.

ਗੁਰਬਾਣੀ ਦੇ ਚਾਨਣ ਵਿਚ ‘ਅਖਾਣ’

(ਕਿਸ਼ਤ ਨੰ:06)

ਵੀਰ ਭੁਪਿੰਦਰ ਸਿੰਘ

26. ਲਿਖਿਆ ਮਿਟਾਉਣਾ (ਆਪਣੀਆਂ ਗਲਤੀਆਂ ਸੁਧਾਰਨਾ):

ਅਸੀਂ ਆਪਣੇ ਖਿਆਲਾਂ-ਖ਼ਾਹਿਸ਼ਾਂ ਕਾਰਨ ਆਪਣੇ ਆਚਰਨ ਅਤੇ ਕਿਰਦਾਰ ਨੂੰ ਬਣਾਉਂਦੇ ਹਾਂ। ਜਿਸ ਤਰ੍ਹਾਂ ਦਾ ਸਾਡਾ ਆਚਰਨ ਬਣਦਾ ਹੈ ਉਸੇ ਅਨੁਸਾਰ ਸਾਡੇ ਮੱਥੇ ਤੇ ਭਾਗਾਂ ਦੀਆਂ ਲਕੀਰਾਂ ਪੈਂਦੀਆਂ ਹਨ। ਜੇ ਕਰ ਸਤਿਗੁਰ ਦੀ ਮੱਤ ਰਾਹੀਂ ਸਾਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੁੰਦਾ ਹੈ ਤਾਂ ਅਸੀ ਆਪਣੇ ਮੱਥੇ ਲਿਖੇ ਲੇਖ (ਭਾਵ ਆਦਤਾਂ ਜਾਂ ਸੁਭਾ ਨੂੰ) ਠੀਕ ਕਰਦੇ ਜਾਂਦੇ ਹਾਂ। ਸਿੱਟੇ ਵਜੋਂ ਸਾਡਾ ਬੇਚੈਨੀ ਅਤੇ ਫਿਕਰ ਚਿੰਤਾ ਵਾਲਾ ਜੀਵਨ ਮੁਕਦਾ ਜਾਂਦਾ ਹੈ ਅਤੇ ਖੇੜਾ ਖੁਸ਼ੀ ਵੱਧਦਾ ਜਾਂਦਾ ਹੈ। ਇਸੇ ਅਵਸਥਾ ਨੂੰ ‘ਲਿਖਿਆ ਮਿਟਾਉਣਾ’ ਕਹਿੰਦੇ ਹਨ। ‘ਲਿਖਿਆ ਮਿਟਾਉਣ’ ਲਈ ਜਾਦੂ-ਟੂਣੇ, ਜੰਤਰ-ਮੰਤਰ, ਧਾਗੇ-ਤਵੀਤ, ਕਰਮਕਾਂਡ ਜਾਂ ਕੋਈ ਵਿਚੋਲਾ ਕੁਝ ਵੀ ਨਹੀਂ ਕਰ ਸਕਦਾ। ਹੁਕਮ ਮੰਨ ਕੇ ਆਪਣੀ ਸੁਧਾਈ ਆਪ ਕਰਨਾ ਹੀ ‘ਲਿਖਿਆ ਮਿਟਾਉਣਾ’ ਹੁੰਦਾ ਹੈ।

27. ਟੁਕੜੇ-ਟੁਕੜੇ ਕਰਨਾ (ਹਿੱਸੇ ਵੰਡਣਾ ਜਾਂ ਵੰਡੀਆਂ ਪਾਉਣਾ):

ਮਨ ਕੀ ਮੱਤ ਅਤੇ ਸਰੀਰਕ ਕਰਮਾਂ ਦਾ ਆਪਸ ਵਿਚ ਤਾਲ-ਮੇਲ ਹੁੰਦਾ ਹੈ। ਅਸੀਂ ਆਪਣੇ ਮਨ ਅਨੁਸਾਰ ਬਣੀ ਸੁਰਤ, ਮੱਤ ਅਤੇ ਬੁੱਧੀ ਅਨੁਸਾਰ ਹੀ ਕਰਮ ਕਰਦੇ ਹਾਂ। ਭਾਵ ਜਿਸ ਪਾਸੇ ਮਨ ਦੀ ਬਿਰਤੀ ਹੋਵੇ, ਸਰੀਰਕ ਅੰਗ ਵੀ ਉਸੇ ਮਾਰਗ ਉੱਤੇ ਚਲਦੇ ਹਨ।

ਜੇ ਕਰ ਸਾਡੇ ਮਨ ਨੂੰ ਮੰਦੇ ਕੰਮਾਂ ਦਾ ਚਸਕਾ ਹੋਵੇ ਪਰ ਬਾਹਰੋਂ ਤਨ ਕਰਕੇ ਚੰਗੇ-ਚੰਗੇ ਬਣੀਏ ਤਾਂ ਦਿਖਾਵੇ ਦੇ ਅੰਗਾਂ ਦੀ ਹਰਕਤ ਮਨ ਦੀ ਸੋਚਨੀ ਨਾਲ ਇਕਸੁਰ ਨਹੀਂ ਰਹਿੰਦੀ। ਮਨ ਦੀ ਮੱਤ ਤੇ ਪਿਆ ਪੜਦਾ (ਕਪੜਾ) ਅਤੇ ਉਸ ਮੁਤਾਬਿਕ ਸਰੀਰਕ ਅੰਗਾਂ ਦਾ ਤਾਲਮੇਲ ਨਾ ਬਣਨਾ ਹੀ‘ਕਾਇਆ ਕਪੜੁ ਟੁਕੁ ਟੁਕੁ ਹੋਸੀ’ ਅਤੇ ‘ਮਨਿ ਹੋਰੁ ਮੁਖਿ ਹੋਰੁ’ ਜਾਂ ‘ਜੀਅਹੁ ਮੈਲੇ ਬਾਹਰਹੁ ਨਿਰਮਲ ॥’ ਕਹਿਲਾਉਂਦਾ ਹੈ।

ਮਨ ਉੱਤੇ ਸਤਿਗੁਰ ਦੀ ਮਤ ਦਾ ਚੋਲਾ ਪਾਉਣ ਨਾਲ ਹੀ ਐਸੀ ਦੁਰਦਸ਼ਾ ਤੋਂ ਬਚਿਆ ਜਾ ਸਕਦਾ ਹੈ।

28. ਟਿਕ ਜਾਣਾ:

ਮਨ ਆਪਣੇ ਸੁਭਾਅ ਕਾਰਨ ਅੰਦਰੋਂ ਸੁੱਖ ਭਾਲਣ ਦੀ ਬਜਾਏ ਬਾਹਰੋਂ ਦੁਨਿਆਵੀ ਪਦਾਰਥ, ਚਾਰੋ ਪਾਸੇ ਭਟਕਣਾ, ਕਿਸੇ ਮਨੁੱਖ (ਬਾਬੇ-ਸੰਤ) ਦੀ ਟੇਕ ਅਤੇ ਕਿਸੇ ਤੀਰਥ ਤੋਂ ਸੁਖ ਭਾਲਣ ਲਈ ਬਾਹਰ ਹੀ ਭਟਕਦਾ ਰਹਿੰਦਾ ਹੈ। ਜਿਵੇਂ ਕਿ ਗੁਰਬਾਣੀ ਕਹਿੰਦੀ ਹੈ ਕਿ -

ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ ॥ (ਗੁਰੂ ਗ੍ਰੰਥ ਸਾਹਿਬ, ਪੰਨਾ 411)

ਹਰੇਕ ਮਨੁੱਖ ਦੇ ਅੰਤਰਆਤਮੇ (ਨਿਜਘਰ) ਵਿਚ ਰੱਬ ਜੀ ਵਸਦੇ ਹਨ। ਮਨ ਜਦੋਂ ਨਿਜਘਰ ਵਿਚੋਂ ਰੱਬੀ ਸੁਨੇਹੇ ਨੂੰ ਲੈ ਕੇ ਦਿਖਾਵੇ ਦੇ ਕਰਮ ਕਾਂਡ, ਜੱਪ-ਤੱਪ ਅਤੇ ਪਦਾਰਥਾਂ ਦੀ ਪਕੜ ਤੋਂ ਮੁਕਤ ਹੋ ਕੇ ਅੰਦਰੋਂ ਸੁੱਖ-ਚੈਨ ਮਹਿਸੂਸ ਕਰਦਾ ਹੈ ਤਾਂ ਬਾਹਰਲੀ ਭਟਕਣਾ ਮੁੱਕ ਜਾਂਦੀ ਹੈ। ਬਾਹਰਲੀ ਭਟਕਣਾ ਮੁੱਕ ਜਾਣਾ ਹੀ ਟਿਕ ਜਾਣਾ ਹੁੰਦਾ ਹੈ।

29. ਵੀਹ ਵਿਸਵੇ ਯਕੀਨ ਹੋਣਾ (ਪੂਰਾ ਭਰੋਸਾ ਹੋਣਾ):

ਦੁਨੀਆ ’ਚ ਖਰੀ ਸੱਚੀ ਗੱਲ ਨੂੰ ਪੇਸ਼ ਕਰਨ ਲਈ ਕਈ ਕਿਸਮਾਂ ਦੀ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ ਜਿਵੇਂ ਕਿ ਸੋਲ੍ਹਾਂ ਆਨੇ ਸੱਚ, ਚਾਲੀ ਸੇਰ ਦੀ ਗੱਲ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਆਦਿ। ਇਸੇ ਤਰ੍ਹਾਂ ਸਤਿਗੁਰ ਦਾ ਤੱਤ ਗਿਆਨ ਖ਼ਰਾ ਸੱਚ ਹੁੰਦਾ ਹੈ। ਖ਼ਰਾ ਸਚ ਸੋਨੇ ਵਾਂਗ ਸ਼ੁੱਧ (24 ਕੈਰੇਟ) ਜਾਂ ਵੀਹ ਵਿਸਵੇ ਭਾਵ ਪੂਰਣ ਤੌਰ `ਤੇ ਸੱਚ ਹੁੰਦਾ ਹੈ। ਜਿਸ ਮਨੁੱਖ ਨੂੰ ਸਤਿਗੁਰ ਦੀ ਮੱਤ ਉੱਤੇ ਪੂਰਾ ਅਤੇ ਪੱਕਾ ਯਕੀਨ ਹੋ ਜਾਂਦਾ ਹੈ, ਉਹ ਮਨੁੱਖ ਉਸ ਖ਼ਰੇ ਸੱਚ ਅਨੁਸਾਰ ਅਮਲੀ ਜੀਵਨ ਜਿਊਣ ਲੱਗ ਪੈਂਦਾ ਹੈ। ਸਤਿਗੁਰ ਦੀ ਮੱਤ (ਸੱਚ ਦਾ ਗਿਆਨ) ਹੀ ਰੱਬੀ ਗੁਣ ਸਿਖਾਉਂਦੀ ਹੈ। ਰੱਬ ਦਾ ਫਲਸਫਾ ਹੀ ਰੱਬੀ ਗੁਣ ਭਾਵ ਸੱਚਾ (ਸਤਿਨਾਮ) ਹੁੰਦਾ ਹੈ। ਸਤਿਗੁਰ ਦੀ ਮਤ ਉੱਤੇ ਪੂਰਾ ਅਤੇ ਪੱਕਾ ਵਿਸ਼ਵਾਸ ਹੋ ਜਾਣਾ ਹੀ ਰੱਬੀ ਗੁਣਾਂ ਦੇ ਕਿਰਦਾਰ ਨਾਲ, ਰੱਬੀ ਇਕਮਿਕਤਾ ਦੀ ਅਵਸਥਾ ਦ੍ਰਿੜਾਉਂਦਾ ਹੈ।

ਬੀਸ ਬਿਸਵੇ ਗੁਰ ਕਾ ਮਨੁ ਮਾਨੈ ॥ ਸੋ ਸੇਵਕੁ ਪਰਮੇਸੁਰ ਕੀ ਗਤਿ ਜਾਨੈ ॥ (ਗੁਰੂ ਗ੍ਰੰਥ ਸਾਹਿਬ, ਪੰਨਾ 287)

30. ਰੇਠੜਿਆਂ ਦਾ ਪਰਸ਼ਾਦ ਮਿਲਣਾ (ਕੋੜੇ ਬੋਲ ਸੁਣਨਾ):

ਜਦੋਂ ਮਨੁੱਖ ਕੌੜੇ-ਮੰਦੇ ਬੋਲ ਬੋਲਦਾ ਹੈ ਤਾਂ ਸੁਣਨ ਵਾਲੇ ਦਾ ਮਨ ਖ਼ਰਾਬ ਹੁੰਦਾ ਹੈ। ਕੁਸੰਗਤ ’ਚ ਅਸੀਂ ਕੁਸੈਲੇ ਕੌੜੇ ਬੋਲ ਬੋਲਣੇ ਸਿਖਦੇ ਹਾਂ, ਜਿਸ ਕਾਰਨ ਦੂਜਿਆਂ ਦਾ ਸੀਨਾ ਛਲਨੀ-ਛਲਨੀ ਕਰਦੇ ਅਤੇ ਦੂਰੀ ਵਧਾਉਂਦੇ ਹਾਂ। ਕੌੜੇ ਬੋਲ ਬੋਲਣਾ, ਰੇਠੜਿਆਂ ਦਾ ਪਰਸ਼ਾਦ ਵਰਤਾਉਣਾ ਕਹਿਲਾਉਂਦਾ ਹੈ। ਅਸੀਂ ਸਤਿਗੁਰ ਪਾਸੋਂ ਕੌੜੇ ਰੀਠੇ ਮਿੱਠੇ ਬਣਾਉਣ ਦੀ ਜਾਚ ਸਿਖਦੇ ਹਾਂ। ਸਤਿਗੁਰ ਦੀ ਮੱਤ ਲੈ ਕੇ ਮਿੱਠੇ ਬੋਲਾਂ ਵਾਲੀ ‘ਭਾਖਿਆ ਭਾਉ ਅਪਾਰੁ’ ਬੋਲੀ ਦਾ ਸੁਭਾਉ ਸਿਖਦੇ ਹਾਂ।




.