ਜਿੱਡਾ ਵੱਡਾ ਗੱਪੀ ਉੱਡਾ ਵੱਡਾ ਮਹਾਂਪੁਰਸ਼
ਅੰਨੀ ਸ਼ਰਧਾ ਵਾਲੇ ਸਿੱਖ ਕਿਸੇ ਨਾ
ਕਿਸੇ ਕਥਿਤ ਮਹਾਂਪੁਰਸ਼ ਤੇ ਜਰੂਰ ਆਸਥਾ ਰੱਖਦੇ ਹਨ। ਅਜਿਹੇ ਕਥਿਤ ਮਹਾਂਪੁਰਸ਼ਾਂ ਨੇ ਬੋਲ ਕੇ ਜਾਂ
ਲਿਖ ਕੇ ਜੋ ਕੁੱਝ ਵੀ ਕਿਹਾ ਹੁੰਦਾ ਹੈ, ਉਸ ਦੇ ਸ਼ਰਧਾਲੂ ਉਸ ਨੂੰ ਪੱਥਰ ਤੇ ਲੀਕ ਸਮਝਦੇ ਹਨ। ਉਹ
ਇਹੀ ਸਮਝਦੇ ਹਨ ਕਿ ਸਾਰੀ ਦੁਨੀਆਂ ਗਲਤ ਹੋ ਸਕਦੀ ਹੈ ਪਰ ਸਾਡੇ ਮਹਾਂਪੁਰਸ਼ ਗਲਤ ਨਹੀਂ ਹੋ ਸਕਦੇ।
ਕਿਉਂਕਿ ਉਨ੍ਹਾਂ ਦੀ ਨਾਮ ਦੀ ਕਮਾਈ ਬਹੁਤ ਸੀ। ਉਹ ਇਤਨਾ ਨਾਮ ਜਪਦੇ ਸੀ ਜਾਂ ਇਤਨੀਆਂ ਬਾਣੀਆਂ
ਪੜ੍ਹਦੇ ਸੀ। ਤਕਰੀਬਨ ਹਰ ਇਕ ਕਥਿਤ ਮਹਾਂਪੁਰਸ਼ ਨਾਲ ਕਈ ਕਰਾਮਾਤੀ ਕਹਾਣੀਆਂ ਜੁੜੀਆਂ ਹੋਈਆਂ ਹਨ।
ਕਈਆਂ ਨੇ ਤਾਂ ਖੁਦ ਆਪ ਹੀ ਅਜਿਹੀਆਂ ਅਨਹੋਣੀਆਂ ਗੱਲਾਂ ਜਾਂ ਕਰਾਮਾਤਾਂ ਬਾਰੇ ਲਿਖਿਆ ਜਾਂ ਬੋਲਿਆ
ਹੋਇਆ ਹੈ ਅਤੇ ਕਈ ਇਨਹਾਂ ਦੇ ਸ਼ਰਧਾਲੂਆਂ ਨੇ ਇਨ੍ਹਾਂ ਬਾਰੇ ਲਿਖਿਆ ਹੈ।
ਅੱਜ ਕੱਲ ਜੇ ਕਰ ਕੋਈ ਪ੍ਰਚਾਰਕ ਕੋਈ ਮਾੜੀ-ਮੋਟੀ ਅਕਲ ਦੀ ਗੱਲ ਦੱਸਣ ਦੀ ਕੋਸ਼ਿਸ਼ ਕਰਦਾ ਹੈ ਤਾਂ
ਇਨ੍ਹਾਂ ਕਥਿਤ ਮਹਾਂਪੁਰਸ਼ਾਂ ਦੇ ਸ਼ਰਧਾਲੂ ਉਸ ਪ੍ਰਚਾਰਕ ਦਾ ਰੱਜ ਕੇ ਵਿਰੋਧ ਕਰਦੇ ਹਨ। ਉਨ੍ਹਾਂ
ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹਨ। ਧੱਕਾ-ਮੁੱਕੀ ਜਾਂ ਗਾਲੀ ਗਲੋਚ ਤਾਂ ਹੁਣ ਆਮ ਹੀ ਗੱਲ
ਹੋ ਗਈ ਹੈ। ਆਮ ਹਿੰਸਕ ਬੂਝੜਾਂ ਦੀ ਗੱਲ ਤਾਂ ਛੱਡੋ ਹੁਣ ਤਾਂ ਕਈ ਪੜ੍ਹੇ ਲਿਖੇ ਵੀ ਇਹ ਗੱਲਾਂ ਕਰਨ
ਲੱਗ ਪਏ ਹਨ ਕਿ ਇਹ ਪ੍ਰਚਾਰਕ ਕੌਮ ਵਿਚ ਦੁਬਿਧਾ ਪਉਂਦੇ ਹਨ ਅਤੇ ਬੇਲੋੜੇ ਸ਼ੰਕੇ ਖੜੇ ਕਰਦੇ ਹਨ।
ਕੂੜ ਗ੍ਰੰਥਾਂ ਵਿਚ ਲਿਖੀਆਂ ਗੁਰੂਆਂ ਦੀਆਂ ਨਿਰਾਦਰੀ ਵਾਲੀਆਂ ਗੱਲਾਂ ਨੂੰ ਇਹ ਮਾਂ ਦੇ ਦੁੱਧ ਵਾਂਗ
ਅੰਮ੍ਰਿਤ ਜਾਣ ਕੇ ਪੀ ਜਾਂਦੇ ਹਨ ਅਤੇ ਜਾਂ ਫਿਰ ਸ਼ਰਧਾ ਵੱਸ ਆਪਣੇ ਹੀ ਅਰਥ ਘੜ ਲੈਂਦੇ ਹਨ।
ਗੁਰਬਾਣੀ ਦੀਆਂ ਪੰਗਤੀਆਂ ਦੇ ਇਹ ਅੱਖਰੀ ਅਰਥ ਕਰਕੇ ਹਿੰਦੂ ਮਿਥਿਹਾਸ ਦੀਆਂ ਸਾਰੀਆਂ ਗੱਪ ਕਹਾਣੀਆਂ
ਨੂੰ ਠੀਕ ਮੰਨਦੇ ਹਨ ਕਿਉਂਕਿ ਇਨ੍ਹਾਂ ਦੇ ਕਥਿਤ ਮਹਾਂਪੁਰਸ਼ ਮੰਨਦੇ ਹੁੰਦੇ ਸਨ।
ਇਨ੍ਹਾਂ ਕਥਿਤ ਮਹਾਂਪੁਰਸ਼ਾ ਨਾਲ ਸੰਬੰਧਿਤ ਸਿੱਖਾਂ ਨੇ ਯੂ-ਟਿਊਬ ਚੈਨਲ ਤੇ ਬਹੁਤ ਸਾਰੀਆਂ
ਵੀਡੀਓ ਬਣਾ ਕੇ ਪਾਈਆਂ ਹੋਈਆਂ ਹਨ। ਇਨ੍ਹਾਂ ਦੇ ਥੱਲੇ ਕੁਮਿੰਟਸ ਕਰਨ ਵਾਲਿਆਂ ਨੇ ਗਾਲ੍ਹਾਂ ਦੀ
ਬੁਛਾੜ ਕਰਕੇ ਵਿਰੋਧੀ ਵਿਚਾਰ ਵਾਲਿਆਂ ਦੀ ਮਾਂ-ਧੀ ਇਕ ਕੀਤੀ ਹੋਈ ਹੁੰਦੀ ਹੈ। ਇਹ ਬਾਹਰੋਂ ਦੇਖਣ
ਨੂੰ ਸਿੱਖ ਲਗਦੇ ਹਨ ਪਰ ਕੁਮਿੰਟਸ ਪੜ੍ਹ ਕੇ ਦੇਖੋ ਤਾਂ ਨਿਰੇ ਗੁੰਡੇ ਲਗਦੇ ਹਨ। ਅਸਲ ਵਿਚ ਜਿਸ
ਗੁੰਡੇ ਸਾਧ ਨੂੰ ਸਰਕਾਰ ਕੇ ਖੁਦ ਗੁੰਡਾ ਬਣਾ ਕੇ ਸਿੱਖੀ ਦੇ ਵਿਹੜੇ ਵਿਚ ਸੁੱਟਿਆ ਸੀ ਉਸ ਦੀਆਂ
ਸਪੀਚਾਂ ਸੁਣ-ਸੁਣ ਕੇ ਉਸੇ ਤਰ੍ਹਾਂ ਦੇ ਗੁੰਡੇ ਬਣਦੇ ਜਾ ਰਹੇ ਹਨ। ਇਸ ਤਰ੍ਹਾਂ ਦੇ ਲੋਕਾਂ ਨੂੰ
ਗੁੰਡੇ ਬਣਾਉਣ ਵਿਚ ਸਾਡੇ ਪ੍ਰਚਾਰਕਾਂ ਦਾ ਅਤੇ ਵਿਦਵਾਨਾ ਦਾ ਵੀ ਕਸੂਰ ਕੋਈ ਘੱਟ ਨਹੀਂ ਹੈ। ਇਹ ਵੀ
ਥੋੜੇ ਸਮੇ ਲਈ ਆਪਣੀ ਵਾਹ-ਵਾਹ ਕਰਵਾਉਣ ਲਈ ਝੂਠੀਆਂ ਸਿਫਤਾਂ ਕਰਨ ਵਿਚ ਪਿੱਛੇ ਨਹੀਂ ਰਹਿੰਦੇ।
ਆਪਣੇ ਕਥਿਤ ਮਹਾਂਪੁਰਸ਼ਾਂ ਦੀ ਵਡਿਆਈ ਕਰਨ ਵਾਲੇ ਅਤੇ ਆਪਣੇ ਵਿਰੋਧੀਆਂ ਨੂੰ ਨਾਸਤਕ ਅਤੇ ਹੋਰ
ਤਰ੍ਹਾਂ-ਤਰ੍ਹਾਂ ਦੇ ਫਤਵੇ ਦੇਣ ਵਾਲੇ ਕਈ ਇਹ ਸਮਝਦੇ ਹਨ ਕਿ ਇਨ੍ਹਾਂ ਨੇ ਤਾਂ ਆਹ ਕੁੱਝ ਪੜ੍ਹਿਆ
ਸੁਣਿਆਂ ਹੀ ਨਹੀਂ ਜੇ ਕਰ ਇਨ੍ਹਾਂ ਨੇ ਪੜ੍ਹਿਆ ਸੁਣਿਆ ਹੁੰਦਾ ਤਾਂ ਇਹ ਇਸ ਤਰ੍ਹਾਂ ਦੀਆਂ ਗੱਲਾਂ ਨਾ
ਕਰਦੇ। ਇਕ ਵੀਡੀਓ ਵਿਚ ਭਾਈ ਰਣਧੀਰ ਸਿੰਘ ਦੇ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਇਕ ਵਿਆਕਤੀ ਕਹਿ
ਰਿਹਾ ਸੀ ਕਿ ਤੁਸੀਂ ਭਾਈ ਰਣਧੀਰ ਸਿੰਘ ਦੀ ਆਹ ਕਿਤਾਬ (ਅਣਡਿੱਠੀ ਦੁਨੀਆਂ) ਪੜ੍ਹੋ ਫਿਰ ਪਤਾ
ਚੱਲੇਗਾ ਕਿ ਅੱਗੇ ਕੀ ਹੁੰਦਾ ਹੈ। ਇਸ ਤਰ੍ਹਾਂ ਕਈ ਭਾਈ ਗਿ: ਸੰਤ ਸਿੰਘ ਮਸਕੀਨ ਦੀ ਵਡਿਆਈ ਵਿਚ
ਦੇਵਤਿਆਂ ਅਤੇ ਭੂਤਾਂ ਪ੍ਰੇਤਾਂ ਦੀਆਂ ਗੱਲਾਂ ਕਰਕੇ ਇਨ੍ਹਾਂ ਨੂੰ ਮਾਨਤਾ ਦੇ ਰਹੇ ਹਨ।
ਭਿੰਡਰਾਂਵਾਲੇ ਗੁੰਡੇ ਸਾਧ ਦੀ ਵਡਿਆਈ ਤਾਂ ਤਕਰੀਬਨ ਸਾਰੇ ਹੀ ਕਪਟੀ ਅਤੇ ਬੇਈਮਾਨ ਸਿੱਖ ਕਰਦੇ ਹੀ
ਹਨ ਅਤੇ ਹੋਰ ਸਾਧਾਂ ਦੇ ਚੇਲੇ ਵੀ ਆਪਣੇ ਸਾਧ ਨੂੰ ਸਭ ਤੋਂ ਸਿਆਣਾ ਅਤੇ ਅਲੌਕਿਕ ਸ਼ਕਤੀਆਂ ਦਾ ਮਾਲਕ
ਸਮਝਦੇ ਹਨ। ਇਹ ਭਾਵੇਂ ਕਲੇਰਾਂ ਵਾਲੇ ਹੋਣ, ਮਸਤੂਆਣੇ ਵਾਲੇ, ਰਾਮਪੁਰ ਖੇੜੇ ਵਾਲੇ ਜਾਂ ਇਸ ਤਰ੍ਹਾਂ
ਦੇ ਕੋਈ ਹੋਰ।
ਉਂਜ ਤਾਂ ਮੈਂ ਪਹਿਲਾਂ ਵੀ ਕਈ ਵਾਰੀ ਲਿਖਿਆ ਸੀ ਅਤੇ ਦੱਸਿਆ ਸੀ ਕਿ ਮੈਂ ਤਕਰੀਬਨ ਇਨ੍ਹਾਂ ਸਾਰਿਆਂ
ਹੀ ਕਥਿਤ ਮਹਾਂਪੁਰਸ਼ਾਂ ਦੇ ਸ਼ਰਧਾਲੂਆਂ ਨੂੰ ਬਹੁਤ ਨੇੜੇ ਹੋ ਕੇ ਦੇਖਿਆ ਹੈ। ਇਨ੍ਹਾਂ ਨਾਲ
ਸੰਬੰਧਿਤ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ। ਭਾਈ ਰਣਧੀਰ ਸਿੰਘ ਦੀਆਂ ਤਕਰੀਬਨ ਸਾਰੀਆਂ ਹੀ
ਕਿਤਾਬਾਂ ਪੜ੍ਹੀਆਂ ਹਨ ਅਤੇ ਮੇਰੇ ਕੋਲ ਵੀ ਹਨ। ਕੁੱਝ ਸਮਾ ਇਨ੍ਹਾਂ ਕਿਤਾਬਾਂ ਦੀ ਪ੍ਰਭਾਵ ਵੀ
ਕਬੂਲਿਆ ਸੀ। ਸਾਰੇ ਕਰਮਕਾਂਡ ਅਤੇ ਪਖੰਡ ਵੀ ਕਰਕੇ ਦੇਖੇ ਹਨ। ਸੁੱਚ ਭਿੱਟ ਵੀ ਰੱਜ ਕੇ ਕਰਕੇ ਦੇਖੀ
ਹੈ। ਲੋਹੇ ਦੇ ਭਾਂਡਿਆਂ ਵਿਚ ਖਾਣਾ ਖਾ ਕੇ ਵੀ ਦੇਖਿਆ ਹੈ। ਇਸੇ ਤਰ੍ਹਾਂ ਮਸਕੀਨ ਦੀਆਂ ਪੰਜਾਹ ਤੋਂ
ਉਪਰ ਕੈਸਿੱਟ ਟੇਪਾਂ ਸੁਣੀਆਂ ਸਨ ਅਤੇ ਉਨ੍ਹਾਂ ਦੀਆਂ ਕੁੱਝ ਕਿਤਾਬਾਂ ਵੀ ਮੇਰੇ ਕੋਲ ਹਨ। ਉਸ ਨੂੰ
ਕਈ ਵਾਰੀ ਮਿਲਿਆਂ ਵੀ ਹਾਂ। ਭਿੰਡਰਾਂਵਾਲੇ ਸਾਧ ਦੀਆਂ ਵੀ ਦਰਜਨ ਤੋਂ ਉਪਰ ਕੈਸਿੱਟ ਟੇਪਾਂ ਸੁਣੀਆਂ
ਸਨ। ਕਲੇਰਾਂ ਵਾਲੇ ਨੰਦ ਸਿੰਘ ਦਾ ਇਕ ਖਾਸ ਸ਼ਰਧਾਲੂ ਸਾਡੇ ਸ਼ਹਿਰ ਦੇ ਗੁਰਦੁਆਰੇ ਵਿਚ ਕਾਫੀ ਸਮਾ
ਗ੍ਰੰਥੀ ਰਿਹਾ ਸੀ ਉਸ ਨੂੰ ਵੀ ਬਹੁਤ ਨੇੜੇ ਹੋ ਕਿ ਦੇਖਿਆ ਹੈ। ਮਸਤੂਆਣੇ ਵਾਲੇ ਅਤਰ ਸਿੰਘ ਦੀ ਕਾਫੀ
ਵੱਡੀ ਸਾਰੀ ਕਿਤਾਬ ਮੇਰੇ ਕੋਲ ਹੈ ਅਤੇ ਪੜੀ ਹੋਈ ਹੈ। ਰਾਮ ਪੁਰ ਖੇੜੇ ਵਾਲੇ ਸਾਧ ਦੇ ਚੇਲਿਆਂ ਨੂੰ
ਅਤੇ ਕਲੇਰਾਂ ਵਾਲੇ ਹੋਰ ਸਾਧਾਂ ਦੇ ਚੇਲਿਆਂ ਨੂੰ ਵੀ ਬਹੁਤ ਨੇੜੇ ਹੋ ਕਿ ਦੇਖਿਆ ਹੈ। ਗੱਲ ਕੀ
ਸਿੱਖਾਂ ਦੇ ਬਹੁਤ ਸਾਰੇ ਕਥਿਤ ਮਹਾਂਪੁਰਸ਼ਾਂ ਬਾਰੇ ਮੈਂ ਖੁਦ ਬਹੁਤ ਕੁੱਝ ਪੜ੍ਹਿਆ ਹੋਇਆ ਹੈ ਅਤੇ
ਸੁਣਿਆ ਹੋਇਆ ਹੈ। ਇਹ ਤਕਰੀਬਨ ਸਾਰੇ ਹੀ ਇਕ ਦੂਸਰੇ ਤੋਂ ਵੱਧ ਮੂਹਰੇ ਹੋ ਕੇ ਗੱਪਾਂ ਮਾਰਨ ਵਿਚ
ਮਾਹਰ ਹਨ। ਇਨ੍ਹਾਂ ਦੇ ਅੰਨੇ ਸ਼ਰਧਾਲੂ ਇਨ੍ਹਾਂ ਦੀਆਂ ਮਾਰੀਆਂ ਗੱਪਾਂ ਨੂੰ ਅਸਲੀ ਗੁਰਮਤਿ ਕਰਕੇ
ਪ੍ਰਚਾਰਦੇ ਹਨ। ਇਹ ਸਾਰੇ ਇਹੀ ਸਮਝਦੇ ਹਨ ਕਿ ਸਾਡੇ ਕਥਿਤ ਮਹਾਂਪੁਰਸਾਂ ਦੀ ਕਮਾਈ ਸਭ ਤੋਂ ਵੱਧ ਸੀ
ਅਤੇ ਉਹ ਸਭ ਤੋਂ ਵਧੇਰੇ ਰੱਬ ਦੇ ਨੇੜੇ ਸਨ। ਪਰ ਜੇ ਕਰ ਡੂੰਘਾਈ ਨਾਲ ਸਮਝਿਆ ਜਾਵੇ ਤਾਂ ਅਸਲੀਅਤ
ਕੁੱਝ ਹੋਰ ਹੈ। ਆਓ ਤਾਂ ਜਰਾ ਵਿਚਾਰੀਏ।
ਇਹ ਤਕਰੀਬਨ ਸਾਰੇ ਹੀ 100% ਕਥਿਤ ਮਹਾਂਪੁਰਸ਼ ਅਤੇ ਇਨ੍ਹਾਂ ਦੇ ਅੰਨੇ ਸ਼ਰਧਾਲੂ ਦਸਮ ਗ੍ਰੰਥ ਨਾਮ
ਦੇ ਗੰਦੇ ਪੋਥੇ ਨੂੰ ਮੰਨਦੇ ਹਨ ਜੋ ਕਿ ਮੁੱਖ ਰੂਪ ਵਿਚ ਇਸਤ੍ਰੀਆਂ ਨੂੰ ਘਟੀਆ ਦੱਸ ਕੇ ਇਨ੍ਹਾਂ ਦੀ
ਨਿੰਦਾ ਕਰਦਾ ਹੈ। ਉਸ ਗ੍ਰੰਥ ਵਿਚਲੀਆਂ ਅਸ਼ਲੀਲ ਗੱਲਾਂ ਨੂੰ ਜੇ ਕਰ ਇਕ ਪਾਸੇ ਵੀ ਰੱਖ ਦਈਏ ਤਾਂ ਵੀ
ਉਸ ਵਿਚ ਰੱਬ ਇਸਤ੍ਰੀਆਂ ਨੂੰ ਬਣਾ ਕੇ ਹੀ ਪਛਤਾਉਂਦਾ ਹੈ। ਹੁਣ ਤੁਸੀਂ ਇਹ ਦੱਸੋ ਕਿ ਇਹ ਸਾਰੇ ਕਥਿਤ
ਮਹਾਂਪੁਰਸ਼ ਅਤੇ ਇਨ੍ਹਾਂ ਦੇ ਅੰਨੇ ਸ਼ਰਧਾਲੂ ਇਸਤ੍ਰੀਆਂ ਦੇ ਪੇਟੋਂ ਨਹੀਂ ਜੰਮੇ? ਕੀ ਇਹ ਸਾਰੇ ਇਸ
ਤਰ੍ਹਾਂ ਹੀ ਅਸਮਾਨ ਵਿਚੋਂ ਡਿੱਗੇ ਸਨ, ਦਰਖਤਾਂ ਤੇ ਲੱਗੇ ਸਨ ਜਾਂ ਧਰਤੀ ਵਿਚੋਂ ਉਗੇ ਸਨ? ਉਸੇ
ਗ੍ਰੰਥ ਵਿਚ, ਅਨੂਪ ਕੌਰ ਦੀ ਕਹਾਣੀ ਵਿਚ ਜਿਸ ਨੂੰ ਬਹੁਤੇ ਗੁਰੂਆਂ ਦੀ ਆਪਣੀ ਹੱਡਬੀਤੀ ਦੱਸਦੇ ਹਨ,
ਉਸ ਵਿਚ ਤਾਂ ਇਹ ਵੀ ਲਿਖਿਆ ਹੋਇਆ ਹੈ ਕਿ ਇਸਤ੍ਰੀ ਦਾ ਕੀ ਹੈ ਉਹ ਤਾਂ ਜਿਸ ਮਰਦ ਨੂੰ ਚਾਹੁੰਣ ਲਗਦੀ
ਹੈ ਆਪਣਾ ਗੁਪਤ ਅੰਗ ਨੰਗਾ ਕਰਕੇ ਝੱਟ ਹੀ ਉਸ ਦੇ ਅੱਗੇ ਰੱਖ ਦਿੰਦੀ ਹੈ। ਕੀ ਇਨ੍ਹਾਂ ਦੀਆਂ ਸਾਰੀਆਂ
ਹੀ ਮਾਵਾਂ ਭੈਣਾਂ ਧੀਆਂ ਇਸੇ ਤਰ੍ਹਾਂ ਹੀ ਕਰਦੀਆਂ ਹਨ? ਮਸਕੀਨ ਜੀ ਸਾਰੀ ਉਮਰ ਇਸ ਗ੍ਰੰਥ ਦੇ ਹੱਕ
ਵਿਚ ਪ੍ਰਚਾਰ ਕਰਦੇ ਰਹੇ ਹਨ। ਗਿ: ਭਾਗ ਸਿੰਘ ਨੂੰ ਧੋਖੇ ਨਾਲ ਕਥਿਤ ਤੌਰ ਤੇ ਛੇਕੇ ਜਾਣ ਅਤੇ ਮੁਆਫੀ
ਮੰਗਣ ਲਈ ਇਸ ਨੇ ਅਹਿਮ ਭੂਮਿਕਾ ਨਿਭਾਈ ਸੀ ਅਤੇ ਫਿਰ ਸਾਰੀ ਉਮਰ ਛੇਕੇ ਦੀ ਅਤੇ ਮੁਆਫੀ ਮੰਗਣ ਦੀ
ਦੁਹਾਈ ਪਾਈ ਸੀ। ਭਿੰਡਰਾਂਵਾਲੇ ਸਾਧ ਤਾਂ ਇਸ ਗ੍ਰੰਥ ਦਾ ਬਰਾਬਰ ਪ੍ਰਕਾਸ਼ ਕਰਕੇ ਇਸ ਦੇ ਅਖੰਡ ਪਾਠ
ਵੀ ਕਰਦੇ ਰਹੇ ਹਨ ਸ਼ਾਇਦ ਹਾਲੇ ਵੀ ਕਰਦੇ ਹੋਣ। ਇਨ੍ਹਾਂ ਦੇ ਚੇਲੇ ਤਾਂ ਹੁਣ ਤੱਕ ਇਸ ਗ੍ਰੰਥ ਦਾ
ਵਿਰੋਧ ਕਰਨ ਵਾਲਿਆਂ ਨੂੰ ਗੁੰਡਿਆਂ ਦੀ ਤਰ੍ਹਾਂ ਧਮਕਾਂਉਂਦੇ ਆ ਰਹੇ ਹਨ।
ਇਹ ਸਾਰੇ ਹੀ ਦਸਮ ਗ੍ਰੰਥ ਤੋਂ ਬਿਨਾਂ ਹੋਰ ਸਾਰੇ ਕੂੜ ਗ੍ਰੰਥਾਂ ਨੂੰ ਵੀ ਮੰਨਦੇ ਹਨ। ਕਿਉਂਕਿ ਉਹ
ਸਾਰੇ ਗ੍ਰੰਥ ਵੀ ਅੰਨੀ ਸ਼ਰਧਾ ਪੈਦਾ ਕਰਕੇ ਸ਼ਰਧਾ ਦੇ ਅਧੀਨ ਹੀ ਗੁਰੂਆਂ ਦੀ ਨਿੰਦਾ ਵੀ ਕਰ ਜਾਂਦੇ
ਹਨ। ਜੇ ਕਰ ਕੋਈ ਇਨ੍ਹਾਂ ਗ੍ਰੰਥਾਂ ਵਿਚਲੀਆਂ ਗਲਤ ਗੱਲਾਂ ਵਿਰੁੱਧ ਅਵਾਜ਼ ਉਠਾਏ ਤਾਂ ਇਹ ਸਾਰੇ ਉਸ
ਨੂੰ ਇਤਿਹਾਸ ਦਾ ਵਿਗਾੜ ਦੱਸਦੇ ਹਨ। ਇਨ੍ਹਾਂ ਸਾਰਿਆਂ ਦੀ ਅੰਦਰਖਾਤੇ ਰਾਜਨੀਤਕ ਲੋਕਾਂ ਨਾਲ
ਭਾਈਬੰਦੀ ਹੈ। ਜੇ ਕਰ ਕਿਸੇ ਦੀ ਨਾ ਵੀ ਹੋਵੇ ਤਾਂ ਵੀ ਇਹ ਸਾਰੇ ਅਸਿੱਧੇ ਤੌਰ ਤੇ ਉਨ੍ਹਾਂ ਦੇ ਹੱਕ
ਵਿਚ ਹੀ ਭੁਗਤਦੇ ਹਨ। ਕਿਉਂਕਿ ਇਹ ਸਾਰੇ ਅੰਨੀ ਸ਼ਰਧਾ ਨੂੰ ਹੀ ਆਪਣਾ ਧਰਮ ਸਮਝਦੇ ਹਨ।
ਇਹ ਅੰਨੀ ਸ਼ਰਧਾ ਰਾਜਨੀਤਕ ਲੋਕਾਂ ਨੂੰ ਬਹੁਤ ਸੂਤ ਬੈਠਦੀ ਹੈ। ਇਹ ਰਾਜਨੀਤਕ ਲੋਕ ਅੰਨੀ ਸ਼ਰਧਾ
ਵਾਲਿਆਂ ਦੀ ਮਾਨਸਿਕ ਅਵਸਥਾ ਦਾ ਖੂਬ ਫਾਇਦਾ ਉਠਾਉਂਦੇ ਹਨ। ਇਹ ਇਨ੍ਹਾਂ ਦੀ ਸੋਚ ਨੂੰ ਆਪਣੀ ਮੁੱਠੀ
ਵਿਚ ਬੰਦ ਕਰਕੇ ਰੱਖਦੇ ਹਨ। ਬਾਦਲ ਨੇ ਹੁਣ ਤੱਕ ਇਨ੍ਹਾਂ ਸਾਰਿਆਂ ਦੀ ਸੋਚ ਨੂੰ ਆਪਣੇ ਕਾਬੂ ਵਿਚ
ਰੱਖਿਆ ਹੋਇਆ ਹੈ ਅਤੇ ਖੂਬ ਲੁੱਟਿਆ ਵੀ ਹੈ। ਕੁੱਝ ਹਫਤੇ ਪਹਿਲਾਂ ਨਵੰਬਰ 2019 ਦੇ ਮਹੀਨੇ ਗੁਰੂ
ਨਾਨਕ ਜੀ ਦਾ ਗੁਰਪੁਰਬ ਮਨਾਉਂਦੇ ਹੋਏ ਸਾਰੇ ਭਾਰਤ ਵਿਚ ਨਗਰ ਕੀਰਤਨਾਂ ਰਾਹੀਂ ਅੰਨੀ ਸ਼ਰਧਾ ਵਾਲਿਆਂ
ਤੋਂ, ਛਪੀਆਂ ਖਬਰਾਂ ਮੁਤਾਬਕ ਅਰਬਾਂ ਰੁਪਈਏ ਲੁੱਟ ਲਏ। ਇਸ ਲਈ ਬਾਦਲ ਅਤੇ ਇਸ ਤਰ੍ਹਾਂ ਦੇ ਹੋਰ
ਰਾਜਨੀਤਕ ਲੋਕ ਕਦੀ ਵੀ ਨਹੀਂ ਚਾਹੁੰਣਗੇ ਕਿ ਲੋਕ ਅਕਲਮੰਦ ਬਣਨ। ਜੇ ਲੋਕਾਈ ਅਕਲਮੰਦ ਬਣ ਗਈ ਤਾਂ
ਗੁਰਦੁਆਰਿਆਂ ਦੀਆਂ ਗੋਲਕਾਂ ਕੌਣ ਭਰੂ?
ਇਹ ਸਾਰੇ ਕਥਿਤ ਮਹਾਂਪੁਰਸ਼ਾਂ ਦੇ ਅੰਨੇ ਸ਼ਰਧਾਲੂ ਅਗਲੇ ਪਿਛਲੇ ਜਨਮਾ ਦਾ, ਨਰਕਾਂ ਸੁਰਗਾਂ ਦਾ ਤਾਂ
ਬਹੁਤ ਰੌਲਾ ਪਉਂਦੇ ਹਨ ਅਤੇ ਡਰਾਵੇ ਦਿੰਦੇ ਹਨ ਪਰ ਇਸ ਜਨਮ ਦੀਆਂ ਗਲਤੀਆਂ ਨੂੰ ਢਕਣ ਲੱਗਿਆਂ ਸੌ-ਸੌ
ਮਣ ਦੇ ਕੋਰੇ ਝੂਠ ਬੋਲਣ ਲੱਗੇ ਜਰਾ ਵੀ ਸ਼ਰਮ ਮਹਿਸੂਸ ਨਹੀਂ ਕਰਦੇ। ਭਿੰਡਰਾਂਵਾਲੇ ਸਾਧ ਬਾਰੇ
ਝੂਠੀਆਂ ਕਹਾਣੀਆਂ ਘੜ ਕੇ ਅਤੇ ਜਾਹਲੀ ਕਿਤਾਬਾਂ ਛਪਵਾ ਕੇ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਹਜਾਰਾਂ
ਗੁਣਾਂ ਝੂਠ ਬੋਲ ਕੇ ਵੀ ਕਹਿੰਦੇ ਹਨ ਕਿ ਅਸੀਂ ਹੀ ਸਭ ਤੋਂ ਵੱਧ ਧਰਮੀ ਹਾਂ ਅਤੇ ਦੁਨੀਆਂ ਵਿਚ ਵਸਦੇ
ਸਾਰੇ ਲੋਕ ਅਤੇ ਪ੍ਰਚਾਰਕ ਸਾਡੇ ਕਹਿਣੇ ਵਿਚ ਹੀ ਚੱਲਣ। ਜੇ ਕਰ ਨਹੀਂ ਚੱਲਦੇ ਤਾਂ ਫਿਰ ਅਸੀਂ ਮਾਰ
ਕੁਟਾਈ ਕਰਾਂਗੇ, ਧਮਕੀਆਂ ਦੇਵਾਂਗੇ, ਚਲਦੇ ਦੀਵਾਨਾਂ ਵਿਚ ਖੱਪ ਪਾਵਾਂਗੇ, ਪੱਗਾਂ ਲਾਹਵਾਂਗੇ,
ਗੰਦੀਆਂ ਗਾਲ੍ਹਾਂ ਦੀ ਵਿਛਾੜ ਕਰਾਂਗੇ ਜੇ ਕਰ ਫਿਰ ਵੀ ਨਹੀਂ ਮੰਨਦੇ ਤਾਂ ਕਥਿਤ ਅਕਾਲ ਤਖਤ ਦੇ
ਪੁਜਾਰੀ ਰਾਹੀਂ ਫਤਵੇ ਜਾਰੀ ਕਰਵਾਵਾਂਗੇ।
ਦੂਸਰੇ ਪਾਸੇ ਅਖੰਡ ਕੀਰਤਨੀਏ ਵੀ ਘੱਟ ਨਹੀਂ ਹਨ। ਉਹ ਭਾਵੇ ਇਨ੍ਹਾਂ ਟਕਸਾਲੀਆਂ ਜਿੰਨੇ ਤਾਂ ਨਹੀਂ
ਗਿਰੇ ਪਰ ਫਿਰ ਵੀ ਭਾਈ ਰਣਧੀਰ ਸਿੰਘ ਦੀ ਸੋਚ ਨੂੰ ਹੀ ਸਾਰਿਆਂ ਤੋਂ ਉਪਰ ਮੰਨਦੇ ਹਨ। ਇਹ ਵੀ ਨਰਕ
ਸੁਰਗ, ਸੁੱਚ ਭਿੱਟ ਤੇ ਹੋਰ ਕਰਮਕਾਂਡੀ ਪਖੰਡ ਤੇ ਸਾਰੇ ਬਾਕੀ ਸਾਧਾਂ ਵਰਗੇ ਹੀ ਕਰਦੇ ਹਨ ਪਰ
ਹੱਥੋਪਾਈ ਅਤੇ ਗਾਲੀ ਗਲੋਚ ਉਨੀਂ ਨਹੀਂ ਕਰਦੇ ਜਿਤਨੇ ਟਕਸਾਲੀ ਕਰਦੇ ਹਨ। ਇਨ੍ਹਾਂ ਨੂੰ ਵੀ ਬਹੁਤਾ
ਅਗਲੇ ਪਿਛਲੇ ਜਨਮ ਦਾ ਹੀ ਫਿਕਰ ਹੈ ਇਸ ਜਨਮ ਦਾ ਘੱਟ। ਸੰਨ 1985 ਵਿਚ ਏਅਰ ਇੰਡੀਆ ਦੇ ਜਹਾਜ਼ ਨੂੰ
ਅੱਧ-ਅਸਮਾਨੇ ਬੰਬਾਂ ਨਾਲ ਉਡਾਉਣ ਦੇ ਦੋਸ਼ ਵੀ ਇਨ੍ਹਾਂ ਦੇ ਬੰਦਿਆਂ ਤੇ ਹੀ ਲੱਗੇ ਸਨ। ਇੰਦਰਜੀਤ
ਸਿੰਘ ਰਿਆਤ ਅਤੇ ਉਸ ਦੇ ਘਰਵਾਲੀ ਬਹੁਤ ਸੋਹਣਾ ਕੀਰਤਨ ਕਰ ਲੈਂਦੇ ਸਨ। ਇਸ ਇੰਦਰਜੀਤ ਸਿੰਘ ਰਿਆਤ
ਨੂੰ ਕੋਰਟ ਨੇ ਦੋ ਵਾਰੀ ਸਜ਼ਾ ਦਿੱਤੀ ਸੀ। ਇਕ ਵਾਰੀ ਬੰਬ ਬਣਾਉਣ ਦੇ ਦੋਸ਼ ਵਿਚ ਅਤੇ ਦੂਸਰੀ ਵਾਰੀ
ਕੋਰਟ ਵਿਚ ਝੂਠ ਬੋਲਣ ਦੇ ਦੋਸ਼ ਵਿਚ। ਜਦੋਂ ਕੋਰਟ ਵਿਚ ਝੂਠ ਬੋਲਣ ਦਾ ਦੋਸ਼ੀ ਪਾਇਆ ਗਿਆ ਤਾਂ
ਮੀਡੀਏ ਵਿਚ ਸਿੱਖਾਂ ਦੀ ਖੂਬ ਮਿੱਟੀ ਪਲੀਤ ਹੋਈ ਸੀ। ਭਾਈ ਰਣਧੀਰ ਸਿੰਘ ਨਾਲ 20 ਸਾਲ ਜੋੜੀ ਦੀ
ਸੇਵਾ ਕਰਨ ਵਾਲੇ ਕੀਰਤਨੀਏ ਤੇ ਵੀ ਕਈ ਇਲਜ਼ਾਮ ਲੱਗੇ ਸਨ। ਹੋਰਨਾ ਇਲਜ਼ਾਮਾ ਤੋਂ ਇਲਾਵਾ ਇਕ
ਗੁਰਦੁਆਰੇ ਵਿਚ ਪੈਸੇ ਦੀ ਹੇਰਾਫੇਰੀ ਦੇ ਵੀ ਇਲਜ਼ਾਮ ਸਨ ਜਿਸ ਕਾਰਨ ਉਥੋਂ ਨੌਕਰੀ ਤੋਂ ਵੀ ਕੱਢਿਆ
ਗਿਆ ਸੀ। ਮੈਂ ਇਸ ਕੀਰਤਨੀਏ ਨੂੰ ਬਹੁਤ ਨੇੜੇ ਹੋ ਕੇ ਦੇਖਿਆ ਸੀ। ਕਈ ਵਾਰੀ ਗੁਰਦੁਆਰੇ ਵਿਚ ਰਾਤ
ਨੂੰ ਇਸ ਦੇ ਕੋਲ ਵੀ ਸੁੱਤਾ ਸੀ ਅਤੇ ਤੜਕੇ ਉਠ ਕੇ ਨਾਮ ਜਪਦੇ ਨੂੰ ਵੀ ਦੇਖਿਆ ਸੀ।
ਕਲੇਰਾਂ ਵਾਲੇ ਅਤੇ ਹੋਰ ਸਾਧਾਂ ਦੀਆਂ ਕਹਾਣੀਆਂ ਆਮ ਅਖਬਾਰਾਂ ਵਿਚ ਛਪਦੀਆਂ ਰਹਿੰਦੀਆਂ ਹਨ। ਇਨ੍ਹਾਂ
ਦੇ ਸਾਧਾਂ ਦੇ ਝੂਠ ਕਪਟ ਤੇ ਪਖੰਡ ਵੱਡੇ-ਵੱਡੇ ਚੋਲਿਆਂ ਥੱਲੇ ਛੁਪ ਜਾਂਦੇ ਹਨ। ਇਮਾਨਦਾਰੀ ਨਾਲ ਧਰਮ
ਦੀ ਕਿਰਤ ਕਰਨ ਵਾਲਾ, ਆਪਣੇ ਪ੍ਰਵਾਰ ਦੀ ਦੇਖ ਭਾਲ ਕਰਨ ਵਾਲਾ ਅਤੇ ਹੋਰ ਚੰਗੇ ਸਮਾਜ ਦੀ ਸਿਰਜਨਾ
ਵਿਚ ਆਪਣਾ ਯੋਗਦਾਨ ਪਉਣ ਵਾਲਾ ਇਨਹਾਂ ਕਥਿਤ ਬਹੁਤੇ ਸਾਧਾਂ ਮਹਾਂਪੁਰਸ਼ਾਂ ਨਾਲੋਂ ਚੰਗਾ ਹੀ
ਹੋਵੇਗਾ। ਕਿਉਂਕਿ ਉਹ ਝੂਠ ਬੋਲ-ਬੋਲ ਕੇ ਲੋਕਾਂ ਨੂੰ ਗੁਮਰਾਹ ਤੇ ਨਹੀਂ ਕਰਦਾ ਅਤੇ ਨਾ ਹੀ ਲੋਕਾਂ
ਨੂੰ ਡਰਾਉਂਦਾ ਹੈ।
ਸਿੱਖਾਂ ਨਾਲ ਸੰਬੰਧਿਤ ਦੁਨੀਆ ਭਰ ਦੇ ਸਾਰੇ ਸਾਧਾਂ ਸੰਤਾਂ ਅਥਵਾ ਮਹਾਂਪੁਰਸ਼ਾਂ ਨੂੰ ਅਤੇ ਇਨ੍ਹਾਂ
ਦੇ ਅੰਨੇ ਸ਼ਰਧਾਲੂਆਂ ਨੂੰ ਮੇਰੀ ਚਣੌਤੀ ਹੈ ਕਿ ਤੁਸੀਂ ਸਾਰੇ ਰਲ ਕੇ ਸਾਰੀ ਦੁਨੀਆ ਦੇ ਸਾਹਮਣੇ ਕੋਈ
ਵੱਡੀ ਕਰਾਮਾਤ ਕਰਕੇ ਦਿਖਾਓ। ਜੇ ਕਰ ਤੁਸੀਂ ਸਾਰੇ ਰਲ ਕੇ ਇਸ ਤਰ੍ਹਾਂ ਕਰ ਦਿੰਦੇ ਹੋ ਤਾਂ ਮੈਂ
ਆਪਣੀ ਮੌਤ ਕਬੂਲਣ ਲਈ ਤਿਆਰ ਹਾਂ। ਇਸ ਤਰ੍ਹਾਂ ਦੀ ਚਣੌਤੀ ਮੈਂ ਇਕ ਸਾਲ ਪਹਿਲਾਂ ਵੀ ਦਿੱਤੀ ਸੀ।
ਭਿੰਡਰਾਂਵਾਲੇ ਕਥਿਤ ਵੱਡੇ ਮਹਾਂਪੁਰਸ਼ਾਂ ਨੇ ਆਪਣੀ ਕਿਤਾਬ ਵਿਚ ਲਿਖਿਆ ਹੋਇਆ ਹੈ ਕਿ ਇਨ੍ਹਾਂ
ਕਰਾਮਾਤੀ ਸ਼ਕਤੀਆਂ ਨਾਲ ਸੂਰਜ ਚੜ੍ਹਨ ਤੋਂ ਵੀ ਰੋਕਿਆ ਜਾ ਸਕਦਾ ਹੈ। ਜੇ ਕਰ ਇਸ ਤਰ੍ਹਾਂ ਹੋ ਸਕਦੀ
ਹੈ ਤਾਂ ਕਰਕੇ ਦਿਖਾਂਉਂਦੇ ਕਿਉਂ ਨਹੀਂ? ਰੋਜ-ਰੋਜ ਦਾ ਇਹ ਟੰਟਾ ਮਕਾਉਂਦੇ ਕਿਉਂ ਨਹੀਂ?
ਤੁਹਾਡੀ ਤਾਂ ਇਹ ਵੀ ਸ਼ਰਧਾ ਹੈ ਕਿ ਅਖੰਡਪਾਠ ਕਰਨ ਨਾਲ ਬਹੁਤੇ ਕਾਰਜ ਰਾਸ ਆ ਜਾਂਦੇ ਹਨ। ਜੇ ਕਰ ਇਸ
ਤਰ੍ਹਾਂ ਹੁੰਦੀ ਹੈ ਤਾਂ ਦੁਨੀਆ ਭਰ ਵਿਚ ਲੱਖਾਂ ਹੀ ਗੁਰਦੁਆਰੇ ਹਨ। ਸਾਰੇ ਗੁਰਦੁਆਰਿਆਂ ਵਿਚ ਇਕੋ
ਸਮੇਂ ਅਖੰਡਪਾਠ ਕਰਕੇ ਅਤੇ ਅਰਦਾਸਾਂ ਕਰਕੇ ਕੋਈ ਕਰਾਮਾਤ ਕਿਉਂ ਨਹੀਂ ਦਿਖਾ ਦਿੰਦੇ? ਬਾਣੀ ਤਾਂ
ਪਹਿਲਾਂ ਵਾਲੀ ਹੀ ਹੈ ਜੇ ਕਰ ਇਸ ਨੂੰ ਜਪਣ ਵਾਲਾ ਅਤੇ ਨਾਮ ਸਿਮਰਨ ਵਾਲਾ, ਅਧਿਆਤਮਿਕ ਸ਼ਕਤੀ ਨਾਲ
ਹਵਾ ਵਿਚ ਉਡ ਸਕਦਾ ਹੈ, ਗੁਰੂਆਂ ਨਾਲ ਗੱਲਾਂ ਕਰ ਸਕਦਾ ਹੈ, 20-20 ਫੂੱਟ ਸ਼ਹੀਦਾ ਨਾਲ ਗੱਲਾਂ ਕਰ
ਸਕਦਾ ਹੈ, ਅਕਾਲ ਪੁਰਖ ਦੇ ਰਹਿਣ ਵਾਲੇ ਕਿਸੇ ਸੱਚਖੰਡ ਵਿਚ ਪਹੁੰਚ ਰੱਖਦਾ ਹੈ, ਬ੍ਰਹਮ ਕਵਚ ਦੇ ਪਾਠ
ਨਾਲ ਜੋ ਮਰਜ਼ੀ ਕਰ ਸਕਦਾ ਹੈ ਤਾਂ ਕਰਦੇ ਕਿਉਂ ਨਹੀਂ? ਸਾਰੇ ਜਣੇ ਰਲ ਕੇ ਇਹ ਕਰਕੇ ਦਿਖਾਓ ਤਾਂ
ਸਹੀ? ਨਹੀਂ ਤਾਂ ਇਹ ਮੰਨੋ ਕਿ ਸਾਰੇ ਹੀ ਕਥਿਤ ਮਹਾਂਪੁਰਸ਼ ਗੱਪੀ ਸਨ ਅਤੇ ਉਨ੍ਹਾਂ ਦੀਆਂ ਮਾਰੀਆਂ
ਗੱਪਾਂ ਨੂੰ ਅਸੀਂ ਅਗਾਂਹ ਗੱਪਾਂ ਮਾਰ ਕੇ ਲੋਕਾਂ ਨੂੰ ਗੁਮਰਾਹ ਕਰਨਾ ਹੈ।
ਆਪਣੇ ਆਪ ਨੂੰ ਬਹੁਤੇ ਧਰਮੀ ਸਮਝਣ ਵਾਲੇ ਉਏ ਭਰਾਵੋ ਤੁਹਾਨੂੰ ਬੇਨਤੀ ਹੈ ਕਿ ਗੁਰਬਾਣੀ ਨੂੰ ਆਪਣੇ
ਮਤਲਬ ਲਈ ਨਾ ਵਰਤੋ। ਗੁਰਬਾਣੀ ਦਾ ਜੋ ਸਨੇਹਾ ਮਨੁੱਖਤਾ ਲਈ ਅਤੇ ਚੰਗੇ ਸਮਾਜ ਦੀ ਸਿਰਜਨਾ ਲਈ ਸਾਨੂੰ
ਸਭ ਨੂੰ ਦਿੱਤਾ ਗਿਆ ਹੈ ਉਸ ਤੇ ਅਮਲ ਕਰਨ ਦੀ ਕੋਸ਼ਿਸ ਕਰੋ। ਐਵੇਂ ਹੀ ਗੁਮਰਾਹ ਨਾ ਹੋਵੋ ਅਤੇ ਨਾ
ਹੀ ਲੋਕਾਂ ਨੂੰ ਕਰੋ। ਮੈਂ ਇਨ੍ਹਾਂ ਸਾਰੀਆਂ ਗੱਲਾਂ ਵਿਚੋਂ ਨਿਕਲ ਚੁੱਕਾ ਹਾਂ। ਤੁਹਾਡੀਆਂ ਅਤੇ
ਤੁਹਾਡੇ ਇਨ੍ਹਾਂ ਕਥਿਤ ਮਹਾਂਪੁਰਸ਼ਾਂ ਦੀਆਂ ਗੱਲਾਂ ਨੇ ਬਹੁਤ ਸਾਰੇ ਇੰਟੈਲੀਜ਼ੈਟ ਲੋਕਾਂ ਨੂੰ ਵੀ
ਗੁਮਰਾਹ ਕਰਕੇ ਜਿੰਦਗੀ ਦੇ ਸੁਖੈਣ ਰਾਹਾਂ ਨੂੰ ਪੁੱਠੇ ਪਾਸੇ ਤੌਰ ਦਿੱਤਾ ਹੈ। ਸਾਡੇ ਹੀ ਸ਼ਹਿਰ ਦਾ
ਇਕ ਬਹੁਤ ਹੀ ਸਾਊ ਜਿਹਾ ਅਤੇ ਪੜ੍ਹਨ ਵਿਚ ਹੁਸ਼ਿਆਰ ਬੱਚਾ ਤੁਹਾਡੀਆਂ ਇਨ੍ਹਾਂ ਪੁੱਠੀਆਂ ਜਿਹੀਆਂ
ਗੱਲਾਂ ਵਿਚ ਆ ਕੇ ਆਪਣੀ ਮਾਂ ਦੇ ਹੱਥੋਂ ਰੋਟੀ ਖਾਣ ਤੋਂ ਵੀ ਇਨਕਾਰੀ ਹੋ ਗਿਆ ਸੀ ਅਤੇ ਘਰਵਾਲੀ ਨਾਲ
ਵੀ ਡਾਈਵੋਰਸ ਹੋ ਗਿਆ ਸੀ। ਜਿਸ ਮਾਂ ਨੇ 9 ਮਹੀਨੇ ਆਪਣੇ ਪੇਟ ਵਿਚ
ਰੱਖ ਕੇ ਪਾਲਿਆ ਸੀ ਉਹੀ ਮਾਂ ਨਿਗੁਰੀ ਅਤੇ ਅਪਵਿੱਤਰ ਬਣ ਗਈ ਸੀ।
ਜਿਹਨਾਂ ਨੂੰ ਤੁਸੀਂ ਬਹੁਤੇ ਪਹੁੰਚੇ ਹੋਏ ਅਤੇ
ਨਾਮ ਜਪਣ ਵਾਲੇ ਬਹੁਤ ਹੀ ਅਧਿਆਤਮਿਕਵਾਦੀ ਕਹਿੰਦੇ ਹੋ ਉਹਨਾਂ ਦੀ ਅਧਿਆਤਮਿਕਤਾ ਤਾਂ ਰਾਗਮਾਲਾ ਦਾ
ਮਸਲਾ ਸੁਲਝਾਉਣ ਵਿਚ ਹੀ ਕੰਮ ਨਹੀਂ ਆਈ ਤਾਂ ਹੋਰ ਕਿਸੇ ਦੇ ਕੀ ਕੰਮ ਆਉਣੀ ਹੈ। ਭਾਈ ਰਣਧੀਰ
ਸਿੰਘ ਰਾਗਮਾਲਾ ਨੂੰ ਗੁਰਬਾਣੀ ਨਹੀਂ ਮੰਨਦੇ ਸਨ ਬਾਕੀ ਹੋਰ ਸਾਰੇ ਕਥਿਤ ਮਹਾਂਪੁਰਸ਼ ਮੰਨਦੇ ਸਨ।
ਭਿੰਡਰਾਂਵਾਲੇ ਗੁਰਬਚਨ ਸਿੰਘ ਨੇ ਤਾਂ ਇਹ ਵੀ ਗੱਪ ਮਾਰੀ ਹੋਈ ਹੈ ਕਿ ਦਿੱਲੀ ਦੇ ਇਕ ਗਿਆਨੀ ਸੋਭਾ
ਸਿੰਘ ਨੇ ਬਿਨਾ ਰਾਗਮਾਲਾ ਦੇ ਬੀੜ ਛਾਪੀ ਸੀ ਤਾਂ ਸੰਗਤਾਂ ਦੇ ਅਰਦਾਸ ਕਰਨ ਤੋਂ ਬਾਅਦ ਉਸ ਦੀ ਜ਼ਬਾਨ
ਵਿਚ ਕੀੜੇ ਪੈ ਗਏ ਸਨ। ਜਦੋਂ ਉਸ ਨੇ ਗਲਤੀ ਮੰਨ ਲਈ ਤਾਂ ਕੀੜੇ ਹਟ ਗਏ ਸਨ। ਇਸੇ ਤਰ੍ਹਾਂ ਭਾਈ
ਰਣਧੀਰ ਸਿੰਘ ਬਾਰੇ ਇਕ ਗੱਪ ਚਲਾਈ ਹੋਈ ਹੈ ਕਿ ਉਨ੍ਹਾਂ ਨੇ ਸਾਰੀ ਉਮਰ ਰਾਗਮਾਲਾ ਨੂੰ ਗੁਰਬਾਣੀ
ਨਹੀਂ ਮੰਨਿਆ ਸੀ ਤੇ ਅੰਤ ਸਮੇ ਉਨ੍ਹਾਂ ਦੇ ਪ੍ਰਾਣ ਨਹੀਂ ਨਿੱਕਲਦੇ ਸਨ ਅਤੇ ਉਹ ਬਹੁਤ ਔਖੇ ਸਨ
ਕਿਉਂਕਿ ਉਨ੍ਹਾਂ ਨੇ ਬਹੁਤ ਵੱਡਾ ਪਾਪ ਕੀਤਾ ਸੀ। ਭਾਈ ਰਣਧੀਰ ਸਿੰਘ ਦੇ ਨੇੜਲੇ ਸਾਥੀ ਤਾਂ ਦੱਸਦੇ
ਸਨ ਕਿ ਉਨ੍ਹਾਂ ਨੂੰ ਅੰਤ ਸਮੇ ਕੋਈ ਵੀ ਤਕਲੀਫ ਨਹੀਂ ਸੀ ਅਤੇ ਉਨ੍ਹਾਂ ਨੇ ਤਾਂ ਗੁਰੂ ਗੁਰੂ ਕਰਦਿਆਂ
ਪ੍ਰਾਣ ਤਿਆਗੇ ਸਨ। ਕਹਿਣ ਤੋਂ ਭਾਵ ਇਹ ਹੈ ਕਿ ਇਹ ਸਾਰੇ ਕਥਿਤ ਮਹਾਂਪੁਰਸ਼ ਇਕ ਦੂਸਰੇ ਤੋਂ ਵੱਧ
ਗੱਪਾਂ ਮਾਰਨ ਵਿਚ ਮੋਹਰੀ ਸਨ।
ਜੇ ਕਰ ਨਾਮ ਜਪਣ ਨਾਲ ਮਨ ਦੀ ਮੈਲ ਉਤਰ ਜਾਂਦੀ ਹੈ ਅਤੇ ਮਨ ਸਾਫ ਪਵਿੱਤਰ ਹੋ ਜਾਂਦਾ ਹੈ ਫਿਰ ਤਾਂ
ਅਕਾਲ ਪੁਰਖ ਨਾਲ ਬਹੁਤ ਹੀ ਨੇੜਤਾ ਹੋ ਜਾਂਦੀ ਹੋਵੇਗੀ। ਜਿਵੇਂ ਕਿ ਭਗਤ ਕਬੀਰ ਜੀ ਆਪਣੇ ਇਕ ਸ਼ਬਦ
ਵਿਚ ਕਹਿੰਦੇ ਹਨ ਕਿ ਮੇਰਾ ਮਨ ਹੁਣ ਗੰਗਾ ਦੇ ਜਲ ਵਾਂਗ ਪਵਿੱਤਰ ਹੋ ਗਿਆ ਹੈ। ਅਤੇ ਰੱਬ ਵੀ ਪਿੱਛੇ
ਹਾਕਾਂ ਮਾਰਦਾ ਫਿਰਦਾ ਹੈ। ਜਦੋਂ ਮਨ ਦੀ ਮੈਲ ਲੱਥ ਕੇ ਮਨ ਸਾਫ ਪਵਿੱਤਰ ਹੋ ਜਾਵੇ ਫਿਰ ਮਨ ਵਿਚ ਕਪਟ
ਅਤੇ ਬੇਈਮਾਨੀ ਨਹੀਂ ਰਹਿੰਦੀ। ਜੇ ਕਰ ਨਾਮ ਜਪਣ ਵਾਲੇ ਸਿੱਖਾਂ ਦੇ ਮਨ ਇਸ ਤਰ੍ਹਾਂ ਦੇ ਹੋਏ ਹੁੰਦੇ
ਤਾਂ ਉਨ੍ਹਾਂ ਨੇ ਸਭ ਦੇ ਸਾਹਮਣੇ ਹੁੰਦੀ ਬੇਈਮਾਨੀ ਅਤੇ ਕਪਟ ਵਿਰੁੱਧ ਅਵਾਜ਼ ਜਰੂਰ ਉਠਾਉਣੀ ਸੀ।
ਉਨ੍ਹਾ ਨੇ ਸਚਾਈ ਦਾ ਹੋਕਾ ਦੇਣਾ ਸੀ ਨਾ ਕਿ ਕਪਟ ਅਤੇ ਬੇਈਮਾਨੀ ਦਾ। ਪਰ ਹੁਣ ਤੱਕ ਦਾ ਇਤਿਹਾਸ ਤਾਂ
ਇਹੀ ਦੱਸਦਾ ਹੈ ਕਿ ਇਨ੍ਹਾਂ ਨਾਮ ਜਪਣ ਵਾਲਿਆਂ ਨੇ ਹੁਣ ਤੱਕ ਸਿਰਫ ਕਪਟ ਅਤੇ ਬੇਈਮਾਨੀ ਦਾ ਸਾਥ
ਦਿੱਤਾ ਹੈ। ਪਿਛਲੇ ਕੁੱਝ ਦਹਾਕਿਆਂ ਦੀਆਂ ਘਟਨਾਵਾ ਤੁਹਾਡੇ ਸਾਹਮਣੇ ਰੱਖਦਾ ਹਾਂ। ਜਦੋਂ 1978 ਵਿਚ
ਨਿਰੰਕਾਰੀ ਕਾਂਡ ਹੋਇਆ ਸੀ ਤਾਂ ਮਰਨ ਵਾਲਿਆਂ ਵਿਚ ਬਹੁਤੇ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਸਨ।
ਉਸ ਵੇਲੇ ਬਹੁਤਾ ਨਾਮ ਜਪਣ ਵਾਲੇ ਇਹੀ ਕਹਿੰਦੇ ਸਨ ਕਿ ਨਿਰੰਕਾਰੀਆਂ ਦੇ ਕਤਲ ਕਰਕੇ ਟਰੱਕਾਂ ਦੇ
ਟਰੱਕ ਭਰ ਕੇ ਭੇਜ ਦਿੱਤੇ ਸਨ ਅਤੇ ਨਾਲ ਹੀ ਇਹ ਵੀ ਕਹੀ ਜਾਂਦੇ ਸਨ ਕਿ ਪ੍ਰੋਟੈਸਟ ਕਰਨ ਗਏ ਨਿਹੱਥੇ
ਸਿੰਘਾਂ ਤੇ ਨਿਰੰਕਾਰੀਆਂ ਨੇ ਅਤੇ ਪੁਲੀਸ ਨੇ ਅੰਨੇਵਾਹ ਫਾਇਰਿੰਗ ਕਰਕੇ ਸਾਡੇ 13 ਸਿੰਘ ਸ਼ਹੀਦ ਕਰ
ਦਿੱਤੇ। ਸੰਨ 1984 ਦੇ ਸਾਕੇ ਤੋਂ ਪਹਿਲਾਂ ਭਿੰਡਰਾਂਵਾਲਾ ਸਾਧ ਵੀ ਕਿਹਾ ਕਰਦਾ ਸੀ ਜਦੋਂ ਇੱਥੇ
ਅਟੈਕ ਹੋਇਆ ਤਾਂ ਲੱਖ ਦੋ ਲੱਖ ਤਾਂ ਛੱਡਦੇ ਨੀ ਗੇ। ਇਸ ਅਟੈਕ ਤੋਂ ਬਾਅਦ
ਇਸ ਸਾਧ ਦੀ ਝੂਠੀ ਵਡਿਆਈ ਕਰਨ ਲਈ ਕਈ ਝੂਠੀਆਂ ਜਾਹਲੀ ਕਿਤਾਬਾਂ ਛਾਪ ਕੇ ਵੰਡੀਆਂ ਗਈਆਂ। ਜਿਨ੍ਹਾਂ
ਵਿਚੋਂ ਇਕ ਕੇ ਐੱਸ ਬਰਾੜ ਦੇ ਨਾਮ ਤੇ ਛਾਪੀ ਗਈ ਸੀ। ਜਿਸ ਵਿਚ ਫੌਜੀਆਂ ਦੇ ਮਰਨ ਦੀ
ਗਿਣਤੀ ਪੰਦਰਾਂ ਹਜ਼ਾਰ ਤੋਂ ਉਪਰ ਦੱਸੀ ਗਈ ਸੀ।
ਜਦੋਂ ਅਸਲੀਅਤ ਵਿਚ ਇਕ ਸੌ ਤੋਂ ਵੀ ਘੱਟ ਫੌਜੀ ਮਰੇ ਸਨ। ਇਸ ਨੰਗੀ ਚਿੱਟੀ ਬੇਈਮਾਨੀ
ਵਿਰੁੱਧ ਕੋਈ ਨਾਮ ਜਪਣ ਵਾਲਾ ਨਹੀਂ ਬੋਲਿਆ ਕਿ ਬਈ ਇਤਨੀ ਬੇਈਮਾਨੀ ਤਾਂ ਚੰਗੀ ਨਹੀਂ ਹੁੰਦੀ। ਇਸੇ
ਤਰ੍ਹਾਂ ਜਦੋਂ 1985 ਵਿਚ ਏਅਰ ਇੰਡੀਆ ਦਾ ਕਾਂਡ ਹੋਇਆ ਤਾਂ ਇੰਦਰਜੀਤ ਸਿੰਘ ਰਿਆਤ ਨੂੰ ਦੋ ਵਾਰੀ
ਸਜਾ ਹੋਈ ਸੀ। ਇੱਕ ਵਾਰੀ ਬੰਬ ਬਣਾਉਣ ਦੀ ਅਤੇ ਦੂਸਰੀ ਵਾਰੀ ਸਹੁੰ ਖਾ ਕੇ ਝੂਠ ਬੋਲਣ ਦੀ। ਉਸ ਵੇਲੇ
ਵੀ ਕਿਸੇ ਵੀ ਨਾਮ ਜਪਣ ਵਾਲੀ ਰੂਹ ਨਹੀਂ ਬੋਲੀ ਕਿ ਇਤਨਾਂ ਹੀ ਕਹਿ ਦਈਏ ਕਿ ਜ਼ਜ਼ਬਾਤੀ ਹੋ ਕੇ ਗਲਤੀ
ਕਰ ਦਿੱਤੀ ਸੀ। ਇਨ੍ਹਾਂ ਗੱਲਾਂ ਤੋਂ ਸਾਬਤ ਹੁੰਦਾ ਹੈ ਕਿ ਮਨ ਸਾਰਿਆਂ ਦੇ ਹੀ ਕਾਲੇ ਸੁਆਹ ਵਰਗੇ
ਹਨ। ਇਸ ਲਈ ਨਾਮ ਜਪਣ ਦੀ ਗੱਲ ਕਰਨਾ ਪਖੰਡ ਤੋਂ ਵੱਧ ਕੁੱਝ ਨਹੀਂ।
ਤੁਹਾਡੇ ਨਾਮ ਜਪਣ ਨਾਲ ਜਾਂ ਵੱਧ ਬਾਣੀਆਂ ਦਾ ਪਾਠ ਕਰਨ ਨਾਲ ਜੇ ਕਰ ਤੁਹਾਡੀ ਕੋਈ ਆਤਮਿਕ ਅਵਸਥਾ
ਉਚੀ ਹੁੰਦੀ ਹੈ ਤਾਂ ਕਰੀ ਜਾਓ। ਤੁਸੀਂ ਦੂਸਰਿਆਂ ਨੂੰ ਕਿਉਂ ਰੋਅਬ ਦਿੰਦੇ ਹੋ? ਜੇ ਕਰ ਕੋਈ ਅਗਲੇ
ਪਿਛਲੇ ਜਨਮਾ ਨੂੰ ਜਾਂ ਨਰਕਾਂ-ਸੁਰਗਾਂ ਅਤੇ ਜਾਂ ਫਿਰ ਭੂਤਾਂ ਪ੍ਰੇਤਾਂ ਨੂੰ ਨਹੀਂ ਮੰਨਦਾ ਤਾਂ
ਤੁਹਾਨੂੰ ਕੀ ਤਕਲੀਫ ਹੁੰਦੀ ਹੈ? ਅੱਗੇ ਜੋ ਕੁੱਝ ਹੋਵੇਗਾ ਉਹ ਆਪੇ ਸਿੱਝ ਲੈਣਗੇ ਜੇ ਕਰ ਉਹ ਇਸ ਜਨਮ
ਵਿਚ ਸਿੱਝਦੇ ਹਨ। ਤੁਸੀਂ ਇਹ ਤਾਂ ਦੁਨੀਆ ਨੂੰ ਦੱਸੋ ਕਿ ਤੁਹਾਡੇ ਜਾਂ ਤੁਹਾਡੇ ਮਹਾਂਪੁਰਸ਼ਾਂ ਦੇ
ਨਾਮ ਜਪਣ ਨਾਲ ਦੁਨੀਆ ਦਾ ਕੀ ਭਲਾ ਹੋਇਆ ਹੈ? ਆਮ ਇਨਸਾਨ ਨੇ ਉਸ ਤੋਂ ਕੀ ਲਾਭ ਲਿਆ ਹੈ? ਉਨ੍ਹਾਂ ਦੀ
ਜਿੰਦਗੀ ਨੂੰ ਸੌਖਾ ਬਣਾਉਣ ਲਈ ਕੀ ਯੋਗਦਾਨ ਹੈ? ਯੂਨੀਵਰਸਿਟੀਆਂ ਵਿਚ ਖੋਜਾਂ ਕਰਨ ਵਾਲਿਆਂ ਨੇ ਆਮ
ਇਨਸਾਨਾ ਦੀਆਂ ਸਹੂਲਤਾਂ ਲਈ ਲੱਖਾਂ ਹੀ ਕਾਢਾਂ ਕੱਢ ਕੇ ਦਿੱਤੀਆਂ ਹਨ ਪਰ ਤੁਸੀਂ ਅਤੇ ਤੁਹਾਡੇ ਕਥਿਤ
ਮਹਾਂਪੁਰਸ਼ਾਂ ਨੇ ਲੜਾਈ ਝਗੜੇ ਤੋਂ ਬਿਨਾ ਹੋਰ ਕੀ ਦਿੱਤਾ ਹੈ ਜ਼ਰਾ ਦੱਸੋ ਤਾਂ ਸਹੀ? ਸਾਰੀ ਦੁਨੀਆ
ਦੇ ਸਿੱਖਾਂ ਵਿਚੋਂ ਹਾਲੇ ਤੱਕ ਸਿਰਫ ਇਕ ਹੀ ਦਾੜੀ ਕੇਸਾਂ ਵਾਲਾ ਵਿਆਕਤੀ ਹੋਇਆ ਹੈ ਜਿਸ ਨੇ ਕੋਈ
ਨਵੀਂ ਕਾਢ ਕੱਢ ਕੇ ਆਮ ਲੋਕਾਂ ਦੀ ਜਿੰਦਗੀ ਨੂੰ ਸੌਖਾ ਕਰਨ ਲਈ ਕੋਈ ਖਾਸ ਮਾਅਰਕਾ ਮਾਰਿਆ ਹੈ।
ਉਹ ਹੈ ਨਰਿੰਦਰ ਸਿੰਘ ਕੰਪਾਨੀ। ਜਿਸ ਨੇ ਫਾਈਬਰ ਔਪਟੀਕਲ ਦੀ ਕਾਢ ਕੱਢੀ ਹੈ। ਜਿਸ ਦੀ ਕਾਢ ਨਾਲ
ਦੁਨੀਆ ਦੇ ਅਰਬਾਂ ਲੋਕਾਂ ਨੂੰ ਤੇਜ ਰਫਤਾਰ ਇੰਟਰਨੈੱਟ ਦੀ ਸੁਵਿਧਾ ਮਿਲੀ ਹੈ। ਇਹ ਕਾਢ ਲਾਬੌਟਰੀ
ਵਿਚ ਟੈਸਟ ਕਰਨ ਨਾਲ ਨਿੱਕਲੀ ਹੈ ਨਾ ਕਿ ਅਰਦਾਸਾਂ ਕਰਨ ਨਾਲ ਜਾਂ ਨਾਮ ਜਪਣ ਨਾਲ। ਜੇ ਕਰ ਇਸ
ਤਰ੍ਹਾਂ ਹੋ ਸਕਦਾ ਹੁੰਦਾ ਤਾਂ ਤੁਹਾਡੇ ਕਥਿਤ ਮਹਾਂਪੁਰਸ਼ਾਂ ਨੂੰ ਹੁਣ ਤੱਕ ਅਨੇਕਾਂ ਕਾਢਾਂ ਕੱਢ ਕੇ
ਆਮ ਲੋਕਾਂ ਦੀ ਸੁਵਿਧਾ ਲਈ ਅੱਗੇ ਰੱਖ ਦੇਣੀਆਂ ਚਾਹੀਦੀਆਂ ਸਨ।
ਸਦੀਆਂ ਪਹਿਲਾਂ ਲੋਕਾਂ ਕੋਲ ਬਹੁਤ ਸਮਾ ਫਾਲਤੂ ਹੁੰਦਾ ਸੀ ਭਾਵ ਕੇ ਜਿੰਦਗੀ ਦੇ ਰੁਝੇਵੇਂ ਇਤਨੇ
ਨਹੀਂ ਹੁੰਦੇ ਸਨ ਜਿਤਨੇ ਹੁਣ ਹਨ। ਹੁਣ ਤੁਹਾਨੂੰ ਮਜਬੂਰੀ ਵੱਸ ਇਨ੍ਹਾਂ ਰੁਝੇਵਿਆਂ ਵਿਚ ਪੈਣਾ
ਪੈਂਦਾ ਹੈ ਨਹੀਂ ਤਾਂ ਜਿੰਦਗੀ ਵਿਚ ਪਛੜ ਕੇ ਮਾਨਸਿਕ ਤਨਾਓ ਵਿਚ ਜਾਣ ਦੇ ਮੌਕੇ ਵਧ ਜਾਂਦੇ ਹਨ।
ਜਿਨ੍ਹਾਂ ਦੇਸ਼ਾਂ ਵਿਚ ਜਿੰਦਗੀ ਜੀਉਣ ਦੀਆਂ ਚੰਗੀਆਂ ਸਹੂਲਤਾਂ ਮਿਲਦੀਆਂ ਹਨ, ਖਾਣ ਪੀਣ ਨੂੰ ਸਾਫ
ਸੁਥਰਾ ਮਿਲਦਾ ਹੈ, ਡਾਕਟਰੀ ਦੀਆਂ ਚੰਗੀਆਂ ਸਹੂਲਤਾਂ ਹਨ, ਚੰਗੇ ਕਾਨੂੰਨ ਹਨ ਅਤੇ ਹੋਰ ਜਿੰਦਗੀ
ਜੀਉਣ ਦੀਆਂ ਸੁਵਿਧਾਵਾਂ ਹਨ, ਇਹ ਸਾਰਾ ਕੁੱਝ ਨਾਮ ਜਪਣ ਨਾਲ ਤਾਂ ਪ੍ਰਾਪਤ ਨਹੀਂ ਹੁੰਦਾ, ਇਹ ਸਾਰਾ
ਕੁੱਝ ਹਾਸਲ ਕਰਨ ਲਈ ਉਚ ਵਿਦਿਆ, ਚੰਗੀਆਂ ਤਕਨੀਕੀ ਖੋਜਾਂ, ਕੁਦਰਤੀ ਸੋਮਿਆਂ ਦੀ ਸਹੀ ਵਰਤੋਂ ਅਤੇ
ਹੋਰ ਬਹੁਤ ਤਰ੍ਹਾਂ ਦੀ ਮਿਹਨਤ ਕਰਨ ਨਾਲ ਪ੍ਰਾਪਤ ਹੁੰਦਾ ਹੈ।
ਗੁਰੂ ਗ੍ਰੰਥ ਤੋਂ ਬਿਨਾ ਸਿੱਖ ਸਾਹਿਤ ਦੇ ਹੋਰ ਬਹੁਤ ਸਾਰੇ ਗ੍ਰੰਥ ਹਨ। ਆਪਣਾ ਸਮਾ ਬਤਾਉਣ ਲਈ ਜੇ
ਕਰ ਕੋਈ ਇਨ੍ਹਾਂ ਗ੍ਰੰਥਾਂ ਨੂੰ ਪੜ੍ਹਨਾ ਚਾਹੁੰਦਾ ਹੈ ਤਾਂ ਜੀ ਸਦਕੇ ਪੜ੍ਹੇ। ਜਿਵੇਂ ਕਿ ਮੈਂ
ਉਪਰਲੇ ਪੈਰੇ ਵਿਚ ਵੀ ਜ਼ਿਕਰ ਕੀਤਾ ਸੀ ਕਿ ਪਹਿਲਾਂ ਲੋਕਾਂ ਕੋਲ ਵਿਹਲਾ ਸਮਾ ਬਹੁਤ ਹੁੰਦਾ ਸੀ।
ਵਿਹਲੇ ਰਹਿ ਕੇ ਲਫੰਗ ਪੁਣਾ ਕਰਨ ਨਾਲੋਂ ਤਾਂ ਚੰਗਾ ਹੈ ਕਿ ਕੋਈ ਕਿਸੇ ਵੱਡੇ ਕਿਸੇ ਸਾਹਿਤਕ ਗ੍ਰੰਥ
ਪੜ੍ਹ ਕੇ ਆਪਣਾ ਸਮਾ ਬਤਾ ਲਵੇ। ਇਸ ਵਿਚ ਤਾ ਕੋਈ ਮਾੜੀ ਗੱਲ ਨਹੀਂ ਹੈ। ਪਰ ਜੇ ਕਰ ਕੋਈ ਇਹ ਕਹੇ ਕਿ
ਇਨ੍ਹਾਂ ਹੋਰ ਸਾਹਿਤਕ ਗ੍ਰੰਥਾਂ ਵਿਚ ਜੋ ਵੀ ਲਿਖਿਆ ਹੈ ੳਸੁ ਨੂੰ ਸੱਚ ਕਰਕੇ ਮੰਨੋ ਤਾਂ ਇਹ
ਬੇ-ਸਮਝੀ ਤੋਂ ਵੱਧ ਕੁੱਝ ਨਹੀਂ ਹੈ। ਇਸ ਤੇਜ ਰਫਤਾਰ ਜਿੰਦਗੀ ਵਿਚ ਹੁਣ ਲੋਕ ਘੱਟ ਸਮੇ ਵਿਚ ਵੱਧ
ਜਾਣਕਾਰੀ ਲੈਣਾ ਚਾਹੁੰਦੇ ਹਨ। ਇਹ ਤਾਂ ਹੀ ਹੋ ਸਕਦਾ ਹੈ ਜੇ ਕਰ ਘੱਟ ਤੋਂ ਘੱਟ ਸ਼ਬਦਾਂ ਵਿਚ ਵੱਧ
ਤੋਂ ਵੱਧ ਜਾਣਕਾਰੀ ਦਿੱਤੀ ਜਾ ਸਕੇ। ਅੱਜ ਤੋਂ ਕੋਈ 35-40 ਸਾਲ ਪਹਿਲਾਂ ਮੈਂ ਆਪਣੀਆਂ ਕਿਤਾਬਾਂ
ਵਿਚ ਭਾਈ ਵੀਰ ਸਿੰਘ ਦਾ ਕਲਗੀਧਰ ਚਮਤਕਾਰ ਵੀ ਮੰਗਵਾਇਆ ਸੀ। ਉਹ ਅਕਾਰ ਵਿਚ ਕਾਫੀ ਵੱਡਾ ਹੈ। ਮੈਂ
ਥੋੜੇ ਜਿਹੇ ਪੰਨੇ ਪੜ੍ਹ ਕੇ ਕਿਸੇ ਨੂੰ ਦੇ ਦਿੱਤਾ ਸੀ ਕਿ ਤੇਰੇ ਕੋਲ ਸਮਾ ਹੈ ਤਾਂ ਪੜ੍ਹ ਲਈ ਅਤੇ
ਆਪਣੇ ਕੋਲ ਹੀ ਰੱਖ ਲਈ। ਇਹ ਭਾਈ ਵੀਰ ਸਿੰਘ ਹੀ ਸੀ ਜਿਸ ਨੇ ਅੰਨੀ ਸ਼ਰਧਾ ਪੈਦਾ ਕਰਕੇ ਲੋਕਾਂ
ਨੂੰ ਪੁੱਠੇ ਪਾਸੇ ਵੀ ਲਾਇਆ ਸੀ। ਨਕਲੀ ਗੁਰਦੁਆਰਾ/ਤੀਰਥ ਹੇਮਕੁੰਟ ਦੀ ਸਥਾਪਨਾ ਵਿਚ ਭਾਈ ਵੀਰ ਸਿੰਘ
ਦਾ ਵੀ ਬਹੁਤ ਵੱਡਾ ਰੋਲ ਸੀ।
ਤੁਹਾਨੂੰ ਸਾਰੇ ਕਥਿਤ ਮਹਾਂਪੁਰਸ਼ਾਂ ਦੇ ਸ਼ਰਧਾਲੂਆਂ ਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਕਥਿਤ
ਮਹਾਂਪੁਰਸ਼ਾਂ ਦੀ ਅਧਿਆਤਮਿਕਤਾ ਜਾਂ ਗੱਪਾਂ ਆਪਣੇ ਕੋਲ ਹੀ ਰੱਖੋ। ਇਹ ਦੂਸਰਿਆਂ ਤੇ ਜਬਰਦਸਤੀ ਠੋਸਣ
ਦੀ ਕੋਸ਼ਿਸ਼ ਨਾ ਕਰੋ। ਤੁਸੀਂ ਆਪਣੀ ਗੱਲ ਦਲੀਲ ਨਾਲ ਦੱਸੋ ਅਤੇ ਹੋਰਨਾ ਨੂੰ ਵੀ ਦੱਸਣ ਦਿਓ। ਜਿਹੜੀ
ਗੱਲ ਕਿਸੇ ਨੂੰ ਚੰਗੀ ਲੱਗੇਗੀ ਉਹ ਆਪੇ ਹੀ ਅਪਣਾ ਲਵੇਗਾ। ਸਾਰੀ ਦੁਨੀਆ ਤੁਹਾਡੇ ਜਾਂ ਤੁਹਾਡੇ
ਮਹਾਂਪੁਰਸ਼ਾਂ ਦੇ ਨਾਮ ਜਪਣ ਨਾਲ ਨਹੀਂ ਚੱਲ ਰਹੀ। ਕਰਾਮਾਤਾਂ ਅਤੇ ਹੋਰ
ਅਲੌਕਿਕ ਕਹਾਣੀਆਂ ਨਾਲ ਯੂ-ਟਿਊਬ ਭਰੀ ਪਈ ਹੈ। ਜਿਹੜੇ ਲੋਕ ਇਨ੍ਹਾਂ ਤੇ ਵਿਸ਼ਵਾਸ਼ ਕਰਦੇ ਹਨ
ਉਨ੍ਹਾਂ ਸਾਰਿਆਂ ਮੇਰੀ ਚਣੌਤੀ ਹੈ ਕਿ ਉਹ ਸਾਰੇ ਰਲ ਕੇ ਉਹ ਕੰਮ ਕਰ ਦਿਖਾਉਣ ਜਿਸ ਦੇ ਹੋਣ ਨਾਲ ਇਹ
ਰੋਜ ਦੀ ਭੈਂਸ ਭੈਂਸ ਮੁੱਕ ਜਾਊ। ਕਰਾਮਾਤ ਹੁੰਦੀ ਹੈ ਕਿ ਕੁਦਰਤੀ ਨਿਯਮਾਂ ਤੋਂ ਕੋਈ ਉਲਟੀ
ਗੱਲ ਕਰ ਦੇਣੀ। ਇਹ ਇਕ ਕੁਦਰਤੀ ਨੇਮ ਹੈ ਕਿ ਧਰਤੀ ਹਰ ਇਕ ਚੀਜ ਨੂੰ ਆਪਣੇ ਵੱਲ ਖਿੱਚਦੀ ਹੈ।
ਪੰਛੀਆਂ ਦਾ ਅਤੇ ਜ਼ਹਾਜ ਦਾ ਹਵਾ ਵਿਚ ਉਡਣਾ ਵੀ ਕੁਦਰਤੀ ਹਵਾ ਦਾ ਇਕ ਨੇਮ ਹੈ ਜਦੋਂ ਉਹ ਨੇਮ ਭੰਗ
ਹੋ ਜਾਵੇ ਫਿਰ ਇਹ ਵੀ ਧਰਤੀ ਤੇ ਹੀ ਡਿਗਦੇ ਹਨ। ਧਰਤੀ, ਸੂਰਜ ਚੰਦ੍ਰਮਾ ਅਤੇ ਹੋਰ ਗ੍ਰਹਿ ਕਿਸੇ
ਕੁਦਰਤੀ ਨਿਯਮ ਅਨੁਸਾਰ ਚੱਲ ਰਹੇ ਹਨ। ਇਹ ਇਤਨੇ ਵੱਡੇ ਹਨ ਕਿ ਇਨ੍ਹਾਂ ਨੂੰ ਆਪਣੀ ਚਾਲ ਚੱਲਣ ਤੋਂ
ਕੋਈ ਨਹੀਂ ਰੋਕ ਸਕਦਾ। ਪਰ ਤੁਹਾਡੇ ਕਥਿਤ ਮਹਾਂਪੁਰਸ਼ ਇਹ ਦਾਅਵਾ ਕਰਦੇ ਹਨ ਕਿ ਇਨ੍ਹਾਂ ਨੂੰ ਵੀ
ਕਰਾਮਾਤੀ ਸ਼ਕਤੀਆਂ ਨਾਲ ਰੋਕਿਆ ਜਾ ਸਕਦਾ ਹੈ। ਤੁਹਾਡੇ ਵੀ ਬਹੁਤਿਆਂ ਦੇ ਇਹੀ ਵਿਚਾਰ ਹੋਣਗੇ ਅਤੇ
ਤੁਸੀਂ ਇਹ ਵੀ ਸਮਝਦੇ ਹੋਵੋਂਗੇ ਕਿ ਅਖੰਡ-ਪਾਠ ਕਰਵਾ ਕੇ ਅਰਦਾਸ ਕਰਨ ਨਾਲ ਵੀ ਬਹੁਤੇ ਕਾਰਜ ਰਾਸ ਆ
ਜਾਂਦੇ ਹਨ। ਫਿਰ ਤੁਸੀਂ ਇਹ ਸਾਰੇ ਰਲ ਕੇ ਕਰਦੇ ਕਿਉਂ ਨਹੀਂ?
ਤੁਹਾਡੇ ਵੱਡੇ ਮਹਾਂਪੁਰਸ਼ ਅਥਵਾ ਵੱਡੇ ਗੱਪੀ ਜੀ ਨੇ ਗੁਰਬਾਣੀ ਪਾਠ ਦਰਪਣ ਵਿਚ ਲਿਖਿਆ ਹੋਇਆ ਹੈ ਕਿ
ਸੂਰਜ ਨੂੰ ਚੜ੍ਹਨ ਤੋਂ ਵੀ ਰੋਕਿਆ ਜਾ ਸਕਦਾ ਹੈ। ਮੈਂ ਪਿਛਲੇ ਸਾਲ ਵੀ ਇਸ ਬਾਰੇ ਇਕ ਲੇਖ ਲਿਖਿਆ ਸੀ
ਅਤੇ ਸਾਰਿਆਂ ਨੂੰ ਇਹ ਕਰਨ ਬਾਰੇ ਚਣੌਤੀ ਦਿੱਤੀ ਸੀ ਅਤੇ ਇਹ ਚਣੌਤੀ ਮਰਦੇ ਦਮ ਤੱਕ ਕਾਇਮ ਰਹੇਗੀ।
ਤੁਸੀਂ ਸਾਰੀ ਦੁਨੀਆ ਦੇ ਮਹਾਂਪੁਰਸ਼ ਇਕੱਠੇ ਕਰ ਲਓ ਜਾਂ ਉਨ੍ਹਾਂ ਨੂੰ ਸੱਚਖੰਡ ਵਿਚ ਵਾਪਸ ਸੱਦ ਲਓ
ਜਾਂ ਆਪ ਨਾਮ ਜਪ ਕੇ ਉਨ੍ਹਾਂ ਤੱਕ ਪਹੁੰਚ ਕਰ ਲਓ। ਬ੍ਰਹਮ ਕਵਚ ਪੜ੍ਹ ਲਓ। ਸਾਰੇ ਦੇਵਤਿਆਂ ਅਤੇ
ਭੂਤਾਂ ਪ੍ਰੇਤਾਂ ਨੂੰ ਇਕੱਠੇ ਕਰ ਲਓ। ਕਿਉਂਕਿ ਮਸਕੀਨ ਜੀ ਦੇ ਕਹਿਣ ਅਨੁਸਾਰ ਦਰਬਾਰ ਸਾਹਿਬ ਵਿਚ
ਦੇਵਤੇ ਕੀਰਤਨ ਸੁਣਨ ਆਉਂਦੇ ਹਨ। ਉਨ੍ਹਾਂ ਦੀ ਸਹਾਇਤਾ ਵੀ ਲਈ ਜਾ ਸਕਦੀ ਹੈ। ਸਾਰੀ ਦੁਨੀਆ ਵਿਚ
ਹਜ਼ਾਂਰਾਂ ਲੱਖਾਂ ਹੀ ਗੁਰਦੁਆਰੇ ਹੋਣਗੇ, ਉਨ੍ਹਾਂ ਸਾਰਿਆਂ ਵਿਚ ਅਖੰਡਪਾਠ ਕਰਕੇ ਅਰਦਾਸਾਂ ਕਰ ਲਓ।
ਸਾਰੀ ਦੁਨੀਆ ਦੇ ਨਾਮ ਅਭਿਆਸੀਆਂ ਤੋਂ ਨਾਮ ਸਿਮਰਨ ਅਤੇ ਨਾਮ ਅਭਿਆਸ ਕਮਾਈ ਕਰਵਾ ਲਓ। ਇਹ ਸਾਰਾ
ਕੁੱਝ ਕਰਕੇ ਇਕ ਵਾਰੀ ਦੋ ਤਿੰਨ ਕੁ ਦਿਨਾਂ ਲਈ ਸੂਰਜ ਨੂੰ ਚੜ੍ਹਨ ਤੋਂ ਰੋਕ ਲਓ। ਭਾਵ ਕਿ ਧਰਤੀ ਨੂੰ
ਘੁੰਮਣ ਤੋਂ ਰੋਕ ਦਿਓ। ਜਦੋਂ ਤੁਸੀਂ ਸਾਰਿਆਂ ਨੇ ਰਲ ਕੇ ਇਹ ਕਰ ਲਿਆ ਤਾਂ ਸਾਰੀ ਦੁਨੀਆ ਤੇ
ਤੁਹਾਡੀ ਆਪੇ ਹੀ ਜੈ-ਜੈ ਕਾਰ ਹੋ ਜਾਣੀ ਹੈ। ਫਿਰ ਤੁਹਾਨੂੰ ਕਿਸੇ ਨੂੰ ਧਮਕੀਆਂ ਦੇਣ ਦੀ ਲੋੜ ਨਹੀਂ
ਰਹਿਣੀ ਤੁਹਾਡੇ ਵਿਰੋਧੀਆਂ ਦੇ ਮੂੰਹ ਆਪੇ ਹੀ ਬੰਦ ਹੋ ਜਾਣੇ ਹਨ।
ਇਹ ਤੁਹਾਡੇ ਸਾਰਿਆਂ ਨਾਲ ਮੇਰੀ ਮੌਤ ਦੀ ਸ਼ਰਤ
ਹੈ। ਭਾਵ ਕਿ ਉਸੇ ਦਿਨ ਮੈਨੂੰ ਆਪਣੀ ਮਰਜ਼ੀ ਦੀ ਕੋਈ ਵੀ ਮੌਤ ਦੀ ਸਜ਼ਾ ਦੇ ਸਕਦੇ ਹੋ। ਜੇ
ਕਰ ਇਹ ਨਹੀਂ ਕਰ ਸਕਦੇ ਤਾਂ ਲੋਕਾਂ ਨੂੰ ਝੂਠ ਬੋਲ-ਬੋਲ ਕੇ ਗੁਮਰਾਹ ਕਰਨਾ ਬੰਦ ਕਰੋ। ਜਿਨ੍ਹਾਂ ਨੂੰ
ਤੁਸੀਂ ਵੱਡੇ ਮਹਾਂਪੁਰਸ਼ ਕਹਿੰਦੇ ਹੋ ਉਹ ਵੱਡੇ ਸਿਰੇ ਦੇ ਗੱਪੀ ਲੋਕ ਸਨ। ਜਿਨਾਂ ਨੇ ਧਰਮ ਦੇ ਨਾਮ
ਤੇ ਗੱਪਾਂ ਮਾਰ-ਮਾਰ ਕੇ ਲੋਕਾਂ ਦੇ ਦਿਮਾਗ ਸੁੰਨ ਕਰ ਦਿੱਤੇ ਸਨ।
ਮੱਖਣ ਸਿੰਘ ਪੁਰੇਵਾਲ,
ਜਨਵਰੀ 12, 2020.