ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਕਾਮ
ਮਹਾਨ ਕੋਸ਼ ਅਨੁਸਾਰ ਕਾਮ ਦੇ ਅਰਥ
ਕੰਮ, ਕ੍ਰਾਯਾ, ਕਾਮ, ਚਾਹਨਾ ਇੱਛਾ ਕਰਨਾ, ਮਨੋਰਥ, ਇੱਛਾ, ਭੋਗ, ਸੰਕਲਪ, ਫੁਰਣਾ, “ਤਿਆਗਹੁ ਮਨ ਕੇ
ਸਗਲ ਕਾਮ”। ਇੱਕ ਅਰਥ ਮਨੋਹਰ, ਦਿਲਕਸ਼ ਦੇ ਰੂਪ ਵਿੱਚ ਵੀ ਆਇਆ ਹੈ।
ਭਾਈ ਵੀਰ ਸਿੰਘ ਦੁਆਰਾ ਕਾਮ ਦੇ ਅਰਥ ਇਹਨਾਂ ਭਾਵਾਂ ਵਿੱਚ ਲਏ ਹਨ ਕਿ ਕਾਮ ਇਸਤ੍ਰੀ ਪੁਰਖ ਦੇ ਪਿਆਰ
ਦਾ ਦੇਵਤਾ ਹੈ। ਕਾਮ ਉਹ ਪ੍ਰਬਲ ਮਨੋਵੇਗ ਜੋ ਨਰ ਨੂੰ ਮਦੀਨ ਤੇ ਮਦੀਨ ਨੂੰ ਨਰ ਦੀ ਖਿੱਚ ਵਿੱਚ ਆਪੇ
ਤੋਂ ਬੇਵੱਸ ਤਕ ਕਰ ਦੇਂਦਾ ਹੈ-ਜੇਹਾ ਕਿ ਕਾਮ ਜਾਤ ਨਹੀਂ ਪੁੱਛਦਾ। ਕਾਮ ਕੰਮ ਕਰਨ ਲਈ ਵੀ ਆਇਆ ਹੈ।
ਕਾਮ ਵਾਸ਼ਨਾ ਮਨ ਦੀ ਉਹ ਤਰੰਗ ਹੈ ਜਿਸ ਨਾਲ ਮਨੁੱਖ ਇੰਦਰੀਆਂ ਦੇ ਭੋਗਾਂ ਵਿੱਚ ਆਕਰਸ਼ਤ ਹੋ ਜਾਂਦਾ
ਹੈ। ਕਾਮ ਵਾਸ਼ਨਾ ਵਾਲੇ ਮਨੁੱਖ ਦੀ ਭੁੱਖ ਏਨਂੀ ਵੱਧ ਜਾਂਦੀ ਹੈ ਕਿ ਉਹ ਮਾਨਸਕ ਅਤੇ ਸਰੀਰਕ ਤੋਰ `ਤੇ
ਕੰਮਜ਼ੋਰ ਹੋ ਜਾਂਦਾ ਹੈ। ਕਾਮ ਵਾਸ਼ਾਨਾ ਵਿੱਚ ਅੰਨ੍ਹਾ ਹੋਇਆ ਮਨੁੱਖ ਜ਼ਿੰਦਗੀ ਦੇ ਅਸਲ ਮਕਸਦ ਨੂੰ
ਭੁੱਲ ਜਾਂਦਾ ਹੈ ਜਿਸ ਕਰਕੇ ਅਧਿਆਤਮਿਕ ਅਤੇ ਦੁਨਿਆਵੀ ਪੱਖਾਂ ਵਿੱਚ ਹੀਣਾ ਹੋ ਜਾਂਦਾ ਹੈ।
ਕਾਮੀ ਵਿਆਕਤੀ ਈਰਖਾਲੂ, ਕਪਟੀ, ਧੋਖੇਬਾਜ਼, ਦੁਰਾਚਾਰੀ, ਨਿਰਦਈ ਅਤੇ ਕ੍ਰੋਧੀ ਹੋ ਜਾਂਦਾ ਹੈ। ਭਾਰਤੀ
ਪੁਜਾਰੀਆਂ ਨੇ ਕਾਮ ਪੂਰਤੀ ਦੇ ਆਸਣਾਂ ਵਾਲੇ ਮੰਦਰ ਵੀ ਸਥਾਪਤ ਕੀਤੇ ਹੋਏ ਹਨ। ਕਾਮ ਪੂਰਤੀ ਵਾਲੀਆਂ
ਮਿਥਹਾਸਕ ਕਥਾ ਕਹਾਣੀਆਂ ਭਾਰਤ ਦੀਆਂ ਕੋਈ ਪਾਏਦਾਰ ਨਹੀਂ ਹਨ। ਬ੍ਰਹਮਾ ਆਪਣੀ ਧੀ ਪਿੱਛੇ ਭੱਜਦਾ
ਹੋਇਆ ਦਿਖਾਇਆ ਹੈ। ਇੰਦ੍ਰ ਦੀਆਂ ਬੇਥਵੀਆਂ ਕਹਾਣੀਆਂ ਅਹਿਲਿਆ `ਤੇ ਮੋਹਤ ਹੋ ਜਾਣਾ ਆਪਣੇ ਆਪ `ਤੇ
ਕੰਟਰੋਲ ਨਾ ਕਰ ਸਕਣਾ ਭਾਰਤੀ ਮਿਥਹਾਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ।
ਕਾਮ-ਵਾਸ਼ਨਾ ਅੱਖਾਂ ਨੂੰ ਨੰਗੀਆਂ ਤਸਵੀਰਾਂ, ਭੜਕੀਲੇ ਲਿਬਾਸ, ਸਰੀਰਕ ਸੁੰਦਰਤਾ ਚੰਗੀ ਲਗਦੀ ਹੈ।
ਕੰਨਾਂ ਨੂੰ ਅਸ਼ਲੀਲ ਗਾਣੇ ਤੇ ਏਦਾਂ ਦੀਆਂ ਬੋਲੀਆਂ ਸੋਹਣੀਆਂ ਲਗਦੀਆਂ ਹਨ। ਨੱਕ ਨੂੰ ਸੁਗੰਧੀਆਂ,
ਜ਼ਬਾਨ ਨੂੰ ਅਸ਼ਲੀਲ ਗੱਲਾਂ ਕਰਨੀਆਂ ਪਸੰਦ ਹੁੰਦੀਆਂ ਹਨ। ਇਹਨਾਂ ਸਾਰੀਆਂ ਅਲਾਮਤਾਂ ਵਿਚੋਂ ਸਰੀਰਕ
ਸਪਰਸ਼ ਦੀ ਭੁੱਖ ਜਨਮ ਲੈਂਦੀ ਹੈ। ਕਾਮ ਦੀਆਂ ਮਾਰੂ ਉਤੇਜਨਾ ਸਬੰਧੀ ਗੁਰਦੇਵ ਪਿਤਾ ਜੀ ਇਸ ਸਲੋਕ
ਵਿੱਚ ਸਮਝਾਉਂਦੇ ਹਨ—
ਹੇ ਕਾਮੰ ਨਰਕ ਬਿਸ੍ਰਾਮੰ, ਬਹੁ ਜੋਨੀ ਭ੍ਰਮਾਵਣਹ॥
ਚਿਤ ਹਰਣੰ ਤ੍ਰੈ ਲੋਕ ਗੰਮ੍ਯ੍ਯੰ, ਜਪ ਤਪ ਸੀਲ ਬਿਦਾਰਣਹ॥
ਅਲਪ ਸੁਖ ਅਵਿਤ, ਚੰਚਲ, ਊਚ ਨੀਚ ਸਮਾਵਣਹ॥
ਤਵ ਭੈ ਬਿਮੁੰਚਿਤ ਸਾਧ ਸੰਗਮ, ਓਟ ਨਾਨਕ ਨਾਰਾਇਣਹ॥ ੪੬॥
ਅੱਖਰੀਂ ਅਰਥ-— ਹੇ ਕਾਮ! ਤੂੰ (ਜੀਵਾਂ ਨੂੰ ਆਪਣੇ ਵੱਸ ਵਿੱਚ ਕਰ ਕੇ) ਨਰਕ ਵਿੱਚ ਅਪੜਾਣ
ਵਾਲਾ ਹੈਂ ਅਤੇ ਕਈ ਜੂਨਾਂ ਵਿੱਚ ਭਟਕਾਣ ਵਾਲਾ ਹੈਂ। ਤੂੰ ਜੀਵਾਂ ਦੇ ਮਨ ਭਰਮਾ ਲੈਂਦਾ ਹੈਂ,
ਤਿੰਨਾਂ ਹੀ ਲੋਕਾਂ ਵਿੱਚ ਤੇਰੀ ਪਹੁੰਚ ਹੈ, ਤੂੰ ਜੀਵਾਂ ਦੇ ਜਪ ਤਪ ਤੇ ਸੁੱਧ ਆਚਰਨ ਨਾਸ ਕਰ ਦੇਂਦਾ
ਹੈਂ।
ਹੇ ਚੰਚਲ ਕਾਮ! ਤੂੰ ਸੁਖ ਤਾਂ ਥੋੜਾ ਹੀ ਦੇਂਦਾ ਹੈਂ, ਪਰ ਇਸੇ ਨਾਲ ਤੂੰ ਜੀਵਾਂ ਨੂੰ (ਸੁੱਧ ਆਚਰਨ
ਦੇ) ਧਨ ਤੋਂ ਸੱਖਣਾ ਕਰ ਦੇਂਦਾ ਹੈਂ।
ਜੀਵ ਉੱਚੇ ਹੋਣ, ਨੀਵੇਂ ਹੋਣ, ਸਭਨਾਂ ਵਿੱਚ ਤੂੰ ਪਹੁੰਚ ਜਾਂਦਾ ਹੈਂ। ਸਾਧ ਸੰਗਤਿ ਵਿੱਚ ਪਹੁੰਚਿਆਂ
ਤੇਰੇ ਡਰ ਤੋਂ ਖ਼ਲਾਸੀ ਮਿਲਦੀ ਹੈ। ਹੇ ਨਾਨਕ! (ਸਾਧ ਸੰਗ ਵਿੱਚ ਜਾ ਕੇ) ਪ੍ਰਭੂ ਦੀ ਸਰਨ ਲੈ।
ਵਿਚਾਰ ਚਰਚਾ—
੧ ਦਰਿਆਵਾਂ ਦੇ ਵਹਿਣ ਨੂੰ ਕੰਟਰੋਲ ਕਰਕੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਪਰ ਜੇ
ਪਾਣੀ ਖੁਲ੍ਹਾ ਛੱਡ ਦਿੱਤਾ ਜਾਏ ਤਾਂ ਉਹ ਤਬਾਹੀ ਦਾ ਕਾਰਨ ਬਣਦਾ ਹੈ। ਏਸੇ ਤਰ੍ਹਾਂ ਕਾਮ ਦੁਆਰਾ
ਸੰਸਾਰ ਦੀ ਉਤਪਤੀ ਹੁੰਦੀ ਹੈ ਪਰ ਜੇ ਕਾਮ ਨੂੰ ਖੁਲ੍ਹਾ ਛੱਡ ਦਿੱਤਾ ਜਾਏ ਤਾਂ ਸਮਾਜ ਕਦੇ ਵੀ ਸਥਿੱਰ
ਨਹੀਂ ਰਹਿ ਸਕਦਾ।
੨ ਕਾਮ-ਵਾਸ਼ਨਾ ਜੀਵਾਂ ਨੂੰ ਜੂਨਾਂ ਵਿੱਚ ਭਟਕਾਉਂਦੀ ਹੈ। ਜਦੋਂ ਪਰਾਏ ਰੂਪ `ਤੇ ਆਪਣਾ ਮਨ
ਡਹਿਲਾਉਂਦਾ ਹੈ ਤਾਂ ਇਹ ਪਤੰਗੇ ਦੀ ਜੂਨ ਵਿੱਚ ਭਟਕਦਾ ਹੈ। ਜਦੋਂ ਕਿਸੇ ਨਾਲ ਸਪਰੱਸ਼ ਦੀ ਭਾਵਨਾ
ਰੱਖਦਾ ਹੈ ਤਾਂ ਨਿਰਸੰਦੇਹ ਹਾਥੀ ਦੀ ਜੂਨ ਵਿੱਚ ਤੁਰਿਆ ਫਿਰਦਾ ਹੈ।
੩ ਕਾਮ ਵਾਸ਼ਨਾ ਵਿੱਚ ਅਧੀਨ ਹੋਇਆ ਮਨੁੱਖ ਸਦਚਾਰਕ ਕਦਰਾਂ ਕੀਮਤਾਂ ਖੋਹ ਬੈਠਦਾ ਹੈ। ਕਾਮ ਦੀ
ਪ੍ਰਬਲਤਾ ਬਲਾਤਕਾਰ ਨੂੰ ਜਨਮ ਦੇਂਦੀ ਹੈ।
੪ ਗ੍ਰਹਿਸਤੀ ਜ਼ਿੰਦਗੀ ਦੁਆਰਾ ਬੜੇ ਸੁਚੱਜੇ ਢੰਗ ਨਾਲ ਸੰਸਾਰ ਦੀ ਉਤਪਤੀ ਵਿੱਚ ਮਨੁੱਖ ਆਪਣਾ ਯੋਗਦਾਨ
ਪਾਉਂਦਾ ਹੈ। ਜਿਦਾਂ ਬੀਜ ਕਰੂਪ ਹੁੰਦਾ ਹੈ ਪਰ ਉਸ ਬੀਜ ਵਿਚੋਂ ਫੁੱਲ ਸੋਹਣਾ ਨਿਕਲਦਾ ਹੈ ਕੁੱਝ
ਏਦਾਂ ਹੀ ਕਾਮ ਦੁਆਰਾ ਸੁਚੱਜੇ ਢੰਗ ਨਾਲ ਸੋਹਣੇ ਸੰਸਾਰ ਦਾ ਨਿਰਮਾਣ ਹੁੰਦਾ ਹੈ।
੫ ਕਾਮ ਵਾਸ਼ਨਾ ਦੀ ਤ੍ਰਿਪਤੀ ਲਈ ਥਾਂ ਥਾਂ ਮੂੰਹ ਮਾਰਨ ਵਾਲਾ ਮਨੁੱਖ ਏਡਜ਼ ਵਰਗੀਆਂ ਬਿਮਾਰੀਆਂ ਸਹੇੜ
ਬੈਠਦਾ ਹੈ।
੬ ਕਾਮ ਦੀ ਪ੍ਰਾਪਤੀ ਦਾ ਸੁੱਖ ਕੇਵਲ ਚੰਦ ਸੈਕਿੰਟਾਂ ਦਾ ਹੁੰਦਾ ਹੈ ਪਰ ਪਛਤਾਉਣਾ ਸਾਰੀ ਜ਼ਿੰਦਗੀ
ਪੈਂਦਾ ਹੈ। ਅਸਲ ਵਿੱਚ ਇਹ ਪਛਤਾਵਾ ਨਰਕੀ ਜ਼ਿੰਦਗੀ ਵਾਲਾ ਹੁੰਦਾ ਹੈ।
੭ ਸਿਆਣਿਆ ਦਾ ਕਥਨ ਹੈ ਕਿ ਧਨ ਦੌਲਤ ਗਇਆਂ ਕੋਈ ਬਹੁਤਾ ਨੁਕਸਾਨ ਨਹੀਂ ਹੈ ਜੇ ਕਿਰਦਾਰ ਚਲਿਆ ਜਾਏ
ਤਾਂ ਸਮਝੋ ਸਭ ਕੁੱਝ ਬਰਬਾਦ ਕਰ ਲਿਆ ਹੈ।
੮ ਵੱਡੇ ਤੋਂ ਵੱਡਾ ਦਾਹਵਾ ਕਰਨ ਵਾਲਿਆਂ ਨੂੰ ਵੀ ਕਾਮ ਨੇ ਆਪਣੀ ਜਕੜ ਵਿੱਚ ਲੈ ਕੇ ਆਚਰਣ ਤੋਂ ਡੇਗ
ਦਿੱਤਾ ਹੈ।
੯ ਗੁਰੂ ਦੀ ਸੰਗਤ ਵਿਚੋਂ ਕਾਮ ਦੀ ਜਿਸ ਨੂੰ ਸਮਝ ਆ ਜਾਂਦੀ ਹੈ ਉਹ ਕਿਸੇ ਮੁਲਕ ਵਿੱਚ ਚਲਾ ਜਾਏ ਉਸ
ਨੂੰ ਕੋਈ ਕਿਰਦਾਰ ਤੋਂ ਗਿਰਾ ਨਹੀਂ ਸਕਦਾ।
ਤਰੁਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ, ਸਰੁ ਅਪਸਰੁ ਨ ਪਛਾਣਿਆ॥
ਉਨਮਤ ਕਾਮਿ, ਮਹਾ ਬਿਖੁ ਭੂਲੈ, ਪਾਪੁ ਪੁੰਨੁ ਨ ਪਛਾਨਿਆ॥
ਬਾਣੀ ਭਗਤ ਬੇਣੀ ਜੀ ਕੀ ਪੰਨਾ ੯੩