.

ਗੁਰਬਾਣੀ ਦੇ ਚਾਨਣ ਵਿਚ ‘ਅਖਾਣ’

(ਕਿਸ਼ਤ ਨੰ:11)

ਵੀਰ ਭੁਪਿੰਦਰ ਸਿੰਘ

51. ਰੋਮ-ਰੋਮ ਵਿਚ ਸਮਾਉਣਾ (ਗੂੜਾ ਪਿਆਰ ਹੋਣਾ/ਦਿਲ ’ਚ ਵੱਸ ਜਾਣਾ):

ਜਦੋਂ ਕਿਸੇ ਦੀ ਗੱਲ ਸਾਡੇ ਮਨ ਨੂੰ ਭਾਉਂਦੀ ਹੈ ਤਾਂ ਉਹ ਸਾਡੇ ਦਿਲ ’ਚ ਘਰ ਕਰ ਜਾਂਦੀ ਹੈ, ਸਾਡਾ ਉਸ ਨਾਲ ਪਿਆਰ ਵੱਧਦਾ ਜਾਂਦਾ ਹੈ। ਗੂੜਾ ਪਿਆਰ ਪੈ ਜਾਵੇ ਤਾਂ ਉਸ ਪਿਆਰੇ ਦੀਆਂ ਗੱਲਾਂ, ਪਹਿਰਾਵਾ ਸਭ ਕਾਜ ਉਸੀ ਅਨੁਸਾਰ ਕਰਣ ਲਗ ਪੈਦੇ ਹਾਂ। ਸਾਡਾ ਅੰਗ-ਅੰਗ, ਰੋਮ-ਰੋਮ ਉਸੀ ਦੀ ਪਸੰਦਗੀ ਵਾਲੇ ਕਰਮ ਕਰਦਾ ਹੈ।

ਧਾਰਮਕ ਦੁਨੀਆ ’ਚ ਸਤਿਗੁਰ ਸੱਜਣ, ਮਿੱਤਰ ਪਿਆਰੇ ਦੀ ਭਾਉਂਦੀ ਕਾਰ ਕਮਾਉਣਾ ਤਦੋਂ ਹੀ ਹੁੰਦਾ ਹੈ, ਜਦੋਂ ਸਾਡੇ ਮਨ ਵਿਚ ਸਤਿਗੁਰ ਦੀ ਗੱਲ ਘਰ ਕਰ ਜਾਂਦੀ ਹੈ। ਸਾਡੇ ਮਨ ਨੂੰ ਭਾਉਂਦੀ ਹੈ ਤਾਂ ਸਾਡਾ ਅੰਗ-ਅੰਗ, ਰੋਮ-ਰੋਮ ਉਸੇ ਗੱਲ, ਦੱਸੀ ਕਾਰ ਅਨੁਸਾਰ ਚਲਣਾ ਚਾਹੁੰਦਾ ਹੈ। ਸਤਿਗੁਰ ਦੀ ਗੱਲ ਦਾ ਦਿਲ ’ਚ ਵੱਸ ਜਾਣਾ ਸੱਚੇ, ਗੂੜੇ ਪਿਆਰ ਦਾ ਲਖਾਇਕ ਹੁੰਦਾ ਹੈ। ਇਸੇ ਅਵਸਥਾ ’ਚ ਸਾਰੇ ਅੰਗ ਸੱਚੀ ਕਾਰ ਕਮਾਉਂਦੇ ਹਨ, ਇਹੋ ‘ਰੋਮ-ਰੋਮ ਵਿੱਚ ਸਮਾਉਣਾ’ ਕਹਿਲਾਉਂਦਾ ਹੈ।

52. ਵੇਖ-ਵੇਖ ਜਿਊਣਾ (ਬਹੁਤ ਪਿਆਰ ਕਰਨਾ):

ਮਾਂ ਦਾ ਬੱਚੇ ਨਾਲ ਨਿਸ਼ਕਾਮ ਪਿਆਰ ਹੁੰਦਾ ਹੈ। ਸੱਚੀ-ਸੁੱਚੀ ਪਿਆਰ ਦੀ ਭਾਵਨਾ ਕਾਰਨ ਮਾਂ ਬੱਚੇ ਨੂੰ ਵੇਖ-ਵੇਖ ਖੀਵੀ ਹੁੰਦੀ ਹੈ ਮਾਨੋ ਜਿਊਂਦੀ ਹੀ ਇਸੇ ਹੁਲਾਰੇ ’ਚ ਹੈ ਕਿ ਮੇਰਾ ਬੱਚਾ ਵੱਧਦਾ, ਫੁੱਲਦਾ, ਖਾਂਦਾ, ਪੀਂਦਾ ਵਿਗਸਦਾ ਹੈ। ਜਿਸ ਨਾਲ ਸਾਡਾ ਪਿਆਰ ਹੋਵੇ ਉਸਨੂੰ ਵੇਖ-ਵੇਖ ਜਿਊਣ ਦਾ ਭਾਵਅਰਥ ਹੁੰਦਾ ਹੈ ਕਿ ਸਾਡਾ ਉਸ ਨਾਲ ਸੱਚਾ ਪਿਆਰ ਹੈ। ਹੂਬਹੂ ਇਸੇ ਤਰਾਂ ਜਦੋਂ ਸਾਨੂੰ ਸਤਿਗੁਰ ਦੀ ਮਤ ਪਸੰਦ ਆਉਂਦੀ ਹੈ ਤਾਂ ਸਾਡਾ ਮਨ ਵਿਗਾਸ ਖੇੜੇ ’ਚ ਆਉਂਦਾ ਹੈ, ਇਸੇ ਅਵਸਥਾ ਨੂੰ ਮਨ ਦੀਆਂ ਅੱਖਾਂ ਨਾਲ ਰੱਬ ਨੂੰ ਵੇਖ ਕੇ ਜਿਊਣਾ ਕਹਿੰਦੇ ਹਨ। ਆਪਣੇ ਪਿਆਰੇ ਬਿਨਾ ਜਿਵੇਂ ਕੋਈ ਮਰ ਹੀ ਜਾਂਦਾ ਹੈ, ਤਿਵੇਂ ਹੀ ਰੱਬ (ਸਤਿਗੁਰ)ਬਿਨਾ ਅਸੀਂ ਅੰਦਰੋਂ ਜਿਊਂਦੇ ਹੀ ਨਹੀਂ ਰਹਿੰਦੇ। ਸਤਿਗੁਰ ਦੀ ਮਤ ਲੈ ਕੇ ਅਸੀਂ ਜਿਊਂਦੇ ਹਾਂ ਵਰਨਾ ਆਤਮਕ ਮੌਤ ਵਾਪਰ ਜਾਂਦੀ ਹੈ।

ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉ ॥ (ਗੁਰੂ ਗ੍ਰੰਥ ਸਾਹਿਬ, ਪੰਨਾ 94)

53. ਵੇਖ ਲੈਣਾ (ਸਮਝ ਲੈਣਾ):

ਕਿਸੀ ਮਨੁੱਖ ਨੂੰ ਇਹ ਕਹਿਣਾ ਕਿ ਤੈਨੂੰ ਮੈਂ ਵੇਖ ਲਵਾਂਗਾ ਇਸ ਦਾ ਭਾਵ ਇਤਨਾ ਹੀ ਹੁੰਦਾ ਹੈ ਕਿ ਤੈਨੂੰ ਮੈਂ ਬਾਦ ਵਿਚ ਸਮਝਾਵਾਂਗਾ, ਨਿਬਟਾਵਾਂਗਾ ਆਦਿ। ਪਰ ਕਿਸੀ ਬਾਰੇ ਇਹ ਕਹਿਣਾ ਕਿ ਉਸਨੂੰ ਮੈਂ ਵੇਖਿਆ ਹੈ, ਭਾਵ ਮੈਂ ਉਸ ਬਾਰੇ ਜਾਣਦਾ ਹਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ’ਚ ਸਪਸ਼ਟ ਕੀਤਾ ਹੈ ਕਿ ਰੱਬ (ਸਤਿਗੁਰ) ਦਾ ਕੋਈ ਰੂਪ, ਰੰਗ, ਰੇਖ-ਭੇਖ ਨਹੀਂ ਹੈ। ਇਸ ਕਰਕੇ ਰੱਬ ਜੀ ਬਾਰੇ ਸਤਿਗੁਰ ਦੀ ਮਤ ਰਾਹੀਂ ਵੇਖ ਲੈਣਾ ਦਾ ਭਾਵ ਹੈ ਸਮਝ ਲੈਣਾ। ਮਨ ਦੀਆਂ ਅਖਾਂ ਨਾਲ ਸੱਚ ਦਾ ਗਿਆਨ ਲੈ ਕੇ ਰੱਬ ਜੀ ਨੂੰ ਹਰੇਕ ਥਾਂ ਮਹਿਸੂਸ ਕਰਨਾ ਹੁੰਦਾ ਹੈ। ਮਨ ਕੀ ਮਤ ਤਿਆਗ ਕੇ ਸਤਿਗੁਰ ਦੀ ਮੱਤ ਲੈਣਾ ਹੀ ਸਤਿਗੁਰ ਦਾ ਦਰਸ਼ਨ ਕਰਨਾ ਹੁੰਦਾ ਹੈ। ਸਿੱਟੇ ਵਜੋਂ ਮਨੁੱਖ ਨੂੰ ਹਰੇਕ ਥਾਂ, ਹਰੇਕ ਮਨੁੱਖ ’ਚ ਰੱਬ ਦਾ ਨੂਰ ਮਹਿਸੂਸ ਹੁੰਦਾ ਹੈ।

54. ਵੇਖਦਿਆਂ ਰਹਿਣਾ (ਪਹਿਰਾ ਦੇਣਾ, ਧਿਆਨ ਦੇਣਾ):

ਜਦੋਂ ਅਸੀਂ ਨਿੱਕੇ ਬੱਚੇ ਦਾ ਧਿਆਨ ਕਰਦੇ ਹਾਂ ਕਿ ਉਹ ਮੰਜੇ ਤੋਂ ਡਿਗ ਨ ਪਵੇ ਜਾਂ ਸੱਟ ਨ ਲੱਗ ਜਾਵੇ ਤਾਂ ਇਸੇ ਕਿਰਿਆ ਨੂੰ ਵੇਖਦਿਆਂ ਰਹਿਣਾ ਕਹਿੰਦੇ ਹਨ। ਧਾਰਮਕ ਬੋਲੀ ਵਿਚ ਜਦੋਂ ਸੱਚੇ ਗਿਆਨ ਨੂੰ ਮਨ ’ਚ ਵਸਾ ਕੇ ਉਸ ਅਨੁਸਾਰ ਅਮਲੀ ਜੀਵਨ ਜਿਊਣਾ ਚਾਹੁੰਦੇ ਹਾਂ ਤਾਂ ਇਸ ਅਵਸਥਾ ’ਚ ਸੱਚ ਤੇ ਪਹਿਰਾ ਦੇਣਾ ਹੀ ‘ਵੇਖਦਿਆਂ ਰਹਿਣਾ’ ਕਹਿਲਾਉਂਦਾ ਹੈ। ਰੱਬ ਜੀ ਨੂੰ ਜਾਂ ਸਤਿਗੁਰ ਨੂੰ ‘ਵੇਖਦਿਆਂ ਰਹਿਣ’ ਦਾ ਭਾਵ ਇਹੋ ਹੈ ਕਿ ਰੱਬੀ ਗੁਣਾਂ ਨੂੰ ਜਿਊਣ ਲਈ ਆਪਣੇ ਮਨ ਵਿੱਚ ਸੱਚ ਤੇ ਪਹਿਰਾ ਦੇਣਾ, ਸਤਿਗੁਰ ਨੂੰ ਧਿਆਨ ’ਚ ਰਖਣਾ।

55. ਵੇਖਣ ਵਾਲੀ ਅੱਖ ਨ ਹੋਣਾ (ਪਰਖਣ ਦਾ ਗੁਣ ਨ ਹੋਣਾ):

ਜਦੋਂ ਸੱਚ ਅਤੇ ਝੂਠ, ਸਰ-ਅਪਸਰ, ਚੰਗੇ-ਮੰਦੇ ਦੀ ਪਛਾਣ ਵਾਲੀ ਅਕਲ, ਸੂਝ-ਬੂਝ ਨਹੀਂ ਹੁੰਦੀ ਤਾਂ ਇਸੇ ਅਵਸਥਾ ’ਚ ਮਨ ਕੋਲ ਪਰਖਣ ਵਾਲੀ ਅੱਖ ਦਾ ਗੁਣ ਨਹੀਂ ਹੁੰਦਾ। ਸੱਚ-ਝੂਠ, ਚੰਗੇ-ਮੰਦੇ ਨੂੰ ਪਰਖਣ ਵਾਲੇ ਗੁਣ (ਬਿਬੇਕ ਬੁੱਧੀ) ਨਾਲ ਮਨੁੱਖ ਆਪਣੇ ਗੁਣਾਂ ਨੂੰ ਵਧਾਉਂਦਾ ਹੈ ਅਤੇ ਅਵਗੁਣਾਂ ਨੂੰ ਪਰਖ-ਪਰਖ ਕੇ ਆਪਣੇ ’ਚੋਂ ਊਣਤਾਈਆਂ ਘਟਾਉਂਦਾ ਜਾਂਦਾ ਹੈ ‘ਇਸਨੂੰ ਵੇਖਣ ਵਾਲੀ ਅੱਖ’ ਕਹਿੰਦੇ ਹਨ। ਜੇ ਆਪਣੇ ਅਵਗੁਣ ਨਾ ਸਮਝੀਏ ਤਾਂ ਉਹ ਘੱਟਦੇ ਵੀ ਨਹੀਂ ਹਨ। ਇਸੇ ਨੂੰ ‘ਵੇਖਣ ਵਾਲੀ ਅੱਖ ਨਾ ਹੋਣਾ’ ਕਹਿੰਦੇ ਹਨ।

ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥ (ਗੁਰੂ ਗ੍ਰੰਥ ਸਾਹਿਬ, ਪੰਨਾ 922)




.