ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਸਾਕਤ ਤੋਂ ਸੂਝਵਾਨ
ਇਹ ਬੰਦਾ ਰੱਬ ਤੋਂ ਟੁੱਟਿਆ ਹੋਇਆ
ਤੇ ਇਹ ਰੱਬ ਨਾਲ ਜੁੜਿਆ ਹੋਇਆ ਅਕਸਰ ਦੋ ਰਾਏ ਆਮ ਚਲਦੀਆਂ ਰਹਿੰਦੀਆਂ ਹਨ। ਰੱਬ ਨਾਲੋਂ ਟੁੱਟਣ ਦਾ
ਅਰਥ ਵਿਕਾਰੀ, ਅਯਾਸ਼, ਬੇਈਮਾਨ, ਹੰਕਾਰੀ, ਕਿਸੇ ਦਾ ਕੋਈ ਵੀ ਨੁਕਸਾਨ ਕਰ ਦੇਣ ਵਾਲੀ ਬਿਰਤੀ ਨੂੰ
ਕਹਿਆ ਗਇਆ ਹੈ। ਰੱਬ ਨਾਲ ਜੁੜੇ ਹੋਏ ਤੋਂ ਭਾਵ ਇਮਾਨਦਾਰੀ, ਕਿਸੇ ਦੇ ਕੰਮ ਆ ਸਕਣ ਦੀ ਭਾਵਾਨਾ ਤੇ
ਖੁਦਗਰਜ਼ੀ ਤੋਂ ਊਪਰ ਉੱਠਣ ਵਾਲੇ ਨੂੰ ਕਹਿਆ ਗਇਆ ਹੈ।
ਮਨੁੱਖ ਦੀ ਬਹੁਤ ਵੱਡੀ ਮਾਨਸਕ ਕੰਮਜ਼ੋਰੀ ਰਹੀ ਹੈ ਕਿ ਇਹ ਆਪਣੇ ਤੋਂ ਅੱਗੇ ਜਾਂਦੇ ਨੂੰ ਬਰਦਾਸ਼ਤ
ਨਹੀਂ ਕਰ ਸਕਦਾ। ਦੂਜਾ ਇਹ ਦੁਜਿਆਂ ਦੇ ਬੇ-ਲੋੜੇ ਐਬ ਫੋਲ ਕੇ ਆਪਣੇ ਮਨ ਨੂੰ ਝੂਠੀ ਤਸੱਲੀ ਦੇਂਦਾ
ਰਹਿੰਦਾ ਹੈ ਕਿ ਮੇਰੇ ਵਰਗਾ ਹੋਰ ਕੋਈ ਵੀ ਨਹੀਂ ਹੈ। ਆਪਣੇ ਆਪ ਨੂੰ ਬਹੁਤ ਹੀ ਸਿਆਣਾ ਸਾਬਤ ਕਰਨ ਲਈ
ਦੂਜਿਆਂ ਨਾਲ ਵਲ਼-ਫਰੇਬ ਕਰਨ ਤੋਂ ਵੀ ਕੰਨੀ ਨਹੀਂ ਕਤਰਾਉਂਦਾ। ਮਨੁੱਖ ਨੂੰ ਸਭ ਤੋਂ ਵੱਧ ਤਸੱਲੀ
ਓਦੋਂ ਮਹਿਸੂਸ ਹੁੰਦੀ ਹੈ ਜਦੋਂ ਇਸ ਦੇ ਕੋਲ ਗਵਾਢੀਆਂ ਦੀ ਵਧਾ ਚੜ੍ਹਾ ਕੇ ਕੋਈ ਨਿੰਦਿਆ ਕਰਦਾ ਹੋਵੇ
ਜਿਸ ਨਾਲ ਇਸ ਨੂੰ ਬਹੁਤ ਰਸ ਮਿਲਦਾ ਹੈ। ਇਸ ਦੇ ਨਾਲ ਹੀ ਜਦੋਂ ਇਸ ਦੀ ਕੋਈ ਤਾਰੀਫ਼ ਕਰਦਾ ਹੈ ਤਾਂ
ਇਸ ਨੂੰ ਵੀ ਇਹ ਮਾਨਸਕ ਤ੍ਰਿਪਤੀ ਸਮਝਦਾ ਹੈ।
ਸਾਡੇ ਸਮਾਜ ਵਿੱਚ ਸਾਕਤ ਮਨੁੱਖ ਨੂੰ ਲਾਹਣਤੀਆ ਵੀ ਆਖਿਆ ਜਾਂਦਾ ਹੈ। ਜ਼ਿੰਦਗੀ ਦੇ ਹਰ ਪੜਾਅ ਵਿੱਚ
ਦੂਜਿਆਂ ਦੇ ਐਬ ਲੱਭਣੇ, ਉਹਨਾਂ ਨੂੰ ਭੰਡਣਾ, ਆਪਣਾ ਕਾਰਜ ਛੱਡ ਕੇ ਵੀ ਦੁਜਿਆਂ ਦੇ ਕੰਮ ਵਿੱਚ ਲੱਤ
ਅੜਾਉਣ ਵਾਲਾ ਜਿੱਥੇ ਆਪ ਤਰੱਕੀ ਦੇ ਆਪਣੇ ਰਾਹ ਰੋਕਦਾ ਹੈ ਓੱਥੇ ਉਹ ਦੂਜੇ ਨੂੰ ਵੀ ਪੂਰਾ ਨੁਕਸਾਨ
ਪਹੁੰਚਾਉਣ ਦਾ ਕੰਮ ਕਰਦਾ ਹੈ।
ਰੱਬ ਨਾਲੋਂ ਟੁੱਟਿਆ ਹੋਇਆ ਮਨੁੱਖ ਜੇ ਥੋੜਾ ਜੇਹਾ ਵੀ ਸਮਝਣ ਦਾ ਯਤਨ ਕਰੇ ਤਾਂ ਨਿਰਸੰਦੇਹ ਆਪਣੇ ਆਪ
ਨੁੰ ਨਹੀਂ ਸਗੋਂ ਸਮਾਜ ਨੂੰ ਵੀ ਬਦਲਣ ਦੀ ਸਮਰੱਥਾ ਰੱਖਦਾ ਹੈ---
ਛਲੰ ਛਿਦ੍ਰੰ ਕੋਟਿ ਬਿਘਨੰ, ਅਪਰਾਧੰ ਕਿਲਬਿਖ ਮਲੰ॥
ਭਰਮ ਮੋਹੰ ਮਾਨ ਅਪਮਾਨੰ, ਮਦੰ ਮਾਯਾ ਬਿਆਪਿਤੰ॥
ਮ੍ਰਿਤ੍ਯ੍ਯੁ ਜਨਮ ਭ੍ਰਮੰਤਿ ਨਰਕਹ, ਅਨਿਕ ਉਪਾਵੰ ਨ ਸਿਧ੍ਯ੍ਯਤੇ॥
ਨਿਰਮਲੰ ਸਾਧ ਸੰਗਹ ਜਪੰਤਿ ਨਾਨਕ ਗੋਪਾਲ ਨਾਮੰ॥
ਰਮੰਤਿ ਗੁਣ ਗੋਬਿੰਦ ਨਿਤ ਪ੍ਰਤਹ॥ ੪੨॥
ਅੱਖਰੀਂ ਅਰਥ--— (ਦੂਜਿਆਂ ਨੂੰ) ਧੋਖਾ (ਦੇਣਾ),
(ਕਿਸੇ ਦੇ) ਐਬ (ਫਰੋਲਣੇ), (ਹੋਰਨਾਂ ਦੇ ਰਸਤੇ ਵਿਚ) ਕ੍ਰੋੜਾਂ ਰੁਕਾਵਟਾਂ (ਪਾਣੀਆਂ), ਵਿਕਾਰ,
ਪਾਪ, ਭਟਕਣਾ, ਮੋਹ, ਆਦਰ, ਨਿਰਾਦਰੀ, ਅਹੰਕਾਰ— (ਜਿਨ੍ਹਾਂ ਲੋਕਾਂ ਨੂੰ ਇਹਨਾਂ ਤਰੀਕਿਆਂ ਨਾਲ)
ਮਾਇਆ ਆਪਣੇ ਦਬਾਉ ਹੇਠ ਰੱਖਦੀ ਹੈ, ਉਹ ਜਨਮ ਮਰਨ ਵਿੱਚ ਭਟਕਦੇ ਰਹਿੰਦੇ ਹਨ, ਨਰਕ ਭੋਗਦੇ ਰਹਿੰਦੇ
ਹਨ। ਅਨੇਕਾਂ ਉਪਾਵ ਕਰਨ ਨਾਲ ਭੀ (ਇਹਨਾਂ ਦੁੱਖਾਂ ਤੋਂ ਨਿਕਲਣ ਵਿੱਚ ਕਾਮਯਾਬ ਨਹੀਂ ਹੁੰਦੇ।
ਹੇ ਨਾਨਕ! ਜੋ ਮਨੁੱਖ ਸਦਾ ਸਾਧ ਸੰਗਤਿ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਜਪਦੇ ਹਨ, ਸਦਾ ਗੋਬਿੰਦ
ਦੇ ਗੁਣ ਗਾਂਦੇ ਹਨ, ਉਹ ਪਵਿਤ੍ਰ (-ਜੀਵਨ) ਹੋ ਜਾਂਦੇ ਹਨ।
ਵਿਚਾਰ ਚਰਚਾ—
੧ ਜਿਸ ਸਮਾਜ ਵਿੱਚ ਅਸੀਂ ਰਹਿ ਰਹੇ ਹਾਂ ਉਸ ਸਮਾਜ ਵਿੱਚ ਵੱਖ ਵੱਖ ਪ੍ਰਕਾਰ ਦੇ ਸੁਭਾਵਾਂ ਵਾਲੇ
ਮਨੁੱਖਾਂ ਨਾਲ ਸਾਡਾ ਵਾਹ ਵਾਸਤਾ ਪੈਂਦਾ ਹੀ ਰਹਿੰਦਾ ਹੈ।
੨ ਕਈਆਂ ਦੀ ਇਹ ਆਦਤ ਹੀ ਬਣ ਜਾਂਦੀ ਹੈ ਦੂਜਿਆਂ ਨੂੰ ਧੋਖਾ ਦੇਣਾ ਜਾਂ ਉਹਨਾਂ ਦੇ ਐਬ ਫੋਲਣੇ ਹੀ
ਹਨ।
੩ ਸਭ ਤੋਂ ਵੱਧ ਧੋਖਾ ਧਰਮ ਦੀ ਦੁਨੀਆਂ ਵਿੱਚ ਪੁਜਾਰੀਆਂ ਵਲੋਂ ਦਿੱਤਾ ਜਾਂਦਾ ਹੈ।
੪ ਕੀ ਸਿੱਖ ਧਰਮ ਵਿੱਚ ਅੱਜ ਝੂਠੀਆਂ ਪੁੱਤਰਾਂ ਦੀਆਂ ਦਾਤਾਂ ਲਈ ਅਰਦਾਸਾਂ ਨਹੀਂ ਕੀਤੀਆਂ ਜਾਂਦੀਆਂ?
ਜੇ ਕੀਤੀਆਂ ਜਾਂਦੀਆਂ ਤਾਂ ਇਸ ਨੂੰ ਧੋਖਾ ਨਹੀਂ ਕਹਿਆ ਜਾ ਸਕਦਾ?
੫ ਮਨੁੱਖ ਆਪਣੀਆਂ ਗਲਤੀਆਂ ਛਪਾਉਣ ਲਈ ਦੂਜਿਆਂ ਦੇ ਐਬ ਲੱਭਦਾ ਰਹਿੰਦਾ ਹੈ। ਇਸ ਦਾ ਮਕਸਦ ਇਕੋ ਹੀ
ਹੰਦਾ ਹੈ ਕਿ ਮੈਂ ਲੋਕਾਂ ਦੀ ਨਿਗਾਹ ਵਿੱਚ ਚੰਗਾ ਦਿਸਦਾ ਰਹਾਂ।
੬ ਮਲੀਨ ਸੋਚ ਦਾ ਨਾਂ ਪਾਪ ਹੈ ਤੇ ਜਦੋਂ ਮਲੀਨ ਸੋਚ ਨੂੰ ਅਮਲੀ ਜਾਮਾ ਪਹਿਨਾਉਂਦਾ ਹੈ ਤਾਂ ਉਹ
ਅਪਰਾਧ ਬਣ ਜਾਂਦਾ ਹੈ।
੭ ਪੁਜਾਰੀਆਂ ਦਾ ਨਿਰਧਾਰਤ ਕੀਤਾ ਹੋਇਆ ਅਕਾਸ਼ ਵਿੱਚ ਕੋਈ ਨਰਕ ਨਹੀਂ ਬਣਿਆ ਹੋਇਆ ਹੈ ਇਹ ਤੇ ਮਨੁੱਖ
ਆਪਣੇ ਘਟੀਆਂ ਸੁਭਾਅ ਕਰਕੇ ਹੀ ਏਸੇ ਜੀਵਨ ਵਿੱਚ ਭੋਗਦਾ ਹੈ।
੮ ਬੁਰੇ ਵਿਚਾਰ ਉਸ ਆਦਮੀ ਵਿੱਚ ਪਰਵੇਸ਼ ਨਹੀਂ ਕਰ ਸਕਦੇ ਜਿਸ ਦੇ ਹਿਰਦੇ ਵਿੱਚ ਪ੍ਰਾਮਾਤਮਾ ਦੇ
ਵਿਚਾਰ ਪਹਿਰਦਾਰੀ ਕਰਦੇ ਹੋਣ।
੯ ਜੇ ਮਨ ਕਰਕੇ ਗੁਰ-ਗਿਆਨ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰਦਾ ਹੈ ਤਾਂ ਨਿਰਸੰਦੇਹ ਨਰਕ ਵਾਲੀ
ਜ਼ਿੰਦਗੀ ਤੋਂ ਇਸ ਦਾ ਬਚਾ ਹੋ ਸਕਦਾ ਹੈ।
੧੦ ਜ਼ਿੰਦਗੀ ਦੇ ਕਿਸੇ ਵੀ ਪੜਾਅ ਤੇ ਸਜਣ ਵਾਂਗ ਆਪਣਾ ਜੀਵਨ ਬਦਲ ਸਕਣ ਦੀ ਸਮਰੱਥਾ ਰੱਖਦਾ ਹੈ
ਬ-ਸ਼ਰਤੇ ਇਹ ਮਨੋ ਮੰਨਣ ਲਈ ਤਿਆਰ ਹੋਵੇ।
ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ ਤਿਉ ਸਤਸੰਗਤਿ ਮਿਲਿ ਪਤਿਤ
ਪਰਵਾਣੁ॥ ੩॥
ਗੋਂਡ ਮਹਲਾ ੪ ਪੰਨਾ ੮੬੧