.

ਗੁਰਬਾਣੀ ਦੇ ਚਾਨਣ ਵਿਚ ‘ਅਖਾਣ’

(ਕਿਸ਼ਤ ਨੰ:14)

ਵੀਰ ਭੁਪਿੰਦਰ ਸਿੰਘ

66.ਚਿੱਤ ਕਠੋਰ (ਪੱਥਰ ਦਿਲ):

ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ ॥ (ਗੁਰੂ ਗ੍ਰੰਥ ਸਾਹਿਬ, ਪੰਨਾ 314)

ਬਾਰਿਸ਼ ਦਾ ਜਲ ਜਿਉਂ ਹੀ ਧਰਤੀ ਅੰਦਰ ਜਾਂਦਾ ਹੈ, ਕਾਇਨਾਤ ਖਿੜ੍ਹਦੀ ਹੈ ਪਰ ਪੱਥਰ ਵਿਚ ਜਲ ਦੀ ਬੂੰਦ ਨਹੀਂ ਵੜ ਸਕਦੀ। ਜਦੋਂ ਸਾਡਾ ਮਨ ਸੱਚ (ਸੱਤ ਸੰਤੋਖ) ਦਾ ਜਲ ਨਹੀਂ ਲੈਂਦਾ ਤਾਂ ਮੰਨਣਾ ਪੈਂਦਾ ਹੈ ਕਿ ‘ਮਨ ਕੀ ਮਤ’ ਕਾਰਨ ਮਨ ਕਠੋਰ ਪੱਥਰ ਵਾਂਗ ਹੈ। ਇਸ ਅਵਸਥਾ ਕਾਰਨ ਮਨ ਰੂਪੀ ਧਰਤੀ ’ਚ ਜਲ ਰੂਪੀ ਸਤਿਗੁਰ ਨਹੀਂ ਜਾ ਸਕਦਾ। ਸਿੱਟੇ ਵਜੋਂ ਮਨ ਦੀ ਧਰਤੀ ਦੀ ਪ੍ਰਫੁਲਤਾ ਨਹੀਂ ਹੋ ਪਾਉਂਦੀ। ਐਸਾ ਮਨ ਦਇਆ, ਪਿਆਰ, ਵੰਡ ਛੱਕਣਾ, ਨੇਕੀ, ਸੰਤੋਖ, ਸਬਰ, ਜੈਸੇ ਖਿੜੇ ਹੋਏ ਫ਼ੁੱਲਾਂ ਤੋਂ ਮਹਿਰੂਮ ਰਹਿੰਦਾ ਹੈ। ਮਨ ਦੀ ਇਸੇ ਕਠੋਰ ਅਵਸਥਾ ਨੂੰ ‘ਪੱਥਰ’, ‘ਚੱਟਾਨ’, ‘ਸੈਲ ਗਿਰਿ’, ‘ਪਹਾੜ’, ‘ਬਾਂਸ’ ਅਤੇ ‘ਸੂਕੇ’ ਕਹਿੰਦੇ ਹਨ।

67.  ਦਿਲ ਦੀ ਦਿਲ ਵਿਚ ਰਹਿਣਾ:

ਜਦੋਂ ਕੋਈ ਮਨੁੱਖ ਮਾਨਸਿਕ ਤੌਰ `ਤੇ ਦੁਖੀ ਹੁੰਦਾ ਹੈ ਤਾਂ ਆਪਣੇ ਮਨ ਅੰਦਰ ਉਸ ਦੁਖ ਨੂੰ ਲੈ ਕੇ ਹਰ ਵੇਲੇ ਪਰੇਸ਼ਾਨ ਰਹਿੰਦਾ ਹੈ। ਆਪਣੇ ਮਨ ਦੀ ਪਰੇਸ਼ਾਨੀ ਨੂੰ ਦੂਰ ਕਰਨ ਲਈ ਕਿਸੇ ਮਿਤਰ-ਹਮਦਰਦ ਕੋਲ ਜਾਂਦਾ ਹੈ। ਮਨ ਦੀ ਪਰੇਸ਼ਾਨੀ ਉਸ ਨਾਲ ਇਸ ਪੱਖੋਂ ਸਾਂਝ ਕਰਦਾ ਹੈ ਕਿ ਮਿਤਰ ਉਸਦੀ ਪਰੇਸ਼ਾਨੀ ਦੂਰ ਕਰ ਦੇਵੇਗਾ। ਇਸਨੂੰ ਕਿਹਾ ਜਾਂਦਾ ਹੈ, ‘ਦਿਲ ਦੀ ਗਲ ਕਰ ਲਈ’।

ਠੀਕ ਇਸੇ ਤਰ੍ਹਾਂ ਜਦੋਂ ਸਤਿਗੁਰ ਨੂੰ ਮਿਤੱਰ ਸਮਝਿਆ ਹੀ ਨਹੀਂ ਤਾਂ ਅਸੀਂ ਮਨ ਦੀ ਪਰੇਸ਼ਾਨੀ ਵਾਲੀ ਗੱਲ ਸਤਿਗੁਰ ਨਾਲ ਨਹੀਂ ਕਰਦੇ ਬਲਕਿ ਦੁਨਿਆਵੀ ਪਦਾਰਥਾਂ ਜਾਂ ਕਾਮਯਾਬੀ ਦੀਆਂ ਗੱਲਾਂ ਕਰਦੇ ਹਾਂ। ਸਿੱਟੇ ਵਜੋਂ ਸਾਡੇ ਮਨ ਦੀ ਅਸਲੀ ਪਰੇਸ਼ਾਨੀ ਨਹੀਂ ਛੁੱਟਦੀ। ਇਸੇ ਨੂੰ, ‘ਦਿਲ ਦੀ ਦਿਲ ਵਿਚ ਰਹਿਣਾ’ ਕਹਿੰਦੇ ਹਨ।

ਮਨ ਕੀ ਮਨ ਹੀ ਮਾਹਿ ਰਹੀ ॥ ਨਾ ਹਰਿ ਭਜੇ ਨ ਤੀਰਥ ਸੇਵੇ ਚੋਟੀ ਕਾਲਿ ਗਹੀ ॥

(ਗੁਰੂ ਗ੍ਰੰਥ ਸਾਹਿਬ, ਪੰਨਾ 631)

68.ਕੁਰਬਾਨ ਹੋਣਾ, ਨਿਛਾਵਰ ਕਰਨਾ, ਆਪਾ ਵਾਰਨਾ:

ਘੋਲਿ ਘੁਮਾਈ ਤਿਸੁ ਮਿਤ੍ਰ ਵਿਚੋਲੇ ਜੈ ਮਿਲਿ ਕੰਤੁ ਪਛਾਣਾ ॥

(ਗੁਰੂ ਗ੍ਰੰਥ ਸਾਹਿਬ, ਪੰਨਾ 964)

ਸਾਡਾ ਮਨ ਅਗਿਆਨਤਾ ਵਸ ਆਪਣੇ ਕੁਝ ਖਿਆਲਾਂ ਨੂੰ ਸਹੀ ਸਮਝ ਕੇ ਉਸ ਨੂੰ ਹੀ ਆਪਣੀ ਪੂੰਜੀ, ਧਨ, ਸੰਪਦਾ, ਸੰਪਤੀ ਸਮਝਦਾ ਹੈ, ਜਦਕਿ ਉਹ ਮਨ ਦੀ ਕੂੜ ਹੁੰਦੀ ਹੈ। ਦਰਅਸਲ ਸਾਡਾ ਮਨ ਆਪਣੇ ਤੋਂ ਵੱਡੇ ਦੇ ਗੁਣ ਲੈਣ ਲਈ ਕਿਸੇ ਵੱਡੇ ਦੇ ਨੇੜੇ ਹੁੰਦਾ ਜਾਂਦਾ ਹੈ। ਕਿਸੇ ਵੱਡੇ ਦੇ ਨੇੜੇ ਹੋਣ ਦੀ ਇਸ ਅਵਸਥਾ ਨੂੰ ਰੁਤਬਾ ਉੱਚਾ ਹੋਣਾ ਕਹਿੰਦੇ ਹਨ। ਜੇ ਆਪਣੇ ਤੋਂ ਨਿੱਕੇ ਦੇ ਨੇੜੇ, ਭਾਵ ਅਵਗੁਣਾਂ ਵੱਲ ਜਾਓ ਤਾਂ ਰੁਤਬਾ ਘੱਟਦਾ ਜਾਂ ਨੀਵਾਂ ਹੁੰਦਾ ਜਾਂਦਾ ਹੈ। ਰੁਤਬਾ ਘੱਟਣ ਜਾਂ ਵੱਧਣ ਨੂੰ ‘ਕੁਰਬ’ ਕਹਿੰਦੇ ਹਨ। ਜਦੋਂ ਮਨ ਆਪਣੇ ਅਵਗੁਣਾਂ ਨੂੰ ਵੇਖ ਕੇ ਉਨ੍ਹਾਂ ਤੋਂ ਛੁੱਟਣਾ ਚਾਹੁੰਦਾ ਹੈ ਤਾਂ ਵੱਡੇ ਦੇ ਨੇੜੇ ਭਾਵ ਰੱਬ (ਸਤਿਗੁਰ) ਸੱਚੇ ਗਿਆਨ ਦੇ ਨੇੜੇ ਹੁੰਦਾ ਹੈ ਅਤੇ ਸੁਮਤ ਰੂਪੀ ਪੂੰਜੀ ਲੈ ਕੇ ਆਪਣੇ ‘ਮਨ ਦੀ ਕੂੜ’ ਨੂੰ ਵੱਡੇ ਅੱਗੇ ਰੱਖ ਦੇਂਦਾ ਹੈ। ਇਸਨੂੰ ਕੁਰਬਾਨ ਹੋਣਾ ਜਾਂ ਕੁਰਬਾਨ ਕਰਨਾ ਕਹਿੰਦੇ ਹਨ। ਜਦੋਂ ਮਨ ਆਪਣੀ ਮੰਦੀ ਅਵਗੁਣੀ ਸੋਚ ਨੂੰ ਵੱਡੇ ਅੱਗੇ ਰੱਖ ਦੇਂਦਾ ਹੈ ਤਾਂ ਇਸੇ ਅਵਸਥਾ ਨੂੰ ‘ਆਪਾ ਵਾਰਨਾ’ ਕਹਿੰਦੇ ਹਨ। ਵੱਡੇ ਦੇ ਸਹਿਜ ਸੰਤੋਖ, ਸ਼ੀਤਲਤਾ ਜੈਸੇ ਬੇਅੰਤ ਚੰਗੇ ਗੁਣਾਂ ਨੂੰ ਹਰੇਕ ਪਲ ਲੈਣ ਲਈ ਮਨ ਦੇ ਖਿਆਲ ਉਨ੍ਹਾਂ ਗੁਣਾਂ ਦੇ ਇਰਦ-ਗਿਰਦ, ਘੁੰਮਦੇ ਰਹਿੰਦੇ ਹਨ ਤਾਂ ਇਸ ਨੂੰ ਹੀ ਵਾਰਨੇ ਜਾਣਾ, ਨਿਛਾਵਰ ਕਰਨਾ, ਸਦਕੇ ਕਰਨਾ, ਘੋਲ ਘੁਮਾਈ ਜਾਂ ਪਰਕਰਮਾ ਕਰਨਾ ਕਿਹਾ ਜਾਂਦਾ ਹੈ।

69.  ਦਿਲ ਦੀ ਪੱਟੀ ਉੱਤੇ ਲਿਖਣਾ:

ਮੇਰੀ ਪਟੀਆ ਲਿਖਿ ਦੇਹੁ ਸ੍ਰੀ ਗਪਾਲ ॥

(ਗੁਰੂ ਗ੍ਰੰਥ ਸਾਹਿਬ, ਪੰਨਾ 1194)

ਹਮੇਸ਼ਾ ਚੇਤੇ ਰੱਖਣ ਦੀ ਅਵਸਥਾ। ਜਦੋਂ ਕਿਸੇ ਵਲੋਂ ਦੱਸੀ ਗੱਲ ਸਾਡੇ ਭਲੇ ਲਈ ਹੁੰਦੀ ਹੈ ਤਾਂ ਅਸੀਂ ਉਸ ਗੱਲ ਨੂੰ ਭੁਲਾਉਂਦੇ ਨਹੀਂ ਹਾਂ। ਜਦੋਂ ਸੱਚੇ ਦੀਆਂ ਸੱਚੀਆਂ ਗੱਲਾਂ, ਇਨਸਾਨੀਅਤ ਭਰਪੂਰ ਕਿਰਦਾਰ ਵਾਲੀਆਂ ਗੱਲਾਂ ਨੂੰ ਜਿਊ ਕੇ ਮਨ ਸੁਖੀ ਹੁੰਦਾ ਹੈ ਤਾਂ ਐਸੀ ਸੱਚੀਆਂ ਗੱਲਾਂ ਨੂੰ ਸਦਾ ਚੇਤੇ ਰੱਖਣਾ ਚਾਹੁੰਦਾ ਹੈ ਅਤੇ ਵਰਤੋਂ ਵਿਚ ਵੀ ਜ਼ਰੂਰ ਲਿਆਉਂਦਾ ਹੈ। ਸੁਖ, ਸਕੂਨ, ਚੈਨ ਮਹਿਸੂਸ ਕਰਨ ਵਾਲੀ ਹਰੇਕ ਚੰਗੀ ਸਿਖਿਆ ਨੂੰ ਜਦੋਂ ਚੇਤੇ ਰੱਖਦਾ ਹੈ ਤਾਂ ਮਾਨੋ ਮਨ ਨੇ ‘ਦਿਲ ਦੀ ਪੱਟੀ’ ਉੱਤੇ ਲਿਖ ਲਿਆ ਹੈ। ਜਦੋਂ ਸਿਖਿਆਵਾਂ ਦੇ ਨਾਲ ਮਨ ਦੀ ਧਰਤੀ (ਗੋ) ਨੂੰ ਪਾਲਣ ਵਾਲੇ ਗੁਣ (ਗੋ + ਪਾਲ) ਪ੍ਰਾਪਤ ਹੁੰਦੇ ਹਨ ਤਾਂ ਅੰਮ੍ਰਿਤ ਰੂਪੀ ਸੰਤੋਖ ਜਲ ਪ੍ਰਾਪਤ ਹੁੰਦਾ ਹੈ। ਮਨ ਆਪਣੀ ਸੋਚਣੀ, ਖਿਆਲ, ਚਿੱਤ, ਹਿਰਦੇ, ਜ਼ਹਿਨ ’ਚ ਜਦੋਂ ਸੱਚ ਦੇ ਪੈਗਾਮ ਨੂੰ ਦ੍ਰਿੜ ਕਰ ਕੇ ਲਿਖ ਲੈਂਦਾ ਹੈ ਉਸੀ ਨੂੰ, ‘ਮੇਰੀ ਪਟੀਆ ਲਿਖਿ ਦੇਹੁ ਸ੍ਰੀ ਗਪਾਲ ਕਹਿੰਦੇ ਹਨ।

70. ਦਿਲ ਦੀ ਮੈਲ ਧੋਣਾ:

ਜਦੋਂ ਸਾਡਾ ਮਨ ਕਿਸੇ ਦੀ ਗੱਲ ਨਾਲ ਦੁਖੀ ਹੋ ਕੇ ਉਸ ਮਨੁੱਖ ਨਾਲ ਵੈਰ ਪਾਲਦਾ ਰਹੇ, ਭੁਲਾਵੇ ਹੀ ਨਾ, ਬਲਕਿ ਵੈਰ ਕਾਰਨ ਉਸ ਦੀ ਸੱਚੀ ਗੱਲ ਦਾ ਵੀ ਵਿਰੋਧ ਕਰੇ, ਤਾਂ ਮੰਨਣਾ ਪੈਂਦਾ ਹੈ ਕਿ ਮਨ ਉੱਤੇ ਵੈਰ ਅਤੇ ਵਿਰੋਧ ਦੀ ਮੈਲ ਲੱਗ ਗਈ ਹੈ। ਸਾਡੀ ਕਿਸੇ ਨਾਲ ਵੀ ਅਸਹਿਮਤੀ ਹੋਣਾ ਹੋਰ ਗੱਲ ਹੈ ਪਰ ਕਿਸੇ ਨਾਲ ਵੈਰ-ਵਿਰੋਧ ਕਰੀ ਜਾਣਾ ਮਨ ਦੀ ਮੈਲ ਅਤੇ ਕੂੜ ਨੂੰ ਵਧਾਉਂਦਾ ਹੈ। ਕਿਸੀ ਵੀ ਮਨੁੱਖ ਨਾਲ ਵੈਰ-ਵਿਰੋਧ ਕਰਨ ਬਦਲੇ ਉਸ ਵੱਲ ਮਿਤਰਤਾ, ਹਿਤੂ ਪਿਆਰ ਦੀ ਤੱਕਣੀ ਅਤੇ ਬੋਲੀ ਵਾਲਾ ਸੁਭਾ ਬਣਾਉਣ ਨਾਲ ਸਾਡੇ ਮਨ ਦੀ ਮੈਲ ਉਤਰਦੀ ਹੈ। ਜਿਉਂ-ਜਿਉਂ ਵੈਰ ਦੀ ਮੈਲ ਉਤਰਦੀ ਹੈ ਸਾਡੇ ਵਲੋਂ ਉਸਦਾ ਵਿਰੋਧ ਕਰਨ ਦੀ ਮੈਲ ਵੀ ਧੁੱਲ ਜਾਂਦੀ ਹੈ। ਇਸੇ ਅਵਸਥਾ ਵਿਚ ਮਨੁੱਖ ਨੂੰ ਰੱਬੀ ਨੇੜਤਾ ਦਾ ਸੁਕੂਨ ਅਤੇ ਸੁੱਖ-ਚੈਨ ਪ੍ਰਾਪਤ ਹੁੰਦਾ ਹੈ। ਇਸੇ ਨੂੰ ਹੀ ਮਨ ਦੀ ਜਾਂ ਦਿਲ ਦੀ ਮੈਲ ਧੋਣਾ ਕਹਿੰਦੇ ਹਨ। ਭਾਵੇਂ ਉਹ ਮਨੁੱਖ ਸਾਡੇ ਨਾਲ ਵੈਰ ਵਿਰੋਧ ਦੀ ਮੈਲ ਹੰਢਾਉਂਦਾ ਰਹੇ ਪਰ ਸਾਡਾ ਮਨ ਇਸ ਮੈਲ ਤੋਂ ਛੁੱਟ ਕੇ ਉਜਲਾ ਅਤੇ ਸਾਫ਼ ਹੋ ਜਾਂਦਾ ਹੈ। ਮਨ ਅਪੁਨੇ ਤੇ ਬੁਰਾ ਮਿਟਾਨਾ ॥ ਪੇਖੈ ਸਗਲ ਸ੍ਰਿਸਟਿ ਸਾਜਨਾ ॥ (ਗੁਰੂ ਗ੍ਰੰਥ ਸਾਹਿਬ, ਪੰਨਾ 1378)




.