ਗੁਰਬਾਣੀ ਦੇ ਚਾਨਣ ਵਿਚ ‘ਅਖਾਣ’
(ਕਿਸ਼ਤ ਨੰ:09)
ਵੀਰ ਭੁਪਿੰਦਰ ਸਿੰਘ
41. ਦਾੜੀ ਰਹਿਣਾ (ਇਜ਼ੱਤ ਕਾਇਮ):
ਜਦੋਂ ਕਿਸੀ ਦੀ ਇਜ਼ੱਤ ਗਲਤੀ ਹੋਣ ਮਗਰੋਂ ਵੀ ਉਛਾਲੀ ਨਹੀਂ ਜਾਂਦੀ, ਸਮਾਜ ਵਿਚ ਭੰਡੀ ਨਹੀਂ ਕੀਤੀ
ਜਾਂਦੀ ਜਾਂ ਵਿਕਾਰਾਂ ਹੱਥੀਂ ਪੱਤ ਲੁਟਣੋ ਬਚਾਉਣ ਲਈ ਸਤਿਗੁਰ ਦੀ ਮਤ ਲੈ ਕੇ ਅਮਲੀ ਜੀਵਨ ਜਿਊਣ
ਲਗਦੇ ਹਾਂ ਤਾਂ ਅੰਤਰਆਤਮੇ ਦੀ ਕਚਿਹਰੀ ’ਚ ਦਾੜੀ ਦੀ ਰਹਿ ਆਉਂਦੀ ਹੈ।
42. ਦਾਦੇ ਪੋਤਰਾ ਹੋਣਾ (ਬਜ਼ੁਰਗੀ):
ਜਦੋਂ ਕੋਈ ਚੰਗੇ ਗੁਣਾਂ ਵਾਲੇ ਟੱਬਰ ਦਾ ਹੋ ਜਾਂਦਾ ਹੈ ਤਾਂ ਸਹਿਜ ਸੰਤੋਖ ਜੈਸੇ ਗੁਣ ਹੀ
ਉਸਦੇ ਧੀਆਂ ਪੁੱਤਰ ਅਤੇ ਪੋਤਰੇ ਬਣਦੇ ਹਨ। ਇਹੋ ਬਿਬੇਕ ਬੁੱਧੀ ਹੀ ਬਜ਼ੁਰਗੀ (ਦਾੜੀ ਭੂਰ) ਜਾਂ ਦਾਦੇ
ਪੋਤਰਾ ਹੋਣਾ ਹੁੰਦਾ ਹੈ।
43. ਦਾੜੀ ਖਿੰਝਣਾ (ਕਿਸੇ ਨੂੰ ਨੀਵਾਂ ਪਾ ਕੇ ਕ੍ਰੋਧ ਕਰਨਾ):
ਜਦੋਂ ਆਪਣੀ ਕਿਸੀ ਵੀ ਪ੍ਰਾਪਤੀ ਦਾ ਹੰਕਾਰ ਕਰਕੇ ਆਪਣੇ ਤੋਂ ਕਮਜ਼ੋਰ, ਗਰੀਬ ਨੂੰ ਜ਼ਲੀਲ
ਕਰਦੇ ਹਾਂ, ਉਸਨੂੰ ਛੁਟਿਆਉਂਦੇ ਹਾਂ ਤਾਂ ਇਹੋ ‘ਦਾੜੀ ਖਿੰਝਣਾ’ ਹੁੰਦਾ ਹੈ। ਅਸੀਂ ਹੰਕਾਰ ਦੀ ਅਗਨੀ
’ਚ ਜਲ ਰਹੇ ਹੁੰਦੇ ਹਾਂ ਤਦੋਂ ਹੀ ਊਚ-ਨੀਚ ਦਾ ਭੇਦ ਵਿਤਕਰਾ ਕਰਦੇ ਹੋਏ ‘ਦਾੜੀ ਖਿੰਝਣ’ ਵਾਲਾ ਕਰਮ
ਕਰਦੇ ਹਾਂ। ਗਰੀਬਾ ਉਪਰਿ ਜਿ ਖਿੰਜੈ ਦਾੜੀ॥ (ਗੁਰੂ ਗ੍ਰੰਥ ਸਾਹਿਬ,
ਪੰਨਾ 199)
44. ਦਾਦੇ ਪੜਦਾਦੇ ਪੁੰਣਨਾ (ਕਿਸੀ ਦੇ ਬਜ਼ੁਰਗਾਂ ਨੂੰ ਬੁਰਾ ਭਲਾ
ਕਹਿਣਾ):
ਜੇਕਰ ਅੱਜ ਕੋਈ ਮਨੁੱਖ ਆਪਣੀ ਮੰਦੀ ਸੋਚਣੀ ਕਾਰਨ ਮੰਦੇ ਕਰਮ ਕਰਦਾ ਹੋਵੇ ਤਾਂ ਨਾਸਮਝੀ
ਕਾਰਨ ਉਸਦੇ ਦਾਦੇ ਪੜਦਾਦੇ ਬਾਰੇ ਬੁਰਾ ਭਲਾ ਕਹਿਣਾ ਹੀ ‘ਦਾਦੇ ਪੜਦਾਦੇ ਪੁੰਣਨਾ’ ਕਹਿਲਾਉਂਦਾ ਹੈ।
‘ਕਰੇ ਕੋਈ ਤੇ ਭਰੇ ਕੋਈ’ ਵਾਲਾ ਸਮਾਜ ਦਾ ਵਤੀਰਾ ਗਲਤ ਹੁੰਦਾ ਹੈ। ਕਿਸੀ ਮਨੁੱਖ ਦੀ ਗਲਤੀ ਹੋਵੇ ਉਹ
ਮਨੁੱਖ ਭਾਵੇਂ ਕਿਸੀ ਦੀ ਨੂੰਹ ਹੋਵੇ, ਪਤੀ ਹੋਵੇ ਜਾਂ ਸੱਸ ਹੋਵੇ ਪਰ ਗਲਤੀ ਕਰਨ ਵਾਲੇ ਦੇ ਬਜ਼ੁਰਗਾਂ
ਨੂੰ ਭੰਡਣਾ ‘ਦਾਦੇ ਪੜਦਾਦੇ ਪੁੰਣਨਾ’ ਕਹਿਲਾਉਂਦਾ ਹੈ।
45. ਥੁੱਕ ਸੁੱਟਣਾ:
ਜਦੋਂ ਕਿਸੀ ਮਨੁੱਖ ਨਾਲ ਨਫਰਤ ਕਰਦੇ ਹਾਂ ਤਾਂ ਸਾਡੇ ਖਿਆਲ ’ਚ ਉਸਦੀ ਕੋਈ ਕਮੀ ਸਾਡੇ ਹੱਥ
ਆ ਚੁੱਕੀ ਹੁੰਦੀ ਹੈ ਜਦੋਂ ਅਸੀਂ ਉਸਨੂੰ ਨਫਰਤ ਕਰਕੇ ਤਿਆਗਣਾ (ਉਸ ਨਾਲ ਤੋੜਨਾ) ਚਾਹੁੰਦੇ ਹਾਂ ਤਾਂ
‘ਥੁੱਕ ਸੁਟੱਣਾ’ ਹੀ ਹੁੰਦਾ ਹੈ। ਕਿਸੀ ਮੰਦੇ ਖਿਆਲ ਜਾਂ ਕਰਮ ਨੂੰ ਦਿਲੋਂ ਗਲਤ ਮੰਨ ਲੈਣਾ ਅਤੇ
ਤੌਬਾ ਕਰਕੇ ਮੁੜ ਕਦੀ ਨਾ ਕਰਨਾ ਵੀ ‘ਥੁੱਕ ਸੁੱਟਣਾ’ ਹੁੰਦਾ ਹੈ। ਸਭ ਦੇ ਸਾਹਮਣੇ ਕਿਸੀ ਨੂੰ ਬੇਇਜ਼ਤ
ਕਰਨਾ ਵੀ ‘ਥੁੱਕ ਸੁੱਟਣਾ’ ਹੁੰਦਾ ਹੈ। ਕਿਸੀ ਗਲਤ ਕੰਮ/ਖਿਆਲ ਨੂੰ ਛੱਡ ਕੇ ਫਿਰ ਦੋਹਰਾਨਾ ‘ਥੁੱਕ
ਕੇ ਚੱਟਣਾ’ ਹੁੰਦਾ ਹੈ।