਾ ਹੈ ਤਾਂ ਜੋ ਮਨ ਤਨ ਆਤਮਕ ਜੀਵਨ ਨਾਲ ਖੁਸ਼ਹਾਲ ਹੋ ਸਕੇ।
ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਸਦਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦਾ
ਰਹਿੰਦਾ ਹੈ।
ਅੱਖਾਂ ਨਾਲ ਅਕਾਲ ਪੁਰਖੁ ਦੇ ਦਰਸ਼ਨ ਕਰਨੇ ਹਨ, ਜੀਭ ਨਾਲ ਅਕਾਲ ਪੁਰਖੁ ਦਾ ਨਾਮੁ ਜਪਣਾ
ਹੈ, ਕੰਨਾਂ ਨਾਲ ਦਿਨ ਰਾਤ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣਨੀ ਹੈ, ਤੇ ਹਿਰਦੇ ਵਿੱਚ
ਹਮੇਸ਼ਾਂ ਅਕਾਲ ਪੁਰਖੁ ਲਈ ਪਿਆਰਾ ਪੈਦਾ ਕਰਨਾ ਹੈ।
ਗੁਰੂ ਦੇ ਸਬਦ ਦੁਆਰਾ ਹੀ ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ ਹਨ, ਉਸ ਦੀ ਸਿਫ਼ਤਿ ਸਾਲਾਹ
ਕਰਨੀ ਹੈ ਤੇ ਗੁਰੂ ਦੇ ਸਬਦ ਦੀ ਵੀਚਾਰ ਦੁਆਰਾ ਹੀ ਉਸ ਅਕਾਲ ਪੁਰਖੁ ਦੇ ਗੁਣ ਸਮਝ ਕੇ ਆਪਣੇ
ਅੰਦਰੋਂ ਹਉਮੈ ਦੂਰ ਕਰਨਾ ਹੈ।
ਸਾਧ ਸੰਗਤਿ ਵਿੱਚ ਰਹਿ ਕੇ ਸਦਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦੇ ਰਹਿਣਾ ਚਾਹੀਦਾ
ਹੈ, ਤਾਂ ਜੋ ਮਨ ਦੇ ਭਰਮ, ਪਰਿਵਾਰਕ ਮੋਹ ਤੇ ਚਿੰਤਾ, ਹਉਮੈ, ਮਾਇਆ ਦੇ ਜੰਜਾਲ, ਆਦਿਕ, ਕੋਈ
ਵੀ ਪੋਹ ਨਾ ਸਕਣ। ਸੰਤ ਜਨਾਂ ਦੀ ਸੰਗਤਿ ਵਿੱਚ ਟਿਕ ਕੇ ਅਕਾਲ ਪੁਰਖੁ ਦੇ ਬਾਰੇ ਗਿਆਨ ਤੇ ਉਸ
ਦੇ ਗੁਣਾਂ ਦੀ ਗੱਲ ਬਿਆਨ ਕਰਨੀ ਚਾਹੀਦੀ ਹੈ।
ਇਕੱਲੇ ਸਾਜ਼ ਦੀ ਸੁਰ ਵਿੱਚ ਸਰੀਰ ਝੂਮਦਾ ਹੈ ਤੇ ਮਨ ਸੌ ਜਾਂਦਾ ਹੈ, ਇਸ ਲਈ ਸਿੱਖ ਨੇ
ਅਕਾਲ ਪੁਰਖੁ ਦੇ ਕੀਰਤਨ ਨਾਲ ਆਤਮਿਕ ਤੌਰ ਤੇ ਵੀ ਜਾਗਣਾਂ ਹੈ, ਤਾਂ ਜੋ ਉਸ ਦੇ ਹਿਰਦੇ ਵਿੱਚ
ਅਕਾਲ ਪੁਰਖੁ ਦੇ ਨਾਮੁ ਦਾ ਚਾਨਣ ਹੋ ਜਾਵੇ।
ਜ਼ਿੰਦਗੀ ਦਾ ਸਹੀ ਰਸਤਾ ਸਿਰਫ਼ ਇਹੀ ਹੈ, ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ ਤੇ ਉਸ ਦੇ
ਹੁਕਮੁ ਤੇ ਰਜਾ ਬਾਰੇ ਸਮਝਣਾ ਤੇ ਚਲਣਾ ਹੈ, ਤੇ ਬਿਬੇਕ ਬੁਧੀ ਹਾਸਲ ਕਰਨੀ ਹੈ।
ਗੁਰੂ ਪਾਸੋਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਖ਼ੈਰ ਮੰਗਣਾ, ਹੋਰ ਸਾਰੀਆਂ ਮੰਗਾਂ
ਨਾਲੋਂ ਵਧੀਆ ਮੰਗ ਹੈ।
ਸੰਤ ਜਨਾਂ ਨਾਲ ਮਿਲ ਕੇ, ਅਕਾਲ ਪੁਰਖੁ ਦਾ ਨਾਮੁ ਚੇਤੇ ਕਰਨਾ ਤੇ ਅਕਾਲ ਪੁਰਖੁ ਦੇ ਨਾਮੁ
ਦਾ ਵਾਪਾਰ ਕਰਨਾ, ਇਹ ਕੰਮ ਹੋਰ ਸਾਰੇ ਕੰਮਾਂ ਨਾਲੋਂ ਪਵਿੱਤਰ ਅਤੇ ਸਫਲ ਹੈ।
ਹਮੇਸ਼ਾਂ ਅਕਾਲ ਪੁਰਖੁ ਦਾ ਕੀਰਤਨ ਹੀ ਗਾਣਾ ਚਾਹੀਦਾ ਹੈ, ਤੇ ਜਿਹੜਾ ਮਨੁੱਖ ਅਕਾਲ ਪੁਰਖੁ
ਦਾ ਕੀਰਤਨ ਗਾਇਨ ਕਰਦਾ ਰਹਿੰਦਾ ਹੈ, ਉਸ ਦੇ ਅੰਦਰ ਦਿਨ ਰਾਤ ਆਤਮਕ ਆਨੰਦ ਦੇ ਵਾਜੇ ਵੱਜਦੇ
ਰਹਿੰਦੇ ਹਨ।
"ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ"
(ਡਾ: ਸਰਬਜੀਤ ਸਿੰਘ)
(Dr. Sarbjit Singh)
RH1 / E-8, Sector-8, Vashi, Navi Mumbai - 400703.
Email =
[email protected]
Web =
http://www.geocities.ws/sarbjitsingh
http://www.sikhmarg.com/article-dr-sarbjit.html
|
. |