.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਸੰਗਤ ਦਾ ਪ੍ਰਭਾਵ

ਭਲੀ ਤੇ ਬੁਰੀ ਦੋ ਤਰ੍ਹਾਂ ਦੀ ਸੰਗਤ ਵਿੱਚ ਸੰਸਾਰ ਚੱਲ ਰਿਹਾ ਹੈ। ਕੁਦਰਤੀ ਗੱਲ ਹੈ ਭਲੀ ਸੰਗਤ ਦੀ ਥਾਂ `ਤੇ ਬੁਰੀ ਸੰਗਤ ਦਾ ਪ੍ਰਭਾਵ ਮਨੁੱਖ ਜਲਦੀ ਕਬੂਲ ਕਰਦਾ ਹੈ। ਪੁਜਾਰੀ ਦੀ ਸੰਗਤ ਕਰਨ ਵਾਲਾ ਕਰਮ ਕਾਂਡੀ ਹੋ ਨਿਬੜਦਾ ਹੈ ਜਦ ਕਿ ਸੱਚੇ ਗਿਆਨ ਦੀ ਸੰਗਤ ਕਰਨ ਵਾਲਾ ਵਿਕਾਸ ਦਰ ਵਿਕਾਸ ਕਰਦਾ ਅੱਗੇ ਚਲਾ ਜਾਂਦਾ ਹੈ।

ਸੰਗਤ ਦਾ ਪ੍ਰਭਾਵ ਮਨੁੱਖ ਬਹੁਤ ਜਲਦੀ ਕਬੂਲ ਕਰਦਾ ਹੈ ਜਿਸ ਕਰਕੇ ਮਾੜੀ ਸੰਗਤ ਦੇ ਅਸਰ ਹੇਠ ਬਹਾਦਰ ਮਨੁੱਖ ਬੁਜ਼ਦਿੱਲ ਤੇ ਕਾਇਰ ਬਣ ਜਾਂਦੇ ਹਨ ਤੇ ਗਿਆਨਵਾਨ ਸੰਗਤ ਨਾਲ ਕਾਇਰ ਤੇ ਬੁਜ਼ਦਿੱਲ ਬੰਦੇ ਬਹਾਦਰਾਂ ਵਾਲਾ ਸਫਰ ਤਹਿ ਕਰ ਲੈਂਦੇ ਹਨ। ਪੁਜਾਰੀਆਂ ਦੇ ਪ੍ਰਭਾਵ ਕਰਕੇ ਮਾਨਸਕ ਤੌਰ `ਤੇ ਭਾਰਤੀਆਂ ਨੇ ਗੁਲਾਮੀ ਨੂੰ ਕਬੂਲ ਕੀਤਾ ਹੋਇਆ ਸੀ ਜਿਸ ਕਰਕੇ ਭਾਰਤ ਬਾਹਰਲੇ ਹਮਲਾਵਰਾਂ ਦਾ ਸ਼ਿਕਾਰ ਹੁੰਦਾ ਆਇਆ ਸੀ। ਮਨੁੱਖ ਉਹੀ ਹੁੰਦਾ ਹੈ ਜਿਹੜਾ ਰਾਤ ਦੇ ਹਨੇਰੇ ਵਿੱਚ ਰੱਸੀ ਨੂੰ ਸੱਪ ਸਮਝ ਕੇ ਡਰੀ ਜਾਂਦਾ ਹੈ ਪਰ ਜਦੋਂ ਚਾਨਣ ਹੋ ਜਾਂਦਾ ਹੈ ਤਾਂ ਉਹੀ ਸ਼ੇਰ ਹੋ ਜਾਂਦਾ ਹੈ ਕਿ ਇਹ ਤਾਂ ਰੱਸੀ ਹੀ ਹੈ। ਅਗਿਆਨਤਾ ਦੀ ਸੰਗਤ ਜੀਵਨ ਨੂੰ ਬੋਝਲ ਬਣਾ ਦੇਂਦੀ ਹੈ ਜਦ ਕਿ ਸੂਝਵਾਨ ਸੰਗਤ ਜ਼ਿੰਦਗੀ ਜਿਉਣ ਦੀ ਜਾਚ ਦਸਦੀ ਹੈ।

ਲ਼ੁਹਾਰ ਆਪਣੀ ਭੱਠੀ ਵਿੱਚ ਲੋਹੇ ਨੂੰ ਗਰਮ ਕਰਕੇ ਉਸ ਦਾ ਕੋਈ ਨਾ ਕੋਈ ਸੰਦ ਤਿਆਰ ਕਰ ਲੈਂਦਾ ਹੈ। ਕਈ ਵਾਰੀ ਭੱਠੀ ਦਾ ਸੇਕ ਜ਼ਿਆਦਾ ਹੋਣ ਕਰਕੇ ਲੋਹਾ ਖਿੰਗਰ ਬਣ ਜਾਂਦਾ ਹੈ ਤੇ ਉਹ ਕਿਸੇ ਕੰਮ ਨਹੀਂ ਆਉਂਦਾ। ਪਰ ਜੇ ਮਨੁੱਖ ਖਿੰਗਰ ਵਰਗਾ ਹੋ ਜਾਏ ਤਾਂ ਉਹ ਫਿਰ ਵੀ ਸੋਨਾ ਬਣ ਸਕਦਾ ਹੈ ਜੇ ਗੁਰੂ-ਗਿਆਨ ਅਨੁਸਾਰੀ ਹੋ ਕੇ ਚੱਲਣ ਦਾ ਪ੍ਰਣ ਕਰਦਾ ਹੈ ਕੁੱਝ ਏਦਾਂ ਦੇ ਵਿਚਾਰ ਇਸ ਸਲੋਕ ਵਿੱਚ ਸਮਝਣ ਦਾ ਯਤਨ ਕੀਤਾ ਜਾਏਗਾ—

ਦੁਰਗਮ ਸਥਾਨ ਸੁਗਮੰ, ਮਹਾ ਦੂਖ ਸਰਬ ਸੂਖਣਹ॥

ਦੁਰਬਚਨ ਭੇਦ ਭਰਮੰ, ਸਾਕਤ ਪਿਸਨੰ ਤ ਸੁਰਜਨਹ॥

ਅਸਥਿਤੰ ਸੋਗ ਹਰਖੰ, ਭੈ ਖੀਣੰ ਤ ਨਿਰਭਵਹ॥

ਭੈ ਅਟਵੀਅੰ ਮਹਾ ਨਗਰ ਬਾਸੰ, ਧਰਮ ਲਖ੍ਯ੍ਯਣ ਪ੍ਰਭ ਮਇਆ॥

ਸਾਧ ਸੰਗਮ ਰਾਮ ਰਾਮ ਰਮਣੰ, ਸਰਣਿ ਨਾਨਕ ਹਰਿ ਹਰਿ ਦਯਾਲ ਚਰਣੰ॥ ੪੪॥

ਅੱਖਰੀਂ ਅਰਥ--— ਔਖੀ ਪਹੁੰਚ ਵਾਲੇ ਥਾਂ ਸੌਖੀ ਪਹੁੰਚ ਵਾਲੇ ਹੋ ਜਾਂਦੇ ਹਨ, ਵੱਡੇ ਵੱਡੇ ਦੁੱਖ ਸਾਰੇ ਹੀ ਸੁਖ ਬਣ ਜਾਂਦੇ ਹਨ। ਜਿਹੜੇ ਬੰਦੇ ਜੀਵਨ ਦੇ ਗ਼ਲਤ ਰਸਤੇ ਪੈ ਕੇ ਖਰ੍ਹਵੇ ਬਚਨਾਂ ਨਾਲ (ਹੋਰਨਾਂ ਦੇ ਮਨ) ਵਿੰਨ੍ਹਦੇ ਰਹਿੰਦੇ ਸਨ ਉਹ ਮਾਇਆ-ਵੇੜ੍ਹੇ ਚੁਗ਼ਲ ਬੰਦੇ ਨੇਕ ਬਣ ਜਾਂਦੇ ਹਨ। ਚਿੰਤਾ ਖ਼ੁਸ਼ੀ ਵਿੱਚ ਜਾ ਟਿਕਦੀ ਹੈ। (ਬਦਲ ਕੇ ਖ਼ੁਸ਼ੀ ਬਣ ਜਾਂਦੀ ਹੈ)। ਡਰਾਂ ਨਾਲ ਸਹਿਮਿਆ ਹੋਇਆ ਬੰਦਾ ਨਿਡਰ ਹੋ ਜਾਂਦਾ ਹੈ। ਡਰਾਉਣਾ ਜੰਗਲ ਤਕੜਾ ਵੱਸਦਾ ਸ਼ਹਿਰ ਜਾਪਣ ਲੱਗ ਪੈਂਦਾ ਹੈ—ਇਹ ਹਨ ਧਰਮ ਦੇ ਲੱਛਣ ਜੋ ਪ੍ਰਭੂ ਦੀ ਮੇਹਰ ਨਾਲ ਪ੍ਰਾਪਤ ਹੁੰਦੇ ਹਨ।

ਹੇ ਨਾਨਕ! (ਉਹ ਧਰਮ ਹੈ—) ਸਾਧ ਸੰਗਤਿ ਵਿੱਚ ਜਾ ਕੇ ਪਰਮਾਤਮਾ ਦਾ ਨਾਮ ਸਿਮਰਨਾ ਤੇ ਦਿਆਲ ਪ੍ਰਭੂ ਦੇ ਚਰਨਾਂ ਦਾ ਆਸਰਾ ਲੈਣਾ।

ਵਿਚਾਰ ਚਰਚਾ—

੧ ਵਿਕਸਤ ਮੁਲਕਾਂ ਦੀਆਂ ਸਰਕਾਰਾਂ ਨੇ ਆਪਣੇ ਨਾਗਰਿਕਾਂ ਨੂੰ ਪੈਰ ਪੈਰ `ਤੇ ਹਰ ਸਹੂਲਤ ਦੇਣ ਦਾ ਯਤਨ ਕੀਤਾ ਹੈ ਕਿ ਸਾਡੇ ਮੁਲਕ ਦੇ ਵਾਸੀਆਂ ਨੂੰ ਕੋਈ ਦਰਦ ਤਕਲੀਫ ਨਾ ਹੋਵੇ।

੨ ਕੇਵਲ ਸਰੀਰਾਂ ਦੀ ਸੰਗਤ ਦੀ ਗੱਲ ਨਹੀਂ ਕੀਤੀ ਗਈ ਏੱਥੇ ਜਮਾਤ ਤੋਂ ਲੈ ਕੇ ਪੜ੍ਹਾਈਆਂ ਜਾਣ ਵਾਲੀਆਂ ਪੁਸਤਕਾਂ ਅਤੇ ਪੜ੍ਹਾਉਣ ਵਾਲੇ ਦੀ ਗੱਲ ਕੀਤੀ ਗਈ ਹੈ ਕਿ ਏੱਥੇ ਪਰੋਸ ਕੇ ਕੀ ਦਿੱਤਾ ਜਾ ਰਿਹਾ ਹੈ।

੩ ਇਸ ਵਿੱਚ ਅਹਿਮ ਨੁਕਤਾ ਹੈ ਕਿ ਗੱਲ ਸੁਣਨ ਵਾਲੇ ਤੇ ਨਿਰਭਰ ਕਰਦਾ ਹੈ ਕਿ ਉਹ ਸਹੀ ਗਿਆਨ ਨੂੰ ਕਿੰਨਾ ਕੁ ਅੰਦਰੋਂ ਮੰਨਣ ਲਈ ਤਿਆਰ ਹੈ।

੪ ਜੇ ਡਾਕਟਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਦਵਾਈ ਖਾਏਗਾ ਤਾਂ ਜ਼ਰੂਰ ਰੋਗ ਤੋਂ ਛੁਟਕਾਰਾ ਪਾਏਗਾ ਜੇ ਆਪਣੀ ਮਰਜ਼ੀ ਹੀ ਕਰਦਾ ਰਿਹਾ ਤਾਂ ਦੁੱਖ ਕਦੀ ਵੀ ਸੁੱਖ ਵਿੱਚ ਤਬਦੀਲ ਨਹੀਂ ਹੋਏਗਾ।

੫ ਬੰਦਾ ਸਟੂਲ `ਤੇ ਖਲੋਅ ਕੇ ਬਲਬ ਲਗਾਉਂਦਾ ਹੈ ਪਰ ਉਸ ਦਾ ਹੱਥ ਨਹੀਂ ਉਪੜਦਾ, ਘਰਵਾਲੀ ਕਹਿੰਦੀ ਹੈ ਤੇਰਾ ਕੱਦ ਛੋਟਾ ਹੈ ਪਰ ਮਾਂ ਕਹਿੰਦੀ ਹੈ ਕੱਦ ਨਹੀਂ ਛੋਟਾ ਸਟੂਲ ਛੋਟਾ ਹੈ ਇੱਕ ਦਾ ਗਿਆਨ ਅੱਗ ਲਗਾ ਰਿਹਾ ਹੈ ਤੇ ਦੂਜੇ ਦਾ ਗਿਆਨ ਸਕੂਨ ਦੇ ਰਿਹਾ ਹੈ।

੬ ਔਖੀ ਪਹੁੰਚ ਵਾਲਾ ਸੌਖੀ ਪਹੁੰਚ ਵਿੱਚ ਤਾਂ ਹੀ ਜਾ ਸਕਦਾ ਹੈ ਜਦੋਂ ਉਹ ਕੁੱਝ ਸਿੱਖਣ, ਪੜ੍ਹਨ ਤੇ ਸਮਾਂ ਦੇਣ ਲਈ ਤਿਆਰ ਹੋਵੇਗਾ।

੭ ਵੱਡੇ ਦੁੱਖ ਸੁੱਖ ਵਿੱਚ ਤਬਦੀਲ ਹੋ ਜਾਂਦੇ ਹਨ, ਖਰ੍ਹਵੇ ਬੋਲਾਂ ਵਾਲਾ ਮਿਠਾਸੀ ਬੋਲਾਂ ਵਿੱਚ ਬਦਲ ਜਾਂਦਾ ਹੈ, ਜੰਗਲ਼ ਨੂੰ ਸ਼ਹਿਰਾਂ ਦਾ ਰੂਪ ਦੇ ਸਕਦਾ ਹੈ, ਚਿੰਤਾ ਖੁਸ਼ੀ ਵਿੱਚ ਤਬਦੀਲ ਹੋ ਸਕਦੀ ਹੈ, ਬਦ ਤੋਂ ਨੇਕ ਬਣ ਸਕਦਾ ਹੈ ਓਦੋਂ ਜਦੋਂ ਗੁਰ-ਗਿਆਨ ਨੂੰ ਸਮਝਣ ਲਈ ਤਿਆਰ ਹੋਵੇਗਾ।

੮ ਸਾਰੀਆਂ ਤਬਦੀਲੀਆਂ ਤਾਂ ਹੀ ਆ ਸਕਦੀਆਂ ਹਨ ਜਦੋਂ ਖੁਦ ਉਦਮ, ਮਿਹਨਤ, ਅਭਿਆਸ, ਇਮਾਨਦਾਰੀ, ਸਿੱਖਣ ਦੀ ਚਾਹਨਾ ਰੱਖਣੀ ਤੇ ਸਮਰਪਤ ਹੋਣ ਦੀ ਭਾਵਨਾ ਹੋਵੇਗੀ।

੯ ਇਸ ਸਾਰੀ ਪ੍ਰਕਿਰਿਆ ਨੂੰ ਗੁਰੂ- ਬਖਸ਼ਿਸ਼, ਗੁਰੂ ਕ੍ਰਿਪਾ ਅਤੇ ਰੱਬ ਜੀ ਦੀ ਮਿਹਰ ਆਖਿਆ ਜਾਂਦਾ ਹੈ।

ਫੀਲੁ ਰਬਾਬੀ ਬਲਦੁ ਪਖਾਵਜ, ਕਊਆ ਤਾਲ ਬਜਾਵੈ॥

ਪਹਿਰਿ ਚੋਲਨਾ ਗਦਹਾ ਨਾਚੈ, ਭੈਸਾ ਭਗਤਿ ਕਰਾਵੈ॥ ੧॥

ਰਾਜਾ ਰਾਮ ਕਕਰੀਆ ਬਰੇ ਪਕਾਏ॥

ਕਿਨੈ ਬੂਝਨਹਾਰੈ ਖਾਏ॥ ੧॥

ਬਾਣੀ ਕਬੀਰ ਜੀ ਕੀ ਪੰਨਾ ੪੭੭




.