ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਡਰ-
ਡਰ ਜਾਂ ਭੈ ਇੱਕ ਅਜੇਹਾ ਵਲਵਲਾ ਹੈ ਜੋ ਜਿਉਂਦੇ
ਪ੍ਰਾਣੀਆਂ ਵਲੋਂ ਮਹਿਸੂਸ ਕੀਤਾ ਜਾਂਦਾ ਹੈ। ਡਰ ਸਦਕਾ ਦਿਮਾਗ ਅਤੇ ਅੰਗਾਂ ਦੇ ਕਾਰਜਾਂ ਵਿੱਚ ਫਿਰ
ਸੁਭਾਅ ਵਿੱਚ ਤਬਦੀਲੀ ਆ ਜਾਂਦੀ ਹੈ। ਇਸ ਤਬਦੀਲੀ ਸਦਕਾ ਮਨੁੱਖ ਦੁਖਦਾਈ ਵਾਕਿਆ ਤੋਂ ਦੂਰ ਭੱਜਦਾ,
ਲੁਕਦਾ ਹੈ ਜਿਸ ਕਰਕੇ ਜੀਵਨ ਦੀਆਂ ਹਰਕਤਾਂ ਠੰਡੀਆਂ ਹੋ ਜਾਂਦੀਆਂ ਹਨ। ਆਤਮਕ ਡਰ ਕਰਕੇ ਕੁੱਝ ਕਰ
ਸਕਣ ਦਾ ਉਤਸ਼ਾਹ ਖਤਮ ਹੋ ਜਾਂਦਾ ਹੈ। ਮਨੁੱਖ ਦੇ ਅੰਦਰ ਡਰ ਵਾਲੀ ਸਥਿੱਤੀ ਪੈਦਾ ਹੋ ਜਾਏ ਤਾਂ ਇਸ ਦੇ
ਵਿਹਾਰ ਵਿੱਚ ਵੱਡੀ ਤਬਦੀਲੀ ਆ ਜਾਂਦੀ ਹੈ। ਹਾਂ ਅਦਬ ਤੇ ਸਤਕਾਰ ਵਾਲਾ ਡਰ ਹਮੇਸ਼ਾਂ ਬਣਾ ਕੇ ਚੱਲਣਾ
ਹੈ।
ਡਰ ਮਨੁੱਖ ਵਿੱਚ ਓਦੋਂ ਹੀ ਪੈਦਾ ਹੁੰਦਾ ਹੈ ਜਦੋਂ ਉਸ ਨੂੰ ਅਸਲੀਅਤ ਦੀ ਸਮਝ ਨਾ ਹੋਵੇ। ਡਰ ਨਾਲ
ਮਨੁੱਖ ਹਮੇਸ਼ਾਂ ਆਪਣੇ ਬਚਾ ਵਾਸਤੇ ਹੀ ਲੱਗਾ ਰਹਿੰਦਾ ਹੈ। ਸ਼ੇਰ ਪਿੰਜਰੇ ਵਿੱਚ ਬੰਦ ਹੋਵੇ ਤੇ ਬੱਕਰੀ
ਨੇੜੇ ਹੀ ਕਿੱਲੇ ਨਾਲ ਬੱਧੀ ਕੁਦਰਤੀ ਬੱਕਰੀ ਦਾ ਸਾਹ ਸੁੱਕਿਆ ਰਹਿਣਾ ਹੈ ਕਿ ਮਤਾ ਮੈਨੂੰ ਸ਼ੇਰ ਖਾ
ਨਾ ਜਾਏ। ਗੁਰਬਾਣੀ ਗਿਆਨ ਨੇ ਮਨੁੱਖ ਦਾ ਮਾਨਸਕ ਬੱਲ ਬਣਾਉਣ ਲਈ ਸਭ ਤੋਂ ਪਹਿਲਾਂ ਇਸ ਦੇ ਮਨ ਵਿਚੋਂ
ਡਰ ਵਾਲੀ ਭਾਵਨਾ ਖਤਮ ਕੀਤੀ ਹੈ।
ਮਨੁੱਖ ਦੇ ਮਨ ਵਿੱਚ ਇਹ ਪੱਕਾ ਡਰ ਬੈਠਾ ਹੋਇਆ ਹੈ ਕਿ ਜੋ ਮੇਰੇ ਕੋਲ ਸੁਖ ਸਾਧਨ ਮੌਜੂਦ ਹਨ ਇਹ
ਕਿਤੇ ਖੁਸ ਨਾ ਜਾਣ। ਹੁਣ ਜੇ ਬੱਕਰੀ ਜੰਗਲ਼ ਵਿਚੋਂ ਸਵਾਦਲੇ ਮਨ ਭਾਉਂਦੇ ਪੱਤੇ ਖਾਂਦੀ ਹੈ ਤਾਂ ਜੰਗਲ
ਵਿੱਚ ਸ਼ੇਰਾਂ ਨੇ ਵੀ ਤਾਂ ਓੱਥੇ ਹੀ ਰਹਿਣਾ ਹੈ। ਜਿੰਨ੍ਹਾਂ ਚਿਰ ਮਨੁੱਖ ਆਪਣੇ ਅੰਦਰੋਂ ਮੌਤ ਦੇ ਭੈ
ਨੂੰ ਨਹੀਂ ਸਮਝਦਾ ਓਦੋਂ ਤੀਕ ਡਰ ਨਾਲ ਆਪਣਾ ਸਾਹ ਹੀ ਸਕਾਉਂਦਾ ਰਹੇਗਾ—
ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪਿ ਕੇਹਰਹ॥
ਤਤ੍ਰ ਗਤੇ ਸੰਸਾਰਹ ਨਾਨਕ ਸੋਗ ਹਰਖੰ ਬਿਆਪਤੇ॥ ੪੧॥
ਅੱਖਰੀਂ ਅਰਥ:--ਬੱਕਰੀ ਗਾਜਰ-ਮੂਲੀ ਆਦਿਕ
ਖਾਂਦੀ ਹੋਵੇ, ਪਰ ਸ਼ੇਰ ਦੇ ਨੇੜੇ ਵੱਸਦੀ ਹੋਵੇ (ਉਸ ਨੂੰ ਮਨ ਭਾਉਂਦਾ ਖਾਣਾ ਮਿਲਣ ਦੀ ਪ੍ਰਸੰਨਤਾ
ਤਾਂ ਜ਼ਰੂਰ ਹੈ ਪਰ ਹਰ ਵੇਲੇ ਸ਼ੇਰ ਤੋਂ ਡਰ ਭੀ ਟਿਕਿਆ ਰਹਿੰਦਾ ਹੈ); ਹੇ ਨਾਨਕ! ਇਹੀ ਹਾਲ ਹੈ ਜਗਤ
ਦਾ, ਇਸ ਨੂੰ ਖ਼ੁਸ਼ੀ ਤੇ ਗ਼ਮੀ ਦੋਵੇਂ ਹੀ ਵਿਆਪਦੇ ਰਹਿੰਦੇ ਹਨ।
ਵਿਚਾਰ ਚਰਚਾ—
੧ ਕੁਦਰਤ ਵਿੱਚ ਜੇ ਪਤਝੜ੍ਹ ਆਈ ਹੈ ਤਾਂ ਬਸੰਤ ਰੁੱਤ ਨੇ ਵੀ ਆਉਣਾ ਹੈ।
੨ ਸਕੁਲ਼ ਵਿੱਚ ਬੱਚੇ ਪੜ੍ਹਦੇ ਹਨ ਤਾਂ ਉਹਨਾਂ ਨੂੰ ਸਕੂਲ ਦੀ ਨਿਯਮਾਵਲੀ ਵਿੱਚ ਵੀ ਰਹਿਣਾ ਪਏਗਾ॥
੩ ਜਦੋਂ ਨਿਯਮਾਵਲੀ ਦੀ ਸਮਝ ਆ ਜਾਏਗੀ ਤਾਂ ਫਿਰ ਕੁੱਝ ਵੀ ਔਖਾ ਨਹੀਂ ਲਗਦਾ।
੪ ਕੁਦਰਤੀ ਜੇ ਬੱਕਰੀ ਜੰਗਲ ਵਿੱਚ ਅਜ਼ਾਦੀ ਨਾਲ ਮਨ ਮਰਜ਼ੀ ਦਾ ਭੋਜਨ ਛੱਕਦੀ ਹੈ ਤਾਂ ਜੰਗਲ ਵਿੱਚ
ਸ਼ੇਰਾਂ ਨੂੰ ਵੀ ਰਹਿਣ ਦਾ ਓਨਾ ਹੀ ਹੱਕ ਹੈ।
੫ ਸੜਕ ਤੇ ਅਸੀਂ ਅਰਾਮ ਨਾਲ ਚੱਲ ਰਹੇ ਹਾਂ ਤਾਂ ੁਿਕਸੇ ਹੋਰ ਦੀ ਗੱਡੀ ਦਾ ਟਾਇਰ ਫੱਟ ਜਾਏ ਤਾਂ ਉਸ
ਦਾ ਕਰਮ ਵੀ ਸਾਨੂੰ ਭੋਗਣਾ ਪੈਣਾ ਹੈ।
੬ ਸੜਕ `ਤੇ ਚੱਲਣਾ ਇੱਕ ਕਰਮ ਹੈ ਜਿਸ ਦਾ ਹਰ ਫਲ਼ ਸਾਨੂੰ ਭੁਗਤਣ ਲਈ ਤਿਆਰ ਰਹਿਣਾ ਪੈਣਾ ਹੈ।
੭ ਪਹਿਲਾਂ ਬੰਦਾ ਔਖਿਆਂ ਹੋ ਕੇ ਕਮਾਈ ਕਰਦਾ ਹੈ ਫਿਰ ਇਹ ਡਰ ਰਹਿੰਦਾ ਹੈ ਕਿਤੇ ਇਹ ਵਸਤੂਆਂ ਖੁਸ ਨਾ
ਜਾਣ।
੮ ਸਾਹਮਣੇ ਆਰਾ ਹੈ ਪਰ ਫਿਰ ਵੀ ਸਿੱਖ ਅਡੋਲ ਰਹਿੰਦਾ ਹੈ। ਕਿਉਂ ਕਿ ਸਿੱਖ ਪਾਸ ਆਤਮਕ ਸੁੱਖ ਹਨ।
੯ ਇਨਸਾਨ ਰਿਸ਼ਤੇ ਬਦਲਦਾ ਹੈ, ਦੋਸਤ ਬਦਲਦਾ ਹੈ, ਘਰ ਬਦਲਦਾ ਹੈ ਪਰ ਪਰੇਸ਼ਾਨੀ ਦੂਰ ਨਹੀਂ ਹੁੰਦੀ
ਕਿਉਂਕਿ ਮਨੁੱਖ ਖੁਦ ਨੂੰ ਬਦਲਣ ਲਈ ਤਿਆਰ ਨਹੀਂ ਹੁੰਦਾ।
੧੦ ਗੁਰ-ਗਿਆਨ ਨੇ ਖੁਸ਼ੀ ਤੇ ਗ਼ਮੀ ਵਿੱਚ ਮਨੁੱਖ ਨੂੰ ਜਿਉਣ ਦੀ ਜਾਚ ਸਿਖਾਈ ਹੈ।
ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗਿਅਹਿ ਸੁਖ॥
ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ॥
ਸਲੋਕ ਮ: ੧