ਇਸ ਲੇਖ ਦਾ ਉਦੇਸ਼ ਰੱਬ ਦੇ ਬੇਅੰਤ ਗੁਣਾਂ ਵਿੱਚੋਂ
ਕੁੱਝ ਗੁਣਾਂ ਨੂੰ ਵਰਣਨ ਕਰਕੇ ਅਤੇ ਗੁਰਬਾਣੀ ਦੀ ਸੇਧ ਵਿੱਚ ਪ੍ਰਭੂ ਵਿੱਚ ਅਭੇਦ ਹੋ ਕੇ ਪ੍ਰਭੂ ਦੀ
ਪ੍ਰਾਪਤੀ ਕਰਨਾ ਹੈ।
ਰੱਬ ਦਾ ਸਰੂਪ: ਸਿੱਖਾਂ ਦਾ ਗੁਰੂ, ਗੁਰੂ ਗ੍ਰੰਥ ਸਾਹਿਬ ਹੈ। ਗੁਰੂ ਗ੍ਰੰਥ ਸਾਹਿਬ ਮੁਤਾਬਕ
ਰੱਬ ਇੱਕ ਹੈ। ਰੱਬ ਦੇ ਬਰਾਬਰ ਕੋਈ ਨਹੀਂ ਅਤੇ ਉਸ ਦਾ ਸ਼ਰੀਕ ਵੀ ਕੋਈ ਨਹੀਂ ਹੈ। ਰੱਬ ਦੀ ਉਤਪਤੀ ਉਸ
ਦੇ ਆਪਣੇ-ਆਪ ਤੋਂ ਹੋਈ ਹੈ। ਰੱਬ ਕਿਸੇ ਜੂਨ ਵਿੱਚ ਨਹੀਂ ਆਉਂਦਾ ਅਤੇ ਨਾ ਹੀ ਜੰਮਦਾ, ਮਰਦਾ ਅਤੇ
ਬਣਾਇਆ ਜਾ ਸਕਦਾ ਹੈ। ਰੱਬ ਦੀ ਪ੍ਰਾਪਤੀ ਗੁਰੂ ਦੁਆਰਾ ਹੀ ਹੋ ਸਕਦੀ ਹੈ।
ਰੱਬ ਵਾਰੇ ਗੁਰੂ ਅਰਜਨ ਸਾਹਿਬ ਕਹਿੰਦੇ ਹਨ ਕਿ;
ੴ ਸਤਿਗੁਰ ਪ੍ਰਸਾਦਿ ॥
ਭੈਰਉ ਮਹਲਾ ੫ ਘਰੁ ੧
ਸਗਲੀ ਥੀਤਿ ਪਾਸਿ ਡਾਰਿ ਰਾਖੀ ॥
ਅਸਟਮ ਥੀਤਿ ਗੋਵਿੰਦ ਜਨਮਾ ਸੀ ॥੧॥
ਭਰਮਿ ਭੂਲੇ ਨਰ ਕਰਤ ਕਚਰਾਇਣ ॥
ਜਨਮ ਮਰਣ ਤੇ ਰਹਤ ਨਾਰਾਇਣ ॥੧॥ ਰਹਾਉ ॥
ਕਰਿ ਪੰਜੀਰੁ ਖਵਾਇਓ ਚੋਰ ॥
ਓਹੁ ਜਨਮਿ ਨ ਮਰੈ ਰੇ ਸਾਕਤ ਢੋਰ ॥੨॥
ਸਗਲ ਪਰਾਧ ਦੇਹਿ ਲੋਰੋਨੀ ॥
ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥੩॥
ਜਨਮਿ ਨ ਮਰੈ ਨ ਆਵੈ ਨ ਜਾਇ ॥
ਨਾਨਕ ਕਾ ਪ੍ਰਭੁ ਰਹਿਓ ਸਮਾਇ ॥੪॥ ਪੰਨਾਂ ੧੧੩੬
ਅਰਥ: ਭਟਕਣਾ ਦੇ ਕਾਰਨ ਕੁਰਾਹੇ ਪਏ ਹੋਏ ਹੇ ਜੀਵ ! ਤੂੰ ਇਹ ਕੱਚੀਆਂ ਗੱਲਾਂ
ਕਰ ਰਿਹਾ ਹੈਂ ਕਿ ਪ੍ਰਮਾਤਮਾ ਨੇ ਭਾਦਰੋਂ ਵਦੀ ਅਸ਼ਟਮੀ ਨੂੰ ਕ੍ਰਿਸ਼ਨ ਦੇ ਰੂਪ ਵਿੱਚ ਜਨਮ ਲਿਆ ਸੀ।
ਪ੍ਰਮਾਤਮਾ ਜੰਮਣ ਮਰਨ ਤੋਂ ਪਰੇ ਹੈ।੧। ਰਹਾਉ।
ਹੇ ਭਾਈ ! ਤੇਰੀ ਇਹ ਗੱਲ ਝੂਠੀ ਹੈ ਕਿ ਪ੍ਰਮਾਤਮਾ ਨੇ ਹੋਰ ਸਾਰੀਆਂ ਥਿੱਤਾਂ ਲਾਂਭੇ ਰਹਿਣ ਦਿੱਤੀਆਂ
ਅਤੇ ਭਾਦਰੋਂ ਵਦੀ ਅਸ਼ਟਮੀ ਥਿੱਤ ਨੂੰ ਜਨਮ ਲੈ ਲਿਆ।
ਹੇ ਭਾਈ ! ਪੰਜੀਰ ਬਣਾ ਕੇ ਤੂੰ ਲੁਕਾ ਕੇ ਆਪਣੇ ਵੱਲੋਂ ਪ੍ਰਮਾਤਮਾ ਨੂੰ ਕ੍ਰਿਸ਼ਨ-ਮੂਰਤੀ ਦੇ ਰੂਪ
ਵਿੱਚ ਖੁਆਉਂਦਾ ਹੈਂ। ਹੇ ਰੱਬ ਤੋਂ ਟੁੱਟੇ ਹੋਏ ਮੂਰਖ ! ਪ੍ਰਮਾਤਮਾ ਨਾ ਜੰਮਦਾ ਹੈ ਨਾ ਮਰਦਾ ਹੈ।
ਹੇ ਭਾਈ ! ਤੂੰ ਕ੍ਰਿਸ਼ਨ ਦੀ ਮੂਰਤੀ ਨੂੰ ਲੋਰੀ ਦੇ ਕੇ ਆਪਣੇ ਵਲੋਂ ਤੂੰ ਪ੍ਰਮਾਤਮਾ ਨੂੰ ਲੋਰੀ
ਦਿੰਦਾ ਹੈਂ, ਲੋਰੀ ਦੇਣ ਦਾ ਤੇਰਾ ਇਹ ਕੰਮ ਸਾਰੇ ਅਪਰਾਧਾਂ ਦੀ ਜੜ੍ਹ ਹੈ। ਤੇਰਾ ਉਹ ਮੂੰਹ ਸੜ ਜਾਵੇ
ਜਿਸ ਨਾਲ ਤੂੰ ਆਖਦਾ ਹੈਂ ਕਿ ਮਾਲਕ-ਪ੍ਰਭੂ ਜੂਨਾਂ ਵਿੱਚ ਆਉਂਦਾ ਹੈ।
ਹੇ ਭਾਈ ! ਨਾਨਕ ਦਾ ਪ੍ਰਮਾਤਮਾ ਸਭ ਥਾਈਂ ਵਿਆਪਕ ਹੈ, ਉਹ ਨਾ ਜੰਮਦਾ ਹੈ ਨਾ ਮਰਦਾ ਹੈ, ਨਾ ਆਉਂਦਾ
ਹੈ ਨਾ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਭੂ ਦਾ ਸਰੂਪ ਪੈਂਤੀ ਵਾਰ ਇਸ ਤਰ੍ਹਾਂ ਲਿਖਿਆ ਅਤੇ ਬਿਆਨ
ਕੀਤਾ ਹੋਇਆ ਮਿਲਦਾ ਹੈ;
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਰੱਬ ਕਿਥੇ ਵੱਸਦਾ ਹੈ ? ਰੱਬ ਸਾਰੇ ਜੀਵਾਂ ਦੇ ਅੰਦਰ ਹੀ ਵੱਸਦਾ ਹੈ।
ਰੱਬ ਕਿਸੇ ਸੱਤਵੇਂ ਆਕਾਸ਼ ਤੇ ਨਹੀਂ ਰਹਿੰਦਾ। ਸੰਸਾਰ ਦੀ ਸਾਰੀ ਰਚਨਾ ਪ੍ਰਭੂ ਦੀ ਹੀ ਰਚੀ ਹੋਈ ਹੈ
ਅਤੇ ਰੱਬ ਆਪ ਕੁਦਰਤ ਵਿੱਚ ਵੱਸਿਆ ਹੋਇਆ ਹੈ।
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ।।
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢ਼ੇਹਿ ।। ਪੰਨਾਂ ੧੩੭੮
ਭਗਤ ਕਬੀਰ ਜੀ: ਹੇਠ ਲਿਖੇ ਸ਼ਬਦਾਂ ਵਿੱਚ ਪ੍ਰਮਾਤਮਾ ਦੇ ਕੁੱਝ ਗੁਣ ਇਸ
ਤਰ੍ਹਾਂ ਦੱਸਦੇ ਹਨ ਕਿ;
੧. ਰਾਜਾਸ੍ਰਮ ਮਿਤਿ ਨਹੀ ਜਾਨੀ ਤੇਰੀ ॥
ਤੇਰੇ ਸੰਤਨ ਕੀ ਹਉ ਚੇਰੀ ॥੧॥ ਰਹਾਉ ॥
ਹਸਤੋ ਜਾਇ ਸੁ ਰੋਵਤੁ ਆਵੈ ਰੋਵਤੁ ਜਾਇ ਸੁ ਹਸੈ ॥
ਬਸਤੋ ਹੋਇ ਹੋਇ ਸੋੁ ਊਜਰੁ ਊਜਰੁ ਹੋਇ ਸੁ ਬਸੈ ॥੧॥
ਜਲ ਤੇ ਥਲ ਕਰਿ ਥਲ ਤੇ ਕੂਆ ਕੂਪ ਤੇ ਮੇਰੁ ਕਰਾਵੈ ॥
ਧਰਤੀ ਤੇ ਆਕਾਸਿ ਚਢਾਵੈ ਚਢੇ ਅਕਾਸਿ ਗਿਰਾਵੈ ॥੨॥
ਭੇਖਾਰੀ ਤੇ ਰਾਜੁ ਕਰਾਵੈ ਰਾਜਾ ਤੇ ਭੇਖਾਰੀ ॥
ਖਲ ਮੂਰਖ ਤੇ ਪੰਡਿਤੁ ਕਰਿਬੋ ਪੰਡਿਤ ਤੇ ਮੁਗਧਾਰੀ ॥੩॥
ਨਾਰੀ ਤੇ ਜੋ ਪੁਰਖੁ ਕਰਾਵੈ ਪੁਰਖਨ ਤੇ ਜੋ ਨਾਰੀ ॥
ਕਹੁ ਕਬੀਰ ਸਾਧੂ ਕੋ ਪ੍ਰੀਤਮੁ ਤਿਸੁ ਮੂਰਤਿ ਬਲਿਹਾਰੀ ॥੪॥੨॥ ਪੰਨਾਂ ੧੨੫੨
ਅਰਥ: ਹੇ ਉੱਚੇ ਮਹਲ ਵਾਲੇ ਪ੍ਰਭੂ ! ਮੇਰੇ ਕੋਲੋਂ ਤੇਰਾ ਤਾਂ ਕੀ,
ਤੇਰੀ ਕੁਦਰਤ ਦਾ ਭੀ ਅੰਤ ਨਹੀਂ ਪਾਇਆ ਜਾ ਸਕਦਾ
ਜਿਵੇਂ ਕੋਈ ਪੰਛੀ ਆਪਣੇ ਖੰਭਾਂ ਨਾਲ ਹਵਾ ਨੂੰ ਹੁਲਾਰਾ ਦੇ ਕੇ ਆਕਾਸ਼ ਵਿੱਚ ਉੱਡਦਾ ਹੈ, ਉਸੇ
ਤਰ੍ਹਾਂ ਉਹ ਗੁਰਮੁਖ ਪ੍ਰਭੂ ਦੇ ਨਾਮ-ਰਸ ਵਿੱਚ ਮਸਤ ਹੋ ਕੇ ਪੂਰਨ ਖਿੜਾਉ ਨੂੰ ਹਿਰਦੇ ਵਿੱਚ
ਟਿਕਾਉਂਦਾ ਹੈ ਅਤੇ ਸੋਚ-ਮੰਡਲ ਵਿੱਚ ਹੁਲਾਰਾ ਦੇ ਕੇ ਪ੍ਰਭੂ-ਚਰਨਾਂ ਵਿੱਚ ਉਡਾਰੀਆਂ ਲਾਉਂਦਾ ਹੈ।
ਉਸ ਗੁਰਮੁਖ ਦੀ ਉਸ ਅਡੋਲ ਅਤੇ ਅਫੁਰ ਅਵਸਥਾ ਵਿੱਚ ਉਸ ਦੇ ਅੰਦਰ ਕੋਮਲਤਾ ਮਾਨੋ, ਇੱਕ ਕੋਮਲ ਬੂਟਾ
ਉੱਗਦਾ ਹੈ, ਜੋ ਉਸ ਦੇ ਸਰੀਰ ਦੀ ਤ੍ਰਿਸ਼ਨਾ ਨੂੰ ਸੁਕਾ ਦਿੰਦਾ ਹੈ।
ਭਗਤ ਕਬੀਰ ਜੀ ਆਖਦੇ ਹਨ ਕਿ ਮੈਂ ਉਸ ਗੁਰਮੁਖ ਦਾ ਦਾਸ ਹਾਂ, ਜਿਸ ਨੇ ਆਪਣੇ ਅੰਦਰ ਉੱਗਿਆ ਹੋਇਆ ਇਹ
ਕੋਮਲ ਬੂਟਾ ਵੇਖਿਆ ਹੈ।
੩. ਬਿਲਾਵਲੁ ॥
ਕੋਊ ਹਰਿ ਸਮਾਨਿ ਨਹੀ ਰਾਜਾ ॥
ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ॥੧॥ ਰਹਾਉ ॥
ਤੇਰੋ ਜਨੁ ਹੋਇ ਸੋਇ ਕਤ ਡੋਲੈ ਤੀਨਿ ਭਵਨ ਪਰ ਛਾਜਾ ॥
ਹਾਥੁ ਪਸਾਰਿ ਸਕੈ ਕੋ ਜਨ ਕਉ ਬੋਲਿ ਸਕੈ ਨ ਅੰਦਾਜਾ ॥੧॥
ਚੇਤਿ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ ॥
ਕਹਿ ਕਬੀਰ ਸੰਸਾ ਭ੍ਰਮੁ ਚੂਕੋ ਧ੍ਰੂ ਪ੍ਰਹਿਲਾਦ ਨਿਵਾਜਾ ॥੨॥ ਪੰਨਾਂ ੮੫੬
ਅਰਥ: ਹੇ ਭਾਈ ! ਸੰਸਾਰ ਵਿੱਚ ਕੋਈ ਜੀਵ ਪ੍ਰਮਾਤਮਾ ਦੇ ਬਰਾਬਰ ਦਾ ਰਾਜਾ
ਨਹੀਂ ਹੈ। ਇਹ ਦੁਨੀਆਂ ਦੇ ਸਭ ਰਾਜੇ ਚਾਰ ਦਿਨਾਂ ਦੇ ਹੀ ਰਾਜੇ ਹੁੰਦੇ ਹਨ ਭਾਵ ਉਹ ਹਮੇਸ਼ਾਂ ਵਾਸਤੇ
ਰਾਜੇ ਨਹੀਂ ਰਹਿ ਸਕਦੇ ਪਰ ਇਹ ਲੋਕ ਆਪਣੇ ਰਾਜ ਦੇ ਪ੍ਰਤਾਪ ਦੇ ਝੂਠੇ ਵਿਖਾਵੇ ਕਰਦੇ ਹਨ।੧।ਰਹਾਉ।
ਹੇ ਪ੍ਰਭੂ ! ਜੋ ਜੀਵ ਤੇਰਾ ਦਾਸ ਹੋ ਕੇ ਰਹਿੰਦਾ ਹੈ ਉਹ ਇਨ੍ਹਾਂ ਦੁਨੀਆ ਦੇ ਰਾਜਿਆਂ ਦੇ ਸਾਹਮਣੇ
ਘਬਰਾਉਂਦਾ ਨਹੀਂ ਕਿਉਂਕਿ ਹੇ ਪ੍ਰਭੂ ! ਤੇਰੇ ਸੇਵਕ ਦਾ ਪ੍ਰਤਾਪ ਸਾਰੇ ਸੰਸਾਰ ਵਿੱਚ ਛਾਇਆ ਹੋਇਆ
ਹੁੰਦਾ ਹੈ। ਹੱਥ ਚੁੱਕਣਾ ਤਾਂ ਕਿਤੇ ਰਿਹਾ, ਤੇਰੇ ਸੇਵਕ ਦੇ ਸਾਹਮਣੇ ਉਹ ਉੱਚਾ ਬੋਲ ਭੀ ਬੋਲ ਨਹੀਂ
ਸਕਦੇ।
ਹੇ ਮੇਰੇ ਸੁਸਤ ਮਨ ! ਤੂੰ ਭੀ ਪ੍ਰਭੂ ਦਾ ਸਿਮਰਨ ਕਰ, ਤਾਂ ਜੋ ਤੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ
ਦੇ ਇੱਕ-ਰਸ ਵਾਜੇ ਵੱਜਣ ਲੱਗ ਜਾਣ ਅਤੇ ਤੈਨੂੰ ਦੁਨੀਆਂ ਦੇ ਰਾਜਿਆਂ ਤੋਂ ਕੋਈ ਘਬਰਾਹਟ ਨਾ ਹੋਵੇ।
ਭਗਤ ਕਬੀਰ ਜੀ ਆਖਦੇ ਹਨ ਕਿ ਜੋ ਜੀਵ ਪ੍ਰਭੂ ਦਾ ਸਿਮਰਨ ਕਰਦਾ ਹੈ, ਉਸ ਦਾ ਸਹਿਮ ਅਤੇ ਉਸ ਦੀ ਭਟਕਣਾ
ਸਭ ਦੂਰ ਹੋ ਜਾਂਦੇ ਹਨ। ਪ੍ਰਭੂ ਆਪਣੇ ਸੇਵਕ ਦੀ ਧ੍ਰੂ ਅਤੇ ਪ੍ਰਹਿਲਾਦ ਵਾਂਗ ਪਾਲਣਾ ਕਰਦਾ ਹੈ।
ਗੁਰੂ ਅਰਜਨ ਸਾਹਿਬ:
੪. ਦੇਵਗੰਧਾਰੀ ਮਹਲਾ ੫ ॥
ਮੈ ਬਹੁ ਬਿਧਿ ਪੇਖਿਓ ਦੂਜਾ ਨਾਹੀ ਰੀ ਕੋਊ ॥
ਖੰਡ ਦੀਪ ਸਭ ਭੀਤਰਿ ਰਵਿਆ ਪੂਰਿ ਰਹਿਓ ਸਭ ਲੋਊ ॥੧॥ ਰਹਾਉ ॥
ਅਗਮ ਅਗੰਮਾ ਕਵਨ ਮਹਿੰਮਾ ਮਨੁ ਜੀਵੈ ਸੁਨਿ ਸੋਊ ॥
ਚਾਰਿ ਆਸਰਮ ਚਾਰਿ ਬਰੰਨਾ ਮੁਕਤਿ ਭਏ ਸੇਵਤੋਊ ॥੧॥
ਗੁਰਿ ਸਬਦੁ ਦ੍ਰਿੜਾਇਆ ਪਰਮ ਪਦੁ ਪਾਇਆ ਦੁਤੀਅ ਗਏ ਸੁਖ ਹੋਊ ॥
ਕਹੁ ਨਾਨਕ ਭਵ ਸਾਗਰੁ ਤਰਿਆ ਹਰਿ ਨਿਧਿ ਪਾਈ ਸਹਜੋਊ ॥ ਪੰਨਾਂ ੫੩੫
ਅਰਥ: ਹੇ ਭੈਣ ! ਮੈਂ ਇਸ ਅਨੇਕਾਂ ਰੰਗਾਂ ਵਾਲੇ ਸੰਸਾਰ ਨੂੰ ਧਿਆਨ ਨਾਲ
ਵੇਖਿਆ ਹੈ । ਮੈਨੂੰ ਇਸ ਸੰਸਾਰ ਵਿੱਚ ਪ੍ਰਮਾਤਮਾ ਤੋਂ ਬਿਨ੍ਹਾਂ ਕੋਈ ਹੋਰ ਦਿੱਸਦਾ ਹੀ ਨਹੀਂ। ਹੇ
ਭੈਣ ! ਧਰਤੀ ਦੇ ਸਾਰੇ ਖੰਡਾਂ ਵਿੱਚ, ਦੇਸ਼ਾਂ ਵਿੱਚ, ਸਭ ਜੀਵਾਂ ਵਿੱਚ ਪ੍ਰਮਾਤਮਾ ਹੀ ਮੌਜ਼ੂਦ ਹੈ
ਅਤੇ ਸਭ ਭਵਨਾਂ ਵਿੱਚ ਪ੍ਰਮਾਤਮਾ ਹੀ ਵਿਆਪਕ ਹੈ।੧। ਰਹਾਉ।
ਹੇ ਭੈਣ ! ਪ੍ਰਮਾਤਮਾ ਅਪਹੁੰਚ ਹੈ, ਸਾਡੀ ਜੀਵਾਂ ਦੀ ਅਕਲ ਉਸ ਪ੍ਰਮਾਤਮਾ ਤੱਕ ਨਹੀਂ ਪਹੁੰਚ ਸਕਦੀ
ਅਤੇ ਉਸ ਪ੍ਰਮਾਤਮਾ ਦੀ ਵਡਿਆਈ ਨੂੰ ਕੋਈ ਭੀ ਬਿਆਨ ਨਹੀਂ ਕਰ ਸਕਦਾ।
ਹੇ ਭੈਣ ! ਉਸ ਪ੍ਰਮਾਤਮਾ ਦੀ ਸ਼ੋਭਾ ਸੁਣ-ਸੁਣ ਕੇ, ਮੇਰੇ ਮਨ ਨੂੰ ਆਤਮਕ ਜੀਵਨ ਮਿਲ ਰਿਹਾ ਹੈ।
ਚੌਹਾਂ ਆਸ਼੍ਰਮਾਂ, ਚੌਹਾਂ ਵਰਨਾਂ ਦੇ ਜੀਵ ਉਸ ਪ੍ਰਮਾਤਮਾ ਦੀ ਸੇਵਾ-ਭਗਤੀ ਕਰ ਕੇ ਮਾਇਆ ਦੇ ਬੰਧਨਾਂ
ਤੋਂ ਆਜ਼ਾਦ ਹੋ ਜਾਂਦੇ ਹਨ।
ਹੇ ਨਾਨਕ ! ਜਿਸ ਜੀਵ ਦੇ ਹਿਰਦੇ ਵਿੱਚ ਗੁਰੂ ਨੇ ਆਪਣਾ ਸ਼ਬਦ ਪੱਕਾ ਕਰ ਕੇ ਟਿਕਾ ਦਿੱਤਾ, ਉਸ ਜੀਵ
ਨੇ ਸਭ ਤੋਂ ਉੱਚਾ ਆਤਮਕ ਦਰਜ਼ਾ ਹਾਸਲ ਕਰ ਲਿਆ ਹੈ। ਉਸ ਜੀਵ ਦੇ ਅੰਦਰੋਂ ਮੇਰ-ਤੇਰ ਦੂਰ ਹੋ ਗਈ ਹੈ।
ਉਸ ਜੀਵ ਨੂੰ ਆਤਮਕ ਅਨੰਦ ਮਿਲ ਗਿਆ ਹੈ। ਉਸ ਜੀਵ ਨੇ ਸੰਸਾਰ-ਸਮੁੰਦਰ ਤਰ ਲਿਆ ਹੈ। ਉਸ ਜੀਵ ਨੂੰ
ਪ੍ਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਗਿਆ ਹੈ ਅਤੇ ਉਸ ਜੀਵ ਨੂੰ ਆਤਮਕ ਅਡੋਲਤਾ ਪ੍ਰਾਪਤ ਹੋ ਗਈ ਹੈ।
੫. ਦੇਵਗੰਧਾਰੀ ੫ ॥
ਜਾਨੀ ਨ ਜਾਈ ਤਾ ਕੀ ਗਾਤਿ ॥੧॥ ਰਹਾਉ ॥
ਕਹ ਪੇਖਾਰਉ ਹਉ ਕਰਿ ਚਤੁਰਾਈ ਬਿਸਮਨ ਬਿਸਮੇ ਕਹਨ ਕਹਾਤਿ ॥੧॥
ਗਣ ਗੰਧਰਬ ਸਿਧ ਅਰੁ ਸਾਧਿਕ ॥
ਸੁਰਿ ਨਰ ਦੇਵ ਬ੍ਰਹਮ ਬ੍ਰਹਮਾਦਿਕ ॥
ਚਤੁਰ ਬੇਦ ਉਚਰਤ ਦਿਨੁ ਰਾਤਿ ॥
ਅਗਮ ਅਗਮ ਠਾਕੁਰੁ ਆਗਾਧਿ ॥
ਗੁਨ ਬੇਅੰਤ ਬੇਅੰਤ ਭਨੁ ਨਾਨਕ ਕਹਨੁ ਨ ਜਾਈ ਪਰੈ ਪਰਾਤਿ ॥੨॥ ਪੰਨਾਂ ੫੩੫
ਪਦਅਰਥ: ਤਾ ਕੀ-ਉਸ ਪ੍ਰਮਾਤਮਾ ਦੀ, ਗਾਤਿ-ਆਤਮਕ ਅਵਸਥਾ; ਕਹ-ਕਿਥੇ?
ਪੇਖਾਰਉ-ਮੈਂ ਵਿਖਾਵਾਂ; ਬਿਸਮਨ ਬਿਸਮੇ-ਬਹੁਤ ਹੀ ਹੈਰਾਨ; ਕਹਨ-ਬਿਆਨ; ਕਹਾਤਿ-ਜੋ ਕਹਿੰਦੇ ਹਨ;
ਗਣ-ਸ਼ਿਵ ਜੀ ਦੇ ਸੇਵਕ; ਗੰਧਰਬ-ਦੇਵਤਿਆਂ ਦੇ ਰਾਗੀ; ਸਿਧ-ਕਰਾਮਾਤੀ ਜੋਗੀ; ਸਾਧਿਕ-ਜੋਗ ਸਾਧਨਾ ਕਰਨ
ਵਾਲੇ; ਸੁਰਿਨਰ-ਦੈਵੀ ਗੁਣਾਂ ਵਾਲੇ; ਬ੍ਰਹਮ-ਪ੍ਰਮਾਤਮਾ ਨੂੰ ਜਾਣਨ ਵਾਲੇ; ਬ੍ਰਹਮਾਦਿਕ-ਬ੍ਰਹਮਾ ਆਦਿ
ਵਰਗੇ ਦੇਵਤੇ; ਚਤੁਰ-ਚਾਰ; ਅਗਮ-ਅਪਹੁੰਚ; ਆਗਾਧਿ-ਅਥਾਹ; ਭਨੁ-ਆਖ; ਪਰੈ ਪਰਾਤਿ-ਪਰੇ ਤੋਂ ਪਰੇ।
ਅਰਥ: ਹੇ ਭਾਈ ! ਪ੍ਰਭੂ-ਪ੍ਰਮਾਤਮਾ ਦੀ ਆਤਮਕ ਅਵਸਥਾ ਸਮਝੀ ਨਹੀਂ ਜਾ ਸਕਦੀ। ਹੇ ਭਾਈ ! ਪ੍ਰਮਾਤਮਾ
ਕਿਹੋ ਜਿਹਾ ਹੈ-ਇਹ ਭੀ ਪੂਰੀ ਤਰ੍ਹਾਂ ਜਾਣਿਆ ਨਹੀਂ ਜਾ ਸਕਦਾ।੧। ਰਹਾਉ।
ਹੇ ਭਾਈ ! ਆਪਣੀ ਅਕਲ ਦੇ ਜ਼ੋਰ ਨਾਲ ਮੈਂ ਉਸ ਪ੍ਰਮਾਤਮਾ ਨੂੰ ਕਿਥੇ ਦਿਖਾਵਾਂ ? ਭਾਵ ਮੈਂ ਪ੍ਰਮਾਤਮਾ
ਨੂੰ ਕੀਤੇ ਨਹੀਂ ਦਿਖਾ ਸਕਦਾ ਕਿਉਂਕਿ ਉਹ ਰੂਪ ਅਤੇ ਰੇਖ ਤੋਂ ਨਿਆਰਾ ਹੈ। ਜਿਹੜੇ ਜੀਵ ਉਸ
ਪ੍ਰਮਾਤਮਾ ਨੂੰ ਬਿਆਨ ਕਰਨ ਦਾ ਜਤਨ ਕਰਦੇ ਹਨ ਉਹ ਭੀ ਹੈਰਾਨ ਹੀ ਰਹਿ ਜਾਂਦੇ ਹਨ ਕਿ ਉਸ ਪ੍ਰਮਾਤਮਾ
ਦਾ ਸਰੂਪ ਦੱਸਿਆ ਨਹੀਂ ਜਾ ਸਕਦਾ।
ਹੇ ਭਾਈ ! ਸ਼ਿਵ ਜੀ ਦੇ ਗੁਣ, ਦੇਵਤਿਆਂ ਦੇ ਰਾਗੀ, ਕਰਾਮਾਤੀ ਜੋਗੀ, ਜੋਗ-ਸਾਧਨਾਂ ਕਰਨ ਵਾਲੇ, ਦੈਵੀ
ਗੁਣਾਂ ਵਾਲੇ ਜੀਵ, ਦੇਵਤੇ, ਬ੍ਰਹਮ-ਗਿਆਨੀ, ਬ੍ਰਹਮਾ ਆਦਿ ਵੱਡੇ-ਵੱਡੇ ਦੇਵਤੇ, ਚਾਰੇ ਵੇਦ ਉਸ
ਪ੍ਰਮਾਤਮਾ ਦੇ ਗੁਣਾਂ ਦਾ ਦਿਨ-ਰਾਤ ਉਚਾਰਨ ਕਰਦੇ ਹਨ। ਪਰ ਫਿਰ ਭੀ ਉਸ ਪ੍ਰਮਾਤਮਾ ਤੱਕ ਆਪਣੀ ਅਕਲ
ਦੇ ਜ਼ੋਰ ਪਹੁੰਚ ਨਹੀਂ ਹੋ ਸਕਦੀ। ਉਹ ਪ੍ਰਮਾਤਮਾ ਅਪਹੁੰਚ ਅਤੇ ਅਥਾਹ ਹੈ।
ਹੇ ਨਾਨਕ ! ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਪ੍ਰਮਾਤਮਾ ਬੇਅੰਤ ਹੈ, ਉਸ
ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਉਹ ਪ੍ਰਮਾਤਮਾ ਪਰੇ ਤੋਂ ਪਰੇ ਹੈ।
ਗੁਰੂ ਨਾਨਕ ਸਾਹਿਬ: ਰੱਬ ਕਿਸੇ ਦਾ ਥਾਪਿਆ ਭਾਵ ਬਣਾਇਆ ਹੋਇਆ ਨਹੀਂ ਹੈ
ਅਤੇ ਨਾ ਹੀ ਉਸ ਨੂੰ ਕੋਈ ਬਣਾ ਸਕਦਾ ਹੈ। ਰੱਬ ਦੀ ਉਤਪਤੀ ਆਪਣੇ-ਆਪ ਤੋਂ ਹੋਈ ਹੈ;
੬. ਥਾਪਿਆ ਨ ਜਾਇ ਕੀਤਾ ਨ ਹੋਇ ॥
ਆਪੇ ਆਪਿ ਨਿਰੰਜਨੁ ਸੋਇ ॥
ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥
ਨਾਨਕ ਗਾਵੀਐ ਗੁਣੀ ਨਿਧਾਨੁ ॥
ਗਾਵੀਐ ਸੁਣੀਐ ਮਨਿ ਰਖੀਐ ਭਾਉ ॥
ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥
ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥
ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥
ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥
ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥
ਅਰਥ: ਅਕਾਲ ਪੁਰਖ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਕਿਉਂਕਿ ਉਹ ਨਿਰੋਲ ਆਪ
ਹੀ ਆਪ ਹੈ, ਨਾ ਉਹ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਜੀਵਾਂ ਦਾ ਬਣਾਇਆ ਬਣਦਾ ਹੈ।
ਇਸ ਲਈ ਆਓ ਅਕਾਲ ਪੁਰਖ ਦੇ ਗੁਣ ਗਾਵੀਏ ਅਤੇ ਸੁਣੀਏ ਅਤੇ ਆਪਣੇ ਮਨ ਵਿੱਚ ਉਸਦਾ ਪ੍ਰੇਮ ਟਿਕਾਈਏ। ਜੋ
ਜੀਵ ਇਹ ਆਹਰ ਕਰਦਾ ਹੈ, ਉਹ ਆਪਣਾ ਦੁੱਖ ਦੂਰ ਕਰਕੇ ਸੁੱਖ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ।
ਪਰ ਉਸ ਰੱਬ ਦਾ ਨਾਮ ਅਤੇ ਗਿਆਨ ਗੁਰੂ ਦੀ ਰਾਹੀਂ ਹੀ ਪ੍ਰਾਪਤ ਹੁੰਦਾ ਹੈ। ਗੁਰੂ ਦੀ ਰਾਹੀਂ ਹੀ ਇਹ
ਪਰਤੀਤ ਆਉਂਦੀ ਹੈ ਕਿ ਉਹ ਹਰੀ ਸਭ ਥਾਈਂ ਵਿਆਪਕ ਹੈ। ਗੁਰੂ ਹੀ ਸਾਡੇ ਲਈ ਸ਼ਿਵ ਹੈ, ਗੁਰੂ ਹੀ ਸਾਡੇ
ਲਈ ਗੋਰਖ ਅਤੇ ਬ੍ਰਹਮਾ ਹੈ ਅਤੇ ਗੁਰੂ ਹੀ ਸਾਡੇ ਲਈ ਪਾਰਬਤੀ ਮਾਈ ਹੈ।
ਉਂਝ ਅਕਾਲ ਪੁਰਖ ਦੇ ਹੁਕਮ ਨੂੰ ਜੇ ਮੈਂ ਸਮਝ ਭੀ ਲਵਾਂ, ਤਾਂ ਭੀ ਮੈਂ ਉਸ ਪ੍ਰਭੂ ਨੂੰ ਪੂਰੀ
ਤਰ੍ਹਾਂ ਵਰਣਨ ਨਹੀਂ ਕਰ ਸਕਦਾ। ਅਕਾਲ ਪੁਰਖ ਦੇ ਹੁਕਮ ਦਾ ਵੀ ਕਥਨ ਨਹੀਂ ਕੀਤਾ ਜਾ ਸਕਦਾ।
ਹੇ ਸਤਿਗੁਰੂ ! ਮੇਰੀ ਤਾਂ ਤੇਰੇ ਅੱਗੇ ਅਰਦਾਸ ਹੈ ਕਿ ਤੂੰ ਮੈਨੂੰ ਇੱਕ ਸਮਝ
ਦੇ ਕਿ ਉਹ ਪ੍ਰਮਾਤਮਾ, ਜਿਹੜਾ ਸਭਨਾਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਰੱਬ ਹੈ, ਮੈਂ ਉਸ ਨੂੰ
ਕਦੇ ਭੀ ਭੁਲਾ ਨਾ ਦੇਵਾਂ।
ਪ੍ਰੇਮ ਨਾਲ ਮਨ ਵਿੱਚ ਵਸਾ ਕੇ ਜੋ ਜੀਵ ਪ੍ਰਭੂ ਦੀ ਯਾਦ ਵਿੱਚ ਜੁੜਦਾ ਹੈ, ਉਸ ਦੇ ਹਿਰਦੇ ਵਿੱਚ ਸਦਾ
ਸੁਖ ਅਤੇ ਸ਼ਾਂਤੀ ਵਸ ਜਾਂਦੀ ਹੈ। ਪਰ ਇਹ ਯਾਦ, ਇਹ ਬੰਦਗੀ, ਗੁਰੂ ਕੋਲੋਂ ਹੀ ਮਿਲਦੀ ਹੈ। ਗੁਰੂ ਹੀ
ਇਹ ਦ੍ਰਿੜ ਕਰਵਾਉਂਦਾ ਹੈ ਕਿ ਪ੍ਰਭੂ ਹਰ ਥਾਂ ਵੱਸ ਰਿਹਾ ਹੈ ਅਤੇ ਗੁਰੂ ਦੇ ਰਾਹੀਂ ਹੀ ਜੀਵ ਦੀ
ਪ੍ਰਭੂ ਨਾਲੋਂ ਵਿੱਥ ਦੂਰ ਹੁੰਦੀ ਹੈ। ਇਸ ਲਈ ਗੁਰੂ ਕੋਲੋਂ ਹੀ ਬੰਦਗੀ ਦੀ ਦਾਤ ਮੰਗਣੀ ਚਾਹੀਦੀ ਹੈ।
੭. ਅੰਤੁ ਨ ਸਿਫਤੀ ਕਹਣਿ ਨ ਅੰਤੁ ॥
ਅੰਤੁ ਨ ਕਰਣੈ ਦੇਣਿ ਨ ਅੰਤੁ ॥
ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥
ਅੰਤੁ ਨ ਜਾਪੈ ਕਿਆ ਮਨਿ ਮੰਤੁ ॥
ਅੰਤੁ ਨ ਜਾਪੈ ਕੀਤਾ ਆਕਾਰੁ ॥
ਅੰਤੁ ਨ ਜਾਪੈ ਪਾਰਾਵਾਰੁ ॥
ਅੰਤ ਕਾਰਣਿ ਕੇਤੇ ਬਿਲਲਾਹਿ ॥
ਤਾ ਕੇ ਅੰਤ ਨ ਪਾਏ ਜਾਹਿ ॥
ਏਹੁ ਅੰਤੁ ਨ ਜਾਣੈ ਕੋਇ ॥
ਬਹੁਤਾ ਕਹੀਐ ਬਹੁਤਾ ਹੋਇ ॥
ਵਡਾ ਸਾਹਿਬੁ ਊਚਾ ਥਾਉ ॥
ਊਚੇ ਉਪਰਿ ਊਚਾ ਨਾਉ ॥
ਏਵਡੁ ਊਚਾ ਹੋਵੈ ਕੋਇ ॥
ਤਿਸੁ ਊਚੇ ਕਉ ਜਾਣੈ ਸੋਇ ॥
ਜੇਵਡੁ ਆਪਿ ਜਾਣੈ ਆਪਿ ਆਪਿ ॥
ਨਾਨਕ ਨਦਰੀ ਕਰਮੀ ਦਾਤਿ ॥੨੪॥
ਪਦਅਰਥ: ਸਿਫਤੀ-ਸਿਫ਼ਤਾਂ ਦਾ; ਕਹਣਿ-ਕਹਿਣ ਅਤੇ ਦੱਸਣ ਨਾਲ; ਕਰਣੈ-ਬਣਾਈ ਹੋਈ
ਕੁਦਰਤ ਦਾ; ਦੇਣਿ-ਦਾਤਾਂ ਦੇਣ ਨਾਲ; ਵੇਖਣਿ, ਸੁਣਣਿ-ਵੇਖਣ ਅਤੇ ਸੁਣਨ ਨਾਲ; ਨ ਜਾਪੈ-ਨਹੀਂ
ਦਿੱਸਦਾ; ਮੰਤੁ-ਸਲਾਹ; ਕੀਤਾ-ਬਣਾਇਆ ਹੋਇਆ; ਪਾਰਾਵਾਰੁ-ਪਾਰਲਾ ਅਤੇ ਉਰਲਾ ਬੰਨਾ; ਅੰਤ ਕਾਰਣਿ-ਰੱਬ
ਦਾ ਹੱਦ-ਬੰਨਾ ਲੱਭਣ ਲਈ; ਕੇਤੇ-ਅਨੇਕਾਂ ਜੀਵ; ਬਿਲਲਾਹਿ-ਤਰਲੇ ਲੈਂਦੇ ਹਨ; ਏਹੁ ਅੰਤ-ਰੱਬ ਦਾ
ਹੱਦ-ਬੰਨਾ; ਬਹੁਤਾ ਕਹੀਐ-ਜਿਉਂ ਜਿਉਂ ਅਕਾਲ ਪੁਰਖ ਨੂੰ ਵੱਡਾ ਆਖੀ ਜਾਈਏ; ਥਾਉ-ਅਕਾਲ ਪੁਰਖ ਦੇ
ਨਿਵਾਸ ਦਾ ਟਿਕਾਣਾ; ਉਚੇ ਉਪਰਿ ਊਚਾ-ਉੱਚੇ ਤੋਂ ਉੱਚਾ ਭਾਵ ਬਹੁਤ ਉੱਚਾ; ਨਾਉ-ਵਡਿਆਈ;
ਏਵਡੁ-ਇਨ੍ਹਾਂ ਵੱਡਾ; ਹੋਵੈ ਕੋਇ-ਜੇ ਕੋਈ ਜੀਵ ਹੋਵੇ; ਤਿਸੁ ਊਚੇ ਕਉ-ਉਸ ਉੱਚੇ ਅਕਾਲ ਪੁਰਖ ਨੂੰ;
ਸੋਇ-ਉਹ ਜੀਵ ਹੀ; ਜੇਵਡੁ-ਜਿਨ੍ਹਾਂ ਵੱਡਾ; ਜਾਣੈ-ਜਾਣਦਾ ਹੈ; ਆਪਿ ਆਪਿ-ਕੇਵਲ ਆਪ ਹੀ ਜਾਣਦਾ ਹੈ;
ਨਦਰੀ-ਮਿਹਰ ਦੀ ਨਜ਼ਰ ਕਰਨ ਵਾਲਾ ਪ੍ਰਮਾਤਮਾ; ਕਰਮੀ-ਬਖ਼ਸ਼ਸ਼ ਨਾਲ; ਦਾਤਿ-ਬਖ਼ਸ਼ਸ਼; ਬਹੁਤ ਹੋਇ-ਤਿਉਂ ਤਿਉਂ
ਉਹ ਹੋਰ ਵੱਡਾ ਪਰਤੀਤ ਹੋਣ ਲੱਗ ਪੈਂਦਾ ਹੈ।
ਅਰਥ: ਅਕਾਲ ਪੁਰਖ ਦੇ ਗੁਣਾਂ ਦਾ ਕੋਈ ਹੱਦ-ਬੰਨਾ ਨਹੀਂ ਹੈ, ਗਿਣਨ ਨਾਲ ਭੀ ਉਸ ਦੇ ਗੁਣਾਂ ਦਾ ਅੰਤ
ਨਹੀਂ ਪਾਇਆ ਜਾ ਸਕਦਾ ਅਤੇ ਉਸ ਦੇ ਗੁਣ ਗਿਣੇ ਨਹੀਂ ਜਾ ਸਕਦੇ।
ਅਕਾਲ ਪੁਰਖ ਦੀ ਰਚਨਾ ਅਤੇ ਦਾਤਾਂ ਦਾ ਅੰਤ ਨਹੀਂ ਪੈ ਸਕਦਾ। ਵੇਖਣ ਅਤੇ ਸੁਣਨ ਨਾਲ ਭੀ ਉਸ
ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਸ ਅਕਾਲ ਪੁਰਖ ਦੇ ਮਨ ਵਿੱਚ ਕਿਹੜੀ ਸਲਾਹ
ਹੈ-ਇਸ ਗੱਲ ਦਾ ਭੀ ਅੰਤ ਨਹੀਂ ਪਾਇਆ ਜਾ ਸਕਦਾ।
ਅਕਾਲ ਪੁਰਖ ਨੇ ਹੀ ਇਹ ਦਿੱਸ ਰਿਹਾ ਸਾਰਾ ਸੰਸਾਰ ਬਣਾਇਆ ਹੈ, ਪਰ ਪ੍ਰਮਾਤਮਾ ਦੇ ਅੰਤ, ਉਸ ਦਾ ਉਰਲਾ
ਅਤੇ ਪਰਲਾ ਬੰਨਾ ਨਹੀਂ ਦਿੱਸਦਾ।
ਅਨੇਕਾਂ ਜੀਵ ਅਕਾਲ ਪੁਰਖ ਦਾ ਹੱਦ-ਬੰਨਾ ਲੱਭਣ ਲਈ ਤਰਲੈ ਲੈ ਰਹੇ ਹਨ, ਪਰ ਉਸ ਪ੍ਰਭੂ ਦੇ ਹੱਦ-ਬੰਨੇ
ਲੱਭੇ ਨਹੀਂ ਜਾ ਸਕਦੇ।
ਬੇਅੰਤ ਜੀਵ ਅਕਾਲ ਪੁਰਖ ਦੇ ਗੁਣਾਂ ਦੀ ਹੱਦ ਨੂੰ ਭਾਲ ਰਹੇ ਹਨ ਪਰ ਕੋਈ ਵੀ ਜੀਵ ਅਕਾਲ ਪੁਰਖ ਦੇ
ਗੁਣਾਂ ਦਾ ਇਹ ਹੱਦ-ਬੰਨਾ ਨਹੀਂ ਪਾ ਸਕਦਾ।
ਜਿਉਂ ਜਿਉਂ ਇਹ ਗੱਲ ਆਖੀ ਜਾਈਏ ਕਿ ਉਹ ਅਕਾਲ-ਪੁਰਖ ਵੱਡਾ ਹੈ, ਤਿਉਂ ਤਿਉਂ ਉਹ ਹੋਰ ਵੱਡਾ ਅਤੇ ਹੋਰ
ਵੱਡਾ ਪਰਤੀਤ ਹੋਣ ਲੱਗ ਜਾਂਦਾ ਹੈ।
ਅਕਾਲ ਪੁਰੱਖ ਵੱਡਾ ਹੈ, ਉਸ ਦਾ ਟਿਕਾਣਾ ਭੀ ਉੱਚਾ ਹੈ। ਉਸ ਦਾ ਨਾਮ ਭੀ ਉੱਚਾ ਹੈ। ਜੇ ਕੋਈ ਹੋਰ
ਜੀਵ ਉਸ ਪ੍ਰਭੂ ਜਿਨ੍ਹਾਂ ਵੱਡਾ ਹੋਵੇ, ਉਹ ਜੀਵ ਹੀ ਅਕਾਲ ਪੁਰਖ ਨੂੰ ਸਮਝ ਸਕਦਾ ਹੈ ਕਿ ਉਹ
ਕਿਨ੍ਹਾਂ ਵੱਡਾ ਹੈ।
ਅਕਾਲ ਪੁਰਖ ਆਪ ਹੀ ਜਾਣਦਾ ਹੈ ਕਿ ਉਹ ਆਪ ਕਿਨ੍ਹਾਂ ਵੱਡਾ ਹੈ। ਕੋਈ ਜੀਵ ਅਕਾਲ ਪੁਰਖ ਦਾ ਅੰਤ ਨਹੀਂ
ਪਾ ਸਕਦਾ।
ਹੇ ਨਾਨਕ ! ਹਰੇਕ ਦਾਤ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖ਼ਸ਼ਸ਼ ਨਾਲ ਹੀ ਮਿਲਦੀ ਹੈ।
ਸਿੱਟਾ: ਪ੍ਰਭੂ ਬੇਅੰਤ ਗੁਣਾਂ ਦਾ ਮਾਲਕ ਹੈ, ਉਸ ਦੀ ਪੈਦਾ ਕੀਤੀ ਰਚਨਾ ਭੀ
ਬੇਅੰਤ ਹੈ। ਜਿਉਂ ਜਿਉਂ ਉਸ ਦੇ ਗੁਣਾਂ ਵਲ ਧਿਆਨ ਮਾਰੀਏ, ਉਹ ਹੋਰ ਵੱਡਾ ਪਰਤੀਤ ਹੋਣ ਲੱਗ ਜਾਂਦਾ
ਹੈ ਕਿ ਸੰਸਾਰ ਵਿੱਚ ਨਾ ਪ੍ਰਭੂ ਜਿਨ੍ਹਾਂ ਕੋਈ ਵੱਡਾ ਹੈ ਹੀ ਅਤੇ ਇਸ ਵਾਸਤੇ ਨਾ ਹੀ ਕੋਈ ਇਹ ਦੱਸ
ਸਕਦਾ ਹੈ ਕਿ ਪ੍ਰਭੂ ਕਿਨ੍ਹਾਂ ਵੱਡਾ ਹੈ।
੮. ਆਸਾ ਮਹਲਾ ੧ ॥
ਸੁਣਿ ਵਡਾ ਆਖੈ ਸਭੁ ਕੋਇ ॥
ਕੇਵਡੁ ਵਡਾ ਡੀਠਾ ਹੋਇ ॥
ਕੀਮਤਿ ਪਾਇ ਨ ਕਹਿਆ ਜਾਇ ॥
ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥
ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥
ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥
ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥
ਸਭ ਕੀਮਤਿ ਮਿਲਿ ਕੀਮਤਿ ਪਾਈ ॥
ਗਿਆਨੀ ਧਿਆਨੀ ਗੁਰ ਗੁਰਹਾਈ ॥
ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥੨॥
ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥
ਸਿਧਾ ਪੁਰਖਾ ਕੀਆ ਵਡਿਆਈਆ ॥
ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥
ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥
ਆਖਣ ਵਾਲਾ ਕਿਆ ਵੇਚਾਰਾ ॥
ਸਿਫਤੀ ਭਰੇ ਤੇਰੇ ਭੰਡਾਰਾ ॥
ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ॥
ਨਾਨਕ ਸਚੁ ਸਵਾਰਣਹਾਰਾ ॥੪॥ ਪੰਨਾਂ ੯
ਅਰਥ: ਹੇ ਮੇਰੇ ਵੱਡੇ ਮਾਲਕ ਪ੍ਰਭੂ ! ਤੂੰ ਮਾਨੋ, ਇੱਕ ਡੂੰਘਾ ਸਮੁੰਦਰ
ਹੈਂ, ਤੂੰ ਬੜੇ ਜਿਗਰੇ ਵਾਲਾ ਹੈਂ ਅਤੇ ਤੂੰ ਬੇਅੰਤ ਗੁਣਾਂ ਵਾਲਾ ਹੈਂ। ਕੋਈ ਭੀ ਜੀਵ ਇਹ ਨਹੀਂ ਜਾਣ
ਸਕਦਾ ਕਿ ਤੇਰਾ ਕਿਨ੍ਹਾਂ ਵੱਡਾ ਵਿਸਥਾਰ ਹੈ।੧। ਰਹਾਉ।
ਹਰੇਕ ਜੀਵ ਹੋਰ ਜੀਵਾਂ ਕੋਲੋਂ ਕੇਵਲ ਸੁਣ ਕੇ ਹੀ ਆਖ ਦਿੰਦਾ ਹੈ ਕਿ ਹੇ ਪ੍ਰਭੂ ! ਤੂੰ ਵੱਡਾ ਹੈਂ।
ਪਰ ਤੂੰ ਕਿਨ੍ਹਾਂ ਵੱਡਾ ਹੈਂ ਅਤੇ ਕਿਨ੍ਹਾਂ ਬੇਅੰਤ ਹੈਂ ਇਹ ਗੱਲ ਤੇਰਾ ਦਰਸ਼ਨ ਕਰਨ ਨਾਲ ਹੀ ਦੱਸੀ
ਜਾ ਸਕਦੀ ਹੈ। ਤੇਰਾ ਦਰਸ਼ਨ ਕਰਨ ਨਾਲ ਹੀ ਦੱਸਿਆ ਜਾ ਸਕਦਾ ਹੈ ਕਿ ਤੂੰ ਬਹੁਤ ਬੇਅੰਤ ਹੈਂ। ਹੇ
ਪ੍ਰਭੂ ! ਤੇਰੇ ਬਰਾਬਰ ਦਾ ਹੋਰ ਕੋਈ ਦੱਸਿਆ ਨਹੀਂ ਹੈ ਅਤੇ ਤੇਰੇ ਸਰੂਪ ਬਿਆਨ ਨਹੀਂ ਕੀਤਾ ਜਾ
ਸਕਦਾ। ਹੇ ਪ੍ਰਭੂ ! ਤੇਰੀ ਵਡਿਆਈ ਆਖਣ ਵਾਲੇ ਸਾਰੇ ਜੀਵ ਆਪਾ ਭੁੱਲ ਕੇ ਤੇਰੇ ਵਿੱਚ ਹੀ ਲੀਨ ਹੋ
ਜਾਂਦੇ ਹਨ।
ਹੇ ਪ੍ਰਭੂ ! ਤੂੰ ਕਿਨ੍ਹਾਂ ਵੱਡਾ ਹੈਂ; ਇਹ ਗੱਲ ਲੱਭਣ ਵਾਸਤੇ ਸਮਾਧੀਆਂ ਲਾਉਣ ਵਾਲੇ ਕਈ
ਵੱਡੇ-ਵੱਡੇ ਪ੍ਰਸਿੱਧ ਜੋਗੀਆਂ ਨੇ ਧਿਆਨ ਜੋੜਨ ਦੇ ਜਤਨ ਕੀਤੇ , ਬਾਰ-ਬਾਰ ਫਿਰ ਜਤਨ ਕੀਤੇ,
ਵੱਡੇ-ਵੱਡੇ ਪ੍ਰਸਿੱਧ ਸ਼ਾਸਤ੍ਰ-ਵੇੱਤਾ ਵਿਚਾਰਵਾਨਾਂ ਨੇ ਆਪਸ ਵਿੱਚ ਇੱਕ ਦੂਜੇ ਦੀ ਸਹਾਇਤਾ ਲੈ ਕੇ,
ਤੇਰੇ ਬਰਾਬਰ ਦੀ ਕੋਈ ਹਸਤੀ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਹ ਤੇਰੀ ਵਡਿਆਈ ਦਾ ਇੱਕ ਥੋੜ੍ਹਾ
ਜਿਨ੍ਹਾਂ ਭੀ ਹਿੱਸਾ ਨਹੀਂ ਦੱਸ ਸਕੇ।
ਕੀ ਵਿਚਾਰਵਾਨ ਅਤੇ ਕੀ ਸਿਧ ਜੋਗੀ ? ਤੇਰੀ ਵਡਿਆਈ ਦਾ ਅੰਦਾਜ਼ਾ ਤਾਂ ਕੋਈ ਭੀ ਨਹੀਂ ਲਾ ਸਕਿਆ। ਪਰ
ਵਿਚਾਰਵਾਨਾਂ ਦੇ ਸਾਰੇ ਭਲੇ ਕੰਮ, ਸਾਰੇ ਤਪ ਅਤੇ ਸਾਰੇ ਗੁਣ, ਸਿੱਧਾਂ ਲੋਕਾਂ ਦੀਆਂ
ਰਿੱਧੀਆਂ-ਸਿੱਧੀਆਂ ਆਦਿ, ਵੱਡੇ ਵੱਡੇ ਕੰਮ-ਇਹ ਕਾਮਯਾਬੀ ਕਿਸੇ ਨੂੰ ਭੀ ਤੇਰੀ ਸਹਾਇਤਾ ਤੋਂ
ਬਿਨ੍ਹਾਂ ਹਾਸਲ ਨਹੀਂ ਹੋਈ। ਜੇ ਇਹ ਸਿੱਧੀ ਪ੍ਰਾਪਤੀ ਕਿਸੇ ਨੂੰ ਪ੍ਰਾਪਤ ਹੋਈ ਹੈ ਤਾਂ ਇਹ ਤੇਰੀ
ਮਿਹਰ ਨਾਲ ਹੀ ਪ੍ਰਾਪਤ ਹੋਈ ਹੈ। ਕੋਈ ਹੋਰ ਜੀਵ ਉਸ ਪ੍ਰਾਪਤੀ ਦੇ ਰਾਹ ਵਿੱਚ ਰੋਕ ਨਹੀਂ ਪਾ ਸਕਿਆ।
ਹੇ ਪ੍ਰਭੂ ! ਤੇਰੇ ਗੁਣਾਂ ਦੇ ਮਾਨੋ ਖ਼ਜ਼ਾਨੇ ਭਰੇ ਹੋਏ ਹਨ। ਜੀਵ ਦੀ ਕੋਈ ਪਾਂਇਆਂ ਨਹੀਂ ਕਿ ਇਨ੍ਹਾਂ
ਗੁਣਾਂ ਨੂੰ ਬਿਆਨ ਕਰ ਸਕੇ।
ਹੇ ਪ੍ਰਮਾਤਮਾ ! ਜਿਸ ਜੀਵ ਨੂੰ ਤੂੰ ਸਿਫ਼ਤ-ਸਾਲਾਹ ਕਰਨ ਦੀ ਦਾਤ ਬਖ਼ਸ਼ਦਾ ਹੈਂ; ਉਸ ਦੇ ਰਾਹ ਵਿੱਚ
ਰੁਕਾਵਟ ਪਾਉਣ ਲਈ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ। ਹੇ ਨਾਨਕ ! ਸਦਾ ਕਾਇਮ ਰਹਿਣ ਵਾਲਾ ਪ੍ਰਭੂ
ਭਾਗਾਂ ਵਾਲੇ ਜੀਵ ਨੂੰ ਸੋਝੀ ਦੇਣ ਵਾਲਾ ਆਪ ਹੀ ਹੈਂ।
੯. ਰਾਮਕਲੀ ਮ: ੧॥
ਅਰਥ: ਉਸ ਸਰਬ-ਸਿਰਜਣਹਾਰ ਅਤੇ ਸਰਬ-ਵਿਆਪਕ ਪ੍ਰਭੂ ਦੀ ਸਿਫ਼ਤ-ਸਾਲਾਹ ਦੀ
ਬਰਕਤ ਨਾਲ ਜੀਵ ਨੂੰ ਵਿਕਾਰਾਂ ਤੋਂ ਖ਼ਲਾਸੀ ਅਤੇ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ
ਹੈ। ਅਜਿਹਾ ਗਿਆਨ ਕੋਈ ਵਿਰਲਾ ਗੁਰਮੁਖ ਹੀ ਵਿਚਾਰਦਾ ਹੈ।੧। ਰਹਾਉ।
ਜਿਵੇਂ ਸਮੁੰਦਰ ਵਿੱਚ ਪਾਣੀ ਦੀਆਂ ਬੂੰਦਾਂ ਹਨ ਅਤੇ ਬੂੰਦਾਂ ਵਿੱਚ ਸਮੁੰਦਰ ਵਿਆਪਕ ਹੈ, ਉਸੇ
ਤਰ੍ਹਾਂ ਸਾਰੇ ਜੀਅ ਜੰਤ ਪ੍ਰਮਾਤਮਾ ਵਿੱਚ ਵੱਸਦੇ ਹਨ ਅਤੇ ਸਾਰੇ ਜੀਵਾਂ ਵਿੱਚ ਪ੍ਰਮਾਤਮਾ ਵਿਆਪਕ
ਹੈ। ਉਤਭੁਜ ਆਦਿ ਚਾਰ ਖਾਣੀਆਂ ਦੀ ਰਾਹੀਂ ਉਤਪੱਤੀ ਦਾ ਤਮਾਸ਼ਾ ਰਚ ਕੇ ਪ੍ਰਭੂ ਆਪ ਹੀ ਵੇਖ ਰਿਹਾ ਹੈ
ਅਤੇ ਆਪ ਹੀ ਇਸ ਅਸਲੀਅਤ ਨੂੰ ਸਮਝਦਾ ਹੈ। ਕੋਈ ਵਿਰਲਾ ਜੀਵ ਹੀ ਇਸ ਭੇਤ ਨੂੰ ਬੁੱਝ ਸਕਦਾ ਹੈ ਅਤੇ
ਪ੍ਰਮਾਤਮਾ ਦੀ ਇਸ ਖੇਲ ਨੂੰ ਸਮਝ ਸਕਦਾ ਹੈ।
ਦਿਨ ਦੇ ਚਾਨਣ ਵਿੱਚ ਰਾਤ ਦਾ ਹਨੇਰਾ ਲੀਨ ਹੋ ਜਾਂਦਾ ਹੈ, ਰਾਤ ਦੇ ਹਨੇਰੇ ਵਿੱਚ ਸੂਰਜ ਦਾ ਚਾਨਣ
ਮੁੱਕ ਜਾਂਦਾ ਹੈ। ਇਹੀ ਹਾਲਤ ਗਰਮੀ ਦੀ ਅਤੇ ਠੰਢ ਦੀ ਹੈ ਕਿਉਂਕਿ ਕਦੇ ਗਰਮੀ ਹੈ ਕਦੇ ਠੰਢ, ਇਹ
ਸਾਰੀ ਖੇਡ ਉਸ ਪ੍ਰਮਾਤਮਾ ਦੀ ਬਣਾਈ ਹੋਈ ਹੈ। ਉਹ ਪ੍ਰਮਾਤਮਾ ਕਿਹੋ ਜਿਹਾ ਹੈ ਅਤੇ ਕਿਨ੍ਹਾਂ ਵੱਡਾ
ਹੈ; ਇਹ ਗੱਲ ਪ੍ਰਮਾਤਮਾ ਤੋਂ ਬਿਨ੍ਹਾਂ ਕੋਈ ਹੋਰ ਨਹੀਂ ਜਾਣ ਸਕਦਾ। ਗੁਰੂ ਤੋਂ ਬਿਨ੍ਹਾਂ ਇਹ ਸਮਝ
ਨਹੀਂ ਆਉਂਦੀ ਕਿ ਅਕਾਲ ਪੁਰਖ ਕਿਨ੍ਹਾਂ ਬੇਅੰਤ ਅਤੇ ਅਕੱਥ ਹੈ।
ਹੇ ਪ੍ਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ ਜੀਵ ! ਵੇਖ ਅਚਰਜ ਖੇਡ ! ਮਨੁੱਖਾਂ ਦੇ ਵੀਰਜ ਤੋਂ
ਇਸਤ੍ਰੀਆਂ ਪੈਦਾ ਹੋ ਜਾਂਦੀਆਂ ਹਨ ਅਤੇ ਇਸਤ੍ਰੀਆਂ ਤੋਂ ਮਨੁੱਖ ਜੰਮਦੇ ਹਨ। ਪ੍ਰਮਾਤਮਾ ਦੀ ਕੁਦਰਤ
ਦੀ ਕਹਾਣੀ ਬਿਆਨ ਨਹੀਂ ਹੋ ਸਕਦੀ। ਪਰ ਜਿਹੜਾ ਪ੍ਰਾਣੀ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਉਹ
ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿੱਚ ਆਪਣੀ ਸੁਰਤ ਜੋੜ ਲੈਂਦਾ ਹੈ ਅਤੇ ਉਸ ਸੁਰਤ ਵਿੱਚੋਂ
ਪ੍ਰਮਾਤਮਾ ਨਾਲ ਜਾਣ-ਪਛਾਣ ਪਾ ਲੈਂਦਾ ਹੈ।
ਹੇ ਨਾਨਕ ! ਮੈਂ ਉਨ੍ਹਾਂ ਗੁਰਮੁਖਾਂ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਪ੍ਰਮਾਤਮਾ ਦੀ ਸਿਫ਼ਤ-ਸਾਲਾਹ
ਦੀ ਬਾਣੀ ਵਿੱਚ ਸੁਰਤ ਜੋੜੀ ਹੋਈ ਹੈ। ਉਨ੍ਹਾਂ ਦੇ ਮਨ ਵਿੱਚ ਅਕਾਲ ਪੁਰਖ ਦੀ ਜੋਤ ਪਰਗਟ ਹੋ ਜਾਂਦੀ
ਹੈ, ਪ੍ਰਮਾਤਮਾ ਦੀ ਯਾਦ ਵਿੱਚ ਉਨ੍ਹਾਂ ਦਾ ਮਨ ਸਦਾ ਲੀਨ ਰਹਿੰਦਾ ਹੈ ਅਤੇ ਉਨ੍ਹਾਂ ਦੇ ਪੰਜੇ
ਗਿਆਨ-ਇੰਦ੍ਰੇ ਇੱਕ ਪ੍ਰਮਾਤਮਾ ਇਸ਼ਟ ਵਾਲੇ ਹੋ ਕੇ ਭਟਕਣੋਂ ਹਟ ਜਾਂਦੇ ਹਨ।
੧੦. ਗਉੜੀ ਚੇਤੀ ਮਹਲਾ ੧ ॥
ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥
ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥
ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥
ਕਹੇ ਨ ਜਾਨੀ ਅਉਗਣ ਮੇਰੇ ॥੧॥ ਰਹਾਉ ॥
ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ ॥
ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ॥੨॥
ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ ॥
ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ॥੩॥
ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ ॥
ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ ॥੪॥
ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥
ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥੫॥
ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥
ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ ॥੬॥ ਪੰਨਾਂ ੧੫੬
ਪਦਅਰਥ: ਕਤ ਕੀ-ਕਦੋਂ ਦੀ? ਕੇਰਾ-ਦਾ; ਕਤ ਕੇਰਾ-ਕਦੋਂ ਦਾ ? ਕਿਦੂ-ਕਿਸ
ਤੋਂ? ਕਿਦੂ ਥਾਵਹੁ-ਕਿਸ ਥਾਂ ਤੋਂ? ਬਿੰਬ-ਮੰਡਲ; ਅਗਨਿ ਬਿੰਬ-ਮਾਂ ਦੇ ਪੇਟ ਦੀ ਅੱਗ; ਜਲ-ਪਿਤਾ ਦਾ
ਬੀਰਜ; ਨਿਪਜੇ-ਮਾਂ ਦੇ ਪੇਟ ਵਿਚ ਟਿਕਾਏ ਗਏ; ਕਾਹੇ ਕੰਮਿ-ਕਿਸ ਵਾਸਤੇ? ਜਾਣੈ-ਡੂੰਘੀ ਸਾਂਝ ਪਾ
ਸਕਦਾ ਹੈ; ਕਹੇ ਨ ਜਾਨੀ-ਗਿਣੇ ਨਹੀਂ ਜਾਂਦੇ; ਚੀਨੇ-ਵੇਖੇ; ਨਾਗ-ਸੱਪ; ਪੰਖ-ਪੰਛੀ; ਪਟਣ-ਸ਼ਹਰ;
ਬਿਜ-ਪੱਕੇ; ਨਵ ਖੰਡ-ਨੌ ਖੰਡਾਂ ਵਾਲੀ ਸਾਰੀ ਧਰਤੀ; ਘਟ ਹੀ ਮਹਿ-ਆਪਣੇ ਅੰਦਰ ਹੀ; ਨੀਰਿ-ਪਾਣੀ ਨਾਲ;
ਤੇਤੇ- ਬੇਅੰਤ; ਵਗੈ-ਚੱਲ ਰਹੀ ਹੈ; ਕਾਤੀ-ਤ੍ਰਿਸ਼ਨਾ ਦੀ ਛੁਰੀ।
ਅਰਥ: ਹੇ ਮੇਰੇ ਮਾਲਕ ਪ੍ਰਭੂ ! ਮੇਰੇ ਅੰਦਰ ਇਨ੍ਹੇ ਔਗੁਣ ਹਨ ਕਿ ਉਹ ਗਿਣੇ ਨਹੀਂ ਜਾ ਸਕਦੇ। ਸਾਡੇ
ਅੰਦਰ ਅਣਗਿਣਤ ਔਗੁਣ ਹੋਣ ਕਰਕੇ ਕੋਈ ਭੀ ਜੀਵ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ ਅਤੇ ਤੇਰੀ
ਸਿਫ਼ਤ-ਸਾਲਾਹ ਵਿੱਚ ਨਹੀਂ ਜੁੜ ਸਕਦਾ।੧। ਰਹਾਉ।
ਹੇ ਮੇਰੇ ਸਾਹਿਬ ! ਅਣਗਿਣਤ ਔਗੁਣਾਂ ਦੇ ਕਾਰਨ ਹੀ ਸਾਨੂੰ ਅਨੇਕਾਂ ਜੂਨਾਂ ਵਿੱਚ ਭਟਕਣਾ ਪੈ ਰਿਹਾ
ਹੈ। ਅਸੀਂ ਜੀਵ ਇਹ ਨਹੀਂ ਦੱਸ ਸਕਦੇ ਕਿ ਕਿਸ ਜੂਨ ਦੀ ਸਾਡੀ ਕੋਈ ਮਾਂ ਹੈ ਅਤੇ ਕਿਸ ਜੂਨ ਦਾ ਸਾਡਾ
ਕੋਈ ਬਾਪ ਹੈ ? ਕਿਸ ਕਿਸ ਥਾਂ ਤੋਂ ਅਤੇ ਕਿਸ ਜੂਨ ਵਿੱਚੋਂ ਹੋ ਕੇ ਅਸੀਂ ਹੁਣ ਮੌਜ਼ੂਦਾ ਮਨੁੱਖਾ ਜਨਮ
ਵਿੱਚ ਆਏ ਹਾਂ ? ਇਨ੍ਹਾਂ ਔਗੁਣਾਂ ਦੇ ਕਾਰਨ ਹੀ ਸਾਨੂੰ ਇਹ ਭੀ ਪਤਾ ਨਹੀਂ ਲਗਦਾ ਕਿ ਅਸੀਂ ਕਿਸ
ਮਨੋਰਥ ਵਾਸਤੇ ਪਿਤਾ ਦੇ ਬੀਰਜ ਨਾਲ ਮਾਂ ਦੇ ਪੇਟ ਦੀ ਅੱਗ ਵਿੱਚ ਨਿੰਮੇ ਅਤੇ ਕਿਸ ਮਨੋਰਥ ਵਾਸਤੇ
ਪੈਦਾ ਕੀਤੇ ਗਏ ਹਾਂ।
ਅਣਗਿਣਤ ਔਗੁਣਾਂ ਦੇ ਕਾਰਨ ਅਸੀਂ ਅਨੇਕਾਂ ਰੁੱਖਾਂ, ਬਿਰਖਾਂ ਦੀਆਂ ਜੂਨਾਂ ਵੇਖੀਆਂ, ਅਨੇਕਾਂ ਵਾਰੀ
ਪਸ਼ੂ-ਜੂਨਾਂ ਵਿੱਚ ਅਸੀਂ ਜੰਮੇ, ਅਨੇਕਾਂ ਵਾਰੀ ਸੱਪਾਂ ਦੀਆਂ ਕੁਲਾਂ ਵਿੱਚ ਪੈਦਾ ਹੋਏ ਅਤੇ ਅਨੇਕਾਂ
ਵਾਰੀ ਪੰਛੀ ਬਣ-ਬਣ ਕੇ ਉਡਦੇ ਰਹੇ।
ਜਨਮ ਜਨਮਾਂਤਰਾਂ ਵਿੱਚ ਕੀਤੇ ਕੁਕਰਮਾਂ ਦੇ ਅਸਰ ਹੇਠ ਹੀ ਜੀਵ ਸ਼ਹਰਾਂ ਦੀਆਂ ਹੱਟੀਆਂ ਭੰਨ ਕੇ ਚੋਰੀ
ਕਰਦਾ ਹੈ, ਪੱਕੇ ਘਰਾਂ ਵਿੱਚ ਸੰਨ੍ਹ ਲਾਉਂਦਾ ਹੈ ਅਤੇ ਚੋਰੀ ਦਾ ਮਾਲ ਲੈ ਕੇ ਆਪਣੇ ਘਰ ਆਉਂਦਾ ਹੈ।
ਜਿਸ ਵੇਲੇ ਉਹ ਜੀਵ ਚੋਰੀ ਦਾ ਇਹ ਮਾਲ ਲੈ ਕੇ ਆਉਂਦਾ ਹੈ ਤਾਂ ਉਹ ਅੱਗੇ ਪਿੱਛੇ ਦੇਖਦਾ ਹੈ ਕਿ ਕੋਈ
ਹੋਰ ਜੀਵ ਉਸ ਨੂੰ ਦੇਖ ਨ ਲਵੇ, ਪਰ ਮੂਰਖ ਜੀਵ ਇਹ ਨਹੀਂ ਸਮਝਦਾ ਕਿ ਹੇ ਪ੍ਰਭੂ ! ਤੇਰੇ ਕੋਲੋਂ ਉਹ
ਆਪਣੇ-ਆਪ ਨੂੰ ਕਿਤੇ ਵੀ ਲੁਕਾ ਨਹੀਂ ਸਕਦਾ।
ਹੇ ਪ੍ਰਭੂ ! ਇਸ ਤਰ੍ਹਾਂ ਦੇ ਆਪਣੇ ਕੀਤੇ ਕੁਕਰਮਾਂ ਨੂੰ ਧੋਣ ਲਈ, ਅਸੀਂ ਜੀਵ, ਸਾਰੀ ਧਰਤੀ ਦੇ
ਸਾਰੇ ਤੀਰਥਾਂ ਦੇ ਦਰਸ਼ਨ ਕਰਦੇ ਫਿਰਦੇ ਹਾਂ ਅਤੇ ਸਾਰੇ ਸ਼ਹਰਾਂ ਬਜ਼ਾਰਾਂ ਦੀਆਂ ਹੱਟੀਆਂ ਵਿੱਚ ਜਾ ਕੇ
ਭੀਖ ਮੰਗਦੇ ਫਿਰਦੇ ਹਾਂ, ਪਰ ਇਹ ਕੀਤੇ ਕੁਕਰਮ ਫਿਰ ਭੀ ਸਾਡਾ ਖਹੜਾ ਨਹੀਂ ਛੱਡਦੇ।
ਹੇ ਪ੍ਰਭੂ! ਜਦੋਂ ਕੋਈ ਭਾਗਾਂ ਵਾਲਾ ਵਣਜਾਰਾ ਜੀਵ, ਤੇਰੀ ਮਿਹਰਬਾਨੀ ਨਾਲ ਜਦੋਂ ਚੰਗੀ ਤਰ੍ਹਾਂ
ਪਰਖ-ਵਿਚਾਰ ਕਰਦਾ ਹੈ ਤਾਂ ਉਸ ਨੂੰ ਸਮਝ ਪੈਂਦੀ ਹੈ ਕਿ ਤੂੰ ਤਾਂ ਸਾਡੇ ਹਿਰਦੇ ਵਿੱਚ ਹੀ ਵੱਸ ਰਿਹਾ
ਹੈਂ।
ਹੇ ਮੇਰੇ ਸਾਹਿਬ ! ਜਿਸ ਤਰ੍ਹਾਂ ਬੇਅੰਤ ਪਾਣੀ ਨਾਲ ਸਮੁੰਦਰ ਭਰਿਆ ਹੋਇਆ ਹੈ, ਉਸੇ ਤਰ੍ਹਾਂ ਹੀ
ਸਾਡੇ ਜੀਵਾਂ ਵਿੱਚ ਅਣਗਿਣਤ ਹੀ ਔਗੁਣ ਹਨ। ਅਸੀਂ ਇਨ੍ਹਾਂ ਔਗਣਾਂ ਨੂੰ ਧੋਣ ਤੋਂ ਅਸਮਰਥ ਹਾਂ।
ਹੇ ਪ੍ਰਭੂ ! ਤੂੰ ਆਪ ਹੀ ਦਇਆ ਅਤੇ ਮਿਹਰ ਕਰ। ਤੂੰ ਤਾਂ ਡੁੱਬਦੇ ਪੱਥਰਾਂ ਨੂੰ ਭੀ ਤਾਰ ਸਕਦਾ ਹੈਂ।
ਹੇ ਮੇਰੇ ਸਾਹਿਬ ! ਮੇਰੀ ਜਿੰਦ ਅੱਗ ਵਾਂਗ ਤਪ ਰਹੀ ਹੈ ਅਤੇ ਮੇਰੇ ਅੰਦਰ ਤ੍ਰਿਸ਼ਨਾ ਦੀ ਛੁਰੀ ਚੱਲ
ਰਹੀ ਹੈ।
ਅੰਤ ਵਿੱਚ ਗੁਰੂ ਨਾਨਕ ਸਾਹਿਬ ਬੇਨਤੀ ਕਰਦੇ ਹਨ ਕਿ ਜੋ ਜੀਵ ਪ੍ਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ
ਹੈ, ਉਸ ਜੀਵ ਦੇ ਹਿਰਦੇ ਵਿੱਚ ਹਰ ਵੇਲੇ ਆਤਮਕ ਆਨੰਦ ਬਣਿਆ ਰਹਿੰਦਾ ਹੈ। ਪਰ ਪ੍ਰਮਾਤਮਾ ਅਤੇ ਉਸ ਦੇ
ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।
ਕਬੀਰ ਸਾਤ ਸਮੁੰਦਹਿ ਮਸੁ ਕਰਉ ਕਲਮ ਕਰਉ ਬਨਰਾਇ।।
ਬਸੁਧਾ ਕਾਗਦੁ ਜਉ ਕਰਉ ਹਰਿ ਜਸੁ ਲਿਖਨੁ ਨ ਜਾਇ।। ਪੰਨਾਂ ੧੩੬੮
ਹੇ ਕਬੀਰ! ਜੇ ਮੈਂ ਸੱਤਾਂ ਹੀ ਸਮੁੰਦਰਾਂ ਦੇ ਪਾਣੀ ਨੂੰ ਸਿਆਹੀ ਬਣਾ ਲਵਾਂ, ਧਰਤੀ ਦੇ ਸਾਰੇ
ਰੁੱਖਾਂ ਦੀਆਂ ਕਲਮਾਂ ਘੜ੍ਹ ਲਵਾਂ, ਸਾਰੀ ਧਰਤੀ ਨੂੰ ਹੀ ਕਾਗਜ਼ ਬਣਾ ਲਵਾਂ ਅਤੇ ਉਸ ਉੱਤੇ ਪ੍ਰਮਾਤਮਾ
ਦੇ ਗੁਣ ਲਿਖਣ ਲੱਗ ਜਾਵਾਂ ਤਾਂ ਵੀ ਮੈਂ ਪ੍ਰਭੂ-ਪ੍ਰਮਾਤਮਾ ਦੇ ਸਾਰੇ ਗੁਣਾਂ ਦਾ ਅੰਤ ਨਹੀਂ ਪਾ
ਸਕਦਾ।
ਰੱਬ ਕਿਸੇ ਨੂੰ ਨਹੀਂ ਡਰਾਉਂਦਾ ਰੱਬ ਤਾਂ ਸਭ ਦਾ ਭਲਾ ਸੋਚਦਾ ਅਤੇ ਕਰਦਾ ਹੈ