ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਕੀ ਧਾਰਮਕ ਥਾਂਵਾਂ ਤੇ ਹੀ ਰੱਬ ਰਹਿੰਦਾ ਆ?
ਜਦੋਂ ਦੀ ਹੋਸ਼ ਸੰਭਾਲ਼ੀ ਹੈ ਓਦੋਂ
ਤੋਂ ਲੈ ਕੇ ਹੁਣ ਤੱਕ ਇਹੋ ਹੀ ਸੁਣਨ ਵਿੱਚ ਆਉਂਦਾ ਹੈ ਕਿ ਰੱਬ ਜੀ ਗੁਰਦੁਆਰਿਆਂ, ਮੰਦਰਾਂ, ਚਰਚਾਂ,
ਮੱਠਾਂ, ਤਕੀਏ, ਡੇਰਿਆਂ, ਮਸੀਤਾਂ ਅਤੇ ਹੋਰ ਜਿੱਥੇ ਵੀ ਕਿਤੇ ਕੋਈ ਧਰਮਕ ਚਿੰਨ੍ਹ ਦਿਸਦਾ ਹੈ ਓੇੱਥੇ
ਰਹਿੰਦੇ ਹਨ। ਇਸ ਵਿਚਾਰ ਦਾ ਪ੍ਰਭਾਵ ਅੱਜ ਵੀ ਦੇਖਿਆ ਜਾ ਸਕਦਾ ਹੈ ਜਦੋਂ ਬੰਦਾ ਗੱਲ ਗੱਲ `ਤੇ ਇਹ
ਕਹਿੰਦਾ ਹੈ ਕਿ ਵੀਰਿਆ ਮੈਂ ਗੁਰਦੁਆਰੇ ਥੋੜਾ ਝੂਠ ਬੋਲਦਾ ਹਾਂ। ਇਸ ਦਾ ਅਰਥ ਹੈ ਕਿ ਬਾਹਰ ਬੰਦਾ
ਝੂਠ ਬੋਲ ਲੈਣ ਦੀ ਖੁਲ੍ਹ ਲੈ ਰਿਹਾ ਹੈ ਕਿ ਰੱਬ ਕੇਵਲ ਧਾਰਮਕ ਅਸਥਾਨਾਂ `ਤੇ ਹੀ ਰਹਿੰਦਾ ਹੈ ਇਸ ਲਈ
ਏੱਥੇ ਝੂਠ ਨਹੀਂ ਬੋਲਣਾ ਹੈ।
ਜੇ ਕੇਵਲ ਰੱਬ ਜੀ ਗੁਰਦੁਆਰੇ ਹੀ ਰਹਿੰਦੇ ਹੁੰਦੇ ਤਾਂ ਉਹਨਾਂ ਕਮੇਟੀਆਂ ਵਾਲ਼ਿਆਂ ਨੂੰ ਜ਼ਰੂਰ ਵੱਟ
ਚਾੜ੍ਹਦੇ ਕਿ ਮੇਰੇ ਅਸਥਾਨ `ਤੇ ਕਿਉਂ ਲੜਾਈ ਝਗੜੇ ਕਰ ਰਹੇ ਹੋ? ਮੁਸਲਮਾਨ ਭਰਾ ਕੇਵਲ ਪੱਛਮ ਦੀ
ਬਾਹੀ ਨੂੰ ਹੀ ਰੱਬ ਨੂੰ ਸਥਾਪਤ ਕਰ ਕੇ ਚੱਲ ਰਹੇ ਹਨ ਜਦ ਕਿ ਹਿੰਦੂ ਭਾਈ ਦੱਖਣ ਵਿੱਚ ਰੱਬ ਜੀ ਦਾ
ਟਿਕਾਣਾ ਮੰਨ ਕੇ ਚੱਲ ਰਹੇ ਹਨ।
ਕਈ ਵਾਰੀ ਏਦਾਂ ਵੀ ਸੁਣਿਆਂ ਜਾਂਦਾ ਹੈ ਕਿ ਧਾਰਮਕ ਅਸਥਾਨਾਂ `ਤੇ ਕੀਤੀ ਗਈ ਅਰਦਾਸ ਰੱਬ ਜੀ ਬਹੁਤ
ਛੇਤੀ ਸੁਣ ਲੈਂਦੇ ਹਨ ਕਿਉਂਕਿ ਰੱਬ ਜੀ ਏੱਥੇ ਹੀ ਰਹਿੰਦੇ ਹਨ। ਸਮਾਜ ਵਿੱਚ ਏਦਾਂ ਦੀਆਂ ਕਹਾਣੀਆਂ
ਵੀ ਘੜੀਆਂ ਗਈਆਂ ਹਨ ਕਿ ਫਲਾਣੇ ਸਾਧ ਨੇ ਰੱਬ ਜੀ ਨੂੰ ਆਪਣੇ ਵੱਸ ਵਿੱਚ ਕੀਤਾ ਹੋਇਆ ਹੈ। ਖਾਸ
ਥਾਂਵਾਂ `ਤੇ ਰੱਬ ਨੂੰ ਮੰਨਣ ਵਾਲਿਆਂ ਨੇ ਸਭ ਤੋਂ ਵੱਧ ਨਫਰਤ ਤੇ ਈਰਖਾ ਕਮਾਈ ਹੈ। ਜਿਹੜਾ ਮਨੁੱਖ
ਸਰਬ ਵਿਆਪਕ ਰੱਬ ਦੀ ਨਿਯਮਾਵਾਲੀ ਨੂੰ ਸਮਝ ਲੈਂਦਾ ਹੈ ਉਹ ਕਦੀ ਵੀ ਈਰਖਾ ਦਵੈਸ਼ ਦਾ ਸ਼ਿਕਾਰ ਨਹੀਂ
ਹੁੰਦਾ—
ਜਤ ਕਤਹ ਤਤਹ ਦ੍ਰਿਸਟੰ, ਸ੍ਵਰਗ ਮਰਤ ਪਯਾਲ ਲੋਕਹ॥
ਸਰਬਤ੍ਰ ਰਮਣੰ ਗੋਬਿੰਦਹ, ਨਾਨਕ ਲੇਪ ਛੇਪ ਨ ਲਿਪ੍ਯ੍ਯਤੇ॥ ੩੬॥
(ਪੰਨਾ ੧੩੫੭)
ਅੱਖਰੀਂ ਅਰਥ- ਹੇ ਨਾਨਕ! ਜਿਸ ਬੰਦੇ ਨੇ ਸਰਬ-ਵਿਆਪਕ
ਪਰਮਾਤਮਾ ਨੂੰ ਸੁਰਗ, ਮਾਤਲੋਕ, ਪਾਤਾਲ ਲੋਕ—ਹਰ ਥਾਂ ਵੇਖ ਲਿਆ ਹੈ, ਉਹ ਵਿਕਾਰਾਂ ਦੇ ਪੋਚੇ ਨਾਲ
ਨਹੀਂ ਲਿੱਬੜਦਾ।
ਵਿਚਾਰ ਚਰਚਾ
ਸਾਡੀ ਧਰਤੀ ਸਪੇਸ ਵਿੱਚ ਹੈ ਇਸ ਲਈ ਸੁਰਗ, ਮਾਤਲੋਕ ਤੇ ਪਤਾਲ ਦਾ ਭਾਵ ਅਰਥ ਹੈ ਹਰੇਕ ਥਾਂ ਸਦੀਵ
ਕਾਲ ਨਿਯਮ---
੧ ਅਸਲ ਵਿੱਚ ਰੱਬ ਜੀ ਨੂੰ ਏਦਾਂ ਸਮਝਿਆ ਗਿਆ ਹੈ ਕਿ ਜਿਵੇਂ ਉਹ ਮਨੁੱਖਾਂ ਵਾਂਗ ਰਹਿੰਦਾ ਹੋਵੇ ਜਾਂ
ਉਸ ਦੇ ਵੱਡੇ ਵੱਡੇ ਹੱਥ ਪੈਰ ਹੋਣੇ ਆ।
੨ ਦੂਸਰਾ ਇਹ ਵੀ ਸਮਝਿਆ ਗਿਆ ਹੈ ਕਿ ਰੱਬ ਨੇ ਅੱਗੇ ਆਪਣੇ ਦੂਤ ਰੱਖੇ ਹੋਏ ਹਨ ਜਿਹੜੇ ਰੱਬ ਦੇ ਕਹੇ
`ਤੇ ਮਾੜੇ ਕਰਮ ਕਰਨ ਵਾਲਿਆਂ ਨੂੰ ਸਜਾਵਾਂ ਦੇਂਦੇ ਹਨ।
੩ ਰੱਬ ਜੀ ਦੀ ਸਦੀਵ ਕਾਲ ਨਿਯਮਾਵਲੀ ਨੂੰ ਸਮਝਣ ਦੀ ਜ਼ਰੂਰਤ ਹੈ। ਇਹ ਸਦੀਵ ਕਾਲ ਨਿਯਮਾਵਲੀ ਹਰੇਕ
ਥਾਂ ਬਰਾਬਰ ਵਿਆਪ ਰਹੀ ਹੈ।
੪ ਸਦੀਵ ਕਾਲ ਨਿਯਮਾਵਲੀ ਦੇ ਹੀ ਸਦੀਵ ਕਾਲ ਗੁਣ ਰੱਬ ਜੀ ਦੇ ਹਨ। ਇਹਨਾਂ ਗੁਣਾਂ ਨੂੰ ਸਮਝਣ ਦੀ
ਜ਼ਰੂਰਤ ਹੈ-
੫ ਇਹ ਗੁਣ ਹਰੇਕ ਦੇਸ, ਹਰੇਕ ਵਿਆਕਤੀ ਲਈ ਜ਼ਰੂਰੀ ਹਨ।
੬ ਸਤਿ, ਸੰਤੋਖ, ਹਲੇਮੀ ਮਿਹਨਤ ਕਰਨੀ, ਇਮਾਨਦਾਰੀ ਰੱਖਣੀ, ਭਾਈਚਾਰਕ ਸਾਂਝ ਹੀ ਰੱਬ ਜੀ ਦਾ ਰੂਪ ਹੈ
ਤੇ ਇਹਨਾਂ ਨੂੰ ਕਾਇਮ ਰੱਖਣ ਵਾਲਾ ਵਿਆਕਤੀ ਵਿਕਾਰੀ ਬਿਰਤੀ ਦਾ ਧਾਰਨੀ ਨਹੀਂ ਹੁੰਦਾ।
੭ ਧਾਰਮਕ ਅਸਥਾਨਾਂ ਤੋਂ ਰੱਬ ਨੂੰ ਲੱਭਣ ਦੀ ਜ਼ਰੂਰਤ ਨਹੀਂ ਹੈ ਸਗੋਂ ਆਪਣੇ ਅੰਦਰ ਬੈਠੇ ਰੱਬੀ ਗੁਣਾਂ
ਨੂੰ ਸਮਝਣ ਦੀ ਜ਼ਰੂਰਤ ਹੈ ਜਿਸ ਨਾਲ ਜ਼ਿੰਦਗੀ ਦੇ ਮਹੱਤਵ ਦਾ ਪਤਾ ਚਲਦਾ ਹੈ।
ਜਿਹਿ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸੁ॥
ਕਹੁ ਨਾਨਕ ਸੁਨੁ ਰੇ ਮਨਾ ਤਿਹ ਘਟਿ ਬ੍ਰਹਮ ਨਿਵਾਸੁ॥ ੧੮॥
ਸਲੋਕ ਮ: ੯ ਪੰਨਾ ੧੪੨੭