ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਰੀਸ ਕਰੋ ਪਰ ਸੜੋ ਨਾ
ਸੰਸਾਰ ਵਿੱਚ ਪੈਦਾਇਸ਼ ਦਾ
ਇਕਸਾਰਵਾਂ ਢੰਗ ਹੈ। ਜਨਮ ਕਰਕੇ ਕੋਈ ਉੱਚਾ ਜਾਂ ਨੀਵਾਂ ਨਹੀਂ ਹੈ। ਸਰਕਾਰਾਂ ਦੇ ਬਦ-ਇੰਤਜ਼ਾਮ ਕਰਕੇ
ਲੋਕ ਉੱਚੇ ਨੀਵੇਂ ਹੋ ਜਾਂਦੇ ਹਨ। ਵਿਕਸਤ ਮੁਲਕਾਂ ਵਿੱਚ ਇਹ ਵਖਰੇਵਾਂ ਬਹੁਤ ਘੱਟ ਹੈ। ਸੰਸਾਰ `ਤੇ
ਰੱਬੀ ਗੁਣ ਸਭ ਲਈ ਸਾਂਝੇ ਹਨ ਤੇ ਇਹਨਾਂ ਗੁਣਾਂ ਨੂੰ ਹਰੇਕ ਮਨੁਖ ਸਮਝ ਕੇ ਆਪਣੇ ਸੁਭਾਅ ਵਿੱਚ ਅਪਨਾ
ਸਕਦਾ ਹੈ। ਜੇ ਇੱਕ ਮਨੁੱਖ ਡਾਕਟਰ ਬਣਿਆ ਹੈ ਤਾਂ ਦੂਜਾ ਮਨੁੱਖ ਵੀ ਡਾਕਟਰੀ ਦੀ ਵਿਦਿਆ ਹਾਸਲ ਕਰ
ਸਕਦਾ ਹੈ। ਸ਼ਰਤ ਇਹ ਹੈ ਗੁਣ ਸਿੱਖਣ ਦੀ ਲਗਨ ਜ਼ਰੂਰ ਹੋਣੀ ਚਾਹੀਦੀ ਹੈ। ਸਾਡੇ ਮੁਲਕ ਵਿੱਚ ਹੇਰਾਫੇਰੀ
ਜਾਂ ਨੇਤਾਵਾਂ ਦੀਆਂ ਸਿਫਾਰਸ਼ਾਂ ਨਾਲ ਗੁਣਵਾਨ ਲੋਕ ਪਿੱਛੇ ਰਹਿ ਜਾਂਦੇ ਹਨ ਪਰ ਵਿਕਸਤ ਮੁਲਕਾਂ ਵਿੱਚ
ਇਮਤਿਹਾਨ ਹੀ ਏਦਾਂ ਦੇ ਹੁੰਦੇ ਹਨ ਕਿ ਵਿਦਵਤਾ ਅਨੁਸਾਰ ਆਪਣੇ ਆਪ ਤਰੱਕੀ ਹੁੰਦੀ ਰਹਿੰਦੀ ਹੈ।
ਸਾਡੇ ਦਿਮਾਗ ਵਿੱਚ ਬਹੁਤ ਕੁੱਝ ਪਿਆ ਹੋਇਆ ਹੈ। ਜੇਹੋ ਜੇਹੀ ਇਸ ਨੂੰ ਸੰਗਤ ਮਿਲ ਜਾਂਦੀ ਹੈ ਇਹ ਉਹੋ
ਜੇਹੇ ਹੀ ਗੁਣ ਹਾਸਲ ਕਰ ਲੈਂਦਾ ਹੈ। ਹੱਥਲੇ ਸਲੋਕ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਇੱਕ ਉਤਸ਼ਾਹ
ਦਿੱਤਾ ਹੈ ਕਿ ਜਿਹੜਾ ਗੁਣ ਦੂਜੇ ਮਨੁੱਖ ਨੇ ਸਿੱਖਿਆ ਹੈ ਉਹ ਗੁਣ ਮਨੁੱਖ ਖੁਦ ਵੀ ਸਿੱਖ ਸਕਦਾ ਹੈ।
ਸ਼ਰਤ ਇਹ ਹੈ ਇਹ ਗੁਣ ਸਿੱਖਣ ਲਈ ਮਨੁੱਖ ਮਨੋ ਤਿਆਰ ਹੋਵੇ।
ਇਸ ਸਲੋਕ ਵਿੱਚ ਇੱਕ ਹੁਬ ਦਰਸਾਈ ਹੈ ਕਿ ਜੇ ਦੂਜਾ ਮਨੁੱਖ ਕੁੱਝ ਸਿੱਖ ਗਇਆ ਹੈ ਤਾਂ ਮੈਂ ਕਿਉਂ
ਨਹੀਂ ਇਹ ਗੁਣ ਸਿੱਖ ਸਕਦਾ? ਦੂਸਰਾ ਪਹਿਲੂ ਇਹ ਸਮਝ ਵਿੱਚ ਆਉਂਦਾ ਹੈ ਕਿ ਕਿਸੇ ਵੀ ਗੁਣ ਨੇ ਕਦੇ ਵੀ
ਆਨਾ ਕਾਨੀ ਨਹੀਂ ਕੀਤੀ ਕੇ ਮੈਂ ਇਸ ਬੰਦੇ ਪਾਸ ਨਹੀਂ ਜਾਣਾ। ਗੁਣ ਹਮੇਸ਼ਾਂ ਨਿਰਲੇਪ ਰਹਿੰਦੇ ਹਨ। ਇਸ
ਨਿਰਲੇਪਤਾ ਦਾ ਨਾਂ ਹੀ ਰੱਬ ਹੈ। ਅਸਲ ਵਿੱਚ ਮਨੁੱਖ ਜਦੋਂ ਸਿੱਖਣ ਦੀ ਤਮੰਨਾ ਰੱਖਦਾ ਹੈ ਤਾਂ ਉਹ
ਨਿਰਲੇਪ ਹੋ ਕੇ ਹੀ ਸਿੱਖ ਸਕਦਾ ਹੈ। ਦਵੈਸ਼ ਭਾਵਨਾ ਨਾਲ ਕਦੇ ਵੀ ਆਤਮਕ ਤਰੱਕੀ ਨਹੀਂ ਹੋ ਸਕਦੀ—
ਸਰਬ ਸੀਲ ਮਮੰ ਸੀਲੰ, ਸਰਬ ਪਾਵਨ ਮਮ ਪਾਵਨਹ॥
ਸਰਬ ਕਰਤਬ ਮਮੰ ਕਰਤਾ, ਨਾਨਕ ਲੇਪ ਛੇਪ ਨ ਲਿਪ੍ਯ੍ਯਤੇ॥ ੩੮॥
ਅੱਖਰੀ ਅਰਥ:-ਹੇ ਨਾਨਕ! ਜੋ ਪ੍ਰਭੂ ਸਭ ਜੀਵਾਂ ਨੂੰ ਸ਼ਾਂਤੀ ਸੁਭਾਉ ਦੇਣ ਵਾਲਾ ਹੈ
ਮੈਨੂੰ ਭੀ ਉਹੀ ਸ਼ਾਂਤੀ ਦੇਂਦਾ ਹੈ; ਜੋ ਸਭ ਨੂੰ ਪਵਿਤ੍ਰ ਕਰਨ ਦੇ ਸਮਰਥ ਹੈ, ਮੇਰਾ ਭੀ ਉਹੀ
ਪਵਿਤ੍ਰ-ਕਰਤਾ ਹੈ; ਜੋ ਪ੍ਰਭੂ ਸਭ ਜੀਵਾਂ ਨੂੰ ਰਚਨ ਦੇ ਸਮਰਥ ਹੈ, ਉਹੀ ਮੇਰਾ ਕਰਤਾ ਹੈ। ਉਹ ਪ੍ਰਭੂ
ਵਿਕਾਰਾਂ ਦੇ ਪੋਚੇ ਨਾਲ ਨਹੀਂ ਲਿਬੜਦਾ। ੩੮।
ਵਿਚਾਰ ਚਰਚਾ—
੧ ਧਾਰਮਕ ਪੁਜਾਰੀਆਂ ਨੇ ਕੁੱਝ ਏਦਾਂ ਦੀ ਧਾਰਨਾ ਬਣਾ ਦਿੱਤੀ ਹੈ ਕਿ ਜਿਹੜਾ ਮਨੁੱਖ
ਦਾਨ, ਪੁੰਨ, ਪੂਜਾ, ਪਾਠ ਕਰਦਾ ਹੈ ਰੱਬ ਜੀ ਉਸ ਮਨੁੱਖ `ਤੇ ਖੁਸ਼ ਹੋ ਕੇ ਉਸ ਨੂੰ ਕਈ ਪ੍ਰਕਾਰ ਦੇ
ਪਦਾਰਥ ਦੇਂਦਾ ਹੈ।
੨ ਅਸਲ ਮੁੱਦਾ ਹੈ ਕਿ ਗੁਣ ਕੁਦਰਤ ਵਿੱਚ ਮੌਜੂਦ ਹਨ ਜਿਹੜਾ ਵੀ ਕੋਈ ਕੋਸ਼ਿਸ਼ ਕਰੇਗਾ ਉਸ ਨੂੰ ਗੁਣ
ਹਾਸਲ ਹੋ ਜਾਂਦੇ ਹਨ।
੩ ਰੱਬ ਜੀ ਦਾ ਗੁਣ ਸ਼ਾਂਤੀ ਸੁਭਾਅ ਵਾਲਾ ਹੈ ਤਾਂ ਕੀ ਅਸੀਂ ਵੀ ਸ਼ਾਂਤੀ ਨਹੀਂ ਪ੍ਰਾਪਤ ਕਰ ਸਕਦੇ?
੪ ਸਾਰੀ ਕੁਦਰਤ ਵਿੱਚ ਸ਼ਾਂਤ ਸੁਭਾਅ ਪਸਰਿਆ ਹੋਇਆ ਹੈ ਪਰ ਇਸ ਸ਼ਾਂਤੀ ਨੂੰ ਮਨੁੱਖ ਹੀ ਭੰਗ ਕਰਦਾ ਹੈ।
੫ ਜੇ ਕੁਦਰਤ ਵਿੱਚ ਸ਼ਾਂਤੀ, ਪਵਿੱਤ੍ਰਤਾ ਤੇ ਜੀਵ ਰਚਨਾ ਹੋ ਰਹੀ ਹੈ ਤਾਂ ਮਨੁੱਖ ਨੂੰ ਵੀ ਇਹ
ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਮੇਰੇ ਵਿੱਚ ਸਾਫਗੋਈ, ਇਮਾਨਦਾਰੀ ਅਤੇ ਕੁੱਝ ਕਰਨ ਦੀ ਲੋਚਾ ਹੋਣੀ
ਚਾਹੀਦੀ ਹੈ- ਗੁਰਬਾਣੀ ਦਾ ਇੱਕ ਵਾਕ ਹੈ—
ਦੇਖੁ ਫੂਲ ਫੂਲ ਫੂਲੈ॥
ਅਹੰ ਤਿਆਗਿ ਤਿਆਗੇ॥
-------------
ਸਘਨ ਬਾਸੁ ਕੂਲੇ॥
ਇਕਿ ਰਹੇ ਸੂਕਿ ਕਠੂਲੇ॥
੬ ਜਦੋਂ ਮਨੁੱਖ ਵਿੱਚ ਸਿੱਖਣ ਦੀ ਲਾਲਸਾ ਪ੍ਰਬਲ਼ ਹੋਵੇ ਤਾਂ ਉਹ ਉਤਸ਼ਾਹੀ ਹੋ ਕੇ ਸਿੱਖਣ ਦਾ ਯਤਨ
ਕਰਦਾ ਹੈ ਓੱਥੇ ਘਟੀਆ ਸੋਚ ਤੇ ਵਿਕਾਰਾਂ ਨੂੰ ਆਪਣੇ ਨੇੜੇ ਨਹੀਂ ਆਉਣ ਦੇਂਦਾ।
੭ ਸਭ ਸਕੂਲਾਂ ਕਾਲਜਾਂ ਵਿੱਚ ਚੰਗੇ ਨੇਤਾਵਾਂ, ਸਮਾਜ ਸੇਵੀ, ਲੇਖਕਾਂ, ਖਿਡਾਰੀਆਂ, ਡਾਕਟਰਾਂ ਅਤੇ
ਖੋਜੀਆਂ ਦੇ ਜੀਵਨ ਸਬੰਧੀ ਢੁੱਕਵੀਂ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਕਿ ਬੱਚੇ ਉਤਸ਼ਾਹੀ ਹੋ ਕੇ
ਉਹਨਾਂ ਵਰਗੇ ਬਣ ਸਕਣ।
੮ ਰੱਬ ਵਿਕਾਰਾਂ ਦੇ ਪੇਚੇ ਵਿੱਚ ਨਹੀਂ ਆਉਂਦਾ ਇਹ ਗੱਲ ਕੇਵਲ ਕਹਿਣ ਲਈ ਨਹੀਂ ਸਾਨੂੰ ਵੀ ਇਹ ਚੰਗੀ
ਰੀਸ ਕਰਨ ਦੀ ਪ੍ਰੇਰਨਾ ਮਿਲਦੀ ਹੈ ਕਿ ਅਸੀਂ ਵੀ ਵਿਕਾਰਾਂ ਦੇ ਪੇਚੇ ਵਿੱਚ ਨਾ ਆਈਏ—
ਸਤਿਗੁਰੁ ਸੇਵੇ ਆਪਣਾ, ਸੋ ਸਿਰੁ ਲੇਖੈ ਲਾਇ॥
ਵਿਚਹੁ ਆਪੁ ਗਵਾਇ ਕੈ, ਰਹਨਿ ਸਚਿ ਲਿਵ ਲਾਇ॥
ਸਤਿਗੁਰੁ ਜਿਨੀ ਨ ਸੇਵਿਓ, ਤਿਨਾ ਬਿਰਥਾ ਜਨਮੁ ਗਵਾਇ॥
ਨਾਨਕ ਜੋ ਤਿਸੁ ਭਾਵੈ ਸੋ ਕਰੇ, ਕਹਣਾ ਕਿਛੂ ਨਾ ਜਾਇ॥ ੧॥
ਸਲੋਕ ਮ: ੩ ਪੰਨਾ ੮੮