.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਮੋਹ

ਮੋਹ ਇੱਕ ਅਜੇਹਾ ਰੂਪ ਹੈ ਜਿਹੜਾ ਪਸ਼ੂ, ਪੰਛੀਆਂ ਅਤੇ ਮਨੁੱਖਾਂ ਵਿੱਚ ਆਮ ਦੇਖਿਆ ਜਾ ਸਕਦਾ ਹੈ। ਮੋਹ ਦੀ ਮਾਰ ਤੋਂ ਕੋਈ ਵਿਰਲਾ ਹੀ ਬਚਿਆ ਹੋਇਆ ਹੈ।
ਮਹਾਨ ਕੋਸ਼ ਵਿੱਚ ਮੋਹ ਦੇ ਅਰਥ ਬੇਹੋਸ਼ੀ, ਅਗਿਆਨ, ਸਨੇਹ, ਮੁਹੱਬਤ, ਭਰਮ-ਭੁਲੇਖਾ, ਦੁੱਖ-ਕਲੇਸ਼ ਦੇ ਰੂਪ ਵਿੱਚ ਆਇਆ ਹੈ। ਮੋਹ ਜ਼ਿਆਦਾਤਰ ਆਪਣੇ ਪ੍ਰਵਾਰ ਪ੍ਰਤੀ ਹੀ ਖਿੱਚ ਰੱਖਦਾ ਹੈ। ਮੋਹ ਮਨੁੱਖੀ ਸੁਭਾਅ ਦਾ ਇੱਕ ਮਿਜਾਜ ਹੁੰਦਾ ਹੈ ਜਿਹੜਾ ਪਿਆਰ ਦੀ ਭਾਵਨਾ ਦੇ ਰੁਪ ਵਿੱਚ ਵੀ ਦੇਖਿਆ ਜਾ ਸਕਦਾ ਹੈ।
ਮੋਹ ਵਿੱਚ ਪਿਆਰ ਦਾ ਇੱਕ ਉਹ ਵਲਵਲਾ ਹੁੰਦਾ ਹੈ ਜਿਹੜਾ ਦੋਸਤੀ ਦੀ ਸਾਖ ਨੂੰ ਹੋਰ ਵਧਾਉਂਦਾ ਹੈ। ਮੋਹ ਦੀ ਖਿੱਚ ਕਰਕੇ ਹੀ ਮਨੱਖ ਸ਼ਾਮ ਨੂੰ ਆਪਣੇ ਬੱਚਿਆਂ ਤਥਾ ਪ੍ਰਵਾਰ ਵਿੱਚ ਮੁੜ ਆਉਂਦਾ ਹੈ। ਪ੍ਰਵਾਰਕ ਮੋਹ ਦੀ ਪ੍ਰਕਿਰਿਆ ਸੀਮਤ ਹੈ ਜਿਸ ਨਾਲ ਆਪਣੇ ਬੱਚਿਆਂ ਦੇ ਔਗੁਣ ਵੀ ਚੰਗੇ ਲਗਦੇ ਹਨ। ਮੋਹ ਇੱਕ ਅਜੇਹੀ ਦਸ਼ਾ ਹੈ ਜਿਸ ਨਾਲ ਦੂਸਰੇ ਬੱਚਿਆਂ ਦੀ ਸੁੰਦਰਤਾ ਵੀ ਆਪਣੇ ਬੱਚਿਆਂ ਸਾਹਮਣੇ ਕਰੂਪ ਲਗਦੀ ਹੈ।
ਮੋਹ ਇੱਕ ਦਾਤ ਵੀ ਹੈ ਜਿਸ ਦੁਆਰਾ ਮਨੁੱਖ ਆਪਣੇ ਬੱਚਿਆਂ ਦੀ ਪੂਰੀ ਤਰ੍ਹਾਂ ਪ੍ਰਵੱਸ਼ ਵੀ ਕਰਦਾ ਹੈ ਬਸ਼ਰਤੇ ਕਿ ਆਪਣੇ ਬੱਚਿਆਂ ਦੀ ਥਾਂ `ਤੇ ਹੋਰਨਾ ਬੱਚਿਆਂ ਦਾ ਹੱਕ ਨਾ ਖੋਵੇ।
ਮੋਹ ਦੀ ਤਹਿ ਥੱਲੇ ਇੱਕ ਨਿੱਜੀ ਸਵਾਰਥ ਦੀ ਬਿਰਤੀ ਲੁਕੀ ਹੁੰਦੀ ਹੈ ਜਿਹੜੀ ਮਨੁੱਖ ਨੂੰ ਸੀਮਤ ਕਰਕੇ ਰੱਖ ਦੇਂਦੀ ਹੈ। ਪਰਵਾਰਕ ਮੋਹ ਦੀਆਂ ਤੰਦਾਂ, ਆਪਣੀ ਜਾਤੀ ਦਾ ਮੋਹ, ਨਸਲ ਤੇ ਮਜ਼ਹਬ ਦਾ ਮੋਹ ਸਰਬੱਤ ਦੇ ਭਲੇ ਲਈ ਵੱਡੀ ਰੁਕਾਵਟ ਹਮੇਸ਼ਾਂ ਖੜੀ ਰੱਖਦਾ ਹੈ। ਵਰਤਮਾਨ ਸਮੇਂ ਵਿੱਚ ਰਾਜਨੀਤਿਕ ਦੇ ਨਿਘਾਰ ਦਾ ਕਾਰਨ ਹੀ ਪ੍ਰਵਾਰਕ ਮੋਹ ਹੈ ਜਿਸ ਨਾਲ ਚੰਗੇ ਆਗੂਆਂ ਦਾ ਹੱਕ ਖੋਹ ਕੇ ਆਪਣੇ ਪੁੱਤ ਪੋਤਰਿਆਂ ਨੂੰ ਰਾਜ ਭਾਗ ਦੇ ਮਾਲਕ ਬਣਾਉਣ ਵਿੱਚ ਲੱਗਾ ਹੋਇਆ ਹੈ।
ਜੇ ਮੋਹ ਨੂੰ ਨਿਜੀ ਸਵਰਥ ਤੋਂ ਉਪਰ ਉਠਾਲ ਕੇ ਮਨੁੱਖਤਾ ਦੇ ਭਲੇ ਲਈ ਵਰਤਿਆ ਜਾਏ ਤਾਂ ਇਹ ਆਪਸੀ ਭਾਈਚਾਰਕ ਸਾਂਝ ਵਧਾਉਂਦਾ ਹੈ ਤੇ ਸੇਵਾ ਦਾ ਰੂਪ ਧਾਰਨ ਕਰ ਜਾਂਦਾ ਹੈ।
ਮੋਹ ਦੀ ਦਲਦਲ ਵਿੱਚ ਫਸਿਆ ਹੋਇਆ ਮਨੁੱਖ ਆਪਣਾ ਆਤਮਕ ਜੀਵਨ ਗਵਾ ਲੈਂਦਾ ਹੈ—
ਹੇ ਅਜਿਤ ਸੂਰ ਸੰਗ੍ਰਾਮੰ, ਅਤਿ ਬਲਨਾ ਬਹੁ ਮਰਦਨਹ॥
ਗਣ ਗੰਧਰਬ ਦੇਵ ਮਾਨੁਖ੍ਯ੍ਯੰ, ਪਸੁ ਪੰਖੀ ਬਿਮੋਹਨਹ॥
ਹਰਿ ਕਰਣਹਾਰੰ ਨਮਸਕਾਰੰ, ਸਰਣਿ ਨਾਨਕ ਜਗਦੀਸ੍ਵਰਹ॥ ੪੫॥

ਅਰਥ: — ਹੇ ਨਾਹ ਜਿੱਤੇ ਜਾਣ ਵਾਲੇ (ਮੋਹ)! ਤੂੰ ਜੁੱਧ ਦਾ ਸੂਰਮਾ ਹੈਂ, ਤੂੰ ਅਨੇਕਾਂ ਮਹਾਂ ਬਲੀਆਂ ਨੂੰ ਮਲ ਦੇਣ ਵਾਲਾ ਹੈਂ। ਗਣ ਗੰਧਰਬ ਦੇਵਤੇ ਮਨੁੱਖ ਪਸ਼ੂ ਪੰਛੀ—ਇਹਨਾਂ ਸਭਨਾਂ ਨੂੰ ਤੂੰ ਮੋਹ ਲੈਂਦਾ ਹੈਂ।
(ਪਰ ਇਸ ਦੀ ਮਾਰ ਤੋਂ ਬਚਣ ਲਈ) ਹੇ ਨਾਨਕ! ਜਗਤ ਦੇ ਮਾਲਕ ਪ੍ਰਭੂ ਦੀ ਸਰਨ ਲੈ ਅਤੇ ਜਗਤ ਦੇ ਰਚਣਹਾਰ ਹਰੀ ਨੂੰ ਨਮਸਕਾਰ ਕਰ। ੪੫।
ਵਿਚਾਰ ਚਰਚਾ—
੧ ਸੰਸਾਰ ਵਿੱਚ ਗੁਣ ਅਤੇ ਵਿਕਾਰ ਦੋਵੇਂ ਆਪਣਾ ਆਪਣਾ ਰੋਲ ਨਿਭਾ ਰਹੇ ਹਨ ਭਾਵ ਗੁਣ ਔਗੁਣ ਮਨੁੱਖ `ਤੇ ਆਪਣਾ ਪ੍ਰਭਾਵ ਪਾ ਕੇ ਰੱਖਦੇ ਹਨ।
੨ ਆਤਮਕ ਤੌਰ `ਤੇ ਮਨੁੱਖ ਨੇ ਗੁਣ ਹਾਸਲ ਕਰਨ ਲਈ ਜਿੱਥੇ ਮਿਹਨਤ ਕਰਨੀ ਹੈ ਓੱਥੇ ਔਗੁਣਾਂ ਨਾਲ ਜ਼ੋਰਦਾਰ ਸੰਘਰਸ਼ ਵੀ ਕਰਨਾ ਹੈ।
੩ ਮੋਹ ਇੱਕ ਐਸਾ ਸੂਰਮਾ ਹੈ ਜਿਹੜਾ ਨਾ ਜਿੱਤਿਆ ਜਾ ਸਕਣ ਵਾਲਾ ਹੈ ਪਰ ਜੇ ਇਸ ਦੀ ਸਮਝ ਆ ਜਾਏ ਤਾਂ ਇਸ ਦੀ ਸਹੀ ਵਰਤੋਂ ਮਨੁੱਖਤਾ ਦੀ ਸੇਵਾ ਦੇ ਰੂਪ ਵਿੱਚ ਕੀਤੀ ਜਾ ਸਕਦੀ ਹੈ।
੪ ਪਸ਼ੂ, ਪੰਛੀਆਂ, ਮਨੁੱਖਾਂ ਅਤੇ ਦੇਵੀ ਦੇਵਤਿਆਂ ਨੂੰ ਮੋਹ ਨੇ ਆਪਣੇ ਅਧੀਨ ਕੀਤਾ ਹੋਇਆ ਹੈ।
੫ ਮੋਹ ਦੀ ਤਹਿ ਥੱਲੇ ਨਿੱਜੀ ਸੁਆਰਥ ਛੁਪਿਆ ਹੋਇਆ ਹੈ ਜਿਹੜਾ ਕੌਮਾਂ ਦੀ ਬਰਬਾਦੀ ਦਾ ਕਾਰਨ ਬਣਦਾ ਹੈ।
੬ ਮੋਹ ਦੀਆਂ ਬਰੀਕੀਆਂ ਨੂੰ ਗੁਰ-ਗਿਆਨ ਰਾਂਹੀਂ ਸਮਝਿਆ ਜਾ ਸਕਦਾ ਹੈ।
੭ ਮੋਹ ਦੀ ਵਿਆਖਿਆ ਚਮਕੋਰ ਦੀ ਜੂਹ ਵਿਚੋਂ ਸਮਝੀ ਜਾ ਸਕਦੀ ਹੈ ਜਿੱਥੇ ਦੋਵੇਂ ਸਾਹਿਬਜ਼ਾਦੇ ਗੁਰੂ ਸਾਹਿਬ ਜੀ ਦੀਆਂ ਅੱਖਾਂ ਸਾਹਮਣੇ ਸਿੱਖਾਂ ਦੇ ਨਾਲ ਸ਼ਹੀਦ ਹੁੰਦੇ ਹਨ।
੮ ਮੋਹ ਦੀ ਦਲ਼ਦਲ਼ ਵਿੱਚ ਫਸਿਆ ਹੋਇਆ ਮਨੁੱਖ ਲਾਲਚੀ ਬਿਰਤੀ ਦਾ ਗੁਲਾਮ ਹੁੰਦਾ ਹੈ ਓੱਥੇ ਉਹ ਗੁਣਵਾਨ ਮਨੁੱਖਾਂ ਦਾ ਹੱਕ ਵੀ ਖਾ ਜਾਂਦਾ ਹੈ।
੯ ਸਿੱਖਾਂ ਦੀ ਵਰਤਮਾਨ ਰਾਜਨੀਤਿਕ ਪਾਰਟੀ ਸਾਰੀ ਪਰਵਾਰਕ ਮੋਹ ਵਿੱਚ ਜਕੜੀ ਹੋਈ ਹੈ ਜਿਸ ਕਰਕੇ ਸਿੱਖ ਸਿਧਾਂਤਾਂ ਦਾ ਰੱਜ ਕੇ ਘਾਣ ਹੋ ਰਿਹਾ ਹੈ।
ਭ੍ਰਮ ਕੀ ਕੂਈ ਤ੍ਰਿਸਨਾ ਰਸ ਪੰਕਜ, ਅਤਿ ਤੀਖੑਣ ਮੋਹ ਕੀ ਫਾਸ॥
ਕਾਟਨਹਾਰ ਜਗਤ ਗੁਰ ਗੋਬਿੰਦ ਚਰਨ ਕਮਲ ਤਾ ਕੇ ਕਰਹੁ ਨਿਵਾਸ॥ ੧॥
ਗਉੜੀ ਮਹਲਾ ੫ ਪੰਨਾ ੨੦੪




.