ਗੁਰਬਾਣੀ ਦੇ ਚਾਨਣ ਵਿਚ ‘ਅਖਾਣ’
(ਕਿਸ਼ਤ ਨੰ:15)
ਵੀਰ ਭੁਪਿੰਦਰ ਸਿੰਘ
71. ਦਿਲ ਦੀ ਕਾਲਖ਼ ਧੋਣਾ:
ਫਰੀਦਾ ਕਾਲਂੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ ॥
(ਗੁਰੂ ਗ੍ਰੰਥ ਸਾਹਿਬ, ਪੰਨਾ 1378)
ਜਦੋਂ ਕੋਈ ਮਨੁੱਖ ਮਨ ਕਰਕੇ, ਦਿਲ ਨਾਲ, ਆਪਣੇ ਅਵਗੁਣੀ ਖਿਆਲਾਂ ਅਤੇ ਕੀਤੇ
ਕੁਕਰਮਾਂ ਤੋਂ ਛੁੱਟਣਾ ਚਾਹੁੰਦਾ ਹੈ ਤਾਂ ਉਹ ਇਮਾਨਦਾਰੀ ਨਾਲ ਉਨ੍ਹਾਂ ਮੰਦੇ ਕੰਮਾਂ, ਖਿਆਲਾਂ ਨੂੰ
ਮੁੜ ਦੁਹਰਾਉਂਦਾ ਨਹੀਂ ਹੈ। ਇਹੋ ਅਵਸਥਾ ‘ਦਿਲ ਦੀ ਕਾਲਖ਼ ਧੋਣਾ’ ਕਹਿਲਾਉਂਦੀ ਹੈ। ਦਿਲ ਦੀ ਕਾਲਖ਼
ਧੋਂਦੇ ਰਹਿਣ ਨਾਲ ਪਛਤਾਵਾ ਖ਼ਤਮ ਹੁੰਦਾ ਜਾਂਦਾ ਹੈ। ਮਨੁੱਖ ਦਾ ਖੇੜਾ ਨਿਤ ਵੱਧਦਾ ਜਾਂਦਾ ਹੈ ਅਤੇ
ਮਨ ਸੁਖੀ ਹੁੰਦਾ ਜਾਂਦਾ ਹੈ। ਮਨ ਨੂੰ ਆਪਣੇ ਮੂਲ ਦੀ ਪਛਾਣ ਕਰਨ ਲਈ ਸਤਿਗੁਰ ਦੀ ਮਤ ਰਾਹੀਂ
ਅਵਗੁਣਾਂ ਰੂਪੀ ਕਾਲਖ਼ ਧੋਣੀ ਹੁੰਦੀ ਹੈ।
72. ਦੂਰ ਅੰਦੇਸ਼ ਹੋਣਾ ਜਾਂ ਦੂਰ ਦੀ ਸੂਝ ਰੱਖਣਾ (ਗੰਭੀਰ, ਸੰਜੀਦਾ ਅਤੇ
ਲਾਹੇਵੰਦ ਵਿਚਾਰਾਂ ਕਰਨੀਆਂ):
ਬਚਪਨ ਤੋਂ ਅਸੀਂ ਆਪਣੇ ਚਾਰੋਂ ਪਾਸੇ ਕੁਝ ਨਾ ਕੁਝ ਗਲਤ ਵਾਪਰਦਾ ਵੇਖਦੇ
ਹਾਂ, ਕਿਸੇ ਦੀ ਖ਼ੁਆਰੀ, ਦੁਖੀ ਹਾਲਤ ਦਾ ਕਾਰਨ ਪਤਾ ਲਗਦਾ ਹੈ, ਤਾਂ ਅਸੀਂ ਉਸ ਵਿਚੋਂ ਬਹੁਤ ਕੁਝ
ਸਿੱਖਦੇ ਹਾਂ। ਇਸੇ ਤਰ੍ਹਾਂ ਸਦੀਆਂ ਤੋਂ ਇਤਿਹਾਸਿਕ ਵਾਪਰੀਆਂ ਘਟਨਾਵਾਂ ਤੋਂ ਸੇਧ ਮਿਲਦੀ ਹੈ ਕਿ
ਕੀ-ਕੀ ਨਫ਼ੇ ਨੁਕਸਾਨ ਕਿਸ-ਕਿਸ ਕਾਰਨ ਹੋਏ।
ਜਦੋਂ ਆਪਣੀ ਰੋਜ਼ਾਨਾ ਜ਼ਿੰਦਗੀ ’ਚ ਅਸੀਂ ਹਰੇਕ ਖਿਆਲ ਅਤੇ ਕੰਮ ਨੂੰ
ਇਤਿਹਾਸਿਕ ਜਾਂ ਆਪਣੇ ਚਾਰੋਂ ਪਾਸੇ ਵਾਪਰੇ ਕਾਰਨਾਂ ਅਨੁਸਾਰ ਪਰਖਦੇ ਹਾਂ ਤਾਂ ਡੂੰਘੀ ਗਹਿਰ ਗੰਭੀਰ
ਵਿਚਾਰਾਂ ਦਾ ਸੁਭਾ ਪ੍ਰਾਪਤ ਕਰ ਲੈਂਦੇ ਹਾਂ। ਇਹੋ ਸੁਭਾ ਸਾਨੂੰ ਅੱਗੋਂ ਆਉਣ ਵਾਲੇ ਹਰੇਕ ਪਲ ਲਈ ਇਕ
ਸੋਚ, ਸਮਝ, ਸੂਝ ਬਖ਼ਸ਼ਦਾ ਹੈ, ਜਿਸਨੂੰ ‘ਦੂਰ ਦੀ ਸੂਝ’ ਕਹਿੰਦੇ ਹਨ। ਸਤਿਗੁਰ ਦੀ ਮਤ ਨਾਲ ਸਾਡੀ
ਆਪਣੇ ਆਲੇ-ਦੁਆਲੇ ਅਤੇ ਦੁਨੀਆ ਭਰ ਦੀ ਹਮੇਸ਼ਾ ਤੋਂ ਵਾਪਰ ਰਹੀਆਂ ਘਟਨਾਵਾਂ ਦੇ ਕਾਰਨ ਸਮਝਨ ਦੀ
ਬਿਬੇਕਤਾ ਵੱਧਦੀ ਜਾਂਦੀ ਹੈ।
ਫਰੀਦਾ ਜਿਨ੍ੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥
(ਗੁਰੂ ਗ੍ਰੰਥ ਸਾਹਿਬ, ਪੰਨਾ 1381)
ਘਾਟੇ ਦੇ ਖਿਆਲ ਅਤੇ ਕੰਮ ਛੱਡ ਕੇ ‘ਕਿਛੁ ਲਾਹੇ ਉਪਰਿ ਘਾਲੀਐ’ ਦੀ ਅਵਸਥਾ
ਹੀ ‘ਦੂਰ ਦੀ ਸੂਝ, ਦੂਰ ਅੰਦੇਸ਼ੀ’ ਕਹਿਲਾਉਂਦੀ ਹੈ।
73. ਦਿਲ ਦੀ ਪੜ੍ਹ ਲੈਣਾ (ਦਿਲਾਂ ਦੀ ਜਾਣ ਲੈਣਾ):
ਜਦੋਂ ਅਸੀਂ ਆਪਣੇ ਅੰਤਰ ਆਤਮੇ ’ਚ ਬੈਠੇ ਸਤਿਗੁਰ (ਰੱਬ) ਦੀ ਮਤ ਨੂੰ ਸੁਣਨ
ਅਤੇ ਸਮਝਣ ਲੱਗ ਪੈਂਦੇ ਹਾਂ ਤਾਂ ਆਪਣੇ ਲਿਖੇ ਨੂੰ ਪੜ੍ਹਨ ਦੀ ਜਾਚ ਸਿੱਖਦੇ ਹਾਂ। ਰੱਬ ਹਰ ਵੇਲੇ
ਸਾਡੇ ਨਾਲ ਹੈ, ਨੇੜੇ ਹੈ ਅਤੇ ਸਭ ਜਗ੍ਹਾ ਹੈ। ਇਸਨੂੰ ਅੰਦਰ ਦੀ ਜਾਂ ਜ਼ਮੀਰ ਦੀ ਅਵਾਜ਼ ਕਹਿੰਦੇ ਹਨ।
ਜਦੋਂ ਅਸੀਂ ਆਪਣੇ ਦਿਲ ਦੀ, ਜ਼ਮੀਰ ਦੀ ਅਵਾਜ਼ ਸੁਣਨ ਅਤੇ ਸਮਝਣ ਜੋਗੇ ਹੋ
ਜਾਂਦੇ ਹਾਂ ਤਾਂ ਸਾਡੇ ਆਪਣੇ ਹਿਰਦੇ ਵਿਚ ਵਸਦੇ ਰੱਬ, ਖੁਦਾ, ਰਾਮ, ਵਾਹਿਗੁਰੂ ਨਾਲ ਮਿਲਾਪ ਦੀ
ਅਵਸਥਾ ਸਹਿਜੇ ਹੀ ਬਣਦੀ ਜਾਂਦੀ ਹੈ। ਇਸੇ ਅਵਸਥਾ ਕਾਰਨ ਸਾਨੂੰ ਆਪਣੇ ਹਿਰਦੇ ’ਚ ਬੈਠੇ ਪਿਆਰੇ ਰੱਬ
ਜੀ ਅਤੇ ਹੋਰਨਾਂ ਦੇ ਦਿਲਾਂ ਵਿਚ ਵੀ ਰੱਬ ਨੂੰ ਦੇਖਣ ਦੀ ਸੂਝ ਪ੍ਰਾਪਤ ਹੁੰਦੀ ਹੈ। ਜਦੋਂ ਦੂਜਿਆਂ
ਦੇ ਹਿਰਦੇ ਵਿਚ ਆਪਣੇ ਵਾਲੇ ਰੱਬ ਨੂੰ ਵੇਖਦੇ ਹਾਂ ਤਾਂ ਸਾਰੇ ਮਨੁੱਖਾਂ ਦੀ ਬਿਰਥਾ, ਵੇਦਨਾ, ਪੀੜਾ,
ਦੁਖ-ਦਰਦ ਵੀ ਮਹਿਸੂਸ ਕਰਦੇ ਹਾਂ। ਉਨ੍ਹਾਂ ਦਾ ਦੁਖ ਆਪਣਾ ਦੁਖ ਲਗਦਾ ਹੈ। ਕੋਈ ਓਪਰਾ, ਪਰਾਇਆ ਜਾਂ
ਬੇਗਾਨਾ ਨਹੀਂ ਲਗਦਾ, ਮਾਨੋ ਇਹ ਰਿੱਧੀ-ਸਿੱਧੀ ਪ੍ਰਾਪਤ ਹੋ ਗਈ ਕਿ ਦਿਲਾਂ ਦੀ ਪੜ੍ਹਨ ਜੋਗੇ ਹੋ ਗਏ।
74. ਬੱਧਾ ਚੱਟੀ ਕੰਮ ਕਰਨਾ:
ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ ॥
(ਗੁਰੂ ਗ੍ਰੰਥ ਸਾਹਿਬ, ਪੰਨਾ 787):
ਜਦੋਂ ਕੋਈ ਕੰਮ ਦਿਲ ਲਗਾ ਕੇ ਨਾ ਕੀਤਾ ਜਾਵੇ ਭਾਵੇਂ ਕੰਮ ਕਰਨ ਦੀ ਕੋਈ
ਉਮੰਗ ਹੋਵੇ ਤਾਂ ਵੀ ਉਹ ਕੰਮ ਨੇਪਰੇ ਨਹੀਂ ਚੜ੍ਹਦਾ। ਮਿਸਾਲ ਦੇ ਤੌਰ ’ਤੇ, ਜੇ ਭੋਜਨ ਬੱਧਾ-ਚੱਟੀ
ਬਣਾਇਆ ਜਾਵੇ ਤਾਂ ਕੱਚਾ ਜਾਂ ਸੜਿਆ ਤਿਆਰ ਹੁੰਦਾ ਹੈ। ਜੇ ਕਰ ਕੱਚਾ ਜਾ ਸੜਿਆ ਨਾ ਵੀ ਹੋਵੇ ਤਾਂ ਵੀ
ਉਸ ਤਿਆਰ ਭੋਜਨ ਦਾ ਖਾਣ ਵਾਲੇ ਨੂੰ ਆਨੰਦ, ਸਵਾਦ, ਰੱਸ ਨਹੀਂ ਆ ਸਕਦਾ।
ਹੂਬਹੂ, ਜੇ ਸਾਡੇ ਜੀਵਨ ਦਾ ਮਨੋਰਥ ਕੇਵਲ ਸਰੀਰਕ ਭੋਗ ਜਾਂ ਆਪਣੇ ਸੁਖ-ਅਰਾਮ
ਤਕ ਸੀਮਿਤ ਰਹੇ ਤਾਂ ਅਸੀਂ ਸਭ ਜਗ੍ਹਾ ਬੱਧਾ-ਚੱਟੀ ਜੀਵਨ ਬਿਤਾਉਦੇ ਹਾਂ। ਧਰਮ ਦੀ ਅਗਵਾਈ ਸਾਨੂੰ
ਰੱਬੀ ਗੁਣ, ਦੂਜਿਆਂ ਦੀ ਭਲਾਈ, ਆਪਣੇ ਉੱਤੇ ਉਪਕਾਰ ਕਰਨ ਅਤੇ ਆਨੰਦਮਈ ਜੀਵਨ ਜਿਊਣ ਲਈ ਜਾਚ
ਸਿਖਾਉਂਦੀ ਹੈ। ਜੇ ਕਰ ਅਸੀਂ ਕਿਸੇ ਕੰਮ ਨੂੰ ਕਰਨ ਵੇਲੇ ਉੱਥੇ ਮਨ ਕਰ ਕੇ ਹਾਜ਼ਰ ਨਹੀਂ ਹੁੰਦੇ ਤਾਂ
ਬੱਧਾ-ਚੱਟੀ ਕੰਮ ਕਰਨ ਦਾ ਸੁਭਾਅ ਪਕਦਾ ਜਾਂਦਾ ਹੈ। ਇਸੇ ਤਰ੍ਹਾਂ ਧਰਮ ਜਾਂ ਧਾਰਮਕ ਕੰਮਾਂ ਨੂੰ ਵੀ
ਅਸੀਂ ਬੱਧਾ-ਚੱਟੀ ਕਰਦੇ ਹਾਂ। ਸਿੱਟੇ ਵੱਜੋਂ ਅਸੀਂ ਉੱਥੇ ਹੋ ਕੇ ਵੀ ਮਨ ਕਰ ਕੇ ਗੈਰ ਹਾਜ਼ਰ ਹੁੰਦੇ
ਹਾਂ। ਸਾਡਾ ਮਨ ਜਾਂ ਤਾਂ ਭੂਤਕਾਲ ਦੀਆਂ ਯਾਦਾਂ ਵਿਚ ਗੁਆਚਿਆ ਰਹਿੰਦਾ ਹੈ ਜਾਂ ਆਉਣ ਵਾਲੇ ਸਮੇ ਦੀ
ਚਿੰਤਾ ਵਿਚ ਰੁੱਝਿਆ ਰਹਿੰਦਾ ਹੈ ਜਾਂ ਮਰਨ ਤੋਂ ਬਾਅਦ ਸਵਰਗ ਦੀ ਇੱਛਾ ਵਿਚ ਗਲਤਾਨ ਰਹਿੰਦਾ ਹੈ।
ਅਸੀਂ ਧਰਮ ਦਾ ਅਸਲੀ ਮਨੋਰਥ ਪ੍ਰਾਪਤ ਨਹੀਂ ਕਰ ਪਾਉਂਦੇ, ਖੁਸ਼ੀ, ਖੇੜਾ, ਸੁੱਖ ਤੇ ਅਨੰਦ ਸਾਡੇ ਜੀਵਨ
’ਚੋਂ ਅਲੋਪ ਹੋ ਜਾਂਦਾ ਹੈ। ਚੰਗੇ ਵਿਚਾਰ ਅਤੇ ਅਮਲੀ ਜੀਵਨ ਨਾ ਹੋਣਾ ਸਾਡੇ ਬੱਧਾ ਚੱਟੀ ਸੁਭਾਅ ਦਾ
ਹੀ ਨਤੀਜਾ ਹੈ। ਇਸੇ ਅਵਸਥਾ ਨੂੰ ‘ਬਧਾ ਚਟੀ ਜੋ ਭਰੇ’ ਕਹਿੰਦੇ ਹਨ।
75. ਅੱਖਾਂ ਖੁਲਣਾ (ਸੱਚਾਈ ਦਾ ਪਤਾ ਲਗਣਾ ਜਾਂ ਹੋਸ਼ ਆਉਣਾ):
ਸਾਡੇ ਕੋਲ ਸਰੀਰਕ ਅੱਖਾਂ ਤੋਂ ਇਲਾਵਾ ਮਨ ਦੀਆਂ ਅੱਖਾਂ ਵੀ ਹੁੰਦੀਆ ਹਨ।
ਅਸੀਂ ਆਪਣੇ ਆਲ਼ੇ-ਦੁਆਲ਼ੇ ਵਾਪਰ ਰਹੀ ਚਲਾਕੀ, ਝੂਠ ਅਤੇ ਫ਼ੳਮਪ;ਰੇਬ ਤੋਂ ਨੁਕਸਾਨ ਖਾ ਕੇ ਵੀ ਕੁਝ
ਸਿੱਖ ਨਹੀਂ ਪਾਂਦੇ ਕਿਉਂਕਿ ਸਾਡੇ ਮਨ ਦੀਆਂ ਅੱਖਾਂ ਹੰਕਾਰ ਅਤੇ ਅਗਿਆਨਤਾ ਵੱਸ ਬੰਦ ਹੁੰਦੀਆਂ ਹਨ।
ਅਸੀਂ ਗੁੱਝੇ ਭੇਤ ਨਹੀਂ ਜਾਣ ਪਾਂਦੇ। ਜੇ ਕਿਸੇ ਸਿਆਣੇ ਵੱਲੋਂ ਸਾਨੂੰ ਨੀਂਦ ’ਚੋਂ ਜਗਾਉਣ ਦਾ ਉੱਦਮ
ਕੀਤਾ ਜਾਵੇ ਤਾਂ ਵੀ ਅਸੀਂ ਆਪਣੇ ਹੰਕਾਰ ਕਾਰਨ ਸੱਚ ਨੂੰ ਵੇਖਣਾ ਪਸੰਦ ਨਹੀਂ ਕਰਦੇ ਹਾਂ। ਸਾਨੂੰ
ਆਪਣੇ ਅਵਗੁਣੀ ਜੀਵਨ ’ਚੋਂ ਰੱਸ ਆ ਰਿਹਾ ਹੁੰਦਾ ਹੈ। ਅਸੀਂ ਆਪਣੇ ਰਤਨ-ਜਵਾਹਰ ਜੈਸੇ ਕੀਮਤੀ ਸਵਾਸਾਂ
ਨੂੰ ਪਦਾਰਥਕ ਜੀਵਨ ਪਿੱਛੇ ਗਵਾਉਂਦੇ ਅਤੇ ਲੁਟਾਂਦੇ ਰਹਿੰਦੇ ਹਾਂ।
ਜਦੋਂ ਸਾਨੂੰ ਗੀਟੇ-ਪੱਥਰ ਵਰਗੇ ਅਵਗੁਣਾਂ ਬਦਲੇ ਅਮੁਲ ਗੁਣਾਂ ਰੂਪੀ
ਸਹਿਜ-ਸੰਤੋਖ ਜੈਸੇ ਰਤਨਾਂ ਦੀ ਕੀਮਤ ਪੈਂਦੀ ਹੈ ਤਾਂ ਅਸੀਂ
‘ਰਤਨੁ ਤਿਆਗਿ ਕਉਡੀ ਸੰਗਿ ਰਚੈ ॥’ ਦਾ
ਜੀਵਨ ਛੱਡ ਦੇਂਦੇ ਹਾਂ। ਬਦਲੇ ’ਚ
‘ਕਿਛੁ ਲਾਹੇ ਉਪਰਿ ਘਾਲੀਐ’
ਦਾ ਜੀਵਨ ਜਿਊਣ ਲਈ ਸੱਚ ਸੁਣਨਾ ਪਸੰਦ ਕਰਦੇ ਹਾਂ। ਸਾਡੇ ਮਨ ਦੀ ਅੱਖ ਰਤਨ-ਜਵਾਹਰ ਭਾਵ ਰੱਬੀ ਗੁਣਾਂ
ਦੇ ਖਜ਼ਾਨੇ ਨੂੰ ਅੰਦਰੋਂ ਵੇਖਣ ਲਈ ਸਮਰੱਥ ਹੋ ਜਾਂਦੀ ਹੈ। ਇਸੇ ਨੂੰ ‘ਅੱਖਾਂ ਖੁਲਣਾ’ ਜਾਂ ‘ਹੋਸ਼
ਆਉਣਾ’ ਜਾਂ ‘ਜਾਗਣ’ ਦੀ ਅਵਸਥਾ ਕਹਿੰਦੇ ਹਨ।