.

ਗੁਰਬਾਣੀ ਦੇ ਚਾਨਣ ਵਿਚ ‘ਅਖਾਣ’

(ਕਿਸ਼ਤ ਨੰ:18)

ਵੀਰ ਭੁਪਿੰਦਰ ਸਿੰਘ

86. ਪੂਰਬ ਕਰਮ:

ਜਦੋਂ ਸਾਡੇ ਨਾਲ ਕੁਝ ਵੀ ਮਾੜਾ ਵਾਪਰਦਾ ਹੈ ਤਾਂ ਉਸਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ। ਉਹ ਮਾੜਾ ਫਿਰ ਸਾਡੇ ਨਾਲ ਨਾ ਵਾਪਰੇ ਇਸ ਕਰਕੇ ਅਸੀਂ ਕਾਰਨ ਲੱਭਦੇ ਹਾਂ ਅਤੇ ਉਸ ਪਾਸੇ ਕੰਮ ਕਰਦੇ ਹਾਂ। ਉਸ ਕਾਰਨ ਦੀ ਜੜ ਨੂੰ ਮੁਕਾਉਣ ਦਾ ਉਦਮ ਮੰਦਾ ਵਾਪਰਨ ਤੋਂ ਬਚਾਉਂਦਾ ਹੈ। ਅਸੀਂ ਜੋ ਵੀ ਚੰਗਾ ਜਾਂ ਮੰਦਾ ਚਿਤਵਦੇ ਹਾਂ ਅਤੇ ਉਸ ਪਾਸੇ ਕੰਮ ਕਰਦੇ ਹਾਂ ਤਾਂ ਚਿਤਵਨ (ਸੋਚਣ) ਤੋਂ ਬਾਅਦ ਉਸ ਪੱਖੋਂ ਉੱਦਮ ਕਰਨਾ ਹੀ ਪੂਰਬ ਕਰਮ ਕਹਿਲਾਉਂਦਾ ਹੈ।

ਜਦੋਂ ਸਤਿਗੁਰ ਦੀ ਮਤ ਲੈ ਕੇ ਆਪਣੇ ਅਵਗੁਣਾਂ ਨੂੰ ਦੂਰ ਕਰਨ ਵਲ ਜਤਨਸ਼ੀਲ ਹੁੰਦੇ ਹਾਂ ਤਾਂ ਅਟੱਲ ਕੁਦਰਤੀ ਨਿਯਮਾਂ ’ਚ ਕਾਮਯਾਬੀ ਪ੍ਰਾਪਤ ਹੁੰਦੀ ਹੈ। ਇਸੇ ਅਵਸਥਾ ਨੂੰ ‘ਪੂਰਬ ਕਰਮ ਅੰਕੁਰ ਜਬ ਪ੍ਰਗਟੇ’ ਕਹਿੰਦੇ। ਇਸ ਦਾ ਪਿਛਲੇ ਜਨਮ ਨਾਲ ਜਾਂ ਕਿਸਮਤ ਨਾਲ ਕੋਈ ਵਾਸਤਾ ਨਹੀਂ ਹੁੰਦਾ। ਜੋ ਵੀ ਖਿਆਲ ਚੰਗਾ ਜਾਂ ਮੰਦਾ ਅਸੀਂ ਸੋਚਦੇ ਹਾਂ ਤਾਂ ਚੰਗੇ ਦਾ ਚੰਗਾ ਅਤੇ ਮੰਦੇ ਦਾ ਮੰਦਾ ਨਤੀਜਾ ਸਾਡੇ ਸਾਹਮਣੇ ਆਉਂਦਾ ਹੈ। ਸਾਡੇ ਹਰੇਕ ਪਲ ’ਚ ਸੋਚਿਆ ਅਤੇ ਸੁਭਾ ’ਚ ਪਕਾਇਆ ਹੋਇਆ ਬੀਜ ਰੂਪ ਕਰਮ ਹੀ ਸਾਡਾ ਪੇੜ ਬਣ ਕੇ ਫਲ ਦਿੰਦਾ ਹੈ। ਇਸੇ ਜੀਵਨ ’ਚ ਹਰੇਕ ਸੋਚਿਆ ਖਿਆਲ ਅਤੇ ਕਰਮ ਸਾਡੇ ਅਗਲੇ ਪਲ, ਅਗਲੇ ਦਿਨ ਅਤੇ ਇਸੇ ਜੀਵਨ ਦੇ ਅਗਲੇ ਸਾਲ, ਉਮਰ ਲਈ ‘ਪੁਰਬ ਕਮਾਇਆ ਸੁ ਆਗੈ ਆਇਆ’ ਕਹਿਲਾਉਂਦਾ ਹੈ। ਜੇ ਸਾਡੇ ਮੰਦੇ ਖਿਆਲ ਦਾ ਮੰਦਾ ਅਸਰ ਨਿਕਲਦਾ ਹੈ ਤਾਂ ਉਸਦੀ ਜਿੰਮੇਵਾਰੀ ਆਪਣੇ ‘ਪੁਰਬ ਜਨਮ’ ਭਾਵ ਇਸੇ ਜੀਵਨ ਦੇ ਪਿਛਲੇ ਪਲਾਂ, ਦਿਨਾਂ ’ਚ ਸੋਚੇ ਖਿਆਲਾਂ ਦਾ ਪ੍ਰਤੀਕਰਮ ਹੁੰਦਾ ਹੈ।

87. ਦਮਾਮੇ ਮਾਰਨਾ (ਬਹੁਤ ਖੁਸ਼ੀ ਮਨਾਉਣਾ):

ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥ (ਗੁਰੂ ਗ੍ਰੰਥ ਸਾਹਿਬ, ਪੰਨਾ 44)

ਗੁਰਸਿਖਾ ਮਨਿ ਵਾਧਾਈਆ ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ ॥ (ਗੁਰੂ ਗ੍ਰੰਥ ਸਾਹਿਬ, ਪੰਨਾ 451)

ਨਾਨਕ ਭਗਤਾ ਸਦਾ ਵਿਗਾਸੁ ॥ (ਗੁਰੂ ਗ੍ਰੰਥ ਸਾਹਿਬ, ਪੰਨਾ 2)

ਮਨੁੱਖ ਦੀ ਸ਼ੁਰੂ ਤੋਂ ਖੁਸ਼ੀ ਮਾਣਨ ਦੀ ਅਤੇ ਖੁਸ਼ੀ ਦਾ ਇਜ਼ਹਾਰ ਕਰਨ ਦੀ ਹਸਰਤ ਰਹੀ ਹੈ। ਛੋਟਾ-ਵੱਡਾ, ਇਸਤ੍ਰੀ-ਮਰਦ, ਅਮੀਰ-ਗਰੀਬ ਭਾਵੇਂ ਕੋਈ ਵੀ ਹੋਵੇ ਖੁਸ਼ੀ ਨੂੰ ਲੋਚਦਾ ਹੈ ਅਤੇ ਇਜ਼ਹਾਰ ਆਪਣੇ ਵਿਲੱਖਣ ਢੰਗ ਨਾਲ ਕਰਦਾ ਹੈ।

ਅੱਜ ਦਾ ਮਨੁੱਖ ਭੰਗੜਾ, ਨਾਚ ਰਾਹੀਂ ਅਤੇ ਢੋਲ ਨਗਾੜੇ ਵਜਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਾ ਹੈ। ਧਾਰਮਕ ਦੁਨੀਆ ’ਚ ਇਸ ਨਗਾੜੇ ਢੋਲ ਨੂੰ ਦਮਾਮਾ ਕਹਿੰਦੇ ਹਨ। ਪਰ ਧਾਰਮਕ ਦੁਨੀਆ ’ਚ ਸਾਰੀ ਗਲ ਮਨ ਅਤੇ ਅੰਤਰਆਤਮੇ ਵਸਦੇ ਰੱਬ ਨਾਲ ਤਾਅਲੁੱਕ ਰੱਖਦੀ ਹੈ। ਜਦੋਂ ਸਾਡਾ ਮਨ ਨਿਜਘਰ ’ਚ ਵਸਦੇ ਰੱਬ (ਸਤਿਗੁਰ) ਦੀ ਮੱਤ ਲੈ ਕੇ ਵਿਕਾਰਾਂ ਤੋਂ ਮੁਕਤ ਅਵਸਥਾ ’ਚ ਆਉਂਦਾ ਹੈ ਤਾਂ ਭਟਕਨਾ ਤੋਂ ਮੁਕੱਤ ਹੋਣ ’ਚ ਖੇੜਾ ਖੁਸ਼ੀ ਵਿਗਾਸ ਪ੍ਰਾਪਤ ਹੁੰਦਾ ਹੈ। ਅੰਦਰ ਦੇ ਖੇੜੇ ਦੀ ਪ੍ਰਾਪਤੀ ਹੀ ‘ਦਮਾਮੇ ਮਾਰਨਾ’ ਹੈ। ਸੁਰਤ ਮਤ ਮਨ ਬੁਧ ਅਤੇ ਇੰਦਰੇ-ਗਿਆਨ ਇੰਦਰਿਆਂ ਨੂੰ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਾ ਹੈ, ਉਹ ਵੀ ਖੁਸ਼ ਹੁੰਦੇ ਹਨ ਇਹੋ ‘ਦਮਾਮੇ ਮਾਰਨਾ’ ਕਹਿਲਾਉਂਦਾ ਹੈ।

88. ਦਮਾਮੇ ਵੱਜਣਾ (ਮਸ਼ਹੂਰ ਹੋਣਾ, ਪ੍ਰਸਿੱਧੀ ਪ੍ਰਾਪਤ ਹੋਣਾ):

ਹਉ ਗੋਸਾਈ ਦਾ ਪਹਿਲਵਾਨੜਾ ॥ ਮੈ ਗੁਰ ਮਿਲਿ ਉਚ ਦੁਮਾਲੜਾ ॥ (ਗੁਰੂ ਗ੍ਰੰਥ ਸਾਹਿਬ, ਪੰਨਾ 74)

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ (ਗੁਰੂ ਗ੍ਰੰਥ ਸਾਹਿਬ, ਪੰਨਾ 1105)

ਦੁਨਿਆਵੀ ਮਸ਼ਹੂਰੀ (ਪ੍ਰਸਿੱਧੀ) ਪ੍ਰਾਪਤ ਕਰਕੇ ਵੀ ਮਨੁੱਖ ਨੂੰ ਸਦੀਵੀ ਖੇੜਾ ਨਹੀਂ ਮਿਲਦਾ। ਧਾਰਮਿਕਤਾ ਦੀ ਦੁਨੀਆ ’ਚ ਜਦੋਂ ਅੰਦਰ ਵਸਦੇ ਰੱਬ ਦਾ (ਸਤਿਗੁਰ ਦੀ ਮੱਤ) ਨਾਦ ਰੂਪੀ ਸੁਨੇਹਾ ਸੁਣਾਈ ਦੇਂਦਾ ਹੈ ਤਾਂ ਮਾਨੋ ਸਾਡਾ ਮਨ ਹਿਰਨ ਵਾਂਗੂੰ ਖੇੜੇ ’ਚ ਆ ਜਾਂਦਾ ਹੈ। ਰੱਬੀ ਸੁਨੇਹੇ ਨੂੰ ਲਗਾਤਾਰ ਸੁਣਨਾ ਹੀ ‘ਅਨਹਦ ਨਾਦ’ ਦਾ ਵਜਣਾ ਹੈ। ਦੁਨਿਆਵੀ ਵਿਸ਼ੇ ਵਿਕਾਰਾਂ ਦੀ ਤ੍ਰਿਸ਼ਨਾ ਵੱਲੋਂ ਹੱਟ ਕੇ ਜਦੋਂ ਸਾਡਾ ਮਨ (ਹਿਰਨ) ਸਤਿਗੁਰ ਦੇ ਸੁਨੇਹੇ (ਅਨਹਦ-ਨਾਦ) ਨੂੰ ਸੁਣ ਕੇ ਮਗਨ ਹੋ ਜਾਂਦਾ ਹੈ ਤਾਂ ਮਾਨੋ ਸਤਿਗੁਰ ਦਾ ਤੀਰ (ਅਣਿਆਲਾ ਤੀਰ) ਲੱਗ ਗਿਆ। ਦੁਨਿਆਵੀ ਪ੍ਰਸਿੱਧੀ ਨਾਲ ਸਦੀਵੀ ਖੇੜਾ ਨਹੀਂ ਮਿਲਦਾ ਸੀ ਪਰ ਅਨਹਦ ਨਾਦ ਦਾ ਅਣੀਆਲਾ ਬਾਣ ਸਾਡੇ ਮਨ (ਮਿਰਗ) ਨੇ ਖਾਦਾ ਤੇ ਸਾਰੀ ਸੁਰਤ ਮਤ ਮਨ ਬੁਧ ਅਤੇ ਰੋਮ-ਰੋਮ ’ਚ ਇਸ ਮਨ ਨੇ ਨਵੇਕਲੀ ਪਛਾਣ ਬਣਾ ਲਈ ਭਾਵ ਪ੍ਰਸਿਧੀ ਹਾਸਲ ਕਰ ਲਈ। ‘ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ’ ਹੋ ਨਿਬੜਦਾ ਹੈ। ਦੁਨੀਆਵੀ ਤੌਰ ਤੇ ਅਸੀਂ ਸਾਰੀ ਦੁਨੀਆ ਨੂੰ ਖੁਸ਼ ਨਹੀਂ ਕਰ ਸਕਦੇ, ਨਾ ਹੀ ਜਿੱਤ ਸਕਦੇ ਹਾਂ। ਤੇ ਨਾ ਹੀ ਸਭ ਦੀ ਨਜ਼ਰ ’ਚ ਚੰਗੇ ਮਸ਼ਹੂਰ ਹੋ ਸਕਦੇ ਹਾਂ। ਪਰ ਅਨਹਦ ਨਾਦ - ਦਮਾਮੇ ਦੀ ਚੋਟ ਸਾਡੇ ਮਨ ਤੇ ਜਦੋਂ ਵਜਦੀ ਹੈ ਸਾਡਾ ਮਨ ਵਿਕਾਰਾਂ ਰੂਪੀ ਜੰਮਾਂ (ਮੰਦੇ ਕਿਰਦਾਰ) ਵਾਲੇ ਖਿਆਲਾਂ ਅਤੇ ਸੁਭਾ ਤੋਂ ਮੁਕਤ ਹੋ ਕੇ ‘ਗੋਸਾਈ ਦਾ ਪਹਿਲਵਾਨੜਾ’ ਬਣਦਾ ਹੈ। ਸਤਿਗੁਰ ਵੱਲੋਂ ਥਾਪੀ ਸ਼ਾਬਾਸ਼ੀ ਪ੍ਰਾਪਤੀ ਦਾ ਲਖਾਇਕ (ਖੇੜਾ-ਖੁਸ਼ੀ) ਦੀ ਅਵਸਥਾ ਮਾਣਦਾ ਹੈ ਤੇ ਅੰਦਰ ਦੇ ਜਗ ਸ੍ਰਿਸ਼ਟੀ ’ਚ ਮਨ ਦੀ ਇਹ ਅਵਸਥਾ ਪਛਾਣੀ ਜਾਂਦੀ ਹੈ ਜੋ ‘ਦਮਾਮੇ ਵਜਣਾ’ ਕਹਿਲਾਂਦੀ ਹੈ।

89. ਪੂਰਬ ਜਨਮ ਕੇ ਮਿਲੇ ਸੰਜੋਗੀ:

ਸਰੀਰਕ ਜਨਮ ਲੈਣ ਤੋਂ ਬਾਅਦ ਜ਼ਿੰਦਗੀ ਦੇ ਆਖਰੀ ਪਲ ਤਕ ਸੋਚਿਆ ਫੁਰਨਾ, ਚਿਤਵਿਆ ਖਿਆਲ ਅਤੇ ਕੀਤਾ ਕਰਮ ‘ਪੂਰਬ ਕਰਮ’ ਹੁੰਦਾ ਹੈ। ਪੂਰਬ ਦਾ ਭਾਵ ਇਸੇ ਜਨਮ ਨਾਲ ਸੰਬਧਿਤ ਰਖ ਕੇ ਸਮਝਣ ਨਾਲ ਸਾਰੀ ਜਿੰਮੇਵਾਰੀ ਆਪਣੇ ਸਿਰ ਆਉਂਦੀ ਹੈ ਅਤੇ ਫਿਰ ਆਪਣੇ ਅੰਦਰ ਸੁਧਾਰ ਲਿਆਉਣ ਵਲ ਧਿਆਨ ਪੈ ਜਾਂਦਾ ਹੈ।

ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥ (ਗੁਰੂ ਗ੍ਰੰਥ ਸਾਹਿਬ, ਪੰਨਾ 433)

ਗੁਰਬਾਣੀ ਦੇ ਇਸ ਫੁਰਮਾਣ ਅਨੁਸਾਰ ਕਿਸੇ ’ਤੇ ਦੋਸ਼ ਥੋਪੇ ਬਿਨਾ ਅਵਗੁਣ ਫਰੋਲ-ਫਰੋਲ ਕੇ ਸੁਧਾਈ ਕਰਨ ਵਲ ਪ੍ਰੇਰਦਾ ਹੈ।

ਮਨ ਕੀ ਮੱਤ ਭਾਵ ਕੁਮੱਤ ’ਚੋਂ ਮੰਦੇ ਖਿਆਲਾਂ, ਸੁਭਾ ਵਾਲੀ ਜੀਵਨੀ ਬਣਦੀ ਹੈ। ਜਦੋਂ ਵੀ ਮਨ ਕਰਕੇ ਗੁਰ ਕੀ ਮੱਤ ਨਹੀਂ ਲੈਂਦਾ ਤਾਂ ਉਹ ਅਨੇਕਾਂ ਅਵਗੁਣਾਂ ਵਾਲੇ ਕਰਮਾਂ ਦਾ ਮੰਦਾ ਸੁਭਾ ਕਮਾਉਂਦਾ ਹੈ। ਅਸੰਤੋਖ ਰੂਪੀ ਪਿਤਾ ਕਾਰਨ ਤ੍ਰਿਸ਼ਨਾ ਵੱਧਦੀ ਅਤੇ ਸਹਜ ਘਟਦਾ ਹੈ। ਆਸਾ, ਤ੍ਰਿਸ਼ਨਾ, ਨਿੰਦਾ, ਚੁਗਲੀ, ਈਰਖਾ, ਕਾਮ, ਕ੍ਰੋਧ, ਲੋਭ ਵਰਗੇ ਧੀਆਂ-ਪੁੱਤਰਾਂ ਵਾਲੇ ਅਮਲ ਬਣਦੇ ਜਾਂਦੇ ਹਨ। ਇਹ ਸਭ ਮਿਲ ਕੇ ਹਰੇਕ ਮਨੁੱਖ ਦਾ ਆਪਣਾ ਕਟੁੰਬ ਬਣਦਾ ਹੈ ਜੋ ਕਿ ਉਸ ਨੇ ਸਾਰੀ ਉਮਰ ਨਾਲ ਲੈ ਕੇ ਨਿਭਾਉਣਾ ਹੁੰਦਾ ਹੈ। ਇਹ ਅਚਾਨਕ ਹੀ ਮਨੁੱਖ ਨੂੰ ਨਹੀਂ ਮਿਲਦੇ। ਮਨ ’ਚ ਚਾਨਣ ਨਹੀਂ ਤਾਂ ਹਨੇਰਾ ਆਪ ਹੀ ਆ ਜਾਂਦਾ ਹੈ। ਇਸ ਤਰ੍ਹਾਂ ਇੱਕ-ਇੱਕ ਅਵਗੁਣ ‘ਪੂਰਬ ਜਨਮ’ ਬਣਦਾ ਜਾਂਦਾ ਹੈ। ਮੰਦੇ ਚਿਤਵੇ ਖਿਆਲਾਂ ਦੀ ਪ੍ਰਾਪਤੀ ਵਾਲੀ ਮੱਤ ਰੂਪੀ ਮਾਤਾ ਅਤੇ ਅਸੰਤੋਖ ਰੂਪੀ ਪਿਤਾ ਇਸੇ ਅਵਗੁਣੀ ‘ਪੂਰਬ ਕਮਾਏ ਜਨਮ’ ’ਚੋਂ ਉਪਜਦੇ ਹਨ ਅਤੇ ਕਟੁੰਬ ਬਣਦਾ ਜਾਂਦਾ ਹੈ ਜੋ ਕਿ ਮਨ ਨੂੰ ਨਿਜਘਰ ਅੰਦਰ ਵਸਦੇ ਰੱਬ ਨਾਲ ਮਿਲਣ ਲਈ ਰੁਕਾਵਟ ਬਣਦਾ ਹੈ ਅਤੇ ਪਲ-ਪਲ ਆਤਮਕ ਮੌਤ ਸਹੇੜਨ ਦਾ ਕਾਰਨ ਬਣਦਾ ਹੈ।

ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ ॥ (ਗੁਰੂ ਗ੍ਰੰਥ ਸਾਹਿਬ, ਪੰਨਾ 700)

90. ਨਉਬਤ ਵਜਾਉਣਾ:

ਪੁਰਾਣੇ ਸਮੇਂ ਵਿਚ ਰਾਜਾ ਜਾਂ ਕੋਈ ਵੱਡੀ ਹਸਤੀ ਆਪਣੇ ਦਰਬਾਰ ਦੇ ਦਰਵਾਜ਼ੇ ’ਤੇ ਨਗਾੜਾ ਰੱਖਦੇ ਸਨ ਜੋ ਕਿ ਉਸ ਰਾਜੇ ਦੀ ਹਕੂਮਤ ਦਾ ਪ੍ਰਤੀਕ ਹੁੰਦਾ ਸੀ। ਆਪਣੀ ਰਾਜ ਸੱਤਾ ਦਾ ਰੋਅਬ ਵਿਖਾਉਣ ਲਈ ਰਾਜੇ ਵਲੋਂ ਹੁਕਮ ਹੁੰਦਾ ਸੀ ਕਿ ਨਗਾੜਾ ਰੋਜ਼ ਵਜਾਓ।

ਸਾਡੇ ਸਰੀਰ ਦਾ ਰਾਜਾ ਮਨ ਹੈ। ਭਾਵੇਂ ਮੰਦੇ ਅਤੇ ਭਾਵੇਂ ਚੰਗੇ ਖਿਆਲਾਂ ਕਾਰਨ ਇਸ ਸਰੀਰ ਨੂੰ ਚਲਾਉਣ ਦੀ ਹਕੂਮਤ ਮਨ ਹੀ ਕਰਦਾ ਹੈ। ਮੰਦੇ ਖਿਆਲਾਂ ਕਾਰਨ ਸਰੀਰ ਤੋਂ ਮੰਦੇ ਅਮਲ ਸਾਡੇ ਮਨ ਕੀ ਮੱਤ ਰਾਹੀਂ ਹੀ ਹੁੰਦੇ ਹਨ। ਭਾਵੇਂ ਸਾਡੇ ਸਰੀਰ ਦੇ ਇੰਦ੍ਰੇ, ਰੋਮ-ਰੋਮ ਦੁਖੀ ਪਏ ਹੋਣ ਪਰ ਮਨ ਰਾਜੇ ਨੂੰ ਹਕੂਮਤ ਕਰਨ ’ਚ ਮਜ਼ਾ ਆਉਂਦਾ ਹੈ। ਇਨ੍ਹਾਂ ਦੇ ਦੁਖੀ ਹੋਣ ’ਤੇ ਮਨ ਰਾਜਾ ਕੋਈ ਦਰਦ ਮਹਿਸੂਸ ਹੀ ਨਹੀਂ ਕਰਦਾ। ਮਨ ਦੇ ਮੰਦੇ ਖਿਆਲਾਂ ਨਾਲ ਸੁਰਤ ਮਤ ਬੁਧ ਵੀ ਮੰਦ ਹੀ ਸੋਚਦੀ ਹੈ ਮਾਨੋ ਕਿ ਮਨ ਨਾਲ ਇਹ ਸਭ ਰੱਲ੍ਹ ਜਾਂਦੇ ਹਨ। ਸਰੀਰ ਦੇ ਇੱਕ-ਇੱਕ ਅੰਗ ਉੱਤੇ ਮਨ ਦਾ ਰਾਜ ਚਲਦਾ ਹੈ। ਮਾਨੋ ਕਿ ਮਨ ਆਪਣੀ ਸੱਤਾ ਦਾ ਨਗਾੜਾ ਭਾਵ ਨਉਬਤ ਵਜਾਉਂਦਾ ਹੈ। ਪਲ-ਪਲ ਜਮਾਂ ਤੋਂ ਮਾਤ ਖਾ ਕੇ ਸਾਡਾ ਮਨ ਰਾਜਾ ਅਨੇਕਾਂ ਵਾਰੀ ਆਤਮਕ ਮੌਤ ਮਰਦਾ ਅਤੇ ਜੰਮਦਾ ਰਹਿੰਦਾ ਹੈ।

ਜਿਸ ਦਿਨ ਸਾਡਾ ਮਨ ਆਪਣੇ ਮੰਦੇ ਖਿਆਲਾਂ ਦੀ ਕੱਚਾ ਧਨ ਵਾਲੀ ਤਾਕਤ ਦਾ ਮਾਣ ਛੱਡ ਕੇ ਸਤਿਗੁਰ ਦੀ ਮੱਤ ਲੈਂਦਾ ਹੈ ਤਾਂ ਆਪਣੀ ਨਉਬਤ ਵਜਾਉਣ ਬਦਲੇ ‘ਸਭ ਤੇ ਵਡਾ ਸਤਿਗੁਰੁ’ ਦੀ ਨਉਬਤ ਵਜਾਉਂਦਾ ਹੈ। ਸਦਕੇ ’ਚ ਸਾਰੀ ਪ੍ਰਜਾ ਰੂਪੀ ਸੁਰਤ, ਮੱਤ, ਬੁਧਿ, ਰੋਮ-ਰੋਮ ਸੁਖੀ ਹੋ ਜਾਂਦੇ ਹਨ। ਮਾਨੋ ਮਨ ਰਾਜਾ ਨੇ ਆਪਣੀ ਨਉਬਤ ਵਜਾਉਣੀ ਛੱਡ ਦਿੱਤੀ, ਅਮਰ ਜੀਵਨ ਦਾ ਰਾਜ ਮਾਣਨ ਯੋਗ ਹੋ ਜਾਂਦਾ ਹੈ।

ਚਾਰਿ ਦਿਨ ਅਪਨੀ ਨਉਬਤਿ ਚਲੇ ਬਜਾਇ ॥ (ਗੁਰੂ ਗ੍ਰੰਥ ਸਾਹਿਬ, ਪੰਨਾ 1124)

ਮਨ ਨਿਜਘਰ ਦੇ ਰੱਬੀ ਦਰਬਾਰ ’ਚ ਰੱਬ ਨਾਲ ਇੱਕਮਿੱਕ ਹੋ ਗਿਆ, ਅੰਤਰ ਆਤਮੇ ’ਚ ਭਾਵ ਆਪਣੇ ਘਰ ਚਲਾ ਗਿਆ।




.