.

ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ!

ਉਕਤ ਕਥਨ ਇੱਕ ਅਖਾਣ ਬਣ ਚੁੱਕਿਆ ਹੈ। ਇਹ ਅਖਾਣ ਕਿਸ ਨੇ, ਕਿਉਂ ਘੜਿਆ? ਇਸ ਕਿਸ ਅਤੇ ਕਿਉਂ ਦਾ ਜਵਾਬ ਅਗਲੇਰੇ ਪੰਨਿਆਂ ਉੱਤੇ ਦੇਣ ਦਾ ਯਤਨ ਕੀਤਾ ਗਿਆ ਹੈ। ਕਦੋਂ ਘੜਿਆ? ਕੋਈ ਪਤਾ ਨਹੀਂ! ਹਾਂ, ਇਹ ਜ਼ਰੂਰ ਪਤਾ ਹੈ ਕਿ ਹਰ ਜਣਾ-ਖਣਾ ਇਹ ਅਖਾਣ ਬੋਲ ਕੇ ਆਪਣੇ ਗੁਰਸਿੱਖ ਅਤੇ ਗੁਰਮਤਿ-ਗਿਆਨੀ ਹੋਣ ਦਾ ਦਾਅਵਾ ਬੜੇ ਫ਼ਖ਼ਰ ਨਾਲ ਕਰਦਾ ਹੈ। ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ‘ਪ੍ਰਕਾਸ਼ ਪੁਰਬ’ (ਜਨਮ ਦਿਨ) ਮਨਾਏ ਜਾਣ ਦੇ ਦਿਨਾਂ ਵਿੱਚ ਇਹ ਅਖਾਣ ਅਣਗਿਣਤ ਵਾਰ ਬੋਲਿਆ, ਸੁਣਿਆ ਅਤੇ ਪ੍ਰਚਾਰਿਆ ਗਿਆ! ਜਥੇਦਾਰਾਂ ਅਤੇ ਹੋਰ ਪੁਜਾਰੀ ਲਾਣੇ ਤੋਂ ਬਿਨਾਂ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤ੍ਰੀ, ਮੁਖ ਮੰਤ੍ਰੀ, ਮੰਤ੍ਰੀ ਅਤੇ ਹੋਰ ਹਰ ਲੱਲੂ ਪੰਜੂ ਸਿਆਸਤਦਾਨ ਦੇ ਗੁਰਮਤਿ ਪੱਖੋਂ ਥੋਥੇ, ਬੇਤੁਕੇ ਅਤੇ ਬੇਹੂਦਾ ਭਾਸ਼ਣਾਂ ਵਿੱਚ ਵੀ ਇਹ ਅਖਾਣ ਜੋੜਿਆ ਗਿਆ ਸੀ! ‘ਪ੍ਰਕਾਸ਼ ਪੁਰਬ’ ਦੇ ਰੌਲੇ-ਰੱਪੇ ਦੇ ਦਿਨਾਂ ਵਿੱਚ ਇਸ ਅਖਾਣ (ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ) ਨਾਲ ਸੰਬੰਧਿਤ ਇੱਕ ਵਾਕਿਆ ਅਜਿਹਾ ਹੋਇਆ ਜਿਸ ਤੋਂ ਪ੍ਰੇਰਿਤ ਹੋ ਕੇ ਮੈਂ ਇਹ ਸਤਰਾਂ ਲਿਖਣ ਲਈ ਮਜਬੂਰ ਹੋ ਗਿਆ ਹਾਂ!

ਕਿਸੇ ਅਜਨਬੀ ਗੋਰੇ ਨੇ ਇੱਕ ਗੁਰੂਦਵਾਰੇ ਦੇ ਸਕੱਤਰ ‘ਸਾਹਿਬ’ ਨੂੰ ਕਿਹਾ, "ਮੈਨੂੰ ਸਿੱਖ ਫ਼ਲਸਫ਼ੇ ਦੇ ਸਿੱਧਾਂਤਾਂ ਬਾਰੇ ਸੰਖੇਪ ਵਿੱਚ ਦੱਸੋ?"

ਸਕੱਤਰ ‘ਸਾਹਿਬ’ ਨੇ ਛਾਤੀ ਫੁਲਾ ਕੇ ਬੜੇ ਫ਼ਖ਼ਰ ਨਾਲ, ਟੁੱਟੀ-ਫੁੱਟੀ ਅੰਗਰੇਜ਼ੀ ਵਿੱਚ, ਜਵਾਬ ਦਿੱਤਾ, "ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ"।

ਇਹ ਜਵਾਬ ਸੁਣ ਕੇ ਗੋਰਾ ਮੁਸਕਰਾਇਆ! ਉਸ ਦੀ ਮੁਸਕਣੀ ਵਿੱਚ ਤਨਜ਼ ਸਾਫ਼ ਦਿਖਾਈ ਦੇ ਰਿਹਾ ਸੀ! ਮੁਸਕਰਾਉਂਦੇ ਹੋਏ ਗੋਰੇ ਨੇ ਉਪਰ-ਥਲੀ ਦੋ ਹੋਰ ਸਵਾਲ ਦਾਗ਼ ਦਿੱਤੇ, "ਤੁਹਾਡਾ ਪਵਿਤ੍ਰ ਗ੍ਰੰਥ (Holly Book) ਕਿਤਨਾ ਪੁਰਾਣਾ ਹੈ? ਅਤੇ, ਇਸ ਗ੍ਰੰਥ ਦੇ ਕਿਤਨੇ ਪੰਨੇਂ ਹਨ?"

"ਸਾਡਾ ਗ੍ਰੰਥ ਚਾਰ ਸੌ ਸਾਲ ਤੋਂ ਵੀ ਵੱਧ ਪੁਰਾਣਾ ਹੈ ਅਤੇ ਇਸ ਦੇ 1429 ਪੰਨੇ ਹਨ!" ਸ਼ਕਤ੍ਰ ‘ਸਾਹਿਬ’ ਨੇ ਐਂਠ ਕੇ ਜਵਾਬ ਦਿੱਤਾ!

ਗੋਰਾ ਫਿਰ ਮੁਸਕਰਾਇਆ ਅਤੇ ਕਟਾਖ਼ਸ਼ ਭਰੇ ਲਹਿਜੇ ਵਿੱਚ ਕਹਿਣ ਲੱਗਾ, "ਭਲੇਮਾਣਸਾ (Gentleman)! ਇਨ੍ਹਾਂ ਨੁਕਤਿਆਂ ਦਾ ਅਧਿਆਤਮਿਕਤਾ (Spirituality) ਨਾਲ ਤਾਂ ਕੋਈ ਵਾਸਤਾ ਹੀ ਨਹੀਂ ਹੈ; ਅਤੇ ਦੂਜਾ, ਚਾਰ ਸਦੀਆਂ ਦੇ ਲੰਬੇ ਸਮੇਂ ਵਿੱਚ ਅਤੇ 1429 ਪੰਨਿਆਂ ਵਿੱਚੋਂ ਤੁਸੀਂ ਇਹ ਤਿੰਨ ‘ਸਿੱਧਾਂਤ’ ( "ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ" ) ਹੀ ਸਿੱਖੇ ਹਨ! ! !"

ਗੋਰੇ ਦੀ ਇਹ ਟਿਚਕਰ ਸੁਣ ਕੇ ਸ਼ਕੱਤ੍ਰ ‘ਸਾਹਿਬ’ ਦੀ ਐਂਠ ਮੁਰਝਾ ਗਈ ਤੇ ਉਹ ਬੌਖ਼ਲਾ ਕੇ ਏਧਰ-ਓਧਰ ਝਾਕਣ ਲੱਗੇ!

ਗੋਰੇ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, "ਆਦਿ ਕਾਲ ਤੋਂ ਹੀ ਹਰ ਦੇਸ ਅਤੇ ਹਰ ਧਰਮ ਦੇ ਲੋਕ ਕਿਰਤ ਕਰਦੇ ਆ ਰਹੇ ਹਨ, ਵੰਡਦੇ ਵੀ ਹਨ ਅਤੇ ਆਪਣੇ ਆਪਣੇ ਢੰਗ ਨਾਲ ਨਾਮ ਵੀ ਜਪਦੇ ਰਹੇ ਹਨ (Work, Share and Meditate)। ਇਨ੍ਹਾਂ ਤਿੰਨਾਂ ਨੁਕਤਿਆਂ ਵਿੱਚ ਕੁੱਝ ਵੀ ਨਵਾਂ ਨਹੀਂ ਹੈ। …… ਭਲੇਮਾਣਸੋ (Gentlemen)! ਮੇਰੇ ਖ਼ਿਆਲ ਵਿੱਚ ਤੁਹਾਨੂੰ ਆਪਣੇ ਪਵਿਤ੍ਰ ਗ੍ਰੰਥ ਦਾ ਗੰਭੀਰ ਅਧਿਐਨ ਕਰਨ ਦੀ ਸਖ਼ਤ ਜ਼ਰੂਰਤ ਹੈ!" ਗੋਰਾ ਇਹ ਨੇਕ ਸਲਾਹ ਦੇ ਕੇ ਚਲਦਾ ਬਣਿਆ। ਅਤੇ, ਸ਼ਕਤ੍ਰ ‘ਸਾਹਿਬ’ ਅਤੇ ਉਸ ਦੇ ਸਾਥੀ ਬੌਖਲਾਏ ਹੋਏ ਏਧਰ-ਓਧਰ ਬਿਟਰ ਬਿਟਰ ਝਾਕਦੇ ਰਹਿ ਗਏ!

ਗੋਰੇ ਦੀ ਨੇਕ ਅਤੇ ਨਿਰਪੱਖ ਸਲਾਹ ਨੇ ਸਾਨੂੰ ਅੰਦਰੋਂ ਬਾਹਰੋਂ ਝੰਜੋੜ ਕੇ ਰੱਖ ਦਿੱਤਾ! ਅਤੇ, ਅਸੀਂ ਸੋਚਣ `ਤੇ ਮਜਬੂਰ ਹੋ ਗਏ ਕਿ ਕੀ ਗੋਰੇ ਦੀ ਸਲਾਹ ਸਾਡਾ ‘ਸਿੱਖਾਂ’ ਦਾ ਧਿਆਨ ਮੰਗਦੀ ਹੈ? ਥੋੜੀ ਜਿਹੀ ਸੋਚ-ਵਿਚਾਰ ਤੋਂ ਬਾਅਦ ਹੀ ਅਸੀਂ ਸਮਝ ਗਏ ਕਿ ਗੋਰੇ ਦੀ ਸਲਾਹ ਵਿੱਚ ਵਜ਼ਨ ਸੀ ਅਤੇ ਸਾਨੂੰ ਇਸ ਸਲਾਹ ਉੱਤੇ ਬੀਚਾਰ ਕਰਨ ਦੀ ਸਖ਼ਤ ਲੋੜ ਹੈ! ।

ਪਾਠਕ ਸੱਜਨੋਂ, ਆਓ! ਇਸ ਮੁੱਦੇ ਨੂੰ ਬਿਬੇਕ ਨਾਲ ਬੀਚਾਰੀਏ:

ਗੁਰੂ ਨਾਨਕ ਦੇਵ ਜੀ ਦਾ ਇੱਕ ਅਨਮੋਲ ਬਚਨ ਹੈ:

ਸਭਸੈਂ ਊਪਰਿ ਗੁਰ ਸਬਦੁ ਬੀਚਾਰੁ॥ ਰਾਗੁ ਰਾਮਕਲੀ ਅ: ਮ: ੧

ਗੁਰ ਸਬਦੁ ਬੀਚਾਰੁ ਦੇ ਆਧਾਰ `ਤੇ ਇਸ ਵਿਸ਼ੇ ਬਾਰੇ ਜੋ ਸਾਡੀ ਸਮਝ ਵਿੱਚ ਆਇਆ, ਉਹ ਨਿਮਨ ਲਿਖਤ ਹੈ:

ਕਿਰਤ ਤੋਂ ਭਾਵ ਹੈ: ਆਪਣੇ ਦਸਾਂ ਨਹੁੰਆਂ ਨਾਲ ਖ਼ੂਨ-ਪਸੀਨਾ ਬਹਾ ਕੇ ਕੀਤਾ ਗਿਆ ਕੰਮ। ਕਿਰਤ-ਕਮਾਈ: ਦਸਾਂ ਨਹੁੰਆਂ ਦੀ ਕਮਾਈ, ਖ਼ੂਨ-ਪਸੀਨੇ ਦੀ ਕਮਾਈ, ਘਾਲਿ-ਕਮਾਈ।

ਵੰਡਣ ਦਾ ਮਤਲਬ ਹੈ: ਆਪਣੀ ਕਿਰਤ-ਕਮਾਈ ਵਿੱਚੋਂ ਲੋੜਵੰਦਾਂ ਦੀ ਯਥਾ-ਸ਼ਕਤ ਆਪਣੇ ਹੱਥੀਂ ਸਹਾਇਤਾ ਕਰਨੀ।

ਨਾਮ ਜਪਣ ਤੋਂ ਭਾਵ ਹੈ: ਪ੍ਰਭੂ ਦੇ ਦੈਵੀ ਗੁਣਾਂ ਨੂੰ ਹਰਦਮ ਬੀਚਾਰਨਾ ਅਤੇ ਉਨ੍ਹਾਂ ਸਦਗੁਣਾਂ ਨੂੰ ਧਾਰਨ ਕਰਨ ਦਾ ਸੁਹਿਰਦ ਅਤੇ ਨਿਸ਼ਕਾਮ ਯਤਨ ਕਰਦੇ ਰਹਿਣਾ।

(ਨੋਟ:- ਨਾਮ ਜਪੋ ਵਾਸਤੇ ਮੇਰਾ ਲੇਖ "ਨਾਮ ਅਤੇ ਨਾਮ ਸਿਮਰਨ" ਪੜ੍ਹਿਆ ਜਾ ਸਕਦਾ ਹੈ। ਇਹ ਲੇਖ "ਸਿੱਖ ਮਾਰਗ" ਦੀ ਲੇਖ ਲੜੀ ਤੀਜੀ ਵਿੱਚ ਮੇਰੇ ਖਾਤੇ ਵਿੱਚ ਉਪਲਬਧ ਹੈ।)

ਗੁਰਬਾਣੀ ਵਿੱਚ ਉਪਰੋਕਤ ਤਿੰਨਾਂ ਸਿੱਖਿਆਵਾਂ ਦਾ ਜ਼ਿਕਰ ਹੈ। ਪਰੰਤੂ ਇਹ ਸਿੱਖਿਆਵਾਂ ਕਿਸ ਨੂੰ ਦਿੱਤੀਆਂ ਗਈਆਂ ਹਨ? ਇਹ ਨੁਕਤਾ ਬੀਚਾਰਣ ਵਾਲਾ ਹੈ!

ਇਸ ਲੇਖ ਦੇ ਵਿਸ਼ੇ ਉੱਤੇ ਵਿਸਤ੍ਰਿਤ ਵਿਚਾਰ ਕਰਨ ਤੋਂ ਪਹਿਲਾਂ ਇਹ ਇਤਿਹਾਸਕ ਸੱਚ ਜਾਣ ਲੈਣਾ ਜ਼ਰੂਰੀ ਹੈ ਕਿ ਮਨੁੱਖਾ ਸਮਾਜ ਵਿੱਚ ਤਿੰਨ ਮੁੱਖ ਸ਼੍ਰੇਣੀਆਂ ਅਜਿਹੀਆਂ ਵਿਚਰਦੀਆਂ ਹਨ ਜਿਨ੍ਹਾਂ ਦੇ ਹੱਡ-ਰੱਖ ਲੋਕ ਰੱਜ ਕੇ ਕਾਮਚੋਰ ਹਨ ਅਤੇ ਉਨ੍ਹਾਂ ਦਾ ਖਾਜਾ, ਗਿਰਝਾਂ ਦੀ ਤਰ੍ਹਾਂ, ਮੁਰਦਾਰ (ਹਰਾਮ ਦੀ ਕਮਾਈ) ਹੀ ਹੁੰਦਾ ਹੈ। ਉਨ੍ਹਾਂ ਨੂੰ ਹਰਾਮ ਅੰਮ੍ਰਿਤ ਲੱਗਦਾ ਹੈ ਅਤੇ ਹਲਾਲ (ਆਪਣੇ ਖ਼ੂਨ-ਪਸੀਨੇ ਦੀ ਕਮਾਈ) ਜ਼ਹਿਰ ਲੱਗਦਾ ਹੈ! ਇਹ ਸ਼੍ਰੇਣੀਆਂ ਹਨ: ਸ਼ਾਸਕ/ਸਿਆਸਤਦਾਨ, ਪੁਜਾਰੀ ਅਤੇ ਚੋਰ ਬਾਜ਼ਾਰੀਏ। ਇਸ ਕਥਨ ਦੇ ਪ੍ਰਮਾਣ ਗੁਰਬਾਣੀ ਵਿੱਚ ਆਮ ਮਿਲਦੇ ਹਨ! ਉਂਞ ਵੀ, ਪ੍ਰਤੱਖ ਨੂੰ ਪ੍ਰਮਾਣਾਂ ਦੀ ਲੋੜ ਨਹੀਂ ਹੁੰਦੀ!

ਗੁਰਬਾਣੀ ਦੀਆਂ ਜਿਨ੍ਹਾਂ ਤੁਕਾਂ ਦੇ ਆਧਾਰ `ਤੇ ਇਹ ਅਖਾਣ, ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ, ਘੜਿਆ ਗਿਆ ਹੈ, ਉਨ੍ਹਾਂ ਵਿੱਚੋਂ ਕੁੱਝ ਇੱਕ ਨਿਮਨ ਲਿਖਿਤ ਹਨ:

ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ ਸਲੋਕ ਮ: ੧

ਨਾਨਕ ਅਗੈ ਸੋ ਮਿਲੈ ਜਿ ਖਟੈ ਘਾਲੈ ਦੇਇ॥ ਸਲੋਕ ਮ: ੧

ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ॥

ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥ ਸਲੋਕ ਕਬੀਰ ਜੀ

ਉਦਮੁ ਕਰੇਦਿਆ ਜੀਉ ਤੂੰ॥ ਕਮਾਵਦਿਆ ਸੁਖ ਭੁੰਚ॥ ਸਲੋਕ ਮ: ੫

(ਨੋਟ:- ਗੁਰਬਾਣੀ ਦੇ ਉਪਰੋਕਤ ਹਵਾਲਿਆਂ ਵਿੱਚੋਂ ਪਹਿਲੇ ਤਿੰਨਾਂ ਦਾ ਸੰਬੰਧ ਇਸ ਲੇਖ ਦੇ ਵਿਸ਼ੇ ਨਾਲ ਹੈ, ਪਰੰਤੂ ਚੌਥੇ ਦਾ ਸੰਬੰਧ ਸਿਰਫ਼ ਨਾਮ-ਕਮਾਈ ਅਤੇ ਇਸ ਕਮਾਈ ਤੋਂ ਮਿਲਨ ਵਾਲੇ ਆਤਮਿਕ ਆਨੰਦ ਨਾਲ ਹੀ ਹੈ।)

ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ ਸਲੋਕ ਮ: ੧

ਉਪਰੋਕਤ ਤੁਕ ਗੁਰੂ ਨਾਨਕ ਦੇਵ ਜੀ ਦੇ ਇੱਕ ਸਲੋਕ ਦੀ ਆਖ਼ਰੀ ਤੁਕ ਹੈ। ਪਹਿਲੀਆਂ ਤੁਕਾਂ ਹਨ:

ਗਿਆਨ ਵਿਹੂਣਾ ਗਾਵੈ ਗੀਤ॥ ਭੁਖੇ ਮੁਲਾਂ ਘਰੇ ਮਸੀਤਿ॥

ਮਖਟੂ ਹੋਇ ਕੈ ਕੰਨ ਪੜਾਏ॥ ਫਕਰੁ ਕਰੈ ਹੋਰੁ ਜਾਤਿ ਗਵਾਏ॥

ਗੁਰੁ ਪੀਰੁ ਸਦਾਏ ਮੰਗਣ ਜਾਇ॥ ਤਾ ਕੇ ਮੂਲਿ ਨ ਲਗੀਐ ਪਾਇ॥ …

ਇਹ ਸਾਰਾ ਸਲੋਕ ਸੰਪਰਦਾਈ ਧਰਮਾਂ ਦੇ ਹੱਡ ਰਖ ਮਖਟੂ ਪੁਜਾਰੀਆਂ (ਮੰਦਰ ਦੇ ਪੰਡਿਤ, ਮਸੀਤ ਦੇ ਮੌਲਵੀ ਅਤੇ ਮਠ ਦੇ ਨਾਥ-ਜੋਗੀ ਆਦਿ) ਦੇ ਮੁਰਦਾਰਖ਼ੋਰ ਕਿਰਦਾਰ ਨੂੰ ਉਜਾਗਰ ਕਰਦਾ ਹੈ। ਸਲੋਕ ਦੀਆਂ ਉਪਰਲੀਆਂ ਪਹਿਲੀਆਂ ਤੁਕਾਂ ਵਿੱਚ ਰੱਬ ਦੇ ਨਾਮ `ਤੇ ਠੱਗ ਕੇ ਖਾਣ ਵਾਲੇ ਆਤਮਿਕ ਗਿਆਨ ਤੋਂ ਸੱਖਣੇ ਰਾਗੀਆਂ/ਕੀਰਤਨੀਆਂ, ਮਾਇਕ ਭੁੱਖ ਦੇ ਮਾਰੇ ਧਰਮ-ਦੁਆਰਿਆਂ ਵਿੱਚ ਡੇਰਾ ਲਾਈ ਬੈਠੇ ਕਪਟੀ ਪੁਜਾਰੀਆਂ ਅਤੇ ਤਰ੍ਹਾਂ ਤਰ੍ਹਾਂ ਦੇ ਭੇਖ ਕਰਕੇ ਇਨਸਾਨੀ ਰੂਪ ਅਤੇ ਇਨਸਾਨੀਯਤ ਦੇ ਗੁਣ ਗਵਾ ਚੁੱਕੇ ਮਖਟੂ ਪਾਜੀਆਂ ਦਾ ਪਾਜ ਉਧੇੜਿਆ ਗਿਆ ਹੈ। ਨਾਲ ਹੀ ਆਮ-ਖ਼ਾਸ ਜਨਤਾ ਨੂੰ ਸੁਚੇਤ ਕਰਦਿਆਂ ਕਿਹਾ ਗਿਆ ਹੈ ਕਿ ਜਿਹੜੇ ਆਪਣੇ ਆਪ ਨੂੰ ਗੁਰੂ-ਪੀਰ ਜਾਂ ਗੁਰੂ ਦੇ ਵਜ਼ੀਰ ਸਦਾਉਂਦੇ ਹਨ, ਪਰੰਤੂ ਦੂਜਿਆਂ ਦੀ ਕਿਰਤ-ਕਮਾਈ ਛਲ-ਕਪਟ ਨਾਲ ਠੱਗ ਕੇ ਖਾਂਦੇ ਹਨ, ਉਹ ਸਤਿਕਾਰ ਦੇ ਲਾਇਕ ਨਹੀਂ ਹਨ, ਉਨ੍ਹਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ! ! ! ਸਪਸ਼ਟ ਹੈ ਕਿ ਘਾਲ-ਕਮਾਈ ਕਰਨ ਦੀ ਸਿੱਖਿਆ (ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥) ਮਖਟੂ ਪੁਜਾਰੀਆਂ ਵਾਸਤੇ ਹੀ ਹੈ!

(ਨੋਟ:- ਇਸ ਸਲੋਕ ਦੇ ਵਿਸਥਾਰ ਵਿੱਚ ਕੀਤੇ ਅਰਥਾਂ ਅਤੇ ਭਾਵ ਅਰਥਾਂ ਵਾਸਤੇ ਮੇਰਾ ਲੇਖ "ਘਾਲਿ ਖਾਇ…" ਪੜ੍ਹਿਆ ਜਾ ਸਕਦਾ ਹੈ; ਇਹ ਲੇਖ "ਸਿੱਖ ਮਾਰਗ" ਦੀ ਲੇਖ ਲੜੀ ਤੀਜੀ ਵਿੱਚ ਮੇਰੇ ਖਾਤੇ ਵਿੱਚ ਉਪਲਬਧ ਹੈ।)

ਨਾਨਕ ਅਗੈ ਸੋ ਮਿਲੈ ਜਿ ਖਟੈ ਘਾਲੈ ਦੇਇ॥ ਸਲੋਕ ਮ: ੧

ਉਕਤ ਤੁਕ ਵੀ ਗੁਰੂ ਨਾਨਕ ਦੇਵ ਜੀ ਦੇ ਇੱਕ ਸਲੋਕ ਦੀ ਆਖ਼ਰੀ ਤੁਕ ਹੈ। ਪਹਿਲੀਆਂ ਤੁਕਾਂ ਹਨ:

ਜੇ ਮੋਹਾਕਾ ਘਰੁ ਮੁਹੈ ਪਿਤਰੀ ਦੇਇ॥

ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ॥

ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ॥ ……

ਅਰਥ:- ਜੇ ਕੋਈ ਠੱਗ ਪਰਾਇਆ ਘਰ ਠੱਗੇ, ਪਰਾਏ ਘਰ ਨੂੰ ਠੱਗ ਕੇ (ਉਹ ਪਦਾਰਥ) ਆਪਣੇ ਪਿਤਰਾਂ ਦੇ ਨਮਿਤ ਦੇਵੇ, ਤਾਂ (ਜੇ ਸੱਚ-ਮੁੱਚ ਪਿਛਲਿਆਂ ਦਾ ਦਿੱਤਾ ਅੱਪੜਦਾ ਹੀ ਹੈ ਤਾਂ) ਪਰਲੋਕ ਵਿੱਚ ਉਹ ਪਦਾਰਥ ਸਿਞਆਣਿਆ ਜਾਂਦਾ ਹੈ। ਇਸ ਤਰ੍ਹਾਂ ਉਹ ਮਨੁੱਖ ਆਪਣੇ ਪਿਤਰਾਂ ਨੂੰ (ਭੀ) ਚੋਰ ਬਣਾਂਦਾ ਹੈ (ਕਿਉਂਕਿ ਉਹਨਾਂ ਪਾਸੋਂ ਚੋਰੀ ਦਾ ਮਾਲ ਨਿਕਲ ਆਉਂਦਾ ਹੈ)। (ਅਗੋਂ) ਪ੍ਰਭੂ ਇਹ ਨਿਆਂ ਕਰਦਾ ਹੈ ਕਿ (ਇਹ ਚੋਰੀ ਦਾ ਮਾਲ ਅਪੜਾਣ ਵਾਲੇ ਬ੍ਰਾਹਮਣ) ਦਲਾਲ ਦੇ ਹੱਥ ਵੱਢੇ ਜਾਂਦੇ ਹਨਹੇ ਨਾਨਕ! ਕਿਸੇ ਦਾ ਅਪੜਾਇਆ ਹੋਇਆ ਅੱਗੇ ਕੀ ਮਿਲਣਾ ਹੈ?)

ਨਾਨਕ ਅਗੈ ਸੋ ਮਿਲੈ ਜਿ ਖਟੈ ਘਾਲੈ ਦੇਇ॥ ਸਲੋਕ ਮ: ੧

ਅਗਾਂਹ ਤਾਂ ਮਨੁੱਖ ਨੂੰ ਉਹੀ ਕੁੱਝ ਮਿਲਦਾ ਹੈ ਜੋ ਆਪ ਖੱਟਦਾ ਹੈ, ਕਮਾਂਦਾ ਹੈ ਤੇ (ਹੱਥੀਂ) ਦੇਂਦਾ ਹੈ। ੧। (ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ- ਡਾ: ਸਾਹਿਬ ਸਿੰਘ ਜੀ)।

ਉਪਰੋਕਤ ਸਲੋਕ ਵੀ ਦੂਸਰਿਆਂ ਦੀ ਕਿਰਤ-ਕਮਾਈ ਠੱਗ ਕੇ ਖਾਣ ਵਾਲੇ ਹਰਾਮਖ਼ੋਰਾਂ ਅਤੇ ਹਰਮਖ਼ੋਰਾਂ ਦੇ ਦਲਾਲਾਂ (ਪੁਜਾਰੀਆਂ) ਨੂੰ ਸੰਬੋਧਿਤ ਹੋ ਕੇ ਲਿਖਿਆ ਗਿਆ ਹੈ। ਇਸ ਸਲੋਕ ਵਿੱਚ ਇੱਕ ਸਿੱਖਿਆ ਆਮ-ਖ਼ਾਸ ਮਨੁੱਖਾਂ ਲਈ ਵੀ ਹੈ ਕਿ, ਅਗਾਂਹ ਤਾਂ ਮਨੁੱਖ ਨੂੰ ਉਹੀ ਕੁੱਝ ਮਿਲਦਾ ਹੈ ਜੋ ਉਹ ਦਸਾਂ ਨਹੁੰਆਂ ਨਾਲ ਕੀਤੀ ਕਿਰਤ ਨਾਲ ਖੱਟਦਾ ਹੈ, ਕਮਾਂਦਾ ਹੈ ਅਤੇ ਲੋੜਵੰਦਾਂ ਨੂੰ, ਦਲਾਲਾਂ (ਪੁਜਾਰੀਆਂ) ਰਾਹੀਂ ਨਹੀਂ ਸਗੋਂ, ਆਪ ਆਪਣੇ (ਹੱਥੀਂ) ਦੇਂਦਾ ਹੈ

ਪਾਠਕ ਸੱਜਨੋਂ! ਪੈਂਤੜੇਬਾਜ਼ ਭਾਈਆਂ-ਪੁਜਾਰੀਆਂ ਦਾ ਚੰਟ ਪੈਂਤਰਾ ਦੇਖੋ! ਉਪਰ ਬੀਚਾਰੇ ਸਲੋਕਾਂ ਦੀਆਂ ਪਹਿਲੀਆਂ ਤੁਕਾਂ, ਜੋ ਵਿਸ਼ੇਸ਼ ਕਰਕੇ ਉਨ੍ਹਾਂ (ਪੁਜਾਰੀਆਂ) ਵਾਸਤੇ ਹੀ ਲਿਖੀਆਂ ਗਈਆਂ ਹਨ, ਦਾ ਜ਼ਿਕਰ ਕਦੇ ਨਹੀਂ ਕਰਦੇ! ! ਸਲੋਕਾਂ ਦੀਆਂ ਸਿਰਫ਼ ਅੰਤਲੀਆਂ ਤੁਕਾਂ ਦਾ, ਆਪਣੇ ਸੁਆਰਥ ਲਈ, ਪ੍ਰਚਾਰ ਕਰਕੇ ਸਿੱਧੜ ਸ਼੍ਰੱਧਾਲੂਆਂ ਨੂੰ ਆਪਣੀ ਮੱਕਾਰੀ ਅਤੇ ਕਪਟ ਦੀ ਕੁੰਡੀ ਵਿੱਚ ਫਸਾ ਕੇ ਲੁੱਟਦੇ/ਖਾਂਦੇ ਹਨ! ! !

ਇਥੇ ਇਹ ਕੜਵਾ ਸੱਚ ਵੀ ਸਪਸ਼ਟ ਹੋ ਗਿਆ ਹੈ ਕਿ ਉਪਰ ਦਿੱਤਾ ਅਖਾਣ, "ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ", ਦੇ ਘਾੜੇ ਵੀ ਕਾਮਚੋਰ ਪੁਜਾਰੀ ਮੰਡਲੀ ਵਾਲੇ ਹੀ ਹਨ!

ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ॥

ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥ ਸਲੋਕ ਕਬੀਰ ਜੀ

ਉਪਰੋਕਤ ਸਲੋਕ ਵਿੱਚ ਕਬੀਰ ਜੀ ਭਗਤ ਨਾਮ ਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਦੇ ਆਪਸੀ ਸੰਵਾਦ ਰਾਹੀਂ ਸਾਨੂੰ ਇਹ ਸੁਨੇਹਾ ਦਿੰਦੇ ਹਨ ਕਿ ਇਨਸਾਨ ਨੂੰ ਹੱਥੀਂ ਕਿਰਤ ਕਰਦਿਆਂ ਵੀ ਨਿਰੰਜਨ/ਨਿਰਲੇਪ ਪ੍ਰਭੂ ਨੂੰ ਹਰਦਮ ਸਿਮਰਦੇ ਰਹਿਣਾ ਚਾਹੀਦਾ ਹੈ।

ਪਾਠਕ ਸੱਜਨੋਂ! ਲਾਸਾਨੀ ਫ਼ਿਲਾਸਫ਼ਰ ਗੁਰੂ ਨਾਨਕ ਦੇਵ ਜੀ ਅਤੇ ਬਾਕੀ ਸਾਰੇ ਆਤਮ-ਗਿਆਨੀ ਬਾਣੀਕਾਰ ਇਹ ਸੱਚ ਭਲੀਭਾਂਤ ਜਾਣਦੇ ਸਨ ਕਿ ਕਿਰਤ-ਕਮਾਈ ਕਰ ਕੇ ਆਪਣੀ ਅਤੇ ਆਪਣੇ ਪਰਿਵਾਰ ਵਾਸਤੇ ਰੋਟੀ ਕਮਾਉਣ ਵਾਲੇ ਕਿਰਤੀ, ਆਮ ਤੌਰ ਤੇ, ਵੰਡ ਕੇ ਖਾਣ ਵਾਲੇ ਹੀ ਹੁੰਦੇ ਹਨ ਜਿਵੇਂ ਕਿ ਭਾਈ ਲਾਲੋ ਜੀ। ਕਿਰਤੀਆਂ ਨੂੰ ਕਿਰਤ ਕਰੋ ਵੰਡ ਛਕੋ ਦਾ ਉਪਦੇਸ਼ ਦੇਣ ਦੀ ਜ਼ਰੂਰਤ ਨਹੀਂ ਹੁੰਦੀ। ਸੋ, ਉਨ੍ਹਾਂ ਨੇ ਗੁਰਬਾਣੀ ਵਿੱਚ ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ ਦਾ ਜੋ ਉਪਦੇਸ਼ ਦਿੱਤਾ ਹੈ, ਉਹ ਕਿਰਤ ਤੋਂ ਕੰਨੀ ਕਤਰਾਉਣ ਅਤੇ ਮੁਰਦਾਰ ਖਾਣ ਵਾਲੇ ਪੁਜਾਰੀਆਂ ਅਤੇ ਉਨ੍ਹਾਂ ਦੇ ਸਰਪਰਸਤ ਮਲਿਕ ਭਾਗੋਆਂ ਵਾਸਤੇ ਹੈ ਨਾ ਕਿ ਮਿਹਨਤਕਸ਼ ਆਮ ਜਨਤਾ ਵਾਸਤੇ! !

ਉਪਰ ਕੀਤੀ ਗੁਰ ਸਬਦੁ ਬੀਚਾਰੁ ਤੋਂ ਬਾਅਦ ਲੇਖ ਦੇ ਪਹਿਲੇ ਪੈਰੇ ਵਿੱਚ ਉਠਾਏ ਗਏ ਦੋ ਸਵਾਲਾਂ, ਕਿਸ ਨੇ? ਅਤੇ ਕਿਉਂ? , ਦਾ ਜਵਾਬ ਦੇਣਾ ਹੁਣ ਸਰਲ ਹੋ ਗਿਆ ਹੈ। ਕਿਸ ਨੇ ਦਾ ਜਵਾਬ ਹੈ: ਪੁਜਾਰੀਆਂ ਨੇ! ਅਤੇ ਕਿਉਂ ਦਾ ਜਵਾਬ ਹੈ: ਸ਼੍ਰੱਧਾਲੂਆਂ ਨੂੰ ਗੁਰਮਤਿ-ਗਿਆਨ ਦੇ ਚਾਨਣ ਤੋਂ ਦੂਰ ਰੱਖ ਕੇ ਮਨਮਤਿ ਅਤੇ ਅਗਿਆਨਤਾ ਦੇ ਅੰਧੇਰੇ ਵਿੱਚ ਲੁੱਟਣਾ ਅਤੇ ਠੱਗਣਾ!

ਇਥੇ ਦੋ ਹੋਰ ਪਿਰਤਾਂ ਦਾ ਉੱਲੇਖ ਕਰ ਦੇਣਾ ਵੀ ਜ਼ਰੂਰੀ ਹੈ: ਪਹਿਲੀ, ਦਸਵੰਧ ਅਤੇ ਦੂਜੀ, ਗੁਰੂ ਦੀ ਗੋਲਕ ਤੇ ਗ਼ਰੀਬ ਦਾ ਮੂੰਹ!

ਦਸਵੰਧ ਦੀ ਪਰੰਪਰਾ ਬਾਬਾ ਆਦਮ ਜਿਤਨੀ ਹੀ ਪੁਰਾਣੀ ਹੈ ਅਤੇ ਇਹ ਪਰੰਪਰਾ ਸੰਸਾਰ ਦੇ ਹਰ ਸੰਪਰਦਾਈ ਧਰਮ ਵਿੱਚ ਪ੍ਰਚੱਲਿਤ ਹੈ। ਗੁਰਮਤਿ ਦਾ ਧਰਮ ਸੰਪਰਦਾਈ ਧਰਮ ਨਹੀਂ ਹੈ, ਸਗੋਂ ਸਾਰੀ ਮਨੁੱਖਤਾ ਦਾ ਧਰਮ ਹੈ। ਇਸੇ ਲਈ ਗੁਰਬਾਣੀ ਵਿੱਚ ਫ਼ਿਰਕੂ ਧਰਮਾਂ ਦੀ ਇਸ ਸੰਪਰਦਾਈ ਪਿਰਤ ਦਾ ਸਮਰਥਨ ਨਹੀਂ ਮਿਲਦਾ!

‘ਗੁਰੂ ਦੀ ਗੋਲਕ ਗ਼ਰੀਬ ਦਾ ਮੂੰਹ’ ਦਾ ਵਰਣਨ ਵੀ ਗੁਰਬਾਣੀ ਵਿੱਚ ਕਿਤੇ ਨਹੀਂ ਮਿਲਦਾ! ‘ਗੁਰੂ ਦੀ ਗੋਲਕ ਗ਼ਰੀਬ ਦਾ ਮੂੰਹ’ ਅਖਾਣ ਰਹਿਤਨਾਮਿਆਂ ਦੀ ਦੇਣ ਹੈ। ਰਹਿਤਨਾਮਿਆਂ ਨੇ ਸੱਚੀ ਗੁਰਮਤਿ ਦੇ ਪਵਿਤ੍ਰ ਵਿਹੜੇ ਵਿੱਚ ਮਨਮਤਿ ਦੀ ਜੋ ਧੂੜ ਉਡਾਈ ਹੈ, ਉਹ ਸਭ ਜਾਣਦੇ ਹੀ ਹਨ! ਇਥੇ ਇੱਕ ਹੋਰ ਤੱਥ ਧਿਆਨ-ਯੋਗ ਹੈ, ਉਹ ਇਹ ਕਿ ਉਕਤ ਅਖਾਣ (ਗੁਰੂ ਦੀ ਗੋਲਕ ਗ਼ਰੀਬ ਦਾ ਮੂੰਹ) ਗੁਰੂ ਨਾਨਕ ਦੇਵ ਜੀ ਦੇ ਫ਼ਰਮਾਨਾਂ {ਲੋੜਵੰਦਾਂ ਨੂੰ ਆਪਣੇ ਹੱਥੀਂ ਦੇਣਾ ਅਤੇ ਲੋਭੀ ਦਲਾਲ (ਪੁਜਾਰੀ) ਨੂੰ ਵਿੱਚ ਨਹੀਂ ਪਾਉਣਾ} ਦੀ ਸੁਧੀ ਅਵੱਗਿਆ ਹੈ।

ਪਾਠਕ ਸੱਜਨੋਂ, ਆਓ! ਗੋਰੇ ਦੀ ਦਿੱਤੀ ਨੇਕ ਸਲਾਹ ਵੱਲ ਪਰਤੀਏ; ਸਾਨੂੰ ਚਾਹੀਦਾ ਹੈ ਕਿ ਅਸੀਂ ਮਨਮਤੀਏ ਪੁਜਾਰੀਆਂ ਦੇ, ਉਨ੍ਹਾਂ ਦੇ ਆਪਣੇ ਸੁਆਰਥ ਦੀ ਖ਼ਾਤਿਰ, ਘੜੇ ਹੋਏ ਟੋਟਕਿਆਂ ਅਤੇ ਬੇਤੁਕੇ ਅਖਾਣਾਂ ਨੂੰ ਛੱਡ ਕੇ ਅਤੇ ਗੁਰੂ ਅਰਜਨ ਦੇਵ ਜੀ ਦੇ ਉਪਦੇਸ਼ਾਤਮਿਕ ਸ਼ਬਦ:

ਹਮ ਧਨਵੰਤ ਭਾਗਠ ਸਚ ਨਾਇ॥ ਹਰਿ ਗੁਣ ਗਾਵਹ ਸਹਜਿ ਸੁਭਾਇ॥ ੧॥ ਰਹਾਉ॥

ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾ ਮੇਰੈ ਮਨਿ ਭਇਆ ਨਿਧਾਨਾ॥

ਰਤਨ ਲਾਲ ਜਾ ਕਾ ਕਛੁ ਨ ਮੋਲੁ॥ ਭਰੇ ਭੰਡਾਰ ਅਖੂਟ ਅਤੋਲ॥ ੨॥

ਖਾਵਹਿ ਖਰਚਹਿ ਰਲਿ ਮਿਲਿ ਭਾਈ॥ ਤੋਟਿ ਨ ਆਵੈ ਵਧਦੋ ਜਾਈ॥ ੩॥

ਖਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ॥ ਸੁ ਏਤੁ ਖਜਾਨੈ ਲਇਆ ਰਲਾਇ॥ ੪॥ ਗਉੜੀ ਮ: ੫

ਨੂੰ ਯਾਦ ਰੱਖਦਿਆਂ ਗੁਰਬਾਣੀ ਦੇ ਅਥਾਹ ਖ਼ਜ਼ਾਨੇ ਨੂੰ ਖੋਲ੍ਹ ਕੇ ਉਸ ਵਿੱਚ ਪਏ ਆਤਮਗਿਆਨ ਦੇ ਸੱਚੇ, ਸੁੱਚੇ ਅਤੇ ਅਨਮੋਲ ਮੋਤੀਆਂ ਨੂੰ ਚੁਗ ਕੇ ਹੰਸਾਂ ਵਾਲਾ ਜੀਵਨ ਬਤੀਤ ਕਰੀਏ ਅਤੇ ਆਤਮਿਕ ਤੌਰ `ਤੇ ਧਨਵੰਤ ਬਣੀਏ!

ਗੁਰਇੰਦਰ ਸਿੰਘ ਪਾਲ

2 ਫ਼ਰਵਰੀ, 2020.




.