ਗੁਰਬਾਣੀ ਦੇ ਚਾਨਣ ਵਿਚ ‘ਅਖਾਣ’
(ਕਿਸ਼ਤ ਨੰ:12)
ਵੀਰ ਭੁਪਿੰਦਰ ਸਿੰਘ
56. ਵੇਖਣ ਵਾਲੀ ਅੱਖ:
ਜਦੋਂ ਸਾਡੇ ਮਨ ਨੂੰ ਸਤਿਗੁਰ ਦੀ ਮਤ ਰਾਹੀਂ ‘ਵੇਖਣ ਵਾਲੀ ਅੱਖ’ (ਸਮਝ,
ਬੂਝ, ਸੁਰਤ, ਬੁੱਧੀ) ਪ੍ਰਾਪਤ ਹੁੰਦੀ ਹੈ ਤਾਂ ਜ਼ਾਤ-ਪਾਤ, ਗੋਰਾ-ਕਾਲਾ, ਰੰਗ-ਲਿੰਗ ਜੈਸੇ ਵਿਤਕਰੇ
ਤੋਂ ਉਪਰ ਉੱਠ ਜਾਂਦੇ ਹਾਂ ਕਿਉਂਕਿ ਸਭ ਦੇ ਦਿਲਾਂ ’ਚ ਬੈਠੇ ਸ਼ਾਹ ਬਹਿਰਾਮ ਨੂੰ ਵੇਖਣ ਦੀ ਅੱਖ ਮਿਲ
ਜਾਂਦੀ ਹੈ।
ਦੁਇ ਦੁਇ ਲੋਚਨ ਪੇਖਾ ॥ ਹਉ ਹਰਿ ਬਿਨੁ ਅਉਰੁ ਨ ਦੇਖਾ ॥
(ਗੁਰੂ ਗ੍ਰੰਥ ਸਾਹਿਬ, ਪੰਨਾ 655)
ਜੋ ਕੋਈ ਵੀ ਮਨ ਕੀ ਮਤ ਨੂੰ ਛੱਡ ਕੇ ਸਤਿਗੁਰ ਦੀ ਮੱਤ ਦਾ ਨਜ਼ਰੀਆ (ਨਦਰ,
ਕਰਮ) ਲੈਣਾ ਸਿਖਦਾ ਹੈ, ਉਸਨੂੰ ਸੱਚ-ਝੂਠ ਦਾ ਨਿਤਾਰਾ ਕਰਣ ਦੀ ਜਾਚ ਆਂਦੀ ਜਾਂਦੀ ਹੈ। ਬਿਬੇਕ
ਬੁੱਧੀ ਪ੍ਰਾਪਤ ਹੁੰਦੀ ਹੈ, ਬੁੱਧੀ ਤੀਖਣ ਹੁੰਦੀ ਜਾਂਦੀ ਹੈ ਅਤੇ ਪਰਖਣ ਦਾ ਗੁਣ ਵੱਧਦਾ ਜਾਂਦਾ ਹੈ।
ਪਰਖਣ ਦਾ ਭਾਵ ਕਿਸੇ ਮਨੁੱਖ ਬਾਰੇ ਚੰਗੀ-ਮੰਦੀ ਰਾਏ ਬਣਾਉਣਾ ਬਿਲਕੁਲ ਨਹੀਂ ਹੈ।
57. ਵੇਖ ਕੇ ਭੁੱਖ ਲਹਿਣਾ (ਮਨ ਕਰਕੇ ਤ੍ਰਿਪਤ ਹੋਣਾ/ਰੱਜਣਾ):
ਜਦੋਂ ਕਿਸੀ ਦੀ ਸੁੰਦਰਤਾ ਦੀ ਵਡਿਆਈ ਕਰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ
ਫਲਾਣੇ ਨੂੰ ਵੇਖ ਕੇ ਤਾਂ ਮੇਰੀ ਭੁੱਖ ਲਹਿ ਗਈ। ਧਾਰਮਕ ਦੁਨੀਆ ’ਚ ਰੱਬ ਜੀ ਨੂੰ ‘ਸੁੰਦਰ’ ਪ੍ਰੀਤਮ
ਲਾਲ ਰੰਗੀਲੇ, ਮੋਹਨ ਕਿਹਾ ਜਾਂਦਾ ਹੈ, ਜਿਸ ਨੇ ਸਾਡੇ ਮਨ ਨੂੰ ਮੋਹ ਲਿਆ।
ਮੋਹਨ ਮੋਹਿ ਲੀਆ ਮਨੁ ਮੇਰਾ ਸਮਝਸਿ ਸਬਦੁ ਬੀਚਾਰੇ ॥
(ਗੁਰੂ ਗ੍ਰੰਥ ਸਾਹਿਬ, ਪੰਨਾ 1197)
ਰੱਬ ਜੀ ਦਾ ਸੱਚਾ ਗਿਆਨ (ਸਤਿਗੁਰੂ) ਲੈਣਾ ਹੀ ਵੇਖਣਾ, ਦਰਸ਼ਨ ਕਰਨਾ ਹੁੰਦਾ
ਹੈ, ਜਿਸਦਾ ਸਦਕਾ ਮਨ ਦੀ ਭੁੱਖ ਲੱਥ ਜਾਂਦੀ ਹੈ। ਮਨ ਤ੍ਰਿਸ਼ਨਾ ਕਾਰਨ ਭਟਕਣੋਂ ਬਚ ਜਾਂਦਾ ਹੈ,
ਸੰਤੋਖੀ ਹੋ ਜਾਂਦਾ ਹੈ। ਮਨ ਦੀਆਂ ਮੰਗਾਂ ਖ਼ਾਹਿਸ਼ਾਂ ਵਿੱਚ ਕੋਮਲਤਾ ਭਰਪੂਰ ਠਹਿਰਾਵ ਆ ਜਾਂਦਾ ਹੈ।
ਸੁੰਦਰ ਰੱਬ ਦਾ ਸੁੰਦਰ ਫਲਸਫਾ (ਸਤਿਗੁਰ) ਵੇਖਣ ਸਾਰ ਭਾਵ ਸਮਝਣ, ਜਿਊਣ ਨਾਲ ਮਨ ਦਾ ਰੱਜ ਜਾਣਾ ਹੀ
‘ਵੇਖ ਕੇ ਭੁੱਖ ਲਹਿਣਾ’ ਕਹਿਲਾਉਂਦਾ ਹੈ।
58. ਵਖਤ ਵੀਚਾਰਨਾ:
ਰੱਬ ਜੀ ਨੂੰ ‘ਅਕਾਲ ਮੂਰਤ’ ਪ੍ਰਚਾਰਿਆ ਜਾਂਦਾ ਹੈ ਜਿਸ ਉੱਤੇ ਸਮੇਂ ਦਾ
ਪ੍ਰਭਾਵ ਨਹੀਂ। ਸ੍ਰਿਸ਼ਟੀ ਦੀ ਹਰੇਕ ਚੀਜ਼ ਅਤੇ ਮਨੁੱਖ ਦੇ ਸ਼ਰੀਰ ਉੱਤੇ ਸਮੇਂ ਦੇ ਪ੍ਰਭਾਵ ਕਾਰਨ ਉਸਦਾ
ਬਿਨਸਣਾ ਕੁਦਰਤ ਦਾ ਅਟਲ ਨਿਯਮ ਹੈ। ਆਮਤੌਰ ’ਤੇ ਸਮੇਂ ਦੀ ਕਦਰ ਕਰਣ ਨਾਲ ਕਾਮਯਾਬੀ ਅਤੇ ਚੰਗੀ ਸਿਹਤ
ਦੀ ਪ੍ਰਾਪਤੀ ਹੁੰਦੀ ਹੈ।
ਧਾਰਮਿਕ ਦੁਨੀਆ ’ਚ ਜੀਵਨ ਨੂੰ ਸਰੰਜਾਮ (ਚੰਗੇ ਕੀਮਤੀ ਉਸਾਰੂ) ਕੰਮ ਲਈ
ਵਰਤਣਾ ਹੀ ‘ਵਖਤ ਵੀਚਾਰਨਾ’ ਕਹਿਲਾਉਂਦਾ ਹੈ। ਜੇ ਕਰ ਅਸੀਂ ਆਪਣੇ ਜੀਵਨ ਨੂੰ
"ਅਨਕਾਏ ਰਾਤੜਿਆ" ਵਾਲੇ
ਕੰਮਾਂ ’ਚ ਜ਼ਾਇਆ ਕਰਦੇ ਹਾਂ, ਸਰੀਰਕ ਦੇਹ ਅਧਿਆਸ ਅਤੇ ਪਰਿਵਾਰਕ ਸੁਆਰਥਾਂ ਤਕ ਮਹਿਦੂਦ ਰਹਿੰਦੇ ਹਾਂ
ਤਾਂ ਅਸੀਂ ਮਨੁੱਖੀ ਸ਼ਰੀਰ ’ਚ ਹੁੰਦਿਆਂ ਵੀ ਪਸ਼ੁਤਾ ਵਾਲਾ ਜੀਵਨ ਜਿਊਂਦੇ ਹਾਂ, ਭਾਵ ਮਨੁੱਖਤਾ ਵਾਲੇ
ਜੀਵਨ ਤੋਂ ਵਾਂਝੇ ਰਹਿ ਜਾਂਦੇ ਹਾਂ। ਮਨੁੱਖਤਾ ਭਰਪੂਰ ਗੁਣਾਂ ਨੂੰ ਅਪਨਾਉਣ ਲਈ ਸਤਿਗੁਰ ਦੀ ਮਤ
ਅਨੁਸਾਰ ਜੀਵਨ ਜਿਊਣਾ ਹੀ ‘ਵਖਤੁ ਵੀਚਾਰੇ ਸੁ ਬੰਦਾ ਹੋਇ’ ਹੁੰਦਾ ਹੈ।
59. ਭਵਜਲ ਤਰਨਾ:
ਸਾਡਾ ਸਾਰਾ ਜੀਵਨ ਨਿੱਕੇ-ਨਿੱਕੇ ਡਰਾਂ ’ਚ ਬੀਤਦਾ ਹੈ। ਉਮਰ ਦੇ ਹਰੇਕ ਪੜਾਅ
’ਤੇ ਕੋਈ ਨ ਕੋਈ ਡਰ ਅਸੀਂ ਇਕੱਠਾ ਕਰਦੇ ਰਹਿੰਦੇ ਹਾਂ। ਨਿੱਕੀਆਂ-ਨਿੱਕੀਆਂ ਅਨੇਕਾਂ ਬੂੰਦਾਂ ਦੇ
ਨਾਲ ਨਦੀ ਤੋਂ ਸਮੁੰਦਰ ਬਣਦਾ ਹੈ, ਉਸੀ ਤਰਾਂ ਨਿੱਕੇ-ਨਿੱਕੇ ਅਨੇਕਾਂ ਡਰਾਂ ਨਾਲ ਸਾਡਾ ਜੀਵਨ ਡਰ
ਭਰਿਆ ਸਮੁੰਦਰ ਬਣ ਜਾਂਦਾ ਹੈ, ਇਸੇ ਨੂੰ ਭਵਜਲ ਭੈ-ਸਾਗਰ (ਭੈ + ਜਲ) ਕਹਿੰਦੇ ਹਨ। ਵਿਕਾਰਾਂ ਕਾਰਨ
ਡਰਪੋਕ ਹੋ ਜਾਣਾ ਹੀ ‘ਭਵਜਲ ’ਚ ਡੁੱਬਣਾ’ ਹੁੰਦਾ ਹੈ ਅਤੇ ਨਿਰਭਉ ਰੱਬ ਨਾਲ ਜੁੜ ਕੇ ਨਿਰਭਉ ਹੋ
ਜਾਣਾ ਹੀ - ‘ਭਵਜਲ ਤਰਨਾ’ ਕਹਿਲਾਉਂਦਾ ਹੈ।
60. ਮਾਤ ਬਾਂਝ (ਮਤ ਦਾ ਬਾਂਝ ਹੋਣਾ - ਚੰਗੇ ਖਿਆਲ ਨਾ ਬਣਨਾ):
ਜੋ ਇਸਤਰੀ ਬੱਚਾ ਪੈਦਾ ਨਹੀਂ ਕਰ ਸਕਦੀ ਉਸ ਨੂੰ ਦੁਨੀਆ ਬਾਂਝ ਕਹਿੰਦੀ ਹੈ।
ਗੁਰਬਾਣੀ ’ਚ ਕਈ ਜਗ੍ਹਾ ਮਨੁੱਖ ਦੀ ਮਤ ਨੂੰ ਹੀ ਮਾਤ, ਘਰ ਕੀ ਨਾਰ, ਗੀਹਨ, ਮਾਇ, ਮਾਈ ਜਾਂ ਮਾਂ
ਕਿਹਾ ਗਿਆ ਹੈ। ਹਰੇਕ ਮਨੁੱਖ ਦੀ ਮਨ ਕੀ ਮਤ (ਕੁਚਜੀ) ਨੂੰ ਜਦੋਂ ਸਤਿਗੁਰ ਦੀ ਮਤ ਮਿਲੇ ਤਾਂ ਉਸਨੂੰ
ਸੁਚੱਜੀ ਮਾਂ (ਮਤ) ਵਾਲਾ ਕਹਿੰਦੇ ਹਨ। ਜੋ ਮਨ ਕੀ ਮਤ ਪਿੱਛੇ ਤੁਰਦਾ ਹੈ ਉਸਨੂੰ ਚੰਗੇ, ਸਦਗੁਣੀ,
ਸੁਚੱਜੇ ਨਿਰਮਲ ਕਰਮਾਂ ਵਾਲੇ ਖਿਆਲ ਉੱਪਜਦੇ ਹੀ ਨਹੀਂ ਹਨ। ਇਸੀ ਅਵਸਥਾ ਨੂੰ ‘ਮਤ ਦਾ ਬਾਂਝ’ (ਮਾਤ
ਬਾਂਝ) ਹੋਣਾ ਕਹਿੰਦੇ ਹਨ।