ਗੁਰਬਾਣੀ ਦੇ ਚਾਨਣ ਵਿਚ ‘ਅਖਾਣ’
(ਕਿਸ਼ਤ ਨੰ:10)
ਵੀਰ ਭੁਪਿੰਦਰ ਸਿੰਘ
46. ਵੇਲ ਵੱਧਣਾ (ਵਾਧਾ ਹੋਣਾ):
ਆਮਤੌਰ ’ਤੇ ਕਿਸੀ ਦੇ ਘਰ ਔਲਾਦ ਜਾਂ ਖਾਸ ਤੌਰ ’ਤੇ ਲੜਕਾ ਪੈਦਾ ਹੋਵੇ ਤਾਂ
ਇਸ ਨੂੰ ਵੇਲ ਵੱਧਣਾ ਮੰਨਿਆ ਜਾਂਦਾ ਹੈ। ਧਾਰਮਿਕ ਦੁਨੀਆ ’ਚ ਹਰੇਕ ਮਨੁੱਖ ਦੇ ਮੰਦੇ ਖਿਆਲਾਂ ਕਾਰਨ,
ਵਿਕਾਰੀ ਆਦਤਾਂ ਦੇ ਵਾਧੇ ਨੂੰ, ਉਸ ਵਿਕਾਰੀ ਖਿਆਲਾਂ ਰੂਪੀ ਭੈੜੀ ਔਲਾਦ ਨੂੰ ਭੈੜੀ ਔਲਾਦ ਦੀ ‘ਵੇਲ
ਵੱਧਣਾ’ ਕਹਿੰਦੇ ਹਨ, ਅਤੇ ਉਸ ਵੇਲ ’ਤੇ ਲੱਗੇ ਕਸੈਲੇ, ਕੌੜੇ, ‘ਫਲ ਫਿੱਕੇ ਫੁੱਲ ਬਕ ਬਕੇ’ ਹੁੰਦੇ
ਹਨ।
ਹੂਬਹੂ ਇਸੇ ਤਰਾਂ, ਜੇ ਕਰ ਮਨ ਕੀ ਮਤ ਤਿਆਗ ਕੇ ਸਤਿਗੁਰ ਦੀ ਮਤ ਰਾਹੀਂ
ਚੰਗੇ ਗੁਣਾਂ ਰੂਪੀ ਖਿਆਲਾਂ ਦਾ, ਆਦਤਾਂ ਦਾ ਸੁਭਾਅ ਬਣਾ ਲਿਆ ਜਾਵੇ ਤਾਂ ਸਹਿਜ, ਸੰਤੋਖ, ਮਿੱਠੇ
ਬੋਲਾਂ ਰੂਪੀ ਕੋਮਲ ਕੋਪਲਾਂ ਪੁੰਗਰਦੀਆਂ ਹਨ। ਸਤਿਗੁਰ ਦੀ ਰਜ਼ਾ ’ਚ ਤੁਰਨ ਵਾਲੇ ਮਨ ਦੇ ਖਿਆਲਾਂ
ਰੂਪੀ ਚੰਗੀ ਔਲਾਦ ਵੀ ‘ਵੇਲ ਵੱਧਣਾ’ ਕਹਿਲਾਉਂਦਾ ਹੈ। ਇਹ ਹਰ ਮਨੁੱਖ ’ਤੇ ਨਿਰਭਰ ਕਰਦਾ ਹੈ ਕਿ
ਕਿਵੇਂ ਮਨ ਕੀ ਮੱਤ ਛੱਡ ਕੇ ਚੰਗੇ, ਗੁਣਾਂ ਦੇ ਫੁੱਲ, ਫੱਲ, ਪਤਿਆਂ ਟਾਹਣੀਆਂ ਨਾਲ ਆਪਣੀ ‘ਵੇਲ
ਵਧਾਏ’।
47. ਰੂਹ ਨ ਮੰਨਣਾ (ਅੰਦਰੋਂ, ਜ਼ਮੀਰ ਵੱਲੋਂ ਇਨਕਾਰੀ):
ਜਦੋਂ ਮਨੁੱਖ ਦੁਨੀਆਦਾਰੀ ਦੀ ਨਕਲ ਕਰਦਾ, ਮਨ ਦੇ ਆਖੇ ਲੱਗ ਕੇ ਨੀਵੇਂ
ਖਿਆਲਾਂ ਕਾਰਣ ਮੰਦੇ ਕੰਮ ਕਰਣ ਲਗਦਾ ਹੈ ਤਾਂ ਉਸਦੀ ਜ਼ਮੀਰ ਅੰਦਰੋਂ ਉਨ੍ਹਾਂ ਖਿਆਲਾਂ ਨੂੰ ਇਨਕਾਰ
ਕਰਦੀ ਹੈ, ਭੈੜ ਕਰਨ ਤੋਂ ਰੋਕਦੀ ਹੈ ਪਰ ਮਨ ਹੰਕਾਰ ’ਚ ਡੁਬਿਆ ਹੁੰਦਾ ਹੈ, ਅੰਦਰ ਬੈਠੇ ਰੱਬ ਜੀ
ਵਲੋਂ ਜ਼ਮੀਰ ਦੀ ਅਵਾਜ਼ ਨੂੰ ਠੁਕਰਾ ਕੇ ਮੰਦੇ ਖਿਆਲਾਂ ਅਤੇ ਕਰਮਾਂ ਵਲ ਪ੍ਰੇਰਿਤ ਹੁੰਦਾ ਹੈ। ਜ਼ਮੀਰ
ਵਲੋਂ ਬੁਰੇ ਖਿਆਲਾਂ ਵਾਲੇ ਕਰਮਾਂ ਨੂੰ ਇਨਕਾਰ ਕਰਨਾ ਹੀ ‘ਰੂਹ ਨ ਮੰਨਣਾ’ ਕਹਿਲਾਉਂਦਾ ਹੈ। ਜਦੋਂ
ਪਛਤਾਵਾ ਹੁੰਦਾ ਹੈ ਤਾਂ ਮਨੁੱਖ ਕਹਿੰਦਾ ਹੈ ਮੇਰੀ ‘ਰੂਹ ਨਹੀਂ ਸੀ ਮੰਨਦੀ’ ਪਰ ਮੈਂ ਥਿੜਕ ਗਿਆ।
ਜਿਹ ਕਰਣੀ ਹੋਵਹਿ ਸਰਮਿੰਦਾ ਇਹਾ ਕਮਾਨੀ ਰੀਤਿ ॥
(ਗੁਰੂ ਗ੍ਰੰਥ ਸਾਹਿਬ, ਪੰਨਾ 673)
48. ਰੂਹ ਫੂਕਣਾ (ਚੜਦੀ ਕਲਾ, ਜਾਨ ਪਾਉਣਾ, ਜੋਸ਼ ਭਰਨਾ):
ਜਦੋਂ ਮਨ ਢਹਿੰਦੀਆਂ ਕਲਾਂ ’ਚ ਹੁੰਦਾ ਹੈ ਤਾਂ ਢੇਰੀ ਢਾਅ ਕੇ ਆਤਮਕ ਤੌਰ
’ਤੇ ਮਰ ਜਾਂਦਾ ਹੈ। ਚੰਗੇ ਕੰਮਾਂ ਲਈ ਉਦਮੀ ਨਹੀਂ ਰਹਿੰਦਾ ਪਰ ਮੰਦੇ ਕੰਮਾਂ, ਨਿੰਦਾ ਤੇ ਵਿਗਾੜ
ਕਰਨ ਵਾਲੇ ਕੰਮਾਂ ਲਈ ਉਦੱਮੀ ਹੋ ਜਾਂਦਾ ਹੈ।
ਰੇ ਮੂੜੇ ਲਾਹੇ ਕਉ ਤੂੰ ਢੀਲਾ ਢੀਲਾ ਤੋਟੇ ਕਉ ਬੇਗਿ ਧਾਇਆ ॥
(ਗੁਰੂ ਗ੍ਰੰਥ ਸਾਹਿਬ, ਪੰਨਾ 402)
ਐਸੀ ਢਹਿੰਦੀਆਂ ਕਲਾ ਵਾਲੇ ਆਤਮਕ ਤੌਰ ’ਤੇ ਮਰੇ, ਡਿੱਗੇ, ਢੱਠੇ ਮਨ ਨੂੰ
ਤੱਤ ਗਿਆਨ ਵਾਲੇ ਪਵਣ ਗੁਰੂ ਦੀ ਲੋੜ ਪੈਂਦੀ ਹੈ। ਬਿਬੇਕ ਬੁੱਧੀ ਦਾ ਗਿਆਨ ਉਸ ਅੰਦਰ ਸਦਾਚਾਰੀ
ਜੀਵਨੀ ਦਾ ਜੋਸ਼ (ਉਦਮ) ਭਰ ਦਿੰਦਾ ਹੈ, ਲਾਹੇ ਵਿਚ ਉਸ ਮਨੁੱਖ ਦਾ ਮਨ ਡਿੱਗਣ ਤੋਂ ਬਚ ਜਾਂਦਾ ਹੈ
ਅਤੇ ਫਿਰ ਸੁਚੇਤ ਹੋ ਜਾਂਦਾ ਹੈ, ਮੁੜ ਸੁਰਜੀਤ ਹੋ ਜਾਂਦਾ ਹੈ। ਮਦਹੋਸ਼ੀ (ਬੇਹੋਸ਼ੀ) ਤੋਂ ਜਾਗਣ
ਵਾਲਾ, ਆਤਮਕ ਬਲ ਦੇਣ ਵਾਲਾ ਸਤਿਗੁਰ ਦਾ ਗਿਆਨ ਮਾਨੋਂ ਰੂਹ ਫੂਕਣ ਦਾ ਕੰਮ ਕਰਦਾ ਹੈ।
49. ਰੂਹ ਭਰ ਜਾਣਾ (ਤ੍ਰਿਪਤ ਹੋਣਾ, ਰੱਜ ਜਾਣਾ, ਭੁਖ ਲੱਥ ਜਾਣਾ):
ਮਨ ਦੀ ਭੁੱਖ ਕਾਰਨ ਮਨੁੱਖ ਦੀ ਤ੍ਰਿਪਤੀ ਕਦੀ ਨਹੀਂ ਹੁੰਦੀ ਭਾਵੇਂ ਦੁਨੀਆ
ਦੇ ਸਾਰੇ ਸੁਖ-ਆਰਾਮ ਦੀਆਂ ਵਸਤਾਂ ਮਿਲ ਜਾਣ। ‘ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ
॥’ ਸੰਤੋਖੀ ਬਿਰਤੀ ਦਾ ਗੁਣ ਧਾਰਨ ਕੀਤੇ ਬਿਨਾ ਮਨੁੱਖ ਦਾ ਮਨ ਕਦੇ ਨਹੀਂ ਰੱਜਦਾ। ਗੁਰਬਾਣੀ ਦਾ
ਫੁਰਮਾਨ ਹੈ -
ਰਜਿ ਨ ਕੋਈ ਜੀਵਿਆ ਪਹੁਚਿ ਨ ਚਲਿਆ ਕੋਇ॥ ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ
ਪਤਿ ਹੋਇ॥
(ਗੁਰੂ ਗ੍ਰੰਥ ਸਾਹਿਬ, ਪੰਨਾ
1412)
ਸੰਤੋਖ (ਸਹਿਜ) ਵਾਲਾ ਗਿਆਨ (ਨਾਮ)
‘ਦੇਹਿ
ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥’ ਨਾਲ
ਜੋ ਅਵਸਥਾ ਬਣਦੀ ਹੈ ਉਸਨੂੰ ‘ਰੂਹ ਦਾ ਭਰ ਜਾਣਾ’ ਕਹਿੰਦੇ ਹਨ।
50. ਰੂਹ ਭਟਕਨਾ (ਬੇਚੈਨ ਹੋਣਾ/ਤਰਸਣਾ):
ਮਨੁੱਖ ਦਾ ਮਨ ਕਿਸੀ ਨ ਕਿਸੀ ਚੀਜ਼, ਪਦ-ਪ੍ਰਤਿਸ਼ਠਾ, ਰੁਤਬੇ ਲਈ ਤਰਸਦਾ
ਰਹਿੰਦਾ ਹੈ, ਮਨ ਦੇ ਮਿੱਥੇ ਝੂਠੇ, ਅਨਹੋਣੇ ਮਨੋਰਥ ਨੂੰ ਪੂਰਨ ਲਈ ਦਿਨ ਰਾਤ ਬੇਚੈਨ ਰਹਿੰਦਾ ਹੈ,
ਇਕ ਕੰਮ ਪੂਰਾ ਹੋਵੇ, ਇਕ ਚੀਜ਼ ਮਿਲ ਜਾਵੇ ਜਾਂ ਕੋਈ ਮਨੋਰਥ ਪੂਰਾ ਹੋ ਜਾਵੇ ਤਾਂ ਮਨ ਅਗਲਾ ਕੰਮ,
ਚੀਜ਼, ਮਨੋਰਥ ਲਈ ਬੇਚੈਨ ਹੋ ਜਾਂਦਾ ਹੈ, ਮਨ ਨੂੰ ਟਿਕਾਉ ਵਾਲਾ ਸੁਖ ਕਦੀ ਮਿਲਦਾ ਹੀ ਨਹੀਂ। ਇਸੇ ਮਨ
ਦੀ ਭਟਕਨਾ ਵਾਲੀ ਬੇਚੈਨੀ ਨੂੰ ਹੀ ‘ਰੂਹ ਭਟਕਨਾ’ ਕਹਿੰਦੇ ਹਨ। ਮਰਣ ਮਗਰੋਂ ਰੂਹ ਭਟਕਨ ਦਾ ਖਿਆਲ ਸਚ
ਨਹੀਂ ਬਲਕਿ ਆਪਣੇ ਇਸ ਜੀਵਨ ਵਿਚ ‘ਰੂਹ ਦੇ ਭਟਕਾਵ’ ਤੋਂ ਬੱਚਣ ਲਈ ਸਤਿਗੁਰ ਦੀ ਮਤ ਹੀ ਮਨ ਨੂੰ
ਲੈਣੀ ਚਾਹੀਦੀ ਹੈ।
ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ ॥
(ਗੁਰੂ ਗ੍ਰੰਥ ਸਾਹਿਬ, ਪੰਨਾ 487)
ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ ॥
(ਗੁਰੂ ਗ੍ਰੰਥ ਸਾਹਿਬ, ਪੰਨਾ 763)
ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ ॥
(ਗੁਰੂ ਗ੍ਰੰਥ ਸਾਹਿਬ, ਪੰਨਾ 666)
ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮਾਰੇ ਲੇਖੇ ॥
(ਗੁਰੂ ਗ੍ਰੰਥ ਸਾਹਿਬ, ਪੰਨਾ 694)