.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਕਰੂਪਤਾ


ਮਨੁੱਖ ਧਰਮੀ ਦਿਸਣਾ ਤਾਂ ਚਾਹੁੰਦਾ ਹੈ ਪਰ ਧਰਮੀ ਬਣਨਾ ਨਹੀਂ ਚਾਹੁੰਦਾ। ਕਈ ਦੇਖਣ ਨੂੰ ਦੂਰੋਂ ਬਹੁਤ ਹੀ ਸੋਹਣੇ ਲਗਦੇ ਹਨ ਪਰ ਅੰਦਰੋਂ ਟੁਟੇ ਹੋਏ ਹੁੰਦੇ ਹਨ। ਆਹ ਹੁਣੇ ਹੀ ਇੱਕ ਡਾਕਟਰ ਦੀ ਵੀਡੀਓ ਜੱਗ ਜ਼ਾਹਰ ਹੋਈ ਹੈ (ਅਪ੍ਰੈਲ ੨੦੧੮) ਉਸ ਵਿੱਚ ਇੱਕ ਬੀਬੀ ਨੂੰ ਵਾਲਾਂ ਤੋਂ ਫੜ ਕੇ ਘਸੀਟ ਰਿਹਾ ਹੈ। ਅਹੁਦਾ ਬਹੁਤ ਵੱਡਾ ਹੈ ਤਨਖਾਹ ਵੀ ਚੰਗੀ ਚੋਖੀ ਹੈ ਪਰ ਏੰਨਾ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਵੀ ਅੰਦਰ ਦੈਵੀ ਗੁਣਾਂ ਦੀ ਬਹੁਤ ਵੱਡੀ ਘਾਟ ਹੈ। ਮਾੜੀ ਜੇਹੀ ਗੱਲ `ਤੇ ਆਪਣਾ ਡਾਕਟਰੀ ਵਾਲਾ ਸਹਿਜ ਖੋਹ ਬੈਠਿਆ ਹੈ। ਸਮਾਜ ਨੇ ਇੱਕ ਮੰਦਰ ਵਿੱਚ ਪੁਜਾਰੀ ਨੂੰ ਇਸ ਲਈ ਬੈਠਾਇਆ ਹੈ ਕਿ ਤੂੰ ਧਰਮ `ਤੇ ਚੱਲਣ ਵਾਲੀ ਲੋਕਾਂ ਨੂੰ ਸਿੱਖਿਆ ਦੇਅ ਤਾਂ ਕਿ ਲੋਕ ਰੱਬੀ ਗੁਣਾਂ ਨੂੰ ਧਾਰ ਕੇ ਧਰਮੀ ਬਣ ਸਕਣ ਪਰ ਇਸ ਚਵਲ ਪੁਜਾਰੀ ਨੇ ਅੱਠ ਸਾਲ ਦੀ ਬੱਚੀ (ਕਠੂਆ ੨੦੧੮) ਨਾਲ ਜੋ ਕੁੱਝ ਕੀਤਾ ਉਹ ਅਖਬਾਰਾਂ ਨੇ ਬਿਆਨ ਕਰ ਹੀ ਦਿੱਤਾ ਹੈ। ਇਹ ਜ਼ਰੂਰੀ ਨਹੀਂ ਬਾਹਰੋਂ ਧਰਮੀ ਦਿਸਣ ਵਾਲਾ ਅੰਦਰੋਂ ਵੀ ਧਰਮੀ ਹੋਏਗਾ। ਪ੍ਰਿੰਸੀਪਲ ਤੇਜਾ ਸਿੰਘ ਜੀ ਲਿਖਦੇ ਹਨ ਕਿ ਸਾਊ ਉਹ ਹੈ ਜਿਹੜਾ ਸੋਹਣਾ ਵਰਤਾਅ ਕਰੇ। ਦੂਜਿਆਂ ਦੀ ਗੱਲ ਛੱਡੋ ਸਿੱਖੀ ਭੇਸ ਵਿੱਚ ਹੀ ਸਾਡੇ ਜੱਥੇਦਾਰ ਤੇ ਰਾਜਨੀਤਕ ਨੇਤਾ ਬਾਹਰੋਂ ਪੂਰੇ ਧਰਮੀ ਹਨ ਪਰ ਹਿਰਦੇ ਵਿੱਚ ਕੌਮ ਪ੍ਰਤੀ ਕੋਈ ਦਰਦ ਨਹੀਂ ਹੈ---
ਬ੍ਰਿਥਾ ਅਨੁਗ੍ਰਹੰ ਗੋਬਿੰਦਹ ਜਸ੍ਯ੍ਯ ਸਿਮਰਣ ਰਿਦੰਤਰਹ॥
ਆਰੋਗ੍ਯ੍ਯੰ ਮਹਾ ਰੋਗ੍ਯ੍ਯੰ ਬਿਸਿਮ੍ਰਿਤੇ ਕਰੁਣਾ ਮਯਹ॥ ੨੫॥
ਅੱਖਰੀਂ ਅਰਥ- ਜੋ ਮਨੁੱਖ ਗੋਬਿੰਦ ਦੀ ਮੇਹਰ ਤੋਂ ਵਾਂਜੇ ਹੋਏ ਹਨ, ਜਿਨ੍ਹਾਂ ਦੇ ਹਿਰਦੇ ਉਸ ਦੇ ਸਿਮਰਨ ਤੋਂ ਸੱਖਣੇ ਹਨ, ਉਹ ਨਰੋਏ ਮਨੁੱਖ ਭੀ ਵੱਡੇ ਰੋਗੀ ਹਨ, ਕਿਉਂਕਿ ਉਹ ਦਇਆ ਸਰੂਪ ਗੋਬਿੰਦ ਨੂੰ ਵਿਸਾਰ ਰਹੇ ਹਨ। ੨੫।
੧ ਕੀ ਘਰ ਵਿੱਚ ਅਖੰਡਪਾਠ ਕਰਾਉਣ ਨਾਲ ਅਸੀਂ ਧਰਮੀ ਬਣ ਜਾਂਵਾਂਗੇ? ਕੀ ਮੱਸਿਆ ਨੂੰ ਧਾਰਮਕ ਅਸਥਾਨਾਂ `ਤੇ ਇਸ਼ਨਾਨ ਕਰਨ ਨਾਲ ਧਰਮੀ ਬਣ ਸਕਦੇ ਹਾਂ?
੨ ਕੀ ਫਸਲ ਬੀਜਣ ਤੋਂ ਬਿਨਾ ਫਸਲ ਪੈਦਾ ਹੋ ਸਕਦੀ ਹੈ?
੩ ਕੀ ਪੜ੍ਹਾਈ ਕਰਨ ਤੋਂ ਬਿਨਾ ਬੱਚਾ ਡਾਕਟਰ ਜਾਂ ਵਕੀਲ ਬਣ ਸਕਦਾ ਹੈ?
੪ ਕੋਈ ਵੀ ਕੰਮ ਕਰਨ ਤੋਂ ਬਿਨਾ ਮਨੁੱਖ ਕੁੱਝ ਵੀ ਹਾਸਲ ਨਹੀਂ ਕਰ ਸਕਦਾ।
੫ ਇਹ ਜ਼ਰੂਰੀ ਹੈ ਕਿ ਕੋਈ ਵੀ ਕਰਮ ਕਰਨ ਲਈ ਪਹਿਲਾ ਕਦਮ ਮਨੁੱਖ ਨੂੰ ਹੀ ਪੁੱਟਣਾ ਪੈਣਾ ਹੈ।
੬ ਰੱਬ ਜੀ ਦੀ ਮਿਹਰ ਤੋਂ ਵਾਂਜੇ ਤੇ ਰੱਬੀ ਸਿਮਰਨ ਤੋਂ ਸੱਖਣੇ ਮਨੁੱਖ ਵਡੇ ਰੋਗੀ ਕਿਸ ਤਰ੍ਹਾਂ ਹਨ?
੭ ਰੱਬ ਦੀ ਮਿਹਰ ਤੋਂ ਵਾਂਜਾ—ਜ਼ਿੰਦਗੀ ਦਾ ਨਿਸ਼ਾਨਾ ਕੋਈ ਵੀ ਨਹੀਂ ਮਿੱਥਿਆ `ਤੇ ਨਾ ਹੀ ਕੋਈ ਨਿਸ਼ਾਨੇ ਤੇ ਪਹੁੰਚਣ ਦੀ ਕੋਈ ਕੋਸ਼ਿਸ਼ ਕੀਤੀ ਹੈ। ਰੱਬੀ ਸਿਮਰਣ ਤੋਂ ਬਿਨਾ ਭਾਵ ਨਾ ਤਾਂ ਇਮਾਨਦਾਰੀ ਰੱਖੀ ਤੇ ਨਾ ਹੀ ਕੋਈ ਮਿਹਨਤ ਕੀਤੀ ਹੈ ਅਜੇਹੇ ਮਾਨਸਕ ਰੋਗੀ ਨੂੰ ਕਰੂਪ ਹੀ ਕਹਿਆ ਜਾ ਸਕਦਾ ਹੈ।
੮ ਨਰੋਏ ਮਨੁੱਖ ਵੀ ਰੋਗੀ ਹਨ—ਇਹ ਉਹਨਾਂ ਮਨੁੱਖਾਂ ਦੀ ਗੱਲ ਕੀਤੀ ਹੈ ਜਿਹੜੇ ਸਰੀਰਕ ਪੱਖੋਂ ਤਾਂ ਪੂਰੇ ਤੰਦਰੁਸਤ ਤੇ ਤਕੜੇ ਜੁਸਿਆ ਵਾਲੇ ਹਨ ਪਰ ਉਹਨਾਂ ਦਾ ਮਾਨਸਕ ਵਿਕਾਸ ਨਾ ਹੋਣ ਕਰਕੇ ਸਦੀਆਂ ਤਕ ਗੁਲਾਮੀ ਵਿੱਚ ਹੀ ਜਿਉਂਦੇ ਰਹਿੰਦੇ ਹਨ।
੯ ਸਮਾਜ ਵਿੱਚ ਦੇਖਣ ਨੂੰ ਇੱਕ ਉਹ ਵੀ ਵੱਡਾ ਮਨੁੱਖ ਲਗਦਾ ਹੈ ਜਿਹੜਾ ਧਾਰਮਕ ਰਸਮਾਂ ਸਦੀਆਂ ਤੋਂ ਨਿਭਾ ਰਿਹਾ ਹੈ ਸਿਮਰਨ ਵੀ ਬਹੁਤ ਕਰ ਰਿਹਾ ਹੈ ਪਰ ਸਤ, ਸੰਤੋਖ, ਧੀਰਜ, ਹਲੇਮੀ ਤੇ ਸੇਵਾ ਵਰਗੇ ਦੈਵੀ ਗੁਣਾਂ ਦੀ ਬਹੁਤ ਵੱਡੀ ਘਾਟ ਹੈ। ਧਾਰਮਕ ਕਰਮ –ਕਾਂਡ ਕਰਨ ਵਾਲਾ ਕਦੇ ਵੀ ਨਿਰੋਈ ਵਿਚਾਰ ਨੂੰ ਪੱਲੇ ਬੰਨ੍ਹਣ ਲਈ ਤਿਆਰ ਨਹੀਂ ਹੁੰਦਾ।
੧੦ ਦਇਆ ਰੂਪੀ ਗੋਬਿੰਦ ਨੂੰ ਵਿਸਾਰ ਦੇਣਾ—ਇਸ ਵਿਚਾਰ ਦੀ ਸਮਝ ਆਉਂਦੀ ਹੈ ਕਿ ਆਪਣੇ ਫ਼ਰਜ਼ਾਂ ਵਲੋਂ ਕੁਤਾਹੀ ਕਰਨ ਵਾਲਾ ਆਪਣੀ ਜ਼ਿੰਮੇਵਾਰੀ ਭੁੱਲ ਜਾਂਦਾ ਹੈ।
੧੧ ਧਰਮ-ਕਰਮ ਕੀਤਿਆਂ ਮਨੁੱਖ ਕਦੇ ਵੱਡਾ ਨਹੀਂ ਹੋ ਸਕਦਾ ਤੇ ਨਾ ਹੀ ਸਮਾਜ ਵਿੱਚ ਦਿਖਾਵਾ ਕਰਕੇ ਕੋਈ ਵੱਡਾ ਹੁੰਦਾ ਹੈ। ਵੱਡਾ ਮਨੁੱਖ ਓਸੇ ਨੂੰ ਕਹਿਆ ਜਾਂਦਾ ਹੈ ਜਿਸ ਨੇ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਈ ਹੈ---
ਗਿਆਨ ਵਿਹੂਣਾ ਗਾਵੈ ਗੀਤ॥
ਭੁਖੇ ਮੁਲਾਂ ਘਰੇ ਮਸੀਤਿ॥
ਮਖਟੂ ਹੋਇ ਕੈ ਕੰਨ ਪੜਾਏ॥
ਫਕਰੁ ਕਰੇ ਹੋਰੁ ਜਾਤਿ ਗਵਾਏ॥
ਗੁਰੁ ਪੀਰੁ ਸਦਾਏ ਮੰਗਣ ਜਾਇ॥
ਤਾ ਕੈ ਮੂਲਿ ਨ ਲਗੀਐ ਪਾਇ॥
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ ੧॥
ਸਲੋਕ ਮ: ੧ ਪੰਨਾ ੧੨੪੫




.