.

(ਸੰਪਾਦਕੀ ਨੋਟ:- ਸ: ਬਲਦੇਵ ਸਿੰਘ ਟੋਰਾਂਟੋ ਨੇ ਜਪੁ ਬਾਣੀ ਦੀ ਵਿਆਖਿਆ ਇੱਕ ਨਿਵੇਕਲੇ ਦ੍ਰਿਸ਼ਟੀਕੋਨ ਤੋਂ ਸਿੱਖੀ ਦੇ ਮੂਲ ਸਿਧਾਂਤ ਨੂੰ ਸਾਹਮਣੇ ਰੱਖ ਕੇ ਕੀਤੀ ਹੈ। ਹੋ ਸਕਦਾ ਹੈ ਕਿ ਕਈਆਂ ਨੂੰ ਇਹ ਬਹੁਤੀ ਹਜ਼ਮ ਨਾ ਹੋਵੇ। ਕਿਉਂਕਿ ਜਿਹੜੀ ਵਿਚਾਰ ਤੁਸੀਂ ਦਹਾਕਿਆਂ ਤੋਂ ਅਪਣਾਈ ਹੋਈ ਹੈ ਅਤੇ ਤੁਹਾਡੇ ਮਨ ਵਿੱਚ ਪੂਰੀ ਤਰ੍ਹਾਂ ਵਸੀ ਹੋਈ ਹੈ ਉਸ ਨੂੰ ਇਕਦਮ ਬਾਹਰ ਕੱਢਣਾ ਸੌਖਾ ਨਹੀਂ ਹੁੰਦਾ। ਪੱਕੇ ਹੋਏ ਖਿਆਲਾਂ ਨੂੰ ਬਦਲਣ ਲਈ ਕਾਫੀ ਸਮਾ ਲੱਗਦਾ ਹੈ। ਜੇ ਕਰ ਕੋਈ ਭਾਂਡਾ ਕਿਸੇ ਵਸਤੂ ਨਾਲ ਪਹਿਲਾਂ ਹੀ ਭਰਿਆ ਹੋਵੇ ਤਾਂ ਉਸ ਵਿੱਚ ਹੋਰ ਵਸਤੂ ਤਾਂ ਹੀ ਪਾਈ ਜਾ ਸਕਦੀ ਹੈ ਜੇ ਕਰ ਪਹਿਲਾਂ ਪਈ ਵਸਤੂ ਨੂੰ ਕੁੱਝ ਬਾਹਰ ਕੱਢਿਆ ਜਾਵੇ। ਇਸ ਲਈ ਆਪਣੇ ਮਨਾ ਵਿਚੋਂ ਪਹਿਲਾਂ ਬਣੇ ਵਿਚਾਰਾਂ ਨੂੰ ਥੋੜਾ ਜਿਹਾ ਬਾਹਰ ਕੱਢ ਕੇ ਇਸ ਨੂੰ ਸਮਝਣ ਦਾ ਜਤਨ ਕਰਨਾ। ਇਹ ਅਰੰਭਕਾ ਵਾਲਾ ਲੇਖ ਸਿੱਖ ਮਾਰਗ ਦੇ ਮੁੱਖ ਪੰਨੇ ਤੇ ਦੋ ਹਫਤੇ ਲਈ ਪਾਇਆ ਜਾ ਰਿਹਾ ਹੈ। ਇਸ ਲਈ ਤੁਸੀਂ ਆਪਣੇ ਵਿਚਾਰ ਜਾਂ ਸਵਾਲ ਦੋ ਹਫਤੇ ਲਈ ਕਰ ਸਕਦੇ ਹੋ। ਇਸ ਜਪੁ ਬਾਣੀ ਦੀ ਵਿਆਖਿਆ ਵਾਲਾ ਬਾਕੀ ਹਿੱਸਾ ਕੁੱਝ ਸਮਾ ਠਹਿਰ ਕੇ ਪਾਇਆ ਜਾਵੇਗਾ ਜਦੋਂ ਬਲਦੇਵ ਸਿੰਘ ਚਾਹੇਗਾ ਅਤੇ ਜੇ ਕਰ ਸਿੱਖ ਮਾਰਗ ਉਸ ਸਮੇ ਤੱਕ ਚੱਲਦਾ ਰਿਹਾ ਤਾਂ ਜਰੂਰ ਪਾਇਆ ਜਾਵੇਗਾ।)

ਅਰੰਭਕਾ

ਸਮੁੱਚੀ ਬਾਣੀ ਦਾ ਅਰੰਭ ਮੂਲਮੰਤ੍ਰ/ਮੂਲਸਿਧਾਂਤ ਦੇ ਸਿਰਲੇਖ ਨਾਲ ਸੁਰੂ ਹੁੰਦਾ ਹੈ। ਬਾਣੀ ਨੂੰ ਵੀਚਾਰਨ ਵੇਲੇ ਮੂਲਮੰਤ੍ਰ ਦੀ ਸਿਧਾਂਤਕ ਕਸਵੱਟੀ ਨੂੰ ਮੁਖ ਰੱਖਕੇ ਸਮੁੱਚੀ ਬਾਣੀ ਨੂੰ ਵੀਚਾਰਨ ਨਾਲ ਹੀ ਗੁਰਬਾਣੀ ਸੱਚ ਸਾਹਮਣੇ ਆ ਸਕਦਾ ਹੈ। ਸਿਖ ਸਮਾਜ ਅੰਦਰ ਵੱਖ ਵੱਖ ਵਿਆਖਿਆ ਪਰਣਾਲੀਆਂ ਹਨ, ਸਾਰੀਆਂ ਵਿਆਖਿਆ ਪਰਣਾਲੀਆਂ ਵਲੋਂ ਹੀ, ਬਾਣੀ ਨੂੰ ਵਿਖਆਉਣ ਵੇਲੇ ਮੂਲ ਸਿਧਾਂਤ ਨੂੰ ਅੱਖੋ ਪਰੋਖੇ ਕਰ ਦਿੱਤਾ ਗਿਆ ਹੈ, ਜਿਸ ਦਾ ਨਤੀਜਾ ਇਹ ਹੋਇਆ ਕਿ ਸੈਕੜੇ ਜਗ੍ਹਾ ਤੇ ਗੁਰਮਤਿ ਦੇ ਮੂਲ ਸਿਧਾਤ ਦਾ ਹੀ ਖੰਡਣ ਹੈ। ਜੇਕਰ ਮੌਜੂਦਾ ਪਰਚਲਤ ਟੀਕੇ ਸ੍ਰੀ ਗੁਰੂ ਗ੍ਰੰਥ ਦਰਪਣ ਟੀਕੇ ਦੀ ਗੱਲ ਕਰੀਏ ਤਾਂ ਮੂਲਮੰਤ੍ਰ ਦੀ ਵਿਆਖਿਆ ਤੋਂ ਬਾਅਦ ਵਿੱਚ ਜੋ ਇੱਕ ਨੋਟ ਲਿਖਿਆ ਗਿਆ ਹੈ, ਉਹ ਨੋਟ ਮੂਲ ਸਿਧਾਂਤ, ਮੂਲ ਮੰਤ੍ਰ ਨੂੰ ਜਪੁ ਬਾਣੀ ਨਾਲੋ ਵੱਖਰੀ ਚੀਜ ਸਾਬਤ ਕਰਕੇ ਨਿਖੇੜਦਾ ਹੈ ਜੋ ਅੱਗੇ ਹਵਾਲੇ ਵਜੋਂ ਪੇਸ ਹੈ: -

ਪਰਚਲਤ ਟੀਕੇ ਅੰਦਰ ਮੂਲਮੰਤ੍ਰ ਬਾਰੇ ਲਿਖਿਆ ਨੋਟ: - ਇਹ ਉਪਰੋਤਕ ਗੁਰਸਿਖੀ ਦਾ ਮੂਲਮੰਤ੍ਰ ਹੈ। ਇਸ ਤੋਂ ਅਗਾਂਹ ਲਿਖੀ ਗਈ ਬਾਣੀ ਦਾ ਨਾਮ ਹੈ ‘ਜਪੁ`। (ਅੱਗੇ ਲਿਖਦੇ ਹਨ) ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਇਹ ਮੂਲ ਮੰਤ੍ਰ ਵੱਖਰੀ ਚੀਜ ਹੈ ਤੇ ਬਾਣੀ ‘ਜਪੁ` ਵੱਖਰੀ ਹੈ। (ਅੱਗੇ ਲਿਖਦੇ ਹਨ) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁਰੂ ਵਿੱਚ ਇਹ ਮੂਲਮੰਤ੍ਰ ਲਿਖਿਆ ਹੈ, ਜਿਵੇਂ ਕਿ ਹਰੇਕ ਰਾਗ ਦੇ ਸੁਰੂ ਵਿੱਚ ਭੀ ਲਿਖਿਆ ਮਿਲਦਾ ਹੈ। (ਅੱਗੇ ਲਿਖਦੇ ਹਨ ਕਿ) ਬਾਣੀ ‘ਜਪੁ` ਲਫਜ ‘ਆਦਿ ਸਚ` ਤੋਂ ਸੁਰੂ ਹੁੰਦੀ ਹੈ। ਆਸਾ ਦੀ ਵਾਰ ਦੇ ਸੁਰੂ ਵਿੱਚ ਭੀ ਇਹ ਮੂਲਮੰਤ੍ਰ ਹੈ, (ਲਿਖਦੇ ਹਨ) ਪਰ ‘ਵਾਰ` ਨਾਲ ਇਸਦਾ ਕੋਈ ਸਬੰਧ ਨਹੀ ਹੈ, ਤਿਵੇਂ ਹੀ ਇਥੇ ਹੈ। ‘ਜਪੁ` ਦੇ ਅਰੰਭ ਵਿੱਚ ਮੰਗਲਾਚਰਨ ਦੇ ਤੌਰ ਤੇ ਇੱਕ ਸਲੋਕ ਉਚਾਰਿਆ ਗਿਆ ਹੈ। ਫਿਰ ‘ਜਪੁ` ਸਾਹਿਬ ਦੀਆਂ ੩੮ ਪਾਉੜੀਆਂ ਹਨ।

ਜੇਕਰ ਇਸ ਨੋਟ ਅੰਦਰ ਦਿੱਤੀਆਂ ਦਲੀਲਾਂ ਨੂੰ ਜਰਾ ਗੌਰ ਨਾਲ ਵੇਖਿਆ ਜਾਏ ਤਾਂ ਇਹ ਸਿਧ ਹੁੰਦਾ ਹੈ ਕਿ ਮੂਲਮੰਤ੍ਰ ਦਾ ਜਪੁ ਬਾਣੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਵਾਰ ਆਸਾ ਦੇ ਸੁਰੂ ਵਿੱਚ ਲਿਖੇ ਮੂਲਮੰਤ੍ਰ ਦਾ ਵੀ ਵਾਰ ਨਾਲ ਕੋਈ ਸਬੰਧ ਨਹੀਂ ਦਰਸਾਉਦੇ ਹਨ, ਜੋ ਕਿ ਇਹ ਗੱਲ ਮੁਢੋਂ ਹੀ ਨਿਰਮੂਲ ਹੈ। ਅੱਗੇ ਜੋ ਵਾਰ ਆਸਾ ਦੇ ਸੁਰੂ ਵਿੱਚ ਮੂਲਮੰਤ੍ਰ ਦਰਜ ਹੈ ਦਾ ਹਵਾਲਾ ਦੇ ਕਰ ਵੀ ਵਾਰ ਨਾਲ ਮੂਲਮੰਤ੍ਰ ਦਾ ਕੋਈ ਸਬੰਧ ਨਾ ਦਰਸਾਕੇ ਜਪੁ ਦੇ ਅਰੰਭ ਵਿੱਚ ਦਰਜ ਮੂਲਮੰਤ੍ਰ ਦਾ ਵੀ ਜਪ ਬਾਣੀ ਨਾਲ ਕੋਈ ਸਬੰਧ ਨਾ ਹੋਣ ਦੀ ਪ੍ਰੜੋਤਾ ਕਰਦੇ ਹਨ।

ਜੇਕਰ ਉਪਰੋਤਕ ਦਲੀਲਾਂ ਨਾਲ ਸਹਿਮਤ ਹੋਇਆ ਜਾਏ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਕੋਈ ਇਹ ਕਹੇ ਕਿ ਮਨੁੱਖਾਂ ਸਰੀਰ ਉੱਪਰ ਜੋ ਸਿਰ ਹੈ, ਇਸਦਾ ਸਰੀਰ ਨਾਲ ਕੋਈ ਸਬੰਧ ਨਹੀਂ ਹੈ। ਜਦੋਂ ਕਿ ਸੱਚ ਇਹ ਹੈ ਕਿ ਸਿਰ ਨੇ ਧੜ ਨੂੰ ਚਲਾਉਣਾ ਹੁੰਦਾ ਹੈ। ਪਰ ਪਰਚਲਤ ਵਿਆਖਿਆ ਪਰਣਾਲੀ ਵਲੋਂ ਮੂਲ ਸਿਧਾਂਤ ਨੂੰ ਵੱਖ ਕਰਕੇ ਬਿਨਾਂ ਸਿਰ ਦੇ ਧੜ ਨੂੰ ਚਲਾਉਣ ਦਾ ਯਤਨ ਕੀਤਾ ਹੈ, ਜਿਸਦਾ ਦਾ ਨਤੀਜਾ ਸਾਡੇ ਸਾਹਮਣੇ ਹੈ।

ਦਰਅਸਲ ਜੇਕਰ ਪ੍ਰਚਲਤ ਵਿਆਖਿਆ ਪ੍ਰਣਾਲੀਆਂ ਉੱਪਰ ਝਾਤ ਮਾਰੀਏ, ਤਾਂ ਮੂਲ ਸਿਧਾਂਤ ਨੂੰ ਵੱਖ ਕਰਕੇ ਗੁਰਬਾਣੀ ਸਿਧਾਂਤ ਨੂੰ ਵਿਖਆਉਣ ਦਾ ਨਤੀਜਾ ਇਹ ਹੋਇਆ ਕਿ ਸਾਰੀ ਦੀ ਸਾਰੀ ਚੰਗੇ, ਮੰਦੇ ਦੀ ਜੁਮੇਵਾਰੀ ਰੱਬ ਦੇ ਸਿਰ ਹੀ ਛੁੱਟਦੀਆਂ ਹੋਈਆਂ ਇਹ ਸਾਬਤ ਕਰਦੀਆਂ ਹਨ ਕਿ ਰੱਬ ਬੰਦੇ ਤੋਂ ਜੋ ਕਰਵਾਉਦਾ ਹੈ, ਉਹ ਹੀ ਬੰਦਾ ਕਰਦਾ ਹੈ। ਸਵਾਲ ਪੈਦਾ ਹੁੰਦਾ ਕਿ ਜੇਕਰ ਰੱਬ ਹੀ ਸਾਰਾ ਕੁੱਝ ਕਿਸੇ ਬੰਦੇ ਤੋਂ ਕਰਵਾਉਦਾ ਹੈ ਤਾਂ ਫਿਰ ਮਾੜੇ ਕੀਤੇ ਦਾ ਦੋਸ਼ੀ ਕੌਣ ਹੋਇਆ? ਇਸੇ ਤਰ੍ਹਾਂ ਜੇਕਰ ਪਰਚਲਤ ਵਿਆਖਿਆ ਅਨੁਸਾਰ ਇਕਨਾਂ ਉੱਪਰ ਰੱਬ ਨੇ ਬਖਸ਼ਿਸ਼ਾਂ ਕੀਤੀਆਂ ਹਨ ਅਤੇ ਕਿਸੇ ਨੂੰ ਉਸਨੇ ਭਟਕਣਾ ਵਿੱਚ ਪਾਇਆ ਹੋਇਆ ਹੈ, ਤਾਂ ਫਿਰ ਮੂਲ ਸਿਧਾਂਤ ਅਨੁਸਾਰ ਉਹ ਨਿਰਵੈਰ ਕਿਵੇਂ ਹੋਇਆ? । ਜੇਕਰ ਰੱਬ ਵਲੋਂ ਕਿਸੇ ਨੂੰ ਭਟਕਣਾ ਵਿੱਚ ਪਾਇਆ ਹੈ, ਤਾਂ ਰੱਬ ਵਲੋਂ ਭਟਕਣਾ ਵਿੱਚ ਪਾਏ ਬੰਦੇ ਨੂੰ ਦੂਸਰਾ ਬੰਦਾ ਭਟਕਣਾਂ ਵਿੱਚੋਂ ਬਾਹਰ ਕਿਵੇਂ ਕੱਢ ਸਕਦਾ ਹੈ? ਇਸ ਲਈ ਇਹ ਸਾਰਾ ਕੁੱਝ ਮੂਲ ਸਿਧਾਂਤ ਨੂੰ ਬਾਣੀ ਨਾਲੋ ਵੱਖ ਦੇਖ, ਸਮਝਕੇ ਵਿਖਆਉਣ ਦਾ ਹੀ ਨਤੀਜਾ ਹੈ। ਜਦੋਂ ਕਿ ਮੂਲ ਸਿਧਾਂਤ ਅਨੁਸਾਰ ਕਰਤਾ ਨਿਰਵੈਰ ਹੈ ਭਾਵ ਪੱਖਪਾਤੀ ਨਹੀਂ।

ਗੁਰਮਤਿ ਦੇ ਮੂਲ ਸਿਧਾਂਤ ਅਨੁਸਾਰ ਕਰਤਾ ਅਜੂਨੀ ਹੈ ਪਰ ਪਰਚਲਤ ਵਿਆਖਿਆ ਪ੍ਰਣਾਲੀ ਰੱਬ ਨੂੰ ਜੰਮਣ ਮਰਨ ਦੇ ਗੇੜ ਵਿੱਚ ਦਰਸਾਉਦੀ ਹੋਈ ਕਰਤੇ ਨੂੰ ਜੀਵ ਰੂਪ ਹੋਕੇ ਚੰਗੇ ਮਾੜੇ ਭੋਗ ਭੋਗਦੇ ਹੋਇ ਨੂੰ ਮਰਨ ਉਪਰੰਤ ਜਮਦੂਤਾਂ ਵਲੋਂ ਗਲਿ ਵਿੱਚ ਸੰਗਲ ਪਾ ਕੇ ਧਰਮਰਾਜ ਦੇ ਸਾਹਮਣੇ ਪੇਸ਼ ਕਰਵਾਕੇ ਕੁੱਟ ਵੀ ਪਵਾਉਂਦੀ ਹੈ। ਇਹ ਮੂਲਮੰਤ੍ਰ ਦਾ ਵਾਰਾਂ ਨਾਲ ਸਬੰਧ ਨਾ ਹੋਣ ਦੇ ਦਰਸਾਉਣ ਦਾ ਨਤੀਜਾ ਹੈ। ਹਵਾਲੇ ਦੇ ਤੌਰ ਤੇ ਵਾਰ ਆਸਾ ਦੀ ਪਰਚਲਤ ਵਿਆਖਿਆ ਪੜੀ ਜਾ ਸਕਦੀ ਹੈ। ਇਹ ਟੂਕ ਮਾਤ੍ਰ ਵਿਆਖਿਆ ਪ੍ਰਣਾਲੀਆਂ ਦੇ ਨਮੂਨੇ ਹਨ ਜੋ ਮੂਲਮੰਤ੍ਰ ਦੇ ਸਿਧਾਂਤ ਨੂੰ ਅੱਖੋ ਪਰੋਖੇ ਕਰਨ ਦਾ ਹੀ ਨਤੀਜਾ ਹਨ। ਸੋ ਮੂਲਮੰਤ੍ਰ ਨੂੰ ਅੱਖੋ ਪਰੋਖੇ ਕਰਕੇ ਵਿਆਖਿਆ ਕਰਨੀ ਗੁਰਮਤਿ ਸਿਧਾਂਤ ਨਾਲ ਅਨਿਆਏ ਹੈ।

ਧਰਮ ਦੇ ਨਾਂਅ ਤੇ ਜੋ ਵੱਖ ਵੱਖ ਫਿਰਕੇ/ਗਰੁੱਪ ਬਣੇ ਹਨ, ਹਰੇਕ ਫਿਰਕਾ/ਗਰੁੱਪ ਆਪਣੇ ਆਪਣੇ ਫਿਰਕੇ/ਗਰੁੱਪ ਨੂੰ ਧਰਮ ਦਾ ਨਾਮ ਦਿੰਦਾ ਹੈ ਅਤੇ ਆਪਣੇ ਆਪਣੇ ਫਿਰਕੇ/ਗਰੁੱਪ ਨੂੰ ਉੱਤਮ ਦਰਸਾਉਦੇ ਹੋਇ ਆਪਣੇ ਆਪਣੇ ਅਵਤਾਰਵਾਦੀ ਮੁਖੀਆਂ ਨੂੰ ਰੱਬ ਸਾਬਤ ਕਰਨ ਤੇ ਤੁਲੇ ਹੋਇ ਹਨ ਅਤੇ ਸਾਬਤ ਕਰਦੇ ਆ ਰਹੇ ਹਨ। ਇਨ੍ਹਾਂ ਫਿਰਕਿਆਂ/ਗਰੁੱਪਾਂ ਦੇ ਆਪਣੇ ਆਪਣੇ ਬਣਾਏ ਹੋਇ ਰੱਬ, ਆਪਣੇ ਆਪਣੇ ਭਗਤਾਂ ਤੇ ਹੀ ਕ੍ਰਿਪਾ ਕਰਦੇ ਹਨ ਅਤੇ ਇਨ੍ਹਾਂ ਨੂੰ ਨਾ ਮੰਨਣ ਵਾਲਿਆ ਨੂੰ ਉਹ ਭਟਕਣਾ ਵਿੱਚ ਪਾ ਛੱਡਦੇ ਹਨ। ਗੁਰਮਤਿ ਦਾ ਮੂਲ ਸਿਧਾਂਤ ਅਖੌਤੀ ਅਵਤਾਰਵਾਦੀਆਂ ਦੇ ਰੱਬ ਹੋਣ ਦੇ ਭਰਮ ਨੂੰ ਨਿਕਾਰਦਾ ਹੋਇਆ ਫਿਰਕਾਪ੍ਰਸਤੀ/ਗਰੁੱਪ ਸਿਸਟਮ ਨੂੰ ਤੋੜਦਾ ਹੋਇਆ, ਇਕੁ ਸਰਬਵਿਆਪਕ ਸੱਚ ਦੇ ਅਜੂਨੀ, ਨਿਰਭਉ, ਨਿਰਵੈਰ/ਪੱਖਪਾਤੀ ਨਾ ਹੋਣ ਦੀ ਪ੍ਰੋੜਤਾ ਕਰਦਾ ਹੈ। ਪਰ ਗੁਰਮਤਿ ਸਿਧਾਂਤ ਦਾ ਵਿਆਖਿਆਕਾਰਾਂ ਵਲੋਂ ਕੀਤਾ ਵਿਖਿਆਨ ਵੀ ਰੱਬ ਜੀ ਨੂੰ ਕਿਤੇ ਅਣਦੱਸੀ ਥਾਂ ਤੇ ਅਖਾੜਾ ਲਾਈ ਬੈਠੇ ਹੋਣ ਦੀ ਪ੍ਰੋੜਤਾ ਇਸ ਤਰ੍ਹਾਂ ਕਰਦਾ ਹੈ ਕਿ ਪਤਾ ਨਹੀਂ ਕਿਸ ਤਰ੍ਹਾਂ ਦਾ ਉਸਦਾ ਦਰ ਹੈ, ਜਿਥੇ ਬੈਠ ਕੇ ਉਹ ਸਾਰਿਆ ਦੀ ਸੰਭਾਲ ਕਰਦਾ ਹੈ, ਨਾਲ ਹੀ ਇਹ ਵੀ ਸਾਬਤ ਕਰਦਾ ਹੈ ਕਿ ਜਿਥੇ ਸਿਵਜੀ ਬ੍ਰਹਮਾ ਦੇਵੀਆਂ ਇੰਦ੍ਰ ਬਹੁਤ ਸੋਹਣੀਆਂ ਇਸਤ੍ਰੀਆਂ ਉਸਦੇ ਸਾਹਮਣੇ ਗੀਤ ਗਾ ਰਹੀਆਂ ਹਨ। ਕੋਈ ਰੱਬ ਨੂੰ ਇੱਕ ਮੰਨਦੇ ਹਨ ਪਰ ਉਸ ਰੱਬ ਨੂੰ ਕਿਤੇ ਸਤਵੇਂ ਅਸਮਾਨ ਤੇ ਬੈਠਾਈ ਬੈਠੇ ਕਾਦਰ ਨੂੰ ਕੁਦਰਤਿ ਨਾਲੋਂ ਨਿਖੇੜਦੇ ਹਨ, ਸਰਬਵਿਆਪਕਤਾ ਨੂੰ ਨਹੀਂ ਸਮਝਦੇ। ਸੋ ਗੁਰਮਤਿ ਦਾ ਰੱਬ ਇਸ ਤਰ੍ਹਾਂ ਦਾ ਨਹੀਂ ਹੈ, ਨਾ ਹੀ ਉਹ ਪੱਖਪਾਤੀ ਹੈ, ਨਾ ਹੀ ਕੁਦਰਤਿ ਤੋਂ ਬਾਹਰ ਕਿਤੇ ਅਖਾੜਾ ਲਾਈ ਬੈਠਾ ਹੈ।

ਗੁਰਮਤਿ ਸਿਧਾਂਤ ਰਚਣਹਾਰਿਆਂ ਵਲੋਂ ਐਸੀਆਂ ਨਿਰਅਧਾਰਤ ਗੱਲਾਂ ਜੋ ਬਿਪਰਵਾਦ ਜਾ ਹੋਰਨਾਂ ਵਲੋਂ ਕੀਤੀਆ ਗਈਆ ਜਾਂ ਜਾਂਦੀਆ ਹਨ, ਉਹ ਲੋਕਾਈ ਸਾਹਮਣੇ ਰੱਖੀਆਂ ਹਨ ਪਰ ਵਿਆਖਿਆਕਾਰਾਂ ਵਲੋਂ ਇਹ ਸਾਰੀਆ ਗੱਲਾਂ ਗੁਰਬਾਣੀ ਰਚਣਹਾਰਿਆਂ ਦੇ ਮੂੰਹ ਵਿੱਚ ਇਸ ਤਰ੍ਹਾਂ ਪਾ ਦਿੱਤੀਆ ਗਈਆ ਹਨ ਕਿ ਜਿਵੇਂ ਇਹ ਗੁਰਬਾਣੀ ਰਚਣਹਾਰਿਆ ਦਾ ਸਾਰਾ ਆਪਣਾ ਹੀ ਵਿਸਵਾਸ ਹੋਵੇ।

ਸੱਚ ਇਹ ਕਿ ਗੁਰਬਾਣੀ ਦਾ ਕਰਤਾ ਤਾਂ "ਬਲਿਹਾਰੀ ਕੁਦਰਤਿ ਵਸਿਆ।। " ਹੈ।

ਸੁਣਿਐ ਈਸਰੁ ਬਰਮਾ ਇੰਦ।। ਦੀ ਪਰਚਲਤ ਵਿਆਖਿਆ ਇਹ ਹੈ ਕਿ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਸਦਕਾ ਸਧਾਰਨ ਮਨੁੱਖ ਸਿਵ, ਬਰਮਾ, ਤੇ ਇੰਦਰ ਦੀ ਪਦਵੀ ਤੇ ਅੱਪੜ ਜਾਂਦਾ ਹੈ। ਮੰਦਾ ਮਨੁੱਖ ਭੀ ਮੂਹੌ ਰੱਬ ਦੀਆਂ ਸਿਫਤਾਂ ਕਰਨ ਲੱਗ ਪੈਦਾ ਹੈ।

ਹੁਣ ਵੀਚਾਰਨ ਵਾਲੀ ਗੱਲ ਇਹ ਹੈ ਕਿ ਸੁਰਤ ਅਕਾਲ ਪੁਰਖ ਦੇ ਨਾਮ ਵਿੱਚ ਜੋੜੀ ਅਤੇ ਸੁਰਤ ਜੋੜਨ ਵਾਲਾ ਅੱਪੜ ਗਿਆ ਸਿਵਜੀ, ਬਰਮੇ ਅਤੇ ਇੰਦ੍ਰ ਵਾਲੀ ਪਦਵੀ ਉੱਪਰ। ਭਾਵ ਤੁਰਿਆ ਪੂਰਬ ਵੱਲ ਸੀ ਅੱਪੜ ਗਿਆ ਪੱਛਮ ਵੱਲ। ਹੁਣ ਸੋਚਣ ਤੇ ਵੀਚਾਰਨ ਵਾਲੀ ਗੱਲ ਇਹ ਹੈ ਜੇਕਰ ਇਹ ਮੰਨ ਵੀ ਲਿਆ ਜਾਵੇ ਤਾਂ ਕੀ ਇਨ੍ਹਾਂ ਪਦਵੀਆਂ ਵਰਗਾ ਕਿਰਦਾਰ ਗੁਰਮਤਿ ਸਿਧਾਂਤ ਅੰਦਰ ਪਰਵਾਣ ਹਨ? ਕੀ ਮਨੁੱਖ ਨੇ ਇਹ ਪਦਵੀਆਂ ਪ੍ਰਾਪਤ ਕਰਨੀਆਂ ਹਨ? ਕੀ ਗੁਰਮਤਿ ਸਿਧਾਂਤ ਅੰਦਰ ਇਨ੍ਹਾਂ ਪਦਵੀਆਂ ਨੂੰ ਕੋਈ ਮਾਨਤਾ ਹੈ? ਕੀ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜਨ ਵਾਲਿਆ ਦਾ ਇਹ ਪਦਵੀਆਂ ਲੈਣ ਦਾ ਮਨੋਰਥ ਸੀ, ਜਾਂ ਹੈ? ਦੂਸਰੀ ਗੱਲ ਇੱਕ ਸਧਾਰਨ ਮਨੁੱਖ ਦੇ ਤਾਂ ਰੱਬ ਦੇ ਨਾਮ ਵਿੱਚ ਸੁਰਤ ਜੋੜਨ ਨਾਲ ਸਿਵਜੀ ਬਰਮਾ ਅਤੇ ਇੰਦਰ ਵਾਲੀ ਪੱਦਵੀ ਤੇ ਅੱਪੜ ਗਿਆ ਅਤੇ ਮੰਦਾ ਮਨੁੱਖ ਰੱਬ ਦੀ ਸਿਫਤ ਸਲਾਹ ਕਰਨ ਲੱਗ ਪਿਆ। ਇਸ ਦਾ ਮਤਲਬ ਇਹ ਨਿਕਲਦਾ ਹੈ ਕਿ, ਕੀ ਰੱਬ ਜੀ ਦਾ ਨਾਮ ਸਿਮਰਨ ਚੰਗੇ ਮੰਦੇ ਮਨੁੱਖ ਲਈ ਉੱਲਟਾ (opposite way) ਕੰਮ ਕਰਦਾ ਹੈ? ਚੰਗਾ ਸਿਮਰੇ ਤਾਂ ਫਲ ਹੋਰ, ਮੰਦਾ ਸਿਮਰੇ ਤਾਂ ਫਲ ਹੋਰ। ਦੋਵੇ ਗੱਲਾਂ ਆਪਸ ਵਿੱਚ ਮੇਲ ਨਹੀਂ ਖਾਂਦੀਆ। ਬਾਕੀ ਪਰਚਲਤ ਵਿਆਖਿਆ ਪਰਣਾਲੀਆਂ ਸਾਰੀ ਦੀ ਸਾਰੀ ਜੁਮੇਵਾਰੀ ਰੱਬ ਤੇ ਛੁੱਟਦੀਆਂ ਹਨ ਕਿ ਜੋ ਰੱਬ ਬੰਦੇ ਤੋਂ ਕਰਵਾਉਦਾ ਹੈ, ਉਹ ਹੀ ਬੰਦਾ ਕਰਦਾ ਹੈ। ਜੇਕਰ ਰੱਬ ਹੀ ਚੰਗਾ ਮਾੜਾ ਬੰਦੇ ਤੋਂ ਕਰਵਾਉਦਾ ਹੈ ਤਾਂ ਫਿਰ ਮਾੜੇ ਕੀਤੇ ਦਾ ਦੋਸ਼ ਕਿਸਦੇ ਸਿਰ ਆਇਦ ਹੋਇਗਾ? ਇਸ ਲਈ ਸੋਚਣਾ ਬਣਦਾ ਹੈ ਕਿ ਕੀ ਗੁਰਮਤਿ ਦਾ ਰੱਬ ਜਾਂ ਸਿਧਾਂਤ ਇਸ ਤਰ੍ਹਾਂ ਦਾ ਹੈ? ।

ਮੂਲਮੰਤ੍ਰ ਜਾ ਮੰਗਲਾਚਰਣ: - ਮਹਾਨ ਕੋਸ਼ ਅਨੁਸਾਰ ਮੰਗਲਾਚਰਣ, ਸਰਬਲੋਹ ਗ੍ਰੰਥ ਦਾ ਦੂਜਾ ਨਾਉ "ਮੰਗਲਾਚਰਣ" ਹੈ। ਮਹਾਨ ਕੋਸ਼ ਅਨੁਸਾਰ ਮੂਲਮੰਤ੍ਰ: - ਸਿਖ ਮਤ ਅਨੁਸਾਰ "ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ।। " ਮੂਲ ਮੰਤ੍ਰ ਹਰਿ ਨਾਮੁ ਰਸਾਇਣੁ ਕਹੁ ਨਾਨਕ ਪੂਰਾ ਪਾਇਆ।। "ਮਾਰੂ ਸੋਹਲੇ ਮ: ੧।। ਮ: ਕੋਸ਼। ਸੋ ਬੇਨਤੀ ਇਹ ਹੈ ਕਿ ਮੂਲਮੰਤ੍ਰ, ਮੁਢਲੇ, ਮੂਲ ਸਿਧਾਂਤ ਦਾ ਨਾਮ ਹੈ। ਪਰ ਇਸ ਸ਼ਬਦ ਦੀ ਦੁਰਵਰਤੋਂ ਬਹੁਤ ਹੋਈ ਹੈ। ਜਿਵੇਂ ਸੰਤ, ਬ੍ਰਹਮਗਿਆਨੀ ਆਦਿਕ ਸ਼ਬਦਾ ਦੀ। ਇਸ ਲਈ ਗੁਰਮਤਿ ਦੇ ਮੰਤ੍ਰ/ਸਿਧਾਂਤ, ਮੂਲਮੰਤ੍ਰ, ਮੂਲ ਸਿਧਾਂਤ ਨੂੰ ਬਿਪਰਵਾਦੀ ਮੰਤ੍ਰ/ਸਿਧਾਂਤ ਨਾਲ ਰਲ ਗੱਡ ਕਰਕੇ ਨਹੀਂ ਵੇਖਣਾ ਚਾਹੀਦਾ।

ਆਉ ਪਰਚਲਤ ਵਿਆਖਿਆ ਪ੍ਰਣਾਲੀ ਅਨੁਸਾਰ ਕੀਤੀ ਮੂਲਮੰਤ੍ਰ ਦੀ ਵਿਆਖਿਆ ਉੱਪਰ ਇੱਕ ਝਾਤ ਮਾਰੀਏ: -

ਪਰਚਲਤ ਵਿਆਖਿਆ ਪਰਣਾਲੀ: -

ਅਰਥ: - ਅਕਾਲ ਪੁਰਖ ਇੱਕ ਹੈ, ਜਿਸਦਾ ਨਾਮ ‘ਹੌਂਦ ਵਾਲਾ` ਹੈ, ਵੈਰ ਰਹਿਤ ਹੈ, ਜਿਸਦਾ ਸਰੂਪ ਕਾਲ ਤੋਂ ਪਰੇ ਹੈ, (ਜਿਸਦਾ ਸਰੀਰ ਨਾਸ ਰਹਿਤ ਹੈ) ਜੋ ਜੂਨਾਂ ਵਿੱਚ ਨਹੀਂ ਆਉਦਾ, ਜਿਸਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਹੁਣ ਜੇਕਰ ਜਰਾ ਗੌਰ ਨਾਲ ਵੀਚਾਰ ਕਰੀਏ ਤਾਂ ਇਹ ਸਵਾਲ ਪੈਦਾ ਹੁੰਦਾ ਹੈ ਕਿ ਜੋ ਜੂਨਾਂ ਤੋਂ ਰਹਿਤ ਅਜੂਨੀ ਹੈ, ਉਸਦਾ ਸਰੀਰ ਕਿਥੋ ਆ ਗਿਆ, ਜੇਕਰ ਉਸਦਾ ਸਰੀਰ ਹੈ ਤਾਂ ਸਰੀਰ ਨਾਸ ਰਹਿਤ ਕਿਵੇਂ ਹੈ? ਕਿਉਕਿ ਸਰੀਰ ਨਾਸ ਰਹਿਤ ਨਹੀਂ ਹੈ। ਜੇਕਰ ਉਸਦਾ ਸਰੀਰ ਹੈ, ਤਾਂ ਉਹ ਸੈਭੰ ਕਿਵੇਂ ਹੋਇਆ? ਜੇਕਰ ਸਰੀਰ ਹੈ ਤਾਂ ਫਿਰ ਉਹ "ਨਾਨਕ ਭੰਡੇ ਬਾਹਰਾ ਏਕੋ ਸਚਾ ਸੋਇ।। " ਕਿਵੇਂ ਹੋਇਆ? ਸਤਿਗੁਰੂ ਦੀ ਕ੍ਰਿਪਾ ਨਾਲ ਮਿਲਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰਮਤਿ ਸਿਧਾਂਤ ਅਨੁਸਾਰ ਇਕੁ ਸਰਬਵਿਆਪਕ ਅਕਾਲ ਪੁਰਖੁ ਹੀ ਸਤਿਗੁਰੂ ਹੈ। ਜੇਕਰ ਉਸਦੀ ਆਪਣੀ ਕ੍ਰਿਪਾ ਨਾਲ ਹੀ ਮਿਲਣਾ ਹੈ ਤਾਂ ਫਿਰ ਬੰਦੇ ਨੂੰ ਤਾਂ ਕੁੱਝ ਕਰਨ ਦੀ ਲੋੜ ਹੀ ਨਹੀ ਹੈ। ਦੂਸਰੇ ਪਾਸੇ ਪਰਚਲਤ ਵਿਆਖਿਆ ਅਨੁਸਾਰ ਜਿਸ ਕਿਸੇ ਤੇ ਕ੍ਰਿਪਾ ਕਰਦਾ ਹੈ, ਉਸ ਨੂੰ ਹੀ ਮਿਲਦਾ ਹੈ। ਜੇਕਰ ਇਹ ਮੰਨ ਲਿਆ ਜਾਵੇ ਤਾਂ ਫਿਰ ਉਸਦੇ ਨਿਰਵੈਰ/ਪੱਖਪਾਤੀ ਨਾ ਹੋਣ ਤੇ ਸਵਾਲੀਆ ਚਿੰਨ ਲੱਗ ਜਾਂਦਾ ਹੈ। ਬਾਕੀ ਉਸਨੂੰ ਮਿਲਣਾ ਵੀ ਇਸ ਤਰ੍ਹਾਂ ਦਾ ਸਾਬਤ ਕਰ ਦਿੱਤਾ ਗਿਆ ਹੈ ਕਿ ਜਿਵੇਂ ਕੋਈ ਮਨੁੱਖ, ਮਨੁੱਖ ਨੂੰ ਮਿਲਦਾ ਹੈ। ਜਦੋਂ ਕਿ ਸੱਚ ਇਹ ਹੈ ਕਿ ਕਰਤੇ ਨੂੰ ਮਿਲਣਾ ਅਵਤਾਰਵਾਦ ਦੇ ਰੱਬ ਹੋਣ ਦੇ ਭਰਮ ਨੂੰ ਨਿਕਾਰਕੇ ਇਕੁ ਦੀ ਸਰਬਵਿਆਪਕਤਾ, ਨਿਰਭਉ, ਨਿਰਵੈਰ, ਅਜੂਨੀ, ਦੀ ਸੂਝ ਪ੍ਰਾਪਤ ਹੋ ਜਾਣਾ ਹੀ ਮਿਲਣਾ ਹੈ। ਸੋ ਮਿਲਣਾ, ਸੱਚ ਦੀ ਸੂਝ ਮਿਲਣ/ਪ੍ਰਾਪਤੀ ਦਾ ਨਾਮ ਹੈ। ਪਰਚਲਤ ਸਾਰੀ ਵਿਆਖਿਆਂ ਬਿਪਰਵਾਦ ਦੀ ਪ੍ਰੋੜਤਾ ਕਰਦੀ ਹੋਈ ਰੱਬ ਜੀ ਨੂੰ ਦੇਹ ਅਤੇ ਇੱਕ ਮੂਰਤੀ ਹੀ ਸਾਬਤ ਕਰਦੀ ਹੈ। ਇਸ ਲਈ ਵੀ ਪਰਚਲਤ ਵਿਆਖਿਆ ਵਿੱਚੋਂ ਹਵਾਲਾ ਦੇਣਾਂ ਚਾਹਾਂਗਾ ਕਿਵੇਂ ਰੱਬ ਜੀ ਨੂੰ ਮੂਰਤੀ ਸਾਬਤ ਕੀਤਾ ਗਿਆ ਹੈ।

ਕੰਚਨ ਕਾਇਆ ਸੁਇਨੇ ਕੀ ਢਾਲਾ।। ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ।। ਰਾਗ ਵਡਹੰਸ ਮਹਲਾ੧।। ਪੰਨਾ੫੬੭।। ਇਸ ਦੀ ਪਰਚਲਤ ਵਿਆਖਿਆ ਇਹ ਹੈ ਕਿ: - ਹੇ ਪ੍ਰਭੂ! ਤੇਰਾ ਸਰੀਰ ਸੋਨੇ ਵਰਗਾ ਸੁੱਧ ਅਰੋਗ ਹੈ ਤੇ ਸੁਡੌਲ ਹੈ, ਮਾਨੋ, ਸੋਨੇ ਵਿੱਚ ਹੀ ਢਲਿਆ ਹੋਇਆ ਹੈ। ਹੁਣ ਪਾਠਕ ਆਪ ਹਿਸਾਬ ਲਾਉਣ ਕਿ ਸੋਨੇ ਵਿੱਚ ਢਲਿਆ ਹੋਇਆ ਸਰੀਰ ਤਾਂ ਇੱਕ ਸੋਨੇ ਦੀ ਮੂਰਤੀ ਹੀ ਹੋ ਸਕਦੀ ਹੈ। ਮੂਲਮੰਤ੍ਰ ਵਿੱਚ ਕਹਿ ਦਿੱਤਾ ਕਿ ਉਸਦਾ ਸਰੀਰ ਨਾਸਵੰਤ ਨਹੀਂ ਹੈ ਅਤੇ ਰਾਗ ਵੰਡਹੰਸ ਵਿੱਚ ਜਾਕੇ ਸਰੀਰ ਵਿੱਚੋ ਕੱਢਕੇ ਰੱਬ ਜੀ ਨੂੰ ਸੋਨੇ ਦੀ ਮੂਰਤੀ ਵਿੱਚ ਫਿੱਟ ਕਰ ਦਿੱਤਾ ਗਿਆ ਹੈ। ਇਹ ਸਾਰਾ ਕੁੱਝ ਮੂਲ ਸਿਧਾਂਤ ਨੂੰ ਨਿਖੇੜਨ ਦਾ ਨਤੀਜਾਂ ਸਾਹਮਣੇ ਹੈ।

ਅੱਗੇ ਪਰਚਲਤ ਵਿਆਖਿਆ ਅੰਦਰ ੩੮ ਨੰ: ਪਾਉੜੀ ਦੀ ਵਿਆਖਿਆ ਤੋਂ ਬਾਅਦ ਭਾਵ ਅਰਥ ਕੁੱਝ ਇਸ ਤਰ੍ਹਾਂ ਕੀਤੇ ਹਨ ਕਿ: - ਇਹ ਉੱਚੀ ਅਵਸਥਾ ਤਦੋਂ ਹੀ ਬਣ ਸਕਦੀ ਹੈ, ਜੇ ਪਵਿੱਤਰ ਆਚਰਣ ਹੋਵੇ, ਦੂਜਿਆ ਦੀ ਵਧੀਕੀ ਸਹਾਰਨ ਦਾ ਹੌਸਲਾ ਹੋਵੇ। ਸਵਾਲ ਪੈਦਾ ਹੁੰਦਾ ਹੈ ਕਿ ਗੱਲ ਤਾਂ ਸਚਿਆਰੇ ਬਣਨ ਤੋਂ ਸੁਰੂ ਹੋਈ ਸੀ ਪਰ ਵਿਆਖਿਆ ਪਰਣਾਲੀ ਨੇ ਵਧੀਕੀਆਂ ਸਹਾਰਨ ਦੇ ਹੌਸਲੇ ਤੇ ਜਾਨੀ ਕਿ ਘਸਿਆਰੇ ਬਣਨ ਤੇ ਜਾਕੇ ਖੜੀ ਕਰ ਦਿੱਤੀ ਅਤੇ ਅਖੀਰਲੇ ਸਲੋਕ ਦੀ ਵਿਆਖਿਆ ਅੰਦਰ ਅਖੌਤੀ ਧਰਮਰਾਜ ਨੂੰ ਅਕਾਲ ਪੁਰਖ ਦੀ ਹਜੂਰੀ ਵਿੱਚ (ਜੀਵਾਂ ਦੇ ਕੀਤੇ ਹੋਇ) ਚੰਗੇ ਮੰਦੇ ਕੰਮ ਵੀਚਾਰਨ ਵਾਲਾ ਸਾਬਤ ਕਰ ਦਿੱਤਾ। ਜਦੋਂ ਅਖੌਤੀ ਧਰਮਰਾਜ ਵਾਲਾ ਕੋਈ ਗੁਰਮਤਿ ਸਿਧਾਂਤ ਹੀ ਨਹੀਂ ਹੈ।

ਇਸ ਕਰਕੇ ਦਾਸ ਦਾ ਮੰਨਣਾ ਹੈ ਕਿ ਗੁਰਬਾਣੀ ਸਿਧਾਂਤ ਨੂੰ ਆਪਣੀ ਆਪਣੀ ਮੱਤ ਨਾਲ ਵਿਖਆਉਣਾ ਗੁਰਮਤਿ ਤੋਂ ਉੱਲਟ ਬਿਪਰਵਾਦ ਦੇ ਹੱਕ ਵਿੱਚ ਭੁਗਤਾਉਣਾਂ ਹੈ। ਗੁਰਬਾਣੀ ਸਿਧਾਂਤ ਨੂੰ ਸਮਝਣ ਲਈ ਗੁਰਬਾਣੀ ਦੇ ਸਿਧਾਂਤ ਦੇ ਮੁੱਖ ਪੈਮਾਨੇ ਮੂਲ ਸਿਧਾਂਤ ਮੂਲਮੰਤ੍ਰ ਨੂੰ ਸਮਝਕੇ ਵਿਖਆਉਣ ਵੇਲੇ ਮੂਲ ਸਿਧਾਂਤ ਨੂੰ ਜੇਕਰ ਅਸੀ ਕਸਵੱਟੀ ਮੰਨਕੇ ਵਿਖਆਉਣ ਦੀ ਕੋਸ਼ਿਸ਼ ਕਰੀਏ ਤਾਂ ਹੀ ਸਿਧਾਂਤ ਨਾਲ ਇਨਸਾਫ ਹੋ ਸਕਦਾ ਹੈ ਅਤੇ ਤਾਂ ਹੀ ਸਾਡੇ ਆਪਸੀ ਵਖਰੇਵੇ ਖਤਮ ਹੋ ਸਕਦੇ ਹਨ ਅਤੇ ਬਿਪਰਵਾਦ ਤੋਂ ਖਹਿੜਾ ਛੁੱਟ ਸਕਦਾ ਹੈ।

ਬਾਕੀ ਬੇਨਤੀ ਇਹ ਹੈ ਕਿ ਗੁਰਬਾਣੀ ਬੰਦੇ ਨੂੰ ਸਮਝਾਉਣ ਲਈ ਲਿਖੀ ਗਈ ਹੈ ਕਿ ਬੰਦਾ, ਬੰਦਾ ਬਣ ਸਕੇ, ਪਰ ਅਜੋਕੇ ਸਮਾਜ ਨੇ ਬਾਣੀ ਨੂੰ ਇਸ ਤਰ੍ਹਾਂ ਸਮਝ ਰੱਖਿਆ ਹੈ ਕਿ ਜਿਵੇਂ ਇਹ ਬਾਣੀ ਰੱਬ ਨੂੰ ਸਮਝਾਉਣ ਲਈ ਲਿਖੀ ਹੈ ਕਿ ਸਵੇਰੇ ਉਠਕੇ ਰੱਬ ਨੂੰ ਸੁਣਾਉ ਤਾਂ ਕਿ ਉਸਨੂੰ ਸੁਣਕੇ ਇਹ ਅਕਲ ਆ ਜਾਏ ਕਿ ਮੈਨੂੰ ਕਾਰ, ਘਰ, ਧੰਨ-ਦੌਲਤ, ਦੁਧ, ਪੁੱਤ ਦੇ ਦਵੇ, ਧੀ ਸਾਡੇ ਘਰ ਜੰਮੇ ਹੀ ਨਾ। ਇਥੇ ਇਹ ਨਹੀਂ ਸਮਝਣਾ ਕਿ ਗੁਰਬਾਣੀ ਪੜਨਾ ਛੱਡ ਦੇਣਾ ਹੈ, ਸਗੋਂ ਜਿਸ ਮਨੋਰਥ ਨਾਲ ਗੁਰਬਾਣੀ ਰਚਣਹਾਰਿਆਂ ਗੁਰਬਾਣੀ ਰਚੀ ਹੈ, ਉਸ ਮਨੋਰਥ ਨੂੰ ਅਪਣਾਉਣਾ ਹੈ। ਗੁਰਬਾਣੀ ਰਚਣਹਾਰਿਆ ਨੇ ਗੁਰਬਾਣੀ ਇਸ ਲਈ ਲਿਖੀ ਹੈ ਕਿ ਪੜਨ ਵਾਲਾ ਆਪਣੀ ਪਸ਼ੂ ਬਿਰਤੀ ਤਿਆਗ ਕੇ ਸੱਚ ਨੂੰ ਸਮਝਕੇ ਧਰਮ ਦੇ ਨਾਂਅ ਤੇ ਹੋ ਰਹੀ ਲੁੱਟ ਘਸੁੱਟ ਤੋਂ ਬਚ ਸਕੇ ਅਤੇ ਰੰਗ ਨਸਲ ਜਾਤ ਪਾਤ ਲਿੰਗ ਭੇਦ ਆਦਿ ਵਰਗੇ ਵਿਤਕਰੇ, ਕਿਸੇ ਨਾਲ ਨਾ ਹੀ ਕਰੇ ਅਤੇ ਨਾ ਹੀ ਅਜਿਹੇ ਵਿਤਕਰੇ ਆਦਿ ਸਹਿਣ ਹੀ ਕਰੇ ਅਤੇ ਨਾ ਹੀ ਕਿਸੇ ਨਾਲ ਵੀ ਹੋ ਰਹੇ ਗੈਰ ਮਨੁੱਖੀ ਅਜਿਹੇ ਵਿਤਕਰਿਆਂ ਵਿਰੁੱਧ ਅਵਾਜ ਉਠਾਣ ਤੋਂ ਕੰਨੀ ਹੀ ਕਤਰਾਏ ਅਤੇ ਚੰਗੀ ਜੀਵਣ ਜਾਂਚ ਅਪਣਾਏ। ਆਉ ਸੱਚ ਨੂੰ ਸਮਰਪਤ ਹੋਕੇ ਸੱਚ ਦੇ ਸਾਹਮਣੇ ਜੋ ਕੂੜ ਦੀ ਕੰਧ ਉੱਸਰ ਚੁੱਕੀ ਹੈ ਇਸ ਨੂੰ ਤੋੜਨ ਦਾ ਯਤਨ ਕਰਕੇ ਸੱਚ ਨੂੰ ਸਮਰਪਤ ਹੋ ਸਕਣ ਦਾ ਯਤਨ ਕਰੀਏ। ਭੁੱਲ ਚੁੱਕ ਦੀ ਖਿਮਾਂ।

੫੫੦ ਗੁਰਪੁਰਬ ਨੂੰ ਸਮਰਪਤ

ਗਿਆਨ ਗੁਰੂ ਦੇ ਪੰਥ ਦਾ ਦਾਸ

ਬਲਦੇਵ ਸਿੰਘ ਟੌਰਾਂਟੋਂ, ਕਨੇਡਾ।

(ਨੋਟ:- ਇਸ ਲੇਖ ਨਾਲ ਸੰਬੰਧਿਤ ਕੁਮਿੰਟਸ ਪੜ੍ਹਨ ਲਈ ਇੱਥੇ ਇਸ ਲਾਈਨ ਤੇ ਕਲਿਕ ਕਰੋ। ਇਹ ਫਾਈਲ ਪੀ.ਡੀ.ਐੱਫ. ਫੌਰਮੇਟ ਵਿਚ ਹੈ-ਸੰਪਾਦਕ)




.