.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਕਿਹੜੀ ਮਾਲ਼ਾ

ਜਦੋਂ ਮਨੁੱਖ ਸਵੈ ਪੜਚੋਲ਼ ਕਰਨ ਦੀ ਥਾਂ `ਤੇ ਲੋਕਾਂ ਵਲ ਦੇਖ ਕੇ ਆਪਣੇ ਜੀਵਨ ਦੀ ਘਾੜਤ ਘੜਦਾ ਹੈ ਤਾਂ ਨਿਰਸੰਦੇਹ ਉਸ ਵਿਆਕਤੀ ਦਾ ਆਤਮਕ ਵਿਕਾਸ ਰੁੱਕ ਜਾਂਦਾ ਹੈ। ਕਈ ਵਾਰੀ ਮਨੁੱਖ ਆਤਮਕ ਸ਼ਾਂਤੀ ਲੈਣ ਲਈ ਕੋਈ ਸੌਖਾ ਰਾਹ ਭਾਲਦਾ ਹੈ। ਅਮਲੀ ਕਰਮ ਕਰਨ ਦੀ ਥਾਂ `ਤੇ ਮਨੁੱਖ ਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਧਰਮ ਕਰਮ ਦੀਆਂ ਪੁਜਾਰੀ ਵਲੋਂ ਨਿਰਧਾਰਤ ਕੀਤੀਆਂ ਰਸਮਾਂ ਨਿਬਾਹੁੰਣ ਨਾਲ ਸਾਡੇ ਵਿਗੜੇ ਹੋਏ ਕੰਮ ਸਵਾਰੇ ਜਾ ਸਕਦੇ ਹਨ। ਇਹਨਾਂ ਧਰਮ ਕਰਮਾਂ ਨੂੰ ਕਰਨ ਵਾਲਾ ਮਨੁੱਖ ਆਪਣੇ ਆਪ ਨੂੰ ਸੌਖਾ ਗਿਣਦਾ ਹੈ। ਉਸ ਦਾ ਆਤਮਕ ਬਲ ਧਰਮ ਕਰਮ ਕਰਨ `ਤੇ ਟਿੱਕ ਜਾਂਦਾ ਹੈ ਤੇ ਉਸ ਨੂੰ ਓਸੇ ਵਿਚੋਂ ਸ਼ਾਂਤੀ ਮਹਿਸੂਸ ਹੁੰਦੀ ਹੈ। ਅਜੇਹੇ ਧਰਮੀ ਮਨੁੱਖ ਦੀ ਸੁਰਤ ਵਿਕਾਸ ਨਹੀਂ ਕਰਨਾ ਚਾਹੁੰਦੀ ਸਗੋਂ ਸੀਮਤ ਦਾਇਰੇ ਵਿੱਚ ਰਹਿ ਕੇ ਖੁਸ਼ ਹੁੰਦੀ ਹੈ। ਭਾਰਤੀ ਸੰਸਕ੍ਰਿਤੀ ਦਾ ਫਲਸਫਾ ਕਰਮ ਕਾਂਡਾ `ਤੇ ਟਿੱਕਿਆ ਹੋਇਆ ਹੈ। ਇਹਨਾਂ ਸਾਰਿਆਂ ਧਰਮ ਕਰਮਾਂ ਵਿੱਚ ਮਾਲ਼ਾ ਵਾਲਾ ਕਰਮ ਵੀ ਆਉਂਦਾ ਹੈ ਕਿ ਸ਼ਾਇਦ ਮਾਲ਼ਾ ਘਮਾਉਣ ਨਾਲ ਸਾਡਾ ਰੱਬ ਜੀ ਨਾਲ ਮਿਲਾਪ ਹੋ ਜਾਏਗਾ। ਅਜੇਹੀ ਸਮੱਸਿਆ ਦਾ ਹੱਲ ਦਾ ਗੁਰਦੇਵ ਪਿਤਾ ਜੀ ਸਹਿਸਕ੍ਰਿਤੀ ਦੇ ਬੱਤੀਵੇਂ ਸਲੋਕ ਵਿੱਚ ਦਸਦੇ ਹਨ—

ਕੰਠ ਰਮਣੀਯ ਰਾਮ ਰਾਮ ਮਾਲਾ, ਹਸਤ ਊਚ ਪ੍ਰੇਮ ਧਾਰਣੀ॥

ਜੀਹ ਭਣਿ ਜੋ ਉਤਮ ਸਲੋਕ, ਉਧਰਣੰ ਨੈਨ ਨੰਦਨੀ॥ ੩੨॥

ਪੰਨਾ ੧੩੫੬

ਅੱਖਰੀਂ ਅਰਥ---ਜਿਹੜਾ ਮਨੁੱਖ (ਗਲੇ ਤੋਂ) ਪਰਮਾਤਮਾ ਦੇ ਨਾਮ ਦੇ ਉਚਾਰਨ ਨੂੰ ਗਲੇ ਦੀ ਸੁੰਦਰ ਮਾਲਾ ਬਣਾਂਦਾ ਹੈ, (ਹਿਰਦੇ ਵਿਚ) ਪ੍ਰੇਮ ਟਿਕਾਣ ਨੂੰ ਮਾਲਾ ਦੀ ਥੈਲੀ ਬਣਾਂਦਾ ਹੈ, ਜਿਹੜਾ ਮਨੁੱਖ ਜੀਭ ਨਾਲ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਹੈ, ਉਹ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ।

ਵਿਚਾਰ ਚਰਚਾ—

ਕੀ ਸਿੱਖੀ ਵਿੱਚ ਮਾਲ਼ਾ ਦਾ ਕੋਈ ਮਹੱਤਵ ਹੈ?

੨ ਜੇ ਮਾਲਾ ਦਾ ਕੋਈ ਮਹੱਤਵ ਨਹੀਂ ਹੈ ਤਾਂ ਫਿਰ ਸਿੱਖ ਕਿਉਂ ਮਾਲਾ ਘਮਾਉਂਦੇ ਹਨ?

੩ ਕੀ ਲੁਕਾਅ ਕਿ ਮਾਲ਼ਾ ਫੇਰਨੀ ਚਾਹੀਦੀ ਹੈ?

੪ ਕੀ ਮਾਲਾ ਧਾਗੇ, ਲੋਹੇ ਜਾਂ ਕਿਸੇ ਹੋਰ ਧਾਤ ਦੇ ਬਣੇ ਹੋਏ ਖਾਸ ਮਣਕਿਆਂ ਦੀ ਹੋਣੀ ਚਾਹੀਦੀ ਹੈ?

੫ ਗਲ਼ੇ ਤੋਂ ਪ੍ਰਮਾਤਮਾ ਦੇ ਨਾਮ ਨੂੰ ਉਚਾਰਨ ਕਰਨਾ ਹੀ ਰੱਬੀ ਮਾਲ਼ਾ ਹੈ ਇਸ ਦਾ ਭਾਵ ਅਰਥ ਹੈ ਕਿ ਅਸੀਂ ਆਪਣੇ ਗਲ਼ੇ ਤੋਂ ਜੋ ਬੋਲਦੇ ਹਾਂ ਉਸ ਵਿੱਚ ਪ੍ਰੇਮ-ਮਿਠਾਸ ਤੇ ਪ੍ਰੋਢਤਾ ਹੋਣੀ ਚਾਹੀਦੀ ਹੈ। ਅਧੂਰੇ ਗਿਆਨ ਤੇ ਤਰਕ ਹੀਣ ਦਲੀਲਾਂ ਨਹੀਂ ਹੋਣੀਆਂ ਚਾਹੀਦੀਆਂ।

੬ ਅਧਿਆਪਕ ਪੜ੍ਹਾ ਰਿਹਾ ਹੈ, ਡਾਕਟਰ ਦਵਾਈ ਦਸ ਰਿਹਾ ਹੈ ਇੱਕ ਕੋਚ ਖਿਢਾਰੀਆਂ ਨੂੰ ਖੇਢ ਦੇ ਵਲ਼ ਸਮਝਾ ਰਿਹਾ ਹੈ ਤਾਂ ਕਿਹਾ ਜਾ ਸਕਦਾ ਹੈ ਇਹ ਲੋਕ ਆਪਣੇ ਆਪਣੇ ਕਿੱਤੇ ਦੁਆਰਾ ਬੋਲਣ ਦੀ ਜੋ ਸਹੀ ਪ੍ਰਕਿਰਿਆ ਨਿਭਾਅ ਰਹੇ ਹਨ ਤਾਂ ਇਹ ਕੁਦਰਤੀ ਮਾਲ਼ਾ ਹੀ ਫੇਰ ਰਹੇ ਹਨ। ਭਾਵ ਕਿ ਆਪਣੇ ਕਰਮ ਦੀ ਮਾਲਾ ਫੇਰ ਰਹੇ ਹਨ।

੭ ਲੁਕਾ ਕੇ ਮਾਲ਼ਾ ਫੇਰਨ ਲਈ ਖਾਸ ਕਿਸਮ ਦੀ ਗੁਥਲੀ ਗਊ ਦੇ ਮੂੰਹ ਵਰਗੀ ਬਣਾਈ ਹੁੰਦੀ ਹੈ ਕਿ ਮਾਲਾ ਦੇ ਮਣਕੇ ਜ਼ਮੀਨ ਤੇ ਨਾ ਲੱਗਣ ਦੂਜਾ ਕਿਸੇ ਨੂੰ ਪਤਾ ਨਾ ਲੱਗੇ-ਇਹ ਦੋਵੇਂ ਗੱਲਾਂ ਵਹਿਮ ਅਤੇ ਵਿਹਲੇ ਰਹਿਣ ਦੀ ਆਦਤ ਨੂੰ ਜਨਮ ਦੇਂਦੀਆਂ ਹਨ। ਫਿਰ ਸਮਝ ਵਿੱਚ ਆਉਦਾ ਹੈ ਕਿ ਹੱਥਾਂ ਨਾਲ ਆਪਣੀ ਕਿਰਤ ਵਲ ਧਿਆਨ ਦੇਣਾ ਹੈ ਨਾ ਕਿ ਫੋਕਟ ਦੇ ਕਰਮ ਕਰਨੇ ਹਨ। ਅੱਜ ਕਲ੍ਹ ਤਾਂ ਭਾਰਤ ਵਿੱਚ ਮੇਜ਼ ਦੇ ਥੱਲੇ ਦੀ ਹੱਥ ਕਰਕੇ ਰਿਸ਼ਵਤ ਲਈ ਜਾਂਦੀ ਹੈ ਭਾਵ ਰਿਸ਼ਵਤ ਲੁਕਾ ਕੇ ਫੜਾਈ ਜਾਂਦੀ ਹੈ।

੭ ਜ਼ਬਾਨ ਨਾਲ ਰੱਬ ਦੀ ਸਿਫਤੋ ਸਲਾਹ ਕਰਨ ਤੋਂ ਮੁਰਾਦ ਹੈ ਕਿ ਜਿਹੜਾ ਕਿੱਤਾ ਸਿੱਖਿਆ ਹੈ ਉਸ ਦੀ ਵਿਆਖਿਆ ਸਹੀ ਢੰਗ ਤਰੀਕੇ ਨਾਲ ਕੀਤੀ ਜਾਏ। ਸਹੀ ਰਾਏ ਦੇਣੀ ਅਤੇ ਸਹੀ ਜ਼ਬਾਂਨ ਦੀ ਵਰਤੋਂ ਕਰਨ ਤੋਂ ਹੈ।

੮ ਮਾਇਆ ਦੇ ਪ੍ਰਭਾਵ ਤੋਂ ਬਚਣ ਦੀ ਤਾਗ਼ੀਦ ਕੀਤੀ ਗਈ ਹੈ—ਉਹ ਸਭ ਕੁੱਝ ਮਾਇਆ ਦੇ ਅਧੀਨ ਆਉਂਦਾ ਹੈ ਜਿਹੜਾ ਸਾਨੂੰ ਹਕੀਕੀ ਮਾਰਗ ਤੋਂ ਉਖੇੜਦਾ ਹੈ—ਹਕੀਕਤ ਦੀ ਸਮਝ ਆਉਣ `ਤੇ ਮਨੁੱਖ ਉਲਝਣਾਂ ਤੋਂ ਬਚ ਜਾਂਦਾ ਹੈ।

੯ ਧਾਗੇ, ਲੋਹੇ ਜਾਂ ਕਿਸੇ ਹੋਰ ਧਾਤ ਦੀ ਬਣੀ ਹੋਈ ਮਾਲ਼ਾ ਦਾ ਸਿੱਖ ਸਿਧਾਂਤ ਵਿੱਚ ਕੋਈ ਥਾਂ ਨਹੀਂ ਹੈ।

੧੦ ਏਡੇ ਵੱਡੇ ਉਪਦੇਸ਼ ਹੋਣ ਕਰਕੇ ਵੀ ਸਿੱਖ ਅਗਿਆਨਤਾ ਵੱਸ ਦਿਨੇ ਰਾਤ ਮਾਲ਼ਾ ਘਮਾਉਣ ਨੂੰ ਹੀ ਪਰਮ ਧਰਮ ਸਮਝੀ ਬੈਠੇ ਹਨ।

੧੧ ਅਸਲ ਮਾਲ਼ਾ ਸਹੀ ਸਮੇਂ ਦੀ ਪਾਬੰਧੀ, ਕਿਰਤ ਕਰਨੀ, ਸਹੀ ਵਿਚਾਰ ਰੱਖਣੇ, ਆਪਣੇ ਕਿੱਤੇ ਪ੍ਰਤੀ ਜਵਾਬ ਦੇਹ ਹੋਣਾ ਵੱਢੀ ਖੌਰੀ ਤੋਂ ਬਚੇ ਰਹਿਣਾ ਹੀ ਅਸਲ ਮਾਲ਼ਾ ਹੈ।

ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਿਸੇ ਵੀ ਗੁਰਦੁਆਰੇ ਦੀ ਦੁਕਾਨ `ਤੇ ਮਾਲਾ ਨਹੀਂ ਵਿਕਣੀ ਚਾਹੀਦੀ ---

ਗਲੀ ਜਿਨਾੑ ਜਪਮਾਲੀਆ, ਲੋਟੇ ਹਥਿ ਨਿਬਗ॥

ਓਇ ਹਰਿ ਕੇ ਸੰਤ ਨ ਆਖੀਅਹਿ, ਬਾਨਾਰਸਿ ਕੇ ਠਗ॥ ੧॥

ਬਾਣੀ ਕਬੀਰ ਜੀ ਕੀ ਪੰਨਾ ੪੭੬




.