ਭੋਜਨ ਸਰੀਰ ਦੀ ਖੁਰਾਕ ਹੈ। ਭੋਜਨ ਖਾਣ ਤੋਂ
ਵਗੈਰ ਜੀਵ ਜਿਉਂਦਾ ਨਹੀਂ ਰਹਿ ਸਕਦਾ। ਵਿਗਿਆਨ ਦੀਆਂ ਕਾਢਾਂ ਅਤੇ ਸਮੇਂ ਦੇ ਬੀਤ ਜਾਣ ਨਾਲ ਸਾਡੀ
ਸਭਿਅਤਾ, ਖਾਣ-ਪੀਣ, ਪਹਿਨਣ ਅਤੇ ਹਰ ਕੰਮ ਕਰਨ ਦੇ ਢੰਗ ਵਿੱਚ ਤਬਦੀਲੀ ਆਈ ਹੈ ਅਤੇ ਆਉਣੀ ਭੀ
ਚਾਹੀਦੀ ਹੈ। ਮੈਨੂੰ ਯਾਦ ਹੈ ਕਿ ੧੯੯੫ ਤੱਕ ਅਸੀਂ ਆਸਟ੍ਰੇਲੀਆ ਦੇ ਸਾਰੇ ਗੁਰਦੁਆਰਿਆਂ ਵਿੱਚ
ਜੁੱਤੀਆਂ ਸਮੇਤ ਖੜ੍ਹ ਕੇ ਲੰਗਰ ਵਿੱਚੋਂ ਭੋਜਨ ਛੱਕਦੇ ਹੁੰਦੇ ਸੀ। ਕੋਈ ਭਰਮ-ਵਹਿਮ ਨਹੀਂ ਸੀ
ਹੁੰਦਾ। ੧੯੯੫-੯੬ ਵਿੱਚ ਭਾਈ ਬਲਵਿੰਦਰ ਸਿੰਘ ਰੰਗੀਲਾ ਦਾ ਰਾਗੀ ਜੱਥਾ ਆਸਟ੍ਰੇਲੀਆ ਆਇਆ। ਉਸ ਨੇ
ਕਿਹਾ ਕਿ ਗੁਰਦੁਆਰਿਆਂ ਵਿੱਚ ਲੰਗਰ ਬੈਠ ਕੇ ਛੱਕਣਾ ਚਾਹੀਦਾ ਹੈ। ਇਸ ਤਰ੍ਹਾਂ ਆਸਟ੍ਰੇਲੀਆ ਦੇ ਲਗਭਗ
ਸਾਰੇ ਗੁਰਦੁਆਰਿਆਂ ਵਿੱਚ ਬੈਠ ਕੇ ਲੰਗਰ ਛੱਕਣ ਦਾ ਰਿਵਾਜ਼ ਪੈ ਗਿਆ ਹੈ। ਇਸ ਨਾਲ ਬਜੁਰਗਾਂ ਅਤੇ
ਸਰੀਰਕ ਮੁਸ਼ੱਕਤ ਵਾਲੇ ਪ੍ਰਾਣੀਆਂ ਨੂੰ ਪਰੇਸ਼ਾਨੀ ਆਉਣ ਲੱਗ ਗਈ। ਉਨ੍ਹਾਂ ਦੀ ਇਸ ਮੁਸ਼ਕਲ ਨੂੰ ਮੁੱਖ
ਰੱਖਦਿਆਂ ਗੁਰਦੁਆਰਿਆਂ ਵਿੱਚ ਟੇਬਲ-ਕੁਰਸੀਆਂ ਵੀ ਲਾ ਦਿੱਤੇ ਗਏ ਤਾਂ ਜੋ ਉਹ ਕੁਰਸੀ-ਟੇਬਲਾਂ ਤੇ
ਬੈਠ ਕੇ ਭੋਜਨ ਛੱਕ ਲੈਣ। ਅੱਜ ਹਰ ਗੁਰਦੁਆਰੇ ਦੇ ਦਰਬਾਰ ਅਤੇ ਲੰਗਰ ਹਾਲ ਵਿੱਚ ਬੈਂਚ/ਕੁਰਸੀਆਂ
ਲੱਗੀਆਂ ਹੋਈਆਂ ਹਨ। ਇਸ ਤਰ੍ਹਾਂ ਦੇ ਇੰਤਜਾਮ ਕਰਨ ਵਿੱਚ ਕੋਈ ਪਰੇਸ਼ਾਨੀ ਨਹੀਂ ਲਗਦੀ। ਚੇਤੇ ਰਹੇ ਕਿ
੧੯੯੫ ਤੱਕ ਆਸਟ੍ਰੇਲੀਆ ਦੇ ਸਾਰੇ ਗੁਰਦੁਆਰਿਆਂ ਵਿੱਚ ਕੋਈ ਲੰਗਰ ਹਾਲ ਨਹੀਂ ਸੀ ਹੁੰਦਾ, ਗੁਰੂ
ਗ੍ਰੰਥ ਸਾਹਿਬ ਦਾ ਸੁਖ ਆਸਨ ਕਰਕੇ ਮੀਂਹ ਅਤੇ ਖ਼ਰਾਬ ਮੌਸਮ ਦੌਰਾਨ ਲੰਗਰ ਦਰਬਾਰ ਹਾਲ ਵਿੱਚ ਹੀ ਛੱਕ
ਲਿਆ ਜਾਂਦਾ ਸੀ। ਅੱਜ ਜਿਆਦਾਤਾਰ ਗੁਰਦੁਆਰਿਆਂ ਵਿੱਚ ਲਗਭਗ ਹਰ ਦਿਨ ਅਤੇ ਹਰ ਹਫਤੇ ਕੋਈ ਨਾ ਕੋਈ
ਅਨੰਦ ਕਾਰਜ, ਮਰਗ, ਖੁਸ਼ੀ ਜਾਂ ਹੋਰ ਇਸ ਤਰ੍ਹਾਂ ਦਾ ਪ੍ਰੋਗ੍ਰਾਮ ਭੀ ਹੁੰਦਾ ਹੈ। ਇਨ੍ਹਾਂ ਮੌਕਿਆਂ
ਤੇ ਭੋਜਨ ਖੜ੍ਹ ਕੇ ਹੀ ਖਾਧਾ ਜਾਂਦਾ ਹੈ। ਉਸ ਵੇਲੇ ਕੋਈ ਇਤਰਾਜ਼ ਨਹੀਂ ਕਰਦਾ ਕਿ ਭੋਜਨ ਖੜ੍ਹ ਕੇ
ਕਿਉਂ ਖਾਧਾ ਜਾਂਦਾ ਹੈ। ਹਰ ਬੰਦੇ ਨੂੰ ਪਤਾ ਹੁੰਦਾ ਹੈ ਕਿ ਇਨ੍ਹਾਂ ਮੌਕਿਆਂ ਤੇ ਇਸ ਤਰ੍ਹਾਂ ਕਰਨ
ਤੋਂ ਹਟਾਉਣਾ ਸ਼ੋਭਨੀਕ ਨਹੀਂ ਲਗਦਾ। ਘਰਾਂ ਵਿੱਚ ਤਾਂ ਆਮ ਤੌਰ ਤੇ ਥਾਂ ਦੀ ਕਮੀ ਹੁੰਦੀ ਹੈ। ਇਸ ਲਈ
ਟਾਵੇਂ-ਟਾਵੇਂ ਨੂੰ ਛੱਡ, ਮੈਂ ਅਕਸਰ ਘਰਾਂ ਵਿੱਚ ਧਾਰਮਿਕ ਪ੍ਰੋਗ੍ਰਾਮਾਂ ਵੇਲੇ ਲੰਗਰ, ਚਾਹ-ਪਾਣੀ
ਖੜ੍ਹ ਕੇ ਹੀ ਛੱਕਿਆ ਜਾਂਦਾ ਹੈ, ਦੇਖਦਾ ਹਾਂ। ਉਥੇ ਖੜ੍ਹ ਕੇ ਭੋਜਨ ਛੱਕਣ ਵਿੱਚ ਕਿਸੇ ਨੂੰ ਕੋਈ
ਇਤਰਾਜ਼ ਨਹੀਂ ਹੁੰਦਾ। ਅੱਜ ਕਈ ਥਾਵਾਂ ਤੇ ਅਨਜਾਣ ਅਤੇ ਕਈ ਜਾਣ ਬੁੱਝ ਕੇ ਲੋਕ ਰੌਲਾ ਪਾਉਂਦੇ ਹਨ ਕਿ
ਗੁਰਦੁਆਰੇ ਵਿੱਚ ਭੋਜਨ ਬੈਠ ਕੇ ਹੀ ਖਾਣਾ ਚਾਹੀਦਾ ਹੈ । ਇਸ ਤਰ੍ਹਾਂ ਦੀਆਂ ਢੁੱਚਰਾਂ ਅੱਜ ਨਵੀਆਂ
ਨਹੀਂ, ਬਹੁਤ ਸਮੇਂ ਤੋਂ ਹੁੰਦੀਆਂ ਆ ਰਹੀਆਂ ਹਨ। ਇਹ ਠੀਕ ਗੱਲ ਨਹੀਂ ਹੈ। ਬਜੁਰਗਾਂ, ਪੀੜਤਾਂ
ਵਾਸਤੇ ਟੇਬਲ ਜਾਂ ਬੈਠ ਕੇ ਭੋਜਨ ਛੱਕਣ ਵਾਸਤੇ ਯੋਗ ਪ੍ਰਬੰਧ ਕਰਨਾ ਕੋਈ ਗਲਤ ਨਹੀਂ ਹੈ। ਸਾਡਾ
ਗੁਰੂ, ਗੁਰੂ ਗ੍ਰੰਥ ਸਾਹਿਬ ਹੈ। ਗੁਰੂ ਗ੍ਰੰਥ ਸਾਹਿਬ ਵਿੱਚੋਂ ਪੰਗਤ ਵਿੱਚ ਬੈਠ ਕੇ ਭੋਜਨ ਛੱਕਣ ਦੀ
ਕੋਈ ਪ੍ਰੇਰਨਾਂ ਨਹੀਂ ਮਿਲਦੀ। ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਨਾਲ ਪਖ-ਪਾਤ ਤੋਂ ਵਰਜਿਆ ਗਿਆ ਹੈ
ਅਤੇ ਹਰ ਪ੍ਰਾਣੀ ਨੂੰ ਬਰਾਬਰ ਸਮਝਿਆ ਗਿਆ ਹੈ। ਸਿੱਖਾਂ ਵਿੱਚ ਊਚ-ਨੀਚ, ਜਾਤ-ਪਾਤ ਨੂੰ ਕੋਈ ਥਾਂ
ਨਹੀ ਦਿੱਤੀ ਜਾਂਦੀ। ਕਿਸੇ ਨੂੰ ਕਿਸੇ ਵਿਤਕਰੇ ਨਾਲ ਭੋਜਨ ਨਹੀਂ ਛੱਕਾਇਆ ਜਾ ਸਕਦਾ। ਜਿਸ ਤਰ੍ਹਾਂ
ਦਾ ਪ੍ਰਬੰਧ ਕਿਸੇ ਗੁਰਦੁਆਰੇ ਵਿੱਚ ਹੈ, ਉਹ ਸਾਰਿਆਂ ਵਾਸਤੇ ਇੱਕ ਬਰਾਬਰ ਹੁੰਦਾ ਹੈ। ਉੱਥੇ ਭੋਜਨ
ਹਰ ਵਿਅਕਤੀ ਬਗੈਰ ਕਿਸੇ ਵਿਤਕਰੇ ਤੋਂ ਛੱਕ ਸਕਦਾ ਹੈ। ਕਿਸੇ ਗੁਰਦੁਆਰੇ ਵਿੱਚ ਕਿਸੇ ਤਰ੍ਹਾਂ ਦਾ
ਵਿਤਕਰਾ ਅਤੇ ਰਿਵਾਜ਼ ਨਹੀਂ ਹੈ। ਇਹ ਵਿਤਕਰਾ ਅਤੇ ਰਿਵਾਜ਼ ਕਿਸੇ ਹੋਰ ਧਰਮ ਵਿੱਚ ਹੋ ਸਕਦਾ ਹੈ। ਗੁਰੂ
ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਛੱਡ ਕੇ ਕਿਸੇ ਹੋਰ ਦੀ ਮਤ ਲੈਣੀ ਸਾਨੂੰ ਸ਼ੋਭਾ ਨਹੀਂ ਦਿੰਦੀ। ਭੋਜਨ
ਸੰਬੰਧੀ ਕ੍ਰਮ-ਕਾਂਡਾਂ ਦਾ ਜ਼ਿਕਰ ਬਹੁਤ ਥਾਵਾਂ ਤੇ ਆਉਂਦਾ ਹੈ। ਗੁਰੂ ਨਾਨਕ ਸਾਹਿਬ ਨੇ ਸਿਰੀ ਰਾਗ
ਵਿੱਚ ਪੰਨਾਂ ੯੧, ਵਾਰ ਆਸਾ ਵਿੱਚ ਪੰਨਾਂ ੪੭੩, ਬਸੰਤ ਰਾਗ ਵਿਕ ਪੰਨਾਂ ੧੧੬੮-੬੯ ਅਤੇ ਭਗਤ ਕਬੀਰ
ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਪੰਨਾਂ ੧੧੯੫, ਬਸੰਤ ਰਾਗ ਵਿੱਚ ਕੀਤਾ ਹੈ। ਇਨ੍ਹਾਂ ਸ਼ਬਦਾਂ ਨੂੰ
ਅਰਥਾਂ ਸਮੇਤ ਹੇਠਾਂ ਦਿੱਤਾ ਜਾ ਰਿਹਾ ਹੈ ਤਾਂ ਜੋ ਭੋਜਨ ਛੱਕਣ ਵਾਰੇ ਸਾਨੂੰ ਗੱਲ ਦੀ ਸਮਝ ਆ ਜਾਵੇ।
ਸਲੋਕ ਮਃ ੧ ॥ ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ
ਕ੍ਰੋਧਿ ਚੰਡਾਲਿ ॥ ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ ॥ ਸਚੁ ਸੰਜਮੁ ਕਰਣੀ ਕਾਰਾਂ
ਨਾਵਣੁ ਨਾਉ ਜਪੇਹੀ ॥ ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ ॥੧॥ ਪੰਨਾਂ ੯੧
ਅਰਥ: ਭੈੜੀ ਮਤ ਜੀਵ ਦੇ ਅੰਦਰ ਹੀ ਮਿਰਾਸਣ ਹੈ, ਬੇ-ਤਰਸੀ ਕਸਾਇਣ ਹੈ, ਪਰਾਈ
ਨਿੰਦਿਆ ਅੰਦਰ ਦੀ ਚੂਹੜੀ ਹੈ ਅਤੇ ਕ੍ਰੋਧ ਚੰਡਾਲਣੀ ਹੈ ਜਿਸ ਨੇ ਜੀਵ ਦੇ ਸ਼ਾਂਤ ਸੁਭਾਉ ਨੂੰ ਠੱਗ
ਹੋਇਆ ਹੈ। ਜੇ ਇਹ ਚਾਰੇ ਭੈੜੀਆਂ ਆਦਤਾਂ ਜੀਵ ਦੇ ਅੰਦਰ ਹੀ ਬੈਠੀਆਂ ਹੋਣ, ਤਾਂ ਬਾਹਰ ਚੌਂਕਾ ਸੁੱਚਾ
ਰੱਖਣ ਲਈ ਲਕੀਰਾਂ ਕੱਢਣ ਦਾ ਕੋਈ ਲਾਭ ਨਹੀਂ ਹੇ। ਨਾਨਕ ! ਜੋ ਜੀਵ ‘ਸੱਚ’ ਨੂੰ ਚੌਂਕਾ ਸੁੱਚਾ ਕਰਨ
ਦੀ ਜੁਗਤ ਬਣਾਉਦੇ ਹਨ, ਉੱਚੇ ਆਚਰਨ ਨੂੰ ਚੌਂਕੇ ਦੀਆਂ ਲਕੀਰਾਂ ਬਣਾਉਦੇ ਹਨ, ਜੋ ਜੀਵ ਪ੍ਰਭੂ ਦੇ
ਨਾਮ ਜਪਣ ਨੂੰ ਹੀ ਤੀਰਥ ਇਸ਼ਨਾਨ ਸਮਝਦੇ ਹਨ, ਜੋ ਹੋਰ ਲੋਕਾਂ ਨੂੰ ਭੀ ਪਾਪਾਂ ਵਾਲੀ ਸਿੱਖਿਆ ਨਹੀਂ
ਦਿੰਦੇ, ਉਹ ਜੀਵ ਪ੍ਰਭੂ ਦੀ ਹਜ਼ੂਰੀ ਵਿੱਚ ਚੰਗੇ ਗਿਣੇ ਜਾਂਦੇ ਹਨ।
ਸਲੋਕੁ ਮਃ ੧ ॥ ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ ॥ ਸੁਚੇ ਅਗੈ
ਰਖਿਓਨੁ ਕੋਇ ਨ ਭਿਟਿਓ ਜਾਇ ॥ ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ ॥ ਕੁਹਥੀ ਜਾਈ ਸਟਿਆ ਕਿਸੁ
ਏਹੁ ਲਗਾ ਦੋਖੁ ॥ ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ ॥ ਤਾ
ਹੋਆ ਪਾਕੁ ਪਵਿਤੁ ॥ ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ ॥ ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ
ਨਾਵੈ ਰਸ ਖਾਹਿ ॥ ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ ॥੧॥ ਪੰਨਾਂ ੪੭੩
ਅਰਥ: ਸਭ ਤੋਂ ਪਹਿਲਾਂ ਬ੍ਰਾਹਮਣ ਨ੍ਹਾ ਧੋ ਕੇ ਤੇ ਸੁੱਚਾ ਹੋ ਕੇ ਸੁੱਚੇ
ਚੌਕੇ ਉੱਤੇ ਆ ਬੈਠਦਾ ਹੈ, ਉਸ ਦੇ ਅੱਗੇ ਜਜਮਾਨ ਉਹ ਭੋਜਨ ਲਿਆ ਰੱਖਦਾ ਹੈ ਜਿਸ ਨੂੰ ਕਿਸੇ ਹੋਰ ਨੇ
ਅਜੇ ਭਿੱਟਿਆ ਭਾਵ ਹੱਥ ਨਹੀਂ ਸੀ ਲਾਇਆ। ਬ੍ਰਾਹਮਣ ਸੁੱਚਾ ਹੋ ਕੇ ਉਸ ਸੁੱਚੇ ਭੋਜਨ ਨੂੰ ਖਾਂਦਾ ਹੈ
ਅਤੇ ਖਾ ਕੇ ਸਲੋਕ ਪੜ੍ਹਨ ਲੱਗ ਪੈਂਦਾ ਹੈ; ਪਰ ਇਸ ਪਵਿੱਤਰ ਭੋਜਨ ਨੂੰ ਗੰਦੇ ਥਾਂ ਭਾਵ ਢਿੱਡ ਵਿੱਚ
ਪਾ ਲੈਂਦਾ ਹੈ। ਉਸ ਪਵਿੱਤਰ ਭੋਜਨ ਨੂੰ ਗੰਦੇ ਥਾਂ ਸੁੱਟਣ ਦਾ ਦੋਸ਼ ਕਿਸ ਤੇ ਆਇਆ? ਅੰਨ, ਪਾਣੀ, ਅੱਗ
ਤੇ ਲੂਣ-ਚਾਰੇ ਹੀ ਦੇਵਤੇ ਭਾਵ ਪਵਿੱਤਰ ਪਦਾਰਥ ਹਨ। ਪੰਜਵਾਂ ਪਵਿੱਤਰ ਪਦਾਰਥ ਘਿਉ ਹੈ, ਜੋ ਇਨ੍ਹਾਂ
ਚੌਹਾਂ ਪਦਾਰਥਾਂ ਵਿੱਚ ਪਾਇਆ ਜਾਂਦਾ ਹੈ। ਇਨ੍ਹਾਂ ਪੰਜ ਪਦਾਰਥਾਂ ਨੂੰ ਮਿਲਾਉਣ ਨਾਲ ਬਹੁਤ ਪਵਿਤ੍ਰ
ਭੋਜਨ ਤਿਆਰ ਹੁੰਦਾ ਹੈ। ਪਰ ਇਨ੍ਹਾਂ ਦੇਵਤਿਆਂ ਭਾਵ ਇਸ ਪਵਿੱਤਰ ਭੋਜਨ ਨੂੰ ਜਦੋਂ ਪਾਪੀ ਜੀਵਾਂ ਦੇ
ਢਿੱਡ ਦੀ ਸੰਗਤ ਹੋਣ ਤੋਂ ਬਾਅਦ ਜਦੋਂ ਇਹ ਪਵਿਤਰ ਪਦਾਰਥ ਸਰੀਰ ਤੋਂ ਪਖਾਨੇ ਦੇ ਰੂਪ ਵਿੱਚ ਬਾਹਰ ਆ
ਜਾਂਦਾ ਹੈ ਤਾਂ ਉਹ ਮੁਸ਼ਕ ਮਾਰਦਾ ਹੈ ਅਤੇ ਉਸ ਉੱਤੇ ਥੁੱਕਾਂ ਪੈਂਦੀਆਂ ਹਨ। ਹੇ ਨਾਨਕ! ਇਸੇ ਤਰ੍ਹਾਂ
ਸਮਝ ਲੈਣਾ ਚਾਹੀਦਾ ਹੈ ਕਿ ਜਿਸ ਰੱਬ ਨੂੰ ਜੀਵ ਮੂੰਹ ਨਾਲ ਨਹੀਂ ਸਿਮਰਦੇ ਅਤੇ ਨਾਮ ਸਿਮਰਨ ਤੋਂ
ਬਿਨ੍ਹਾਂ ਸੁਆਦਲੇ ਪਦਾਰਥ ਖਾਂਦੇ ਹਨ, ਉਸ ਮੂੰਹ ਉਤੇ ਭੀ ਫਿਟਕਾਰਾਂ ਪੈਂਦੀਆਂ ਹਨ।
ਸਲੋਕ ਮਹਲਾ ੧ ॥ ਜੂਠਿ ਨ ਰਾਗੀ= ਜੂਠਿ ਨ ਵੇਦੀ ॥ ਜੂਠਿ ਨ ਚੰਦ ਸੂਰਜ ਕੀ
ਭੇਦੀ ॥ ਜੂਠਿ ਨ ਅੰਨੀ ਜੂਠਿ ਨ ਨਾਈ ॥ ਜੂਠਿ ਨ ਮੀਹੁ ਵਰ੍ਹਿਐ ਸਭ ਥਾਈ ॥ ਜੂਠਿ ਨ ਧਰਤੀ ਜੂਠਿ ਨ
ਪਾਣੀ ॥ ਜੂਠਿ ਨ ਪਉਣੈ ਮਾਹਿ ਸਮਾਣੀ ॥ ਨਾਨਕ ਨਿਗੁਰਿਆ ਗੁਣੁ ਨਾਹੀ ਕੋਇ ॥ ਮੁਹਿ ਫੇਰਿਐ ਮੁਹੁ
ਜੂਠਾ ਹੋਇ ॥੧॥ ਪੰਨਾਂ ੧੨੪੦
ਪਦ ਅਰਥ: ਰਾਗੀ=-ਰਾਗ ਗਾਵਣ ਦੀ ਰਾਹੀਂ; ਵੇਦੀ-ਵੇਦ ਆਦਿ ਧਰਮ-ਪੁਸਤਕਾਂ
ਪੜ੍ਹਨ ਨਾਲ; ਚੰਦ ਸੂਰਜ ਕੀ ਭੇਦੀ-ਚੰਦ ਅਤੇ ਸੂਰਜ ਦੇ ਵਖ-ਵਖ ਮੰਨੇ ਹੋਏ ਪਵਿੱਤਰ ਦਿਹਾੜਿਆਂ ਸਮੇ
ਵਖ-ਵਖ ਕਿਸਮ ਦੀ ਪੂਜਾ ਰਾਹੀਂ; ਅੰਨੀ-ਅੰਨ ਛੱਡ ਦੇਣ ਭਾਵ ਵਰਤ ਰੱਖਣ ਨਾਲ; ਨਾਈ-ਤੀਰਥਾਂ ਉਤੇ
ਨਹਾਉਣ ਨਾਲ; ਵਰ੍ਹਿਐ-ਵਰ੍ਹਨ ਨਾਲ; ਧਰਤੀ-ਧਰਤੀ ਦਾ ਰਟਨ ਜਾਂ ਗੁਫ਼ਾ ਆਦਿ ਬਣਾਉਣ ਨਾਲ; ਪਾਣੀ-ਪਾਣੀ
ਵਿੱਚ ਖੜ੍ਹ ਕੇ ਤਪ ਕਰਨ ਨਾਲ; ਪਉਣੈ ਮਾਹਿ ਸਮਾਣੀ-ਪ੍ਰਾਣਾਯਾਮ ਕਰਨ ਨਾਲ ਭਾਵ ਸੁਆਸਾਂ ਨੂੰ ਰੋਕਣ
ਦੇ ਅੱਭਿਆਸ ਨਾਲ; ਨਿਗੁਰਿਆ-ਉਹ ਜੀਵ ਜੋ ਗੁਰੂ ਦੇ ਦੱਸੇ ਰਸਤੇ ਉਤੇ ਨਹੀਂ ਤੁਰਦੇ; ਮੁਹਿ ਫੇਰਿਐ-ਜੇ
ਗੁਰੂ ਵਲੋਂ ਮੂੰਹ ਫੇਰੀ ਰੱਖੀਏ; ਜੂਠਾ-ਨਿੰਦਾ ਆਦਿ ਨਾਲ ਅਪਵਿੱਤਰ। ਅਰਥ: ਹੇ ਨਾਨਕ! ਜਿਹੜੇ ਜੀਵ
ਗੁਰੂ ਦੇ ਦੱਸੇ ਰਾਹ ਤੇ ਨਹੀਂ ਤੁਰਦੇ, ਉਨ੍ਹਾਂ ਦੇ ਅੰਦਰ ਆਤਮਕ ਜੀਵਨ ਉੱਚਾ ਕਰਨ ਵਾਲਾ ਕੋਈ ਗੁਣ
ਵਧ-ਫੁਲ ਨਹੀਂ ਸਕਦਾ। ਜੇ ਗੁਰੂ ਵਲੋਂ ਮੂੰਹ ਮੋੜਨ ਅਤੇ ਮੂੰਹ ਨਿੰਦਾ ਆਦਿ ਕਰਨ ਦੀ ਗੰਦੀ ਵਾਦੀ ਦੀ
ਮੈਲ ਨਾਲ ਮਨ ਅਪਵਿੱਤਰ ਹੋਇਆ ਰਹਿੰਦਾ ਹੈ। ਹੇ ਭਾਈ! ਰਾਗਾਂ ਦਾ ਗਾਇਨ ਜੀਵ ਦੇ ਅੰਦਰ ਕਈ ਹੁਲਾਰੇ
ਪੈਦਾ ਕਰਦਾ ਹੈ, ਪਰ ਜੀਵ ਦੇ ਅੰਦਰ ਟਿੱਕੀ ਹੋਈ ਨਿੰਦਾ ਕਰਨ ਦੀ ਵਾਦੀ ਦੀ ਇਹ ਮੈਲ ਰਾਗਾਂ ਦੇ ਗਾਇਨ
ਅਤੇ ਵੇਦ ਆਦਿ ਧਰਮ-ਪੁਸਤਕਾਂ ਦੇ ਪਾਠ ਨਾਲ ਭੀ ਨਾਲ ਭੀ ਦੂਰ ਨਹੀਂ ਹੁੰਦੀ। ਮੱਸਿਆ, ਸੰਗ੍ਰਾਂਦ,
ਪੂਰਨਮਾਸ਼ੀ ਆਦਿ ਚੰਦ ਅਤੇ ਸੂਰਜ ਦੇ ਵਖ-ਵਖ ਮੰਨੇ ਹੋਏ ਪਵਿੱਤਰ ਦਿਹਾੜਿਆਂ ਵੇਲੇ ਵਖ-ਵਖ ਕਿਸਮ ਦੀ
ਕੀਤੀ ਪੂਜਾ ਨਾਲ ਜੀਵ ਦੇ ਅੰਦਰ ਟਿਕੀ ਨਿੰਦਾ ਆਦਿ ਦੀ ਇਹ ਮੈਲ ਸਾਫ਼ ਨਹੀਂ ਹੁੰਦੀ। ਹੇ ਭਾਈ! ਅੰਨ
ਦਾ ਤਿਆਗ ਅਤੇ ਤੀਰਥਾਂ ਦੇ ਇਸ਼ਨਾਨ ਕਰਨ ਨਾਲ ਭੀ ਇਹ ਮੈਲ ਦੂਰ ਨਹੀਂ ਹੁੰਦੀ। ਇੰਦਰ ਦੇਵਤੇ ਦੀ ਪੂਜਾ
ਨਾਲ ਭੀ ਇਹ ਅੰਦਰਲੀ ਮੈਲ ਦੂਰ ਨਹੀਂ ਹੁੰਦੀ ਭਾਵੇਂ ਇਹ ਮੰਨਿਆ ਜਾਂਦਾ ਹੈ ਕਿ ਇੰਦਰ ਦੇਵਤੇ ਰਾਹੀਂ
ਸਭ ਥਾਈਂ ਮੀਂਹ ਪੈਂਦਾ ਹੈ ਅਤੇ ਧਰਤੀ ਅਤੇ ਬਨਸਪਤੀ ਆਦਿ ਦੀ ਬਾਹਰਲੀ ਮੈਲ ਦੂਰ ਹੋ ਜਾਂਦੀ ਹੈ। ਹੇ
ਭਾਈ! ਰਮਤੇ ਸਾਧੂ ਬਣ ਕੇ ਧਰਤੀ ਦਾ ਰਟਨ ਕਰਨ ਨਾਲ, ਧਰਤੀ ਵਿੱਚ ਗੁਫ਼ਾ ਬਣਾ ਕੇ ਬੈਠਣ ਨਾਲ ਜਾਂ
ਪਾਣੀ ਵਿੱਚ ਖੜ੍ਹ ਕੇ ਤਪ ਕਰਨ ਨਾਲ ਭੀ ਇਹ ਮੈਲ ਦੂਰ ਨਹੀਂ ਨਹੀਂ ਹੋ ਸਕਦੀ ਅਤੇ ਹੇ ਭਾਈ!
ਪ੍ਰਾਣਾਯਾਮ, ਸਮਾਧੀਆਂ ਨਾਲ ਭੀ ਜੀਵ ਦੇ ਅੰਦਰ ਟਿਕੀ ਹੋਈ ਨਿੰਦਾ ਆਦਿ ਕਰਨ ਦੀ ਇਹ ਮੈਲ ਦੂਰ ਨਹੀਂ
ਹੁੰਦੀ।
ਮਃ ੧ ॥ ਮਾਣਸ ਖਾਣੇ ਕਰਹਿ ਨਿਵਾਜ ॥ ਛੁਰੀ ਵਗਾਇਨਿ ਤਿਨ ਗਲਿ ਤਾਗ ॥ ਤਿਨ
ਘਰਿ ਬ੍ਰਹਮਣ ਪੂਰਹਿ ਨਾਦ ॥ ਉਨ੍ਹਾ ਭਿ ਆਵਹਿ ਓਈ ਸਾਦ ॥ ਕੂੜੀ ਰਾਸਿ ਕੂੜਾ ਵਾਪਾਰੁ ॥ ਕੂੜੁ ਬੋਲਿ
ਕਰਹਿ ਆਹਾਰੁ ॥ ਸਰਮ ਧਰਮ ਕਾ ਡੇਰਾ ਦੂਰਿ ॥ ਨਾਨਕ ਕੂੜੁ ਰਹਿਆ ਭਰਪੂਰਿ ॥ ਮਥੈ ਟਿਕਾ ਤੇੜਿ ਧੋਤੀ
ਕਖਾਈ ॥ ਹਥਿ ਛੁਰੀ ਜਗਤ ਕਾਸਾਈ ॥ ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥ ਮਲੇਛ ਧਾਨੁ ਲੇ ਪੂਜਹਿ
ਪੁਰਾਣੁ ॥ ਅਭਾਖਿਆ ਕਾ ਕੁਠਾ ਬਕਰਾ ਖਾਣਾ ॥ ਚਉਕੇ ਉਪਰਿ ਕਿਸੈ ਨ ਜਾਣਾ ॥ ਦੇ ਕੈ ਚਉਕਾ ਕਢੀ ਕਾਰ ॥
ਉਪਰਿ ਆਇ ਬੈਠੇ ਕੂੜਿਆਰ ॥ ਮਤੁ ਭਿਟੈ ਵੇ ਮਤੁ ਭਿਟੈ ॥ ਇਹੁ ਅੰਨੁ ਅਸਾਡਾ ਫਿਟੈ ॥ ਤਨਿ ਫਿਟੈ ਫੇੜ
ਕਰੇਨਿ ॥ ਮਨਿ ਜੂਠੈ ਚੁਲੀ ਭਰੇਨਿ ॥ ਕਹੁ ਨਾਨਕ ਸਚੁ ਧਿਆਈਐ ॥ ਸੁਚਿ ਹੋਵੈ ਤਾ ਸਚੁ ਪਾਈਐ ॥੨॥
ਪੰਨਾਂ ੪੭੧-੭੨
ਪਦ ਅਰਥ: ਮਾਣਸ ਖਾਣੇ-ਮਨੁੱਖਾਂ ਨੂੰ ਖਾਣ ਵਾਲੇ ਵੱਢੀਖ਼ੋਰ; ਕਰਹਿ
ਨਿਵਾਜ-ਨਮਾਜ਼ ਪੜ੍ਹਦੇ ਹਨ; ਛੁਰੀ ਵਗਾਇਨਿ-ਜੋ ਲੋਕ ਜ਼ੁਲਮ ਕਰਦੇ ਹਨ; ਪੂਰਹਿ ਨਾਦ- ਸੰਖ ਵਜਾਂਦੇ ਹਨ;
ਆਵਹਿ ਓਈ ਸਾਦ-ਜੋ ਕੁੱਝ ਉਹ ਖੱਤ੍ਰੀ ਮੁਨਸ਼ੀ ਖਾਂਦੇ ਹਨ, ਉਨ੍ਹਾਂ ਪਦਾਰਥਾਂ ਦਾ ਹੀ ਸੁਆਦ ਉਨ੍ਹਾਂ
ਬ੍ਰਾਹਮਣਾਂ ਨੂੰ ਭੀ ਆਉਂਦਾ ਹੈ; ਕਰਹਿ ਆਹਾਰੁ- ਰੋਜ਼ੀ ਕਮਾਉਦੇ ਹਨ; ਕਖਾਈ-ਗੇਰੀ ਰੰਗ ਵਾਲੀ; ਜਗਤ
ਕਾਸਾਈ-ਸੰਸਾਰ ਦੇ ਹਰੇਕ ਜੀਵ ਉੱਤੇ ਵੱਸ ਲੱਗਿਆਂ ਜ਼ੁਲਮ ਕਰਨ ਵਾਲਾ; ਹੋਵਹਿ ਪਰਵਾਣੁ- ਮੁਲਾਜ਼ਮਤ
ਵੇਲੇ ਨੀਲੇ ਕੱਪੜੇ ਪਾ ਕੇ ਜਾਂਦੇ ਹਨ ਤਾਂ ਹੀ ਹਾਕਮਾਂ ਦੇ ਸਾਹਮਣੇ ਜਾਣ ਦੀ ਆਗਿਆ ਮਿਲਦੀ ਹੈ;
ਲੈ-ਰੋਜ਼ੀ ਉਨ੍ਹਾਂ ਕੋਲੋਂ ਲੈਂਦੇ ਹਨ ਜਿਨ੍ਹਾਂ ਨੂੰ ਉਹ ਮਲੇਛ ਆਖਦੇ ਹਨ; ਪੂਜਹਿ ਪੁਰਾਣੁ-ਪੁਰਾਣ
ਪੜ੍ਹਦੇ ਹਨ; ਅਭਾਖਿਆ-ਕਿਸੇ ਦੂਜੀ ਬੋਲੀ ਭਾਵ ਕਲਮਾ ਪੜ੍ਹ ਕੇ; ਕੁਠਾ-ਹਲਾਲ ਕੀਤਾ ਹੋਇਆ; ਮਤੁ
ਭਿਟੈ-ਕਿਤੇ ਭਿੱਟਿਆ ਜਾਵੇ ਫਿਟੈ-ਖ਼ਰਾਬ ਹੋ ਜਾਵੇ; ਸੁਚਿ-ਪਵਿੱਤਰਤਾ; ਹੋਵੈ ਤਾ-ਉਦੋਂ ਹੁੰਦੀ ਹੈ।
ਅਰਥ: ਕਾਜ਼ੀ ਅਤੇ ਮੁਸਲਮਾਨ ਵੱਢੀ-ਖ਼ੋਰੇ ਹਾਕਮ ਹਨ ਪਰ ਨਮਾਜ਼ਾਂ ਪੜ੍ਹਦੇ ਹਨ ।
ਇਨ੍ਹਾਂ ਹਾਕਮਾਂ ਦੇ ਅੱਗੇ ਮੁਨਸ਼ੀ ਖੱਤ੍ਰੀ ਛੁਰੀ ਚਲਾਉਦੇ ਹਨ ਭਾਵ, ਗ਼ਰੀਬਾਂ ਉੱਤੇ ਜ਼ੁਲਮ ਕਰਦੇ ਹਨ,
ਭਾਵੇਂ ਖੱਤਰੀ ਮੁਨਸ਼ੀਆਂ ਦੇ ਗਲ ਵਿੱਚ ਜਨੇਊ ਪਾਏ ਹੋਏ ਹਨ। ਇਨ੍ਹਾਂ ਜ਼ਾਲਮ ਖੱਤ੍ਰੀਆਂ ਦੇ ਘਰ ਵਿੱਚ
ਬ੍ਰਾਹਮਣ ਜਾ ਕੇ ਸੰਖ ਵਜਾਉਦੇ ਹਨ। ਇਸ ਤਰ੍ਹਾਂ ਤਾਂ ਉਨ੍ਹਾਂ ਬ੍ਰਾਹਮਣਾਂ ਨੂੰ ਭੀ ਉਨ੍ਹਾਂ ਹੀ
ਪਦਾਰਥਾਂ ਦੇ ਸੁਆਦ ਆਉਂਦੇ ਹਨ ਭਾਵ ਉਹ ਬ੍ਰਾਹਮਣ ਭੀ ਜ਼ੁਲਮ ਦੇ ਕਮਾਏ ਹੋਏ ਪਦਾਰਥ ਖਾਂਦੇ ਹਨ।
ਇਨ੍ਹਾਂ ਲੋਕਾਂ ਦੀ ਇਹ ਝੂਠੀ ਪੂੰਜੀ ਹੈ ਅਤੇ ਝੂਠਾ ਹੀ ਇਨ੍ਹਾਂ ਦਾ ਇਹ ਵਪਾਰ ਹੈ। ਇਹ ਲੋਕ ਝੂਠ
ਬੋਲ ਕੇ ਹੀਆਪਣੀ ਰੋਜ਼ੀ ਕਮਾਉਦੇ ਹਨ। ਸ਼ਰਮ ਤੇ ਧਰਮ ਦੀ ਹੁਣ ਸਭਾ ਉਠ ਗਈ ਹੈ ਭਾਵ ਇਹ ਲੋਕ ਨਾ ਆਪਣੀ
ਸ਼ਰਮ ਹਯਾ ਦਾ ਖ਼ਿਆਲ ਕਰਦੇ ਹਨ ਅਤੇ ਨਾ ਹੀ ਧਰਮ ਦੇ ਕੰਮ ਕਰਦੇ ਹਨ। ਹੇ ਨਾਨਕ! ਸਭ ਥਾਈਂ ਝੂਠ ਹੀ
ਪਰਧਾਨ ਹੋ ਰਿਹਾ ਹੈ। ਇਹ ਖੱਤ੍ਰੀ ਮੱਥੇ ਉੱਤੇ ਟਿੱਕਾ ਲਾਂਦੇ ਹਨ, ਲੱਕ ਦੁਆਲੇ ਗੇਰੂਏ ਰੰਗ ਦੀ
ਧੋਤੀ ਬੰਨ੍ਹਦੇ ਹਨ ਪਰ ਹੱਥ ਵਿੱਚ ਛੁਰੀ ਫੜੀ ਹੋਈ ਹੈ ਜਿਸ ਨਾਲ ਉਹ ਹਰੇਕ ਜੀਵ ਉੱਤੇ ਜ਼ੁਲਮ ਕਰਦੇ
ਹਨ। ਨੀਲੇ ਰੰਗ ਦੇ ਕੱਪੜੇ ਪਾ ਕੇ ਤੁਰਕ ਹਾਕਮਾਂ ਦੇ ਪਾਸ ਜਾਂਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਰਾਜੇ
ਕੋਲ ਜਾਣ ਦੀ ਆਗਿਆ ਮਿਲਦੀ ਹੈ। ਜਿਨ੍ਹਾਂ ਨੂੰ ਮਲੇਛ ਆਖਦੇ ਹਨ, ਉਨ੍ਹਾਂ ਕੋਲੋਂ ਹੀ ਉਹ ਰੋਜ਼ੀ
ਲੈਂਦੇ ਹਨ ਪਰ ਫਿਰ ਭੀ ਉਹ ਪੁਰਾਣ ਨੂੰ ਪੂਜਦੇ ਹਨ ਭਾਵ, ਫੇਰ ਭੀ ਇਹੀ ਸਮਝਦੇ ਹਨ ਕਿ ਅਸੀਂ ਪੁਰਾਣ
ਦੇ ਅਨੁਸਾਰ ਤੁਰ ਰਹੇ ਹਾਂ। ਇੱਥੇ ਹੀ ਬੱਸ ਨਹੀਂ; ਇਨ੍ਹਾਂ ਦੀ ਖ਼ੁਰਾਕ ਉਹ ਬੱਕਰਾ ਹੈ ਜੋ ਕਲਮਾ
ਪੜ੍ਹ ਕੇ ਹਲਾਲ ਕੀਤਾ ਹੋਇਆ ਹੁੰਦਾ ਹੈ ਭਾਵ ਜੋ ਮੁਸਲਮਾਨ ਦੇ ਹੱਥਾਂ ਦਾ ਤਿਆਰ ਕੀਤਾ ਹੋਇਆ ਹੈ, ਪਰ
ਇਹ ਆਖਦੇ ਹਨ ਕਿ ਸਾਡੇ ਚੌਕੇ ਉੱਤੇ ਕੋਈ ਹੋਰ ਜੀਵ ਨਾ ਆ ਚੜ੍ਹੇ। ਚੌਕਾ ਬਣਾ ਕੇ ਉਹ ਉਸ ਦੁਆਲੇ
ਲਕੀਰਾਂ ਕੱਢਦੇ ਹਨ, ਪਰ ਇਸ ਚੌਕੇ ਵਿੱਚ ਉਹ ਜੀਵ ਆ ਕੇ ਬੈਠ ਜਾਂਦੇ ਹਨ ਜੋ ਆਪ ਝੂਠੇ ਹਨ ਪਰ ਹੋਰ
ਲੋਕਾਂ ਨੂੰ ਆਖਦੇ ਹਨ ਕਿ ਸਾਡੇ ਚੌਕੇ ਦੇ ਨੇੜੇ ਨਾ ਆਉਣਾ ਤਾਂ ਕਿ ਕਿਤੇ ਚੌਕਾ ਭਿੱਟਿਆ ਨਾ ਜਾਵੇ
ਅਤੇ ਸਾਡਾ ਅੰਨ ਖ਼ਰਾਬ ਨਾਹਹੋ ਜਾਵੇ; ਪਰ ਆਪ ਇਹ ਲੋਕ ਅਪਵਿੱਤਰ ਸਰੀਰ ਨਾਲ ਮੰਦੇ ਕੰਮ ਕਰਦੇ ਹਨ ਅਤੇ
ਜੂਠੇ ਮਨ ਨਾਲ ਹੀ ਭਾਵ, ਮਨ ਤਾਂ ਅੰਦਰੋਂ ਮਲੀਨ ਹੈ ਚੁਲੀਆਂ ਕਰਦੇ ਹਨ। ਹੇ ਨਾਨਕ ! ਜੇ ਜੀਵ ਨੂੰ
ਸੱਚਾ ਪ੍ਰਭੂ ਮਿਲ ਜਾਵੇ ਤਾਂ ਹੀ ਕੇਵਲ ਪ੍ਰਭੂ ਨੂੰ ਧਿਆਉਣ ਨਾਲ ਹੀ ਸੁੱਚ-ਪਵਿੱਤਰਤਾ ਹੋ ਸਕਦੀ ਹੈ
।
ਮਃ ੧ ॥ ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥ ਜੂਠੇ ਜੂਠਾ ਮੁਖਿ ਵਸੈ
ਨਿਤ ਨਿਤ ਹੋਇ ਖੁਆਰੁ ॥ ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ ਜਿਨ ਮਨਿ
ਵਸਿਆ ਸੋਇ ॥੨॥ ਪੰਨਾਂ ੪੭੨
ਅਰਥ: ਜਿਵੇਂ ਇਸਤ੍ਰੀ ਨੂੰ ਸਦਾ ਹਰ ਮਹੀਨੇ ਨ੍ਹਾਉਣੀ ਆਉਂਦੀ ਹੈ ਅਤੇ ਇਹ
ਅਪਵਿੱਤ੍ਰਤਾ ਸਦਾ ਉਸ ਦੇ ਅੰਦਰੋਂ ਹੀ ਪੈਦਾ ਹੋ ਜਾਂਦੀ ਹੈ, ਉਸੇ ਤਰ੍ਹਾਂ ਝੂਠੇ ਜੀਵ ਦੇ ਮੂੰਹ
ਵਿੱਚ ਸਦਾ ਝੂਠ ਹੀ ਰਹਿੰਦਾ ਹੈ ਅਤੇ ਇਸ ਕਰਕੇ ਉਹ ਸਦਾ ਦੁੱਖੀ ਰਹਿੰਦਾ ਹੈ। ਅਜੇਹੇ ਜੀਵ ਸੁੱਚੇ
ਨਹੀਂ ਕਹੇ ਜਾ ਸਕਦੇ ਜੋ ਕੇਵਲ ਸਰੀਰ ਨੂੰ ਧੋ ਕੇ ਹੀ ਆਪਣੇ ਵਲੋਂ ਪਵਿੱਤਰ ਬਣ ਜਾਂਦੇ ਹਨ। ਹੇ
ਨਾਨਕ! ਕੇਵਲ ਉਹ ਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵੱਸਦਾ ਹੈ।2।
ਮਹਲਾ ੧ ॥ ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ ॥ ਸੁਰਤੇ ਚੁਲੀ ਗਿਆਨ
ਕੀ ਜੋਗੀ ਕਾ ਜਤੁ ਹੋਇ ॥ ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ ॥ ਰਾਜੇ ਚੁਲੀ ਨਿਆਵ ਕੀ
ਪੜਿਆ ਸਚੁ ਧਿਆਨੁ ॥ ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ ॥ ਪਾਣੀ ਪਿਤਾ ਜਗਤ ਕਾ ਫਿਰਿ ਪਾਣੀ
ਸਭੁ ਖਾਇ ॥੨॥ ਪੰਨਾਂ ੧੨੪੦
ਪਦ ਅਰਥ: ਜੇ ਕੋਇ-ਜੇ ਕੋਈ ਜੀਵ; ਭਰਿ ਜਾਣੈ-ਚੁਲੀ ਭਰਨੀ ਜਾਣਦਾ ਹੋਵੇ;
ਸੁਰਤਾ-ਵਿਦਵਾਨ; ਜਤੁ-ਮਨ ਨੂੰ ਕਾਮ-ਵਾਸਨਾ ਵਲੋਂ ਰੋਕਣਾ; ਗਿਰਹੀ-ਗ੍ਰਿਹਸਤੀ; ਸਤੁ-ਉੱਚਾ ਆਚਰਨ;
ਨਿਆਵ-ਇਨਸਾਫ਼; ਧੋਪਈ-ਧੋਣਾ; ਤਿਖ-ਪਿਆਸ; ਜਗਤ ਕਾ ਪਿਤਾ-ਸਾਰੀ ਰਚਨਾ ਦਾ ਮੂਲ-ਕਾਰਨ; ਖਾਇ-ਨਾਸ਼ ਕਰਦਾ
ਹੈ।
ਅਰਥ: ਹੇ ਨਾਨਕ ! ਨਿਰੇ ਪਾਣੀ ਨਾਲ ਚੁਲੀਆਂ ਕਰਨ ਨਾਲ ਆਤਮਕ ਜੀਵਨ ਵਿੱਚ
ਸੁੱਚ ਨਹੀਂ ਆ ਸਕਦੀ, ਪਰ ਜੇ ਕੋਈ ਜੀਵ ਸੱਚੀ ਚੁਲੀ ਭਰਨੀ ਜਾਣ ਲੈਣ ਤਾਂ ਸੁੱਚੀਆਂ ਚੁਲੀਆਂ ਇਹ
ਹਨ;ਵਿਦਵਾਨ ਵਾਸਤੇ ਚੁਲੀ ਵਿਚਾਰ ਦੀ ਹੈ ਭਾਵ ਵਿਦਵਾਨ ਦੀ ਵਿੱਦਵਤਾ ਪਵਿਤ੍ਰ ਹੈ ਜੇ ਉਸ ਦੇ ਅੰਦਰ
ਵਿਚਾਰ ਭੀ ਹੈ; ਜੋਗੀ ਦਾ ਕਾਮ-ਵਾਸ਼ਨਾ ਤੋਂ ਬਚੇ ਰਹਿਣਾ ਜੋਗੀ ਲਈ ਪਵਿਤ੍ਰ ਚੁਲੀ ਹੈ, ਬ੍ਰਾਹਮਣ ਲਈ
ਚੁਲੀ ਸੰਤੋਖ ਹੈ ਅਤੇ ਗ੍ਰਿਹਸਤੀ ਲਈ ਚੁਲੀ ਹੈ ਉੱਚਾ ਆਚਰਨ ਅਤੇ ਸੇਵਾ। ਰਾਜੇ ਵਾਸਤੇ ਇਨਸਾਫ਼ ਹੀ
ਚੁਲੀ ਹੈ। ਪਾਣੀ ਨਾਲ ਚੁਲੀ ਕਰਨ ਨਾਲ ਮਨ ਸਾਫ਼ ਨਹੀਂ ਹੋ ਸਕਦਾ, ਮੂੰਹ ਨਾਲ ਪਾਣੀ ਪੀਣ ਪਿਆਸ ਮਿਟ
ਜਾਂਦੀ ਹੈ। ਪਾਣੀ ਦੀ ਚੁਲੀ ਨਾਲ ਪਵਿਤ੍ਰਤਾ ਆਉਣ ਦੇ ਥਾਂ ਸੂਤਕ ਦਾ ਭਰਮ ਪੈਦਾ ਹੋਣਾ ਚਾਹੀਦਾ ਹੈ
ਕਿਉਂਕਿ ਪਾਣੀ ਤੋਂ ਸਾਰਾ ਸੰਸਾਰ ਪੈਦਾ ਹੁੰਦਾ ਹੈ ਅਤੇ ਪਾਣੀ ਹੀ ਸਾਰੇ ਸੰਸਾਰ ਨੂੰ ਨਾਸ਼ ਕਰਦਾ ਹੈ।
ਬਸੰਤੁ ਮਹਲਾ ੧ ॥ ਸੁਇਨੇ ਕਾ ਚਉਕਾ ਕੰਚਨ ਕੁਆਰ ॥ ਰੁਪੇ ਕੀਆ ਕਾਰਾ ਬਹੁਤੁ
ਬਿਸਥਾਰੁ ॥ ਗੰਗਾ ਕਾ ਉਦਕੁ ਕਰੰਤੇ ਕੀ ਆਗਿ ॥ ਗਰੁੜਾ ਖਾਣਾ ਦੁਧ ਸਿਉ ਗਾਡਿ ॥੧॥ ਰੇ ਮਨ ਲੇਖੈ
ਕਬਹੂ ਨ ਪਾਇ ॥ ਜਾਮਿ ਨ ਭੀਜੈ ਸਾਚ ਨਾਇ ॥੧॥ ਰਹਾਉ ॥ ਦਸ ਅਠ ਲੀਖੇ ਹੋਵਹਿ ਪਾਸਿ ॥ ਚਾਰੇ ਬੇਦ
ਮੁਖਾਗਰ ਪਾਠਿ ॥ ਪੁਰਬੀ ਨਾਵੈ ਵਰਨਾਂ ਕੀ ਦਾਤਿ ॥ ਵਰਤ ਨੇਮ ਕਰੇ ਦਿਨ ਰਾਤਿ ॥੨॥ ਕਾਜੀ ਮੁਲਾਂ
ਹੋਵਹਿ ਸੇਖ ॥ ਜੋਗੀ ਜੰਗਮ ਭਗਵੇ ਭੇਖ ॥ ਕੋ ਗਿਰਹੀ ਕਰਮਾ ਕੀ ਸੰਧਿ ॥ ਬਿਨੁ ਬੂਝੇ ਸਭ ਖੜੀਅਸਿ
ਬੰਧਿ ॥੩॥ ਜੇਤੇ ਜੀਅ ਲਿਖੀ ਸਿਰਿ ਕਾਰ ॥ ਕਰਣੀ ਉਪਰਿ ਹੋਵਗਿ ਸਾਰ ॥ ਹੁਕਮੁ ਕਰਹਿ ਮੂਰਖ ਗਾਵਾਰ ॥
ਨਾਨਕ ਸਾਚੇ ਕੇ ਸਿਫਤਿ ਭੰਡਾਰ ॥੪॥ ਪੰਨਾਂ ੧੧੬੮-੬੯
ਪਦ ਅਰਥ: ਕਰੰਤੇ ਕੀ ਆਗਿ-ਜੱਗ ਦੀ ਅੱਗ, ਇਹ ਅੱਗ ਸੁੱਚੀ ਮੰਨੀ ਗਈ ਹੈ।
ਜੱਗਾਂ ਵਿੱਚ ਇਸ ਅੱਗ ਨੂੰ ਵਰਤਣਾ ਚੰਗਾ ਦੱਸਿਆ ਗਿਆ ਹੈ। ਇਹ ਅੱਗ ਤਿਆਰ ਕਰਨ ਲਈ ਅਰਣੀ ਇੱਕ ਖ਼ਾਸ
ਰੁੱਖ ਦੇ ਦੋ ਡੰਡੇ ਬਣਾ ਕੇ ਇੱਕ ਡੰਡੇ ਵਿੱਚ ਛੇਕ ਕਰ ਲੈਂਦੇ ਹਨ, ਉਸ ਵਿੱਚ ਦੂਜਾ ਡੰਡਾ ਫਸਾ ਕੇ
ਉਸ ਨੂੰ ਮਧਾਣੀ ਵਾਂਗ ਰੱਸੀ ਦੇ ਲਪੇਟੇ ਦੇ ਕੇ ਬੜੀ ਤੇਜ਼ੀ ਨਾਲ ਘੁਮਾਇਆ ਜਾਂਦਾ ਹੈ। ਇਸ ਤਰ੍ਹਾਂ
ਦੋਹਾਂ ਡੰਡਿਆਂ ਦੀ ਰਗੜ ਨਾਲ ਅੱਗ ਪੈਦਾ ਹੁੰਦੀ ਹੈ।
ਅਰਥ: ਜਦੋਂ ਤੱਕ ਜੀਵ ਪ੍ਰਭੂ ਦੇ ਸੱਚੇ ਨਾਮ ਵਿੱਚ ਨਹੀਂ ਭਿੱਜਦਾ ਅਤੇ
ਪ੍ਰਭੂ ਨਾਲ ਪ੍ਰੇਮ ਨਹੀਂ ਪਾਉਂਦਾ, ਉਸ ਜੀਵ ਦੇ ਕਿਸੇ ਭੀ ਕ੍ਰਮ-ਕਾਂਡ ਦਾ ਉੱਦਮ ਪ੍ਰਭੂ ਨੂੰ ਪਸੰਦ
ਨਹੀਂ ਹੁੰਦਾ।੧। ਰਹਾਉ। ਜੇ ਕੋਈ ਪ੍ਰਾਣੀ ਸੋਨੇ ਦਾ ਚੌਂਕਾ ਤਿਆਰ ਕਰੇ, ਉਥੇ ਸੋਨੇ ਦੇ ਹੀ ਭਾਂਡੇ
ਵਰਤੇ ਜਾਣ, ਚੌਂਕੇ ਨੂੰ ਸੁੱਚਾ ਰੱਖਣ ਲਈ ਉਸ ਦੇ ਦੁਆਲੇ ਚਾਂਦੀ ਦੀਆਂ ਲਕੀਰਾਂ ਪਾਈਆਂ ਜਾਣ ਅਤੇ
ਸੁੱਚ ਵਾਸਤੇ ਇਹੋ ਜੇਹੇ ਹੋਰ ਕਈ ਕੰਮਾਂ ਦਾ ਖਿਲਾਰਾ ਖਿਲਾਰਿਆ ਜਾਵੇ; ਭੋਜਨ ਤਿਆਰ ਕਰਨ ਲਈ ਜੇ ਉਹ
ਗੰਗਾ ਦਾ ਪਵਿੱਤ੍ਰ ਜਲ ਲਿਆਵੇ ਅਤੇ ਅਰਣ ਦੀਆਂ ਲੱਕੜਾਂ ਦੀ ਸੁੱਚੀ ਅੱਗ ਤਿਆਰ ਕਰੇ; ਜੇ ਫਿਰ ਉਹ
ਦੁੱਧ ਵਿੱਚ ਰਲਾ ਕੇ ਰਿੱਝੇ ਹੋਏ ਚਾਵਲਾਂ ਦਾ ਭੋਜਨ ਤਿਆਰ ਕਰੇ; ਤਾਂ ਭੀ ਹੇ ਮਨ ! ਅਜੇਹੀ ਸੁੱਚ ਦੇ
ਕੋਈ ਭੀ ਅਡੰਬਰ ਪ੍ਰਮਾਤਮਾ ਨੂੰ ਪਰਵਾਨ ਨਹੀਂ ਹੁੰਦੇ। ਜੇ ਕਿਸੇ ਪੰਡਿਤ ਨੇ ਅਠਾਰਾਂ ਪੁਰਾਣ ਲਿਖ ਕੇ
ਕੋਲ ਰੱਖੇ ਹੋਏ ਹੋਣ, ਜੇ ਉਹ ਚਾਰੇ ਵੇਦ ਜ਼ਬਾਨੀ ਪੜ੍ਹੇ, ਜੇ ਉਹ ਮਿਥੇ ਹੋਏ ਪਵਿਤ੍ਰ ਦਿਹਾੜਿਆਂ ਤੇ
ਤੀਰਥਾਂ ਤੇ ਇਸ਼ਨਾਨ ਕਰੇ, ਸ਼ਾਸਤ੍ਰਾਂ ਦੀ ਦੱਸੀ ਮਰਯਾਦਾ ਅਨੁਸਾਰ ਵਖ-ਵਖ ਵਰਨਾਂ ਦੇ ਬੰਦਿਆਂ ਨੂੰ
ਦਾਨ-ਪੁੰਨ ਕਰੇ, ਜੇ ਉਹ ਦਿਨ-ਰਾਤ ਵਰਤ ਰੱਖਦਾ ਰਹੇ ਅਤੇ ਹੋਰ ਨਿਯਮ ਨਿਬਾਹੁੰਦਾ ਰਹੇ ਤਾਂ ਭੀ
ਪ੍ਰਭੂ ਨੂੰ ਇਹ ਕੋਈ ਕ੍ਰਮ-ਕਾਂਡ ਅਤੇ ਉੱਦਮ ਪਸੰਦ ਨਹੀਂ। ਜੇ ਕੋਈ ਬੰਦੇ ਕਾਜ਼ੀ, ਮੁੱਲਾਂ, ਸ਼ੇਖ਼ ਆਦਿ
ਬਣ ਜਾਣ, ਕੋਈ ਜੋਗੀ ਜੰਗਮ ਬਣ ਕੇ ਭਗਵੇ ਕੱਪੜੇ ਪਹਿਨ ਲਵੇ, ਕੋਈ ਗ੍ਰਿਹਸਤੀ ਬਣ ਕੇ ਪੂਰਾ
ਕਰਮ-ਕਾਂਡੀ ਹੋ ਜਾਵੇ; ਜਦ ਤੱਕ ਉਹ ਪ੍ਰਭੂ ਦੇ ਸੱਚੇ ਨਾਮ ਵਿੱਚ ਨਹੀਂ ਪਤੀਜਦੇ, ਇਨ੍ਹਾਂ ਨੂੰ
ਦੋਸ਼ੀਆਂ ਵਾਂਗ ਬੰਨ੍ਹ ਕੇ ਅੱਗੇ ਲਾ ਲਿਆ ਜਾਵੇਗਾ। ਅਸਲ ਗੱਲ ਇਹ ਹੈ ਕਿ ਜਿਨ੍ਹੇਂ ਭੀ ਜੀਵ ਹਨ,
ਸਾਰੀਆਂ ਦੇ ਸਿਰ ਤੇ ਪ੍ਰਭੂ ਦਾ ਹੀ ਹੁਕਮ-ਰੂਪ ਲੇਖ ਲਿਖਿਆ ਹੋਇਆ ਹੈ। ਹਰੇਕ ਜੀਵ ਦੀ ਕਾਮਯਾਬੀ ਦਾ
ਫ਼ੈਸਲਾ ਉਸ ਦੇ ਕੀਤੇ ਕਰਮਾਂ ਉੱਤੇ ਹੀ ਹੁੰਦਾ ਹੈ। ਜਿਹੜੇ ਜੀਵ ਸੁੱਚ ਦੇ ਕਰਮ-ਕਾਂਡ, ਭੇਖ ਆਦਿ ਤੇ
ਹੀ ਮਾਣ ਕਰਦੇ ਹਨ; ਉਹ ਵੱਡੇ ਮੂਰਖ ਹਨ। ਹੇ ਨਾਨਕ ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀਆਂ ਸਿਫ਼ਤਾਂ
ਦੇ ਖ਼ਜ਼ਾਨੇ ਭਰੇ ਪਏ ਹਨ, ਉਨ੍ਹਾਂ ਖਜ਼ਾਨਿਆਂ ਵਿੱਚ ਜੁੜੋ। ਇਹ ਹੀ ਰੱਬ ਦੇ ਦਰ ਪਰਵਾਨ ਹੋਣ ਵਾਲੀ
ਕਰਣੀ ਹੈ।
ੴ ਸਤਿਗੁਰ ਪ੍ਰਸਾਦਿ ॥ ਬਸੰਤੁ ਹਿੰਡੋਲੁ ਘਰੁ ੨ ਮਾਤਾ ਜੂਠੀ ਪਿਤਾ ਭੀ ਜੂਠਾ
ਜੂਠੇ ਹੀ ਫਲ ਲਾਗੇ ॥ ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ ॥੧॥ ਕਹੁ ਪੰਡਿਤ ਸੂਚਾ ਕਵਨੁ
ਠਾਉ ॥ ਜਹਾਂ ਬੈਸਿ ਹਉ ਭੋਜਨੁ ਖਾਉ ॥੧॥ ਰਹਾਉ ॥ ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ
॥ ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ ॥੨॥ ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ
ਬੈਸਿ ਪਕਾਇਆ ॥ ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ ॥੩॥ ਗੋਬਰੁ ਜੂਠਾ ਚਉਕਾ ਜੂਠਾ
ਜੂਠੀ ਦੀਨੀ ਕਾਰਾ ॥ ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ ॥੪॥ ਪੰਨਾਂ ੧੧੯੫
ਅਰਥ: ਹੇ ਪੰਡਿਤ! ਉਹ ਥਾਂ ਦੱਸ ਜੋ ਸੁੱਚਾ ਹੈ ਤਾਂ ਜੋ ਮੈਂ ਉਥੇ ਬੈਠ ਕੇ
ਰੋਟੀ ਖਾ ਸਕਾਂ ਅਤੇ ਪੂਰੀ ਸੁੱਚ ਰਹਿ ਸਕੇ? ਤੇਰੀਆਂ ਗੱਲਾਂ ਸੁਣ ਕੇ ਤਾਂ ਮੈਨੂੰ ਲਗਦਾ ਹੈ ਕਿ ਕੋਈ
ਭੀ ਜੀਵ ਅਤੇ ਥਾਂ ਸੁੱਚਾ ਨਹੀਂ ਹੈ।੧। ਰਹਾਉ। ਦੇਖ ! ਸਾਡੇ ਮਾਂ ਅਤੇ ਪਿਉ ਅਪਵਿੱਤ੍ਰ, ਇਨ੍ਹਾਂ
ਤੋਂ ਜੰਮੇ ਹੋਏ ਬਾਲ-ਬੱਚੇ ਭੀ ਅਪਵਿੱਤਰ; ਸੰਸਾਰ ਵਿੱਚ ਜੋ ਭੀ ਜੀਵ ਜੰਮਦੇ ਹਨ ਉਹ ਅਪਵਿੱਤਰ ਅਤੇ
ਜੋ ਜੀਵ ਮਰਦੇ ਹਨ ਉਹ ਭੀ ਅਪਵਿੱਤਰ। ਇਸ ਤਰ੍ਹਾਂ ਤਾਂ ਸਾਰੇ ਹੀ ਬਦ-ਨਸੀਬ ਜੀਵ ਅਪਵਿੱਤਰ ਹੀ ਸੰਸਾਰ
ਤੋਂ ਚਲੇ ਜਾਂਦੇ ਹਨ।੧। ਜੀਵ ਦੀ ਜੀਭ ਮੈਲੀ, ਬਚਨ ਭੀ ਮਾੜੇ, ਕੰਨ ਅੱਖਾਂ ਆਦਿ ਭੀ ਸਾਰੇ
ਹੀ ਅਪਵਿੱਤਰ, ਇਨ੍ਹਾਂ ਤੋਂ ਭੀ ਵਧ ਸਾਡੀ ਕਾਮ-ਇੰਦ੍ਰੀ ਅਤੇ ਕਾਮ-ਚੇਸ਼ਟਾ ਐਸੀ ਚੀਜ਼ ਹੈ ਜਿਸ ਦੀ ਮੈਲ
ਲਹਿੰਦੀ ਹੀ ਨਹੀਂ। ਹੇ ਬ੍ਰਾਹਮਣ-ਪੁਣੇ ਦੇ ਮਾਣ ਦੀ ਅੱਗ ਦੇ ਸੜੇ ਹੋਏ ਪੰਡਿਤ! ਦੱਸ ਫਿਰ ਕਿਹੜੀ
ਚੀਜ਼ ਸੁੱਚੀ ਰਹਿ ਗਈ?।੨। ਹੇ ਪੰਡਿਤ! ਹੋਰ ਸੁਣ। ਅੱਗ ਜੂਠੀ ਹੈ, ਪਾਣੀ ਜੂਠਾ ਹੈ, ਭੋਜਨ ਪਕਾਉਣ
ਵਾਲੀ ਜੀਵ ਇਸਤਰੀ ਭੀ ਜੂਠੀ ਹੈ, ਕੜਛੀ; ਜਿਸ ਨਾਲ ਭਾਜੀ ਆਦਿ ਵਰਤਾਉਂਦਾ ਹੈ, ਭੀ ਜੂਠੀ ਹੈ ਅਤੇ ਉਹ
ਪ੍ਰਾਣੀ ਭੀ ਜੂਠਾ ਜੇਹੜਾ ਬਹਿ ਕੇ ਉਸ ਭੋਜਨ ਨੂੰ ਖਾਂਦਾ ਹੈ।੩। ਗੋਹਾ ਜੂਠਾ ਹੈ, ਚੌਕਾ ਜੂਠਾ ਹੈ,
ਉਸ ਚੌਕੇ ਦੇ ਦੁਆਲੇ ਪਾਈਆਂ ਲਕੀਰਾਂ ਭੀ ਜੂਠੀਆਂ ਹੀ ਹਨ। ਅੰਤ ਵਿੱਚ ਭਗਤ ਕਬੀਰ ਆਖਦੇ ਹਨ ਕਿ ਕੇਵਲ
ਉਹ ਹੀ ਜੀਵ ਸੁੱਚੇ ਹਨ ਜਿਨ੍ਹਾਂ ਨੂੰ ਪ੍ਰਮਾਤਮਾ ਦੀ ਸੂਝ ਆ ਗਈ ਹੈ।੪।
ਗੁਰਦੁਆਰੇ ਵਿੱਚ ਜੋ ਭੀ ਭੋਜਨ ਤਿਆਰ ਹੁੰਦਾ ਹੈ ਉਸ ਵਾਸਤੇ ਰਾਸ਼ਨ ਉਸੇ ਹੀ
ਦੁਕਾਨ ਤੋਂ ਲਿਆ ਜਾਂਦਾ ਹੈ ਜਿਥੋਂ ਅਸੀਂ ਆਪਣੇ ਘਰਾਂ ਵਾਸਤੇ ਰਾਸ਼ਨ ਖਰੀਦਦੇ ਹਾਂ। ਉਸ ਭੋਜਨ ਨੂੰ
ਤਿਆਰ ਕਰਨ ਵਾਸਤੇ ਉਹ ਹੀ ਬੀਬੀਆਂ ਅਤੇ ਮਨੁੱਖ ਹਨ ਜੋ ਘਰਾਂ ਵਿੱਚ ਭੋਜਨ ਤਿਆਰ ਕਰਦੇ ਹਨ। ਜੋ ਭੋਜਨ
ਅਸੀਂ ਘਰਾਂ ਵਿੱਚ ਕੁਰਸੀਆਂ ਤੇ ਬੈਠ ਕੇ ਅਤੇ ਮੇਜ਼ ਤੇ ਰੱਖ ਕੇ ਖਾਂਦੇ ਹਾਂ ਪਰ ਗੁਰਦੁਆਰੇ ਵਿੱਚ
ਅਸੀਂ ਕਹਿੰਦੇ ਹਨ ਕਿ ਉਸ ਭੋਜਨ ਨੂੰ ਕੇਵਲ ਧਰਤੀ ਤੇ ਬੈਠ ਕੇ ਹੀ ਖਾਣਾ ਚਾਹੀਦਾ ਹੈ।
ਜਿਸ ਨੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਮੰਨਣੀ, ਸਾਡੇ ਲਈ ਉਨ੍ਹਾਂ ਨੂੰ
ਸਮਝਾਉਣਾ ਬਹੁਤ ਔਖਾ ਹੈ। ਗੁਰਦੁਆਰੇ ਦੇ ਧਾਰਮਿਕ ਮਾਹੌਲ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਇਨ੍ਹਾਂ
ਲੋਕਾਂ ਨੂੰ ਪਿਆਰ ਨਾਲ ਸਮਝਾਉਣ ਦੇ ਯਤਨ ਜਾਰੀ ਰੱਖਣੇ ਚਾਹੀਦੇ ਹਨ ਅਤੇ ਲੋੜ੍ਹ ਪੈਣ ਤੇ ਕਾਨੂਨ ਦੀ
ਵਰਤੋਂ ਕਰਨ ਤੋਂ ਝਿਜਕ ਨਹੀਂ ਕਰਨੀ ਚਾਹੀਦੀ। ਨਹੀਂ ਤਾਂ ਵਧਦੀ-ਵਧਦੀ ਗੱਲ, ਲੜਾਈ ਤੱਕ
ਪਹੁੰਚ ਸਕਦੀ ਹੈ।
ਆਓ ਗੁਰੂ ਨਾਨਕ ਸਾਹਿਬ ਅਤੇ ਭਗਤ ਕਬੀਰ ਦੇ ਸ਼ਬਦਾਂ ਤੋਂ ਸਿੱਖਿਆ ਲੈ ਕੇ
ਆਪਣਾ ਜੀਵਨ ਸਫ਼ਲਾ ਕਰੀਏ।
ਵਾਹਿ ਗੁਰੂ ਜੀ ਕਾ ਖਾਲਸਾ।।
ਵਾਹਿ ਗੁਰੂ ਜੀ ਕੀ ਫ਼ਤਹਿ।।