.

ਗੁਰਬਾਣੀ ਦੇ ਚਾਨਣ ਵਿਚ ‘ਅਖਾਣ’

(ਕਿਸ਼ਤ ਨੰ:19)

ਵੀਰ ਭੁਪਿੰਦਰ ਸਿੰਘ

91. ਗੁਰ ਚਰਣੀ ਚਿਤ ਲਾਉਣਾ (ਸੱਚੇ ਮਾਰਗ ਤੇ ਚਲਣਾ):

ਮਾਈ ਗੁਰ ਚਰਣੀ ਚਿਤੁ ਲਾਈਐ ॥ (ਗੁਰੂ ਗ੍ਰੰਥ ਸਾਹਿਬ, ਪੰਨਾ 528)

ਸਰੀਰਕ ਤੌਰ `ਤੇ ਕੋਈ ਗੁਰੂ ਅਖਵਾਏ ਜਾਂ ਮਨੁੱਖਾਂ ਵੱਲੋਂ ਕਿਸੇ ਦੇਹਧਾਰੀ ਨੂੰ ਗੁਰੂ ਮੰਨਿਆ ਜਾਵੇ ਤਾਂ ਵੀ ਉਸਦਾ ਸਰੀਰ ਇੱਕ ਦਿਨ ਮੁੱਕ ਹੀ ਜਾਂਦਾ ਹੈ। ਹੱਡ-ਚੰਮ ਦਾ ਸਰੀਰ ਕੇਵਲ ਦੋ ਪੈਰ (ਚਰਨਾ) ਵਾਲਾ ਹੁੰਦਾ ਹੈ। ਜੇ ਕਰ ਇੱਕ ਜਾਂ ਦੋ ਮਨੁੱਖ ਉਸਦੇ ਚਰਨ ਪਕੜਨ ਤਾਂ ਵੀ ਬਾਕੀ ਲੁਕਾਈ ਵਾਂਝੀ ਰਹਿ ਜਾਂਦੀ ਹੈ।

ਗੁਰਮਤ ਅਨੁਸਾਰ ਸ਼ਬਦ ਗੁਰੂ ਨੂੰ ਦ੍ਰਿੜਾਇਆ, ਪ੍ਰਚਾਰਿਆ ਗਿਆ ਹੈ। ਸ਼ਬਦ ਗੁਰੂ (ਸੱਚ ਦਾ ਗਿਆਨ) ਰਾਹੀਂ ਜੀਵਨ ਦੇ ਇੱਕ-ਇੱਕ ਕਦਮ ਨੂੰ ਸੁਚੇਤਤਾ ਨਾਲ ਰੱਖਣ ਦੀ ਸੁਮੱਤ ਬਖ਼ਸ਼ੀ ਗਈ ਹੈ, ਉਸ ਰਾਹੀਂ ਜੀਵਨ ਦਾ ਲੰਬਾ ਪੈਂਢਾ (ਸਫਰ) ਸੁਖਾਲਾ ਅਤੇ ਕਾਮਯਾਬੀ ਨਾਲ ਲੰਘਦਾ ਹੈ, ਇਸ ਕਰਕੇ ਸਾਡੀ ਮੱਤ (ਮਾਈ) ਨੂੰ ਹੁਕਮ ਕੀਤਾ ਗਿਆ ਹੈ, ਐ ਮਤ (ਮਾਈ) ਤੂੰ ਸਤਿਗੁਰ ਦੇ ਦੱਸੇ ਨਕਸ਼ੇ ਕਦਮ ’ਤੇ ਮਨ ਕਰ ਕੇ ਈਮਾਨਦਾਰੀ ਨਾਲ ਚਲਨਾ ਹੈ। ਸਦਕੇ ’ਚ ਆਪਣੇ ਪ੍ਰੀਤਮ ਦੇ ਘਰ ਪੁੱਜਣ ਯੋਗ ਹੋ ਜਾਵੇਂਗਾ। ਰਸਤੇ (ਜੀਵਨ ਦੇ ਲੰਬੇ ਪੈਂਡੇ) ’ਚ ਤੈਨੂੰ ਵਿਕਾਰਾਂ (ਜਮਾਂ) ਵੱਲੋਂ ਕੋਈ ਰੁਕਾਵਟ ਨਹੀਂ ਆਵੇਗੀ। ਆਪਣੇ ਪ੍ਰੀਤਮ (ਪ੍ਰਭੂ ਜੋ ਨਿਜਘਰ ’ਚ ਵਸਦਾ ਹੈ) ਨਾਲ ਪ੍ਰੇਮ ਦੀ ਨਿਸ਼ਾਨੀ ਹੀ ਇਹੋ ਹੈ ਕਿ ਪ੍ਰੀਤਮ ਦੇ ਦੇਸ਼ (ਗਲੀ-ਸ਼ਹਿਰ) ’ਚ ਜਾਣ ਵਾਲੇ ਰਸਤੇ ਦੀ ਸੋਝੀ ਸਤਿਗੁਰ (ਸੱਚ ਦੇ ਗਿਆਨ) ਰਾਹੀਂ ਮਿਲਦੀ ਹੈ। ਸਤਿਗੁਰ ਦੇ ਦਰਸਾਏ ਨਕਸ਼ੇ ਕਦਮ ਨੂੰ ਸੁਚੇਤਤਾ ਨਾਲ ਗ੍ਰਹਿਣ ਕਰਨਾ ਹੀ ‘ਗੁਰ ਚਰਣੀ ਚਿਤ’ ਲਾਉਣਾ ਹੁੰਦਾ ਹੈ।

ਚਰਨ ਚਲਉ ਮਾਰਗਿ ਗੋਬਿੰਦ ॥ (ਗੁਰੂ ਗ੍ਰੰਥ ਸਾਹਿਬ, ਪੰਨਾ 281)

92. ਆਪਣੀ ਹੱਥੀਂ ਕਿਸਮਤ ਕਾਲੀ-ਸਫ਼ੇਦ ਕਰਨਾ (‘ਕਿਸਮਤ ਕਲਮ ਦੇ ਜ਼ੋਰ ਨਾਲ ਬਣਾਨਾ ਜਾਂ ਵਿਗਾੜਨਾ’):

ਤਾਕਤ ਤਾਂ ਹਰ ਮਨੁੱਖ ਕੋਲ ਕਿਸੇ ਨਾ ਕਿਸੇ ਰੂਪ ’ਚ ਹੁੰਦੀ ਹੀ ਹੈ ਜਾਂ ਮਿਲ ਜਾਂਦੀ ਹੈ ਜਾਂ ਪ੍ਰਾਪਤ ਕਰ ਲਈ ਜਾਂਦੀ ਹੈ। ਜਦੋਂ ਕਿਸੇ ਮਨੁੱਖ ਦੇ ਹੱਥ ਕਿਸੇ ਵੀ ਕਿਸਮ ਦੀ ਤਾਕਤ ਆ ਜਾਵੇ ਤਾਂ ਉਸ ਮਨੁੱਖ ਦੀ ਆਤਮਕ ਅਤੇ ਮਾਨਸਕ ਅਵਸਥਾ ’ਤੇ ਨਿਰਭਰ ਹੁੰਦਾ ਹੈ ਕਿ ਉਹ ਉਸ ਤਾਕਤ ਨੂੰ ਭਲੇ ਲਈ ਵਰਤੇ ਜਾਂ ਆਪਣੇ ਸਮੇਤ ਦੂਜਿਆਂ ਦਾ ਨੁਕਸਾਨ ਕਰੇ। ਮਨੁੱਖ ਆਪਣੀ ਤਾਕਤ ਨਾਲ ਪਹਿਲਾਂ ਆਪਣਾ ਬੁਰਾ-ਭਲਾ ਕਰਦਾ ਹੈ। ਜਦੋਂ ਮਨੁੱਖ ਤਾਕਤ ਨੂੰ ਚੰਗੇ-ਉਸਾਰੂ ਕੰਮਾਂ ਲਈ ਜਾਂ ਮਨ ਨੀਵਾਂ ਮੱਤ ਉੱਚੀ ਕਰਨ ਲਈ ਵਰਤਦਾ ਹੈ ਤਾਂ ਪਹਿਲਾਂ ਆਪਣਾ ਹੀ ਭਲਾ ਕਰਦਾ ਹੈ। ਪਰ ਜੇ ਆਪਣੀ ਤਾਕਤ ਨੂੰ ਮੰਦੇ ਖਿਆਲ ਵਧਾਉਣ ਲਈ ਵਰਤਦਾ ਹੈ ਤਾਂ ਪਹਿਲਾਂ ਆਪਣਾ ਬੁਰਾ ਅਤੇ ਫਿਰ ਮਨੁੱਖਤਾ ਦਾ ਬੁਰਾ ਕਰਦਾ ਹੈ।

ਇਹ ਮਨੁੱਖ ਦੀ ਬਿਬੇਕਤਾ ’ਤੇ ਨਿਰਭਰ ਹੈ ਕਿ ਉਹ ਆਪਣੀ ਤਾਕਤ ਨੂੰ ਹੋਰਨਾਂ ਦੇ ਭਲੇ ਲਈ ਵਰਤਦਾ ਹੈ ਜਾਂ ਨਹੀਂ। ਇੰਜ ਕਹਿ ਸਕਦੇ ਹਾਂ ਕਿ ਤਾਕਤ ਕਿਸੇ ਵੀ ਰੂਪ ’ਚ ਕੁਝ ਵੀ ਕਰ ਸਕਦੀ ਹੈ ਪਰ ਅਸਲੀਅਤ ’ਚ ਉਸ ਪਿੱਛੇ ਵਰਤਣ ਵਾਲੀ ਸੋਚ ਦਾ ਬਲ ਹੀ ਕੰਮ ਕਰਦਾ ਹੈ। ਇਹ ਬਲ ਹੈ ਕੁਮਤ ਜਾਂ ਸੁਮਤ ਦਾ। ਜਿਨ੍ਹਾਂ ਕੋਲ ਚੰਗੇ ਗੁਣਾਂ ਦੇ ਸੁਭਾ ਨੂੰ ਕਮਾਉਣ ਦੀ ਸੁਮੱਤ ਹੁੰਦੀ ਹੈ, ਉਹ ਕਿਸੇ ਦਾ ਘਾਤ ਨਹੀਂ ਕਰਦੇ, ਮੱਥੇ ਜਾਂ ਹਿਰਦੇ ਤੇ ਫੱਟ ਨਹੀਂ ਪਾਉਂਦੇ ਬਲਕਿ ਲੋੜ ਪੈਣ ’ਤੇ ਦੂਜਿਆਂ ਨੂੰ ਫਾਂਸੀ ਦੇ ਤਖ਼ਤੇ ਤੋਂ ਵੀ ਬਚਾ ਲੈਂਦੇ ਹਨ।

ਧਰਮ ਦੀ ਕਸਵੱਟੀ ’ਤੇ ਪਰਖਿਆਂ ਇਸ ਅਖਾਣ ਦਾ ਭਾਵ ਅਰਥ ਸਮਝ ਪੈਂਦਾ ਹੈ ਕਿ ਸਾਡੇ ਮਨ ਦੇ ਖਿਆਲਾਂ ਕਾਰਨ ਬਣੀ ਮੱਤ ਰੂਪੀ ਕਲਮ ਅਤੇ ਸਿਆਹੀ ਨਾਲ ਮਨੁੱਖ ਆਪਣੀ ਕਿਸਮਤ ਆਪ ਹੀ ਕਾਲੀ ਜਾਂ ਸਫ਼ੇਦ ਕਰਦਾ ਹੈ। ਜੈਸੀ ਕਿਸਮਤ ਮਨੁੱਖ ਦਾ ਮਨ ਲਿਖਦਾ ਹੈ ਵੈਸੇ ਕਿਰਦਾਰ ਅਤੇ ਆਚਰਣ ਦਾ ਉਹ ਬਣਦਾ ਜਾਂਦਾ ਹੈ।

ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ॥ (ਗੁਰੂ ਗ੍ਰੰਥ ਸਾਹਿਬ, ਪੰਨਾ 990)

93. ਅਕਲ ਦਾ ਸਠੀਆ ਜਾਣਾ (ਅਕਲ ਘੱਟ ਜਾਣਾ):

ਅਕਲ ਉੱਤੇ ਪੜਦਾ ਪੈਣਾ (ਮਤ ਮਾਰੀ ਜਾਣਾ ਜਾਂ ਸਮਝ ਨਾਲ ਕੰਮ ਨਾ ਲੈਣਾ) - ਰੱਬ ਜੀ ਦੀ ਸਾਜੀ ਕੁਦਰਤ ਦੇ ਨਿਯਮ ਅਟੱਲ ਹਨ, ਸਭ ਵਾਸਤੇ ਨਿਰਪੱਖ ਹਨ ਅਤੇ ਸਭ ਦੇ ਭਲੇ ਲਈ ਹਨ। ਰੱਬ ਜੀ ਵੱਲੋਂ ਕਿਸੇ ਵੀ ਮਨੁੱਖ ਨਾਲ ਵਿਤਕਰਾ ਨਹੀਂ ਹੈ। ‘ਤੂੰ ਸਾਝਾ ਸਾਹਿਬੁ ਬਾਪੁ ਹਮਾਰਾ’ ਇਸ ਕਰਕੇ ਜਦੋਂ ਅਸੀਂ ਜਨਮ ਲੈਂਦੇ ਹਾਂ ਸਾਡੇ ਪਾਸ ਨਿਰਮਲ, ਨਿਰਛਲ ਮੱਤ ਹੁੰਦੀ ਹੈ। ਸਤਿਗੁਰ ਦੀ ਮੱਤ ਰਾਹੀਂ ਇਸ ਸੁਰਤ ਮੱਤ ਬੁਧਿ ਨੂੰ ਅਸੀਂ ਤੀਖਣ, ਬਾਰੀਕ ਅਤੇ ਬਿਬੇਕ ਵਾਲੀ ਕਰ ਲੈਂਦੇ ਹਾਂ। ਜੇ ਕਰ ਸਤਿਗੁਰ ਦੀ ਮੱਤ ਨਾ ਲਈਏ ਤਾਂ ਮਨ ਕੀ ਮੱਤ ਦਾ ਤਾਣਾ (ਕਪੜਾ) ਬੁਣਿਆ ਜਾਂਦਾ ਹੈ, ਸਾਡਾ ਮਨ ਨੀਵਾਂ ਹੋਣ ਬਦਲੇ, ਕਰਤਾ ਬਣ ਬੈਠਦਾ ਹੈ, ਆਪਣੇ ਆਪ ਨੂੰ ਉੱਚ ਜ਼ਾਤੀਆ ਸਮਝਣ ਦਾ ਭਰਮ ਕਰਦਾ ਹੈ ਅਤੇ ਫਿਰ ਸਾਡੀ ਸੁਰਤ ਮੱਤ ਬੁੱਧੀ ਨੀਵੀਂ ਹੋ ਜਾਂਦੀ ਹੈ। ਜਿਉਂ ਹੀ ਮਨ ਕੀ ਮੱਤ ਦਾ ਤਾਣਾ (ਕਪੜਾ) ਉਣਿਆ ਜਾਂਦਾ ਹੈ, ਇਹ ਕਪੜਾ ਮੈਲ ਭਰੇ ਵਿਕਾਰਾਂ ਕਾਰਨ ਸਾਡੀ ਸੁਰਤ ਮੱਤ ਬੁਧਿ ਨੂੰ ਵੀ ਮੈਲਾ ਕਰ ਦਿੰਦਾ ਹੈ, ਜਿਸ ਕਾਰਨ ਹਿਰਦੇ ਵਸਦੇ ਰੱਬ ਨਾਲੋਂ ਝੂਠ ਰੂਪੀ ਪੜਦਾ ਬਣ ਜਾਂਦਾ ਹੈ। ਇਸੇ ਨੂੰ ‘ਅਕਲ `ਤੇ ਪੜਦਾ ਪੈਣਾ’ ਕਹਿੰਦੇ ਹਨ। ਜਿਉਂ-ਜਿਉਂ ਅਕਲ `ਤੇ (ਭਾਵ ਮਨ ਅਤੇ ਰੱਬ ਵਿਚ) ਪੜਦਾ (ਕੂੜ ਦੀ ਪਾਲ) ਪੈਂਦਾ ਹੈ ਹਨੇਰਾ, ਅਵਗੁਣ, ਵਿਕਾਰ ਵੱਧਦੇ ਜਾਂਦੇ ਹਨ। ਜਿਨ੍ਹਾਂ ਕਾਰਨ ਸਾਡੀ ਪਲ-ਪਲ ਸੁਰਤ ਮੱਤ ਬੁਧਿ ਮਰਦੀ ਹੈ ਭਾਵ ਆਤਮਕ ਮੌਤ ਹੁੰਦੀ ਰਹਿੰਦੀ ਹੈ। ਰੱਬੀ ਮਿਲਨ ਦੀ ਅਵਸਥਾ ਬਦਲੇ ਸਾਡਾ ਜੀਵਨ ਨਰਕੀ ਬਣ ਜਾਂਦਾ ਹੈ। ਸਤਿਗੁਰ ਵੱਡਾ ਹੈ, ਉੱਚੇ ਤੋਂ ਉੱਚਾ ਹੈ। ਨਿਮ੍ਰਤਾ ’ਚ ਆ ਕੇ ਜਦੋਂ ਮਨ ਨੀਵਾਂ ਹੋ ਜਾਵੇ ਤਾਂ ਇਕ ਦਮ ਸੁਰਤ ਮਤ ਬੁੱਧ ਉੱਚੀ ਹੋ ਜਾਂਦੀ ਹੈ। ਮੰਦੇ ਫੁਰਨਿਆਂ ਖਿਆਲਾਂ ਬਦਲੇ ਚੰਗੇ, ਸੁਚੱਜੇ, ਸਦਾਚਾਰੀ ਖਿਆਲ ਸਾਡਾ ਉੱਚਾ ਅਮਲੀ ਜੀਵਨ ਬਣਾਉਣ ਵਿਚ ਸਹਾਈ ਹੁੰਦੇ ਹਨ ਮਾਨੋ ਕਿ ਅਕਲ ਉੱਤੇ ਪਿਆ ਪੜਦਾ ਉੱਠ ਗਿਆ, ਦਿਬ ਦ੍ਰਿਸ਼ਟ ਹੋ ਗਈ।

94. ਅਕਲ ਖਰਚ ਕਰਨਾ (ਸੋਚ ਵਿਚਾਰ ਨਾਲ ਕੰਮ ਲੈਣਾ):

ਖਾਵਹਿ ਖਰਚਹਿ ਰਲਿ ਮਿਲਿ ਭਾਈ ॥ (ਗੁਰੂ ਗ੍ਰੰਥ ਸਾਹਿਬ, ਪੰਨਾ 186)

ਜੋ ਮਨੁੱਖ ਸ਼ੂਮ (ਕੰਜੂਸ) ਹੁੰਦਾ ਹੈ, ਉਹ ਧਨ ਖਰਚਦਾ ਨਹੀਂ ਪਰ ਜੋੜਦਾ ਰਹਿੰਦਾ ਹੈ, ਨਾ ਆਪ ਵਰਤਦਾ ਹੈ ਨਾ ਹੋਰਨਾਂ ਨੂੰ ਵਰਤਣ ਲਈ ਦਿੰਦਾ ਹੈ। ਆਪਣੇ ਮਰਨ ਮਗਰੋਂ ਧੀਆਂ ਪੁੱਤਰਾਂ ਲਈ ਛੱਡ ਜਾਂਦਾ ਹੈ ਨਹੀਂ ਤਾਂ ਚੋਰ ਠੱਗਾਂ ਹਥੀਂ ਗਵਾ ਬੈਠਦਾ ਹੈ ਪਰ ਕਿਸੇ ਭਲੇ ਕੰਮ ਲਈ, ਲੋੜਵੰਦ ਲਈ ਜਾਂ ਇਨਸਾਨੀਅਤ ਦੇ ਉਸਾਰੂ ਕੰਮਾਂ ਲਈ ਵਰਤਦਾ ਨਹੀਂ ਹੈ। ਹੂਬਹੂ ਇਸੇ ਤਰ੍ਹਾਂ ਧਾਰਮਕ ਦੁਨੀਆ ਦਾ ਧਨ ਰੱਬ ਕਰਤੇ ਵੱਲੋਂ ਸਾਨੂੰ ਮਿਲਿਆ ਹੈ। ਦਇਆ, ਧਰਮ, ਸਹਿਜ, ਸੰਤੋਖ, ਹਲੀਮੀ, ਮਿਲਵਰਤਣ ਆਦਿ ਅਨੇਕ ਗੁਣਾਂ ਦਾ ਧਨ ਸਤਿਗੁਰ ਦੀ ਮੱਤ ਰਾਹੀਂ ਨਿਜਘਰ ਦੇ ਖਜ਼ਾਨੇ ਤੋਂ ਪ੍ਰਾਪਤ ਕਰਕੇ ਆਪਣੇ ਅਤੇ ਦੁਨੀਆ ਦੇ ਭਲੇ ਲਈ ਵਰਤ ਸਕਦੇ ਹਾਂ ਲੇਕਿਨ ਸੁਆਰਥ ਵੱਸ ਨਿਜੀ ਮੁਕਤੀ ਲਈ ਰੱਬ ਜੀ ਨੂੰ ਖੁਸ਼ ਕਰਕੇ, 9 ਨਿਧਾਂ 18 ਸਿਧਾਂ ਦੀ ਪ੍ਰਾਪਤੀ ਦੇ ਭੁਲੇਖੇ ’ਚ ਜਪ, ਤਪ, ਤੀਰਥ, ਪਾਠਾਂ ਦੇ ਰਟਨ ਜਾਂ ਹੋਰ ਕਰਮਕਾਂਡਾਂ ’ਚ ਖੱਚਤ ਹੋ ਕੇ, ਅੰਧ ਵਿਸ਼ਵਾਸੀ ਹੋ ਕੇ ਗੁਣਾਂ ਰੂਪੀ ਸੱਚੇ ਧਨ ਨੂੰ ਲੋਕਾਂ ਨਾਲ ਵਰਤਦੇ ਨਹੀਂ।

ਮਰਣ ਮਗਰੋਂ ਮੁਕਤੀ ਦੇ ਭਰਮ ਜਾਲ ’ਚ ਫੱਸ ਕੇ ਰੱਬੀ ਖਜ਼ਾਨਾ ਖਰਚ ਨਹੀਂ ਕਰਦੇ, ਸਿੱਟੇ ਵਜੋਂ ਇਹ ਸਾਡੇ ਕੰਮ ਨਹੀਂ ਆਉਂਦਾ ਬਲਕਿ ਵਿਕਾਰ ਰੂਪੀ ਜਮਾਂ ਚੋਰਾਂ ਵਲੋਂ ਲੁਟਿਆ ਜਾਂਦਾ ਹੈ, ਵਿਕਾਰੀ ਜੀਵਨ ਬਣਦਾ ਜਾਂਦਾ ਹੈ। ਸਤਿਗੁਰ ਦੀ ਮੱਤ ਲੈ ਕੇ ਨਿਜਘਰ ਦੇ ਖਜ਼ਾਨੇ ਨੂੰ ਆਪਣੇ ਸੁਭਾ, ਅਮਲੀ ਜੀਵਨ ਲਈ ਵਰਤ ਕੇ ਹੋਰਨਾਂ ਦੇ ਭਲੇ ਲਈ ਜਿਊਣਾ ਹੀ ‘ਅਕਲ ਖਰਚ ਕਰਨਾ’ ਕਹਿਲਾਉਂਦਾ ਹੈ।

95. ਅੱਖਾਂ ਅੱਗੇ ਹੀ ਰਹਿਣਾ (ਹਰ ਦਮ ਯਾਦ ਰਖਣਾ, ਜ਼ਰਾ ਵੀ ਨਾ ਭੁਲਾਣਾ):

ਦੁਇ ਦੁਇ ਲੋਚਨ ਪੇਖਾ ॥ ਹਉ ਹਰਿ ਬਿਨੁ ਅਉਰੁ ਨ ਦੇਖਾ ॥ (ਗੁਰੂ ਗ੍ਰੰਥ ਸਾਹਿਬ, ਪੰਨਾ 655)

ਜਿਸ ਕਿਸੇ ਨਾਲ ਵੀ ਸਾਡਾ ਪ੍ਰੇਮ ਪਿਆਰ ਹੁੰਦਾ ਹੈ, ਉਹ ਸਾਨੂੰ ਪਸੰਦ ਹੁੰਦਾ ਹੈ ਅਤੇ ਉਸਦਾ ਅੱਖਾਂ ਤੋਂ ਇੱਕ ਪਲ ਵੀ ਦੂਰ (ਓਹਲੇ) ਹੋਣਾ ਸਾਨੂੰ ਗੰਵਾਰਾ ਨਹੀਂ ਹੁੰਦਾ। ਜਦੋਂ ਸਾਡਾ ਮਨ ਰੱਬ ਜੀ ਨਾਲ ਪ੍ਰੇਮ ਕਰਦਾ ਹੈ ਤਾਂ ਮਾਨੋ ਰੱਬੀ ਰਜ਼ਾ ਪਸੰਦ ਹੈ, ਰੱਬੀ ਗੁਣਾਂ ਨਾਲ ਜਿਊਣਾ ਪਸੰਦ ਹੈ। ਰੱਬ ਸਾਂਝੀਵਾਲ ਹੈ, ਸਭ ਦਾ ਹੈ, ਇਸ ਕਰਕੇ ਅਸੀਂ ਵੀ ਸਾਂਝੀਵਾਲਤਾ ਦਾ ਗੁਣ ਜਿਊਣਾ ਪਸੰਦ ਕਰਦੇ ਹਾਂ। ਲੇਕਿਨ ਜੇਕਰ ਅਸੀਂ ਰੱਬੀ ਰਜ਼ਾ, ਗੁਣਾਂ ਤੋਂ ਮੁਨਕਰ ਹਾਂ ਤਾਂ ਮਾਨੋ ਰੱਬ (ਸਤਿਗੁਰ) ਦੀਆਂ ਬਾਤਾਂ, ਕੰਮ ਪਸੰਦ ਹੀ ਨਹੀਂ, ਰੱਬੀ ਹੋਂਦ ਨੂੰ ਮੰਨਦੇ ਹੀ ਨਹੀਂ ਹਾਂ ਭਾਵ ਮਨ ਕਰਕੇ ਰੱਬ ਤੋਂ ਦੂਰ ਰਹਿਣਾ ਹੀ ਪਸੰਦ ਕਰਦੇ ਹਾਂ। ਅਵਗੁਣ ਛਡਦੇ ਨਹੀਂ ਹਾਂ, ਪਰ ਕਰੀ ਜਾਂਦੇ ਹਾਂ। ਮਾਨੋ ਰੱਬ ਤੋਂ ਦੂਰ ਹਾਂ ਜਾਂ ਭੁਲਾ ਬੈਠੇ ਹਾਂ ਪਿਆਰੇ ਨੂੰ।

ਜੇ ਕਰ ਰੱਬ ਨੂੰ ਇੱਕ ਪਲ ਵੀ ਨਹੀਂ ਵਿਸਾਰਨਾ ਚਾਹੁੰਦੇ ਤਾਂ ਸਾਨੂੰ ਰੱਬੀ ਗੁਣਾਂ ਵਾਲਾ ਰੁਹਾਨੀਅਤ ਭਰਪੂਰ ਜੀਵਨ ਜਿਊਣਾ ਲਾਜ਼ਮੀ ਹੈ। ਰੱਬੀ ਗੁਣਾਂ ਨਾਲ ਇਨਸਾਨੀਅਤ ਭਰਪੂਰ ਸੁਭਾ ਅਮਲ ’ਚ ਪਕਾ ਲੈਂਦੇ ਹਾਂ। ਮਨ ਕਰਕੇ ਰੱਬੀ ਗੁਣਾਂ ਨੂੰ ਜਿਊਣਾ ਹੀ ਹਰ ਦਮ ਯਾਦ ਭਾਵ ਰੱਬ ਨੂੰ ਅੱਖਾਂ ਅੱਗੇ ਰੱਖਣ (ਰੱਬ ਨੂੰ ਅੱਖਾਂ ਅਗੇ ਰਹਿਣ) ਦੀ ਜਾਚਨਾ ਹੈ।




.