. |
|
ਗੁਰੂ ਦੁਆਰੈ ਹੋਇ ਸੋਝੀ ਪਾਇਸੀ॥ ਏਤੁ ਦੁਆਰੈ ਧੋਇ ਹਛਾ ਹੋਇਸੀ॥
One obtains enlightenment by entering the Guru's Gate (Shabad
Guru, Gurdwara) and can wipe out the sins present in his mind with the teachings
of Shabad Guru
ਗੁਰਦੁਆਰਾ ਸਾਹਿਬ ਦੇ ਨਾਂ ਤੋਂ ਹੀ ਸਪਸ਼ਟ ਹੋ ਜਾਂਦਾ ਹੈ, ਕਿ ਇਹ ਦਰਵਾਜ਼ਾ
ਹੈ, ਗੁਰੂ + ਦੁਆਰ ਜਿਸ ਰਾਹੀਂ ਅਕਾਲ ਪੁਰਖੁ ਦੇ ਘਰ ਵਿੱਚ ਪਹੁੰਚਿਆ ਜਾ ਸਕਦਾ ਹੈ। ਅਸੀਂ ਆਮ ਤੌਰ
ਤੇ ਹਰ ਸ਼ਬਦ ਦੀ ਪਰਿਭਾਸ਼ਾ ਪੁਰਾਤਨ ਜਾਂ ਪ੍ਰਚੱਲਤ ਢੰਗ ਨਾਲ ਬਣਾ ਕੇ ਚਲ ਪੈਂਦੇ ਹਾਂ ਅਤੇ ਗੁਰਬਾਣੀ
ਅਨੁਸਾਰ ਦੱਸੀ ਪਰਿਭਾਸ਼ਾ ਨੂੰ ਨਹੀਂ ਅਪਨਾਉਂਦੇ ਹਾਂ। ਅਸੀਂ ਗੁਰਦੁਆਰਾ ਸਾਹਿਬਾਂ ਦੀ ਸੀਮਾਂ ਨੂੰ
ਬਹੁਤ ਸੀਮਿਤ ਕਰ ਦਿੱਤਾ ਹੈ। ਇਹ ਹੀ ਸਮਝ ਬੈਠੇ ਹਾਂ ਕਿ ਗੁਰਦੁਆਰੇ ਵਿੱਚ ਭਾਈ ਜੀ ਨੇ ਪਾਠ ਕਰਨਾ
ਹੈ, ਕੀਰਤਨ ਕਰਨਾ ਹੈ, ਅਸੀਂ ਅੱਖਾਂ ਮੀਟ ਕੇ ਬੈਠਣਾਂ ਹੈ, ਕੜਾਹ ਪ੍ਰਸ਼ਾਦਿ ਲੈ ਕੇ, ਤੇ ਲੰਗਰ ਖਾ
ਕੇ ਘਰ ਆ ਜਾਂਣਾ ਹੈ, ਆਦਿ। ਅਸੀਂ ਗੁਰਦੁਆਰਾ ਸਾਹਿਬ ਨੂੰ ਇੱਕ ਰੀਤੀ ਰਿਵਾਜ਼ ਦੇ ਸਥਾਨ ਵਿੱਚ ਬਦਲ
ਦਿੱਤਾ ਹੈ। ਧਾਰਮਿਕ ਪਹਿਰਾਵਾ ਪਾ ਕੇ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਢ ਕਰਦੇ ਹਾਂ, ਤੇ ਆਪਣੇ ਆਪ
ਨੂੰ ਧਰਮੀ ਹੋਣ ਦਾ ਵਿਖਾਵਾ ਕਰਦੇ ਹਾਂ।
ਮਾਥੇ ਤਿਲਕੁ ਹਥਿ ਮਾਲਾ ਬਾਨਾਂ॥ ਲੋਗਨ ਰਾਮੁ ਖਿਲਉਨਾ ਜਾਨਾਂ॥ ੧॥
(੧੧੫੮)
ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ॥ ਪਾਇ ਕੁਹਾੜਾ ਮਾਰਿਆ
ਗਾਫਲਿ ਅਪੁਨੈ ਹਾਥਿ॥ ੧੩॥ (੧੩੬੫)
ਆਮ ਰਿਵਾਜ਼ ਪੈ ਗਿਆ ਹੈ ਕਿ ਵਾਹਿਗੁਰੂ ਵਾਹਿਗੁਰੂ ਕਰਕੇ ਘੋਟਾ ਲਾਈ ਚਲੋ,
ਅਕਾਲ ਪੁਰਖੁ ਮਿਲ ਜਾਵੇਗਾ। ਪਰੰਤੂ ਗੁਰਬਾਣੀ ਅਨੁਸਾਰ ਅਕਾਲ ਪੁਰਖੁ ਦੀ ਪਰਿਭਾਸ਼ਾ ਹੈ।
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ॥ (੧)
ਜੇਤਾ ਕੀਤਾ ਤੇਤਾ ਨਾਉ॥ ਵਿਣੁ ਨਾਵੈ ਨਾਹੀ ਕੋ ਥਾਉ॥
(੪)
http://www.geocities.ws/sarbjitsingh/BookGuruGranthSahibAndNaam.pdf
http://www.sikhmarg.com/pdf-files/sggs-naam.pdf ,
ਗੁਰਸਿੱਖ ਨੇ ਅਕਾਲ ਪੁਰਖੁ ਨੂੰ ਹਰ ਜੀਵ ਵਿੱਚ ਵੇਖਣਾਂ ਹੈ ਅਤੇ ਗੁਰਬਾਣੀ
ਰਾਹੀਂ ਉਸ ਅਕਾਲ ਪੁਰਖੁ ਦੀ ਸਿਫਤ ਸਾਲਾਹ ਕਰਨੀ ਹੈ। ਗੁਰੂ ਸਾਹਿਬਾਂ ਦੇ ਸਮੇਂ ਧਰਮ ਅਸਥਾਨ
(ਧਰਮਸਾਲ, ਗੁਰਦੁਆਰੇ) ਗੁਰਬਾਣੀ ਪੜ੍ਹਨ, ਸਬਦ ਗਾਇਨ ਕਰਨ, ਗੁਰਮਤਿ ਵੀਚਾਰ, ਗੁਰਬਾਣੀ ਦੀ ਸਿਖਿਆ,
ਜੀਵਨ ਜਾਚ, ਬੱਚਿਆਂ ਦੀ ਸਿਖਿਆ, ਦੁਨਿਆਵੀ ਸਿਖਿਆ ਤੇ ਸ਼ਸਤਰ ਵਿਦਿਆ ਲਈ, ਜੀਵਨ ਦੇ ਹਰੇਕ ਪਹਿਲੂ ਦਾ
ਵਿਕਾਸ ਤੇ ਉਸ ਨੂੰ ਪਰਫੁਲਤ ਕਰਨ ਲਈ ਵਰਤੇ ਜਾਂਦੇ ਸਨ। ਉਸ ਸਮੇਂ ਦੇ ਆਧੁਨਿਕ ਸਿਖਲਾਈ ਦੇ ਸਭ
ਤਰ੍ਹਾਂ ਦੇ ਸਾਧਨ ਵਰਤੇ ਜਾਂਦੇ ਸਨ, ਤਾਂ ਜੋ ਪੂਰਨ ਤੌਰ ਤੇ ਜਾਣਕਾਰੀ ਤੇ ਸਿਖਲਾਈ ਹਾਸਲ ਹੋ ਸਕੇ।
ਮਨ ਤੇ ਤਨ ਦੋਹਾਂ ਦੀ ਪਰਫੁਲਤਾ ਵੱਲ ਧਿਆਨ ਦਿਤਾ ਜਾਂਦਾ ਸੀ। ਗੁਰੂ ਘਰ ਦੇ ਦਵਾਖਾਨੇ ਦੂਰ ਦੂਰ ਤੱਕ
ਮਸ਼ਹੂਰ ਸਨ। ਜੀਵਨ ਦੇ ਹਰ ਪਹਿਲੂ ਵਿੱਚ ਪੂਰਣਤਾ ਹਾਸਲ ਕਰਨ ਦੀ ਸਿਖਿਆ ਦਿਤੀ ਜਾਂਦੀ ਸੀ। ਅਕਾਲ
ਪੁਰਖੁ ਦੇ ਨਾਮੁ ਨੂੰ ਗੁਰਬਾਣੀ ਦੁਆਰਾ ਸਮਝਣ, ਤੇ ਅਪਨਾਣ ਦੇ ਨਾਲ ਨਾਲ ਜੀਵਨ ਵਿੱਚ ਕਿਰਤ ਕਰਨੀ ਤੇ
ਮਨੁੱਖਤਾ ਦੇ ਭਲੇ ਨੂੰ ਬਹੁਤ ਮਹੱਤਤਾ ਦਿਤੀ ਜਾਂਦੀ ਸੀ।
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾੑਲਿ॥ ਹਾਥ ਪਾਉ ਕਰਿ ਕਾਮੁ ਸਭੁ
ਚੀਤੁ ਨਿਰੰਜਨੁ ਨਾਲਿ॥ ੨੧੩ ॥
(੧੩੭੫-੧੩੭੬)
ਉਹੀ ਹਿਰਦਾ ਪਵਿਤਰ ਹੈ ਜੇਹੜਾ ਉਸ ਅਕਾਲ ਪੁਰਖੁ ਨੂੰ ਚੰਗਾ ਲੱਗਦਾ ਹੈ। ਜੇ
ਮਨੁੱਖ ਦਾ ਹਿਰਦਾ ਅੰਦਰੋਂ ਵਿਕਾਰਾਂ ਨਾਲ ਬਹੁਤ ਗੰਦਾ ਹੋਇਆ ਪਿਆ ਹੈ, ਤਾਂ ਬਾਹਰੋਂ ਸਰੀਰ ਨੂੰ
ਤੀਰਥ ਆਦਿਕ ਤੇ ਇਸ਼ਨਾਨ ਕਰਾਇਆਂ ਹਿਰਦਾ ਅੰਦਰੋਂ ਸੁੱਧ ਨਹੀਂ ਹੋ ਸਕਦਾ। ਜੇ ਗੁਰੂ ਦੇ ਦਰ ਤੇ ਆਪਾ
ਭਾਵ ਦੂਰ ਕਰ ਕੇ ਨਾਮੁ ਲਈ ਮੰਗਤੇ ਬਣੀਏ, ਤਾਂ ਹੀ ਹਿਰਦੇ ਨੂੰ ਪਵਿਤਰ ਕਰਨ ਦੀ ਅਕਲ ਮਿਲ ਸਕਦੀ ਹੈ।
ਗੁਰੂ ਦੇ ਦਰ ਤੇ ਰਹਿ ਕੇ ਹੀ ਵਿਕਾਰਾਂ ਦੀ ਮੈਲ ਧੋਤਿਆਂ ਹਿਰਦਾ ਪਵਿਤਰ ਹੁੰਦਾ ਹੈ। ਜੇ ਗੁਰੂ ਦੇ
ਦਰ ਤੇ ਟਿਕੇ ਰਹੀਏ ਤਾਂ ਅਕਾਲ ਪੁਰਖੁ ਆਪ ਹੀ ਇਹ ਵਿਚਾਰਨ ਦੀ ਸਮਝ ਬਖ਼ਸ਼ਦਾ ਹੈ ਕਿ ਅਸੀ ਚੰਗੇ ਹਾਂ
ਜਾਂ ਮੰਦੇ। ਜੇਕਰ ਇਸ ਮਨੁੱਖਾ ਜੀਵਨ ਸਮੇਂ ਸਬਦ ਗੁਰੂ ਦਾ ਆਸਰਾ ਨਹੀਂ ਲਿਆ ਤਾਂ ਕੋਈ ਜੀਵ ਇਹ ਨਾ
ਸਮਝ ਲਏ ਕਿ ਇਥੋਂ ਖ਼ਾਲੀ ਹੱਥ ਜਾ ਕੇ ਪਰਲੋਕ ਵਿੱਚ ਜੀਵਨ ਪਵਿਤਰ ਕਰਨ ਦੀ ਸੂਝ ਮਿਲ ਸਕੇਗੀ। ਇਹ ਇੱਕ
ਕੁਦਰਤੀ ਨਿਯਮ ਹੈ, ਕਿ ਮਨੁੱਖ ਜੇਹੋ ਜੇਹੇ ਕਰਮ ਕਰਦਾ ਹੈ, ਉਹੋ ਜੇਹਾ ਉਹ ਬਣ ਜਾਂਦਾ ਹੈ। ਜਿਹੜਾ
ਮਨੁੱਖ ਗੁਰੂ ਦੇ ਦਰ ਤੇ ਡਿੱਗ ਪੈਂਦਾ ਹੈ, ਉਸ ਨੂੰ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮੁ, ਅਕਾਲ
ਪੁਰਖੁ ਆਪ ਬਖ਼ਸ਼ਦਾ ਹੈ। ਜਿਸ ਮਨੁੱਖ ਨੂੰ ਇਹ ਦਾਤਿ ਮਿਲਦੀ ਹੈ, ਉਹ ਆਪਣਾ ਮਨੁੱਖਾ ਜਨਮ ਸੁਚੱਜਾ ਬਣਾ
ਕੇ, ਇੱਜ਼ਤ ਖੱਟ ਕੇ ਇਥੋਂ ਜਾਂਦਾ ਹੈ, ਉਹ ਆਪਣੀ ਸੋਭਾ ਦਾ ਵਾਜਾ ਇਥੇ ਵਜਾ ਜਾਂਦਾ ਹੈ।
ਸੂਹੀ ਮਹਲਾ ੧॥
ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ॥
ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ॥ ਗੁਰੂ ਦੁਆਰੈ ਹੋਇ ਸੋਝੀ ਪਾਇਸੀ॥ ਏਤੁ ਦੁਆਰੈ ਧੋਇ ਹਛਾ
ਹੋਇਸੀ॥ (੭੩੦)
ਇਸ ਸਬਦ ਵਿੱਚ ਬਰਤਨ ਧੋਣ ਦੀ ਗਲ ਨਹੀਂ ਹੋ ਰਹੀ ਹੈ। ਸਰੀਰ ਦੇ ਅੰਦਰ ਦੀ
ਸਫਾਈ ਲਈ ਮਤ ਦਿਤੀ ਜਾ ਰਹੀ ਹੈ। ਡੇਰੇ ਵਾਲੇ ਲੋਕਾਂ ਨੂੰ ਪਹਿਲਾਂ ਬਰਤਨ ਧੋਣ ਦੀ ਸਿਖਿਆ ਦੇਂਦੇ
ਹਨ, ਫਿਰ ਮਾਇਆ ਦਾਨ ਕਰਨ ਲਈ। ਫਿਰ ਜਦੋਂ ਮਾਇਆ ਤੇ ਚੇਲੇ ਜਿਆਦਾ ਹੋ ਜਾਂਦੇ ਹਨ ਤਾਂ ਫਿਰ ਗੁਰੂ
ਗਰੰਥ ਸਾਹਿਬ ਪਿਛੇ ਤੇ ਉਹ ਆਪ ਗੱਦੀ ਉਪਰ ਬੈਠ ਜਾਂਦੇ ਹਨ।
ਜੇਹੜੀ ਭਾਗ ਹੀਣ ਜੀਵ ਇਸਤ੍ਰੀ ਅਕਾਲ ਪੁਰਖੁ ਪਤੀ ਤੋਂ ਬਿਨਾ ਮਾਇਆ ਆਦਿਕ
ਹੋਰ ਦੂਜੇ ਪਿਆਰ ਵਿੱਚ ਹੀ ਠੱਗੀ ਰਹਿੰਦੀ ਹੈ, ਉਸ ਦਾ ਜੀਉਣਾ ਫਿਟਕਾਰ ਜੋਗ ਹੈ। ਜਿਸ ਤਰ੍ਹਾਂ ਕੱਲਰ
ਦੀ ਕੰਧ ਸਹਜੇ ਸਹਜੇ ਕਿਰਦੀ ਰਹਿੰਦੀ ਹੈ, ਠੀਕ ਉਸੇ ਤਰ੍ਹਾਂ ਉਸ ਮਨੁੱਖ ਦਾ ਆਤਮਕ ਜੀਵਨ ਵੀ ਦਿਨ
ਰਾਤ ਮਾਇਆ ਦੇ ਮੋਹ ਵਿੱਚ ਕਿਰ ਕਿਰ ਕੇ ਢਹਿ ਢੇਰੀ ਹੁੰਦਾ ਰਹਿੰਦਾ ਹੈ। ਸਬਦ ਗੁਰੂ ਦੀ ਸਰਨ ਵਿੱਚ
ਆਉਂਣ ਤੋਂ ਬਿਨਾ ਸੁਖ ਨਹੀਂ ਮਿਲ ਸਕਦਾ, ਮਾਇਆ ਦਾ ਮੋਹ ਤਾਂ ਸਗੋਂ ਹੋਰ ਦੁਖ ਪੈਦਾ ਕਰਦਾ ਰਹਿੰਦਾ
ਹੈ, ਤੇ ਅਕਾਲ ਪੁਰਖੁ ਪਤੀ ਨੂੰ ਮਿਲਣ ਤੋਂ ਬਿਨਾ ਮਨੁੱਖ ਦਾ ਮਾਨਸਕ ਦੁਖ ਦੂਰ ਨਹੀਂ ਹੁੰਦਾ ਹੈ।
ਜੇਕਰ ਜੀਵ ਇਸਤ੍ਰੀ ਨੂੰ ਅਕਾਲ ਪੁਰਖੁ ਪਤੀ ਨ ਮਿਲੇ ਤਾਂ ਸ਼ਿੰਗਾਰ ਕਰਨ ਦਾ ਕੋਈ ਲਾਭ ਨਹੀਂ ਹੁੰਦਾ।
ਜੋ ਜੀਵ ਇਸਤ੍ਰੀ ਅਕਾਲ ਪੁਰਖੁ ਪਤੀ ਦੇ ਪ੍ਰੇਮ ਤੋਂ ਸੱਖਣੀ ਰਹਿ ਕੇ ਧਾਰਮਿਕ ਉੱਦਮ ਤੇ ਕਰਮ ਕਾਂਡ
ਆਦਿਕ ਤਾਂ ਕਰਦੀ ਰਹਿੰਦੀ ਹੈ, ਪਰੰਤੂ ਉਸ ਦੇ ਅੰਦਰ ਮਾਇਆ ਦਾ ਮੋਹ ਉਸੇ ਤਰ੍ਹਾਂ ਪ੍ਰਬਲ ਰਹਿੰਦਾ
ਹੈ, ਤਾਂ ਉਹ ਜੀਵ ਇਸਤ੍ਰੀ ਅਕਾਲ ਪੁਰਖੁ ਦੇ ਘਰ ਵਿੱਚ ਆਸਰਾ ਨਹੀਂ ਲੈ ਸਕਦੀ, ਕਿਉਂਕਿ ਝੂਠ, ਭਾਵ,
ਮਾਇਆ ਦਾ ਮੋਹ ਅਕਾਲ ਪੁਰਖੁ ਦੀ ਹਜ਼ੂਰੀ ਵਿੱਚ ਦੁਰਕਾਰਿਆ ਜਾਂਦਾ ਹੈ। ਜਦੋਂ ਤਕ ਮਨੁੱਖ ਦਾ ਮਨ ਗੁਰੂ
ਦੇ ਸ਼ਬਦ ਰੂਪੀ ਤੀਰ ਨਾਲ ਨਹੀਂ ਵਿੱਝਦਾ, ਉਦੋਂ ਤਕ ਗੁਰੂ ਦੇ ਦਰ ਤੇ ਸੋਭਾ ਨਹੀਂ ਮਿਲ ਸਕਦੀ, ਅਜੇਹੇ
ਮਨੁੱਖ ਦੇ ਸਾਰੇ ਸੁੰਦਰ ਪਦਾਰਥ ਵਰਤਣੇ ਵਿਅਰਥ ਚਲੇ ਜਾਂਦੇ ਹਨ, ਕਿਉਂਕਿ ਪਦਾਰਥਾਂ ਨੂੰ ਭੋਗਣ ਵਾਲਾ
ਸਰੀਰ ਤਾਂ ਅੰਤ ਵਿੱਚ ਸੁਆਹ ਹੋ ਜਾਂਦਾ ਹੈ, ਸਾਰੀਆਂ ਸਰੀਰਕ ਸਜਾਵਟਾਂ ਵੀ ਬੇਕਾਰ ਹੀ ਰਹਿ ਜਾਂਦੀਆਂ
ਹਨ। ਉਹੀ ਭਾਗਾਂ ਵਾਲੀਆਂ ਜੀਵ ਇਸਤ੍ਰੀਆਂ ਮੁਬਾਰਿਕ ਹਨ, ਜਿਨ੍ਹਾਂ ਦਾ ਅਕਾਲ ਪੁਰਖੁ ਪਤੀ ਨਾਲ
ਪ੍ਰੇਮ ਬਣਿਆ ਰਹਿੰਦਾ ਹੈ।
ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ॥
ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ
ਗੁਰਦੁਆਰਿ॥ ਨਾਨਕ ਧੰਨੁ ਸੁਹਾਗਣੀ ਜਿਨ ਸਹ ਨਾਲਿ
ਪਿਆਰੁ॥ ੫॥ ੧੩॥ (੧੯)
ਗੁਰੂ ਸਾਹਿਬਾਂ ਨੇ ਬੜੇ ਸਰਲ ਤਰੀਕੇ ਨਾਲ ਸਮਝਾਇਆ ਹੈ, ਕਿ ਜੇਕਰ ਧਰਮ ਦੀ
ਸਿਖਿਆ ਲੈਣਾਂ ਚਾਹੁੰਦੇ ਹਾਂ ਤਾਂ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ, ਅਸੀਂ ਆਪਣੇ ਸਰੀਰ ਕੋਲੋ ਹੀ
ਲੈ ਸਕਦੇ ਹਾਂ। ਇਹ ਸਾਰਾ ਮਨੁੱਖਾ ਸਰੀਰ ਧਰਮ ਕਮਾਉਣ ਦੀ ਥਾਂ ਹੈ, ਇਸ ਵਿੱਚ ਸੱਚੇ ਅਕਾਲ ਪੁਰਖੁ ਦੀ
ਜੋਤਿ ਲੁਕੀ ਹੋਈ ਹੈ। ਇਸ ਸਰੀਰ ਵਿੱਚ ਦੈਵੀ ਗੁਣ, ਰੂਪ, ਤੇ ਗੁੱਝੇ ਲਾਲ ਰਤਨ ਲੁਕੇ ਹੋਏ ਹਨ। ਸਰੀਰ
ਦਾ ਹਰੇਕ ਅੰਗ ਬਾਕੀ ਸਭ ਦੂਸਰੇ ਅੰਗਾਂ ਲਈ ਕੰਮ ਕਰਦਾ ਹੈ, ਜਾਂ ਉਨ੍ਹਾਂ ਦੀ ਸਹਾਇਤਾ ਕਰਦਾ ਹੈ,
ਪਰੰਤੂ ਬਦਲੇ ਵਿੱਚ ਕੁੱਝ ਨਹੀਂ ਮੰਗਦਾ। ਸਾਡੇ ਪੈਰ ਸਾਰੇ ਸਰੀਰ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੇ
ਲਿਜਾਂਦੇ ਹਨ, ਲੱਤਾਂ ਸਰੀਰ ਨੂੰ ਖੜਾ ਹੋਣ ਵਿੱਚ ਸਹਾਇਤਾ ਕਰਦੀਆਂ ਹਨ, ਮੂੰਹ ਸਰੀਰ ਅੰਦਰ ਖਾਣਾਂ
ਲਿਜਾਣ ਲਈ ਸਹਾਈ ਹੁੰਦਾ ਹੈ, ਦੰਦ ਖਾਣਾਂ ਚਬਾਉਂਦੇ ਹਨ ਤਾਂ ਜੋ ਪੇਟ ਨੂੰ ਹਜ਼ਮ ਕਰਨ ਵਿੱਚ ਮੁਸ਼ਕਲ
ਨਾ ਹੋਵੇ, ਜੀਭ ਸੰਤਰੀ ਦਾ ਕੰਮ ਕਰਦੀ ਹੈ, ਕਿਤੇ ਸਰੀਰ ਅੰਦਰ ਗਲਤ ਪਦਾਰਥ ਨਾ ਚਲੇ ਜਾਣ, ਅੱਖਾਂ
ਰਸਤਾ ਵੇਖਣ ਵਿੱਚ ਸਹਾਈ ਹੁੰਦੀਆਂ ਹਨ, ਕੰਨ ਸੁਣਨ ਤੇ ਸਬੰਧ ਕਾਇਮ ਕਰਨ ਲਈ ਸਹਾਈ ਹੁੰਦੇ ਹਨ,
ਦਿਮਾਗ ਜੀਵਨ ਵਿੱਚ ਸੋਚ ਵੀਚਾਰ ਕੇ ਚਲਣ ਲਈ ਸਹਾਈ ਹੁੰਦਾਂ ਹੈ, ਆਦਿ। ਸਰੀਰ ਦਾ ਕੋਈ ਅੰਗ ਵੀ
ਦੂਸਰੇ ਅੰਗ ਦੀ ਨਿੰਦਾ, ਚੁਗਲੀ ਜਾਂ ਵਿਰੋਧਤਾ ਨਹੀਂ ਕਰਦਾ ਹੈ, ਬਲਕਿ ਦੂਸਰੇ ਅੰਗਾਂ ਦੀ ਸਹਾਇਤਾ
ਕਰਦਾ ਹੈ ਜਾਂ ਠੀਕ ਮਾਰਗ ਦਰਸ਼ਨ ਕਰਦਾ ਹੈ। ਸਰੀਰ ਦਾ ਹਰੇਕ ਅੰਗ ਦੂਸਰੇ ਅੰਗ ਲਈ ਬਿਨਾਂ ਕਾਮਨਾ ਦੇ
ਸੇਵਾ ਕਰਦਾ ਹੈ। ਸਤਿਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲਾ ਸੇਵਕ ਹੀ ਇਨ੍ਹਾਂ ਗੁਣਾਂ ਨੂੰ ਗੁਰਬਾਣੀ
ਦੀ ਡੂੰਘੀ ਵਿਚਾਰ ਨਾਲ ਸਮਝ ਕੇ ਆਪਣੇ ਜੀਵਨ ਵਿੱਚ ਅਪਨਾਂਦਾ ਹੈ। ਜਦੋਂ ਉਹ ਸੇਵਕ ਇਹ ਲਾਲ ਰਤਨ ਲੱਭ
ਲੈਂਦਾ ਹੈ, ਤਾਂ ਉਹ ਇੱਕ ਅਕਾਲ ਪੁਰਖੁ ਨੂੰ ਸਾਰੀ ਸ੍ਰਿਸ਼ਟੀ ਵਿੱਚ ਰਵਿਆ ਹੋਇਆ ਪਛਾਣ ਲੈਂਦਾ ਹੈ,
ਜਿਵੇਂ ਤਾਣੇ ਤੇ ਪੇਟੇ ਵਿੱਚ ਇੱਕੋ ਸੂਤਰ ਹੁੰਦਾ ਹੈ। ਇਸੇ ਤਰ੍ਹਾਂ ਉਹ ਸੇਵਕ ਸਾਰੇ ਸੰਸਾਰ ਵਿੱਚ
ਇੱਕ ਅਕਾਲ ਪੁਰਖੁ ਨੂੰ ਹੀ ਵੇਖਦਾ ਹੈ, ਤੇ ਇੱਕ ਅਕਾਲ ਪੁਰਖੁ ਤੇ ਹੀ ਭਰੋਸਾ ਰੱਖਦਾ ਹੈ ਤੇ ਆਪਣੇ
ਕੰਨਾਂ ਨਾਲ ਇੱਕ ਅਕਾਲ ਪੁਰਖੁ ਦੀ ਸਿਫਤ ਸਾਲਾਹ ਦੀਆਂ ਗੱਲਾਂ ਹੀ ਸੁਣਦਾ ਹੈ। ਇਸ ਲਈ ਗੁਰਸਿੱਖ ਨੇ
ਵੀ ਬਿਨਾ ਕਾਮਨਾ ਦੇ ਗੁਰਬਾਣੀ ਅਨੁਸਾਰ ਮਨੁੱਖਤਾ ਦੀ ਸੇਵਾ ਕਰਨੀ ਹੈ।
ਪਉੜੀ॥
ਇਹੁ ਸਰੀਰੁ ਸਭੁ ਧਰਮੁ ਹੈ ਜਿਸੁ
ਅੰਦਰਿ ਸਚੇ ਕੀ ਵਿਚਿ ਜੋਤਿ॥ ਗੁਹਜ ਰਤਨ ਵਿਚਿ
ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ॥ (੩੦੯)
ਜੇਕਰ ਲੱਖ ਵਾਰੀ ਵੀ ਇਸ਼ਨਾਨ ਆਦਿਕ ਨਾਲ ਸਰੀਰ ਦੀ ਸੁੱਚ ਰੱਖੀ ਜਾਵੇ, ਤਾਂ
ਵੀ ਇਸ ਤਰ੍ਹਾਂ ਸੁੱਚ ਰੱਖਣ ਨਾਲ ਮਨ ਦੀ ਸੁੱਚ ਨਹੀਂ ਹੋ ਸਕਦੀ। ਜੇਕਰ ਮੂੰਹ ਬੰਦ ਕਰਕੇ, ਸਰੀਰ ਦੀ
ਸਮਾਧੀ ਲਾਈ ਰੱਖੀਏ, ਤਾਂ ਵੀ ਇਸ ਤਰ੍ਹਾਂ ਚੁੱਪ ਕਰਕੇ ਰਹਿਣ ਨਾਲ ਮਨ ਦੀ ਭਟਕਣਾ ਜਾਂ ਮਨ ਦੀ ਸ਼ਾਂਤੀ
ਨਹੀਂ ਹੋ ਸਕਦੀ। ਜੇਕਰ ਸਾਰੇ ਭਵਣਾਂ ਦੇ ਪਦਾਰਥਾਂ ਦੇ ਢੇਰ ਵੀ ਸਾਂਭ ਕੇ ਰੱਖ ਲਈਏ, ਤਾਂ ਵੀ
ਤ੍ਰਿਸ਼ਨਾ ਦੇ ਅਧੀਨ ਰਿਹਾਂ, ਮਨ ਦੀ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ। ਜੇਕਰ ਮਨੁੱਖ ਦੇ ਵਿੱਚ ਹਜ਼ਾਰਾਂ
ਤੇ ਲੱਖਾਂ ਚਤੁਰਾਈਆਂ ਵੀ ਹੋਣ, ਤਾਂ ਵੀ ਉਨ੍ਹਾਂ ਵਿਚੋਂ ਇੱਕ ਵੀ ਚਤੁਰਾਈ ਸਾਥ ਨਹੀਂ ਦੇਂਦੀ। ਤਾਂ
ਫਿਰ ਸਵਾਲ ਪੈਦਾ ਹੁੰਦਾ ਹੈ ਕਿ, ਅਕਾਲ ਪੁਰਖੁ ਦਾ ਪ੍ਰਕਾਸ਼ ਹੋਣ ਲਈ ਅਸੀਂ ਕਿਸ ਤਰ੍ਹਾਂ ਯੋਗ ਬਣ
ਸਕਦੇ ਹਾਂ ਤੇ ਸਾਡੇ ਅੰਦਰੋਂ ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ? ਗੁਰੂ ਸਾਹਿਬ ਉਤਰ ਦੇ ਕੇ
ਸਮਝਾਂਦੇ ਹਨ ਕਿ, ਰਜ਼ਾ ਦੇ ਮਾਲਕ ਅਕਾਲ ਪੁਰਖੁ ਦੇ ਹੁਕਮੁ ਵਿੱਚ ਚਲਣਾ ਹੀ ਇੱਕ ਅਜੇਹੀ ਵਿਧੀ ਹੈ
ਅਤੇ ਅਕਾਲ ਪੁਰਖੁ ਦੇ ਹੁਕਮੁ ਦੀ ਇਹ ਵਿਧੀ ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ, ਲਿਖੀ ਚਲੀ ਆ ਰਹੀ
ਹੈ। ਇਸ ਲਈ ਅਕਾਲ ਪੁਰਖੁ ਨਾਲੋਂ ਜੀਵ ਦੀ ਵਿੱਥ ਮਿਟਾਣ ਦਾ ਇਕੋ ਹੀ ਤਰੀਕਾ ਹੈ ਕਿ ਜੀਵ ਉਸ ਦੇ
ਹੁਕਮੁ ਤੇ ਰਜ਼ਾ ਵਿੱਚ ਚੱਲੇ। ਜੇਕਰ ਪਿਤਾ ਦੇ ਕਹੇ ਅਨੁਸਾਰ ਪੁੱਤਰ ਕੰਮ ਕਰਦਾ ਰਹੇ ਤਾਂ ਦੋਹਾਂ ਦਾ
ਪਿਆਰ ਬਣਿਆ ਰਹਿੰਦਾ ਹੈ, ਨਹੀਂ ਤਾਂ ਆਪਸ ਵਿੱਚ ਵਿੱਥ ਪੈਂਦਾ ਹੋ ਜਾਂਦੀ ਹੈ।
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥
ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ॥ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥ ਸਹਸ
ਸਿਆਣਪਾ ਲਖ ਹੋਹਿ ਤ ਇੱਕ ਨ ਚਲੈ ਨਾਲਿ॥
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ
ਪਾਲਿ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥
੧॥ (੧)
ਸਿੱਖ ਧਰਮ ਦਾ ਮੁਢਲਾ ਸਿਧਾਂਤ ਵੀ " ਹੁਕਮਿ
ਰਜਾਈ ਚਲਣਾ ਨਾਨਕ ਲਿਖਿਆ ਨਾਲਿ",
ਹੀ ਹੈ, ਜਿਸ ਦਾ ਜਿਕਰ ਗੁਰੂ ਨਾਨਕ ਸਾਹਿਬ ਨੇ ਜਪੁਜੀ
ਸਾਹਿਬ ਤੇ ਗੁਰੂ ਗਰੰਥ ਸਾਹਿਬ ਦੇ ਆਰੰਭ ਵਿੱਚ ਹੀ ਕਰ ਦਿਤਾ ਹੈ। ਜੇਕਰ ਕੁਦਰਤ ਦੇ ਨਿਯਮਾਂ (System)
ਅਨੁਸਾਰ ਰਹਾਂਗੇ ਤਾਂ ਸੁਖੀ ਰਹਾਂਗੇ, ਪਰੰਤੂ ਜੇਕਰ ਕੁਦਰਤ ਨਾਲ ਖਿਲਵਾੜ ਕਰਾਂਗੇ ਤਾਂ ਨਤੀਜੇ
ਭੁਗਤਣ ਲਈ ਤਿਆਰ ਰਹਿੰਣਾਂ ਚਾਹੀਦਾ ਹੈ।
http://www.geocities.ws/sarbjitsingh/Bani3510GurMag200604.pdf
http://www.sikhmarg.com/2006/0430-bani-hukam.html
ਜੇ ਹੱਥ, ਪੈਰ ਜਾਂ ਸਰੀਰ ਲਿੱਬੜ ਜਾਏ, ਤਾਂ ਪਾਣੀ ਨਾਲ ਧੋਤਿਆਂ, ਉਹ ਮੈਲ
ਉਤਰ ਜਾਂਦੀ ਹੈ। ਜੇ ਕੋਈ ਕੱਪੜਾ ਮਲ ਮੂਤਰ ਨਾਲ ਗੰਦਾ ਹੋ ਜਾਏ, ਤਾਂ ਸਾਬੁਣ ਲਾ ਕੇ ਉਸ ਨੂੰ ਧੋ
ਸਕਦੇ ਹਾਂ। ਪਰੰਤੂ ਜੇਕਰ ਮਨੁੱਖ ਦੀ ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ, ਤਾਂ ਉਹ ਪਾਪ ਅਕਾਲ ਪੁਰਖੁ
ਦੇ ਨਾਮੁ ਵਿੱਚ ਪਿਆਰ ਕਰਨ ਨਾਲ ਹੀ ਧੋਇਆ ਜਾ ਸਕਦਾ ਹੈ। ਇਹ ਧਿਆਨ ਵਿੱਚ ਰੱਖਣਾ ਹੈ ਕਿ, ‘ਪੁੰਨ’
ਜਾਂ ‘ਪਾਪ’ ਸਿਰਫ ਕਹਿਣ ਵਾਸਤੇ ਨਹੀਂ ਹਨ, ਸੱਚ ਮੁੱਚ ਹੀ ਅਸੀਂ ਜਿਹੋ ਜਿਹੇ ਕਰਮ ਕਰੇਂਗਾ, ਉਹੋ
ਜਿਹੇ ਸੰਸਕਾਰ ਆਪਣੇ ਅੰਦਰ ਉੱਕਰ ਕੇ ਨਾਲ ਲੈ ਜਾਵਾਂਗੇ। ਜੋ ਕੁੱਝ ਅਸੀਂ ਬੀਜਾਂਗੇ, ਉਸ ਦਾ ਫਲ ਵੀ
ਆਪ ਹੀ ਖਾਵਾਂਗੇ। ਆਪਣੇ ਕੀਤੇ ਕਰਮਾਂ ਅਨੁਸਾਰ ਅਕਾਲ ਪੁਰਖੁ ਦੇ ਹੁਕਮੁ ਵਿੱਚ ਜਨਮ ਮਰਨ ਦੇ ਗੇੜ
ਵਿੱਚ ਪਏ ਰਹਾਂਗੇ।
ਭਰੀਐ ਹਥੁ ਪੈਰੁ ਤਨੁ ਦੇਹ॥ ਪਾਣੀ ਧੋਤੈ ਉਤਰਸੁ ਖੇਹ ॥
ਮੂਤ ਪਲੀਤੀ ਕਪੜੁ ਹੋਇ॥ ਦੇ ਸਾਬੂਣੁ ਲਈਐ ਓਹੁ ਧੋਇ॥
ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ
ਨਾਵੈ ਕੈ ਰੰਗਿ॥ ਪੁੰਨੀ ਪਾਪੀ ਆਖਣੁ ਨਾਹਿ॥ ਕਰਿ
ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ॥ ੨੦॥ (੪)
ਸਾਰੀ ਸ੍ਰਿਸ਼ਟੀ ਅਕਾਲ ਪੁਰਖੁ ਦੇ ਖ਼ਾਸ ਨਿਯਮਾਂ ਅਨੁਸਾਰ ਚੱਲ ਰਹੀ ਹੈ।
ਇਹਨਾਂ ਨਿਯਮਾਂ ਦਾ ਨਾਂ ਸਤਿਗੁਰੂ ਜੀ ਨੇ ‘ਹੁਕਮੁ’ ਰੱਖਿਆ ਹੈ। ਉਹ ਨਿਯਮ ਇਹ ਹੈ ਕਿ ਮਨੁੱਖ ਜਿਹੋ
ਜਿਹਾ ਕਰਮ ਕਰਦਾ ਹੈ, ਉਹੋ ਜਿਹਾ ਫਲ ਪਾਂਦਾ ਹੈ। ਉਸ ਦੇ ਆਪਣੇ ਧੁਰ ਅੰਦਰ ਉਹੋ ਜਿਹੇ ਹੀ ਚੰਗੇ
ਮੰਦੇ ਸੰਸਕਾਰ ਬਣ ਜਾਂਦੇ ਹਨ ਅਤੇ ਉਨ੍ਹਾਂ ਦੇ ਅਨੁਸਾਰ ਹੀ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ
ਹੈ, ਜਾਂ, ਅਕਾਲ ਪੁਰਖੁ ਦੀ ਰਜ਼ਾ ਵਿੱਚ ਤੁਰ ਕੇ ਆਪਣਾ ਮਨੁੱਖਾ ਜਨਮ ਸਫਲ ਕਰ ਲੈਂਦਾ ਹੈ। ਮਾਇਆ ਦੇ
ਪਰਭਾਵ ਦੇ ਕਾਰਨ ਮਨੁੱਖ ਵਿਕਾਰਾਂ ਵਿੱਚ ਪੈ ਜਾਂਦਾ ਹੈ, ਤੇ ਉਸ ਦੀ ਮਤ ਮੈਲੀ ਹੋ ਜਾਂਦੀ ਹੈ। ਇਹ
ਮੈਲ ਉਸ ਨੂੰ ਅਕਾਲ ਪੁਰਖੁ ਤੋਂ ਵਿਛੋੜ ਰੱਖਦੀ ਹੈ, ਤੇ ਜੀਵ ਦੁਖੀ ਰਹਿੰਦਾ ਹੈ। ਨਾਮੁ ਸਿਮਰਨ ਹੀ
ਇਕੋ ਇੱਕ ਵਸੀਲਾ ਹੈ, ਜਿਸ ਨਾਲ ਮਨ ਦੀ ਇਹ ਮੈਲ ਧੁਪ ਸਕਦੀ ਹੈ। ਨਾਮੁ ਸਿਮਰਨ ਤਾਂ ਵਿਕਾਰਾਂ ਦੀ
ਮੈਲ ਧੋ ਕੇ ਮਨ ਨੂੰ ਅਕਾਲ ਪੁਰਖੁ ਨਾਲ ਮਿਲਾਣ ਵਾਸਤੇ ਹੈ, ਪਰੰਤੂ ਸਿਮਰਨ ਨਾਲ ਜੀਵ ਅਕਾਲ ਪੁਰਖੁ
ਤੇ ਉਸ ਦੀ ਰਚਨਾ ਦਾ ਅੰਤ ਪਾਣ ਦੇ ਸਮਰਥ ਨਹੀਂ ਬਣਾ ਸਕਦਾ ਹੈ।
http://www.geocities.ws/sarbjitsingh/BookGuruGranthSahibAndNaam.pdf
http://www.sikhmarg.com/pdf-files/sggs-naam.pdf ,
ਤੀਰਥ ਯਾਤ੍ਰਾ, ਤਪਾਂ ਦੀ ਸਾਧਨਾ, ਜੀਆਂ ਤੇ ਦਇਆ ਕਰਨੀ, ਦਿੱਤਾ ਹੋਇਆ ਦਾਨ,
ਇਹਨਾਂ ਕਰਮਾਂ ਦੇ ਵੱਟੇ ਜੇ ਕਿਸੇ ਮਨੁੱਖ ਨੂੰ ਕੋਈ ਵਡਿਆਈ ਮਿਲ ਵੀ ਜਾਏ, ਤਾਂ ਰਤਾ ਮਾਤਰ ਹੀ
ਮਿਲਦੀ ਹੈ। ਪਰੰਤੂ ਜਿਸ ਮਨੁੱਖ ਨੇ ਅਕਾਲ ਪੁਰਖੁ ਦਾ ਨਾਮੁ ਸੁਣ ਲਿਆ ਹੈ, ਭਾਵ ਜਿਸ ਮਨੁੱਖ ਨੇ
ਅਕਾਲ ਪੁਰਖੁ ਦੇ ਨਾਮੁ ਵਿੱਚ ਸੁਰਤ ਜੋੜ ਲਈ, ਜਿਸ ਮਨੁੱਖ ਨੇ ਅਕਾਲ ਪੁਰਖੁ ਦਾ ਨਾਮੁ ਮਨ ਲਿਆ, ਭਾਵ
ਮਨ ਵਿੱਚ ਪਤੀਜ ਗਿਆ ਹੈ. ਅਤੇ ਜਿਸ ਨੇ ਆਪਣੇ ਮਨ ਵਿੱਚ ਅਕਾਲ ਪੁਰਖੁ ਨਾਲ ਪਿਆਰ ਪੈਦਾ ਕਰ ਲਿਆ, ਉਸ
ਮਨੁੱਖ ਨੇ ਮਾਨੋ ਆਪਣੇ ਅੰਦਰਲੇ ਤੀਰਥ ਵਿੱਚ ਮਲ ਮਲ ਕੇ ਇਸ਼ਨਾਨ ਕਰ ਲਿਆ ਹੈ, ਭਾਵ, ਉਸ ਮਨੁੱਖ ਨੇ
ਆਪਣੇ ਅੰਦਰ ਵੱਸ ਰਹੇ ਅਕਾਲ ਪੁਰਖੁ ਨਾਲ ਚੰਗੀ ਤਰ੍ਹਾਂ ਸੁਰਤ ਜੋੜ ਕੇ ਆਪਣੇ ਮਨ ਦੀ ਮੈਲ ਲਾਹ ਲਈ
ਹੈ।
ਤੀਰਥੁ ਤਪੁ ਦਇਆ ਦਤੁ ਦਾਨੁ॥ ਜੇ ਕੋ ਪਾਵੈ ਤਿਲ ਕਾ ਮਾਨੁ ॥
ਸੁਣਿਆ ਮੰਨਿਆ ਮਨਿ ਕੀਤਾ ਭਾਉ॥ ਅੰਤਰਗਤਿ ਤੀਰਥਿ ਮਲਿ ਨਾਉ॥ (੪)
ਗੁਰੂ ਸਾਹਿਬ ਸਮਝਾਂਦੇ ਹਨ ਕਿ, ਮੈਂ ਵੀ ਤੀਰਥ ਉਤੇ ਇਸ਼ਨਾਨ ਕਰਨ ਜਾਂਦਾ
ਹਾਂ, ਪਰ ਮੇਰੇ ਵਾਸਤੇ ਅਕਾਲ ਪੁਰਖੁ ਦਾ ਨਾਮੁ ਹੀ ਤੀਰਥ ਹੈ। ਗੁਰੂ ਦੇ ਸ਼ਬਦ ਨੂੰ ਵਿਚਾਰ ਮੰਡਲ
ਵਿੱਚ ਟਿਕਾਣਾ ਹੀ ਮੇਰੇ ਵਾਸਤੇ ਤੀਰਥ ਹੈ, ਕਿਉਂਕਿ ਇਸ ਦੀ ਬਰਕਤਿ ਨਾਲ ਮੇਰੇ ਅੰਦਰ ਅਕਾਲ ਪੁਰਖੁ
ਨਾਲ ਡੂੰਘੀ ਸਾਂਝ ਬਣਦੀ ਹੈ। ਸਤਿਗੁਰੂ ਦਾ ਬਖ਼ਸ਼ਿਆ ਇਹ ਗਿਆਨ ਮੇਰੇ ਵਾਸਤੇ ਸਦਾ ਕਾਇਮ ਰਹਿਣ ਵਾਲਾ
ਤੀਰਥ ਅਸਥਾਨ ਹੈ, ਤੇ ਇਹ ਗਿਆਨ ਹੀ ਮੇਰੇ ਵਾਸਤੇ ਦਸ ਪਵਿਤਰ ਦਿਹਾੜੇ ਹਨ। ਮੈਂ ਤਾਂ ਸਦਾ ਅਕਾਲ
ਪੁਰਖੁ ਦਾ ਨਾਮੁ ਹੀ ਮੰਗਦਾ ਹਾਂ ਤੇ ਅਰਦਾਸ ਕਰਦਾ ਹਾਂ, ਕਿ ਹੇ ਧਰਤੀ ਦੇ ਆਸਰੇ ਅਕਾਲ ਪੁਰਖੁ!
ਮੈਨੂੰ ਆਪਣਾ ਨਾਮੁ ਦਿਉ। ਜਗਤ ਵਿਕਾਰਾਂ ਵਿੱਚ ਰੋਗੀ ਹੋਇਆ ਪਿਆ ਹੈ, ਤੇ ਅਕਾਲ ਪੁਰਖੁ ਦਾ ਨਾਮੁ
ਇਹਨਾਂ ਰੋਗਾਂ ਦਾ ਇਲਾਜ ਹੈ। ਸਦਾ ਥਿਰ ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਮਨ ਨੂੰ ਵਿਕਾਰਾਂ ਦੀ
ਮੈਲ ਲੱਗ ਜਾਂਦੀ ਹੈ। ਗੁਰੂ ਦਾ ਪਵਿਤਰ ਸ਼ਬਦ ਮਨੁੱਖ ਨੂੰ ਸਦਾ ਆਤਮਕ ਚਾਨਣ ਦੇਂਦਾ ਰਹਿੰਦਾ ਹੈ, ਇਹੀ
ਨਿੱਤ ਸਦਾ ਕਾਇਮ ਰਹਿਣ ਵਾਲਾ ਤੀਰਥ ਹੈ, ਇਹੀ ਤੀਰਥ ਇਸ਼ਨਾਨ ਹੈ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ
ਵਿਚਾਰ ਦੁਆਰਾ ਆਪਣੇ ਮਨ ਨੂੰ ਵਿਕਾਰਾਂ ਵਲੋਂ ਮਾਰ ਲੈਂਦਾ ਹੈ, ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ
ਜਾਂਦਾ ਹੈ, ਤੇ ਹੋਰਨਾਂ ਨੂੰ ਵੀ ਪਾਰ ਲੰਘਾ ਲੈਂਦਾ ਹੈ, ਉਹ ਮਨੁੱਖ ਉੱਚੀ ਸੁਰਤਿ ਦਾ ਮਾਲਕ ਬਣ
ਜਾਂਦਾ ਹੈ, ਤੇ ਉਸ ਦੇ ਅੰਦਰ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ।
ਤੀਰਥਿ ਨਾਵਣ ਜਾਉ ਤੀਰਥੁ ਨਾਮੁ
ਹੈ॥ ਤੀਰਥੁ
ਸਬਦ ਬੀਚਾਰੁ ਅੰਤਰਿ ਗਿਆਨੁ ਹੈ॥
ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ॥ ਹਉ ਨਾਮੁ ਹਰਿ ਕਾ ਸਦਾ ਜਾਚਉ ਦੇਹੁ ਪ੍ਰਭ
ਧਰਣੀਧਰਾ॥ ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ॥ ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ
ਸਾਚੁ ਤੀਰਥੁ ਮਜਨਾ॥ ੧॥ (੬੮੭)
ਕੋਈ ਮਨੁੱਖ ਰਾਗ ਗਾ ਕੇ, ਕੋਈ ਸੰਖ ਆਦਿਕ ਸਾਜ ਵਜਾ ਕੇ, ਕੋਈ ਧਰਮ ਪੁਸਤਕਾਂ
ਪੜ੍ਹ ਕੇ, ਕਈ ਤਰੀਕਿਆਂ ਨਾਲ ਅਕਾਲ ਪੁਰਖੁ ਦੇ ਗੁਣ ਗਾਂਦਾ ਹੈ, ਪਰੰਤੂ ਅਕਾਲ ਪੁਰਖੁ ਇਸ ਤਰ੍ਹਾਂ
ਪ੍ਰਸੰਨ ਨਹੀਂ ਹੁੰਦਾ ਹੈ। ਜਿਨ੍ਹਾਂ ਦੇ ਅੰਦਰ ਕਪਟ ਤੇ ਵਿਕਾਰ ਹੈ, ਉਨ੍ਹਾਂ ਦਾ ਅਜੇਹੇ ਕਰਮ ਕਾਂਡ
ਕਰਨ ਨਾਲ ਕੁੱਝ ਨਹੀਂ ਹੋਣਾ ਹੈ। ਜੇਕਰ ਅੰਦਰਲੇ ਵਿਕਾਰਾਂ ਨੂੰ ਲੁਕਾਣ ਦਾ ਜਤਨ ਕੀਤਾ ਜਾਏ, ਤਾਂ ਵੀ
ਅਕਾਲ ਪੁਰਖੁ ਪਾਸੋਂ ਲੁਕੇ ਨਹੀਂ ਰਹਿ ਸਕਦੇ, ਕਿਉਂਕਿ ਅਕਾਲ ਪੁਰਖੁ ਹਰੇਕ ਮਨੁੱਖ ਦੇ ਦਿਲ ਦੀ ਹਰੇਕ
ਗੱਲ ਨੂੰ ਜਾਣਦਾ ਹੈ। ਸਤਿਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵਿਤਰ ਹੋ ਜਾਂਦਾ
ਹੈ, ਉਹੀ ਅਕਾਲ ਪੁਰਖੁ ਦੀ ਭਗਤੀ ਕਰਦੇ ਹਨ, ਤੇ ਉਹੀ ਅਕਾਲ ਪੁਰਖੁ ਦਾ ਨਾਮੁ ਲੈਂਦੇ ਹਨ।
ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥
ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ॥ ਹਰਿ ਕਰਤਾ ਸਭੁ ਕਿਛੁ ਜਾਣਦਾ ਸਿਰਿ ਰੋਗ
ਹਥੁ ਦੀਜੈ॥ ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ॥ ੪॥ ੧੧॥ ੧੮॥ (੪੫੦)
ਬਾਬਾ ਫਰੀਦ ਜੀ ਸਮਝਾਂਦੇ ਹਨ ਕਿ, ਜੰਗਲਾਂ ਨੂੰ ਗਾਹਣ ਦਾ ਕੀ ਲਾਭ ਹੈ?
ਜੰਗਲਾਂ ਵਿੱਚ ਕੰਡੇ ਕਿਉਂ ਲਤਾੜਦਾ ਫਿਰਦਾ ਹੈ? ਰੱਬ ਤਾਂ ਤੇਰੇ ਹਿਰਦੇ ਵਿੱਚ ਵੱਸਦਾ ਹੈ, ਜੰਗਲ
ਵਿੱਚ ਭਾਲਣ ਦਾ ਕੀ ਫ਼ਾਇਦਾ? ਇਸ ਲਈ ਅਕਾਲ ਪੁਰਖੁ ਨੂੰ ਆਪਣੇ ਹਿਰਦੇ ਵਿਚੋਂ ਗੁਰਮਤਿ ਦੁਆਰਾ ਲੱਭਣਾ
ਹੈ।
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ॥ ੧੯॥ (੧੩੭੮)
ਗੁਰੂ ਨਾਨਕ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਸਬਦ ਗੁਰੂ ਦੇ ਲੜ ਲਾਇਆ ਹੈ।
ਸਿੱਖ ਲਈ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਹੀ ਗੁਰੂ ਹੈ ਤੇ ਉਸ ਵਿਚੋਂ ਮਨੁੱਖ ਜੀਵਨ ਦੇ
ਸਾਰੇ ਸੁਖ ਤੇ ਅੰਮ੍ਰਿਤੁ ਪ੍ਰਾਪਤ ਕਰ ਸਕਦਾ ਹੈ। ਗੁਰੂ ਬਾਣੀ ਉਚਾਰਦਾ ਹੈ, ਗੁਰੂ ਦਾ ਸੇਵਕ ਉਸ
ਬਾਣੀ ਉਤੇ ਸ਼ਰਧਾ ਧਾਰਦਾ ਹੈ। ਗੁਰਬਾਣੀ ਅਨੁਸਾਰ ਚਲਣ ਵਾਲੇ ਸੇਵਕ ਨੂੰ ਗੁਰੂ ਯਕੀਨੀ ਤੌਰ ਤੇ ਸੰਸਾਰ
ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ।
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ ੫॥ (੯੮੨)
http://www.geocities.ws/sarbjitsingh/Bani2100ShabadGurMag200901.pdf,
http://www.sikhmarg.com/2009/0201-shabad-gurmarg.html,
http://www.geocities.ws/sarbjitsingh/Bani2100SelectionGurMag200803.pdf
http://www.sikhmarg.com/2008/0316-guru-selection.html,
http://www.geocities.ws/sarbjitsingh/Bani2100ChananGurMag200802.pdf ,
http://www.sikhmarg.com/2008/0217-gurbani-chanan.html ,
ਅਕਾਲ ਪੁਰਖੁ ਦਾ ਨਾਮੁ ਸਿਰਫ਼ ਉਨ੍ਹਾਂ ਤੋਂ ਮਿਲਦਾ ਹੈ, ਜਿਨ੍ਹਾਂ ਆਪਣੇ ਮਨ
ਨੂੰ ਸਾਧ ਕੇ ਰੱਖਿਆ ਹੋਇਆ ਹੈ, ਇਸ ਲਈ ਸਾਧੂਆਂ ਦੀ ਸੰਗਤਿ ਕਰਨੀ ਚਾਹੀਦੀ ਹੈ। ਪਰ ਜੇ ਕਿਸੇ ਸਾਧੂ
ਗੁਰਮੁਖਿ ਦੇ ਦਰਸ਼ਨ ਕਰਨ ਜਾਈਏ, ਤਾਂ ਕਿਸੇ ਨੂੰ ਆਪਣੇ ਨਾਲ ਨਹੀਂ ਲੈ ਜਾਣਾ ਚਾਹੀਦਾ, ਕੋਈ ਸਾਥ
ਉਡੀਕਣਾ ਨਹੀਂ ਚਾਹੀਦਾ, ਜਾਣ ਵਾਸਤੇ ਕੋਈ ਆਸਰੇ ਨਹੀਂ ਢੂੰਡਣੇ ਚਾਹੀਦੇ, ਮਤਾਂ ਕੋਈ ਮਮਤਾ ਬੱਧਾ
ਸਾਥੀ ਢਿੱਲ ਮੱਠ ਹੀ ਕਰਾ ਦੇਵੇ। ਕਿਸੇ ਗੁਰਮੁਖਿ ਦਾ ਦੀਦਾਰ ਕਰਨ ਗਿਆਂ ਕਦੇ ਵੀ ਪੈਰ ਪਿਛਾਂਹ ਨਹੀਂ
ਰੱਖਣੇ ਚਾਹੀਦੇ, ਕਦੇ ਆਲਸ ਨਹੀਂ ਕਰਨੀ ਚਾਹੀਦੀ; ਸਗੋਂ ਉਧਰ ਜਾਂਦਿਆਂ ਜੇਕਰ ਕੋਈ ਔਖਿਆਈ ਵੀ ਆਵੇ
ਤਾਂ ਵੀ ਉਸ ਦੀ ਪਰਵਾਹ ਨਹੀਂ ਕਰਨੀ ਹੈ।
ਕਬੀਰ ਸਾਧੂ ਕਉ ਮਿਲਨੇ ਜਾਈਐ ਸਾਥਿ ਨ ਲੀਜੈ ਕੋਇ ॥
ਪਾਛੈ ਪਾਉ ਨ ਦੀਜੀਐ ਆਗੈ ਹੋਇ ਸੁ ਹੋਇ॥ ੧੧੬॥ (੧੩੭੦)
ਉਪਰ ਲਿਖੇ ਅੱਖਰੀ ਅਰਥ ਕਰਨ ਦੇ ਨਾਲ ਨਾਲ, ਜੇ ਕਰ ਭਾਵ ਅਰਥ ਕਰੀਏ ਤਾਂ ਇਹ
ਸਮਝ ਸਕਦੇ ਹਾਂ, ਕਿ ਸਾਡਾ ਇੱਕ ਸਾਥੀ, ਸਾਡਾ ਹਉਮੈ ਵੀ ਹੈ, ਜਿਹੜਾ ਕਿ ਸਭ ਤੋਂ ਵੱਡੀ ਰੁਕਾਵਟ ਹੈ।
ਇਸ ਲਈ ਗੁਰੂ ਘਰ ਜਾਣ ਸਮੇਂ ਆਪਣੀ ਹਉਮੈ ਘਰ ਛੱਡ ਕੇ ਜਾਣੀ ਚਾਹੀਦੀ ਹੈ, ਤਾਂ ਜੋ ਗੁਰੂ ਦੀ ਮਤ
ਗ੍ਰਹਿਣ ਕਰਕੇ ਆਪਣਾ ਜੀਵਨ ਸਫਲ ਕਰ ਸਕੀਏ।
ਬ੍ਰਾਹਮਣ ਦੇਵਤਾ ਆਪਣੇ ਸ਼ਰਧਾਲੂਆਂ ਨੂੰ ਇਹੀ ਸਿਖਿਆ ਦੇਂਦੇ ਹਨ, ਕਿ ਹਰੇਕ
ਦਿਨ ਦਿਹਾਰ ਸਮੇਂ ਠਾਕੁਰ ਦੀ ਪੂਜਾ ਤੇ ਬ੍ਰਾਹਮਣ ਦੀ ਸੇਵਾ ਕਰਨੀ ਹੈ। ਸ਼ਰਧਾਲੂ ਵਿਚਾਰੇ ਵੀ ਠਾਕੁਰ
ਦੀ ਪੂਜਾ ਤੇ ਬ੍ਰਾਹਮਣ ਦੀ ਸੇਵਾ ਕਰ ਕੇ ਆਪਣੇ ਆਪ ਨੂੰ ਸੁਚੱਜੇ ਤੇ ਸੁੱਚੇ ਹਿੰਦੂ ਸਮਝ ਲੈਂਦੇ ਹਨ।
ਪਰੰਤੂ ਅਸਲ ਗੱਲ ਇਹ ਹੈ ਕਿ ਜਿਨ੍ਹਾਂ ਘਰਾਂ ਵਿੱਚ ਨੇਕ ਬੰਦਿਆਂ ਦੀ ਸੇਵਾ ਨਹੀਂ ਹੁੰਦੀ, ਤੇ ਅਕਾਲ
ਪੁਰਖੁ ਦੀ ਭਗਤੀ ਨਹੀਂ ਕੀਤੀ ਜਾਂਦੀ, ਉਹ ਘਰ ਭਾਵੇਂ ਕਿਤਨੇ ਹੀ ਸੁੱਚੇ ਤੇ ਸਾਫ਼ ਰੱਖੇ ਜਾਂਦੇ ਹੋਣ,
ਉਹ ਮਸਾਣਾਂ ਵਰਗੇ ਹਨ, ਉਨ੍ਹਾਂ ਘਰਾਂ ਵਿੱਚ ਮਨੁੱਖ ਨਹੀਂ ਭੂਤਨੇ ਵੱਸਦੇ ਹਨ।
ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ॥ ਤੇ ਘਰ ਮਰਹਟ ਸਾਰਖੇ
ਭੂਤ ਬਸਹਿ ਤਿਨ ਮਾਹਿ ॥ ੧੯੨॥ (੧੩੭੪)
ਜੇਕਰ ਨਦੀ ਦੇ ਬਾਹਰ ਅੱਗ ਲੱਗੀ ਹੋਵੇ ਤਾਂ ਉਹ ਨਦੀ ਦੇ ਪਾਣੀ ਨਾਲ ਬੁਝਾਈ
ਜਾ ਸਕਦੀ ਹੈ। ਪਰੰਤੂ ਜੇਕਰ ਨਦੀ ਵਿੱਚ ਚਲ ਰਹੀ ਬੇੜੀ ਨੂੰ ਹੀ ਅੱਗ ਲੱਗ ਜਾਵੇ ਤਾਂ ਫਿਰ ਉਹ ਕਿਸ
ਤਰ੍ਹਾਂ ਬੁਝਾਈ ਜਾ ਸਕਦੀ ਹੈ। ਲੁਟੇਰਿਆਂ ਤੋਂ ਬਚਣ ਲਈ ਬਾਰਹੋ ਭੱਜ ਕੇ ਕਿਲ੍ਹੇ ਵਿੱਚ ਸ਼ਰਨ ਲਈ ਜਾ
ਸਕਦੀ ਹੈ। ਪਰੰਤੂ ਜੇਕਰ ਕੋਈ ਕਿਲ੍ਹੇ ਵਿੱਚ ਹੀ ਲੁਟ ਲਵੇ ਤਾਂ ਫਿਰ ਕਿਥੇ ਜਾਇਆ ਜਾ ਸਕਦਾ ਹੈ।
ਚੋਰਾਂ ਦੇ ਡਰ ਕਰਕੇ ਲੋਕ ਹਾਕਮਾਂ ਦਾ ਸਹਾਰਾ ਲੈਂਦੇ ਹਨ। ਪਰੰਤੂ ਜੇਕਰ ਰਾਜਾ ਹੀ ਪਰਜਾ ਨੂੰ ਮਾਰਨਾ
ਸ਼ੁਰੂ ਕਰ ਦੇਵੇ ਤਾਂ ਫਿਰ ਕੌਣ ਬਚਾ ਸਕਦਾ ਹੈ। ਲੋਕ ਮਾਇਆ ਦੇ ਡਰ ਕਰਕੇ ਮੁਕਤੀ ਪ੍ਰਾਪਤ ਕਰਨ ਲਈ
ਗੁਰਦੁਆਰੇ ਜਾਂਦੇ ਹਨ, ਤਾਂ ਜੋ ਮਨ ਦੀ ਸ਼ਾਤੀ ਮਿਲ ਸਕੇ। ਪਰੰਤੂ ਜੇਕਰ ਗੁਰਦੁਆਰਿਆਂ ਵਿੱਚ ਹੀ ਮਾਇਆ
ਦਾ ਪਸਾਰਾ ਚਲ ਰਿਹਾ ਹੈ ਤਾਂ ਲੋਕ ਕਿਥੇ ਜਾਣਗੇ।
ਬਾਹਰ ਕੀ ਅਗਨਿ ਬੂਝਤ ਜਲ ਸਰਤਾ ਕੈ ।
ਨਾਉ ਮੈ ਜਉ ਅਗਨਿ ਲਾਗੈ ਕੈਸੇ ਕੈ ਬੁਝਾਈਐ। ਬਾਹਰ ਸੈ ਭਾਗਿ ਓਟ ਲੀਜੀਅਤ ਕੋਟ ਗੜ। ਗੜ ਮੈ ਜਉ ਲੂਟਿ
ਲੀਜੈ ਕਹੋ ਕਤ ਜਾਈਐ। ਚੋਰਨ ਕੈ ਤ੍ਰਾਸ ਜਾਇ ਸਰਨਿ ਗਹੈ ਨਰਿੰਦ। ਮਾਰੈ ਮਹੀਪਤਿ ਜੀਉ ਕੈਸੇ ਕੈ
ਬਚਾਈਐ। ਮਾਇਆ ਡਰ ਡਰਪਤ ਹਾਰ
ਗੁਰਦੁਅਰੈ ਜਾਵੈ। ਤਹਾ ਜਉ ਮਾਇਆ ਬਿਆਪੈ ਕਹਾ ਠਹਰਾਈਐ॥
੫੪੪॥ (੫੪੪-੮)
ਅੱਜਕਲ ਸਾਡੇ ਜਿਆਦਾਤਰ ਗੁਰਦੁਆਰਿਆਂ ਵਿੱਚ ਮਾਇਆ ਦਾ ਪਸਾਰਾ ਹੀ ਚਲ ਰਿਹਾ
ਹੈ, ਇਸੇ ਲਈ ਗੁਰਦੁਆਰਿਆਂ ਵਿੱਚ ਸੰਗਤ ਦੀ ਗਿਣਤੀ ਤੇ ਉਸ ਦਾ ਸਤੱਰ ਬਹੁਤ ਘਟਦਾ ਜਾ ਰਿਹਾ ਹੈ, ਕਈ
ਬੱਚੇ ਸਿੱਖੀ ਤੋਂ ਦੁਰ ਹੁੰਦੇ ਜਾ ਰਹੇ ਹਨ। ਇਸ ਲਈ ਸਾਨੂੰ ਗੁਰਦੁਆਰਿਆਂ ਦਾ ਸਤੱਰ ਤੇ ਉਸ ਵਿੱਚ
ਹੋਣ ਵਾਲੇ ਪ੍ਰੋਗਰਾਮਾਂ ਵਿੱਚ ਬਹੁਤ ਤਪਦੀਲੀ ਤੇ ਵਾਧਾ ਕਰਨ ਦੀ ਲੋੜ ਹੈ, ਵਿਗਿਆਨਕ ਤਰੀਕਿਆਂ ਨਾਲ
ਗੁਰਮਤਿ ਦੀ ਸਿਖਿਆ ਦੇਣ ਦੀ ਲੋੜ ਹੈ। ਜੇਕਰ ਕੋਈ ਬੱਚਾ ਗੁਰੂ ਘਰ ਵਿੱਚ ਆਵੇ ਤਾਂ ਉਹ ਇਹ ਨਾ ਕਹੇ
ਕਿ ਮੈਨੂੰ ਬਾਹਰ ਜਾਣਾ ਹੈ, ਬਲਕਿ ਉਸ ਦੀ ਹਰੇਕ ਸਰੀਰਕ ਤੇ ਮਾਨਸਿਕ ਲੋੜ ਗੁਰਦੁਆਰਾਂ ਸਾਹਿਬ ਵਿੱਚ
ਹੀ ਪੂਰੀ ਹੋਣੀ ਚਾਹੀਦੀ ਹੈ, ਤਾਂ ਜੋ ਉਹ ਗੁਰੂ ਘਰ ਨਾਲ ਪੂਰਨ ਤੌਰ ਤੇ ਜੁੜ ਜਾਵੇ।
http://www.geocities.ws/sarbjitsingh/BookWhyChildrenDoNotListen.pdf,
http://www.sikhmarg.com/pdf-files/book-children-listen.pdf ,
ਕਬੀਰ ਜੀ ਸਮਝਾਂਦੇ ਹਨ ਕਿ, ਜੋ ਦਰਵਾਜ਼ਾ ਅਜੇਹਾ ਹੈ, ਕਿ ਉਸ ਦਰ ਤੇ ਟਿਕੇ
ਰਿਹਾਂ 'ਲਾਖ ਅਹੇਰੀ' 'ਪਾਂਚਉ ਲਰਿਕਾ' ਆਦਿਕ ਵਿਚੋਂ ਕੋਈ ਵੀ ਜੀਵਨ ਦੇ ਸਹੀ ਰਾਹ ਵਿੱਚ ਰੋਕ ਨਹੀਂ
ਪਾ ਸਕਦਾ, ਤਾਂ ਉਸ ਦਰ ਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ।
ਸਲੋਕ ਭਗਤ ਕਬੀਰ ਜੀਉ ਕੇ॥॥
ਕਬੀਰ ਜਿਹ ਦਰਿ ਆਵਤ ਜਾਤਿਅਹੁ ਹਟਕੈ
ਨਾਹੀ ਕੋਇ॥ ਸੋ ਦਰੁ ਕੈਸੇ ਛੋਡੀਐ ਜੋ ਦਰੁ ਐਸਾ
ਹੋਇ॥ ੬੬॥ (੧੩੬੭)
ਜਿਸ ਥਾਂ ਤੇ ਪਿਆਰਾ ਸਤਿਗੁਰੂ ਜਾ ਬੈਠਦਾ ਹੈ, ਗੁਰਸਿੱਖਾਂ ਵਾਸਤੇ ਉਹ ਥਾਂ
ਸੋਹਣਾ ਬਣ ਜਾਂਦਾ ਹੈ। ਗੁਰੂ ਦੇ ਸਿੱਖ ਉਸ ਸਥਾਨ ਨੂੰ ਲੱਭ ਲੈਂਦੇ ਹਨ, ਤੇ ਉਸ ਦੀ ਧੂੜ ਲੈ ਕੇ
ਆਪਣੇ ਮੱਥੇ ਉਤੇ ਲਾ ਲੈਂਦੇ ਹਨ, ਭਾਵ ਸਤਿਗੁਰੂ ਦੇ ਉਪਦੇਸ਼ ਅਨੁਸਾਰ ਚਲਦੇ ਹਨ ਤੇ ਉਸ ਨੂੰ ਆਪਣੇ
ਜੀਵਨ ਦਾ ਹਿਸਾ ਬਣਾ ਲੈਂਦੇ ਹਨ। ਜਿਹੜੇ ਗੁਰਸਿੱਖ ਅਕਾਲ ਪੁਰਖੁ ਦਾ ਨਾਮੁ ਆਪਣੇ ਚਿਤ ਵਿੱਚ ਵਸਾ
ਲੈਂਦੇ ਹਨ, ਉਨ੍ਹਾਂ ਦੇ ਜੀਵਨ ਦੀ ਘਾਲਣਾ ਅਕਾਲ ਪੁਰਖੁ ਦੇ ਦਰ ਤੇ ਕਬੂਲ ਹੋ ਜਾਂਦੀ ਹੈ। ਗੁਰੂ
ਸਾਹਿਬ ਸਮਝਾਂਦੇ ਹਨ, ਕਿ ਜੇਹੜੇ ਮਨੁੱਖ ਆਪਣੇ ਹਿਰਦੇ ਵਿੱਚ ਸਬਦ ਗੁਰੂ ਦਾ ਆਦਰ ਸਤਿਕਾਰ ਟਿਕਾ
ਲੈਂਦੇ ਹਨ, ਅਕਾਲ ਪੁਰਖੁ ਦੀ ਮਿਹਰ ਨਾਲ ਜਗਤ ਵਿੱਚ ਉਨ੍ਹਾਂ ਦਾ ਆਦਰ ਸਤਿਕਾਰ ਹੋਣਾ ਸ਼ੁਰੂ ਹੋ
ਜਾਂਦਾ ਹੈ।
ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ॥
ਗੁਰਸਿਖੀਂ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ॥
ਗੁਰਸਿਖਾ ਕੀ ਘਾਲ ਥਾਇ ਪਈ ਜਿਨ ਹਰਿ ਨਾਮੁ ਧਿਆਵਾ॥ ਜਿਨੑ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ
ਕਰਾਵਾ॥ ੨ ॥
(੪੫੦)
ਜੇਹੜਾ ਮਨੁੱਖ ਆਪਣੇ ਅੰਦਰੋਂ ਹਉਮੈ ਦੂਰ ਕਰਦਾ ਹੈ, ਉਹ ਉੱਚੇ ਆਤਮਕ ਜੀਵਨ
ਵਾਲਾ ਹਰੇਕ ਗੁਣ ਗ੍ਰਹਿਣ ਕਰ ਲੈਂਦਾ ਹੈ, ਉਹ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਅਕਾਲ ਪੁਰਖੁ ਦੇ ਚਰਨਾਂ
ਵਿੱਚ ਸਦਾ ਟਿਕੇ ਰਹਿਣ ਵਾਲੀ ਲਗਨ ਬਣਾ ਲੈਂਦਾ ਹੈ। ਉਹ ਹਰ ਰੋਜ਼ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ
ਰਹਿੰਦੇ ਹਨ। ਉਹ ਅਕਾਲ ਪੁਰਖੁ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਦੇ ਰਹਿੰਦੇ ਹਨ, ਕਿ ਸਾਨੂੰ ਗੁਰੂ
ਦੇ ਸ਼ਬਦ ਨਾਲ ਜੋੜ ਕੇ ਆਪਣੀ ਸਿਫ਼ਤਿ ਸਾਲਾਹ ਦੀ ਵਡਿਆਈ ਬਖ਼ਸ਼ੋ। ਜਦੋਂ ਕੋਈ ਵਡਭਾਗੀ ਬੰਦੇ ਗੁਰੂ ਦੇ
ਸ਼ਬਦ ਦਾ ਸੁਆਦ ਜਾਣ ਲੈਂਦੇ ਹਨ, ਤਾਂ ਉਹ ਆਪਣੇ ਆਤਮਕ ਜੀਵਨ ਨੂੰ ਪਛਾਣਦੇ ਹਨ, ਪਰਖਦੇ ਤੇ ਪੜਤਾਲਦੇ
ਰਹਿੰਦੇ ਹਨ। ਗੁਰੂ ਦੇ ਸ਼ਬਦ ਦੁਆਰਾ ਉਹ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦੇ ਰਹਿੰਦੇ ਹਨ। ਸਦਾ
ਥਿਰ ਰਹਿਣ ਵਾਲੇ ਅਕਾਲ ਪੁਰਖੁ ਨੂੰ ਚੇਤੇ ਕਰਕੇ ਉਹ ਸਦਾ ਆਤਮਕ ਆਨੰਦ ਮਾਣਦੇ ਰਹਿੰਦੇ ਹਨ, ਤੇ ਅਕਾਲ
ਪੁਰਖੁ ਦੇ ਨਾਮੁ ਨੂੰ ਉਹ ਆਪਣੇ ਮਨ ਵਿੱਚ ਇਉਂ ਵਸਾਂਦੇ ਹਨ, ਜਿਵੇਂ ਉਹ ਦੁਨੀਆ ਦੇ ਸਾਰੇ ਨੌ ਖ਼ਜ਼ਾਨੇ
ਹਨ। ਉਹ ਸਥਾਨ, ਭਾਵ ਹਿਰਦਾ ਸੋਹਣਾ ਬਣ ਜਾਂਦਾ ਹੈ, ਜੇਹੜਾ ਅਕਾਲ ਪੁਰਖੁ ਦੇ ਮਨ ਵਿੱਚ ਪਿਆਰਾ
ਲੱਗਦਾ ਹੈ। ਉਸੇ ਮਨੁੱਖ ਦਾ ਹਿਰਦਾ ਘਰ ਸੋਹਣਾ ਬਣਦਾ ਹੈ, ਜਿਸ ਨੇ ਸਾਧ ਸੰਗਤਿ ਵਿੱਚ ਬੈਠ ਕੇ ਅਕਾਲ
ਪੁਰਖੁ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਏ ਹਨ। ਅਜੇਹੇ ਮਨੁੱਖ ਹਰ ਰੋਜ਼ ਸਦਾ ਥਿਰ ਅਕਾਲ ਪੁਰਖੁ ਦੀ
ਸਿਫ਼ਤਿ ਸਾਲਾਹ ਕਰਦੇ ਰਹਿੰਦੇ ਹਨ, ਤੇ ਸਿਫ਼ਤਿ ਸਾਲਾਹ ਦਾ ਪਵਿਤਰ ਵਾਜਾ ਵਜਾਂਦੇ ਰਹਿੰਦੇ ਹਨ।
ਸੋ ਥਾਨੁ ਸੁਹਾਇਆ ਜੋ ਹਰਿ ਮਨਿ ਭਾਇਆ॥ ਸਤਸੰਗਤਿ ਬਹਿ ਹਰਿ ਗੁਣ ਗਾਇਆ॥
ਅਨਦਿਨੁ ਹਰਿ ਸਾਲਾਹਹਿ ਸਾਚਾ ਨਿਰਮਲ ਨਾਦੁ
ਵਜਾਵਣਿਆ॥ ੬॥ (੧੧੫)
ਜਿਸ ਥਾਂ ਅਕਾਲ ਪੁਰਖੁ ਦਾ ਨਾਮੁ ਜਪਿਆ ਜਾਂਦਾ ਹੈ, ਉਹ ਥਾਂ ਭਾਗਾਂ ਵਾਲਾ
ਹੋ ਜਾਂਦਾ ਹੈ, ਉਥੇ ਵੱਸਣ ਵਾਲੇ ਵੀ ਭਾਗਾਂ ਵਾਲੇ ਬਣ ਜਾਂਦੇ ਹਨ, ਕਿਉਂਕਿ ਜਿਸ ਥਾਂ ਅਕਾਲ ਪੁਰਖੁ
ਦੀ ਕਥਾ, ਵੀਚਾਰ ਤੇ ਸਿਫ਼ਤਿ ਸਾਲਾਹ ਬਹੁਤ ਹੁੰਦੀ ਰਹਿੰਦੀ ਹੈ, ਉਹ ਥਾਂ ਆਤਮਕ ਆਨੰਦ ਤੇ ਆਤਮਕ
ਅਡੋਲਤਾ ਦਾ ਟਿਕਾਣਾ ਅਤੇ ਸੋਮਾ ਬਣ ਜਾਂਦਾ ਹੈ। ਇਸ ਲਈ ਅਨਾਥਾਂ ਦੇ ਨਾਥ ਅਕਾਲ ਪੁਰਖੁ ਨੂੰ ਕਦੇ ਵੀ
ਮਨ ਤੋਂ ਭੁੱਲਾਣਾ ਨਹੀਂ ਚਾਹੀਦਾ। ਗੁਰੂ ਸਾਹਿਬ ਸਮਝਾਂਦੇ ਹਨ, ਕਿ ਜਿਸ ਅਕਾਲ ਪੁਰਖੁ ਦੇ ਹੱਥ ਵਿੱਚ
ਸਭ ਕੁੱਝ ਹੈ, ਉਸ ਅਕਾਲ ਪੁਰਖੁ ਦੀ ਸਰਨ ਵਿੱਚ ਸਦਾ ਟਿਕੇ ਰਹਿਣਾ ਚਾਹੀਦਾ ਹੈ।
ਧੰਨੁ ਸੁ ਥਾਨੁ ਬਸੰਤ ਧੰਨੁ ਜਹ ਜਪੀਐ ਨਾਮੁ॥ ਕਥਾ ਕੀਰਤਨੁ ਹਰਿ ਅਤਿ ਘਨਾ
ਸੁਖ ਸਹਜ ਬਿਸ੍ਰਾਮੁ॥ ੩॥ ਮਨ ਤੇ ਕਦੇ ਨ ਵੀਸਰੈ ਅਨਾਥ ਕੋ ਨਾਥ॥ ਨਾਨਕ ਪ੍ਰਭ ਸਰਣਾਗਤੀ ਜਾ ਕੈ ਸਭੁ
ਕਿਛੁ ਹਾਥ॥ ੪॥ ੨੯॥ ੫੯॥ (੮੧੫-੮੧੬)
ਗੁਰਮੁਖਾਂ ਦੀ ਸੰਗਤਿ ਵਿੱਚ ਟਿਕੇ ਰਹਿਣ ਨਾਲ ਆਤਮਕ ਅਡੋਲਤਾ ਤੇ ਆਨੰਦ
ਪ੍ਰਾਪਤ ਹੁੰਦਾ ਹੈ, ਮਨ ਨੂੰ ਸ਼ਾਂਤੀ ਮਿਲਦੀ ਹੈ। ਮਨੁੱਖ ਦੇ ਜੀਵਨ ਵਿੱਚ ਉਹੀ ਘੜੀ ਭਾਗਾਂ ਵਾਲੀ
ਹੁੰਦੀ ਹੈ, ਜਦੋਂ ਮਨੁੱਖ ਗੁਰਮੁਖਾਂ ਦੀ ਸੰਗਤਿ ਵਿੱਚ ਰਹਿ ਕੇ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਦਾ
ਹੈ। ਜੇਹੜਾ ਮਨੁੱਖ ਸਾਧ ਸੰਗਤਿ ਵਿੱਚ ਟਿਕ ਕੇ ਅਕਾਲ ਪੁਰਖੁ ਦਾ ਨਾਮੁ ਸਦਾ ਚੇਤੇ ਕਰਦਾ ਰਹਿੰਦਾ
ਹੈ, ਉਸ ਦੇ ਮਨ ਵਿਚੋਂ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ, ਭਟਕਣਾ ਮਿਟ ਜਾਂਦੀ ਹੈ, ਉਸ ਦਾ
ਸਰੀਰ ਸੋਹਣਾ ਬਣ ਜਾਂਦਾ ਹੈ, ਉਸ ਦੇ ਗਿਆਨ ਇੰਦ੍ਰੇ ਸੁਚੱਜੇ ਹੋ ਜਾਂਦੇ ਹਨ, ਉਸ ਦਾ ਹਿਰਦਾ ਜੀਵਨ
ਮਨੋਰਥ ਪੂਰਾ ਕਰਨ ਵਾਲਾ ਬਣ ਜਾਂਦਾ ਹੈ, ਤੇ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।
ਧਰਤਿ ਸੁਹਾਵੀ ਸਫਲ ਥਾਨੁ ਪੂਰਨ ਭਏ ਕਾਮ॥ ਭਉ ਨਾਠਾ ਭ੍ਰਮੁ ਮਿਟਿ ਗਇਆ ਰਵਿਆ
ਨਿਤ ਰਾਮ॥ ੧॥ (੮੧੯)
ਗੁਰਬਾਣੀ ਹੀ ਅਕਾਲ ਪੁਰਖੁ ਦੇ ਮਿਲਾਪ ਦਾ ਸਥਾਨ ਹੈ, ਗੁਰਬਾਣੀ ਹੀ ਇੱਕ
ਦਰਵਾਜਾ ਜਿਸ ਦੁਆਰਾ ਅਕਾਲ ਪੁਰਖੁ ਦੇ ਘਰ ਵਿੱਚ ਪ੍ਰਵੇਸ਼ ਕਰ ਸਕਦੇ ਹਾਂ, ਗੁਰਬਾਣੀ ਹੀ ਇੱਕ ਸਾਧਨ
ਜਿਸ ਦੁਆਰਾ ਅਕਾਲ ਪੁਰਖੁ ਨਾਲ ਮਿਲਾਪ ਹੋ ਸਕਦਾ ਹੈ। ਜਿਹੜੇ ਮਨੁੱਖ ਗੁਰੂ ਦੀ ਸੰਗਤਿ ਵਿੱਚ ਰਹਿ ਕੇ
ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ ਰਹਿੰਦੇ ਹਨ, ਉਹ ਮਨੁੱਖ ਸਰਬ ਵਿਆਪਕ ਅਕਾਲ ਪੁਰਖੁ ਨਾਲ ਡੂੰਘੀ
ਸਾਂਝ ਪਾ ਲੈਂਦੇ ਹਨ।
ਸਾਰਗ ਮਹਲਾ ੫॥
ਪੋਥੀ ਪਰਮੇਸਰ ਕਾ ਥਾਨੁ॥ ਸਾਧਸੰਗਿ
ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥ ੧॥ ਰਹਾਉ॥
(੧੨੨੬)
ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਨੇ ਸਭ ਤੋਂ ਵੱਡੇ ਗੋਬਿੰਦ ਦਾ
ਨਾਮੁ ਜਪ ਕੇ ਆਤਮਕ ਆਨੰਦ ਪ੍ਰਾਪਤ ਕਰ ਲਿਆ, ਉਨ੍ਹਾਂ ਦਾ ਸਰੀਰ ਅਬਿਨਾਸੀ ਅਕਾਲ ਪੁਰਖੁ ਦੇ ਰਹਿਣ ਲਈ
ਸ਼ਹਿਰ ਬਣ ਜਾਂਦਾ ਹੈ। ਅਕਾਲ ਪੁਰਖੁ ਨੇ ਉਸ ਸਰੀਰ ਸ਼ਹਿਰ ਨੂੰ ਆਪ ਵਸਾ ਦਿੱਤਾ ਤੇ ਆਪਣੇ ਵੱਸਣ ਲਈ
ਤਿਆਰ ਕਰ ਲਿਆ। ਉਨ੍ਹਾਂ ਮਨੁੱਖਾਂ ਨੇ ਆਪਣੀਆਂ ਮਨ ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲਈਆਂ। ਅਕਾਲ
ਪੁਰਖੁ ਨੇ ਜਿਨ੍ਹਾਂ ਮਨੁੱਖਾਂ ਦੇ ਸਰੀਰ ਨੂੰ ਆਪਣੇ ਵੱਸਣ ਲਈ ਤਿਆਰ ਕਰ ਲਿਆ, ਉਨ੍ਹਾਂ ਨੇ ਸਾਰੇ
ਸੁਖ ਆਨੰਦ ਪ੍ਰਾਪਤ ਕਰ ਲਏ। ਫਿਰ ਗੁਰੂ ਕੇ ਉਹ ਸਿੱਖ, ਗੁਰੂ ਕੇ ਉਹ ਪੁੱਤਰ, ਗੁਰੂ ਕੇ ਉਹ ਭਰਾ,
ਸਦਾ ਖਿੜੇ ਮੱਥੇ ਰਹਿੰਦੇ ਹਨ। ਉਹ ਵਡ ਭਾਗੀ ਮਨੁੱਖ ਸਰਬ ਵਿਆਪਕ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ
ਰਹਿੰਦੇ ਹਨ, ਤੇ ਉਨ੍ਹਾਂ ਮਨੁੱਖਾਂ ਦੇ ਜੀਵਨ ਦੇ ਸਾਰੇ ਕਾਰਜ ਤੇ ਮਨੋਰਥ ਪੂਰੇ ਹੋ ਜਾਂਦੇ ਹਨ।
ਜਿਹੜੇ ਮਨੁੱਖ ਅਕਾਲ ਪੁਰਖੁ ਦਾ ਨਾਮੁ ਜਪਦੇ ਹਨ, ਜਿਨ੍ਹਾਂ ਦੇ ਸਰੀਰ ਨੂੰ ਅਕਾਲ ਪੁਰਖੁ ਨੇ ਆਪਣੇ
ਵੱਸਣ ਲਈ ਸ਼ਹਿਰ ਬਣਾ ਲਿਆ, ਮਾਲਕ ਅਕਾਲ ਪੁਰਖੁ ਉਨ੍ਹਾਂ ਦੇ ਸਿਰ ਉੱਤੇ ਸਦਾ ਆਪ ਹੀ ਰਾਖਾ ਬਣਿਆ
ਰਹਿੰਦਾ ਹੈ। ਜਿਵੇਂ ਮਾਪੇ ਆਪਣੇ ਪੁੱਤਰ ਦਾ ਧਿਆਨ ਰੱਖਦੇ ਹਨ, ਤਿਵੇਂ ਅਕਾਲ ਪੁਰਖੁ ਉਨ੍ਹਾਂ
ਮਨੁੱਖਾਂ ਲਈ ਆਪ ਹੀ ਪਿਉ ਤੇ ਆਪ ਹੀ ਮਾਂ ਬਣਿਆ ਰਹਿੰਦਾ ਹੈ। ਗੁਰੂ ਸਾਹਿਬ ਸਮਝਾਂਦੇ ਹਨ, ਕਿ ਉਸ
ਸਤਿਗੁਰੂ ਤੋਂ ਸਦਾ ਕੁਰਬਾਨ ਹੁੰਦੇ ਰਹੋ, ਜਿਸ ਨੇ ਅਕਾਲ ਪੁਰਖੁ ਦੇ ਨਾਮੁ ਸਿਮਰਨ ਦੀ ਦਾਤਿ ਦੇ ਕੇ
ਕਿਸੇ ਵਡਭਾਗੀ ਮਨੁੱਖ ਦੇ ਇਸ ਸਰੀਰ ਨੂੰ ਸੁੰਦਰ ਤੇ ਸੁਹਾਵਣਾ ਬਣਾ ਦਿੱਤਾ ਹੈ।
ਸੂਹੀ ਮਹਲਾ ੫॥
ਅਬਿਚਲ ਨਗਰੁ ਗੋਬਿੰਦ ਗੁਰੂ ਕਾ ਨਾਮੁ
ਜਪਤ ਸੁਖੁ ਪਾਇਆ ਰਾਮ॥ ਮਨ ਇਛੇ ਸੇਈ ਫਲ ਪਾਏ ਕਰਤੈ ਆਪਿ ਵਸਾਇਆ ਰਾਮ॥
ਕਰਤੈ ਆਪਿ ਵਸਾਇਆ ਸਰਬ ਸੁਖ ਪਾਇਆ ਪੁਤ ਭਾਈ ਸਿਖ ਬਿਗਾਸੇ॥ ਗੁਣ ਗਾਵਹਿ ਪੂਰਨ ਪਰਮੇਸਰੁ ਕਾਰਜੁ ਆਇਆ
ਰਾਸੇ॥ ਪ੍ਰਭੁ ਆਪਿ ਸੁਆਮੀ ਆਪੇ ਰਖਾ ਆਪਿ ਪਿਤਾ ਆਪਿ ਮਾਇਆ॥ ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨਿ
ਏਹੁ ਥਾਨੁ ਸੁਹਾਇਆ॥ ੧॥ (੭੮੩)
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜੇਹੜਾ ਮਨੁੱਖ ਆਤਮਕ ਅਡੋਲਤਾ ਵਿੱਚ ਟਿਕ ਕੇ,
ਅਕਾਲ ਪੁਰਖੁ ਦੇ ਪ੍ਰੇਮ ਰੰਗ ਵਿੱਚ ਆਪਣਾ ਜੀਵਨ ਬਿਤੀਤ ਕਰਦਾ ਹੈ, ਉਹ ਮਨੁੱਖ ਅਕਾਲ ਪੁਰਖੁ ਦੇ ਗੁਣ
ਆਪਣੇ ਅੰਦਰ ਵਸਾ ਲੈਂਦਾ ਹੈ। ਗੁਰੂ ਦੁਆਰਾ ਹੀ ਮਨੁੱਖ ਸਹੀ ਜੀਵਨ ਦੀ ਜੁਗਤਿ ਸਮਝ ਸਕਦਾ ਹੈ। ਸਹੀ
ਜੀਵਨ ਜੁਗਤਿ ਸਮਝਣ ਤੋਂ ਬਿਨਾ ਮਿਥੇ ਹੋਏ ਧਾਰਿਮਕ ਕੰਮ ਕਰਨ ਨਾਲ ਮਨੁੱਖ ਕੀਮਤੀ ਮਨੁੱਖਾ ਜਨਮ ਗਵਾ
ਲੈਂਦਾ ਹੈ। ਗੁਰੂ ਦੇ ਮਿਲਣ ਨਾਲ ਮਨੁੱਖ ਦਾ ਹਿਰਦਾ ਸਦਾ ਅਕਾਲ ਪੁਰਖੁ ਦੇ ਡਰ ਅਦਬ ਵਿੱਚ ਭਿੱਜਾ
ਰਹਿੰਦਾ ਹੈ ਤੇ ਇਸ ਤਰ੍ਹਾਂ ਅਕਾਲ ਪੁਰਖੁ ਆਪ ਮਨੁੱਖ ਦੇ ਮਨ ਵਿੱਚ ਵੱਸ ਜਾਂਦਾ ਹੈ। ਨਾਮੁ ਅੰਮ੍ਰਿਤ
ਦੀ ਦਾਤਿ ਜੇ ਅਕਾਲ ਪੁਰਖੁ ਆਪ ਦੇਵੇ ਤਾਂ ਮਿਲਦੀ ਹੈ, ਜੇਕਰ ਉਸਦੀ ਮਿਹਰ ਨਾ ਹੋਵੇ ਤਾਂ ਹੋਰ ਕੋਈ
ਚਾਰਾ ਨਹੀਂ ਕੀਤਾ ਜਾ ਸਕਦਾ। ਨਾਮੁ ਦੀ ਦਾਤਿ ਦੇਣ ਵਾਲੇ ਅਕਾਲ ਪੁਰਖੁ ਦੇ ਆਪਣੇ ਹੱਥ ਵਿੱਚ ਇਹ
ਦਾਤਿ ਹੈ, ਉਸ ਦੀ ਰਜ਼ਾ ਅਨੁਸਾਰ ਗੁਰੂ ਦੇ ਦਰ ਤੋਂ ਹੀ ਮਿਲ ਸਕਦੀ ਹੈ। ਅਕਾਲ ਪੁਰਖੁ ਨੇ ਜੀਵ ਨੂੰ
ਜਿਹੋ ਜਿਹਾ ਬਣਾਇਆ, ਜੀਵ ਉਹੋ ਜਿਹਾ ਬਣ ਗਿਆ, ਫਿਰ ਉਹੋ ਜਿਹੇ ਕਰਮ ਜੀਵ ਕਰਦਾ ਹੈ, ਉਸ ਦੀ ਰਜ਼ਾ
ਅਨੁਸਾਰ ਹੀ ਜੀਵ ਗੁਰੂ ਦੇ ਦਰ ਤੇ ਆਉਂਦਾ ਹੈ।
ਆਪੇ ਦੇਇ ਤ ਪਾਈਐ ਹੋਰੁ ਕਰਣਾ ਕਿਛੂ ਨ ਜਾਇ॥ ਦੇਵਣ ਵਾਲੇ ਕੈ ਹਥਿ ਦਾਤਿ ਹੈ
ਗੁਰੂ ਦੁਆਰੈ ਪਾਇ॥ ਜੇਹਾ ਕੀਤੋਨੁ ਤੇਹਾ ਹੋਆ ਜੇਹੇ ਕਰਮ ਕਮਾਇ॥ ੩ ॥
(੩੨-੩੩)
ਮੈਂ ਅਕਾਲ ਪੁਰਖੁ ਦੇ ਨਾਮੁ ਰੂਪੀ ਜਹਾਜ਼ ਵਿੱਚ ਉਦੋਂ ਚੜ੍ਹ ਸਕਦਾ ਹਾਂ,
ਜਦੋਂ ਉਸ ਦੀ ਮਿਹਰ ਨਾਲ ਮੈਨੂੰ ਵਾਰੀ ਮਿਲੇ। ਜੇਹੜੇ ਬੰਦਿਆਂ ਨੂੰ ਨਾਮੁ ਰੂਪੀ ਜਹਾਜ਼ ਤੇ ਚੜ੍ਹਨਾ
ਨਹੀਂ ਮਿਲਦਾ, ਉਨ੍ਹਾਂ ਨੂੰ ਅਕਾਲ ਪੁਰਖੁ ਦੀ ਦਰਗਾਹ ਵਿੱਚ ਖ਼ੁਆਰੀ ਮਿਲਦੀ ਹੈ, ਧੱਕੇ ਪੈਂਦੇ ਹਨ,
ਅਕਾਲ ਪੁਰਖੁ ਦਾ ਦੀਦਾਰ ਨਸੀਬ ਨਹੀਂ ਹੁੰਦਾ। ਅਸਲ ਗੱਲ ਇਹ ਹੈ ਕਿ ਗੁਰੂ ਦਾ ਦਰ ਸਭ ਤੋਂ ਸ੍ਰੇਸ਼ਟ
ਹੈ, ਗੁਰੂ ਦੇ ਦਰ ਤੇ ਰਹਿ ਕੇ ਹੀ ਮਨੁੱਖ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰ ਸਕਦਾ ਹੈ, ਤੇ ਗੁਰੂ
ਦੇ ਦਰ ਤੇ ਰਹਿ ਕੇ ਹੀ ਹਿਰਦੇ ਵਿੱਚ ਅਕਾਲ ਪੁਰਖੁ ਦਾ ਦਰਸਨ ਹੁੰਦਾ ਹੈ।
ਬੋਹਿਥਿ ਚੜਉ ਜਾ ਆਵੈ ਵਾਰੁ॥ ਠਾਕੇ ਬੋਹਿਥ ਦਰਗਹ ਮਾਰ॥
ਸਚੁ ਸਾਲਾਹੀ ਧੰਨੁ ਗੁਰਦੁਆਰੁ॥
ਨਾਨਕ ਦਰਿ ਘਰਿ ਏਕੰਕਾਰੁ॥ ੪॥ ੭॥ (੧੫੩)
ਗੁਰੂ ਸਾਹਿਬ ਸਰੀਰ ਦੇ ਸਾਰੇ ਅੰਗਾਂ ਨੂੰ ਸਮਝਾਂਦੇ ਹਨ ਕਿ, ਹੇ ਮੇਰੇ ਗਿਆਨ
ਇੰਦ੍ਰਿਓ! ਚੰਗੇ ਮੰਦੇ ਦੀ ਪਰਖ ਦੀ ਵਿਚਾਰ ਪੈਦਾ ਕਰਨ ਵਾਲਾ ਗੀਤ ਮੁੜ ਮੁੜ ਕੇ ਗਾਵੋ, ਹੇ ਮੇਰੀ
ਜੀਭ! ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਵਿੱਚ ਜੁੜ; ਤਾਂ ਜੋ ਤੈਨੂੰ ਨਿੰਦਾ ਕਰਨ ਦੀ ਆਦਤ ਹਟ ਜਾਵੇ
ਤੇ ਜੀਵਨ ਜਾਚ ਲਈ ਸੋਝੀ ਆ ਸਕੇ। ਹੇ ਮੇਰੇ ਕੰਨੋ! ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਗੀਤ ਸੁਣਦੇ
ਰਹੋ, ਤਾਂ ਜੋ ਤੁਹਾਨੂੰ ਨਿੰਦਾ ਸੁਣਨ ਦੀ ਆਦਤ ਹਟ ਜਾਏ। ਸਾਡੇ ਘਰ ਵਿੱਚ ਭਾਵ, ਮੇਰੇ ਹਿਰਦੇ ਘਰ
ਵਿਚ, ਉਹ ਖਸਮ ਅਕਾਲ ਪੁਰਖੁ ਆ ਵੱਸਿਆ ਹੈ, ਜੋ ਸਾਰੇ ਜਗਤ ਦੀ ਜ਼ਿੰਦਗੀ ਦਾ ਆਸਰਾ ਹੈ। ਜਦੋਂ ਮੇਰਾ
ਖਸਮ ਅਕਾਲ ਪੁਰਖੁ ਮੈਨੂੰ ਜੀਵ ਇਸਤ੍ਰੀ ਨੂੰ ਅਪਨਾ ਕੇ, ਮੇਰੇ ਹਿਰਦੇ ਨੂੰ ਆਪਣੇ ਰਹਿਣ ਦਾ ਘਰ ਬਣਾ
ਕੇ, ਆਪਣੇ ਘਰ ਵਿੱਚ ਆ ਟਿਕਿਆ, ਤਾਂ ਮੇਰੀਆਂ ਸਹੇਲੀਆਂ ਨੇ ਮਿਲ ਕੇ, ਭਾਵ ਜੀਭ, ਅੱਖਾਂ, ਕੰਨਾਂ
ਆਦਿਕ ਨੇ ਰਲ ਕੇ, ਅਕਾਲ ਪੁਰਖੁ ਪਤੀ ਨਾਲ ਮੇਲ ਦੇ ਗੀਤ ਗਾਣੇ ਤੇ ਸੁਣਨੇ ਸ਼ੁਰੂ ਕਰ ਦਿੱਤੇ। ਮੇਰਾ
ਖਸਮ ਅਕਾਲ ਪੁਰਖੁ ਮੈਨੂੰ ਵੀਆਹਣ ਲਈ ਆਇਆ ਹੈ, ਮੈਨੂੰ ਆਪਣੇ ਚਰਨਾਂ ਵਿੱਚ ਜੋੜਨ ਲਈ ਆਇਆ ਹੈ। ਸਬਦ
ਗੁਰੂ ਦੀ ਸਰਨ ਪਿਆਂ ਸਾਡਾ ਇਹ ਵਿਆਹ ਹੋਇਆ, ਗੁਰੂ ਨੇ ਮੈਨੂੰ ਅਕਾਲ ਪੁਰਖੁ ਪਤੀ ਨਾਲ ਜੋੜਿਆ, ਜਦੋਂ
ਤੋਂ ਮੈਨੂੰ ਅਕਾਲ ਪੁਰਖੁ ਮਿਲ ਗਿਆ ਹੈ, ਉਦੋਂ ਤੋਂ ਮੈਨੂੰ ਸਮਝ ਆ ਗਈ, ਕਿ ਉਹ ਅਕਾਲ ਪੁਰਖੁ ਜੀਵਨ
ਰੌ ਬਣ ਕੇ, ਸਾਰੇ ਜਗਤ ਵਿੱਚ ਵਿਆਪਕ ਹੋ ਕੇ ਵਿਚਰ ਰਿਹਾ ਹੈ। ਮੇਰੇ ਅੰਦਰੋਂ ਆਪਾ ਭਾਵ ਦੂਰ ਹੋ ਗਿਆ
ਹੈ, ਤੇ ਮੇਰਾ ਮਨ ਉਸ ਅਕਾਲ ਪੁਰਖੁ ਪਤੀ ਦੀ ਯਾਦ ਵਿੱਚ ਰਹਿਣ ਲਈ ਮਨ ਗਿਆ ਹੈ।
ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ॥ ਹਮਰੈ ਘਰਿ ਆਇਆ ਜਗਜੀਵਨੁ ਭਤਾਰੁ॥ ੧॥
ਰਹਾਉ ॥
ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ
ਜਾਂ ਸਹੁ ਮਿਲਿਆ ਤਾਂ ਜਾਨਿਆ॥ ਤਿਹੁ ਲੋਕਾ ਮਹਿ ਸਬਦੁ ਰਵਿਆ ਹੈ ਆਪੁ ਗਇਆ ਮਨੁ ਮਾਨਿਆ॥
੨॥ (੩੫੧)
ਮਨੁੱਖ ਦੇ ਮਨ ਵਿੱਚ ਪੈਦਾ ਹੋਣ ਵਾਲੇ ਵਿਕਾਰਾ ਨੂੰ ਦੂਰ ਕਰਨ ਦੀ ਦਵਾਈ ਤਾਂ
ਅਕਾਲ ਪੁਰਖੁ ਦਾ ਨਾਮੁ ਹੀ ਹੈ। ਅਕਾਲ ਪੁਰਖੁ ਦਾ ਨਾਮੁ ਹੀ ਆਤਮਕ ਜੀਵਨ ਦੇਣ ਵਾਲਾ ਅੰਮ੍ਰਿਤੁ ਹੈ,
ਜੋ ਕਿ ਪਵਿਤਰ ਜਲ ਦੀ ਤਰ੍ਹਾਂ ਹੈ, ਜਿਸ ਨਾਲ ਮਨੁੱਖ ਦੇ ਅੰਦਰੋਂ ਮੋਹ ਨਾਸ ਹੋ ਸਕਦਾ ਹੈ, ਮੇਰ ਤੇਰ
ਵਾਲਾ ਵਿਤਕਰਾ ਦੂਰ ਹੋ ਸਕਦਾ ਹੈ, ਮਾਇਆ ਨਾਲ ਪਕੜ ਖ਼ਤਮ ਹੋ ਸਕਦੀ ਹੈ। ਪਰੰਤੂ ਅਕਾਲ ਪੁਰਖੁ ਦਾ ਇਹ
ਨਾਮੁ ਗੁਰੂ ਦੇ ਦਰ ਤੋਂ ਹੀ ਮਿਲ ਸਕਦਾ ਹੈ।
ਅਉਖਧੁ ਨਾਮੁ ਨਿਰਮਲ ਜਲੁ ਅੰਮ੍ਰਿਤੁ ਪਾਈਐ ਗੁਰੂ ਦੁਆਰੀ॥
੪॥ (੬੧੬)
ਆਤਮਕ ਆਨੰਦ ਦੀ ਦਾਤਿ ਨਿਰੋਲ ਅਕਾਲ ਪੁਰਖੁ ਦੇ ਆਪਣੇ ਹੱਥ ਵਿੱਚ ਹੈ। ਜਿਸ
ਮਨੁੱਖ ਨੂੰ ਮਿਹਰ ਕਰ ਕੇ ਅਕਾਲ ਪੁਰਖੁ ਆਪਣਾ ਨਾਮੁ ਚੇਤੇ ਕਰਨ ਵਲ ਪ੍ਰੇਰਦਾ ਹੈ, ਉਹ ਮਨੁੱਖ ਗੁਰੂ
ਦੇ ਦਰ ਤੇ ਪਹੁੰਚ ਕੇ ਨਾਮੁ ਦੀ ਬਰਕਤਿ ਨਾਲ ਆਤਮਕ ਆਨੰਦ ਮਾਣਦਾ ਰਹਿੰਦਾ ਹੈ। ਹੇ ਮਾਲਕ ਅਕਾਲ
ਪੁਰਖੁ! ਜਿਵੇਂ ਤੂੰ ਸਾਨੂੰ ਜੀਵਾਂ ਨੂੰ ਜੀਵਨ ਦੇ ਮਾਰਗ ਉਤੇ ਚਲਾਉਂਦਾ ਹੈ, ਤਿਵੇਂ ਅਸੀਂ ਉਸ ਮਾਰਗ
ਤੇ ਚਲਦੇ ਹਾਂ, ਸਾਨੂੰ ਇਤਨੀ ਹੀ ਸੂਝ ਪਈ ਹੈ, ਕਿ ਤੇਰੇ ਗੁਣਾਂ ਦਾ ਹੋਰ ਭੇਤ ਅਸੀਂ ਨਹੀਂ ਜਾਣ
ਸਕਦੇ ਹਾਂ, ਤੇਰਾ ਅੰਤ ਨਹੀਂ ਪਾ ਸਕਦੇ ਹਾਂ। ਅਸੀਂ ਇਹੀ ਸਮਝਿਆ ਹੈ, ਕਿ ਜਿਸ ਤਰ੍ਹਾਂ ਦੇ ਮਾਰਗ ਤੇ
ਤੂੰ ਸਾਨੂੰ ਚਲਾਉਂਦਾ ਹੈ, ਅਸੀਂ ਉਸੇ ਮਾਰਗ ਤੇ ਚਲਦੇ ਹਾਂ। ਜਿਨ੍ਹਾਂ ਮਨੁੱਖਾਂ ਨੂੰ ਤੂੰ ਜੀਵਨ ਦਾ
ਸਹੀ ਮਾਰਗ ਸਮਝਾਂ ਦਿੰਦਾ ਹੈ, ਫਿਰ ਉਹ ਤੇਰੇ ਹੁਕਮੁ ਤੇ ਰਜਾ ਅਨੁਸਾਰ ਉਸੇ ਮਾਰਗ ਤੇ ਚਲਦੇ ਰਹਿੰਦੇ
ਹਨ। ਹੇ ਅਕਾਲ ਪੁਰਖੁ! ਜਿਨ੍ਹਾਂ ਮਨੁੱਖਾ ਉਪਰ ਤੂੰ ਆਪਣੀ ਮੇਹਰ ਕਰ ਕੇ ਆਪਣੇ ਨਾਮੁ ਨਾਲ ਜੋੜਦਾ
ਹੈ, ਆਤਮਕ ਆਨੰਦ ਮਾਣਨ ਦੇ ਰਸਤੇ ਉਤੇ ਚਲਾਉਂਦਾ ਹੈ, ਫਿਰ ਉਹ ਮਨੁੱਖ ਸਦਾ ਤੇਰਾ ਨਾਮੁ ਚੇਤੇ ਕਰਦੇ
ਰਹਿੰਦੇ ਹਨ। ਜਿਸ ਮਨੁੱਖ ਨੂੰ ਤੂੰ ਆਪਣੀ ਸਿਫ਼ਤਿ ਸਾਲਾਹ ਦੀ ਬਾਣੀ ਸੁਣਾਉਂਦਾ ਹੈ, ਤੇ ਸੱਚੀ ਬਾਣੀ
ਸੁਣਨ ਲਈ ਪ੍ਰੇਰਦਾ ਹੈ, ਉਹ ਮਨੁੱਖ ਗੁਰੂ ਦੇ ਦਰ ਤੇ ਪਹੁੰਚ ਕੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ।
ਗੁਰੂ ਸਾਹਿਬ ਬੇਨਤੀ ਕਰਦੇ ਹਨ, ਕਿ ਹੇ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ! ਜਿਵੇਂ ਤੈਨੂੰ ਚੰਗਾ
ਲੱਗਦਾ ਹੈ, ਉਸੇ ਤਰ੍ਹਾਂ ਤੂੰ ਸਾਨੂੰ ਜੀਵਾਂ ਨੂੰ ਜੀਵਨ ਰਾਹ ਉਤੇ ਚਲਾਉਂਦਾ ਹੈ।
ਰਾਮਕਲੀ ਮਹਲਾ ੩ ਅਨੰਦੁ॥ ਜਿਉ ਤੂ ਚਲਾਇਹਿ ਤਿਵ ਚਲਹ ਸੁਆਮੀ ਹੋਰੁ ਕਿਆ ਜਾਣਾ
ਗੁਣ ਤੇਰੇ॥ ਜਿਵ ਤੂ ਚਲਾਇਹਿ ਤਿਵੈ ਚਲਹ ਜਿਨਾ ਮਾਰਗਿ ਪਾਵਹੇ॥ ਕਰਿ ਕਿਰਪਾ ਜਿਨ ਨਾਮਿ ਲਾਇਹਿ ਸਿ
ਹਰਿ ਹਰਿ ਸਦਾ ਧਿਆਵਹੇ॥
ਜਿਸ ਨੋ ਕਥਾ ਸੁਣਾਇਹਿ ਆਪਣੀ ਸਿ
ਗੁਰਦੁਆਰੈ ਸੁਖੁ ਪਾਵਹੇ॥ ਕਹੈ ਨਾਨਕੁ ਸਚੇ ਸਾਹਿਬ
ਜਿਉ ਭਾਵੈ ਤਿਵੈ ਚਲਾਵਹੇ॥ ੧੫॥ (੯੧੯)
ਮਾਇਆ ਦੇ ਪ੍ਰਭਾਵ ਦੇ ਕਾਰਨ ਗਿਆਨ ਇੰਦ੍ਰੇ ਮਨੁੱਖ ਨੂੰ ਮਾਇਕ ਪਦਾਰਥਾਂ ਵਲ
ਹੀ ਭਜਾਈ ਫਿਰਦੇ ਹਨ, ਕਿਹੜਾ ਰਸਤਾ ਚੰਗਾ ਹੈ ਜਾਂ ਕਿਹੜਾ ਮੰਦਾ ਹੈ, ਇਹ ਵਿਚਾਰ ਕਰਨ ਦੀ ਸੋਝੀ
ਮਨੁੱਖ ਨੂੰ ਨਹੀਂ ਮਿਲਦੀ ਹੈ। ਜਿਸ ਮਨੁੱਖ ਨੂੰ ਅਕਾਲ ਪੁਰਖੁ ਗੁਰੂ ਦੇ ਦਰ ਤੇ ਪਹੁੰਚਾ ਦਿੰਦਾ ਹੈ,
ਉਸ ਮਨੁੱਖ ਨੂੰ ਵਿਚਾਰ ਕਰਨ ਦੀ ਸੋਝੀ ਆ ਜਾਂਦੀ ਹੈ। ਫਿਰ ਉਹ ਮਨੁੱਖ ਗੁਰੂ ਦੇ ਸਬਦ ਦੁਆਰਾ ਅਕਾਲ
ਪੁਰਖੁ ਦੇ ਨਾਮੁ ਨਾਲ ਜੁੜਦਾ ਹੈ ਤੇ ਆਤਮਕ ਆਨੰਦ ਮਾਣਦਾ ਰਹਿੰਦਾ ਹੈ। ਅਕਾਲ ਪੁਰਖੁ ਨੇ ਜਿੰਦ ਨੂੰ
ਸਰੀਰ ਰੂਪੀ ਗੁਫ਼ਾ ਵਿੱਚ ਟਿਕਾ ਕੇ ਜੀਵ ਨੂੰ ਸਵਾਸ ਲੈਂਣ ਦੀ ਸ਼ਕਤੀ ਦਿੱਤੀ ਹੈ ਤਾਂ ਜੋ ਉਸ ਦੇ ਜੀਵਨ
ਦੀ ਰੌ ਚਲਦੀ ਰਹੇ। ਸਰੀਰ ਨੂੰ ਸਵਾਸ ਲੈਂਣ ਦੀ ਸ਼ਕਤੀ ਦੇਣ ਦੇ ਨਾਲ ਨਾਲ, ਮੂੰਹ, ਅੱਖਾਂ, ਨੱਕ, ਕੰਨ
ਆਦਿਕ ਨੌ ਕਰਮ ਇੰਦ੍ਰੀਆਂ ਪਰਤੱਖ ਤੌਰ ਤੇ ਬਣਾਈਆਂ ਹਨ, ਪਰੰਤੂ ਦਸਵੇਂ ਦੁਆਰ ਨੂੰ ਦਿਮਾਗ਼ ਦੇ ਅੰਦਰ
ਲੁਕਾਂ ਕੇ ਰੱਖਿਆ ਹੈ। ਅਕਾਲ ਪੁਰਖੁ ਨੇ ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੇ ਦਰ ਤੇ ਅਪੜਾ ਕੇ ਆਪਣੇ
ਨਾਮੁ ਨਾਲ ਪ੍ਰੇਮ ਕਰਨ ਦੀ ਤੇ ਉਸ ਵਿੱਚ ਸਰਧਾ ਰੱਖਣ ਦੀ ਸੋਝੀ ਬਖ਼ਸ਼ੀ, ਉਨ੍ਹਾਂ ਨੂੰ ਦਸਵਾਂ ਦੁਆਰ
ਵੀ ਵਿਖਾ ਦਿੱਤਾ। ਉਨ੍ਹਾਂ ਨੂੰ ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਨ ਲਈ ਤੇ ਸਬਦ
ਦੁਆਰਾ ਵੀਚਾਰ ਕਰਨ ਦੀ ਸੋਝੀ ਵੀ ਦੇ ਦਿੱਤੀ। ਉਸ ਅਵਸਥਾ ਵਿੱਚ ਮਨੁੱਖ ਨੂੰ ਅਨੇਕਾਂ ਰੰਗਾਂ ਰੂਪਾਂ
ਵਿੱਚ ਵਿਆਪਕ ਅਕਾਲ ਪੁਰਖੁ ਦਾ ਉਹ ਨਾਮੁ ਰੂਪੀ ਨੌ ਖ਼ਜ਼ਾਨਿਆਂ ਦਾ ਭੰਡਾਰ ਵੀ ਪ੍ਰਾਪਤ ਹੋ ਜਾਂਦਾ ਹੈ,
ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਹੈ, ਜੋ ਕਦੇ ਮੁੱਕਦਾ ਨਹੀਂ। ਗੁਰੂ ਸਾਹਿਬ ਸਮਝਾਂਦੇ ਹਨ ਕਿ,
ਪਿਆਰੇ ਅਕਾਲ ਪੁਰਖੁ ਨੇ ਜਿੰਦ ਨੂੰ ਸਰੀਰ ਰੂਪੀ ਗੁਫ਼ਾ ਵਿੱਚ ਟਿਕਾ ਕੇ ਜੀਵ ਨੂੰ ਸਵਾਸ ਲੈਂਣ ਦੀ
ਸ਼ਕਤੀ ਦਿੱਤੀ ਹੈ ਤਾਂ ਜੋ ਉਹ ਸਦਾ ਗੁਰੂ ਦੇ ਦਰ ਤੇ ਜਾ ਕੇ ਸਬਦ ਦੁਆਰਾ ਆਤਮਕ ਆਨੰਦ ਮਾਣਦਾ ਰਹੇ।
ਰਾਮਕਲੀ ਮਹਲਾ ੩ ਅਨੰਦੁ॥ ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ
ਵਜਾਇਆ॥ ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ॥
ਗੁਰਦੁਆਰੈ ਲਾਇ ਭਾਵਨੀ ਇਕਨਾ ਦਸਵਾ
ਦੁਆਰੁ ਦਿਖਾਇਆ॥ ਤਹ ਅਨੇਕ ਰੂਪ ਨਾਉ ਨਵ ਨਿਧਿ
ਤਿਸ ਦਾ ਅੰਤੁ ਨ ਜਾਈ ਪਾਇਆ॥ ਕਹੈ ਨਾਨਕੁ ਹਰਿ ਪਿਆਰੈ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ
ਵਜਾਇਆ॥ ੩੮॥ (੯੨੨)
ਗੁਰੂ ਸਾਹਿਬ ਸਮਝਾਂਦੇ ਹਨ ਕਿ, ਉਸ ਇੱਕ ਅਕਾਲ ਪੁਰਖੁ ਦਾ ਨਾਮੁ ਆਪਣੇ ਮਨ
ਦੀ ਪੱਟੀ ਉਤੇ ਲਿਖ, ਜਿਹੜਾ ਆਪ ਹੀ ਹਰ ਥਾਂ ਵਿਆਪਕ ਹੋ ਕੇ ਜਗਤ ਦੀ ਇਹ ਸਾਰੀ ਕਿਰਤ ਕਾਰ ਚਲਾ ਰਿਹਾ
ਹੈ, ਜਿਹੜਾ ਇੱਕ ਆਪ ਹੀ ਸੰਸਾਰ ਦਾ ਇਹ ਸਾਰਾ ਰੂਪ ਰੰਗ ਆਪਣੇ ਆਪ ਤੋਂ ਪਰਗਟ ਕਰ ਰਿਹਾ ਹੈ। ਜਗਤ ਦੇ
ਇਹ ਤੱਤ ਹਵਾ ਪਾਣੀ ਅੱਗ ਉਸ ਅਕਾਲ ਪੁਰਖੁ ਦਾ ਆਪਣਾ ਹੀ ਸਰੂਪ ਹਨ, ਜਿਸ ਅਕਾਲ ਪੁਰਖੁ ਦੀ ਜੋਤਿ
ਸਾਰੇ ਜਗਤ ਵਿੱਚ ਪਸਰ ਰਹੀ ਹੈ।
ਜਿਹੜਾ ਮਨੁੱਖ ਉਸ ਇੱਕ ਅਕਾਲ ਪੁਰਖੁ ਨੂੰ ਹਰ ਥਾਂ ਵਿਆਪਕ ਸਮਝਦਾ ਹੈ, ਜਿਸ ਮਨੁੱਖ ਨੂੰ ਹਰ ਥਾਂ
ਅਕਾਲ ਪੁਰਖੁ ਦਾ ਰੂਪ ਹੀ ਦਿੱਸਦਾ ਹੈ, ਉਹ ਮਨੁੱਖ ਆਦਰ ਸਤਿਕਾਰ ਹਾਸਲ ਕਰਦਾ ਹੈ। ਕੋਈ ਵਿਰਲਾ
ਮਨੁੱਖ ਹੀ ਸਤਿਗੁਰੂ ਦੁਆਰਾ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਬਾਰੇ ਗਿਆਨ ਹਾਸਲ ਕਰਕੇ, ਉਸ ਅਕਾਲ
ਪੁਰਖੁ ਨਾਲ ਜਾਣ ਪਛਾਣ ਪਾ ਕੇ, ਤੇ ਉਸ ਵਿੱਚ ਸੁਰਤਿ ਟਿਕਾ ਕੇ, ਸਬਰ ਸੰਤੋਖ ਤੇ ਧੀਰਜ ਵਾਲੇ ਜੀਵਨ
ਵਾਲਾ ਬਣਦਾ ਹੈ, ਅਜੇਹਾ ਮਨੁੱਖ ਉਸ ਅਕਾਲ ਪੁਰਖੁ ਨੂੰ ਪ੍ਰਾਪਤ ਕਰ ਲੈਂਦਾ ਹੈ। ਜਿਸ ਮਨੁੱਖ ਨੂੰ
ਅਕਾਲ ਪੁਰਖੁ ਆਪਣੀ ਮੇਹਰ ਨਾਲ ਇਹ ਦਾਤਿ ਦੇਂਦਾ ਹੈ, ਜਿਸ ਮਨੁੱਖ ਨੂੰ ਸਬਦ ਗੁਰੂ ਦੁਆਰਾ ਆਪਣੀ ਸਰਬ
ਵਿਆਪਕਤਾ ਦਾ ਉਪਦੇਸ਼ ਸੁਣਾਂਦਾ ਹੈ, ਉਹ ਮਨੁੱਖ ਜੀਵਨ ਵਿੱਚ ਸੁਖ ਤੇ ਅਨੰਦ ਮਾਣਦਾ ਰਹਿੰਦਾ ਹੈ।
ਰਾਮਕਲੀ ਮਹਲਾ ੧ ਦਖਣੀ ਓਅੰਕਾਰੁ॥ ਏਕੁ ਅਚਾਰੁ ਰੰਗੁ ਇਕੁ ਰੂਪੁ॥ ਪਉਣ ਪਾਣੀ
ਅਗਨੀ ਅਸਰੂਪੁ॥ ਏਕੋ ਭਵਰੁ ਭਵੈ ਤਿਹੁ ਲੋਇ॥ ਏਕੋ ਬੂਝੈ ਸੂਝੈ ਪਤਿ ਹੋਇ॥ ਗਿਆਨੁ ਧਿਆਨੁ ਲੇ ਸਮਸਰਿ
ਰਹੈ॥ ਗੁਰਮੁਖਿ ਏਕੁ ਵਿਰਲਾ ਕੋ ਲਹੈ॥
ਜਿਸ ਨੋ ਦੇਇ ਕਿਰਪਾ ਤੇ ਸੁਖੁ ਪਾਏ॥
ਗੁਰੂ ਦੁਆਰੈ ਆਖਿ ਸੁਣਾਏ॥ ੭॥ (੯੩੦)
ਗੁਰੂ ਸਾਹਿਬ ਸਮਝਾਂਦੇ ਹਨ ਕਿ, ਮੈਂ ਗੁਰੂ ਦੇ ਸ਼ਬਦ ਨੂੰ ਮੰਨ ਕੇ ਮਾਇਆ ਦੀ
ਤ੍ਰਿਸ਼ਨਾ ਦੂਰ ਕਰ ਲਈ ਹੈ ਤੇ ਅਕਾਲ ਪੁਰਖੁ ਦਾ ਨਾਮੁ ਰੂਪੀ ਅੰਮ੍ਰਿਤ ਰੱਜ ਕੇ ਪੀ ਲਿਆ ਹੈ। ਹਰੇਕ
ਜੀਵ ਵਾਰ ਵਾਰ ਇਹੀ ਆਖਦਾ ਹੈ ਕਿ, ਹੇ ਅਕਾਲ ਪੁਰਖੁ! ਮੈਨੂੰ ਇਹ ਅੰਮ੍ਰਿਤ ਦੀ ਦਾਤ ਦੇ, ਪਰੰਤੂ
ਅਕਾਲ ਪੁਰਖੁ ਉਸ ਜੀਵ ਨੂੰ ਇਹ ਅੰਮ੍ਰਿਤ ਦੀ ਦਾਤ ਦੇਂਦਾ ਹੈ, ਜਿਹੜਾ ਉਸ ਅਕਾਲ ਪੁਰਖੁ ਨੂੰ ਭਾਉਂਦਾ
ਹੈ। ਅਕਾਲ ਪੁਰਖੁ ਜਿਸ ਮਨੁੱਖ ਨੂੰ ਸਤਿਗੁਰੂ ਦੁਆਰਾ ਇਹ ਅੰਮ੍ਰਿਤ ਦੀ ਦਾਤ ਦੇਵੇਗਾ, ਉਹੀ ਜੀਵ
ਆਪਣੀ ਮਾਇਆ ਵਾਲੀ ਤ੍ਰਿਸ਼ਨਾ ਮਿਟਾ ਸਕੇਗਾ। ਇਸ ਲਈ ਜੇਕਰ ਅਸੀਂ ਆਪਣੀ ਮਾਇਆ ਵਾਲੀ ਤ੍ਰਿਸ਼ਨਾ ਮਿਟਾਣਾ
ਚਾਹੁੰਦੇ ਹਾਂ ਤੇ ਜੀਵਨ ਵਿੱਚ ਆਨੰਦ ਹਾਸਲ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਸਬਦ ਗੁਰੂ ਦਾ ਓਟ
ਆਸਰਾ ਲੈਣਾਂ ਪਵੇਗਾ।
ਤਿਖਾ ਨਿਵਾਰੀ ਸਬਦੁ ਮੰਨਿ ਅੰਮ੍ਰਿਤੁ ਪੀਆ ਭਰਪੂਰਿ॥
ਦੇਹਿ ਦੇਹਿ ਆਖੈ ਸਭੁ ਕੋਈ ਜੈ
ਭਾਵੈ ਤੈ ਦੇਇ॥ ਗੁਰੂ ਦੁਆਰੈ ਦੇਵਸੀ ਤਿਖਾ ਨਿਵਾਰੈ ਸੋਇ॥
੩੦॥ (੯੩੩)
ਗੁਰੂ ਦੇ ਸ਼ਬਦ ਦੁਆਰਾ ਜਿਸ ਮਨੁੱਖ ਨੂੰ ਅਕਾਲ ਪੁਰਖੁ ਦਾ ਅਟੱਲ ਹੁਕਮ ਮਿੱਠਾ
ਲੱਗਣ ਲੱਗ ਪੈਂਦਾ ਹੈ, ਉਸ ਦੇ ਅੰਦਰ ਆਤਮਿਕ ਆਨੰਦ ਬਣਿਆ ਰਹਿੰਦਾ ਹੈ, ਤੇ ਉਸ ਦੇ ਜੀਵਨ ਦਾ ਮਨੋਰਥ
ਸਫਲ ਹੋ ਜਾਂਦਾ ਹੈ। ਪੰਜ ਵਿਕਾਰਾਂ ਤੇ ਕਾਬੂ ਰੱਖਣ ਦਾ ਉੱਦਮ ਤੇ ਉਨ੍ਹਾਂ ਵਿਕਾਰਾਂ ਤੋਂ ਬਚਣ ਦਾ
ਪੱਕਾ ਪ੍ਰਬੰਧ ਸਤਿਗੁਰੂ ਦੇ ਦਰ ਤੇ ਹੀ ਪ੍ਰਾਪਤ ਹੁੰਦਾ ਹੈ। ਜਿਹੜਾ ਮਨੁੱਖ ਗੁਰੂ ਦੇ ਸਨਮੁਖ
ਰਹਿੰਦਾ ਹੈ, ਉਹ ਗੁਰੂ ਦੇ ਸ਼ਬਦ ਦੁਆਰਾ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ ਤੇ ਕ੍ਰੋਧ ਤੇ
ਕਾਬੂ ਕਰ ਲੈਂਦਾ ਹੈ। ਗੁਰੂ ਦੇ ਸਬਦ ਦੀ ਵੀਚਾਰ ਦੁਆਰਾ ਸੇਵਾ ਕਰਨ ਨਾਲ ਤੇ ਗੁਰੂ ਦੀ ਸਰਨ ਪਿਆਂ
ਮਨੁੱਖ ਨੂੰ ਸਦਾ ਆਤਮਕ ਆਨੰਦ ਮਿਲਦਾ ਰਹਿੰਦਾ ਹੈ। ਚੰਗਾ ਆਚਰਨ ਤੇ ਸਬਰ ਸੰਤੋਖ, ਇਹ ਸਭ ਕੁੱਝ ਸਬਦ
ਗੁਰੂ ਦੇ ਦਰ ਤੇ ਹੀ ਮਿਲਦਾ ਹੈ।
ਮਾਰੂ ਮਹਲਾ ੩॥
ਸਚੁ ਸੰਜਮੁ ਸਤਿਗੁਰੂ ਦੁਆਰੈ॥ ਹਉਮੈ
ਕ੍ਰੋਧੁ ਸਬਦਿ ਨਿਵਾਰੈ॥ ਸਤਿਗੁਰੁ ਸੇਵਿ ਸਦਾ ਸੁਖੁ ਪਾਈਐ ਸੀਲੁ ਸੰਤੋਖੁ ਸਭੁ ਤਾਹਾ ਹੇ॥
੫॥ (੧੦੫੭)
ਅਕਾਲ ਪੁਰਖੁ ਸਦਾ ਹੀ ਕਾਇਮ ਰਹਿਣ ਵਾਲਾ ਹੈ, ਤੇ ਸਭ ਤਰ੍ਹਾਂ ਦੀਆਂ ਦਾਤਾਂ
ਦੇਣ ਵਾਲਾ ਹੈ। ਅਕਾਲ ਪੁਰਖੁ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਜੀਵਾਂ ਨੂੰ ਜਨਮ ਦੇਣ ਵਾਲਾ ਹੈ, ਉਸ
ਨੂੰ ਜਿਹੜਾ ਜੀਵ ਪਿਆਰਾ ਲੱਗਦਾ ਹੈ, ਉਸ ਨੂੰ ਆਪਣੇ ਨਾਮੁ ਨਾਲ ਜੋੜਦਾ ਹੈ। ਗੁਰੂ ਦੇ ਦਰ ਤੇ ਆ ਕੇ
ਉਹੀ ਮਨੁੱਖ ਜੀਵਨ ਦਾ ਸਹੀ ਰਸਤਾ ਸਮਝਦਾ ਹੈ, ਜਿਸ ਨੂੰ ਅਕਾਲ ਪੁਰਖੁ ਆਪ ਸਮਝ ਬਖ਼ਸ਼ਦਾ ਹੈ।
ਸਚਾ ਸਚੁ ਦਾਤਾ ਕਰਮ ਬਿਧਾਤਾ ਜਿਸੁ ਭਾਵੈ ਤਿਸੁ ਨਾਇ ਲਾਏ॥ ਗੁਰੂ ਦੁਆਰੈ ਸੋਈ
ਬੂਝੈ ਜਿਸ ਨੋ ਆਪਿ ਬੁਝਾਏ ॥ ੪॥ (੧੨੩੪-੧੨੩੫)
ਸੇਵਕ ਅਖਵਾਣ ਵਾਲੇ ਤੇ ਸਿੱਖ ਅਖਵਾਣ ਵਾਲੇ ਸਾਰੇ ਗੁਰੂ ਦਰ ਤੇ ਅਕਾਲ ਪੁਰਖੁ
ਦੀ ਪੂਜਾ ਭਗਤੀ ਕਰਨ ਲਈ ਆਉਂਦੇ ਹਨ, ਅਤੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਨਾਲ ਭਰਪੂਰ ਊਤਮ
ਗੁਰਬਾਣੀ ਗਾਇਨ ਕਰਦੇ ਹਨ। ਪਰੰਤੂ ਅਕਾਲ ਪੁਰਖੁ ਉਨ੍ਹਾਂ ਮਨੁੱਖਾਂ ਦਾ ਬਾਣੀ ਗਾਉਣਾ ਅਤੇ ਸੁਣਨਾ
ਕਬੂਲ ਕਰਦਾ ਹੈ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ ਜਾਣ ਕੇ ਉਸ ਉਤੇ ਅਮਲ ਕੀਤਾ ਹੈ।
ਧਨਾਸਰੀ ਮਹਲਾ ੪॥
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ
ਗਾਵਹਿ ਹਰਿ ਹਰਿ ਊਤਮ ਬਾਨੀ॥ ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ
ਸਤਿ ਕਰਿ ਮਾਨੀ॥ ੧॥ (੬੬੯)
ਜੇ ਕਰ ਗੁਰਦੁਆਰਾ ਸਾਹਿਬ ਵਿੱਚ ਗੁਰਮਤਿ, ਅਕਾਲ ਪੁਰਖੁ ਦੇ ਨਾਮੁ ਤੇ ਹੁਕਮ
ਬਾਰੇ ਗਿਆਨ ਅਤੇ ਉਸ ਦੀ ਪਹਿਚਾਨ, ਕਿਰਤ ਤੇ ਜੀਵਨ ਦੇ ਹਰੇਕ ਪਹਿਲੂ ਸਬੰਧੀ ਸਿਖਿਆ ਨਹੀਂ ਮਿਲਦੀ ਹੈ
ਤਾਂ ਉਹ ਇੱਕ ਅਧੂਰਾ ਸਥਾਨ ਹੈ। ਗੁਰਦੁਆਰਾ ਸਾਹਿਬ ਵਿੱਚ ਹਰ ਤਰ੍ਹਾਂ ਦੀ ਆਧੁਨਿਕ ਸਿਖਲਾਈ ਦੇ ਸਾਧਨ
ਹੋਣੇ ਜਰੂਰੀ ਹਨ। ਗੁਰਦੁਆਰਾ ਸਾਹਿਬ ਵਿੱਚ ਗੁਰਮਤਿ, ਸਬਦ ਵੀਚਾਰ, ਸਬਦ ਗਾਇਨ ਕਰਨੇ, ਇਤਿਹਾਸ ਅਤੇ
ਕਿਰਤ ਦੀ ਸਿਖਿਆ ਦੇ ਨਾਲ ਨਾਲ ਉਸ ਵਿੱਚ ਵਾਧਾ ਕਰਨ ਲਈ ਹਰੇਕ ਵਿਸ਼ੇ ਸਬੰਧੀ ਲਾਇਬਰੇਰੀ ਵੀ ਬਹੁਤ
ਜਰੂਰੀ ਹੈ। ਇੱਕ ਤੰਦਰੁਸਤ ਸਮਾਜ ਕਾਇਮ ਰੱਖਣ ਲਈ ਗੁਰੂ ਘਰ ਵਿੱਚ ਅਧੁਨਿਕ ਦਵਾਖਾਨੇ ਹੋਣੇ ਬਹੁਤ
ਜਰੂਰੀ ਹਨ। ਨੌਜਵਾਨਾਂ ਅਤੇ ਬੱਚਿਆਂ ਦੀ ਸਿਹਤ ਕਾਇਮ ਰੱਖਣ ਲਈ ਪਾਰਕ, ਖੇਡਣ ਦੇ ਸਥਾਨ ਅਤੇ ਕਸਰਤ
ਲਈ ਪ੍ਰਬੰਧ ਵੀ ਹੋਣੇ ਚਾਹੀਦੇ ਹਨ। ਨੌਜਵਾਨਾਂ ਅਤੇ ਬੱਚਿਆਂ ਨੂੰ ਆਧੁਨਿਕ ਢੰਗ ਨਾਲ ਸਿਖਿਆ ਦੇਣ ਲਈ
ਕੰਪਿਊਟਰ ਦੀ ਸਿਖਿਆ ਲਈ ਕਲਾਸਾਂ ਲਗਾਉਣੀਆਂ ਅਤੀ ਜਰੂਰੀ ਹਨ। ਗੁਰੂ ਘਰ ਦੀ ਪਰੰਪਰਾ ਕਾਇਮ ਰੱਖਣ ਲਈ
ਰਾਗਾਂ ਦੇ ਆਧਾਰ ਤੇ ਸਬਦ ਗਾਇਨ ਕਰਨ ਦੀ ਸਿਖਲਾਈ ਦਾ ਪ੍ਰਬੰਧ ਹੋਣਾਂ ਚਾਹੀਦਾ ਹੈ। ਭੈਣਾਂ ਨੂੰ
ਰੁਜ਼ਗਾਰ ਦੇਣ ਲਈ ਸਿਲਾਈ ਕਢਾਈ ਅਤੇ ਹੋਰ ਕਈ ਤਰ੍ਹਾਂ ਦੀਆਂ ਟਰੇਨਿੰਗਾਂ ਦੇਣ ਦਾ ਪ੍ਰਬੰਧ ਵੀ ਗੁਰੂ
ਘਰ ਵਿੱਚ ਹੀ ਹੋਣਾਂ ਚਾਹੀਦਾ ਹੈ।
ਆਪਸ ਵਿੱਚ ਗੁਰਮਤਿ ਵਿਚਾਰ ਸਾਂਝੇ ਕਰਨ ਲਈ, ਗੁਰਮਤਿ ਦੇ ਵਿਦਵਾਨਾਂ ਦੇ
ਲ਼ੈਕਚਰ, ਗੁਰਬਾਣੀ ਦੀ ਖੋਜ ਸਬੰਧੀ ਸੈਮੀਨਾਰ ਕਰਨ ਲਈ ਇੱਕ ਸੈਮੀਨਾਰ ਹਾਲ ਬਹੁਤ ਜਰੂਰੀ ਹੈ। ਦੂਰ
ਰਹਿ ਰਹੇ ਵੀਰਾਂ, ਭੈਣਾਂ ਅਤੇ ਬੱਚਿਆਂ ਲਈ, ਗੁਰੂ ਘਰ ਅਤੇ ਸਿਖਲਾਈ ਕੇਦਰਾਂ ਤੱਕ ਆਣ ਜਾਣ ਲਈ, ਬੱਸ
ਜਾਂ ਵੈਨ ਵੀ ਚਾਹੀਦੀ ਹੈ। ਇਸ ਨਾਲ ਵੱਖਰੇ ਵੱਖਰੇ ਆਪਣੀਆਂ ਗੱਡੀਆਂ ਤੇ ਆਉਂਣ ਦੀ ਆਦਤ ਘਟ ਜਾਏਗੀ,
ਜਿਸ ਨਾਲ ਹਵਾ ਵਿੱਚ ਪਰਦੂਸ਼ਨ ਵੀ ਘਟੇਗਾ ਤੇ ਬਚਤ ਵੀ ਹੋ ਸਕੇਗੀ। ਇਕੱਠੇ ਆਣ ਨਾਲ ਆਪਸੀ ਪ੍ਰੇਮ
ਵਿੱਚ ਵਾਧਾ ਹੋਵੇਗਾ। ਇਸ ਨਾਲ ਸਾਡੀ ਹਰ ਮੁਹੱਲੇ ਵਿੱਚ ਨਵਾਂ ਗੁਰਦੁਆਰਾ ਬਣਾਉਣ ਦੀ ਆਦਤ ਵੀ ਖਤਮ
ਹੋ ਜਾਵੇਗੀ। ਸਥਾਨਕ ਸਥਿਤੀ ਅਤੇ ਸੰਗਤ ਵਿੱਚ ਗਿਣਤੀ ਅਨੁਸਾਰ ਇਹ ਸਭ ਕਾਰਜ ਆਰੰਭ ਕੀਤੇ ਜਾ ਸਕਦੇ
ਹਨ। ਕੋਸ਼ਿਸ਼ ਇਹ ਕੀਤੀ ਜਾਵੇ ਕਿ ਟਰੇਨਿੰਗ ਅਤੇ ਸਿਖਿਆ ਦੇਣ ਵਾਲੇ ਵੀ ਉਸ ਇਲਾਕੇ ਦੇ ਜਾਂ ਲਾਗੇ ਦੇ
ਇਲਾਕਿਆਂ ਦੇ ਤਿਆਰ ਕੀਤੇ ਜਾਣ। ਵੱਡੇ ਗੁਰਦੁਆਰਾ ਸਾਹਿਬਾਂ ਵਿੱਚ ਉਚੇ ਪੱਧਰ ਦੀ ਸਿਖਲਾਈ ਦਾ
ਪ੍ਰਬੰਧ ਹੋਣਾਂ ਚਾਹੀਦਾ ਹੈ। ਉਨ੍ਹਾਂ ਦੇ ਅਧੀਨ ਅਧੁਨਿਕ ਸਿਖਲਾਈ ਦੇ ਕਾਲਜ਼ ਜਾਂ ਯੂਨੀਵਰਸਟੀਆਂ
ਸ਼ੁਰੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਨ੍ਹਾਂ ਵਿੱਚ ਹਰ ਸਥਾਨਕ ਗੁਰਦੁਆਰਾ ਸਾਹਿਬਾਂ ਦੇ
ਪ੍ਰਚਾਰਕਾਂ ਲਈ ਟਰੇਨਿੰਗ ਅਤੇ ਰਿਫ਼ਰੈਸ਼ਰ ਕੋਰਸ ਕੀਤੇ ਜਾਣੇ ਚਾਹੀਦੇ ਹਨ। ਇਸ ਨਾਲ ਸਥਾਨਕ ਗੁਰਦੁਆਰਾ
ਸਾਹਿਬਾਂ ਦੇ ਪ੍ਰਚਾਰਕ ਆਪਣੇ ਗਿਆਨ ਵਿੱਚ ਵਾਧਾ ਕਰ ਸਕਣਗੇ।
ਅੱਜਕੱਲ ਕੁੱਝ ਥਾਵਾਂ ਤੇ ਰਾਗੀਆਂ, ਗ੍ਰੰਥੀਆਂ ਅਤੇ ਪ੍ਰਚਾਰਕਾਂ ਲਈ ਸਿਖਲਾਈ
ਕੇਂਦਰ ਖੁਲ ਗਏ ਹਨ, ਪਰੰਤੂ ਉਨ੍ਹਾਂ ਦਾ ਸਤੱਰ ਬਹੁਤ ਨੀਵਾਂ ਹੈ। ਜਿਆਦਾ ਤਰ ਗੁਰਦੁਆਰਾ ਸਾਹਿਬਾਂ
ਦੇ ਪ੍ਰਬੰਧਕਾਂ ਨੂੰ ਗੁਰਬਾਣੀ ਦਾ ਗਿਆਨ ਅਤੇ ਪ੍ਰਬੰਧਕੀ ਜਾਣਕਾਰੀ ਬਹੁਤ ਘੱਟ ਹੁੰਦੀ ਹੈ। ਸਿਰਫ
ਪੈਸੇ, ਧੜਲੇਬਾਜੀ, ਰਿਸ਼ਤੇਦਾਰੀ, ਦੋਸਤੀ ਆਦਿ ਦੇ ਆਧਾਰ ਤੇ ਹੀ ਚੁਣੇ ਜਾਂਦੇ ਹਨ। ਇਸ ਲਈ
ਪ੍ਰਬੰਧਕਾਂ ਨੂੰ ਯੋਗ ਬਣਾਉਣਾਂ ਤੇ ਫਿਰ ਉਨ੍ਹਾਂ ਵਿਚੋਂ ਸਹੀ ਲੋਕਾਂ ਦੀ ਚੋਣ ਕਰਨੀ ਬਹੁਤ ਜਰੂਰੀ
ਹੈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੀ ਸਿਖਲਾਈ ਲਈ ਸਮੇਂ ਸਮੇਂ ਤੇ ਸੈਂਮੀਨਾਰ ਕਰਨ ਦੀ ਜਰੂਰਤ
ਹੈ। ਸਮੁੱਚੇ ਤੌਰ ਤੇ ਗੁਰਦੁਆਰਾ ਸਾਹਿਬ ਵਿੱਚ ਹਰ ਮਨੁੱਖ ਨੂੰ ਜੀਵਨ ਵਿੱਚ ਪੂਰਣਤਾ ਹਾਸਲ ਕਰਨ ਦੀ
ਸਿਖਲਾਈ ਦੇ ਪ੍ਰਬੰਧ ਹੋਣੇ ਚਾਹੀਦੇ ਹਨ। ਗੁਰਬਾਣੀ ਤਾਂ ਸਾਨੂੰ ਇਹੀ ਸਿਖਿਆ ਦਿੰਦੀ ਹੈ:
ਗੁਰਸਿਖ ਮੀਤ ਚਲਹੁ ਗੁਰ ਚਾਲੀ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ
ਨਿਰਾਲੀ॥ ੧॥ ਰਹਾਉ॥ (੬੬੭)
ਦਰਵਾਜ਼ਾ (ਗੁਰਦੁਆਰਾ) ਘਰ ਦੇ ਅੰਦਰ ਜਾਣ ਲਈ ਹੁੰਦਾ ਹੈ, ਇਸੇ ਲਈ ਗੁਰਦੁਆਰਾ
ਸਾਹਿਬ ਦਾ ਮੰਤਵ ਅਕਾਲ ਪੁਰਖੁ ਦੇ ਘਰ ਵਿੱਚ ਪਰਵੇਸ਼ ਕਰਾਉਂਣਾ ਹੈ। ਹਰੇਕ ਦਰਵਾਜ਼ਾ ਹਮੇਸ਼ਾਂ ਘਰ ਦੇ
ਨਾਲ ਹੀ ਜੁੜਿਆ ਹੁੰਦਾਂ ਹੈ, ਇਸ ਲਈ ਸਾਨੂੰ ਸਭ ਤੋਂ ਪਹਿਲਾਂ ਸ਼ਬਦ ਗੁਰੂ (ਗੁਰੂ ਗਰੰਥ ਸਾਹਿਬ) ਕੋਲ
ਆਉਣਾਂ ਪਵੇਗਾ। ਅਕਾਲ ਪੁਰਖੁ ਸ਼ਬਦ ਗੁਰੂ ਨਾਲ ਜੁੜਿਆ ਹੈ, ਇਸ ਲਈ ਸ਼ਬਦ ਗੁਰੂ ਨਾਲ ਸਬੰਧ ਬਣਾਉਂਣਾ
ਬਹੁਤ ਜਰੂਰੀ ਹੈ। ਗੂੰਗਾ ਮਨੁੱਖ ਕੁੱਝ ਨਹੀਂ ਕਰ ਸਕਦਾ ਹੈ, ਕਿਉਂਕਿ ਉਹ ਸ਼ਬਦ ਨਾਲ ਸਬੰਧ ਨਹੀਂ ਬਣਾ
ਸਕਦਾ ਹੈ। ਪਰੰਤੂ ਅੰਧਾ ਆਦਮੀ ਸਭ ਕੁੱਝ ਕਰ ਸਕਦਾ ਹੈ, ਕਿਉਂਕਿ ਉਹ ਸ਼ਬਦ ਨਾਲ ਸਾਂਝ ਬਣਾ ਸਕਦਾ ਹੈ।
ਇਸ ਲਈ ਹਰੇਕ ਮਨੁੱਖ ਨੇ ਸ਼ਬਦ ਗੁਰੂ ਦੁਆਰਾ, ਅਗਿਆਨਤਾ ਦੇ ਅੰਧੇਰੇ ਵਿਚੋਂ ਬਾਹਰ ਨਿਕਲਣਾ ਹੈ, ਤੇ
ਸ਼ਬਦ ਗੁਰੂ ਨਾਲ ਆਪਣੀ ਸਾਂਝ ਕਾਇਮ ਕਰਨੀ ਹੈ।
ਇਹੁ ਜਗੁ ਅੰਧਾ ਸਭੁ ਅੰਧੁ ਕਮਾਵੈ ਬਿਨੁ ਗੁਰ ਮਗੁ ਨ ਪਾਏ॥ ਨਾਨਕ ਸਤਿਗੁਰੁ
ਮਿਲੈ ਤ ਅਖੀ ਵੇਖੈ ਘਰੈ ਅੰਦਰਿ ਸਚੁ ਪਾਏ॥ ੪ ॥
੧੦ ॥
(੬੦੩)
ਪੱਥਰ ਕੋਈ ਖਾਂਣਾ ਨਹੀਂ ਖਾਂਦਾ ਹੈ, ਇਸ ਲਈ ਉਸ ਵਿੱਚ ਕੋਈ ਵਾਧਾ ਨਹੀਂ
ਹੁੰਦਾ ਹੈ। ਬਨਸਪਤੀ ਨੂੰ ਕੋਈ ਭੁਖ ਨਹੀਂ ਲੱਗਦੀ, ਪਰੰਤੂ ਜਮੀਨ ਵਿਚਲੀ ਖੁਰਾਕ ਨਾਲ ਉਸ ਵਿੱਚ ਵਾਧਾ
ਹੁੰਦਾ ਰਹਿੰਦਾ ਹੈ। ਪੰਛੀ ਜਾਂ ਜਾਨਵਰ ਨੂੰ ਭੁਖ ਵੀ ਲੱਗਦੀ ਹੈ ਤੇ ਪਿਆਸ ਵੀ ਲੱਗਦੀ ਹੈ, ਇਸ ਲਈ
ਉਹ ਚਲ ਤਾਂ ਸਕਦਾ ਹੈ, ਪਰੰਤੂ ਉਸ ਕੋਲ ਸਬੰਧ ਬਣਾਉਂਣ ਲਈ ਬੋਲ ਨਹੀਂ ਹਨ। ਮਨੁੱਖ ਨੂੰ ਭੁਖ ਵੀ
ਲੱਗਦੀ ਹੈ, ਪਿਆਸ ਵੀ ਲੱਗਦੀ ਹੈ ਤੇ ਉਸ ਕੋਲ ਬੋਲ ਵੀ ਹਨ, ਇਸ ਲਈ ਸ਼ਬਦ ਗੁਰੂ ਨਾਲ ਸਬੰਧ ਬਣਾ ਸਕਦਾ
ਹੈ। ਇਸ ਲਈ ਜੇਕਰ ਅਸੀਂ ਆਪਣਾ ਮਨੁੱਖਾ ਜਨਮ ਸਫਲ ਬਣਾਉਂਣਾ ਚਾਹੁੰਦੇ ਹਾਂ ਤਾਂ ਸਾਨੂੰ ਸ਼ਬਦ ਗੁਰੂ,
ਗੁਰੂ ਗਰੰਥ ਸਾਹਿਬ ਨਾਲ ਸਬੰਧ ਬਣਾਉਂਣਾ ਪਵੇਗਾ।
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ
ਗੁਰਮਤੀ ਰੰਗੁ ਮਾਣੁ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ॥ ਗੁਰ ਪਰਸਾਦੀ ਏਕੋ
ਜਾਣਹਿ ਤਾਂ ਦੂਜਾ ਭਾਉ ਨ ਹੋਈ॥ ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ॥ ਇਉ ਕਹੈ ਨਾਨਕੁ ਮਨ
ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ॥ ੫॥ (੪੪੧)
ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸੰਖੇਪ ਵਿੱਚ
ਕਹਿ ਸਕਦੇ ਹਾਂ ਕਿ
ਗੁਰਦੁਆਰਾ ਸਾਹਿਬ ਦੇ ਨਾਂ ਤੋਂ ਹੀ ਸਪਸ਼ਟ ਹੋ ਜਾਂਦਾ ਹੈ, ਕਿ ਇਹ ਉਹ ਦਰਵਾਜ਼ਾ ਹੈ, ਜਿਸ
ਰਾਹੀਂ ਅਕਾਲ ਪੁਰਖੁ ਨਾਲ ਸਬੰਧ ਜੋੜਿਆ ਜਾ ਸਕਦਾ ਹੈ। ਜੀਵਨ ਦੇ ਹਰ ਪਹਿਲੂ ਵਿੱਚ ਪੂਰਣਤਾ
ਹਾਸਲ ਕਰਨ ਦੀ ਸਿਖਿਆ ਦਿਤੀ ਜਾਂਦੀ ਹੈ। ਪਰੰਤੂ ਅਸੀਂ ਗੁਰਦੁਆਰਾ ਸਾਹਿਬ ਨੂੰ ਇੱਕ ਰੀਤੀ
ਰਿਵਾਜ਼ ਦੇ ਸਥਾਨ ਵਿੱਚ ਬਦਲ ਦਿੱਤਾ ਹੈ।
ਗੁਰਸਿੱਖ ਨੇ ਅਕਾਲ ਪੁਰਖੁ ਨੂੰ ਹਰ ਜੀਵ ਵਿੱਚ ਵੇਖਣਾਂ ਹੈ ਅਤੇ ਗੁਰਬਾਣੀ ਰਾਹੀਂ ਉਸ
ਅਕਾਲ ਪੁਰਖੁ ਦੀ ਸਿਫਤ ਸਾਲਾਹ ਕਰਨੀ ਹੈ।
ਸ਼ਬਦ ਗੁਰੂ ਦੀ ਸਰਨ ਵਿੱਚ ਆਉਂਣ ਤੋਂ ਬਿਨਾ ਸੁਖ ਨਹੀਂ ਮਿਲ ਸਕਦਾ, ਮਾਇਆ ਦਾ ਮੋਹ ਤਾਂ
ਸਗੋਂ ਹੋਰ ਦੁਖ ਪੈਦਾ ਕਰਦਾ ਰਹਿੰਦਾ ਹੈ, ਤੇ ਅਕਾਲ ਪੁਰਖੁ ਪਤੀ ਨੂੰ ਮਿਲਣ ਤੋਂ ਬਿਨਾ ਮਨੁੱਖ
ਦਾ ਮਾਨਸਕ ਦੁਖ ਦੂਰ ਨਹੀਂ ਹੁੰਦਾ ਹੈ।
ਜੇਕਰ ਧਰਮ ਦੀ ਸਿਖਿਆ ਲੈਣਾਂ ਚਾਹੁੰਦੇ ਹਾਂ ਤਾਂ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ, ਅਸੀਂ
ਆਪਣੇ ਸਰੀਰ ਕੋਲੋ ਹੀ ਲੈ ਸਕਦੇ ਹਾਂ। ਇਹ ਸਾਰਾ ਮਨੁੱਖਾ ਸਰੀਰ ਧਰਮ ਕਮਾਉਣ ਦੀ ਥਾਂ ਹੈ, ਇਸ
ਵਿੱਚ ਸੱਚੇ ਅਕਾਲ ਪੁਰਖੁ ਦੀ ਜੋਤਿ ਲੁਕੀ ਹੋਈ ਹੈ। ਇਸ ਸਰੀਰ ਵਿੱਚ ਦੈਵੀ ਗੁਣ, ਰੂਪ, ਤੇ
ਗੁੱਝੇ ਲਾਲ ਰਤਨ ਲੁਕੇ ਹੋਏ ਹਨ।
ਅਕਾਲ ਪੁਰਖੁ ਨਾਲੋਂ ਜੀਵ ਦੀ ਵਿੱਥ ਮਿਟਾਣ ਦਾ ਇਕੋ ਹੀ ਤਰੀਕਾ ਹੈ ਕਿ ਜੀਵ ਉਸ ਦੇ ਹੁਕਮੁ
ਤੇ ਰਜ਼ਾ ਵਿੱਚ ਚੱਲੇ। ਸਿੱਖ ਧਰਮ ਦਾ ਮੁਢਲਾ ਸਿਧਾਂਤ ਵੀ "ਹੁਕਮਿ
ਰਜਾਈ ਚਲਣਾ ਨਾਨਕ ਲਿਖਿਆ ਨਾਲਿ",
ਹੀ ਹੈ, ਜਿਸ ਦਾ ਜਿਕਰ ਗੁਰੂ ਨਾਨਕ ਸਾਹਿਬ
ਨੇ ਜਪੁਜੀ ਸਾਹਿਬ ਤੇ ਗੁਰੂ ਗਰੰਥ ਸਾਹਿਬ ਦੇ ਆਰੰਭ ਵਿੱਚ ਹੀ ਕਰ ਦਿਤਾ ਹੈ।
ਜਿਸ ਮਨੁੱਖ ਨੇ ਅਕਾਲ ਪੁਰਖੁ ਦੇ ਨਾਮੁ ਵਿੱਚ ਸੁਰਤ ਜੋੜ ਲਈ, ਜਿਸ ਮਨੁੱਖ ਨੇ ਅਕਾਲ
ਪੁਰਖੁ ਦਾ ਨਾਮੁ ਮਨ ਲਿਆ, ਭਾਵ ਮਨ ਵਿੱਚ ਪਤੀਜ ਗਿਆ ਹੈ. ਅਤੇ ਜਿਸ ਨੇ ਆਪਣੇ ਮਨ ਵਿੱਚ ਅਕਾਲ
ਪੁਰਖੁ ਨਾਲ ਪਿਆਰ ਪੈਦਾ ਕਰ ਲਿਆ, ਉਸ ਮਨੁੱਖ ਨੇ ਮਾਨੋ ਆਪਣੇ ਅੰਦਰਲੇ ਤੀਰਥ ਵਿੱਚ ਮਲ ਮਲ ਕੇ
ਇਸ਼ਨਾਨ ਕਰ ਲਿਆ ਹੈ, ਭਾਵ, ਉਸ ਮਨੁੱਖ ਨੇ ਆਪਣੇ ਅੰਦਰ ਵੱਸ ਰਹੇ ਅਕਾਲ ਪੁਰਖੁ ਨਾਲ ਚੰਗੀ
ਤਰ੍ਹਾਂ ਸੁਰਤ ਜੋੜ ਕੇ ਆਪਣੇ ਮਨ ਦੀ ਮੈਲ ਲਾਹ ਲਈ ਹੈ।
ਗੁਰੂ ਦੇ ਸ਼ਬਦ ਨੂੰ ਵਿਚਾਰ ਮੰਡਲ ਵਿੱਚ ਟਿਕਾਣਾ ਹੀ ਮੇਰੇ ਵਾਸਤੇ ਤੀਰਥ ਹੈ, ਕਿਉਂਕਿ ਇਸ
ਦੀ ਬਰਕਤਿ ਨਾਲ ਮੇਰੇ ਅੰਦਰ ਅਕਾਲ ਪੁਰਖੁ ਨਾਲ ਡੂੰਘੀ ਸਾਂਝ ਬਣਦੀ ਹੈ। ਸਤਿਗੁਰੂ ਦਾ ਬਖ਼ਸ਼ਿਆ
ਇਹ ਗਿਆਨ ਮੇਰੇ ਵਾਸਤੇ ਸਦਾ ਕਾਇਮ ਰਹਿਣ ਵਾਲਾ ਤੀਰਥ ਅਸਥਾਨ ਹੈ, ਤੇ ਇਹ ਗਿਆਨ ਹੀ ਮੇਰੇ
ਵਾਸਤੇ ਦਸ ਪਵਿਤਰ ਦਿਹਾੜੇ ਹਨ।
ਅਕਾਲ ਪੁਰਖੁ ਹਰੇਕ ਮਨੁੱਖ ਦੇ ਦਿਲ ਦੀ ਹਰੇਕ ਗੱਲ ਨੂੰ ਜਾਣਦਾ ਹੈ। ਸਤਿਗੁਰੂ ਦੀ ਸਰਨ ਪੈ
ਕੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵਿਤਰ ਹੋ ਜਾਂਦਾ ਹੈ, ਉਹੀ ਅਕਾਲ ਪੁਰਖੁ ਦੀ ਭਗਤੀ ਕਰਦੇ
ਹਨ, ਤੇ ਉਹੀ ਅਕਾਲ ਪੁਰਖੁ ਦਾ ਨਾਮੁ ਲੈਂਦੇ ਹਨ।
ਸਿੱਖ ਲਈ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਹੀ ਗੁਰੂ ਹੈ ਤੇ ਉਸ ਵਿਚੋਂ ਮਨੁੱਖ
ਜੀਵਨ ਦੇ ਸਾਰੇ ਸੁਖ ਤੇ ਅੰਮ੍ਰਿਤੁ ਪ੍ਰਾਪਤ ਕਰ ਸਕਦਾ ਹੈ। ਗੁਰਬਾਣੀ ਅਨੁਸਾਰ ਚਲਣ ਵਾਲੇ ਸੇਵਕ
ਨੂੰ ਗੁਰੂ ਯਕੀਨੀ ਤੌਰ ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ।
ਗੁਰੂ ਘਰ ਜਾਣ ਸਮੇਂ ਆਪਣੀ ਹਉਮੈ ਘਰ ਛੱਡ ਕੇ ਜਾਣੀ ਚਾਹੀਦੀ ਹੈ, ਤਾਂ ਜੋ ਗੁਰੂ ਦੀ ਮਤ
ਗ੍ਰਹਿਣ ਕਰਕੇ ਆਪਣਾ ਮਨੁੱਖਾ ਜੀਵਨ ਸਫਲ ਕਰ ਸਕੀਏ।
ਲੋਕ ਮਾਇਆ ਦੇ ਡਰ ਕਰਕੇ ਮੁਕਤੀ ਪ੍ਰਾਪਤ ਕਰਨ ਲਈ ਗੁਰਦੁਆਰੇ ਜਾਂਦੇ ਹਨ, ਤਾਂ ਜੋ ਮਨ ਦੀ
ਸ਼ਾਤੀ ਮਿਲ ਜਾਵੇ। ਪਰੰਤੂ ਜੇਕਰ ਗੁਰਦੁਆਰਿਆਂ ਵਿੱਚ ਹੀ ਮਾਇਆ ਦਾ ਪਸਾਰਾ ਚਲ ਰਿਹਾ ਹੈ ਤਾਂ
ਲੋਕ ਕਿਥੇ ਜਾਣਗੇ।
ਅੱਜਕਲ ਸਾਡੇ ਜਿਆਦਾਤਰ ਗੁਰਦੁਆਰਿਆਂ ਵਿੱਚ ਮਾਇਆ ਦਾ ਪਸਾਰਾ ਹੀ ਚਲ ਰਿਹਾ ਹੈ, ਇਸੇ ਲਈ
ਗੁਰਦੁਆਰਿਆਂ ਵਿੱਚ ਸੰਗਤ ਦੀ ਗਿਣਤੀ ਤੇ ਉਸ ਦਾ ਸਤੱਰ ਬਹੁਤ ਘਟਦਾ ਜਾ ਰਿਹਾ ਹੈ, ਕਈ ਬੱਚੇ
ਸਿੱਖੀ ਤੋਂ ਦੁਰ ਹੁੰਦੇ ਜਾ ਰਹੇ ਹਨ। ਜੇਕਰ ਕੋਈ ਬੱਚਾ ਗੁਰੂ ਘਰ ਵਿੱਚ ਆਵੇ ਤਾਂ ਉਹ ਇਹ ਨਾ
ਕਹੇ ਕਿ ਮੈਨੂੰ ਬਾਹਰ ਜਾਣਾ ਹੈ, ਬਲਕਿ ਉਸ ਦੀ ਹਰੇਕ ਸਰੀਰਕ ਤੇ ਮਾਨਸਿਕ ਲੋੜ ਗੁਰਦੁਆਰਾਂ
ਸਾਹਿਬ ਵਿੱਚ ਹੀ ਪੂਰੀ ਹੋਣੀ ਚਾਹੀਦੀ ਹੈ, ਤਾਂ ਜੋ ਉਹ ਗੁਰੂ ਘਰ ਨਾਲ ਪੂਰਨ ਤੌਰ ਤੇ ਜੁੜ
ਜਾਵੇ।
ਜੇਹੜੇ ਮਨੁੱਖ ਆਪਣੇ ਹਿਰਦੇ ਵਿੱਚ ਸਬਦ ਗੁਰੂ ਦਾ ਆਦਰ ਸਤਿਕਾਰ ਟਿਕਾ ਲੈਂਦੇ ਹਨ, ਅਕਾਲ
ਪੁਰਖੁ ਦੀ ਮਿਹਰ ਨਾਲ ਜਗਤ ਵਿੱਚ ਉਨ੍ਹਾਂ ਦਾ ਆਦਰ ਸਤਿਕਾਰ ਹੋਣਾ ਸ਼ੁਰੂ ਹੋ ਜਾਂਦਾ ਹੈ।
ਜਦੋਂ ਕੋਈ ਵਡਭਾਗੀ ਬੰਦੇ ਗੁਰੂ ਦੇ ਸ਼ਬਦ ਦਾ ਸੁਆਦ ਜਾਣ ਲੈਂਦੇ ਹਨ, ਤਾਂ ਉਹ ਆਪਣੇ ਆਤਮਕ
ਜੀਵਨ ਨੂੰ ਪਛਾਣਦੇ ਹਨ, ਪਰਖਦੇ ਤੇ ਪੜਤਾਲਦੇ ਰਹਿੰਦੇ ਹਨ।
ਜਿਸ ਥਾਂ ਅਕਾਲ ਪੁਰਖੁ ਦਾ ਨਾਮੁ ਜਪਿਆ ਜਾਂਦਾ ਹੈ, ਉਹ ਥਾਂ ਭਾਗਾਂ ਵਾਲਾ ਹੋ ਜਾਂਦਾ ਹੈ,
ਉਥੇ ਵੱਸਣ ਵਾਲੇ ਵੀ ਭਾਗਾਂ ਵਾਲੇ ਬਣ ਜਾਂਦੇ ਹਨ, ਕਿਉਂਕਿ ਜਿਸ ਥਾਂ ਅਕਾਲ ਪੁਰਖੁ ਦੀ ਕਥਾ,
ਵੀਚਾਰ ਤੇ ਸਿਫ਼ਤਿ ਸਾਲਾਹ ਬਹੁਤ ਹੁੰਦੀ ਰਹਿੰਦੀ ਹੈ, ਉਹ ਥਾਂ ਆਤਮਕ ਆਨੰਦ ਤੇ ਆਤਮਕ ਅਡੋਲਤਾ
ਦਾ ਟਿਕਾਣਾ ਅਤੇ ਸੋਮਾ ਬਣ ਜਾਂਦਾ ਹੈ।
ਗੁਰਬਾਣੀ ਹੀ ਅਕਾਲ ਪੁਰਖੁ ਦੇ ਮਿਲਾਪ ਦਾ ਸਥਾਨ ਹੈ, ਗੁਰਬਾਣੀ ਹੀ ਇੱਕ ਦਰਵਾਜਾ ਜਿਸ
ਦੁਆਰਾ ਅਕਾਲ ਪੁਰਖੁ ਦੇ ਘਰ ਵਿੱਚ ਪ੍ਰਵੇਸ਼ ਕਰ ਸਕਦੇ ਹਾਂ, ਗੁਰਬਾਣੀ ਹੀ ਇੱਕ ਸਾਧਨ ਜਿਸ
ਦੁਆਰਾ ਅਕਾਲ ਪੁਰਖੁ ਨਾਲ ਮਿਲਾਪ ਹੋ ਸਕਦਾ ਹੈ।
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜੇਹੜਾ ਮਨੁੱਖ ਆਤਮਕ ਅਡੋਲਤਾ ਵਿੱਚ ਟਿਕ ਕੇ ਅਕਾਲ ਪੁਰਖੁ
ਦੇ ਪ੍ਰੇਮ ਰੰਗ ਵਿੱਚ ਜੀਵਨ ਬਿਤੀਤ ਕਰਦਾ ਹੈ, ਉਹ ਮਨੁੱਖ ਅਕਾਲ ਪੁਰਖੁ ਦੇ ਗੁਣ ਆਪਣੇ ਅੰਦਰ
ਵਸਾ ਲੈਂਦਾ ਹੈ।
ਗੁਰੂ ਦਾ ਦਰ ਸਭ ਤੋਂ ਸ੍ਰੇਸ਼ਟ ਹੈ, ਗੁਰੂ ਦੇ ਦਰ ਤੇ ਰਹਿ ਕੇ ਹੀ ਮਨੁੱਖ ਅਕਾਲ ਪੁਰਖੁ ਦੀ
ਸਿਫ਼ਤਿ ਸਾਲਾਹ ਕਰ ਸਕਦਾ ਹੈ, ਤੇ ਗੁਰੂ ਦੇ ਦਰ ਤੇ ਰਹਿ ਕੇ ਹੀ ਹਿਰਦੇ ਵਿੱਚ ਅਕਾਲ ਪੁਰਖੁ ਦਾ
ਦਰਸਨ ਹੁੰਦਾ ਹੈ।
ਅਕਾਲ ਪੁਰਖੁ ਦਾ ਨਾਮੁ ਹੀ ਆਤਮਕ ਜੀਵਨ ਦੇਣ ਵਾਲਾ ਅੰਮ੍ਰਿਤੁ ਹੈ, ਜੋ ਕਿ ਪਵਿਤਰ ਜਲ ਦੀ
ਤਰ੍ਹਾਂ ਹੈ, ਪਰੰਤੂ ਅਕਾਲ ਪੁਰਖੁ ਦਾ ਇਹ ਨਾਮੁ ਗੁਰੂ ਦੇ ਦਰ ਤੋਂ ਹੀ ਮਿਲ ਸਕਦਾ ਹੈ।
ਜਿਸ ਮਨੁੱਖ ਨੂੰ ਅਕਾਲ ਪੁਰਖੁ ਆਪਣੀ ਸਿਫ਼ਤਿ ਸਾਲਾਹ ਦੀ ਬਾਣੀ ਸੁਣਾਉਂਦਾ ਹੈ, ਤੇ ਸੱਚੀ
ਬਾਣੀ ਸੁਣਨ ਲਈ ਪ੍ਰੇਰਦਾ ਹੈ, ਉਹ ਮਨੁੱਖ ਗੁਰੂ ਦੇ ਦਰ ਤੇ ਪਹੁੰਚ ਕੇ ਆਤਮਕ ਆਨੰਦ ਮਾਣਦੇ
ਰਹਿੰਦੇ ਹਨ।
ਜਿਸ ਮਨੁੱਖ ਨੂੰ ਅਕਾਲ ਪੁਰਖੁ ਗੁਰੂ ਦੇ ਦਰ ਤੇ ਪਹੁੰਚਾ ਦਿੰਦਾ ਹੈ, ਉਸ ਮਨੁੱਖ ਨੂੰ
ਵਿਚਾਰ ਕਰਨ ਦੀ ਸੋਝੀ ਆ ਜਾਂਦੀ ਹੈ। ਫਿਰ ਉਹ ਮਨੁੱਖ ਗੁਰੂ ਦੇ ਸਬਦ ਦੁਆਰਾ ਅਕਾਲ ਪੁਰਖੁ ਦੇ
ਨਾਮੁ ਨਾਲ ਜੁੜਦਾ ਹੈ ਤੇ ਆਤਮਕ ਆਨੰਦ ਮਾਣਦਾ ਰਹਿੰਦਾ ਹੈ।
ਜੇਕਰ ਅਸੀਂ ਆਪਣੀ ਮਾਇਆ ਵਾਲੀ ਤ੍ਰਿਸ਼ਨਾ ਮਿਟਾਣਾ ਚਾਹੁੰਦੇ ਹਾਂ ਤੇ ਜੀਵਨ ਵਿੱਚ ਆਨੰਦ
ਹਾਸਲ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਸਬਦ ਗੁਰੂ ਦਾ ਓਟ ਆਸਰਾ ਲੈਣਾਂ ਪਵੇਗਾ।
ਗੁਰੂ ਦੇ ਸਬਦ ਦੀ ਵੀਚਾਰ ਦੁਆਰਾ ਸੇਵਾ ਕਰਨ ਨਾਲ ਤੇ ਗੁਰੂ ਦੀ ਸਰਨ ਪਿਆਂ ਮਨੁੱਖ ਨੂੰ
ਸਦਾ ਆਤਮਕ ਆਨੰਦ ਮਿਲਦਾ ਰਹਿੰਦਾ ਹੈ। ਚੰਗਾ ਆਚਰਨ ਤੇ ਸਬਰ ਸੰਤੋਖ, ਇਹ ਸਭ ਕੁੱਝ ਸਬਦ ਗੁਰੂ
ਦੇ ਦਰ ਤੇ ਹੀ ਮਿਲਦਾ ਹੈ।
ਗੁਰੂ ਦੇ ਦਰ ਤੇ ਆ ਕੇ ਉਹੀ ਮਨੁੱਖ ਜੀਵਨ ਦਾ ਸਹੀ ਰਸਤਾ ਸਮਝਦਾ ਹੈ, ਜਿਸ ਨੂੰ ਅਕਾਲ
ਪੁਰਖੁ ਆਪ ਸਮਝ ਬਖ਼ਸ਼ਦਾ ਹੈ।
ਅਕਾਲ ਪੁਰਖੁ ਉਨ੍ਹਾਂ ਮਨੁੱਖਾਂ ਦਾ ਬਾਣੀ ਗਾਉਣਾ ਅਤੇ ਸੁਣਨਾ ਕਬੂਲ ਕਰਦਾ ਹੈ, ਜਿਨ੍ਹਾਂ
ਨੇ ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ ਜਾਣ ਕੇ ਉਸ ਉਤੇ ਅਮਲ ਕੀਤਾ ਹੈ।
ਗੁਰਦੁਆਰਾ ਸਾਹਿਬ ਵਿੱਚ ਹਰ ਮਨੁੱਖ ਨੂੰ ਜੀਵਨ ਵਿੱਚ ਪੂਰਣਤਾ ਹਾਸਲ ਕਰਨ ਦੀ ਸਿਖਲਾਈ ਦੇ
ਪ੍ਰਬੰਧ ਹੋਣੇ ਚਾਹੀਦੇ ਹਨ।
ਹਰੇਕ ਮਨੁੱਖ ਨੇ ਸ਼ਬਦ ਗੁਰੂ ਦੁਆਰਾ, ਅਗਿਆਨਤਾ ਦੇ ਅੰਧੇਰੇ ਵਿਚੋਂ ਬਾਹਰ ਨਿਕਲਣਾ ਹੈ, ਤੇ
ਸ਼ਬਦ ਗੁਰੂ ਨਾਲ ਆਪਣੀ ਸਾਂਝ ਕਾਇਮ ਕਰਨੀ ਹੈ। ਜੇਕਰ ਅਸੀਂ ਆਪਣਾ ਮਨੁੱਖਾ ਜਨਮ ਸਫਲ ਬਣਾਉਂਣਾ
ਚਾਹੁੰਦੇ ਹਾਂ ਤਾਂ ਸਾਨੂੰ ਸ਼ਬਦ ਗੁਰੂ, ਗੁਰੂ ਗਰੰਥ ਸਾਹਿਬ ਨਾਲ ਸਬੰਧ ਬਣਾਉਂਣਾ ਪਵੇਗਾ।
ਜਪੁਜੀ ਸਾਹਿਬ ਦੇ ਅੰਤ ਵਿੱਚ ਪੰਜ ਖੰਡਾਂ ਦਾ ਜਿਕਰ ਹੈ: (੧) ਧਰਮ ਖੰਡ,
(੨) ਗਿਆਨ ਖੰਡ, (੩) ਸਰਮ ਖੰਡ (ਉਦਮ ਅਵਸਥਾ), (੪) ਕਰਮ ਖੰਡ (ਬਖਸ਼ਸ਼ ਅਵਸਥਾ), (੫) ਸੱਚ ਖੰਡ
(ਅਕਾਲ ਪੁਰਖ ਨਾਲ ਇੱਕ ਰੂਪ ਹੋਣ ਦੀ ਅਵਸਥਾ)
ਗੁਰਦੁਆਰਾਂ ਸਾਹਿਬ ਦਾ ਮੰਤਵ ਹੈ ਕਿ ਮਨੁੱਖ ਨੂੰ ਸਭ ਤੋਂ ਪਹਿਲਾ ਸੱਚੀ
ਬਾਣੀ ਦੁਆਰਾ ਅਸਲੀ ਧਰਮ ਖੰਡ ਸਬੰਧੀ ਜਾਣਕਾਰੀ ਦੇਣੀ ਹੈ। ਫਿਰ ਸਬਦ ਗੁਰੂ ਦੁਆਰਾ ਅਕਾਲ ਪੁਰਖੁ
ਸਬੰਧੀ ਗਿਆਨ ਦੇ ਕੇ ਗਿਆਨ ਖੰਡ ਵਿੱਚ ਪ੍ਰਵੇਸ਼ ਕਰਵਾਉਂਣਾ ਹੈ। ਸਬਦ ਗੁਰੂ ਦੁਆਰਾ ਜੀਵਨ ਦੀ ਜੁਗਤੀ
ਸਮਝਾ ਕੇ, ਤੇ ਮਨ ਵਿੱਚ ਉਦਮ ਪੈਦਾ ਕਰਨਾ ਤੇ ਸਰਮ ਖੰਡ ਦੀ ਅਵਸਥਾ ਵਲ ਜਾਣ ਦਾ ਮਾਗਰ ਸਮਝਾਣਾ ਹੈ।
ਇਸ ਤੋਂ ਬਾਅਦ ਕਰਮ ਖੰਡ ਤੇ ਸੱਚ ਖੰਡ ਦੀ ਅਵਸਥਾ ਸਬੰਧੀ ਜਾਣਕਾਰੀ ਸਬਦ ਗੁਰੂ ਦੁਆਰਾ ਗੁਰਦੁਆਰਾ
ਸਾਹਿਬਾਂ ਵਿੱਚ ਸਾਂਝੀ ਤਾਂ ਕੀਤੀ ਜਾ ਸਕਦੀ ਹੈ, ਪਰੰਤੂ ਉਹ ਅਵਸਥਾ ਹਾਸਲ ਕਰਨ ਲਈ ਹਰੇਕ ਮਨੁੱਖ ਨੇ
ਸਬਦ ਗੁਰੂ ਦੁਆਰਾ ਆਪਣੇ ਉਪਰਾਲੇ ਆਪ ਹੀ ਕਰਨੇ ਹਨ।
ਗੁਰੂ ਸਾਹਿਬ ਨੇ ਤਾਂ ਸਾਨੂੰ ਸੱਚ ਖੰਡ ਦੀ ਅਵਸਥਾ ਤਕ ਪਹੁੰਚਣ ਦਾ ਮਾਰਗ
ਸਮਝਾਇਆ ਹੈ, ਪਰੰਤੂ ਸਾਡੇ ਗੁਰਦੁਆਰਾ ਸਾਹਿਬਾਂ ਵਿੱਚ ਤਾਂ ਗਿਆਨ ਖੰਡ ਵਿੱਚ ਪ੍ਰਵੇਸ਼ ਕਰਨ ਸਬੰਧੀ
ਵੀ ਕੋਈ ਸਿਖਿਆ ਸਾਂਝੀ ਨਹੀਂ ਕੀਤੀ ਜਾਂਦੀ ਹੈ। ਜਿਆਦਾਤਰ ਲੋਕ ਤਾਂ ਧਰਮ ਖੰਡ ਵਿੱਚ ਪ੍ਰਵੇਸ਼ ਕਰਨ
ਦੀ ਬਜਾਏ, ਰਵਾਇਤਾਂ ਵਿੱਚ ਹੀ ਗਵਾਚੇ ਰਹਿੰਦੇ ਹਨ। ਇਹੀ ਕਾਰਨ ਹੈ ਕਿ ਉਹ ਭਟਕਦੇ ਰਹਿੰਦੇ ਹਨ ਤੇ
ਕਈ ਲੋਕ ਖੰਡੇ ਕੀ ਪਾਹੁਲ ਲੈਣ ਤੋਂ ਬਾਅਦ ਵੀ ਸਿਖੀ ਵੀ ਤਿਆਗ ਦਿੰਦੇ ਹਨ। ਜਿਹੜਾ ਮਨੁੱਖ ਇੱਕ ਵਾਰੀ
ਗਿਆਨ ਖੰਡ ਵਿੱਚ ਪ੍ਰਵੇਸ਼ ਕਰ ਜਾਂਦਾ ਹੈ, ਫਿਰ ਉਹ ਨਾ ਤਾਂ ਭਟਕਦਾ ਹੈ ਤੇ ਨਾ ਹੀ ਉਸ ਦੀ ਸਿਖੀ ਨੂੰ
ਤਿਆਗਣ ਦੀ ਸੰਭਾਵਨਾ ਰਹਿ ਜਾਂਦੀ ਹੈ।
ਮੰਨੈ ਮਾਰਗਿ ਠਾਕ ਨ ਪਾਇ॥ ਮੰਨੈ ਪਤਿ ਸਿਉ ਪਰਗਟੁ ਜਾਇ॥ ਮੰਨੈ ਮਗੁ ਨ ਚਲੈ
ਪੰਥੁ॥ ਮੰਨੈ ਧਰਮ ਸੇਤੀ ਸਨਬੰਧੁ॥ ਐਸਾ ਨਾਮੁ ਨਿਰੰਜਨੁ ਹੋਇ॥ ਜੇ ਕੋ ਮੰਨਿ ਜਾਣੈ ਮਨਿ ਕੋਇ॥ ੧੪॥
(੩)
ਇਸ ਲਈ ਸਾਡੇ ਗੁਰਦੁਆਰਾਂ ਸਾਹਿਬਾਂ ਵਿੱਚ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ
ਗੁਰਬਾਣੀ ਅਨੁਸਾਰ ਬਹੁਤ ਭਾਰੀ ਸੁਧਾਰ ਕਰਨ ਦੀ ਲੋੜ ਹੈ ਤਾਂ ਜੋ ਨੌਜਵਾਨਾਂ ਦਾ ਭਟਕਣਾ ਰੋਕਿਆ ਜਾ
ਸਕੇ ਤੇ ਉਨ੍ਹਾਂ ਨੂੰ ਜੀਵਨ ਦਾ ਸਹੀ ਮਾਗਰ ਸਮਝਾਇਆ ਜਾ ਸਕੇ। ਸਤਸੰਗਤਿ ਸਤਿਗੁਰੂ ਦੀ ਪਾਠਸ਼ਾਲਾ
(ਸਕੂਲ) ਹੈ, ਜਿਥੇ ਅਕਾਲ ਪੁਰਖੁ ਦੇ ਗੁਣ ਸਿਖਾਏ ਜਾਂਦੇ ਹਨ
ਸਤਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ॥
(੧੩੧੬)
ਬੱਚੇ ਜਦੋਂ ਸਕੂਲ ਜਾਂਦੇ ਹਨ ਤਾਂ ਉਹ ਆਪਣੀਆਂ ਕਾਪੀਆਂ, ਕਿਤਾਬਾਂ, ਪੈਨ,
ਪੈਨਸਲ ਨਾਲ ਲੈ ਕੇ ਜਾਂਦੇ ਹਨ। ਅਧਿਆਪਕ ਜੋ ਵੀ ਪੜਾਉਂਦਾ ਹੈ, ਬੱਚੇ ਉਸ ਨੂੰ ਨਾਲ ਨਾਲ ਨੋਟ ਕਰਦੇ
ਹਨ, ਘਰ ਜਾਂ ਕੇ ਉਸ ਨੂੰ ਦੁਬਾਰਾ ਪੜ੍ਹਕੇ ਯਾਦ ਕਰਦੇ ਹਨ। ਅਸੀਂ ਵੀ ਸਤਿਗੁਰੂ ਦੀ ਪਾਠਸ਼ਾਲਾ ਭਾਵ
ਗੁਰਦੁਆਰਾ ਸਾਹਿਬ ਜਾਂਦੇ ਹਾਂ। ਕੀ ਅਸੀਂ ਕਦੇ ਆਪਣੇ ਨਾਲ ਕਾਪੀ, ਪੈਨ, ਪੈਨਸਲ ਲੈ ਕੇ ਗਏ ਹਾਂ,
ਤਾਂ ਜੋ ਗੁਰਬਾਣੀ ਰਾਹੀ ਦੱਸੀ ਗਈ ਮਤ ਨੋਟ ਕਰ ਸਕੀਏ? ਗੁਰਦੁਆਰਾ ਸਾਹਿਬ ਵਿੱਚ ਜੋ ਸ਼ਬਦ ਗਾਇਨ ਕੀਤਾ
ਗਿਆ, ਗੁਰਮਤਿ ਵਿਚਾਰ ਦੱਸੀ ਗਈ, ਗੁਰ ਇਤਿਹਾਸ ਸਬੰਧੀ ਜਾਣਕਾਰੀ ਦਿਤੀ ਗਈ, ਕੀ ਅਸੀਂ ਕਦੇ ਘਰ ਆ ਕੇ
ਉਸ ਨੂੰ ਦੁਬਾਰਾ ਪੜ੍ਹਕੇ ਯਾਦ ਕਰਦੇ ਹਨ?
ਜਿਹੜੇ ਬੱਚੇ ਸਬਕ ਯਾਦ ਨਹੀਂ ਕਰਦੇ ਹਨ, ਅਧਿਆਪਕ ਉਨ੍ਹਾਂ ਨੂੰ ਸਜਾ ਦਿੰਦਾ
ਹੈ, ਉਹ ਫੇਲ ਹੋ ਜਾਂਦੇ ਹਨ। ਜੇ ਕਰ ਗੁਰਬਾਣੀ ਨੂੰ ਘਰ ਆ ਕੇ ਉਸ ਨੂੰ ਦੁਬਾਰਾ ਪੜ੍ਹਦੇ ਨਹੀਂ,
ਸਮਝਦੇ ਨਹੀਂ ਤੇ ਵਿਚਾਰਦੇ ਨਹੀਂ, ਤਾਂ ਅਸੀਂ ਗੁਰੂ ਸਾਹਿਬ ਕੋਲ ਕਿਵੇਂ ਪਰਵਾਨ ਹੋ ਸਕਦੇ ਹਾਂ।
ਸਿਖਿਆ ਤਾਂ ਹੀ ਮਿਲ ਸਕਦੀ ਹੈ, ਜੇਕਰ ਸਕੂਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਵਿੱਚ ਵੀ ਗੁਰਬਾਣੀ
ਪੜ੍ਹਾਈ, ਲਿਖਾਈ, ਸਮਝਾਈ ਤੇ ਉਸ ਸਬੰਧੀ ਪ੍ਰੈਕਟੀਕਲ ਜਾਣਕਾਰੀ ਦਿਤੀ ਜਾਵੇ।
ਕਿਹੋ ਜਿਹੇ ਇਕੱਠ ਨੂੰ ਸਤਿਸੰਗਤਿ ਸਮਝਣਾ ਚਾਹੀਦਾ ਹੈ? ਗੁਰਬਾਣੀ ਵਿੱਚ
ਸਪੱਸ਼ਟ ਕਰਕੇ ਸਮਝਾ ਦਿਤਾ ਗਿਆ ਹੈ। ਸਤਿਸੰਗਤਿ ਉਹ ਹੈ, ਜਿਥੇ ਸਿਰਫ ਅਕਾਲ ਪੁਰਖੁ ਦਾ ਨਾਮੁ ਸਲਾਹਿਆ
ਜਾਂਦਾ ਹੈ। ਸਤਿ ਸੰਗਤਿ ਵਿੱਚ ਸਿਰਫ ਅਕਾਲ ਪੁਰਖੁ ਦਾ ਨਾਮੁ ਜਪਣਾ ਹੀ ਉਸ ਦਾ ਹੁਕਮ ਹੈ। ਨਾਮੁ ਤੇ
ਹੁਕਮੁ ਦੀ ਸੋਝੀ ਸਿਰਫ ਸਤਿਗੁਰੂ ਹੀ ਦੇ ਸਕਦਾ ਹੈ।
ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥ ਏਕੋ ਨਾਮੁ ਹੁਕਮੁ ਹੈ
ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥ ੫॥ (੭੨)
ਜੇ ਕਰ ਜੀਵਨ ਦੀ ਸਚਾਈ ਜਾਨਣਾਂ ਚਾਹੁੰਦੇ ਹਾਂ, ਤਾਂ ਗੁਰਬਾਣੀ ਨੂੰ
ਪੜ੍ਹਨਾਂ, ਸੁਣਨਾਂ, ਸਮਝਣਾ, ਤੇ ਆਪਣੇ ਨਿਜੀ ਜੀਵਨ ਵਿੱਚ ਅਪਨਾਉਂਣਾ ਪਵੇਗਾ। ਆਪਣੇ ਹਿਰਦੇ ਅੰਦਰ
ਵਸਦੇ ਅਕਾਲ ਪੁਰਖੁ ਬਾਰੇ ਖੋਜਣਾਂ ਪਵੇਗਾ। ਗੁਰੂ ਦਾ ਸਿੱਖ ਹਰ ਰੋਜ਼ ਅਰਦਾਸ ਦੇ ਅੰਤ ਵਿੱਚ ਗੁਰੂ
ਗੋਬਿੰਦ ਸਿੰਘ ਜੀ ਦੇ ਆਖਰੀ ਹੁਕਮੁ ਨੂੰ ਦੁਹਰਾਉਂਦਾ ਹੈ। ਜਿਸ ਵਿੱਚ ਅਕਾਲ ਪੁਰਖੁ ਨੂੰ ਸ਼ਬਦ ਗੁਰੂ,
ਗੁਰੂ ਗਰੰਥ ਸਾਹਿਬ ਵਿਚੋਂ ਖੋਜਣ ਲਈ ਹਦਾਇਤ ਕੀਤੀ ਗਈ ਹੈ।
"ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ"
|
(ਡਾ: ਸਰਬਜੀਤ ਸਿੰਘ) |
(Dr. Sarbjit Singh) |
|
|
ਆਰ ਐਚ ੧/ਈ - ੮, ਸੈਕਟਰ - ੮, |
RH1 / E-8, Sector-8, |
|
|
ਵਾਸ਼ੀ, ਨਵੀਂ ਮੁੰਬਈ - ੪੦੦੭੦੩. |
Vashi, Navi Mumbai - 400703. |
|
|
|
Email =
[email protected]
|
|
|
|
Web =
http://www.geocities.ws/sarbjitsingh |
|
|
|
http://www.sikhmarg.com/article-dr-sarbjit.html
|
|
|
. |