ਗਿਆਨੀ ਹਰਪ੍ਰੀਤ ਸਿੰਘ ਜੀ,
ਮੁਖ ਸੇਵਾਦਾਰ ਸ਼੍ਰੀ ਅਕਾਲ ਤਖਤ ਸਾਹਿਬ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ
ਮਿਤੀ- 1 ਪੋਹ ਸੰਮਤ 551 ਨਾਨਕਸ਼ਾਹੀ
ਵਿਸ਼ਾ:- ਕੈਲੰਡਰ
ਸਤਿਕਾਰ ਯੋਗ ਗਿਆਨੀ ਹਰਪ੍ਰੀਤ ਸਿੰਘ ਜੀ,
ਸ਼੍ਰੋਮਣੀ ਗੁਰਦਵਾਰਾ ਕਮੇਟੀ ਵੱਲੋਂ ਜਾਰੀ ਕੀਤੇ ਜਾਂਦੇ ਕੈਲੰਡਰ ਸਬੰਧੀ ਦੋ
ਨੁਕਤੇ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ। ਜਿਵੇ ਕਿ ਆਪ ਜੀ ਜਾਣਦੇ ਹੀ ਕਿ ਹਰ ਸਾਲ
ਸ਼੍ਰੋਮਣੀ ਗੁਰਦਵਾਰਾ ਕਮੇਟੀ ਵੱਲੋਂ ਸੂਰਜੀ ਕੈਲੰਡਰ ਜਾਰੀ ਕੀਤਾ ਜਾਂਦਾ ਹੈ। ਹਰ ਸਾਲ ਇਸ ਦਾ ਆਰੰਭ
1 ਚੇਤ ਤੋਂ ਹੁੰਦਾ ਹੈ ਅਤੇ ਫੱਗਣ ਆਖਰੀ ਮਹੀਨਾ ਹੁੰਦਾ ਹੈ। ਭਾਵੇ ਕਮੇਟੀ ਵੱਲੋਂ ਇਸ ਦਾ ਨਾਮ ਅਤੇ
ਸੰਮਤ ਵੀ ਨਾਨਕਸ਼ਾਹੀ ਹੀ ਲਿਖਿਆ ਜਾਂਦਾ ਹੈ ਪਰ ਜਦੋਂ ਇਸ ਦੇ ਮਹੀਨਿਆਂ ਦਾ ਆਰੰਭ (ਸੰਗਰਾਂਦ) ਵੇਖਦੇ
ਹਾਂ ਤਾਂ ਇਹ ਪਤਾ ਲੱਗਦਾ ਹੈ ਕਿ ਇਹ ਨਾਨਕਸ਼ਾਹੀ ਨਹੀਂ, ਸੂਰਜੀ ਬਿਕ੍ਰਮੀ ਕੈਲੰਡਰ ਹੈ। ਜੇ ਹੋਰ
ਬਰੀਕੀ ਨਾਲ ਇਸ ਦਾ ਨਿਰੀਖਣ ਕੀਤਾ ਜਾਵੇ ਤਾ ਇਹ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਦ੍ਰਿਕਗਿਣਤ ਸਿਧਾਂਤ
ਮੁਤਾਬਕ ਹੈ, ਅਤੇ ਇਸ ਦੇ ਸਾਲ ਦੀ ਲੰਬਾਈ 365.2563 ਦਿਨ ਬਣਦੀ ਹੈ। ਇਹ ਸਿਧਾਂਤ ਹਿੰਦੂ ਵਿਦਵਾਨਾਂ
ਵੱਲੋਂ ਨਵੰਬਰ 1964 ਈ: ਵਿੱਚ ਅਪਣਾਇਆ ਗਿਆ ਸੀ। ਇਸ ਤੋਂ ਪਹਿਲਾ ਜੋ ਕੈਲੰਡਰ ਪ੍ਰਚੱਲਤ ਸੀ ਉਹ
ਸੂਰਜੀ ਸਿਧਾਂਤ ਮੁਤਾਬਕ ਬਣਾਇਆ ਜਾਂਦਾ ਸੀ। ਜਿਸ ਦੇ ਸਾਲ ਦੀ ਲੰਬਾਈ 365.2587 ਦਿਨ ਹੈ। ਗੁਰੂ
ਕਾਲ ਵੇਲੇ ਤੋਂ 1964 ਈ: ਤਾਈਂ ਇਸ ਮੁਤਾਬਕ ਹੀ ਕੈਲੰਡਰ ਬਣਦੇ ਰਹੇ ਹਨ।
ਗਿਆਨੀ ਹਰਪ੍ਰੀਤ ਸਿੰਘ ਜੀ, ਇਹ ਪੜਤਾਲ ਵੀ ਕਰਵਾਉਣ ਦੀ ਕ੍ਰਿਪਾਲਤਾ ਕਰਨੀ
ਜੀ, ਕਿ ਗੁਰੂ ਸਾਹਿਬ ਵੱਲੋਂ ਵਰਤੋ ਵਿੱਚ ਲਿਆਂਦੇ ਗਏ ਕੈਲੰਡਰ (ਸੂਰਜੀ ਸਿਧਾਂਤ) ਨੂੰ ਛੱਡ ਕਿ
ਹਿੰਦੂ ਵਿਦਵਾਨਾਂ ਵੱਲੋਂ ਬਣਾਏ ਗਏ ਨਵੇਂ ਸਿਧਾਂਤ (ਦ੍ਰਿਕਗਿਣਤ) ਮੁਤਾਬਕ ਬਣਾਏ ਗਏ ਕੈਲੰਡਰ ਨੂੰ,
ਸ਼੍ਰੋਮਣੀ ਕਮੇਟੀ ਵੱਲੋਂ ਕਿਉਂ ਅਪਣਾਇਆ ਗਿਆ ਹੈ? ਸ਼੍ਰੋਮਣੀ ਕਮੇਟੀ ਨੇ ਗੁਰੂ ਸਾਹਿਬ ਵੱਲੋਂ ਵਰਤੇ
ਗਏ ਕੈਲੰਡਰ ਨੂੰ ਕਿਉਂ ਛੱਡਿਆ ਗਿਆ ਹੈ?
ਦੂਜੀ ਬੇਨਤੀ ਇਹ ਹੈ ਕਿ, ਮੈਂ ਪਿਛਲੇ ਸਾਲਾਂ ਦੇ ਕੈਲੰਡਰ ਵੇਖ ਰਿਹਾ ਸੀ।
ਜਿਨ੍ਹਾਂ ਮੁਤਾਬਕ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹਰ ਸਾਲ 8 ਪੋਹ ਅਤੇ ਛੋਟੇ
ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹਰ ਸਾਲ 13 ਪੋਹ ਦਾ ਦਰਜ ਹੈ। ਜੋ ਕਿ ਇਤਿਹਾਸਿਕ ਤੌਰ ਤੇ ਸਹੀ
ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦਾ ਪ੍ਰਵਿਸ਼ਟਾ
(ਤਾਰੀਖ) ਹਰ ਸਾਲ ਬਦਲ ਜਾਂਦਾ ਹੈ।
ਪਿਛਲੇ 5 ਸਾਲਾਂ ਦੇ ਕੈਲੰਡਰ, ਹਰ ਸਾਲ ਚੇਤ ਤੋਂ ਆਰੰਭ ਹੁੰਦੇ ਹਨ ਅਤੇ
ਫੱਗਣ ਨੂੰ ਖਤਮ ਹੁੰਦੇ ਹਨ। ਹਰ ਸਾਲ ਦੇ 12 ਮਹੀਨੇ (ਚੇਤ- ਫੱਗਣ) ਹੀ ਹਨ। ਸਾਲ ਦੀ ਲੰਬਾਈ ਤੋਂ ਵੀ
ਗਿਆਨ ਹੁੰਦਾ ਹੈ ਕਿ ਇਹ ਸੂਰਜੀ ਕੈਲੰਡਰ ਹੀ ਅਤੇ ਹਰ ਸਾਲ ਦੇ ਦਿਨ੍ਹਾਂ ਦੀ ਗਿਣਤੀ 365 ਹੈ। ਜਦੋਂ
ਸਾਲ ਦੇ 365 ਦਿਨ ਹੋਣ ਤਾਂ ਹਰ ਸਾਲ, ਹਰ ਦਿਹਾੜਾ ਉਸੇ ਪ੍ਰਵਿਸ਼ਟੇ ਨੂੰ ਹੀ ਆਉਂਦਾ ਹੈ। ਜਿਵੇ ਵੱਡੇ
ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ।
ਇਨ੍ਹਾਂ ਸਮੇਤ ਹੋਰ ਵੀ ਬਹੁਤ ਸਾਰੇ ਦਿਹਾੜੇ ਹਨ ਜੋ ਹਰ ਸਾਲ ਮੁੜ ਉਸੇ ਪ੍ਰਵਿਸ਼ਟੇ ਨੂੰ ਆਉਂਦੇ ਆਏ
ਹਨ। ਜਿਵੇ ਵੈਸਾਖੀ ਹਰ ਸਾਲ 1 ਵੈਸਾਖ ਨੂੰ ਹੀ ਦਰਜ ਹੈ। ਛੋਟਾ ਘੱਲੂਘਾਰਾ 3 ਜੇਠ, ਵੱਡਾ ਘੱਲੂਘਾਰਾ
27 ਮਾਘ ਅਤੇ ਸ਼ਹੀਦੀ ਦਿਹਾੜਾ ਬਾਬਾ ਦੀਪ ਸਿੰਘ ਜੀ ਹਰ ਸਾਲ 30 ਕੱਤਕ ਦਾ ਹੀ ਦਰਜ ਹੈ। ਇਸ ਤੋਂ ਵੀ
ਸਪੱਸ਼ਟ ਹੋ ਜਾਂਦਾ ਹੈ ਕਿ ਸੂਰਜੀ ਕੈਲੰਡਰ ਵਿੱਚ ਹਰ ਸਾਲ, ਹਰ ਦਿਹਾੜਾ ਮੁੜ ਉਸੇ ਪ੍ਰਵਿਸ਼ਟੇ ਨੂੰ
ਆਉਂਦਾ ਹੈ। ਇਸ ਮੁਤਾਬਕ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ ਇਕੋ ਪ੍ਰਵਿਸ਼ਟੇ
ਨੂੰ ਹੀ ਆਉਣਾ ਚਾਹੀਦਾ ਹੈ। ਜੋ ਪਿਛਲੇ 5 ਸਾਲਾਂ ਵਿਚ ਨਹੀਂ ਆਇਆ। ਇਹ ਫਿਕਰ ਵਾਲੀ ਗੱਲ ਹੈ। ਕੀ ਇਸ
ਪਿਛੇ ਕੋਈ ਸਾਜ਼ਿਸ਼ ਤਾਂ ਨਹੀਂ?
ਗਿਆਨੀ ਹਰਪ੍ਰੀਤ ਸਿੰਘ ਜੀ, ਮੈਨੂੰ ਪੂਰੀ ਆਸ ਹੈ ਕਿ ਆਪ ਜੀ ਇਹ ਪੱਤਰ ਪੜ੍ਹ
ਕੇ, ਮੇਰੇ ਤੋਂ ਵੀ ਵੱਧ ਚਿੰਤਤ ਹੋਵੋਗੇ। ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਬਹੁਤ ਹੀ ਮਹੱਤਵ ਪੂਰਨ
ਪ੍ਰਵਿਸ਼ਟੇ ਦੇ ਹਰ ਸਾਲ ਬਦਲੇ ਜਾਣ ਦੇ ਕਾਰਨਾਂ ਦੀ ਪੜਤਾਲ ਕਰਕੇ ਜਿੰਮੇਵਾਰ ਵਿਅਕਤੀਆਂ ਦੇ ਖਿਲਾਫ਼
ਸਖ਼ਤ ਕਾਰਵਾਈ ਕੀਤੀ ਜਾਵੇ, ਅਤੇ ਸੰਮਤ 552 ਦੇ ਕੈਲੰਡਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼
ਦਿਹਾੜੇ ਦੇ ਸਹੀ ਪ੍ਰਵਿਸ਼ਟੇ ਨੂੰ ਦਰਜ ਕੀਤਾ ਜਾਵੇ। ਅੱਗੇ ਤੋਂ ਵੀ ਇਹ ਅਤੇ ਅਜੇਹੀ ਹੋਰ ਕਈ ਗਲਤੀਆਂ
ਨੂੰ ਦਰੁਸਤ ਕਰਨ ਦੀ ਅਤੇ ਮੁੜ ਗੁਰੂ ਸਾਹਿਬ ਵੱਲੋਂ ਵਰਤੇ ਗਏ ਕੈਲੰਡਰ (ਸੂਰਜੀ ਸਿਧਾਂਤ) ਨੂੰ ਹੀ
ਛਾਪਣ ਦੀ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਖ਼ਤ ਹਦਾਇਤ ਕੀਤੀ ਜਾਵੇ।
ਉਸਾਰੂ ਸੇਧਾਂ ਦੀ ਉਡੀਕ ਵਿੱਚ
ਸਰਵਜੀਤ ਸਿੰਘ ਸੈਕਰਾਮੈਂਟੋ