.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਫਿਟਕਾਰ ਨਹੀਂ ਪੈਂਦੀ

ਹਰ ਮਨੁੱਖ ਚਾਹੁੰਦਾ ਹੈ ਕਿ ਮੇਰੇ ਜੀਵਨ ਵਿੱਚ ਕਦੇ ਵੀ ਕਲੇਸ਼ ਨਾ ਆਵੇ ਤੇ ਸਦਾ ਸੁੱਖ ਹੀ ਬਣਿਆ ਰਹੇ। ਸੁੱਖਾਂ ਦੀ ਪ੍ਰਾਪਤੀ ਤੇ ਦੁਖਾਂ ਦੀ ਨਿਵਰਤੀ ਲਈ ਸਹੀ ਰਾਹ `ਤੇ ਚੱਲਣ ਦੀ ਥਾਂ `ਤੇ ਮਨੁੱਖ ਪਾਂਧਿਆਂ ਜੋਤਸ਼ੀਆਂ ਦੇ ਪਿੱਛੇ ਤੁਰਨਾ ਸ਼ੂਰੂ ਕਰ ਦੇਂਦਾ ਹੈ। ਜਿਸ ਤਰ੍ਹਾਂ ਅਸੀਂ ਸਰੀਰਕ ਸੁੱਖ ਬਜ਼ਾਰ ਵਿਚੋਂ ਖਰੀਦ ਲੈਂਦੇ ਹਾਂ ਏਸੇ ਤਰ੍ਹਾਂ ਅਸੀਂ ਸਮਝ ਲਿਆ ਹੈ ਕਿ ਸ਼ਾਇਦ ਆਤਮਕ ਸੁੱਖ ਵੀ ਧਾਰਮਕ ਅਸਥਾਨਾਂ ਤੋਂ ਖਰੀਦੇ ਜਾ ਸਕਦੇ ਹਨ। ਅਜੇਹੀ ਮਾਨਸਕ ਕੰਮਜ਼ੋਰੀ ਵਿਚੋਂ ਪੁਜਾਰੀਆਂ ਵਲੋਂ ਧਰਮ ਦੇ ਨਾਂ `ਤੇ ਫੋਕਟ ਦੀਆਂ ਰਸਮਾਂ ਦੁਆਰਾ ਦੁੱਖਾਂ ਦੀ ਨਿਵਰਤੀ ਤੇ ਸੁੱਖਾਂ ਦੀ ਪ੍ਰਾਪਤੀ ਦੱਸਿਆ ਜਾ ਰਿਹਾ ਹੈ। ਇੱਕ ਮਨੁੱਖ ਕੋਲ ਸਰੀਰਕ ਸੁੱਖ ਸਾਰੇ ਹਨ ਪਰ ਉਹ ਫਿਰ ਵੀ ਦੁੱਖੀ ਹੈ ਦੁਸਰਾ ਸਮਾਜ ਵਿੱਚ ਕ੍ਰਾਂਤੀ ਲਿਆਉਣ ਲਈ ਆਰਿਆਂ ਨਾਲ ਚੀਰਿਆ ਜਾ ਰਿਹਾ ਹੈ ਉਹ ਫਿਰ ਵੀ ਮੁਸਕਰਾ ਰਿਹਾ ਹੈ। ਦੁਨਿਆਵੀ ਲਾਲਸਾਵਾਂ ਤੋਂ ਊਪਰ ਉੱਠਣ ਵਾਲਾ ਭੈ-ਭਾਵਨੀ ਵਿੱਚ ਚੱਲਣ ਵਾਲਾ ਸਦਾ ਸੁੱਖੀ ਰਹਿੰਦਾ ਹੈ—

ਤਿਰਸਕਾਰ ਨਹ ਭਵੰਤਿ, ਨਹ ਭਵੰਤਿ ਮਾਨ ਭੰਗਨਹ॥

ਸੋਭਾ ਹੀਨ ਨਹ ਭਵੰਤਿ, ਨਹ ਪੋਹੰਤਿ ਸੰਸਾਰ ਦੁਖਨਹ॥

ਗੋਬਿੰਦ ਨਾਮ ਜਪੰਤਿ ਮਿਲਿ ਸਾਧ ਸੰਗਹ, ਨਾਨਕ ਸੇ ਪ੍ਰਾਣੀ ਸੁਖ ਬਾਸਨਹ॥ ੨੮॥

ਅੱਖਰੀਂ ਅਰਥ-— ਹੇ ਨਾਨਕ! ਜਿਹੜੇ ਬੰਦੇ ਸਾਧ ਸੰਗਤਿ ਵਿੱਚ ਮਿਲ ਕੇ ਗੋਬਿੰਦ ਦਾ ਨਾਮ ਜਪਦੇ ਹਨ, ਉਹ ਸੁਖੀ ਵਸਦੇ ਹਨ; ਉਹਨਾਂ ਦੀ ਕਦੇ ਨਿਰਾਦਰੀ ਨਹੀਂ ਹੋ ਸਕਦੀ, ਉਹਨਾਂ ਦਾ ਕਦੇ ਅਪਮਾਨ ਨਹੀਂ ਹੋ ਸਕਦਾ। ਉਹਨਾਂ ਦੀ ਕਦੇ ਭੀ ਸੋਭਾ ਨਹੀਂ ਮਿਟਦੀ, ਅਤੇ ਉਹਨਾਂ ਨੂੰ ਸੰਸਾਰ ਦੇ ਦੁੱਖ ਪੋਹ ਨਹੀਂ ਸਕਦਾ।

ਵਿਚਾਰ ਚਰਚਾ--

੧ ਜਿਹੜੇ ਮਨੁੱਖ ਸਾਧ ਸੰਗਤ ਵਿੱਚ ਮਿਲ ਕੇ ਗੋਬਿੰਦ ਦਾ ਨਾਮ ਜਪਦੇ ਹਨ ਉਹ ਸਦਾ ਸੁੱਖੀ ਰਹਿੰਦੇ ਹਨ। ਕਿਸੇ ਸ਼ਬਦ ਨੂੰ ਬਾਰ ਬਾਰ ਬੋਲਣ ਨੂੰ ਨਾਮ ਜਪਣਾ ਨਹੀਂ ਕਹਿਆ ਸਗੋਂ ਧਰਾਤਲ ਦੀਆਂ ਹਕੀਕਤਾਂ ਨੂੰ ਸਮਝ ਕੇ ਵਿਚਰਨਾ ਹੀ ਨਾਮ ਜਪਣਾ ਹੈ।

੨ ਮੂਲ ਦੀ ਗੱਲ ਨੂੰ ਨਾ ਸਮਝਦਿਆਂ ਕੇਵਲ ਇਸ ਗੱਲ ਨੂੰ ਹੀ ਲੈ ਕੇ ਬੈਠ ਗਏ ਕਿ ਕੇਵਲ ਸੰਗਤ ਵਿੱਚ ਹਾਜ਼ਰੀ ਭਰਨ ਨਾਲ ਹੀ ਸਾਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਣੀ ਹੈ। ਫਿਰ ਤਾਂ ਘੱਟੋ ਘੱਟ ਧਾਰਮਕ ਅਸਥਾਨਾਂ ਵਿੱਚ ਰਹਿਣ ਵਾਲੇ ਸਾਰੇ ਸੁੱਖੀ ਹੋ ਜਾਣੇ ਚਾਹੀਦੇ ਸਨ। ਦੂਸਰਾ ਜਿਹੜੇ ਲੋਕ ਸੰਗਤ ਵਿੱਚ ਨਹੀਂ ਆਉਂਦੇ ਫਿਰ ਉਹ ਸੁੱਖੀ ਨਹੀਂ ਰਹਿੰਦੇ?

੩ ਸੰਗਤ ਵਿੱਚ ਆਉਣ ਦਾ ਮੱਹਤਵ ਹੈ ਕਿ ਪਹਿਲਾਂ ਵਿਚਾਰ ਨੂੰ ਧਿਆਨ ਨਾਲ ਸੁਣਨ ਦੀ ਆਦਤ ਪਾਈਏ ਫਿਰ ਉਸ ਵਿਚਾਰ ਦੁਆਰਾ ਦੁੱਖ ਅਤੇ ਸੁੱਖ ਦੀਆਂ ਬਰੀਕੀਆਂ ਨੂੰ ਸਮਝ ਕੇ ਅਮਲ ਵਿੱਚ ਲਿਆਈਏ ਤਾਂ ਸਾਨੂੰ ਸੁੱਖ ਦੀ ਸਮਝ ਆ ਸਕਦੀ ਹੈ। ਦੂਜਾ ਅਹਿਮ ਪਹਿਲੂ ਇਹ ਹੈ ਕਿ ਸੰਗਤ ਵਿੱਚ ਪਰੋਸਿਆ ਕੀ ਜਾ ਰਿਹਾ ਹੈ? ਜੇ ਸੰਗਤ ਨੂੰ ਸੰਬੌਧਨ ਕਰਨ ਵਾਲੇ ਨੂੰ ਪੂਰਾ ਗਿਆਨ ਹੀ ਨਹੀਂ ਤਾਂ ਫਿਰ ਸੰਗਤ ਵਿੱਚ ਆਉਣ ਦਾ ਕੀ ਲਾਭ ਹੈ?

੪ ਸੰਗਤ ਦਾ ਹੋਰ ਮਹੱਤਵ ਪੂਰਨ ਪਹਿਲੂ ਇੱਕ ਹੋਰ ਵੀ ਹੈ ਸੱਚੇ ਗਿਆਨ ਦੀ ਪ੍ਰਾਪਤੀ ਲਈ ਚੰਗੀਆਂ ਪੁਸਤਕਾਂ ਨਾਲ ਵੀ ਦੋਸਤੀ ਪਉਣੀ ਹੈ। ਸੰਗਤ ਵਿੱਚ ਗੋਬਿੰਦ ਦੀ ਵਿਚਾਰ ਕਰਨ ਤੋਂ ਭਾਵ ਇਮਾਨਦਾਰੀ, ਸੰਤੋਖ, ਪਿਆਰ, ਧੀਰਜ ਅਤੇ ਆਪਣੀ ਜ਼ਿੰਮੇਵਾਰੀ ਸਮਝ ਤੋਂ ਹੈ।

੫ ਜਦੋਂ ਸੱਚੇ ਮਾਰਗ ਦੀ ਸਮਝ ਆਉਂਦੀ ਹੈ ਤਾਂ ਫਿਰ ਮਨੁੱਖ ਲੋਕਾਂ ਦਾ ਦਰਦ ਵੰਢਾਉਣ ਲਈ ਤੁਰ ਪੈਂਦਾ ਹੈ। ਬਿਖੜੇ ਰਸਤਿਆਂ ਦਾ ਪਾਂਧੀ ਬਣ ਜਾਂਦਾ ਹੈ। ਅਜੇਹੀ ਉੱਚੀ ਸੁੱਚੀ ਆਤਮਕ ਅਵਸਥਾ ਵਿੱਚ ਉਬਲਦੀ ਦੇਗ ਵਿਚੋਂ ਵੀ ਸੁੱਖ ਹੀ ਪ੍ਰਾਪਤ ਹੁੰਦਾ ਹੈ।

੬ ਸੱਚੀ ਸੰਗਤ ਦੇ ਸੰਕਲਪ ਦੀ ਜਦੋਂ ਸਮਝ ਆਉਂਦੀ ਹੈ ਤਾਂ ਮਨੁੱਖ ਦੀ ਜ਼ਿੰਦਗੀ ਵਿੱਚ ਕਦੇ ਨਿਰਾਦਰ ਨਹੀਂ ਹੁੰਦਾ ਅਤੇ ਮਾਨ-ਸਮਾਨ ਵੱਧਦਾ ਹੈ।

੭ ਨਿਕਾਰਤਮਕ ਸੋਚ ਖਤਮ ਹੁੰਦੀ ਹੈ ਤੇ ਅਜੇਹਾ ਕਰਮ ਕਦੇ ਵੀ ਨਹੀਂ ਕਰਦਾ ਜਿਸ ਨਾਲ ਆਤਮਕ ਤਲ ਅਤੇ ਸਮਾਜ ਵਿੱਚ ਮਨੁੱਖ ਨੂੰ ਸ਼ਰਮਿੰਦਾ ਹੋਣਾ ਪਏ।

੮ ਗੋਬਿੰਦ ਨਾਮ ਜਪਣ ਦਾ ਭਾਵ ਜ਼ਿੰਦਗੀ ਦੇ ਹਰ ਪਹਿਲੂ ਦੀ ਸਮਝ ਆਉਣ `ਤੇ ਮਨੁੱਖ ਦੀ ਸਦਾ ਸੋਭਾ ਵਿੱਚ ਵਾਧਾ ਹੁੰਦਾ ਹੈ। ਮੰਨ ਲਓ ਕੋਈ ਸਰਕਾਰੀ ਅਧਿਕਾਰੀ ਹੈ ਤੇ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਲਗਨ ਨਾਲ ਕੰਮ ਕਰਦਾ ਹੈ ਤਾਂ ਉਸ ਦੀ ਸੋਭਾ ਸਾਰੇ ਲੋਕ ਕਰਨਗੇ।

੯ ਸੰਸਾਰ ਦਾ ਕੋਈ ਦੁੱਖ ਨੇੜੇ ਨਹੀਂ ਆਏਗਾ ਦਾ ਭਾਵ ਇਹ ਨਹੀਂ ਐਸਾ ਮਨੁੱਖ ਕਦੇ ਬਿਮਾਰ ਨਹੀਂ ਹੋਏਗਾ ਜਾਂ ਉਸ ਨੂੰ ਕੋਈ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਲੱਗੇਗਾ। ਸੁਰਤ ਨੂੰ ਉੱਚੀ ਚੁੱਕਣ ਵਾਲਾ ਸੰਸਾਰ ਦੇ ਗੈਰ ਕੁਦਰਤੀ ਵਰਤਾਰੇ ਨੂੰ ਦੇਖ ਕੇ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਦਾ ਹੋਇਆ ਆਪਣਾ ਸੁੱਖ ਤਿਅਗਦਾ ਹੈ।

੧੦ ਗੋਬਿੰਦ ਨਾਮ ਦੀ ਸਮਝ ਆਉਣ ਨਾਲ ਸੰਸਾਰਕ ਸਮੱਸਿਆਂਵਾਂ ਨਾਲ ਜੂਝਣ ਦੀ ਜਾਚ ਆਉਂਦੀ ਹੈ। ਅਜੇਹਾ ਕਰਦਿਆਂ ਦੁੱਖਾਂ ਤਕਲੀਫ਼ਾਂ ਦੀ ਕੋਈ ਪ੍ਰਵਾਹ ਨਹੀਂ ਹੁੰਦੀ ਕਿਉਂਕਿ ਨਿਸ਼ਾਨੇ ਉੱਚੇ ਹੁੰਦੇ ਹਨ।

ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ॥

ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ॥ ੨੭॥  

ਸਲੋਕ ਮ: ੯ ੧੪੨੭




.