ਗੁਰਬਾਣੀ ਦੇ ਚਾਨਣ ਵਿਚ ‘ਅਖਾਣ’
(ਕਿਸ਼ਤ ਨੰ:16)
ਵੀਰ ਭੁਪਿੰਦਰ ਸਿੰਘ
76.ਅੱਖਾਂ ਟੇਢੀਆਂ ਕਰਨਾ:
ਅਗਿਆਨਤਾ ਵੱਸ ਸਾਡਾ ਮਨ ਮੰਦੇ ਖਿਆਲਾਂ ਨੂੰ ਪਸੰਦ ਕਰਦਾ ਹੈ। ਅੰਦਰ ਵਸਦੇ
ਰੱਬੀ ਗੁਣਾਂ ਤੋਂ ਮੁਨਕਰ ਹੋ ਜਾਂਦਾ ਹੈ। ਸਿੱਟੇ ਵਜੋਂ ਆਪ ਵੀ ਬੇਚੈਨ ਰਹਿੰਦਾ ਹੈ ਅਤੇ ਸਾਰੇ ਤਨ
ਨੂੰ, ਦਿਲੋ-ਦਿਮਾਗ ਨੂੰ ਅਸ਼ਾਂਤ, ਕੁਰਬਲ, ਕਲ-ਕਲ ਵਾਲੇ ਜੀਵਨ ਦਾ ਭਾਗੀ ਬਣਾ ਦੇਂਦਾ ਹੈ। ਮਨ ਕਰਕੇ
ਸੱਚ ਤੋਂ ਮੁੰਹ ਫੇਰ ਲੈਣਾ, ਸੱਚੇ ਜੀਵਨ ਦੇ ਇਕਰਾਰ ਤੋਂ ਮੁਨਕਰ ਹੋ ਜਾਣਾ ਹੀ ‘ਅੱਖਾਂ ਟੇਢੀਆਂ
ਕਰਨਾ’ ਹੁੰਦਾ ਹੈ। ਸਾਡਾ ਜੀਵਨ ਕੋਝੀਆਂ, ਟੇਢੀਆਂ, ਝੂਠ, ਚਲਾਕੀ ਦੀਆਂ ਚਾਲਾਂ ਵਾਲਾ ਬਣ ਜਾਂਦਾ
ਹੈ। ਮਨ ਨੇ ਇਕਰਾਰ ਤਾਂ ਸੁਖੀ ਕਰਨ ਲਈ ਕੀਤਾ ਸੀ। ਸਾਡੇ ਤਨ ਨੇ ਇਸ ਨੂੰ ਰਾਜਾ ਬਣਾ ਦਿੱਤਾ ਪਰ ਮਨ
ਨੇ ਕੀਤੇ ਇਕਰਾਰ ਤੋਂ ਅੱਖਾਂ ਹੀ ਫੇਰ ਲਈਆਂ। ਇਸ ਅਵਸਥਾ ’ਚ ਸਾਡਾ ਮਨ ਸੱਚੇ ਮਾਰਗ ਵਾਲੇ ਰੱਬ,
ਸਤਿਗੁਰ ਨਾਲ ਅੱਖਾਂ ਮਿਲਾਉਣ ਅਤੇ ਨਜ਼ਰੀਆ ਇਕ ਕਰਨ ਬਦਲੇ ਅੱਖਾਂ ਟੇਢੀਆਂ ਕਰ ਲੈਂਦਾ ਹੈ। ਟੇਢੀਆਂ
ਚਾਲਾਂ ਜਿਊਣਾ ਹੀ ਅੱਖਾਂ ਟੇਢੀਆਂ ਕਰ ਲੈਣ ਦਾ ਲਖਾਇਕ ਹੈ।
77. ਅੱਖਾਂ ਚੋਂ ਸੁਰਮਾ ਕੱਢਣਾ (ਹੱਦ ਨਾਲੋਂ ਵੱਧ ਚਲਾਕੀ ਵਰਤਨਾ):
ਸਾਡੇ ਸਭ ਦੇ ਹਿਰਦੇ ’ਚ ਰੱਬੀ ਜੋਤ ਵੱਸਦੀ ਹੈ। ਇਸੇ ਨੂੰ ਰੱਬੀ ਮਤ ਜਾਂ
ਸਤਿਗੁਰ ਕਹਿੰਦੇ ਹਨ। ਗੁਰਬਾਣੀ ਕਹਿੰਦੀ ਹੈ,
ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥
(ਗੁਰੂ ਗ੍ਰੰਥ ਸਾਹਿਬ, ਪੰਨਾ 13)
ਇਸੇ ਤੋਂ ਸਾਨੂੰ ਬਿਬੇਕ-ਬੁੱਧੀ ਪ੍ਰਾਪਤ ਹੁੰਦੀ ਹੈ ਅਤੇ ਚੰਗੇ-ਮੰਦੇ,
ਚਿੱਟੇ-ਕਾਲੇ ਖਿਆਲਾਂ ਦਾ ਨਿਤਾਰਾ ਕਰਨਾ ਆ ਜਾਂਦਾ ਹੈ। ਸਤਿਗੁਰ ਦੀ ਮਤ ਲੈਣ ਨਾਲ ਸਾਡੀ ਸੁਰਤ, ਮਤ,
ਮਨ ਅਤੇ ਬੁਧ ਘੜ੍ਹੀ ਜਾਂਦੀ ਹੈ।
ਜੇ ਸਾਡਾ ਮਨ ਸਤਿਗੁਰ ਦੇ ਗਿਆਨ ਦਾ ਚਾਨਣ ਨਾ ਲਵੇ ਤਾਂ ਵਿਕਾਰਾਂ ਵੱਸ ਪੈ
ਕੇ, ਹਨੇਰੇ ਕਾਰਨ ਕਾਲਖ਼ ਦੇ ਕਾਲੇ ਕਾਰਨਾਮੇ ਕਰਦਾ ਰਹਿੰਦਾ ਹੈ। ਇਸਦਾ ਭਾਵ ਇਹ ਹੈ ਕਿ ਮਨ ਦੀਆਂ
ਅੱਖਾਂ ’ਚੋਂ ਬਿਬੇਕਤਾ ਦਾ ਦੀਪ ਮਲੀਨ ਹੋ ਜਾਂਦਾ ਹੈ। ਗੁਰਬਾਣੀ ਕਹਿੰਦੀ ਹੈ,
ਮਾਧੋ ਅਬਿਦਿਆ ਹਿਤ ਕੀਨ ॥ ਬਿਬੇਕ ਦੀਪ ਮਲੀਨ ॥
(ਗੁਰੂ ਗ੍ਰੰਥ ਸਾਹਿਬ, ਪੰਨਾ 486)
ਬਿਬੇਕ ਦੀਪ ਮਲੀਨ ਹੋਣ ਕਾਰਨ, ਸੁਰਮੇ ਰੂਪੀ ਸਤਿਗੁਰ ਦੀ ਮਤ ਅੰਦਰੋਂ ਚਲੀ
ਗਈ। ਮਨ ਨੇ ਕੁਮਤ ਅਤੇ ਜਮਾਂ ਵਾਲੇ ਵਿਕਾਰੀ ਖਿਆਲ ਪਸੰਦ ਕਰ ਲਏ। ਮਨ ਚਲਾਕੀ ਸਿੱਖ ਗਿਆ, ਪਰ ਹੁਣ
ਚੰਗੇ-ਮੰਦੇ ਅਤੇ ਚਿੱਟੇ-ਕਾਲੇ ਕੰਮ ਦੀ ਪਰਖ ਨਹੀਂ ਰਹੀ। ਮਨ ਨੂੰ ਸੱਚ ਨਹੀਂ ਦਿਸਦਾ ਅਤੇ ਨਾ ਹੀ
ਸੱਚ ਸੁਣਾਈ ਦੇਂਦਾ ਹੈ। ਮਾਨੋ ਮਨ ਰੂਪੀ ਅੱਖਾਂ ਵਿੱਚ ਗਿਆਨ ਅਤੇ ਬਿਬੇਕਤਾ ਦਾ ਸੁਰਮਾ ਨਹੀਂ ਰਿਹਾ।
ਜੇ ਸਤਿਗੁਰ ਦੀ ਮਤ ਲੈ ਲਈ ਜਾਏ ਤਾਂ ਸਾਡੇ ਮਨ ਨੂੰ ਮੁੜ ਗਿਆਨ ਦਾ ਸੁਰਮਾ ਪ੍ਰਾਪਤ ਹੋ ਸਕਦਾ ਹੈ।
ਮਨ ਜੇ ਸੱਚ ਦਾ ਗਿਆਨ ਰੂਪੀ ਸੁਰਮਾ (ਅੰਜਨ) ਪਾ ਲਵੇ ਭਾਵ ਬਿਬੇਕ-ਬੁਧ ਲੈ ਲਵੇ ਤਾਂ ਹਨੇਰਾ ਦੂਰ ਹੋ
ਜਾਂਦਾ ਹੈ। ਅੱਖਾਂ ਨੂੰ ਸਾਫ-ਸਾਫ ਦਿੱਸਣ ਲਗ ਪੈਂਦਾ ਹੈ। ਮੈਲ ਅਤੇ ਧੁੰਧ ਰਹਿਤ ਨਜ਼ਰੀਏ ਨੂੰ
ਗੁਰਬਾਣੀ ਵਿਚ
‘ਗਿਆਨ
ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥’ ਕਿਹਾ
ਹੈ।
78. ਅੱਖ ਮੈਲੀ ਹੋਣਾ (ਨਰਾਜ਼ ਹੋਣਾ ਜਾਂ ਦਿਲ ’ਚ ਖੋਟ ਆਉਣਾ):
ਬਚਪਨ ’ਚ ਮਨ ਸਾਫ ਅਤੇ ਨਿਰਮਲ ਹੁੰਦਾ ਹੈ। ਕੋਈ ਵੀ ਆਪਣਾ ਪਰਾਇਆ ਨਹੀਂ
ਹੁੰਦਾ। ਮਜ਼੍ਹਬੀ ਵਿਤਕਰੇ ਦੀ ਨਜ਼ਰ ਬਾਲ ਬੁੱਧ ’ਚ ਨਹੀਂ ਹੁੰਦੀ। ਜਿਉਂ-ਜਿਉਂ ਬੱਚੇ ਦੀ ਪਕੜ ਖਿਡੌਣੇ
ਅਤੇ ਆਪਣੇ ਮਾਂ-ਪਿਉ ਜਾਂ ਘਰ ਦੀਆਂ ਚੀਜ਼ਾਂ ਨਾਲ ਹੁੰਦੀ ਹੈ ਤਾਂ ਮਨ ਦੀਆਂ ਅੱਖਾਂ ਰਾਹੀਂ ਉਨ੍ਹਾਂ
ਸਭ ’ਤੇ ਨਜ਼ਰ ਰਹਿੰਦੀ ਹੈ। ਜੇ ਕੋਈ ਵੀ ਬੱਚੇ ਦੇ ਖਿਡੌਣੇ ਲੈ ਲਵੇ ਤਾਂ ਬੱਚਾ ਉਸ ਨਾਲ ਨਰਾਜ਼ ਹੁੰਦਾ
ਹੈ। ਪਿਆਰ ਭਰੇ ਹੱਥ ਪਿੱਛੇ ਖਿੱਚ ਲੈਂਦਾ ਹੈ। ਕੋਈ ਬੱਚੇ ਦੀ ਕਿਸੀ ਚੀਜ਼ ਨੂੰ ਲੈਣਾ ਚਾਹੇ ਜਾਂ ਕੋਈ
ਹੋਰ ਬੱਚਾ ਮਾਂ ਦੀ ਗੋਦੀ ’ਚ ਬੈਠੇ ਤਾਂ ਬੱਚੇ ਦੀਆਂ ਅੱਖਾ ਨੂੰ ਇਹ ਪਸੰਦ ਨਹੀਂ। ਬੱਚੇ ਦੇ ਮਨ ’ਚ
ਉਸ ਮਨੁੱਖ ਬਾਰੇ ਖੋਟ ਆ ਜਾਂਦੀ ਹੈ। ਤੇਰਾ-ਮੇਰਾ, ਆਪਣਾ-ਪਰਾਇਆ ਵਾਲੀ ਅੱਖ ਨਾਲ ਖੋਟ, ਨਰਾਜ਼ਗੀ
ਵੱਧਦੀ ਹੈ। ਮਨ ਦੀ ਇਹ ਬਿਰਤੀ, ਵੇਖਣ ਦਾ ਨਜ਼ਰੀਆ ਹੀ ‘ਅੱਖ ਮੈਲੀ ਹੋਣਾ’ ਕਹਿਲਾਉਂਦਾ ਹੈ। ਜਦੋਂ
ਅੱਖ ਮੈਲੀ ਹੋ ਜਾਵੇ ਤਾਂ ਗੱਲ-ਗੱਲ ’ਤੇ ਹੋਰ ਮਨੁੱਖਾਂ ਤੋਂ ਦੂਰੀ ਬਣਾ ਲੈਂਦੇ ਹਾਂ। ਸਿੱਟੇ
ਵੱਜੋਂ ਮਨ ਦੀਆਂ ਅੱਖਾਂ ਇਤਨੀਆਂ ਮੈਲੀਆਂ ਹੋ ਜਾਂਦੀਆਂ ਹਨ ਕਿ ਉਨ੍ਹਾਂ ਨੂੰ ਕਿਸੇ ’ਚ, ਕਿੱਥੇ ਵੀ
ਰੱਬ ਨਜ਼ਰ ਹੀ ਨਹੀਂ ਆਉਂਦਾ। ਉਹ ਮੈਲੀ ਅੱਖਾਂ ਕਾਰਨ ਕਿਸੇ ਦਾ ਭਲਾ ਕਰਕੇ ਵਾਹ-ਵਾਹ ਦੀ ਭੁੱਖ ਰੱਖਦੇ
ਹਨ, ਦਬਦਬਾ ਬਣਾ ਕੇ ਰੱਖਦੇ ਹਨ। ਜੇ ਉਨ੍ਹਾਂ ਅਧੀਨ ਕੋਈ ਨਾ ਚਲੇ ਤਾਂ ਅੱਖ ਮੈਲੀ ਕਾਰਨ ਉਸ ਮਨੁੱਖ
’ਚ ਰੱਬ ਵੇਖਣ ਬਦਲੇ ਕੀੜਾ-ਮਕੌੜਾ ਸਮਝਦੇ ਹਨ, ਮਸਲ ਦਿੰਦੇ ਹਨ। ਆਪਣੇ ਆਪ ’ਚੋਂ ਰੱਬ ਨੂੰ ਵੇਖਣਾ
ਨਹੀਂ ਆਉਂਦਾ ਤਾਂ ਹੋਰਨਾ ’ਚ ਕਿਵੇਂ ਵੇਖਣਗੇ, ‘ਅੱਖ ਮੈਲੀ ਵਾਲੇ ਮਨੁੱਖ’!
79. ਕਿਸਮਤ ਦਾ ਸਿਤਾਰਾ ਚਮਕਣਾ (ਲਗਾਤਾਰ ਸਫਲਤਾ ਜਾਂ ਭਾਗ ਉਦੈ ਹੋਣਾ):
ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਜਾਂ ਕਿਸੇ ਵੀ ਕਾਮਯਾਬੀ ਨੂੰ ਪ੍ਰਾਪਤ
ਕਰਨਾ ਹੀ ਲੋਕੀ ਕਿਸਮਤ ਦਾ ਚਮਕਨਾ ਮੰਨਦੇ ਹਨ ਪਰ ਧਾਰਮਕ ਦੁਨੀਆ ’ਚ ਬਾਹਰਲੀ ਕਾਮਯਾਬੀ ਜਾਂ ਧਨ
ਪਦਾਰਥਾਂ ਦੀ ਪ੍ਰਾਪਤੀ ਨੂੰ ਕਿਸਮਤ ਦਾ ਚਮਕਨਾ ਨਹੀਂ ਮੰਨਿਆ ਜਾਂਦਾ। ਜਦੋਂ ਸਾਡਾ ਮਨ ਮੰਦੇ ਖਿਆਲਾਂ
ਨਾਲ ਮੈਲਾ ਹੁੰਦਾ ਹੈ ਤਾਂ ਉਜਲਾ ਨਹੀਂ ਦਿਸਦਾ। ਜਿਵੇਂ ਅਸਮਾਨ ਦੇ ਚੰਨ ਤਾਰੇ, ਧੁੰਧ, ਹਨੇਰੀ,
ਬਦੱਲਾਂ ’ਚ ਨਜ਼ਰ ਨਹੀਂ ਆਉਂਦੇ ਤਿਵੇਂ ਅਵਗੁਣੀ ਮੈਲ ਕਾਰਨ ਨਿਜਘਰ ਚੋਂ ਰੱਬੀ ਗੁਣਾਂ ਦੀ ਸ਼ੋਭਾ, ਚਮਕ
ਵਿਖਾਈ ਨਹੀਂ ਦਿੰਦੀ। ਇਸ ਅਵਸਥਾ ਨੂੰ ਧੁੰਧ ਜਾਂ ਧੁਆ ਕਹਿੰਦੇ ਹਨ। ਜਦੋਂ ਅਸੀਂ ਨਿਜਘਰ ਚੋਂ ਰੱਬ
ਜੀ ਦੀ ਮੱਤ (ਸਤਿਗੁਰ ਦੀ ਮੱਤ) ਮੰਗਦੇ ਹਾਂ ਤਾਂ ਉਸ ਸੁਮੱਤ ਰੂਪ ਚਾਨਣ ਨਾਲ ਮਨ ਦੇ ਮੁਖ ਉਤੋਂ
ਕਾਲਖ਼ (ਅਵਗੁਣ) ਧੁੰਧ (ਧੁਆ) ਵੇਖਣ ਦੀ ਬਿਬੇਕ (ਨਜ਼ਰ) ਮਿਲਦੀ ਹੈ। ਜਦੋਂ ਸੁਮੱਤ ਲੈ ਕੇ ਅਵਗੁਣ ਦੂਰ
ਕਰਦੇ ਜਾਂਦੇ ਹਾਂ ਤਾਂ ਮਨ ਉੱਤੋਂ ਧੁੰਧ ਜਾਂ ਕਾਲਖ਼ ਉਤਰਦੀ ਜਾਂਦੀ ਹੈ। ਜਦੋਂ ਮਨ ਦੀ ਮੈਲ ਉਤਾਰਨ
ਦਾ ਉੱਦਮ ਸਤਿਗੁਰ ਦੀ ਮੱਤ ਅਨੁਸਾਰ ਕਰਦੇ ਹਾਂ ਤਾਂ ਕਾਮਯਾਬੀ ਮਿਲਦੀ ਜਾਂਦੀ ਹੈ। ਰੱਬੀ ਮਿਲਨ ਦੀ
ਦੂਰੀ ਘਟਦੀ ਜਾਂਦੀ ਹੈ। ਚੰਗੇ-ਚੰਗੇ ਗੁਣਾਂ ਵਾਲੀ ਸੁਰਤ, ਮੱਤ, ਮਨ ਅਤੇ ਬੁੱਧ ਦਾ ਸੁਭਾ ਦ੍ਰਿੜ
ਹੁੰਦਾ ਹੈ। ਇਸੇ ਨੂੰ ਭਾਗ ਉਦੈ ਹੋਣਾ ਜਾਂ ਕਿਸਮਤ ਦਾ ਸਿਤਾਰਾ ਚਮਕਣਾ ਕਹਿੰਦੇ ਹਨ।
ਤੁਮ੍ ਪੇਖਤ ਸੋਭਾ ਮੇਰੈ ਆਗਨਿ ॥
(ਗੁਰੂ ਗ੍ਰੰਥ ਸਾਹਿਬ, ਪੰਨਾ 804)
80. ਸਿਰ ਊਪਰ ਹੱਥ ਰਖਣਾ (ਹੱਥ ਹੋਣਾ, ਅੰਗ ਰਖਿਅਕ, ਸ਼ਰਣ ਦੇਣਾ):
ਸਾਡੇ ਮਨ ਦੇ ਕਾਰਨ ਸਾਡੀ ਮੱਤ ਬਣਦੀ ਹੈ। ਜੈਸੀ ਮੱਤ ਹੁੰਦੀ ਹੈ ਵੈਸੇ ਹੀ
ਖ਼ਿਆਲਾਂ ਅਨੁਸਾਰ ਤਨ ਦੇ ਸਾਰੇ ਅੰਗ ਕੰਮ ਕਰਦੇ ਹਨ। ਮਤ ਮਨੁੱਖਤਾ ਭਰਪੂਰ ਹੋਵੇ ਤਾਂ ਅਸੀਂ
ਇਨਸਾਨੀਅਤ ਭਰਪੂਰ ਕੰਮ ਕਰਦੇ ਹਾਂ। ਜਦੋਂ ਸਾਡੀ ਮੱਤ ’ਚ ਦੁਰਮਤ ਭਰ ਜਾਂਦੀ ਹੈ ਤਾਂ ਅਸੀਂ ਵੇਖਣ ’ਚ
ਭਾਵੇਂ ਮਨੁੱਖ ਲਗਦੇ ਹਾਂ ਪਰ ਕਰਤੂਤਾਂ ਪਸ਼ੂਆਂ ਵਰਗੀਆਂ ਕਰਦੇ ਹਾਂ। ਜਿਵੇਂ ਕਿ ਪਸ਼ੂਆਂ ਨੂੰ ਰੋਕ ਕੇ
ਰੱਖਣ ਲਈ ਹਦ-ਬੰਦੀ, ਵਾੜਾ ਬਣਾਦੇ ਹਾਂ ਤਾਕਿ ਪਸ਼ੂ ਬਰਬਾਦੀ ਨਾ ਕਰ ਸਕੇ। ਪਸ਼ੂਆਂ ਨੂੰ ਬੰਨ੍ਹ ਕੇ
ਰੱਖਣ, ਵਾੜੇ ਵਿਚ ਕਾਬੂ ਕਰ ਕੇ ਰੱਖਣ ਲਈ ਤਜ਼ਰਬੇ ਦੀ ਲੋੜ ਹੁੰਦੀ ਹੈ। ਸਾਡਾ ਮਨ ਬੇਕਾਬੂ, ਬੇਲਗਾਮ
ਹੋਵੇ ਤਾਂ ਮਨ ਕਾਰਨ ਸਾਡੀ ਮਤ ਵਿਚ ਪਸ਼ੂਆਂ ਵਾਲੇ ਨਿਕੰਮੇ ਖਿਆਲ ਉਪਜਦੇ ਹਨ ਅਤੇ ਅਸੀਂ ਉਨ੍ਹਾਂ
ਪਸ਼ੂਆਂ ਵਾਲੀ ਕਰਤੂਤ ਆਪਣੇ ਤਨ ਦੇ ਅੰਗਾਂ ਰਾਹੀਂ ਕਰਦੇ ਹਾਂ। ਜਿਵੇਂ ਵਾੜੇ ਵਿਚ ਪਸ਼ੂਆਂ ਨੂੰ ਕਾਬੂ
ਕਰਨ ਵਾਲਾ ਮਨੁੱਖ ਸਿਆਣਾ ਹੁੰਦਾ ਹੈ, ਤਿਵੇਂ ਸਾਡੇ ਮਨ ਨੂੰ ਸਤਿਗੁਰ ਦੀ ਮੱਤ ਨਾਲ ਪਸ਼ੁਤਾ ਵਾਲੇ
ਖਿਆਲਾਂ ਨੂੰ ਕਾਬੂ ਕਰਨ ਦੀ ਸੁਜਾਣ ਮਤ ਪ੍ਰਾਪਤ ਹੁੰਦੀ ਹੈ। ਇਸ ਅਵਸਥਾ ਨੂੰ ਪ੍ਰਾਪਤ ਕਰਨ ਲਈ ਅਸੀਂ
ਰੱਬ ਦੀ ਸ਼ਰਣ ’ਚ ਜਾਂਦੇ ਹਾਂ ਭਾਵ ਨਿਜਘਰ ’ਚੋਂ ਰੱਬ ਜੀ ਦੀ ਮੱਤ ਮੰਗਦੇ ਹਾਂ। ਸਤਿਗੁਰ ਦੀ ਸ਼ਰਣ,
ਆਸਰਾ ਲੈਣਾ, ਰੱਬ ਦਾ ਸਾਨੂੰ ਸੁਮੱਤ ਬਖਸ਼ਨਾ ਹੀ ਸਿਰ ’ਤੇ ਹੱਥ ਰੱਖਣਾ ਕਹਿਲਾਉਂਦਾ ਹੈ। ਜਿਸ ਨਾਲ
ਸਾਡੇ ਮਨ ਦੀ ਰਖਿਆ ਹੋ ਜਾਂਦੀ ਹੈ। ਮਨ ਦੀ ਮੰਦੇ (ਪਸ਼ੂ) ਖਿਆਲਾਂ ਤੋਂ ਰੱਖਿਆ ਹੁੰਦੀ ਹੈ ਅਤੇ ਤਨ
ਦੇ ਅੰਗ ਪਸ਼ੂਆਂ ਵਾਲੀ ਕਰਤੂਤ ਕਰਨ ਤੋਂ ਬੱਚ ਜਾਂਦੇ ਹਨ। ਇਹੋ ਰੱਬ, ਸਤਿਗੁਰ ਦਾ ਸਾਡੇ ਸਿਰ ਉਪਰ
ਹੱਥ ਹੋਣ, ਰੱਖਣ ਦਾ ਪ੍ਰਤੀਕ ਹੈ। ਗੁਰਬਾਣੀ ਦਾ ਫੁਰਮਾਨ ਹੈ -
ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥
(ਗੁਰੂ ਗ੍ਰੰਥ ਸਾਹਿਬ, ਪੰਨਾ 696)