ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਅਸਲ ਜੀਵਨ ਜੁਗਤੀ
ਮਨੁੱਖੀ ਸਰੀਰ ਦੀ ਬਣਤਰ ਮਨ ਅਤੇ ਸਰੀਰ ਕਰਕੇ ਦੋ
ਤਰ੍ਹਾਂ ਦੀ ਹੈ। ਸਰੀਰ ਅਤੇ ਮਨ ਦੀਆਂ ਆਪਣੀਆਂ ਆਪਣੀਆਂ ਲੋੜਾਂ ਹਨ। ਸੰਸਾਰ ਵਿੱਚ ਰਹਿੰਦਿਆਂ ਮਨੁੱਖ
ਮਿਹਨਤ ਕਰਕੇ ਜੋ ਚਾਹੇ ਉਹ ਪ੍ਰਾਪਤ ਕਰ ਸਕਦਾ ਹੈ। ਸਰੀਰਕ ਸੁੱਖ ਲਈ ਬਜ਼ਾਰਾਂ ਦੇ ਬਜ਼ਾਰ ਭਰੇ ਪਏ ਹੋਏ
ਹਨ। ਹਰ ਮਨੁੱਖ ਆਪਣੀ ਆਪਣੀ ਵਿਤ ਅਨੁਸਾਰ ਖਰੀਦੋ ਫ਼ਰੋਖਤ ਕਰਦਾ ਰਹਿੰਦਾ ਹੈ। ਵਿਕਸਤ ਮੁਲਕਾਂ ਨੇ
ਆਪਣੇ ਨਾਗਰਿਕਾਂ ਲਈ ਹੋਰ ਵੀ ਸੌਖਾ ਕੰਮ ਕੀਤਾ ਹੋਇਆ ਹੈ ਕਿ ਜੇਕਰ ਉਹਨਾਂ ਪਾਸ ਰੋਜ਼ਗਾਰ ਨਹੀਂ ਹੈ
ਤਾਂ ਸਰਕਾਰ ਉਹਨਾਂ ਲਈ ਪੈਸੇ ਰੋਟੀ ਆਦਿ ਦਾ ਪ੍ਰਬੰਧ ਕਰਦੀ ਹੈ। ਕਈ ਸਰਕਾਰਾਂ ਤਾਂ ਆਪਣੇ
ਵਿਦਿਆਰਥੀਆਂ ਨੂੰ ਪੜ੍ਹਾਈ ਲਈ ਉਧਾਰ ਪੈਸੇ ਭਾਵ ਲੋਨ ਦੇਂਦੀਆਂ ਹਨ। ਸੁਅਦਲੇ ਖਾਣੇ ਤੇ ਸੋਹਣੇ ਕਪੜੇ
ਬਜ਼ਾਰ ਵਿਚੋਂ ਪੈਸੇ ਖਰਚ ਕੇ ਖਰੀਦੇ ਜਾ ਸਕਦਾ ਹਨ। ਹੁਣ ਤਾਂ ਬੇ ਔਲਾਦ ਲੋਕ ਡਕਟਰੀ ਤਕਨੀਕ ਦੁਆਰਾ
ਬੱਚੇ ਵੀ ਹਾਸਲ ਕਰ ਲੈਂਦੇ ਹਨ। ਧਨ ਕਮਾਉਣਾ ਤੇ ਰੂਪ ਰੰਗ ਲੱਭਣਾ ਕੋਈ ਬਹੁਤਾ ਔਖਾ ਕੰਮ ਨਹੀਂ ਹੈ।
ਜੇ ਆਪਣੇ ਭਰਾ ਕੰਮ ਨਾ ਵੀ ਆਉਣ ਤਾਂ ਮਨੁੱਖ ਹੋਰ ਭਰਾ ਬਣਾ ਕੇ ਆਪਣੇ ਮਨ ਨੂੰ ਧਰਵਾਸ ਦੇ ਲੈਂਦਾ
ਹੈ। ਗ੍ਰਹਿਸਤ ਆਦ ਵਰਗੀ ਕੋਈ ਬਹੁਤ ਵੱਡੀ ਸਮੱਸਿਆ ਨਹੀਂ ਹੈ ਕਿਉਂਕਿ ਆਪਣੀ ਮਰਜ਼ੀ ਅਨੁਸਾਰ ਗ੍ਰਹਿਸਤ
ਹਾਸਲ ਕਰ ਸਕਦਾ ਹੈ।
ਜਿੱਥੇ ਸਰੀਰਕ ਸੁੱਖ ਖਰੀਦੇ ਜਾ ਸਕਦੇ ਹਨ ਓੱਥੇ ਮਨ ਦੇ ਸੁੱਖ ਪ੍ਰਾਪਤ ਕਰਨ ਲਈ ਮਾਨਸਕ ਤੌਰ `ਤੇ
ਵੱਖਰੀ ਕਿਸਮ ਦੀ ਮਿਹਨਤ ਕਰਨੀ ਪੈਂਦੀ ਹੈ। ਜੀਵਨ ਜੁਗਤੀ ਦੀ ਸਮਝ ਆ ਜਾਣ ਨਾਲ ਹੀ ਆਤਮਕ ਸੁੱਖਾਂ ਦੀ
ਪਰਾਪਤੀ ਹੁੰਦੀ ਹੈ। ਦੁਖਾਂਤ ਇਹ ਹੋਇਆ ਕਿ ਸੰਸਾਰ ਦੇ ਕੁੱਝ ਲੋਕਾਂ ਨੇ ਅਜੇਹੇ ਵਿਚਾਰ ਵੀ ਦਿੱਤੇ
ਕਿ ਸੰਸਾਰ ਵਿੱਚ ਰਹਿੰਦਿਆਂ ਆਤਮਕ ਸੁੱਖ ਨਹੀਂ ਮਿਲ ਸਕਦੇ। ਇਸ ਲਈ ਕਈ ਲੋਕ ਸੰਸਾਰ ਤੋਂ ਹੀ ਭਗੌੜੇ
ਹੋ ਗਏ ਪਰ ਮਾਨਸਕ ਸੁੱਖ ਉਹਨਾਂ ਨੂੰ ਫਿਰ ਵੀ ਨਹੀਂ ਮਿਲ ਸਕਿਆ। ਅਸਲ ਸੁੱਖ ਉਸ ਮਨੁੱਖ ਨੂੰ ਮਿਲਦਾ
ਹੈ ਜਿਸ ਨੂੰ ਜ਼ਿੰਦਗੀ ਦੀਆਂ ਤਲਖ਼ ਕਲਾਮੀਆਂ ਵਿੱਚ ਰਹਿੰਦਿਆਂ ਜੀਵਨ ਜਿਉਣਾ ਆ ਜਾਏ। ਅਜੇਹੀ ਤਕਨੀਕ
ਗੁਰਦੇਵ ਪਿਤਾ ਜੀ ਨੇ ਹੇਠਲੇ ਸਲੋਕ ਵਿੱਚ ਦਰਸਾਈ ਹੈ—
ਨਚ ਦੁਰਲਭੰ ਧਨੰ ਰੂਪੰ, ਨਚ ਦੁਰਲਭੰ ਸ੍ਵਰਗ ਰਾਜਨਹ॥
ਨਚ ਦੁਰਲਭੰ ਭੋਜਨੰ ਬਿੰਜਨੰ, ਨਚ ਦੁਰਲਭੰ ਸ੍ਵਛ ਅੰਬਰਹ॥
ਨਚ ਦੁਰਲਭੰ ਸੁਤ ਮਿਤ੍ਰ ਭ੍ਰਾਤ ਬਾਂਧਵ, ਨਚ ਦੁਰਲਭੰ ਬਨਿਤਾ ਬਿਲਾਸਹ॥
ਨਚ ਦੁਰਲਭੰ ਬਿਦਿਆ ਪ੍ਰਬੀਣੰ, ਨਚ ਦੁਰਲਭੰ ਚਤੁਰ ਚੰਚਲਹ॥
ਦੁਰਲਭੰ ਏਕ ਭਗਵਾਨ ਨਾਮਹ, ਨਾਨਕ ਲਬਧਿੑੰ ਸਾਧਸੰਗਿ ਕ੍ਰਿਪਾ ਪ੍ਰਭੰ ॥ ੩੫॥
(ਪੰਨਾ ੧੩੫੭)
ਅੱਖਰੀਂ ਅਰਥ: — ਧਨ ਅਤੇ ਰੂਪ ਲੱਭਣਾ ਬਹੁਤ ਔਖਾ ਨਹੀਂ
ਹੈ, ਨਾਹ ਹੀ ਸੁਰਗ ਦਾ ਰਾਜ। ਸੁਆਦਲੇ ਮਸਾਲੇਦਾਰ ਖਾਣੇ ਪ੍ਰਾਪਤ ਕਰਨੇ ਔਖੇ ਨਹੀਂ, ਨਾਹ ਹੀ ਸਾਫ਼
ਸੁਥਰੇ ਕੱਪੜੇ। ਪੁੱਤ੍ਰ ਮਿੱਤ੍ਰ ਭਰਾ ਰਿਸ਼ਤੇਦਾਰਾਂ ਦਾ ਮਿਲਣਾ ਬਹੁਤ ਮੁਸ਼ਕਿਲ ਨਹੀਂ, ਨਾਹ ਹੀ
ਇਸਤ੍ਰੀ ਦੇ ਲਾਡ-ਪਿਆਰ। ਵਿਦਿਆ ਹਾਸਲ ਕਰਕੇ ਸਿਆਣਾ ਬਣਨਾ ਭੀ ਬਹੁਤ ਔਖਾ ਨਹੀਂ ਹੈ, ਨਾਹ ਹੀ ਔਖਾ
ਹੈ (ਵਿੱਦਿਆ ਦੀ ਸਹੈਤਾ ਨਾਲ) ਚਾਲਾਕ ਤੇ ਤੀਖਣ-ਬੁੱਧ ਹੋਣਾ। ਹਾਂ! ਹੇ ਨਾਨਕ! ਕੇਵਲ ਪਰਮਾਤਮਾ ਦਾ
ਨਾਮ ਮੁਸ਼ਕਿਲ ਨਾਲ ਮਿਲਦਾ ਹੈ। ਨਾਮ ਸਾਧ ਸੰਗਤਿ ਵਿੱਚ ਹੀ ਮਿਲਦਾ ਹੈ (ਪਰ ਤਦੋਂ ਮਿਲਦਾ ਹੈ ਜਦੋਂ)
ਪਰਮਾਤਮਾ ਦੀ ਮੇਹਰ ਹੋਵੇ। ੩੫
ਵਿਚਾਰ ਚਰਚਾ-
੧ ਧਨ ਅਤੇ ਰੂਪ ਮਨੁੱਖ ਨੂੰ ਲੱਭ ਜਾਂਦੇ ਹਨ ਇਹ ਕੋਈ ਬਹੁਤ ਔਖਾ ਕੰਮ ਨਹੀਂ ਹੈ। ਸਵਰਗ
ਦਾ ਰਾਜ ਵੀ ਲੱਭ ਸਕਦਾ ਹੈ। ਭਾਵ ਨੌਕਰੀ ਕਾਰੋਬਾਰ ਜਿਹੜੀ ਸਵਰਗ ਵਿੱਚ ਪੁਜਾਰੀ ਨੇ ਮਿੱਥਾਂ ਮਿਥੀਆਂ
ਹਨ ਉਹ ਸਾਰੀਆਂ ਕੁੱਝ ਯਤਨਾ ਨਾਲ ਵਰਤਮਾਨ ਜੀਵਨ ਵਿੱਚ ਹੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
੨ ਸੁਆਦਲੇ ਭੋਜਨ, ਮਨ ਮਰਜ਼ੀ ਦੇ ਕਪੜੇ ਮਿਲ ਜਾਂਦੇ ਹਨ ਥੋੜੀ ਬਹੁਤੀ ਕੋਸ਼ਿਸ਼ ਨਾਲ ਮਨੁੱਖ ਹਾਸਲ ਕਰ
ਸਕਦਾ ਹੈ।
੩ ਭਰਾ, ਇਸਤ੍ਰੀ, ਮਿਤ੍ਰ, ਰਿਸ਼ਤੇਦਾਰ ਆਦ ਨਾਲ ਸੰਸਾਰ ਵਿੱਚ ਵਾਧਾ ਹੋਈ ਜਾ ਰਿਹਾ ਹੈ।
੪ ਡਾਕਟਰੀ, ਇੰਜਨਿਅਰਿੰਗ, ਆਲਾ ਅਫ਼ਸਰੀ ਵਿਦਿਆ ਹਾਸਲ ਕਰਕੇ ਸਹਿਜ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ
ਹੈ।
੫ ਆਪਣੇ ਆਪ ਨੂੰ ਬੜਾ ਚਲਾਕ ਸਮਝਣਾ ਹੈ ਇਹ ਵੀ ਬਹੁਤ ਕਠਨ ਨਹੀਂ ਹੈ।
੬ ਸਮੱਸਿਆ ਇਹ ਨਹੀਂ ਕਿ ਮਨੁੱਖ ਪਾਸ ਇਹ ਵਸਤੂਆਂ ਨਹੀਂ ਆਉਣੀਆਂ ਚਾਹੀਦੀਆਂ। ਨਹੀਂ ਸਫਲ ਜੀਵਨ
ਨਿਰਭਾਹ ਲਈ ਜਾਂ ਸੰਸਾਰ ਵਿੱਚ ਵਿਚਰਨ ਲਈ ਇਹਨਾਂ ਦਾ ਹੋਣਾ ਜ਼ਰੂਰੀ ਹੈ ਪਰ ਸਮੱਸਿਆ ਹੈ ਕਿ ਇਹ ਸਾਧਨ
ਹੋਣ ਦੇ ਬਾਵਜੂਦ ਵੀ ਮਨੁੱਖ ਜ਼ਿੰਦਗੀ ਜਿਊਣ ਵਾਲੀ ਰਮਜ਼ ਹਾਸਲ ਨਹੀਂ ਕਰ ਸਕਿਆ।
੭ ਸਹੀ ਜੀਵਨ ਜੁਗਤ ਗੁਰ ਗਿਆਨ ਨੂੰ ਸਮਝਿਆਂ ਹੀ ਆ ਸਕਦੀ ਹੈ ਪਰ ਇਹ ਸਮਝ ਆਉਂਦੀ ਉਸ ਨੂੰ ਹੈ ਜਿਸ
`ਤੇ ਰੱਬ ਜੀ ਮਿਹਰ ਕਰਦੇ ਹਨ।
੮ ਰੱਬ ਦੀ ਮਿਹਰ ਦਾ ਭਾਵ ਹੈ ਇਹ ਨਹੀਂ ਕਿ ਅਸੀਂ ਆਪ ਕੋਈ ਉਦਮ ਨਾ ਕਰੀਏ ਕਿ ਰੱਬ ਆਪੇ ਸਾਡਾ ਹੱਲ਼
ਵਾਹ ਆਏਗਾ। ਰੱਬ ਦੀ ਮਿਹਰ ਦਾ ਭਾਵ ਹੈ ਆਤਮਕ ਸੂਝ ਦਾ ਜਨਮ ਹੋਣਾ।
੯ ਉਪਰੋਕਤ ਸਹੂਲਤਾਂ ਤਾਂ ਹੀ ਸੋਹਣੀਆਂ ਲੱਗਦੀਆਂ ਹਨ ਜੇ ਮਨੁੱਖ ਜ਼ਿੰਦਗੀ ਦੇ ਮਹੱਤਵ ਨੂੰ ਸਮਝ ਕੇ
ਸਮਾਜ ਦੇ ਵਿਹੜੇ ਵਿੱਚ ਖੁਸ਼ਬੋਆਂ ਖਿਲਾਰੇ—
ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ॥
ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ॥
ਸਲੋਕ ਮ: ੩ ਪਸੰਨਾ ੫੦੯