.

ਗੁਰਬਾਣੀ ਦੇ ਚਾਨਣ ਵਿਚ ‘ਅਖਾਣ’

(ਕਿਸ਼ਤ ਨੰ:08)

ਵੀਰ ਭੁਪਿੰਦਰ ਸਿੰਘ

36. ਦਾੜੀ ਵਿੱਚ ਮਿੱਟੀ ਪਾਉਣਾ (ਬੇਇਜ਼ਤ ਕਰਨਾ):
ਜਦੋਂ ਕੋਈ ਕਿਸੇ ਦੀ ਮਾਮੂਲੀ ਗਲਤੀ ਨੂੰ ਸਮਾਜ ਵਿਚ ਭੰਡ ਕੇ ਨਿੰਦੇ, ਭਾਵੇਂ ਉਸਦੀ ਗਲਤੀ ਨਾ ਵੀ ਹੋਵੇ ਤਾਂ ਉਸਦੀ ‘ਦਾੜੀ ਚ ਮਿੱਟੀ ਪਾਉਣਾ’ ਕਹਿਲਾਉਂਦਾ ਹੈ।
37. ਦਾੜੀ ’ਚ ਥੁੱਕਣਾ: (ਜ਼ਲੀਲ ਕਰਨਾ):
ਜਦੋਂ ਕਿਸੀ ਨੂੰ ਵੀ ਅਸੀਂ ਸਮਾਜ ਵਿੱਚ ਸਭ ਦੇ ਸਾਹਮਣੇ ਜ਼ਲੀਲ ਕਰਦੇ ਹਾਂ ਤਾਂ ਉਸਦੀ ‘ਦਾੜੀ ’ਚ ਥੁੱਕਣਾ’ ਕਹਿਲਾਉਂਦਾ ਹੈ। ਮਨੁੱਖ ਸੱਚ ਨੂੰ ਪਿੱਠ ਦੇ ਕੇ ਦੁਰਜਨ ਵਾਲਾ, ਨਿੰਦਿਤ ਕਰਮ ਕਰਦਾ ਹੈ ਤਾਂ ਮਾਨੋ ਉਹ ਆਪਣੀ ਦਾੜੀ ’ਚ ਆਪ ਥੁੱਕ ਪੁਆਉਂਦਾ ਹੈ। ਨਿੱਜਘਰ ਦੇ ਰੱਬੀ, ਗੁਰਮੁਖੀ ਸੁਨੇਹੇ ਨੂੰ ਸੁਣਨਾ ਨਹੀਂ ਪਰ ਵਿਕਾਰਾਂ ਹੱਥੋਂ ਆਪਣੀ ਪੱਤ ਲੁਟਵਾਉਣਾ ਹੀ ਰੱਬੀ ਦਰਗਾਹ (ਨਿਜਘਰ - ਅੰਤਰ ਆਤਮੇ) ’ਚ ਆਪਣੀ ਦਾੜੀ ਚ ‘ਥੁੱਕਾਂ ਪੁਆਉਣਾ’ ਕਹਿਲਾਉਂਦਾ ਹੈ।
38. ਦਾੜ੍ਹੀ ਪੁੱਟਣਾ (ਬੇਇਜ਼ਤ ਕਰਨਾ ਜਾਂ ਆਪਣੀ ਬੇਇਜ਼ਤੀ ਆਪ ਕਰਾਉਣਾ):
ਕਿਸੀ ਦੀ ਇੱਜ਼ਤ ਸਭ ਸਾਮ੍ਹਣੇ ਉਛਾਲਣ ਲਈ ਉਸ ਦੇ ਨੇੜੇ ਜਾ ਕੇ, ਭੇਤ ਇਕੱਠੇ ਕਰਕੇ, ਨਜ਼ਦੀਕੀ ਬਣਾ ਕੇ ਸਮਾਜ ਵਿਚ ਭੰਡੀ ਕਰਦੇ ਹਾਂ ਤਾਂ ਇਹ ਕਰਮ ਸਾਡੇ ਵਲੋਂ ਉਸਦੀ ਦਾੜੀ ਪੁੱਟਣਾ ਹੀ ਕਹਿਲਾਉਂਦਾ ਹੈ, ਕਿਸੇ ਦੀ ਬਣੀ ਬਣਾਈ ਇਜ਼ਤ ਵਿਗਾੜਨਾ ‘ਦਾੜੀ ਪੁੱਟਣਾ’ ਹੁੰਦਾ ਹੈ।
ਕਈ ਦਫ਼ਾ ਜ਼ਮੀਰ ਦੀ ਆਵਾਜ਼ ਦੇ ਉਲਟ ਵਿਕਾਰੀ, ਕੁਕਰਮ ਸੋਚਦੇ ਜਾਂ ਕਰਦੇ ਹਾਂ ਤਾਂ ਰੱਬੀ ਦਰਗਾਹ ’ਚ ਅਸੀਂ ਪਹੁੰਚ ਨਹੀਂ ਪਾਉਂਦੇ ਕਿਉਂਕਿ ਦਰਗਾਹ ਤਕ ਪੁੱਜਣ ਤੋਂ ਪਹਿਲਾਂ ਹੀ ਅਸੀਂ ਵਿਕਾਰਾਂ ਰੂਪੀ ਜਮਾਂ ਤੋਂ ਆਪਣੀ ‘ਦਾੜੀ ਪੁਟਵਾ’ ਲੈਂਦੇ ਹਾਂ।
39. ਦਾੜੀ ਬਿਗਾਨੇ ਹੱਥ ਦੇਣੀ (ਪਰਾਏ ਵੱਸ ਇੱਜਤ ਰਖ ਦੇਣੀ):
ਅਸੀਂ ਆਪ ਸਿਆਣੇ-ਬਿਆਣੇ ਹੋ ਕੇ ਆਪਣੀ ਸੋਚਣੀ, ਖ਼ਿਆਲ, ਸੁਰਤ, ਮਤ, ਬੁੱਧੀ ਹੋਰਨਾਂ ਦੇ ਅਨੁਸਾਰ ਜਾਂ ਅਧੀਨ ਹੋ ਕੇ ਵਰਤਦੇ ਹਾਂ, ਸਿੱਟੇ ਵਜੋਂ ਸਾਡੀ ਇੱਜ਼ਤ ਬਿਗਾਨੇ ਹੱਥ ਆ ਜਾਂਦੀ ਹੈ। ਲੋਕੀ ਸਾਨੂੰ ਮੰਦੇ ਖ਼ਿਆਲਾਂ ਦੀ ਸੋਚ ਤਹਿਤ, ਮੰਦੇ ਕਰਮਾਂ ਦੀ ਜੀਵਨੀ ਵਲ ਪ੍ਰੇਰਿਤ ਕਰਵਾ ਕੇ ਚਲਾਉਂਦੇ ਰਹਿੰਦੇ ਹਨ, ਸਾਡੀ ਇਜ਼ੱਤ ਮਹਿਫੂਜ਼ ਨਹੀਂ ਰਹਿੰਦੀ। ਇਹੋ ‘ਬਿਗਾਨੇ ਹੱਥ ਦਾੜੀ ਦੇਣਾ’ ਕਹਿਲਾਉਂਦਾ ਹੈ। ਭਾਵ ਸਤਿਗੁਰ ਤੋਂ ਛੁੱਟ ਕਿਸੇ ਹੋਰ ਤੇ ਆਸਥਾ ਬਣਾਈ ਰੱਖਣੀ।
40. ਦਾੜੀ ਮੁੱਛ ਦੀ ਸ਼ਰਮ ਗਵਾਉਣਾ:
ਜਦੋਂ ਕੋਈ ਮਨੁੱਖ ਜਾਣਦਿਆਂ-ਬੁਝਦਿਆਂ, ਸਿਆਣਾ-ਬਿਆਣਾ ਹੋ ਕੇ ਵੀ ਆਪਣੀ ਇੱਜ਼ਤ ਦੀ ਪਰਵਾਹ ਨਹੀਂ ਕਰਦਾ ਬਲਕਿ ਮੰਦੇ ਕਿਰਦਾਰ ਵਾਲੇ ਅਯੋਗ ਕਰਮ ਕਰਦਾ ਹੈ ਤਾਂ ਉਸਦਾ ਇਸ ਤਰ੍ਹਾਂ ਨਿਸ਼ੰਗ ਹੋਣਾ ਹੀ ‘ਦਾ੍ਹੜੀ ਮੁੱਛ ਦੀ ਸ਼ਰਮ ਗਵਾਉਣਾ’ ਹੁੰਦਾ ਹੈ।




.