.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਮਨ ਦੀ ਠੰਡਕ

ਗਰਮੀ ਦੇ ਬਚਾਅ ਲਈ ਮਨੁੱਖ ਕਈ ਪਰਕਾਰ ਦੇ ਪਾਪੜ ਵੇਲਦਾ ਹੈ। ਕਈ ਲੋਕ ਗਰਮੀਆਂ ਕਟਣ ਲਈ ਠੰਡਿਆਂ ਪਹਾੜਾਂ ਅਤੇ ਠੰਡਿਆਂ ਮੁਲਕਾਂ ਵਲ ਚਲੇ ਜਾਂਦੇ ਹਨ। ਏਰਿਆ ਕੰਡੀਸ਼ਨ ਤੇ ਪੱਖਿਆਂ ਦਾ ਮਨੁੱਖ ਪ੍ਰਬੰਧ ਕਰਦਾ ਹੈ ਤਾਂ ਕਿ ਮੇਰੇ ਸਰੀਰ ਨੂੰ ਗਰਮੀ ਨਾ ਲੱਗੇ। ਸਰੀਰਕ ਗਰਮੀ ਦੇ ਬਚਾਅ ਲਈ ਮਨੁੱਖ ਨੇ ਬਹੁਤ ਸਾਰੇ ਉਪਰਾਲੇ ਕੀਤੇ ਹਨ ਓੱਥੇ ਮਨ ਦੀ ਠੰਡਕ ਲਈ ਕੋਈ ਬਹੁਤ ਉਪਰਾਲਾ ਨਹੀਂ ਕੀਤਾ ਹੈ। ਦੂਸਰਾ ਸਰੀਰ ਦੁਆਰਾ ਧਰਮ ਦੇ ਨਾਂ `ਤੇ ਕਰਮ ਕਾਂਡ ਕਰਕੇ ਆਪਣੇ ਮਨ ਨੂੰ ਧਰਵਾਸ ਦੇ ਲੈਂਦਾ ਹੈ ਕਿ ਮੈਂ ਹੁਣ ਧਰਮੀ ਹੋ ਗਿਆ ਹਾਂ।

ਨਹ ਸੀਤਲੰ ਚੰਦ੍ਰ ਦੇਵਹ, ਨਹ ਸੀਤਲੰ ਬਾਵਨ ਚੰਦਨਹ।।

ਨਹ ਸੀਤਲੰ ਸੀਤ ਰੁਤੇਣ, ਨਾਨਕ ਸੀਤਲੰ ਸਾਧ ਸ੍ਵਜਨਹ।। ੩੯।।

ਅੱਖਰੀਂ ਅਰਥ--— ਹੇ ਨਾਨਕ! ਚੰਦ੍ਰਮਾ (ਉਤਨਾ) ਠੰਢ ਅਪੜਾਣ ਵਾਲਾ ਨਹੀਂ ਹੈ, ਨਾਹ ਹੀ ਚਿੱਟਾ ਚੰਦਨ (ਉਤਨੀ) ਠੰਢ ਅਪੜਾ ਸਕਦਾ ਹੈ, ਨਾਹ ਹੀ ਸਰਦੀਆਂ ਦੀ ਬਹਾਰ (ਉਤਨੀ) ਠੰਢ ਦੇ ਸਕਦੀ ਹੈ, (ਜਿਤਨੀ) ਠੰਢ-ਸ਼ਾਂਤੀ ਗੁਰਮੁਖ ਸਾਧ ਜਨ ਦੇਂਦੇ ਹਨ। ੩੯।

ਸੂਰਜ ਨਾਲੋਂ ਚੰਦ੍ਰਮਾਂ ਠੰਡਾ ਮਹਿਸੂਸ ਕੀਤਾ ਜਾਂਦਾ ਹੈ ਪਰ ਮਾਨਸਕ ਤ੍ਰਿਪਤੀ ਚੰਦ੍ਰਮਾ ਵੀ ਨਹੀਂ ਦੇ ਸਕਦਾ।

੨ ਪੁਜਾਰੀ ਲੋਕ ਅਤੇ ਉਹਨਾਂ ਦੇ ਸ਼ਰਧਾਲੂ ਚੰਦਨ ਨੂੰ ਰਗੜ ਕੇ ਮੱਥੇ `ਤੇ ਲਗਾਉਂਦੇ ਹਨ ਕਿ ਸਾਡਾ ਸਿਰ ਠੰਡਾ ਰਹੇ।

੩ ਸਿਆਲ ਦੀ ਰੁੱਤ ਸਰੀਰ ਨੂੰ ਠੰਡਕ ਦੇ ਸਕਦੀ ਹੈ ਪਰ ਮਨੁੱਖ ਦਾ ਮਨ ਤੱਪਿਆ ਹੀ ਰਹਿੰਦਾ ਹੈ।

੪ ਚੰਦਨ, ਚੰਦ੍ਰਮਾ ਅਤੇ ਸਿਆਲ ਦੀ ਰੁੱਤ ਬਾਹਰਲੇ ਤਲ਼ ਤੱਕ ਸੀਮਤ ਹਨ ਜਦ ਕਿ ਆਤਮਕ ਅਨੰਦ ਦੀ ਭਾਵਨਾ ਗੁਰੂ ਗਿਆਨ ਦੀ ਸਮਝ ਵਿੱਚ ਰੱਖੀ ਹੈ।

੫ ਆਤਮਕ ਠੰਡਕ ਤਦ ਹੀ ਪ੍ਰਾਪਤ ਹੋ ਸਕਦੀ ਹੈ ਜਦੋਂ ਅਸਲੀਅਤ ਦੀ ਸਮਝ ਆਏਗੀ।

੬ ਈਰਖਾ ਦਵੈਸ਼, ਹਉਮੇ, ਲੋਭ ਆਦ ਮਨੁੱਖ ਦਾ ਸੁੱਖ ਚੈਨ ਖੋਹ ਲੈਂਦੇ ਹਨ।

੭ ਮੁੱਕਦੀ ਗੱਲ ਬਾਹਰਲੇ ਉਪਰਾਲਿਆਂ ਨਾਲ ਹੰਕਾਰ ਤਾਂ ਆ ਸਕਦਾ ਹੈ ਪਰ ਆਤਮਕ ਸ਼ਾਂਤੀ ਨਹੀਂ ਆ ਸਕਦੀ।

੮ ਹਾੜ ਤੱਤਾ, ਲੋਹ ਤੱਤੀ, ਰੇਤ ਤੱਤੀ, ਸਰਕਾਰੀ ਤੰਤਰ ਤੱਤਾ ਪਰ ਆਤਮਕ ਬਲ ਏੰਨਾ ਮਜ਼ਬੂਤ ਹੈ ਕਿ ਗੁਰੂ ਅਰਜਨ ਸਾਹਿਬ ਸ਼ਾਂਤ ਸੁਭਾਅ ਵਿੱਚ ਬੈਠੇ ਹਨ।

ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ।।

ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ।। ੨।।

ਪੰਨਾ ੭੦੯




.