ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਰੱਬ ਦੀ ਸਰਨ ਤੋਂ ਭਾਵ
ਜਿਵੇਂ ਜਿਵੇਂ ਗੁਰਬਾਣੀ ਅਭਿਆਸ ਕੀਤਾ ਜਾਂਦਾ ਹੈ ਤਿਵੇਂ ਤਿਵੇਂ ਰੱਬ ਸਬੰਧੀ
ਡੂੰਘੀ ਜਾਣਕਾਰੀ ਹਾਸਲ ਹੁੰਦੀ ਹੈ। ਰੱਬ ਨੂੰ ਪੁਜਾਰੀ ਨੇ ਇਸ ਤਰ੍ਹਾਂ ਪੇਸ਼ ਕੀਤਾ ਹੈ ਜਿਵੇਂ ਸਰੀਰਕ
ਤਲ਼ `ਤੇ ਵੱਡ ਅਕਾਰੀ ਦਫਤਰ ਸਜਾ ਕੇ ਬੈਠਾ ਹੋਇਆ ਕੋਈ ਮਨੁੱਖ ਹੈ। ਉਸ ਸਬੰਧੀ ਪੁਜਾਰੀ ਦੇ ਕਹੇ
ਅਨੁਸਾਰ ਜਿਸ ਤਰ੍ਹਾਂ ਸਰਕਾਰੀ ਦਫਤਰਾਂ ਵਿੱਚ ਪੈਸੇ ਦੇ ਕੇ ਆਪਣਾ ਕੰਮ ਕਰਾਇਆ ਜਾਂਦਾ ਹੈ ਕੁੱਝ ਏਸ
ਤਰ੍ਹਾਂ ਅਸੀਂ ਰੱਬ ਨਾਲ ਸੌਦਾ ਕਰਦੇ ਹੋਏ ਦਿਖਾਈ ਦੇਂਦੇ ਹਾਂ। ਪੁਜਾਰੀ ਨੇ ਪੂਰੀ ਤਰ੍ਹਾਂ ਨਾਲ
ਮਨੁੱਖਤਾ ਨੂੰ ਆਪਣੇ ਭਰੋਸੇ ਵਿੱਚ ਲਇਆ ਹੋਇਆ ਕਿ ਜਿਹੜਾ ਵੀ ਉਸ ਦੀ ਨਾਮ ਸਿਮਰੇਗਾ ਰੱਬ ਜੀ ਉਸ ਨਾਲ
ਮਨੋ ਖੁਸ਼ ਹੋਣਗੇ ਤੇ ਉਹਨਾਂ ਦੇ ਵਿਗੜੇ ਤਿਗੜੇ ਕੰਮ ਸਾਰੇ ਰੱਬ ਜੀ ਖੁਦ ਕਰ ਦੇਂਦੇ ਹਨ।
ਹਰ ਮਨੁੱਖ ਰੱਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਪੁਜਾਰੀ ਦੇ ਕਹੇ
ਅਨੁਸਾਰ ਪੂਜਾ ਪਾਠ, ਭੇਟਾ, ਦਾਨ ਪੁੰਨ, ਸੁੱਖਣਾ ਇਤ ਆਦਕ ਪੂਰੇ ਧਰਮ ਕਰਮ ਨਾਲ ਨੇਮ ਨਿਬਾਹੁੰਦਾ
ਹੋਇਆ ਦਿਸ ਰਿਹਾ ਹੈ। ਵਿਕਸਤ ਮੁਲਕਾਂ ਨਾਲੋਂ ਭਾਰਤ ਵਿੱਚ ਰੱਬ ਦੀ ਪੂਜਾ ਸਭ ਤੋਂ ਵੱਧ ਕੀਤੀ ਜਾ
ਰਹੀ ਹੈ। ਹੁਣ ਰੱਬ ਨੂੰ ਖੁਸ਼ ਕਰਨ ਲਈ ਨਦੀਆਂ ਦਰਿਆਵਾਂ ਦੇ ਵਗਦੇ ਪਾਣੀਆਂ ਵਿੱਚ ਆਪਣੇ ਘਰ ਦਾ ਗੰਦ
ਮੰਦ ਸੁਟ ਕੇ ਰੱਬ ਨੂੰ ਖੁਸ਼ ਕਰਨ ਵਿੱਚ ਲੱਗੇ ਹੋਏ ਹਾਂ। ਕੋਈ ਪਿੱਪਲ ਦੁਆਲੇ ਧਾਗੇ ਟਾਕੀਆਂ ਬੰਨ੍ਹ
ਕੇ ਰੱਬ ਨੂੰ ਇਹ ਕਹਿ ਰਿਹਾ ਹੈ ਦੇਖ ਮੈਂ ਕਿੰਨੀ ਸ਼ਰਧਾ ਨਾਲ ਤੇਰੇ ਦੁਆਲੇ ਧਾਗਾ ਬੱਧਾ ਈ ਹੁਣ ਤੇਰੀ
ਕਿਰਪਾ ਚਾਹੀਦੀ ਹੈ ਕਿ ਮੇਰਾ ਮਸਲਾ ਹੱਲ ਕਰ ਦੇ।
ਚੋਰੀ ਕਰਨ ਵਾਲਾ ਰੱਬ ਅੱਗੇ ਅਰਦਾਸਾਂ ਕਰ ਰਿਹਾ ਹੈ ਕਿ ਮੈਂ ਫੜਿਆ ਨਾ
ਜਾਵਾਂ। ਉਹ ਵੀ ਸਾਰੀ ਜ਼ਿੰਮੇਵਾਰੀ ਰੱਬ ਜੀ `ਤੇ ਸੁੱਟ ਰਿਹਾ ਹੈ। ਕਤਲ ਕਰਨ ਵਾਲਾ ਵੀ ਇਹ ਅਰਦਾਸਾਂ
ਕਰ ਰਿਹਾ ਹੈ ਕਿ ਰੱਬ ਜੀ ਹੁਣ ਤੁਸੀਂ ਹੀ ਬਹੁੜੀ ਕਰੋ ਕਿ ਮੈਨੂੰ ਜੇਲ੍ਹ ਨਾ ਹੋਵੇ। ਅਸਲ ਵਿੱਚ ਜੇ
ਗੁਰੂ ਨਾਨਕ ਸਾਹਿਬ ਜੀ ਦੇ ਸਮਝਾਏ ਹੋਏ ਰੱਬੀ ਗੁਣਾਂ ਨੂੰ ਅਸੀਂ ਸਮਝ ਲੈਂਦੇ ਤਾਂ ਨਿਰਸੰਦੇਹ ਜਿੱਥੇ
ਸਾਡਾ ਜੀਵਨ ਰਸ ਦਾਇਕ ਹੋਣਾ ਸੀ ਓੱਥੇ ਅਸੀਂ ਚੰਗੇ ਸਮਾਜ ਦੀ ਸਿਰਜਣਾ ਵਿੱਚ ਵੀ ਜ਼ਰੂਰ ਯੋਗਦਾਨ ਪਉਣਾ
ਸੀ। ਰੱਬ ਦੀ ਸਰਣ ਤੋਂ ਕੀ ਭਾਵ ਹੈ-- ਇਸ ਨੁਕਤੇ ਨੂੰ ਸਮਝਣ ਲਈ ਹੇਠ ਲਿਖ ਸਲੋਕ ਦੀ ਵਿਚਾਰ ਨੂੰ
ਸਮਝਣ ਦਾ ਯਤਨ ਕੀਤਾ ਜਾਏਗਾ—
ਤਰਣ ਸਰਣ ਸੁਆਮੀ, ਰਮਣ ਸੀਲ ਪਰਮੇਸੁਰਹ॥
ਕਰਣ ਕਾਰਣ ਸਮਰਥਹ, ਦਾਨੁ ਦੇਤ ਪ੍ਰਭੁ ਪੂਰਨਹ॥
ਨਿਰਾਸ ਆਸ ਕਰਣੰ, ਸਗਲ ਅਰਥ ਆਲਯਹ॥
ਗੁਣ ਨਿਧਾਨ ਸਿਮਰੰਤਿ ਨਾਨਕ, ਸਗਲ ਜਾਚੰਤ ਜਾਚਿਕਹ॥ ੪੩॥
ਅੱਖਰੀਂ ਅਰਥ
--—
ਪਰਮਾਤਮਾ ਸਭ ਕੌਤਕ ਰਚਨਹਾਰ ਹੈ, ਸਭ ਦਾ ਮਾਲਕ ਹੈ, ਉਸ ਦੀ ਸਰਨ (ਜੀਵਾਂ ਲਈ, ਮਾਨੋ) ਜਹਾਜ਼ ਹੈ।
ਪੂਰਨ ਪ੍ਰਭੂ ਜੀਵਾਂ ਨੂੰ ਦਾਤਾਂ ਦੇਂਦਾ ਹੈ, ਉਹ ਜਗਤ ਦਾ ਮੂਲ ਹੈ, ਸਭ ਕੁੱਝ ਕਰਨ-ਜੋਗਾ ਹੈ।
ਪ੍ਰਭੂ ਨਿਰਾਸਿਆਂ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ, ਸਾਰੇ ਪਦਾਰਥਾਂ ਦਾ
ਘਰ ਹੈ।
ਹੇ ਨਾਨਕ! ਸਾਰੇ (ਜੀਵ) ਮੰਗਤੇ (ਬਣ ਕੇ ਉਸ ਦੇ ਦਰ ਤੋਂ) ਮੰਗਦੇ ਹਨ, ਤੇ
ਸਭ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਸਿਮਰਦੇ ਹਨ॥
ਵਿਚਾਰ ਚਰਚਾ—
ਨਿਰਾ ਮੰਗਣ ਨਾਲ ਕੁੱਝ ਨਹੀਂ ਬਣਨਾ ਜਿੰਨ੍ਹਾਂ ਚਿਰ ਖ਼ੁਦ ਉਦਮ ਨਹੀਂ ਕਰਦਾ--
੧ ਕੀ ਰੱਬ ਜੀ ਨੇ ਸੰਸਾਰ ਵਿੱਚ ਇਕੱਲੇ ਇਕੱਲੇ ਰੁੱਖ ਨੂੰ ਲਗਾਇਆ ਹੈ? ਕੀ
ਮਾਤਾ ਪਿਤਾ ਦੀ ਪ੍ਰਕਿਰਿਆ ਦੇ ਅਭਿਆਸ ਤੋਂ ਬਿਨਾ ਹੀ ਸੰਸਾਰ ਵਿੱਚ ਜਨਮ ਹੋਈ ਜਾ ਰਹੇ ਹਨ? ਕੀ ਰੱਬ
ਜੀ ਕਹਿੰਦੇ ਹਨ ਕਿ ਏੱਥੇ ਪੈਣਾ ਚਾਹੀਦਾ ਹੈ ਤੇ ਏੱਥੇ ਮੀਂਹ ਨਹੀਂ ਪੈਣਾ ਚਾਹੀਦਾ। ਜੇ ਏਦਾਂ ਦੀ
ਗੱਲ ਹੈ ਤਾਂ ਫਿਰ ਰੱਬ ਜੀ ਨਿਰਵੈਰ ਕਿਦਾਂ ਹੋਏ?
੨ ਕੀ ਰੱਬ ਜੀ ਦੀ ਸਰਨ ਤੋਂ ਭਾਵ ਇਸ ਤਰ੍ਹਾਂ ਲਿਆ ਜਾਣਾ ਚਾਹੀਦਾ ਹੈ ਜਿਵੇਂ
ਕਿਸੇ ਸਰਪੰਚ ਦੇ ਘਰ ਜਾ ਕੇ ਉਸ ਪਾਸੋਂ ਆਪਣਾ ਕੋਈ ਕਾਰਜ ਕਰਵਾ ਲਈਦਾ ਹੈ?
੩ ਰੱਬ ਜੀ ਸਭ ਨੂੰ ਦਾਤਾਂ ਦੇਂਦੇ ਹਨ ਤਾਂ ਫਿਰ ਗਰੀਬੀ ਕਿਉਂ ਫੈਲੀ ਹਈ ਹੈ?
ਕਈ ਲੋਕ ਭੁਖੇ ਹੀ ਸੌਂ ਜਾਂਦੇ ਹਨ ਅਜੇਹਾ ਕਿਉਂ?
੪ ਅਸਲ ਵਿੱਚ ਇੱਕ ਬੱਝਵੇਂ ਨਿਯਮ ਤਹਿਤ ਸਾਰੀ ਉਤਪਤੀ ਹੋਈ ਹੈ ਤੇ ਫਿਰ ਇਸ
ਦਾ ਵਿਕਾਸ ਹੋਇਆ ਹੈ। ਇਸ ਬੱਝਵੇਂ ਨਿਯਮ ਦਾ ਨਾਂ ਹੀ ਰੱਬ ਜੀ ਹੈ।
੫ ਰੱਬ ਜੀ ਦੀ ਸਰਣ ਤੋਂ ਭਾਵ ਮਿਹਨਤ ਕਰਨੀ, ਇਮਾਨਦਾਰੀ ਰੱਖਣੀ, ਸਦਾ ਸੱਚ
ਨੂੰ ਪਹਿਲ ਦੇਣੀ, ਉਦਮੀ ਹੋਣਾ, ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਹੀ ਰੱਬ ਜੀ ਦੀ ਸਰਨ ਹੈ।
੬ ਸਭ ਜੀਵਾਂ ਨੂੰ ਦਾਤਾਂ ਦੇਂਣ ਤੋਂ ਭਾਵ ਹੈ ਕਿ ਸਾਨੂੰ ਜਨਮ ਮਿਲਿਆ ਹੈ,
ਧਰਤੀ, ਹਵਾ, ਧੁੱਪ, ਗਰਮੀ ਸਰਦੀ ਮਿਲੀ ਹੋਈ ਹੈ। ਇਸ ਵਿੱਚ ਉਦਮ ਤੇ ਮਿਹਨਤ ਸਾਨੂੰ ਹੀ ਕਰਨੀ ਪੈਣੀ
ਹੈ। ਉਦਮ ਕਰਨਾ ਹੀ ਅਸਲ ਵਿੱਚ ਰੱਬੀ ਦਾਤ ਦੀ ਪ੍ਰਾਪਤੀ ਹੈ।
੭ ਸੱਚੇ ਮੰਗਤੇ ਬਣਨ ਤੋਂ ਭਾਵ ਸਮੁੱਚੇ ਤੌਰ `ਤੇ ਮਿਹਨਤੀ ਹੋਣ ਤੋਂ ਹੈ ਤੇ
ਨਿੰਮਰਤਾ ਨਾਲ ਗੁਣ ਹਾਸਲ ਕਰਨ ਤੋਂ ਹੈ।
੮ ਉਸ ਦਾ ਆਸਰਾ ਲੈਣ ਤੋਂ ਭਾਵ ਅੰਦਰੋਂ ਬਾਹਰੋਂ ਇੱਕ ਹੋਣਾ, ਸਚਾਈ ਦਾ ਪੱਲਾ
ਫੜਨਾ, ਆਪਣੇ ਫ਼ਰਜ਼ ਦੀ ਪਹਿਚਾਨ ਕਰਨ ਤੋਂ ਹੈ।
੯ ਰੱਬ ਜੀ ਵਲੋਂ ਵਿਤਕਰੇ ਨਹੀਂ ਹਨ ਇਹ ਵਿਤਕਰੇ ਸਰਕਾਰਾਂ ਦੇ ਬਦਇੰਤਜ਼ਾਮ ਤੇ
ਧਾਰਮਕ ਆਗੂਆਂ ਵਲੋਂ ਹੀ ਨਿਰਧਾਰਤ ਕੀਤੇ ਹੋਏ ਹਨ।
੧੦ ਸਦੀਵ ਕਾਲ ਰੱਬੀ ਨਿਯਮਾਵਲੀ ਤੇ ਦੈਵੀ ਗੁਣਾਂ ਦੇ ਸਮੂੰਹ ਦਾ ਨਾਂ ਰਬ
ਹੈ। ਇਸ ਜੀਵਨ ਰਹਿੰਦਿਆਂ ਉਦਮ, ਮਿਹਨਤ-ਮਸ਼ੱਕਤ, ਇਮਾਨਦਾਰੀ ਤਾਂ ਸਾਨੂੰ ਹੀ ਕਰਨੀ ਪੈਣੀ ਹੈ।
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥ ੧॥
ਸਲੋਕ ਮ: ੫ ਪੰਨਾ ੫੨੨