. |
|
ਮਹਾਂਮਾਰੀ ਬਨਾਮ ਸੰਪਰਦਾਈ ਧਰਮ
ਵਿਸ਼ਵ ਵਿੱਚ ਮਹਾਂਮਾਰੀ
(pandemic)
ਦਾ ਭਿਆਨਕ ਰੂਪ ਧਾਰ ਚੁੱਕਿਆ ਕੋਈ ਵੀ ਵਿਸ਼ਾਣੂ ਰੋਗ
(virus)
ਮਨੁੱਖਤਾ ਵਾਸਤੇ ਸਰਾਪ ਹੁੰਦਾ ਹੈ। ਪਰੰਤੂ ਮਨੁੱਖਾ ਸਮਾਜ ਦੀ ਇੱਕ ਸ਼੍ਰੇਣੀ ਅਜਿਹੀ ਹੈ ਜਿਸ ਵਾਸਤੇ
ਅਜਿਹਾ ਕੁਦਰਤੀ ਕਹਰ ਵੀ ਵਰ ਸਾਬਤ ਹੁੰਦਾ ਹੈ। ਇਹ ਸ਼੍ਰੇਣੀ ਹੈ: ਵਾਪਾਰੀ ਸ਼੍ਰੇਣੀ।
ਮੁਨਾਫ਼ਾਖ਼ੋਰ ਵਾਪਾਰੀ, ਮਹਾਂਮਾਰੀ ਦੇ ਭਿਆਨਕ ਫੰਦੇ ਵਿੱਚ ਫਸੀ ਪੀੜਤ ਜਨਤਾ ਨਾਲ ਹਮਦਰਦੀ ਜਤਾਉਣ ਦੀ
ਬਜਾਏ ਆਪਣਾ ਮੁਨਾਫ਼ਾ ਵਧਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਸਾਜ਼ਿਸ਼ਾਂ ਘੜਦਾ ਰਹਿੰਦਾ ਹੈ। ਮਹਾਂਮਾਰੀ
ਦੀ ਅਣਸੁਖਾਵੀਂ ਸਥਿਤੀ ਦਾ ਫ਼ਾਇਦਾ ਉਠਾ ਕੇ, ਵਾਪਾਰੀ ਰੋਜ਼ਾਨਾ ਜੀਵਨ ਵਾਸਤੇ ਜ਼ਰੂਰੀ ਵਸਤਾਂ ਦੀ
ਜ਼ਖ਼ੀਰੇਬਾਜ਼ੀ ਕਰਦਾ ਹੈ ਅਤੇ ਫਿਰ, ਮੁਸੀਬਤ ਵਿੱਚ ਫਸੀ ਜਨਤਾ ਦੀ ਮਜਬੂਰੀ ਦਾ ਫ਼ਾਇਦਾ ਉਠਾਉਂਦਿਆਂ, ਉਹ
ਜ਼ਖ਼ੀਰੇ ਵਿੱਚ ਇਕੱਠਾ ਕੀਤਾ ਸਾਮਾਨ ਮਨਮਰਜ਼ੀ ਦੇ ਮਹਿੰਗੇ ਮੁੱਲ `ਤੇ ਵੇਚਦਾ ਹੈ। ਮਾਇਆ-ਮੁਰੀਦ ਵਪਾਰੀ
ਨੂੰ ਮਹਾਂਮਾਰੀ ਦੀ ਮੁਸੀਬਤ ਵਿੱਚ ਫਸੀ ਰੱਬ ਦੀ ਰਿਆਇਆ ਨਾਲੋਂ ਮਾਇਆ ਵਧੇਰੇ ਪਿਆਰੀ ਹੁੰਦੀ ਹੈ। ਇਸ
ਸਮਾਜਿਕ ਸੱਚ ਦੀਆਂ ਖ਼ਬਰਾਂ ਆਮ ਪੜ੍ਹੀਆਂ, ਸੁਣੀਆਂ ਅਤੇ ਹੰਢਾਈਆਂ ਜਾਂਦੀਆਂ ਹਨ।
ਵਾਪਾਰਾਂ ਵਿੱਚੋਂ ਸੱਭ ਤੋਂ ਵੱਧ ਲਾਹੇਵੰਦ ਵਾਪਾਰ ਧਰਮ ਦਾ ਧੰਦਾ
ਹੈ। ਧਰਮ ਦੇ ਧੰਦੇ ਵਿੱਚ ਨਿਵੇਸ਼
(investment)
ਭੋਲੀ-ਭਾਲੀ ਪ੍ਰਜਾ ਦਾ ਹੁੰਦਾ ਹੈ। ਪਰੰਤੂ ਇਸ ਧੰਦੇ ਦਾ ਮਾਲਿਕ ਤਿਕੜਮਬਾਜ਼ ਤੇ ਪਾਜੀ ਪੁਜਾਰੀ ਬਣ
ਬੈਠਦਾ ਹੈ! ! ਹੋਰ ਤਾਂ ਹੋਰ, ਇਸ ਲਾਹੇਵੰਦ ਧੰਦੇ ਵਿੱਚ ਲੁੱਟ-ਖਸੁਟ ਵੀ ਅਗਿਆਨਮੱਤੀ ਤੇ
ਅੰਧਵਿਸ਼ਵਾਸੀ ਨਿਵੇਸ਼ਕਾਂ (ਸੰਗਤਾਂ, ਪ੍ਰਜਾ ਜਾਂ ਭੀੜ) ਦੀ, ਪਰ ਲਾਹਾ, ਅਯਾਸ਼ੀ ਅਤੇ ਮੌਜਾਂ ਧੰਦਲੀ
ਪੁਜਾਰੀ ਦੀਆਂ! ਧਰਮ ਦਾ ਧੰਦਾ ਕਰਨ ਵਾਲੀ ਪੁਜਾਰੀ ਸ਼੍ਰੇਣੀ ਆਮ ਵਪਾਰੀਆਂ ਤੋਂ ਵਧੇਰੇ ਸ਼ਾਤਰ ਤੇ
ਚਾਲਾਕ ਹੈ। ਉਹ, ਕਈ ਤਰ੍ਹਾਂ ਦੇ ਪਰਪੰਚ ਕਰ ਕੇ, ਮੁਸੀਬਤ ਵਿੱਚ ਫਸੇ ਲੋਕਾਂ ਦੀ ਵਧੇਰੇ ਛਿੱਲ
ਲਾਹੁੰਦੀ ਹੈ; ਛਿੱਲ ਲਾਹ ਕੇ ਵੀ ਚਤੁਰ ਪੁਜਾਰੀ ਸਿੱਧੜ ਸ਼੍ਰੱਧਾਲੂਆਂ ਦੇ ਪੱਲੇ ਕੁੱਝ ਨਹੀਂ
ਪਾਉਂਦਾ! ਇਸ ਕਥਨ ਦੇ ਪੁਖ਼ਤਾ ਪ੍ਰਮਾਣ ਚਾਰ-ਚੁਫੇਰੇ ਵੇਖਣ ਨੂੰ ਮਿਲਦੇ ਹਨ। ਇਸ ਸੱਚ ਦੀ ਤਾਜ਼ਾ
ਮਿਸਾਲ, ਕੁੱਝ ਮਹੀਨਿਆਂ ਤੋਂ ਸਾਰੇ ਸੰਸਾਰ ਵਿੱਚ ਫੈਲ ਚੁੱਕੀ
ਕੋਰੋਨਾ ਵਾਇਰਸ
(Corona Virus)
ਨਾਮ ਦੀ ਮਹਾਂਮਾਰੀ ਤੋਂ ਪੈਦਾ ਹੋਈ ਦਰਦਨਾਕ ਸਥਿਤੀ ਹੈ। ਇਸ ਮਹਾਂਮਾਰੀ ਦੇ ਪਰਿਕੋਪ ਤੋਂ ਲੋਕਾਂ
ਨੂੰ ਮੁਕਤੀ ਦਿਵਾਉਣ ਵਾਸਤੇ ਸੰਸਾਰ ਦੇ ਸਾਰੇ ਸੰਪਰਦਾਈ ਧਰਮਾਂ ਦੇ ਮਾਇਆਧਾਰੀ ਪੁਜਾਰੀਆਂ ਦਾ ਕਪਟੀ
ਟੋਲਾ ਸਹਿਮੀ ਹੋਈ ਜਨਤਾ ਤੋਂ ਮਾਇਆ ਠੱਗਣ ਵਾਸਤੇ ਪੱਬਾਂ ਭਾਰ ਹੋ ਗਿਆ ਹੋਇਆ ਹੈ। ਸਿੱਧੜ
ਸ਼੍ਰੱਧਾਲੂਆਂ ਤੋਂ ਮਾਇਆ ਠੱਗਣ ਵਾਸਤੇ ਜੋ ਅਮਾਨਵੀ ਅਤੇ ਅਧਾਰਮਿਕ ਜੁਗਾੜ ਪੁਜਾਰੀ ਲਾਣਾ ਕਰ ਰਿਹਾ
ਹੈ, ਉਨ੍ਹਾਂ ਬਾਰੇ ਸੰਖੇਪ ਵਿਚਾਰ ਕਰਦੇ ਹਾਂ।
(ਨੋਟ:- ਉਂਜ ਤਾਂ ਸੰਸਾਰ ਦੇ ਸਾਰੇ ਸੰਪਰਦਾਈ ਧਰਮਾਂ ਦੇ ਪੁਜਾਰੀ
ਇਸ ਭਿਆਨਕ ਸਥਿਤੀ ਦਾ ਫ਼ਾਇਦਾ ਉਠਾ ਰਹੇ ਹਨ, ਪਰ ਇੱਥੇ ਅਸੀਂ ਸਿਰਫ਼ ਸੰਪਰਦਾਈ ਸਿੱਖ ਧਰਮ ਦੇ ਪੁਜਾਰੀ
ਲਾਣੇ ਬਾਰੇ ਹੀ ਗੱਲ ਕਰਨੀ ਹੈ।)
ਕੋਰੋਨਾ ਵਿਸ਼ਾਣੂ ਰੋਗ ਦੀ ਮਹਾਂਮਾਰੀ ਤੋਂ ਮਨੁੱਖਤਾ ਨੂੰ ਬਚਾਉਣ ਲਈ
ਸੰਸਾਰ ਦੇ ਲਗ ਪਗ ਸਾਰੇ ਦੇਸਾਂ ਵਿੱਚ ਜਨਤਕ ਇਕੱਠਾਂ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇੱਕ ਦੂਜੇ
ਤੋਂ ਘੱਟੋ-ਘੱਟ ਛੇ ਫ਼ੁੱਟ ਦੀ ਸਮਾਜਿਕ ਦੂਰੀ
(social distancing)
ਬਣਾਈ ਰੱਖਣ ਦੇ ਆਦੇਸ਼ ਵੀ ਦਿੱਤੇ ਗਏ ਹਨ। ਵਿੱਦਿਅਕ ਸੰਸਥਾਵਾਂ, ਦਫ਼ਤਰ, ਹੋਟਲ, ਢਾਬੇ ਅਤੇ ਸਿਨੇਮਾ
ਹਾਲ ਆਦਿ ਜਨਤਿਕ ਸਥਾਨ ਹੁਕਮਨ ਬੰਦ ਕਰ ਦਿੱਤੇ ਗਏ ਹਨ। ਆਵਾ-ਜਾਈ ਦੇ ਸਾਰੇ ਸਾਧਨਾਂ (ਬਸਾਂ, ਰੇਲ
ਗੱਡੀਆਂ, ਸਮੁੰਦਰੀ ਅਤੇ ਹਵਾਈ ਜਹਾਜ਼ ਆਦਿ) ਉਪਰ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਕੁਦਰਤੀ ਕਹਰ
ਵਿੱਚ ਫਸੇ ਅਧਿਕਤਰ ਲੋਕ, ਔਖੇ ਹੋ ਕੇ ਵੀ, ਇਨ੍ਹਾਂ ਵਕਤੀ ਪਾਬੰਦੀਆਂ ਅਤੇ ਨਿਯਮਾਂ ਦਾ ਪਾਲਣ ਕਰਨ
ਦਾ ਯਤਨ ਕਰ ਰਹੇ ਹਨ। ਇਧਰ ਸਾਡੇ ‘ਗੁਣੀ-ਗਿਆਨੀ’ ਲੀਡਰਾਂ ਦਾ ਹਾਲ ਦੇਖੋ, ਉਨ੍ਹਾਂ ਦੇ
ਉਜੱਡਤਾ ਵਾਲੇ ਬੇਤੁਕੇ ਅਤੇ ਬੇਹੂਦਾ ਬਿਆਨ ਗੁਰਮਤਿ ਦੇ ਸੱਚੇ ਸ਼੍ਰੱਧਾਲੂਆਂ ਨੂੰ ਸ਼ਰਮਸਾਰ ਕਰਨ ਵਾਲੇ
ਹਨ। ਇਸ ਕਥਨ ਦਾ ਪ੍ਰਮਾਣ ਹਨ ਹੇਠ ਲਿਖੇ ਬਿਆਨ:
"ਆਸਥਾ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਸਮੇਤ ਕਿਸੇ ਵੀ ਗੁਰੂ ਘਰ ਅੰਦਰ
ਸੰਗਤ ਲਈ ਰੋਕ ਨਹੀਂ ਲਗਾਈ ਜਾ ਸਕਦੀ"। ਭਾਈ ਲੌਂਗੋਵਾਲ (ਰੋਜ਼ਾਨਾ ਸਪੋਕਸਮੈਨ- 21
ਮਾਰਚ,
2020.)
"ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ `ਤੇ ਪਾਬੰਦੀ ਦਾ ਸਵਾਲ ਹੀ ਨਹੀਂ ਪੈਦਾ
ਹੁੰਦਾ"। ਲੌਂਗੋਵਾਲ (ਅਜੀਤ 23
ਮਾਰਚ,
2020.)
ਪਾਠ, ਅਰਦਾਸ ਅਤੇ ਤੀਰਥ ਇਸ਼ਨਾਨ ਧਰਮ ਦੇ ਧੰਦੇ ਵਿੱਚ ਸੱਭ ਤੋਂ
ਵੱਧ ਲਾਹੇਵੰਦ ਸੌਦਾ ਹਨ। ਇਸੇ ਲਈ ਪੁਜਾਰੀਆਂ ਦੀ ਠੱਗ-ਮੰਡਲੀ (ਪ੍ਰਬੰਧਕ, ਜਥੇਦਾਰ, ਰਾਗੀ,
ਪ੍ਰਚਾਰਕ ਅਤੇ ਕਥਾਵਾਚਕ ਵਗੈਰਾ ਵਗੈਰਾ) ਇਨ੍ਹਾਂ ਕਰਮਕਾਂਡਾਂ ਨੂੰ ਕਰਨ-ਕਰਵਾਉਣ ਦੀ ਸਿੱਖਿਆ ਉੱਤੇ
ਜ਼ੋਰ ਦਿੰਦੇ ਰਹਿੰਦੇ ਹਨ। ਇਸ ਕਥਨ ਦੀ ਪੁਸ਼ਟੀ ਲਈ ਅਨੇਕ ਪ੍ਰਮਾਣ ਮਿਲਦੇ ਹਨ।
"ਸੰਗਤਾਂ ਕੋਰੋਨਾ ਤੋਂ ਨਿਜਾਤ ਪਾਉਣ ਲਈ ਸਵੇਰ-ਸ਼ਾਮ ਵਾਹਿਗੁਰੂ ਦਾ ਜਾਪ
ਕਰਕੇ ਅਰਦਾਸ ਕਰਨ"। ਗਿ: ਹਰਪ੍ਰੀਤ ਸਿੰਘ
"ਭਾਈ ਹਵਾਰਾ ਵੱਲੋਂ ਸਿੱਖ ਪੰਥ ਨੂੰ ਤਖ਼ਤ ਅਕਾਲ ਸਾਹਿਬ ਵਿਖੇ ੨੨ ਨੂੰ
ਅਰਦਾਸ ਕਰਨ ਦੀ ਅਪੀਲ"। ਅਜੀਤ 20
ਮਾਰਚ, 2020.
ਇਕ ਬਾਬੜੇ ਦਾ ਮੂੜ੍ਹਤਾ ਵਾਲਾ ਹਾਸੋਹੀਣਾ, ਬੇਹੂਦਾ ਅਤੇ ਬੇਤੁਕਾ ਬਿਆਨ:
"ਅਰਦਾਸ ਹੀ ਸਾਰੇ ਦੁੱਖਾਂ ਦੀ ਦਵਾ……ਜੇ ਸੱਚੇ ਮਨ ਨਾਲ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਰੀਏ
ਤਾਂ ਸਾਡੇ ਪਾਸ ਕੋਈ ਵੀ ਭਿਆਨਕ ਬੀਮਾਰੀ ਨਹੀਂ ਆ ਸਕਦੀ"।
ਮਨੁੱਖਤਾ ਨੂੰ ਕੋਰੋਨਾ ਦੀ ਮਹਾਂਮਾਰੀ ਤੋਂ ਬਚਾਉਣ ਲਈ ਮਾਇਆ-ਮੂਠੇ
ਪੁਜਾਰੀਆਂ ਵੱਲੋਂ ਸੰਸਾਰ ਦੇ ਅਧਿਕਤਰ ਗੁਰੂਦੁਆਰਿਆਂ ਵਿੱਚ ਪਾਠਾਂ (ਅਖੰਡ ਪਾਠ, ਸਹਿਜ ਪਾਠ,
ਸੁਖਮਣੀ ‘ਸਾਹਿਬ’ ਦੇ ਪਾਠ, ਜਪੁ ਜੀ ‘ਸਾਹਿਬ’ ਦੇ ਪਾਠ ਅਤੇ ਚੌਪਈ ‘ਸਾਹਿਬ’ ਦੇ ਪਾਠ ਆਦਿਕ),
ਜਾਪਾਂ ਅਤੇ ਅਰਦਾਸਾਂ ਦੀਆਂ ਝੜੀਆਂ ਲਾ ਦਿੱਤੀਆਂ ਗਈਆਂ ਹਨ। ਸ਼ੁਰੂਆਤ ਸ਼੍ਰੋਮਣੀ ਗੁ: ਪ੍ਰ: ਕਮੇਟੀ
ਅਤੇ ਪੁਜਾਰੀ ਮੰਡਲੀ ਦੁਆਰਾ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਹੀ ਕੀਤੀ ਗਈ ਹੈ।
"ਸ਼੍ਰੋਮਣੀ ਕਮੇਟੀ ਵੱਲੋਂ ਮੰਜੀ ਸਾਹਿਬ ਵਿਖੇ ਕੋਰੋਨਾ ਤੋਂ ਨਿਜਾਤ ਲਈ ਸ੍ਰੀ
ਅਖੰਡ ਪਾਠ ਸਾਹਿਬ ਦੀ ਆਰੰਭਤਾ……"।
ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਦੀ ਅਰਦਾਸ, ਅਤੇ ਫੇਰ ਪਾਠ ਦੀ
ਸੰਪੂਰਣਤਾ ਦੀ ਅਰਦਾਸ ਕੀਤੀ ਜਾਵੇਗੀ! ! ! ਇਹ ਲਿਖਣ ਦੀ ਵੀ ਲੋੜ ਨਹੀਂ ਕਿ ਕੋਰੋਨਾ ਦਾ ਸੰਤਾਪ ਖ਼ਤਮ
ਹੋਣ `ਤੇ ਇੱਕ ਵਾਰ ਫੇਰ, ਸ਼ੁਕਰਾਨੇ ਲਈ ਪਾਠਾਂ ਅਤੇ ਅਤੇ ਅਰਦਾਸਾਂ ਦੀਆਂ ਝੜੀਆਂ ਲਾ ਦਿੱਤੀਆਂ
ਜਾਣਗੀਆਂ!
ਧਰਮ ਦੇ ਆਪੂੰ ਬਣ ਬੈਠੇ ਮਾਲਿਕਾਂ/ਠੇਕੇਦਾਰਾਂ ਵਿੱਚੋਂ ਕਿਸੇ ਇੱਕ ਨੇ ਵੀ
ਕੋਰੋਨਾ ਵਿਸ਼ਾਣੂ ਦੇ ਸਰੀਰਿਕ ਰੋਗ ਦੇ ਇਲਾਜ ਲਈ ਡਾਕਟਰੀ ਸਹਾਇਤਾ ਲੈਣ ਵਾਸਤੇ ਨਹੀਂ ਕਿਹਾ! ਉਲਟਾ,
ਉਹ ਗੁਰਬਾਣੀ ਦੀਆਂ ਪਵਿਤ੍ਰ ਤੁਕਾਂ ਅਤੇ ਪਦਾਂ ( ਸਰਬ
ਰੋਗ ਕਾ ਅਉਖਦੁ ਨਾਮੁ॥ , ਦੂਖ ਨਿਵਾਰਣ, ਦੁਖਭੰਜਨ, ਦੁਖਹਰਤਾ, ਦੁਖਦਲ, ਦੂਖਬਿਨਾਸਨ
ਆਦਿ) ਦੀ ਗ਼ਲਤ ਵਰਤੋਂ ਕਰਕੇ ਬਿਬੇਕਹੀਣ ਪਿਛਲੱਗ ਸਿੱਖਾਂ
ਨੂੰ ਠੱਗਣ ਲਈ ਉਨ੍ਹਾਂ ਨੂੰ ਕਰਮਕਾਂਡਾਂ ਦੇ ਰਾਹ ਪੈਣ ਵਾਸਤੇ ਪ੍ਰੇਰਿਤ ਕਰ ਰਹੇ ਹਨ।
ਜੇ ਬਿਬੇਕ ਨਾਲ ਬੀਚਾਰੀਏ ਤਾਂ, ਨਿਰਸੰਦੇਹ, ਇਹ ਸਾਬਤ ਹੁੰਦਾ ਹੈ ਕਿ ਪਾਠ
ਅਤੇ ਅਰਦਾਸ ਮਹਾਂਮਾਰੀ ਤੋਂ ਬਚਣ ਦਾ ਉਪਾਉ ਨਹੀਂ ਹਨ; ਸਗੋਂ ਇਹ ਤਾਂ ਮਹਾਂਮਾਰੀ ਦੇ ਰੋਗ ਦੇ ਹੋਰ
ਫੈਲਣ ਵਿੱਚ ਸਹਾਈ ਹੁੰਦੇ ਹਨ। ਇਨ੍ਹਾਂ ਕਰਮਕਾਂਡੀ ਉਪਾਵਾਂ ਵਿੱਚ ਅੰਨ੍ਹਾਂ ਵਿਸ਼ਵਾਸ ਰੱਖਣ ਵਾਲੇ
ਸ਼੍ਰੱਧਾਲੂ ਵਿਸ਼ਾਣੂ ਰੋਗ ਦੀ ਚਿਕਤਸਿਕ ਜਾਂਚ ਅਤੇ ਦਵਾ-ਦਾਰੂ ਕਰਵਾਉਣ ਦੀ ਬਜਾਏ, ਪੁਜਾਰੀ ਦੇ
ਪ੍ਰੇਰੇ ਹੋਏ, ਭੀੜ (ਗੁਰੂ ਦੀਆਂ ਕਥਿਤ ਸੰਗਤਾਂ ਦੇ ਇਕੱਠਾਂ) ਵੱਲ ਭੱਜਦੇ ਹਨ ਅਤੇ ਭੀੜ ਵਿੱਚ ਆਏ
ਹੋਰਾਂ ਨੂੰ ਵੀ ਛੂਤ ਦੇ ਮਾਰੂ ਰੋਗ ਨਾਲ ਪੀੜਿਤ ਕਰ ਦਿੰਦੇ ਹਨ।
(ਨੋਟ:- ਪਾਠ
ਅਤੇ ਅਰਦਾਸ ਗੁਰਮਤਿ ਦੇ ਦੋ ਪਰਮੁਖ ਸਿੱਧਾਂਤ ਹਨ, ਜੋ ਮਨੁੱਖ ਦੇ ਧਾਰਮਿਕ ਜੀਵਨ ਵਾਸਤੇ
ਬੜੀ ਅਹਮੀਅਤ ਰੱਖਦੇ ਹਨ। ਪਰੰਤੂ ਇਨ੍ਹਾਂ ਦੋਨਾਂ ਸਿੱਧਾਂਤਾਂ ਨੂੰ ਧਰਮ ਦੇ ਲਾਹੇਵੰਦ ਧੰਦੇ ਵਾਸਤੇ
ਸੌਦੇ ਦੇ ਰੂਪ ਵਿੱਚ ਵਰਤਣਾ ਮਨਮੱਤ, ਮੱਕਾਰੀ ਅਤੇ ਨੀਚਤਾ ਹੈ। ਪਾਠਕਾਂ ਨੂੰ ਬਿਨਤੀ ਹੈ ਕਿ ਉਹ
ਇਨ੍ਹਾਂ ਵਿਸ਼ਿਆਂ ਉੱਤੇ ਲਿਖੇ ਮੇਰੇ ਲੇਖ: ਪਾਠ ਅਤੇ ਅਰਦਾਸ ਪੜ੍ਹਨ ਦੀ ਖੇਚਲ ਕਰਨ।
ਇਹ ਲੇਖ "ਸਿੱਖ ਮਾਰਗ" ਦੀ ਲੇਖ ਲੜੀ ਤੀਜੀ ਵਿੱਚ ਉਪਲਬਧ ਹਨ।)
ਗੁਰਬਾਣੀ ਵਿੱਚ ਤੀਰਥਾਂ ਅਤੇ ਤੀਰਥਾਂ ਦੇ ਅੰਮ੍ਰਿਤ
ਕਹੇ ਜਾਂਦੇ ਗੰਧਲੇ ਪਾਣੀਆਂ ਵਿੱਚ ਇਸ਼ਨਾਨ ਕਰਨ ਦੇ ਕਰਮਕਾਂਡ ਦਾ ਪੁਰਜ਼ੋਰ ਖੰਡਨ ਕੀਤਾ ਗਿਆ ਹੈ।
ਪਰੰਤੂ ਮਾਇਆਮੂਠੇ ਚਤੁਰ ਪੁਜਾਰੀਆਂ ਦੀ ਚਤੁਰਾਈ ਦੇਖੋ, ਉਨ੍ਹਾਂ ਨੇ ਭਾਰਤ ਦੇ ਲਗ ਪਗ ਸਾਰੇ
ਗੁਰੂਦੁਆਰਿਆਂ ਨੂੰ, ਮਨਘੜੰਤ ਝੂਠੀਆਂ ਕਹਾਣੀਆਂ ਦੇ ਆਧਾਰ `ਤੇ, ਤੀਰਥ ਬਣਾ ਲਿਆ ਹੈ। ਗੁਰਬਾਣੀ
ਵਿੱਚ ਮਾਨਸਿਕ ਰੋਗਾਂ/ਵਿਕਾਰਾਂ (ਕਾਮ, ਕ੍ਰੋਧ, ਲੋਭ, ਲੋਭ, ਮੋਹ, ਹੰਕਾਰ ਅਤੇ ਈਰਖਾ ਨਿੰਦਾ ਆਦਿ)
ਤੋਂ ਮੁਕਤੀ ਦਿਵਾਉਣ ਵਾਲੇ ਪ੍ਰਭੂ ਵਾਸਤੇ ਵਰਤੇ ਪਵਿੱਤਰ ਪਦਾਂ ( ਦੁਖਭੰਜਨ,
ਦੂਖਨਿਵਾਰਣ ਆਦਿ) ਦੀ ਗ਼ਲਤ ਅਤੇ ਅਯੋਗ ਵਰਤੋਂ
ਕਰਦਿਆਂ ਸੰਸਾਰਕ ਸਥੂਲ ਸਥਨਾਂ ਅਤੇ ਹੋਂਦਾ ਦੇ ਨਾਮ ਇਨ੍ਹਾਂ ਸਿੱਧਾਂਤਕ ਸ਼ਬਦਾਂ ਦੇ ਆਧਾਰ `ਤੇ ਰੱਖ
ਦਿੱਤੇ ਹਨ ਜਿਵੇਂ: ਗੁਰੂਦੁਆਰਾ ਦੂਖਨਿਵਾਰਣ ‘ਸਾਹਿਬ’, ਦੁਖਭੰਜਨੀ ਬੇਰੀ ‘ਸਾਹਿਬ’ ਆਦਿ।
ਪੁਜਾਰੀ ਲਾਣਾ ਇਨ੍ਹਾਂ ਭਰਮਪੂਰਣ ਨਾਵਾਂ ਨਾਲ ਅਗਿਆਨਮੱਤੀ ਤੇ ਅੰਧਵਿਸ਼ਵਾਸੀ ਭੇਡਚਾਲੀਏ ਸਿੱਖਾਂ ਨੂੰ
ਭੁਚਲਾ ਕੇ ਪਾਠਾਂ, ਅਰਦਾਸਾਂ ਅਤੇ ਤੀਰਥਾਂ ਨਾਲ ਜੋੜੇ ਗਏ ਕਰਮਕਾਂਡਾਂ ਵੱਲ ਪ੍ਰੇਰ ਕੇ ਉਨ੍ਹਾਂ ਨੂੰ
ਬੇਰਹਿਮੀ ਨਾਲ ਮੁੱਛਦਾ ਹੈ।
ਤੀਰਥ ਵੀ ਛੂਤ ਦੇ ਰੋਗ ਫੈਲਾਉਣ ਦਾ ਵੱਡਾ ਜ਼ਰੀਆ ਹਨ। ਜਦੋਂ
ਕੋਈ ਕੋਹੜੀ ਜਾਂ ਵਿਸ਼ਾਣੂ ਰੋਗ ਦਾ ਰੋਗੀ, ਪੁਜਾਰੀ ਦਾ ਪ੍ਰੇਰਿਆ ਹੋਇਆ, ਆਪਣੇ ਛੂਤ ਦੇ ਰੋਗ ਤੋਂ
ਮੁਕਤੀ ਪਾਉਣ ਵਾਸਤੇ ਤੀਰਥ `ਤੇ ਇਸ਼ਨਾਨ ਕਰਦਾ ਹੈ ਤਾਂ ਉਹ, ਕੁਦਰਤਨ, ਆਪਣੇ ਰੋਗ ਦੇ ਰੋਗਾਣੂਆਂ ਨਾਲ
ਸਰੋਵਰ ਦੇ ਪਾਣੀ ਨੂੰ ਦੂਸ਼ਿਤ
(contaminate) ਕਰ ਦਿੰਦਾ ਹੈ। ਅਤੇ ਰੋਗਾਣੂਆਂ
ਨਾਲ ਦੂਸ਼ਿਤ ਉਸ ਪਾਣੀ ਵਿੱਚ ਨਹਾਉਣ ਨਾਲ ਸਵਸਥ ਸਰੀਰ ਵਾਲੇ ਸ਼੍ਰੱਧਾਲੂਆਂ ਨੂੰ ਵੀ ਛੂਤ ਦਾ ਨਾਮੁਰਾਦ
ਰੋਗ ਚੰਬੜ ਜਾਣ ਦੀ ਪੂਰੀ ਸੰਭਾਵਨਾ ਹੁੰਦੀ ਹੈ!
ਸ਼ਖ਼ਤ ਪਾਬੰਦੀਆਂ ਦੇ ਬਾਵਜੂਦ ਵੀ, ਪਟਿਆਲਾ ਦੇ ਦੂਖ ਨਿਵਾਰਣ ਗੁਰੂਦਵਾਰੇ
ਦੇ ਤਾਲਾਬ ਦੀ ਕਾਰ ਸੇਵਾ ਆਰੰਭੀ ਗਈ। ਇਹ ਗੁਰਦੁਆਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਅਧਿਕਾਰਾਧੀਨ ਹੈ ਅਤੇ ਇਸ ਦੇ ਤਾਲਾਬ ਦੀ ਕਾਰਸੇਵਾ ਕਿਸੇ ਬਾਬੇ ਨੂੰ ਸੌਂਪੀ ਗਈ ਹੈ।
ਮਾਇਆ-ਮੂਠੇ ਪੁਜਾਰੀਆਂ ਵੱਲੋਂ ਹਰ ਇੱਕ ਕਰਮਕਾਂਡ ਦੇ ਸੰਪੰਨ ਕਰਨ/ਕਰਵਾਉਣ
ਵਾਸਤੇ ਦਾਨ-ਦੱਛਣਾ ਜਾਂ ਭੇਟਾ (ਪਾਠ ਭੇਟਾ, ਕੀਰਤਨ ਭੇਟਾ, ਅਰਦਾਸ ਭੇਟਾ, ਦਰਸ਼ਨ ਭੇਟਾ ਅਤੇ ‘ਸਨਾਨ
ਭੇਟਾ ਆਦਿ) ਲਾਜ਼ਮੀ ਕੀਤੀ ਗਈ ਹੈ। ਭੇਟਾ ਦੇ ਨਾਮ `ਤੇ ਚਤੁਰ ਪੁਜਾਰੀ ਭੇਡਚਾਲੀਏ ਸਿੱਖਾਂ ਨੂੰ
ਭੇਡਾਂ ਦੀ ਤਰ੍ਹਾਂ ਹਮੇਸ਼ਾ ਮੁੰਨਦੇ ਰਹਿੰਦੇ ਹਨ।
ਇਥੇ ਇਹ ਲਿਖ ਦੇਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਡੇਰਿਆਂ ਦੇ ਡੇਰੇਦਾਰ ਅਤੇ
ਟਕਸਾਲਾਂ ਦੇ ਗੱਦੀ-ਨਸ਼ੀਨ ਬਾਬੇ ਵਗੈਰਾ ਵੀ, ਮਹਾਂਮਾਰੀ ਦੀ ਲਪੇਟ ਵਿੱਚ ਆਏ ਆਪਣੇ ਪਸ਼ੂਆਂ ਦੀ
ਤਰ੍ਹਾਂ ਸਿਧਾਏ ਹੋਏ ਸ਼੍ਰੱਧਾਲੂਆਂ ਨੂੰ ਠੱਗਣ ਵਿੱਚ ਪੁਜਾਰੀਆਂ ਨਾਲੋਂ ਘੱਟ ਨਹੀਂ ਹਨ!
ਪਾਠਕ ਸੱਜਨੋਂ! ਗੁਰਬਾਣੀ ਵਿੱਚ, ਸਿਰਫ਼ ਅਤੇ ਸਿਰਫ਼,
ਨਾਮ ਅੰਮ੍ਰਿਤ
ਦਾ ਸਮਰਥਨ ਕੀਤਾ ਗਿਆ ਹੈ; ਅਤੇ ਇਹ ਅੰਮ੍ਰਿਤ ਕੇਵਲ ਅਸਥੂਲ ਮਨ ਜਾਂ ਆਤਮਾ ਦੇ ਰੋਗਾਂ ਦਾ ਦਾਰੂ ਹੈ,
ਸਥੂਲ਼ ਸਰੀਰ ਦੇ ਰੋਗਾਂ ਦਾ ਕਤਈ ਨਹੀਂ! ਸਰੀਰਿਕ ਰੋਗਾਂ ਵਾਸਤੇ ਸਾਨੂੰ ਡਾਕਟਰਾਂ ਕੋਲ ਜਾਣਾ ਚਾਹੀਦਾ
ਹੈ ਅਤੇ ਵੈਗਿਆਨਕ ਖੋਜੀਆਂ ਅਤੇ ਡਾਕਟਰਾਂ ਦੀ ਨਸੀਹਤ ਮੰਨਣੀ ਚਾਹੀਦੀ ਹੈ।
ਗੁਰਇੰਦਰ ਸਿੰਘ ਪਾਲ
29
ਮਾਰਚ, 2020.
|
. |