.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਜ਼ਹਿਰ ਤੋਂ ਅੰਮ੍ਰਿਤ

ਸਮਾਜ ਸੇਵੀਆਂ ਤੇ ਧਾਰਮਕ ਆਗੂਆਂ ਦੀ ਹਮੇਸ਼ਾਂ ਇਹ ਕੋਸ਼ਿਸ਼ ਹੁੰਦੀ ਹੈ ਕਿ ਹਰੇਕ ਮਨੁੱਖ ਚੰਗਾ ਸੋਚੇ, ਚੰਗੀ ਪੜ੍ਹਾਈ ਕਰ, ਕਿਸੇ ਨਾਲ ਵੈਰ ਭਾਵਨਾ ਨਾ ਰੱਖੇ, ਇੱਕ ਦੁਜੇ ਦੇ ਕੰਮ ਆ ਸਕੇ ਤੇ ਸਥਿਰ ਸਮਾਜ ਦੀ ਸਿਰਜਣਾ ਵਿੱਚ ਆਪਣਾ ਬਣਦਾ ਯੋਗਦਾਨ ਪਾਏ। ਆਪਸੀ ਕੁੜਤਣਾਂ ਜਿੱਥੇ ਕੌਮਾਂ ਤਬਾਹ ਕਰ ਦੇਂਦੀਆਂ ਹਨ ਓੱਥੇ ਮੁਲਕਾਂ ਦੀ ਉਨਤੀ ਵੀ ਰੁਕ ਜਾਂਦੀ ਹੈ। ਚੰਗੀ ਸੰਗਤ, ਚੰਗਾ ਗਿਆਨ ਬਦਾਂ ਤੋਂ ਚੰਗੇਰੇ, ਬੁਜ਼ਦਿੱਲਾਂ ਤੋਂ ਬਹਾਦਰ, ਕਾਇਰਾਂ ਤੋਂ ਸੂਰਬੀਰ, ਹੰਕਾਰੀਆਂ ਨੂੰ ਨਿੰਮ੍ਰਤਾ ਤੇ ਅਮਲੀਆਂ ਨੂੰ ਸੋਫੀਆਂ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ।
ਗੁਰੂ ਨਾਨਕ ਸਾਹਿਬ ਜੀ ਗਏ ਹੀ ਉਹਨਾਂ ਇਨਸਾਨਾਂ ਪਾਸ ਸਨ ਜਿਹੜੇ ਜਾਤ ਹੰਕਾਰ ਵਿੱਚ ਲਿਬੜੇ ਪਏ ਸਨ, ਰਾਹ ਜਾਂਦਿਆਂ ਨੂੰ ਲੁੱਟ ਲੈਂਦੇ ਸਨ। ਧਰਮ ਦੇ ਨਾਂ `ਤੇ ਦਿਨ ਦੀਵੀਂ ਲੋਕਾਂ ਠੱਗ ਰਹੇ ਸਨ। ਸੱਜਣ ਨੂੰ ਆਪਣੀ ਅਸਲੀਅਤ ਦਾ ਪਤਾ ਲੱਗਿਆ ਤਾਂ ਉਸ ਨੇ ਠੱਗੀ ਵਾਲਾ ਰਾਹ ਤਿਆਗ ਕੇ ਸਮਾਜ ਸੇਵੀ ਬਣਨ ਨੂੰ ਤਰਜੀਹ ਦਿੱਤੀ। ਕੌਡੇ ਨੇ ਆਪਣਾ ਸੁਭਾਅ ਤਿਆਗ ਕੇ ਮਨੁੱਖਤਾ ਦੀ ਅਜ਼ਾਦੀ ਵਿੱਚ ਆਪਣੇ ਆਪ ਨੂੰ ਲਗਾ ਲਿਆ। ਮਨੁੱਖ ਆਪਣਾ ਸੁਭਾਅ ਤਦ ਹੀ ਤਿਆਗਦਾ ਹੈ ਜਦੋਂ ਉਸ ਨੂੰ ਜੀਵਨ ਦੀ ਅਸਲੀਅਤ ਸਮਝ ਆ ਜਾਂਦੀ ਹੈ ਏਸੇ ਸਬੰਧ ਵਿੱਚ ਹੀ ਗੁਰੂ ਅਰਜਨ ਪਾਤਸ਼ਾਹ ਜੀ ਇਸ ਸਲੋਕ ਵਿੱਚ ਸਮਝਾ ਰਹੇ ਹਨ—
ਬਿਖਯਾ ਭਯੰਤਿ ਅੰਮ੍ਰਿਤੰ, ਦ੍ਰੁਸਟਾਂ ਸਖਾ ਸ੍ਵਜਨਹ॥
ਦੁਖੰ ਭਯੰਤਿ ਸੁਖ੍ਯ੍ਯੰ, ਭੈ ਭੀਤੰ ਤ ਨਿਰਭਯਹ॥
ਥਾਨ ਬਿਹੂਨ ਬਿਸ੍ਰਾਮ ਨਾਮੰ, ਨਾਨਕ ਕ੍ਰਿਪਾਲ ਹਰਿ ਹਰਿ ਗੁਰਹ॥ ੩੭॥
ਪੰਨਾ ੧੩੫੭
ਅੱਖਰੀਂ ਅਰਥ-— ਹੇ ਨਾਨਕ! ਪਰਮਾਤਮਾ-ਦਾ-ਰੂਪ ਸਤਿਗੁਰੂ (ਜਿਸ ਮਨੁੱਖ ਉਤੇ) ਕਿਰਪਾਲ ਹੋ ਪਏ, ਜ਼ਹਿਰ ਉਸ ਦੇ ਵਾਸਤੇ ਅੰਮ੍ਰਿਤ ਬਣ ਜਾਂਦਾ ਹੈ, ਦੋਖੀ ਉਸ ਦੇ ਮਿਤ੍ਰ ਤੇ ਕਰੀਬੀ ਰਿਸ਼ਤੇਦਾਰ ਬਣ ਜਾਂਦੇ ਹਨ, ਦੁੱਖ-ਕਲੇਸ਼ ਸੁਖ ਬਣ ਜਾਂਦੇ ਹਨ, ਜੇ ਉਹ (ਪਹਿਲਾਂ) ਅਨੇਕਾਂ ਡਰਾਂ ਨਾਲ ਸਹਿਮਿਆ ਰਹਿੰਦਾ ਸੀ, ਤਾਂ ਨਿਡਰ ਹੋ ਜਾਂਦਾ ਹੈ; ਅਨੇਕਾਂ ਜੂਨਾਂ ਵਿੱਚ ਭਟਕਦੇ ਨੂੰ ਪਰਮਾਤਮਾ ਦਾ ਨਾਮ ਸਹਾਰਾ-ਆਸਰਾ ਮਿਲ ਜਾਂਦਾ ਹੈ। ੩੭।
ਵਿਚਾਰ ਚਰਚਾ—
੧ ਸਤਿਗੁਰ ਨੇ ਜੋ ਗੁਣ ਰੱਬ ਜੀ ਦੇ ਦੱਸੇ ਹਨ ਉਹ ਸਾਰੇ ਗੁਣ ਸਤਿਗੁਰ ਵਿੱਚ ਹਨ।
੨ ਸਤਿਗੁਰ ਤਾਂ ਸਦਾ ਹੀ ਕ੍ਰਿਪਾਲੂ ਹੈ ਪਰ ਉਸ ਦੀ ਕ੍ਰਿਪਾ ਦੇ ਪਾਤਰ ਅਸਾਂ ਬਣਨਾ ਹੈ।
੩ ਇਸ ਤਰ੍ਹਾਂ ਨਹੀਂ ਹੈ ਕਿ ਸਤਿਗੁਰ ਕਿਸੇ ਤੇ ਘੱਟ ਕਿਰਪਾਲੂ ਹੈ ਤੇ ਕਿਸੇ `ਤੇ ਵੱਧ ਕਿਰਪਾਲੂ ਹੈ।
੪ ਸਤਿਗੁਰ ਦੇ ਗਿਆਨ ਨੂੰ ਸਮਝਣ ਵਾਲਾ ਦੋਖੀਆਂ ਨੂੰ ਮਿੱਤਰ ਬਣਾ ਲੈਂਦਾ ਹੈ। ਦੁੱਖਾਂ ਕਲੇਸ਼ਾਂ ਨੂੰ ਸੁਖ ਵਿੱਚ ਬਦਲ ਲੈਂਦਾ ਹੈ। ਭਾਵ ਜ਼ਹਿਰ ਨੂੰ ਅੰਮ੍ਰਿਤ ਵਿੱਚ ਬਦਲ ਦੇਂਦਾ ਹੈ।
੫ ਇਹ ਇੱਕ ਖੂਬਸੂਰਤੀ ਹੈ ਕਿ ਜਦੋਂ ਮਨੁੱਖ ਨੂੰ ਗੁਰ-ਗਿਆਨ ਦੀ ਸਮਝ ਆਉਂਦੀ ਹੈ ਤਾਂ ਉਹ ਨਿਡਰਤਾ ਨਾਲ ਵਿਚਰਨ ਲੱਗ ਜਾਂਦਾ ਹੈ। ਸਹਿਮ ਖਤਮ ਹੋ ਜਾਂਦਾ ਹੈ।
੬ ਜੀਵਨ ਵਿੱਚ ਬਦਲਾਅ ਆਉਣ ਨਾਲ ਸੱਚ ਦੇ ਨਾਲ ਖਲਾਉਣ ਲੱਗ ਜਾਂਦਾ ਹੈ।
੭ ਸੁਭਾਅ ਕਰਕੇ ਵੱਖ ਵੱਖ ਜੂਨਾਂ ਭੋਗਣ ਵਾਲਾ ਅਦਰਸ਼ਕ ਜੀਵਨ ਵਾਲਾ ਹੋ ਜਾਂਦਾ ਹੈ।
੮ ਮੁਕੱਦੀ ਗੱਲ ਕੇ ਗੁਰ-ਗਿਆਨ ਦੁਆਰਾ ਮਾਨਸਕ ਬਲ ਤਕੜਾ ਹੁੰਦਾ ਹੈ ਤੇ ਮਾਨਸਕ ਡਰ ਦੂਰ ਹੁੰਦਾ ਹੈ।
੯ ਵਰਤਮਾਨ ਜੀਵਨ ਨੂੰ ਸਵਾਰਨ ਦੀ ਤਕਨੀਕ ਆ ਜਾਂਦੀ ਹੈ, ਰੱਬ ਜੀ ਨੇ ਕੋਈ ਮੰਤ੍ਰ ਮਾਰ ਕੇ ਕਿਸੇ ਨੂੰ ਠੀਕ ਨਹੀਂ ਕਰਨਾ ਸਗੋਂ ਖ਼ੁਦ ਨੂੰ ਹੀ ਉਦਮ ਕਰਨਾ ਪੈਣਾ ਹੈ।
ਕਚਹੁ ਕੰਚਨੁ ਭਇਅਉ, ਸਬਦੁ ਗੁਰ ਸ੍ਰਵਣਹਿ ਸੁਣਿਓ॥
ਬਿਖੁ ਤੇ ਅੰਮ੍ਰਿਤੁ ਹੁਯਉ, ਨਾਮੁ ਸਤਿਗੁਰ ਮੁਖਿ ਭਣਿਅਉ॥
ਪੰਨਾ ੧੩੯੯




.