ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਹਵਾਈ ਕਿਲ੍ਹੇ ਉਸਾਰਨਾ
ਹਵਾਈ ਕਿਲ੍ਹੇ ਉਸਾਰਨਾ ਪੰਜਾਬੀ ਦਾ ਇੱਕ ਮੁਹਾਵਰਾ ਹੈ। ਇਸ ਦਾ ਅਰਥ ਹੈ
ਝੂਠੀਆਂ ਵਿਚਾਰਾਂ ਨੂੰ ਆਪਣੀ ਸੋਚ ਦਾ ਹਿੱਸਾ ਬਣਾ ਕੇ ਹਮੇਸ਼ਾਂ ਵੱਡੇ ਵੱਡੇ ਦਗਮਜ਼ੇ ਮਰਦੇ ਰਹਿਣਾ।
ਅਜੇਹਾ ਮਨੁੱਖ ਜੋ ਹੋ ਨਹੀਂ ਸਕਦਾ ਉਸ ਨੂੰ ਸਹੀ ਮੰਨ ਕੇ ਚਲਦਾ ਹੈ। ਇੱਕ ਤੇ ਮਨੁੱਖ ਗੱਲਾਂ ਦਾ
ਕੜਾਹ ਬਣਾ ਕੇ ਖਾਣ ਦੀ ਆਦਤ ਪਾਈ ਰੱਖਦਾ ਹੈ ਦੂਜਾ ਇਸ ਦੀ ਸੁਰਤ ਵਿੱਚ ਵੀ ਭੈੜੀ ਬਿਰਤੀ ਕੰਮ ਕਰਦੀ
ਰਹਿੰਦੀ ਹੈ ਜਿਹੜੀ ਇਸ ਨੂੰ ਭੈੜੇ ਪਾਸੇ ਪ੍ਰੇਰਤ ਕਰਦੀ ਰਹਿੰਦੀ ਹੈ। ਅਜੇਹੀ ਸੋਚ ਆਪ ਮਿਹਨਤ ਕਰਨ
ਦੀ ਬਜਾਏ ਦੂਜਿਆਂ ਕੋਲੋਂ ਕੁੱਝ ਖੋਹਣ ਲਈ ਹੀ ਸੋਚਦਾ ਰਹਿੰਦਾ ਹੈ। ਵਿਕਾਰੀ ਬਿਰਤੀ ਘਰਦੀ ਗ੍ਰਹਿਸਤੀ
ਜ਼ਿੰਦਗੀ ਛੱਡ ਕੇ ਦੂਜੇ ਪਰਵਾਰਾਂ ਪ੍ਰਤੀ ਮਲੀਨ ਸੋਚ ਵਾਲੇ ਕਿਲ੍ਹੇ ਉਸਾਰਦਾ ਰਹਿੰਦਾ ਹੈ। ਕਈ
ਸਹਿਤਕਾਰਾਂ ਨੇ ਆਪਣੀ ਸੋਚ ਵਿੱਚ ਇੱਕ ਪਾਸੇ ਪਿਆਰ ਦੇ ਬਥੇਰੇ ਕਿਲ੍ਹੇ ਉਸਾਰੇ ਪਰ ਉਹਨਾਂ ਨੂੰ
ਮਿਲਿਆ ਕੁੱਝ ਨਹੀਂ। ਇੱਕ ਪਾਸੜ ਪਿਆਰ ਕਰਨ ਵਾਲਿਆਂ ਦੇ ਉਸਾਰੇ ਹਵਾਈ ਕਿਲ੍ਹਿਆਂ ਵਿਚੋਂ ਰੋਣ ਧੋਣ
ਵਾਲਾ ਸਾਹਿੱਤ ਹੀ ਨਿਕਲਿਆ ਹੈ। ਅਜੇਹੀ ਸੋਚ ਦੇ ਰਚੇਤਾ ਜਿੱਥੇ ਆਪ ਕਲ਼ਪਦੇ ਰਹਿੰਦੇ ਹਨ ਓੱਥੇ ਇਹਨਾਂ
ਵਲੋਂ ਉਸਾਰੇ ਪਾਤਰ ਵੀ ਅੱਧ ਵਿਚਾਲੇ ਹੀ ਦਮ ਤੋੜਦੇ ਹੋਏ ਦਿਸਦੇ ਹਨ। ਰਾਂਝਾ, ਸੱਸੀ, ਮਿਰਜ਼ਾ ਅਦ ਸਭ
ਹਵਾਈ ਕਿਲ੍ਹਿਆਂ ਦੀ ਪੈਦਾਇਸ਼ ਹੈ ਜਿਸ ਨੂੰ ਸਭਿਆਕ ਸਮਾਜ ਆਗਿਆ ਨਹੀਂ ਦੇਂਦਾ—
ਮ੍ਰਿਗ ਤ੍ਰਿਸਨਾ ਗੰਧਰਬ ਨਗਰੰ, ਦ੍ਰੁਮ ਛਾਯਾ ਰਚਿ ਦੁਰਮਤਿਹ॥
ਤਤਹ ਕੁਟੰਬ ਮੋਹ ਮਿਥ੍ਯ੍ਯਾ, ਸਿਮਰੰਤਿ ਨਾਨਕ ਰਾਮ ਰਾਮ ਨਾਮਹ॥ ੩੦॥
ਅੱਖਰੀਂ ਅਰਥ
--—
ਭੈੜੀ ਬੁੱਧੀ ਵਾਲਾ ਬੰਦਾ
ਠਗਨੀਰੇ ਨੂੰ ਹਵਾਈ ਕਿਲ੍ਹੇ ਨੂੰ ਅਤੇ ਰੁੱਖ ਦੀ ਛਾਂ ਨੂੰ ਸਹੀ ਮੰਨ ਲੈਂਦਾ ਹੈ। ਉਸੇ ਤਰ੍ਹਾਂ ਦਾ
ਨਾਸਵੰਤ ਕੁਟੰਬ ਦਾ ਮੋਹ ਹੈ। ਹੇ ਨਾਨਕ! (ਇਸ ਨੂੰ ਤਿਆਗ ਕੇ ਸੰਤ-ਜਨ) ਪਰਮਾਤਮਾ ਦਾ ਨਾਮ ਸਿਮਰਦੇ
ਹਨ।
੧ ਰੇਗਿਸਤਾਨ ਵਿੱਚ ਚਮਕਦੀ ਹੋਈ ਰੇਤ ਪਾਣੀ ਲਗਦੀ ਹੈ ਤੇ ਹਿਰਨ ਪਾਣੀ ਸਮਝ
ਕੇ ਓਧਰ ਨੂੰ ਭੱਜ ਉੱਠਦਾ ਹੈ ਪਰ ਉਹ ਠੱਗ ਨੀਰਾ ਓਨ੍ਹਾਂ ਹੀ ਅਗਾਂਹ ਚੱਲਿਆ ਜਾਂਦਾ ਹੈ ਵਿਚਾਰਾ
ਹਿਰਨ ਜਾਨ ਤੋਂ ਹੱਥ ਧੋਅ ਬੈਠਦਾ ਹੈ।
੨ ਇੰਜ ਹੀ ਮਨੁੱਖ ਦੀ ਬਹੁਤ ਵੱਡੀ ਕੰਮਜ਼ੋਰੀ ਹੈ ਕਿ ਹਰ ਚਮਕਦੀ ਹੋਈ ਚੀਜ਼
ਨੂੰ ਸੋਨਾ ਸਮਝੀ ਬੈਠਾ ਹੈ। ਆਪਣਾ ਘਰ ਗ੍ਰਹਿਸਤ ਕਿੰਨਾ ਸੋਹਣਾ ਵੀ ਕਿਉਂ ਨਾ ਹੋਵੇ ਪਰ ਇਹ ਦੁਜਿਆਂ
ਦੇ ਰੂਪ ਰੰਗ ਨੂੰ ਵੱਧ ਤਰਜੀਹ ਦੇਂਦਾ ਹੈ ਮਿਲਣਾ ਤਾਂ ਕੁੱਝ ਨਹੀਂ ਪਰ ਮੰਦੀ ਸੋਚ ਜ਼ਰੂਰ ਆਪਣੇ ਮਨ
ਵਿੱਚ ਪਾਲ਼ੀ ਬੈਠਾ ਹੈ। ਸਿਆਣਿਆਂ ਦਾ ਕਥਨ ਹੈ ਦੂਜੇ ਦੀ ਥਾਲੀ ਦਾ ਲੱਡੂ ਵੱਡਾ ਲਗਦਾ ਹੈ।
੩ ਅਸਮਾਨੀ ਕਿਲ੍ਹੇ ਉਸਾਰਨ ਵਾਲਾ ਸ਼ੇਖ ਚਿੱਲੀ ਵਾਲੀਆਂ ਗੱਲਾਂ ਤਾਂ ਕਰਦਾ ਹੈ
ਪਰ ਹੱਥੀਂ ਕੁੱਝ ਵੀ ਕਰਨ ਲਈ ਤਿਆਰ ਨਹੀਂ ਹੁੰਦਾ। ਇੱਕ ਵਿਦਿਆਰਥੀ ਨਕਲ ਮਾਰਨ ਸਬੰਧੀ ਤਰਕੀਬਾਂ
ਬਣਾਉਂਦਾ ਰਹੇ ਪਰ ਪੜ੍ਹਾਈ ਨਾ ਕਰੇ ਅਜੇਹਾ ਬੱਚਾ ਸਾਰੀ ਜ਼ਿੰਦਗੀ ਵੀ ਜਮਾਤ ਵਿੱਚ ਜਾਂਦਾ ਰਹੇ ਪਾਸ
ਹੋਣ ਦੀ ਕੋਈ ਗੁਜਾਇੰਸ ਨਹੀਂ ਹੈ।
੪ ਰੁੱਖ ਦੀ ਛਾਇਆ ਸਦਾ ਕਾਇਮ ਨਹੀਂ ਰਹਿੰਦੀ ਭਾਵ ਬਿਗਾਨੀ ਆਸ ਸਦਾ ਨਹੀਂ
ਰਹਿੰਦੀ ਬੰਦੇ ਨੂੰ ਖੁਦ ਆਪ ਆਪਣੇ ਕੰਮ ਦੀ ਤਿਆਰੀ ਕਰਨੀ ਚਾਹੀਦੀ ਹੈ। ਕਈ ਬੱਚੇ ਸਮਝਦੇ ਹਨ ਪਿਤਾ
ਜੀ ਕਮਾ ਲੈਂਦੇ ਹਨ ਸਾਨੂੰ ਮਿਹਨਤ ਕਰਨ ਦੀ ਲੋੜ ਨਹੀਂ ਪਰ ਉਹ ਇਹ ਪੱਖ ਨਹੀਂ ਸਮਝਦੇ ਕਿ ਪਿਤਾ ਜੀ
ਸਦਾ ਸਾਡੇ ਨਾਲ ਨਹੀਂ ਰਹਿਣਾ।
੫ ਪਰਵਾਰ ਦਾ ਸਾਥ ਮਾੜਾ ਨਹੀਂ ਹੈ ਪਰ ਪਰਵਾਰ ਲਈ ਲਾਲਚ ਕਰਕੇ ਗਲਤ ਰਸਤੇ
ਅਖਿਤਿਆਰ ਕਰਨੇ ਮਾੜੇ ਹਨ। ਦੂਸਰਾ ਅਸੀਂ ਆਪਣੇ ਅੰਦਰ ਵੀ ਇੱਕ ਵਿਕਾਰਾਂ ਦਾ ਪਰਵਾਰ ਪਾਲ਼ਿਆ ਹੋਇਆ
ਜਿਹੜਾ ਸਾਡੇ ਆਤਮਕ ਗੁਣ ਚੁਰਾ ਲੈਂਦਾ ਹੈ ਤੇ ਇਹ ਮਿਥਿਆ ਹੋਇਆ ਪਰਵਾਰ ਹਮੇਸ਼ਾਂ ਕੁਰਾਹੇ ਹੀ ਪਉਂਦਾ
ਹੈ।
੬ ਸਿਮਰੰਤ ਨਾਨਕ ਰਾਮ ਰਾਮ ਨਾਮਹ—ਵਿਹਲੇ ਬੈਠ ਕੇ ਰੱਬ ਰੱਬ ਕਰਨ ਤੋਂ ਮੁਰਾਦ
ਨਹੀਂ ਹੈ ਸਗੋਂ ਆਪਣੇ ਕੰਮ ਵਲ ਤਵੱਜੋਂ ਦੇਣੀ ਅਤੇ ਸਚੀ ਲਗਨ ਨਾਲ ਮਿਹਨਤ ਕਰਨ ਤੋਂ ਹੈ।
੭ ਬਿਗਾਨੀ ਆਸ `ਤੇ ਹਵਾਈ ਕਿਲ੍ਹੇ ਉਸਾਰਨੇ, ਵਿਕਾਰੀ ਪਰਵਾਰ ਦੀ ਸਿਰਜਣਾ
ਕਰਨੀ ਅਤੇ ਭੈੜੀਆਂ ਰੁਚੀਆਂ ਮਨੁੱਖ ਨੂੰ ਕਦੇ ਵੀ ਉਨਤੀ ਨਹੀਂ ਕਰਨ ਦੇਂਦੀਆਂ।
ਧਨੁ ਜੋਬਨੁ ਸੰਪੈ ਸੁਖ ਭ+ਗਵੈ ਸੰਗਿ ਨ ਨਿਬਹਤ ਮਾਤ॥
ਮ੍ਰਿਗ ਤ੍ਰਿਸਨਾ ਦੇਖਿ ਰਚਿਓ ਬਾਵਰ ਦ੍ਰੁਮ ਛਾਇਆ ਰੰਗਿ ਰਾਤ॥ ੧॥
ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਾਤ॥
ਕਰੁ ਗਹਿ ਲੇਹੁ ਦਾਸ ਨਾਨਕ ਕਉ ਪ੍ਰਭ ਜੀਉ ਹੋਇ ਸਹਾਤ॥ ੨॥
ਕੇਦਾਰਾ ਮਹਲਾ ੫ ਪੰਨਾ ੧੧੨੦