.

ਖਸਮ ਕੀ ਬਾਣੀ

ਜਰਨੈਲ਼ ਸਿੰਘ

ਸਿਡਨੀ ਅਸਟ੍ਰੇਲੀਆ

www.understandingguru.com

ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਰਚਨਾ ਨੂੰ ਅਕਸਰ “ਖਸਮ ਕੀ ਬਾਣੀ” ਜਾਂ “ਧੁਰ ਕੀ ਬਾਣੀ” ਦਾ ਵਿਸ਼ੇਸ਼ਣ ਦੇ ਕਿ ਵਡਿਆਇਆ ਜਾਂ ਸਤਿਕਾਰਿਆ ਜਾਂਦਾ ਹੈ। ਗੁਰ ਨਾਨਕ ਸਾਹਿਬ ਵਾਰੇ ਇਹ ਗੱਲ ਵੀ ਆਮ ਪ੍ਰਚਲਤ ਹੈ ਕਿ ਉਹ ਮਰਦਾਨੇ ਨੂੰ ਕਿਹਾ ਕਰਦੇ ਸਨ ਕਿ “ਮਰਦਾਨਿਆਂ ਰਬਾਬ ਛੇੜ ਬਾਣੀ ਆਈ ਏ”। ਇਸ ਤੋਂ ਇਹ ਭਾਵ ਲਿਆ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਬਾਣੀਕਾਰਾਂ ਤੇ ਨਾਜ਼ਿਲ ਹੋਇਆ ਕੋਈ ਇਲਹਾਮ ਹੈ। ਕਬੀਰ ਸਾਹਿਬ ਦੀ ਇੱਕ ਪੰਗਤੀ “ਲੋਗੁ ਜਾਨੈ ਇਹੁ ਗੀਤੁ ਹੈ ਇਹ ਤਉ ਬ੍ਰਹਮ ਬੀਚਾਰ” (ਪੰਨਾ 335) ਦਾ ਹਵਾਲਾ ਵੀ ਅਕਸਰ ਇਹ ਦਰਸਾਉਣ ਲਈ ਦਿੱਤਾ ਜਾਂਦਾ ਹੈ ਕਿ ਗੁਰਬਾਣੀ ਇਲਹਾਮ ਹੈ। ਦੂਜੇ ਧਰਮਾਂ ਦੇ ਪੈਰੋਕਾਰ ਵੀ ਆਪੋ ਆਪਣੇ ਧਰਮ ਗ੍ਰੰਥਾਂ ਨੂੰ ਇਲਹਾਮ ਹੀ ਦੱਸਦੇ ਨੇ। ਵੇਦਾਂ ਦਾ ਰਚੈਤਾ ਈਸ਼ਵਰ ਦੱਸਿਆ ਜਾਂਦਾ ਏ। ਸਾਮੀ ਧਰਮ (ਯਹੂਦੀ, ਈਸਾਈ ਤੇ ਇਸਲਮਾ ਧਰਮ) ਵੀ ਹਜ਼ਰਤ ਮੂਸਾ, ਜੀਸਜ ਤੇ ਮੁਹੰਮਦ ਸਾਹਿਬ ਨੂੰ ਹੋਏ ਇਲਹਾਮ ਤੇ ਟਿਕੇ ਹੋਏ ਨੇ। ਸਵਾਲ ਉਠਦਾ ਹੈ ਕੀ ਸਿੱਖ ਧਰਮ ਵੀ ਇਲਹਾਮ ਤੋਂ ਪੈਦਾ ਹੋਇਆ ਹੈ। ਕੀ ਗੁਰਬਾਣੀ ਵਾਕਿਆ ਹੀ ਇੱਕ ਇਲਹਾਮ ਹੈ। ਕੀ ਗੁਰਬਾਣਿ ਨੂੰ ਇਲਹਾਮ ਕਹਿਣਾ ਵਾਕਈ ਇਸਦੀ ਵਡਿਆਈ ਜਾਂ ਸਤਿਕਾਰ ਹੈ। ਕੀ ਅਸੀਂ ਦੂਜੇ ਧਰਮਾਂ ਦੀ ਰੀਸ ਤਾਂ ਨਹੀਂ ਕਰ ਰਹੇ। ਅਗਰ ਇਲਹਾਮ ਨਹੀਂ ਤਾਂ ਗੁਰਬਾਣੀ ਆਮ ਸਾਹਿਤ ਨਾਲੋਂ ਕਿਸ ਲਿਹਾਜ਼ ਨਾਲ ਵੱਖਰੀ ਹੈ। ਇਸ ਲੇਖ ਵਿੱਚ ਇਹਨਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇਲਹਾਮ ਅਤੇ ਗੁਰਬਾਣੀ

ਭਾਈ ਕਾਨ੍ਹ ਸਿੰਘ ਹੁਰੀ ਇਲਹਾਮ ਦੇ ਅਰਥ “ਦਿਲ ਵਿੱਚ ਕਿਸੇ ਗੱਲ ਦਾ ਪਰਮੇਸ਼ਰ ਵਲੋਂ ਉਤਰਨਾ, ਮਨ ਵਿੱਚ ਕਰਤਾਰ ਦੀ ਆਗਯਾ ਦਾ ਫੁਰਨਾ” ਕਰਦੇ ਨੇ। ਇਸ ਦਾ ਅੰਗਰੇਜ਼ੀ ਤਰਜ਼ਮਾ ਉਹ Revelation ਕਰਦੇ ਨੇ। ਇਹ ਗੱਲ ਲਗਭਗ ਸਾਰੇ ਧਰਮਾਂ ਵਾਰੇ ਪ੍ਰਚਲਤ ਹੈ ਕਿ ਉਹਨਾ ਦੀਆਂ ਧਰਮ ਪੁਸਤਕਾਂ ਵਿੱਚ ਅੰਕਿਤ ਗਿਆਨ ਰੱਬ ਵਲੋਂ ਉਹਨਾਂ ਦੇ ਪੈਗੰਬਰਾਂ ਨੂੰ ਖੁਦ ਜਾਂ ਕਿਸੇ ਫਰਿਸ਼ਤੇ ਰਾਹੀਂ ਆਪ ਬਖਸ਼ੀ ਨਿਆਮਤ ਹੈ। ਇਸ ਤਰ੍ਹਾਂ ਕਰਕੇ ਉਹ ਆਪਣੀ ਧਰਮ ਪੁਸਤਕ ਨੂੰ ਇਲਾਹੀ ਫੁਰਮਾਨ ਘੋਸ਼ਿਤ ਤੇ ਪ੍ਰਮਾਣਿਤ ਕਰਦੇ ਨੇ ਜਿਸ ਤੇ ਕੋਈ ਵੀ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਅਤੇ ਜਿਸ ਦੀ ਸਿਖਿਆ ਦਾ ਪਾਲਣ ਕਰਨਾ ਉਹਨਾਂ ਦੇ ਪੈਰੋਕਾਰਾਂ ਲਈ ਲਾਜ਼ਮੀ ਹੋ ਜਾਂਦਾ ਏ। ਇਨਸਾਈਕਲੋਪੀਡੀਆ ਬਰਿਟੈਨਿਕਾ (Encyclopedia Britannica) ਵਿੱਚ ਇਲਹਾਮ ਜਾਂ (Revelation) ਵਾਰੇ ਖੁੱਲ ਕੇ ਜਾਣਕਾਰੀ ਦਿੱਤੀ ਗਈ ਹੈ। (1) ਇਸ ਜਾਣਕਾਰੀ ਦਾ ਸੰਖੇਪ ਕੁੱਝ ਇਸ ਤਰ੍ਹਾਂ ਹੈ।

  1. ਧਰਮਾਂ ਦੇ ਪੈਰੋਕਾਰ ਆਪਣੇ ਪੈਗੰਬਰਾਂ ਤੇ ਨਾਜਲ ਹੋਏ ਗਿਆਨ ਤੇ ਨਿਰਭਰ ਹਨ।
  2. ਇਹ ਗਿਆਨ ਕਿਸੇ ਤਰਕ ਜਾਂ ਬਿਬੇਕ ਦਾ ਸਿੱਟਾ ਹੋਣ ਦੀ ਵਜਾਏ ਇੱਕ ਚਮਤਕਾਰੀ ਅਨੁਭਵ ਹੈ।
  3. ਜਿਹੜੇ ਧਰਮ ਰੱਬ ਦੀੰ ਦੁਨੀਆ ਤੋਂ ਅਲੱਗ ਹੋਂਦ ਨੂੰ ਮੰਨਦੇ ਹਨ (ਜਿਵੇਂ ਕਿ ਪਾਰਸੀ, ਈਸਈ ਜਾਂ ਇਸਲਾਮ) ੳਹੁਨਾਂ ਧਰਮਾਂ ਵਿੱਚ ਖੁਦਾ ਵਲੋਂ ਖਾਸ ਆਪਾ ਪ੍ਰਗਟਾਵੇ ਦੇ ਤੌਰ ਤੇ ਪੇਸ਼ ਕੀਤਾ ਗਿਆ ਹੈ।

ਆਓ ਹੁਣ ਦੇਖੀਏ ਕੀ ਗੁਰਬਾਣੀ ਇਲਹਾਮ ਦੇ ਇਸ ਮਾਪ ਦੰਡ ਤੇ ਪੂਰੀ ਉਤਰਦੀ ਹੈ ਜਾਂ ਨਹੀਂ। ਇਸ ਵਿੱਚ ਕੋਈ ਸ਼ੱਕ ਨਹੀ ਕਿ ਗੁਰਬਾਣੀ ਗਿਆਨ ਦਾ ਸਮੁੰਦਰ ਹੈ ਪਰ ਕੀ ਇਹ ਗਿਆਨ ਕਿਸੇ ਚਮਤਕਾਰ ਨਾਲ ਗੁਰੂ ਸਹਿਬਾਨ ਤੇ ਨਾਜ਼ਲ ਹੋਇਆ ਹੈ ਜਾਂ ਇਹ ਉਹਨਾ ਦੀ ਬਿਬੇਕ ਵਿਚਾਰ ਦਾ ਨਤੀਜ਼ਾ ਹੈ। ਕੀ ਗੁਰੂ ਸਾਹਿਬ ਨੇ ਆਪਣੇ ਸਮੇ ਦੇ ਸਿਆਸੀ, ਧਾਰਮਿਕ ਅਤੇ ਸਮਾਜਿਕ ਹਾਲਾਤ ਦਾ ਡੁੰਘਿਆਈ ਵਿੱਚ ਜਾ ਕਿ ਮੁਤਾਲਿਆ ਕਰ ਸਾਨੂੰ ਸਦੀਵੀ ਸੱਚ ਨਾਲ ਜੁੜਨ ਦਾ ਰਾਹ ਦੱਸਿਆਂ ਜਾਂ ਉਹਨਾਂ ਨੂੰ ਇਹ ਗਿਆਨ ਬੈਠੇ ਬਿਠਾਏ ਮਿਲ ਗਿਆ। ਅਸੀਂ ਸਭ ਜਾਣਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵਾਰ ਵਾਰ ਬਿਬੇਕ ਵਿਚਾਰ ਦੀ ਗਲ ਕੀਤੀ ਗਈ ਹੈ। ਮਸਲਨ

“ਸਚੋ ਸਚੁ ਵਖਾਣੀਐ ਸਚੋ ਬੁਧਿ ਬਿਬੇਕ॥” ਪੰਨਾ 52

“ਨਾਨਕ ਜਨ ਕੈ ਬਿਰਤਿ ਬਿਬੇਕੈ॥” ਪੰਨਾ 264

‘ਬੂਝੈ ਬ੍ਰਹਮੁ ਅੰਤਰਿ ਬਿਬੇਕੁ॥” ਪੰਨਾ 355

“ਗੁਰਮੁਖਿ ਗਿਆਨੁ ਬਿਬੇਕ ਬੁਧਿ ਹੋਇ॥” ਪੰਨਾ 317

ਬਲਕਿ ਗੁਰੂ ਨੂੰ ਵੀ ਬਿਬੇਕ ਬੁਧ ਦਾ ਸਰੋਵਰ ਆਖਿਆ ਹੈ। “ਗੁਰ ਕੀ ਮਹਿਮਾ ਕਿਆ ਕਹਾ ਗੁਰੁ ਬਿਬੇਕ ਸਤ ਸਰੁ॥” (ਪੰਨਾ 397)। ਕਬੀਰ ਸਾਹਿਬ ਤਾਂ ਕਰਤਾਰ ਨੂੰ ਵੀ ਵੱਡਾ ਬਿਬੇਕੀ ਕਹਿ ਕੇ ਸੰਬੌਧਨ ਕਰਦੇ ਨੇ। “ਹਮਰੋ ਭਰਤਾ ਬਡੋ ਬਿਬੇਕੀ ਆਪੇ ਸੰਤੁ ਕਹਾਵੈ॥” (ਪੰਨਾ 476)। ਇਹਨਾ ਪ੍ਰਮਾਣਾ ਦੇ ਹੁੰਦੇ ਹੋਏ ਇਹ ਕਹਿਣਾ ਬਹੁਤ ਮੁਸ਼ਕਲ ਹੈ ਕਿ ਗੁਰਬਾਣੀ ਦਾ ਗਿਆਨ ਕਿਸੇ ਚਮਤਕਾਰ ਨਾਲ ਨਾਜ਼ਿਲ ਹੋਇਆ ਗਿਆਨ ਹੈ। ਯਕੀਨਨ ਇਹ ਤਾਂ ਕਿਸੇ ਡੂੰਘੀ ਵਿਚਾਰ ਦਾ ਸਿੱਟਾ ਹੈ। ਅਗਲੀ ਗੱਲ ਇਹ ਹੈ ਕਿ ਉਹ ਧਰਮ ਜੋ ਰੱਬ ਦੀ ਹੋਂਦ ਨੂੰ ਕੁਦਰਤ ਤੋਂ ਅਲਹਿਦਾ ਮੰਨਦੇ ਨੇ ਉਹੀ ਇਹ ਦਾਅਵਾ ਕਰਦੇ ਨੇ ਕਿ ਰੱਬ ਨੇ ਉਹਨਾਂ ਦੇ ਪੈਗੰਬਰਾਂ ਨੂੰ ਆਪ ਪ੍ਰਗਟ ਹੋ ਇਹ ਖਾਸ ਪੈਗਾਮ ਦਿੱਤਾ ਹੈ। ਸਿੱਖ ਧਰਮ ਤਾਂ ਰੱਬ ਨੂੰ ਆਪਣੀ ਸਾਜੀ ਕੁਦਰਤ ਵਿੱਚ “ਕਰਿ ਆਸਣੁ ਡਿਠੋ ਚਾਉ” ਦੱਸਦਾ ਹੈ ਅਤੇ ਇਹ ਅੇਲਾਨ ਕਰਦਾ ਹੈ ਕਿ ਉਹ ਬਲਿਹਾਰੀ ਕੁਦਰਤਿ ਵਸਿਆ ਹੈ। ਸੋ ਗੁਰਬਾਣੀ ਦਾ ਗਿਆਨ ਕੋਈ ਬਾਹਰੋਂ ਤਾਂ ਆ ਕੇ ਨਹੀ ਦੇ ਸਕਦਾ ਬਲਕਿ ਕਾਦਰ ਦੀ ਕੁਦਰਤ ਜਾਣੀ ਇਸ ਧਰਤੀ ਚੋਂ ਹੀ ਪੈਦਾ ਹੋਇਆ ਹੋਏਗਾ। ਕਿਉਂਕਿ ਗੁਰਬਾਣੀ ਦਾ ਰੱਬ ਕਿਤੇ ਦੂਰ ਨਹੀਂ ਬਲਕਿ ਇਸ ਕੁਦਰਤ ਵਿੱਚ ਹੀ ਵਸਿਆ ਹੋਇਆ ਹੈ। ਅਗਰ ਇਹ ਮੰਨ ਵੀ ਲਈਏ ਕਿ ਗੁਰਬਾਣੀ ਗੁਰ ਨਾਨਕ ਸਾਹਿਬ ਨੂੰ ਹੋਇਆ ਇਲਹਾਮ ਹੈ ਤਾਂ ਇਹ ਇਲਹਾਮ ਤਾਂ ਭਗਤ ਕਬੀਰ ਅਤੇ ਭਗਤ ਨਾਮਦੇਵ ਨੂੰ ਉਹਨਾਂ ਤੋਂ ਪਹਿਲਾਂ ਹੀ ਹੋ ਚੁੱਕਾ ਸੀ। ਫਿਰ ਰੱਬ ਨੂੰ ਇਹ ਇਲਹਾਮ ਦੁਵਾਰਾ ਭੇਜਣ ਦੀ ਕੀ ਲੋੜ ਪਈ। ਜੋ ਧਰਮ ਆਪਣੇ ਧਾਰਮਿਕ ਗ੍ਰੰਥਾਂ ਨੂੰ ਕਿਸੇ ਇਲਹਾਮ ਦੀ ਉਪਜ ਦੱਸਦੇ ਨੇ ਉਹ ਆਪਣੇ ਪੈਰੋਕਾਰਾਂ ਤੋਂ ਅੰਨ੍ਹੀ ਸ਼ਰਧਾ ਚਾਹੁੰਦੇ ਨੇ। ਇਸ ਦੇ ਉਲਟ ਗੁਰੂ ਸਾਹਿਬ ਤਾਂ ਸਿੱਖ ਨੂੰ ਅਕਲ ਦੀ ਵਰਤੋ ਕਰਨ ਦੀ ਹਦਾਇਤ ਕਰਦੇ ਨੇ। ਉਪਰੋਕਿਤ ਵਿਚਾਰ ਤੋਂ ਇਹ ਸਿੱਧ ਹੋ ਜਾਂਦਾ ਹੀ ਗੁਰਬਾਣੀ ਇਲਹਾਮ ਦੇ ਮਾਪਦੰਢ ਤੇ ਪੂਰੀ ਨਹੀਂ ਉਤਰਦੀ।

ਕੀ ਇਲਹਾਮ ਹੋਣਾ ਗੁਰਬਾਣੀ ਦੀ ਇੱਜ਼ਤ ਵਧਾਉਂਦਾ ਹੈ ਜਾਂ ਘਟਾਉਂਦਾ ਹੈ?

ਸਿੱਖ ਅਕਸਰ ਇਹ ਗੱਲ ਬੜੇ ਮਾਣ ਨਾਲ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਇੱਕੋ ਇੱਕ ਅਜਿਹਾ ਧਾਰਮਿਕ ਗ੍ਰੰਥ ਹੈ ਜੋ ਕਿਸੇ ਧਰਮ ਦੇ ਪੈਗੰਬਰ ਵਲੋਂ ਉਸ ਦੀ ਆਪਣੀ ਜ਼ਿੰਦਗੀ ਦੌਰਾਨ ਆਪ ਰਚਿਆ ਗਿਆ ਹੈ। ਇਹ ਗੱਲ ਹੈ ਵੀ ਬੜੇ ਮਾਣ ਵਾਲੀ ਅਤੇ ਸਿੱਖ ਧਰਮ ਨੂੰ ਇੱਕ ਨਿਵੇਕਲਾ ਧਰਮ ਵੀ ਬਣਾਉਂਦੀ ਹੈ। ਪਰ ਕੁੱਝ ਲੋਕ ਅਜਿਹੇ ਵੀ ਹਨ ਜੋ ਇਸ ਨੂੰ ਇਲਾਹੀ ਫੁਰਮਾਨ ਕਹਿਣ ਤੇ ਬਜ਼ਿਦ ਹਨ। ਅਜਿਹਾ ਕਰਕੇ ਉਹ ਗੁਰੂ ਸਾਹਿਬ ਦੀ ਇੱਜ਼ਤ ਵਿੱਚ ਇਜ਼ਾਫਾ ਕਰਨ ਦੀ ਵਜਾਏ ਉਹਨਾਂ ਤੋਂ ਇਹ ਬਾਣੀ ਰਚਨ ਦਾ ਮਾਣ ਵੀ ਖੋ ਰਹੇ ਹਨ। ਅਜਿਹਾ ਉਹ ਨਾਸਮਝੀ ਵਿੱਚ ਦੂਜੇ ਧਰਮਾਂ ਦੀ ਰੀਸ ਕਰਕੇ ਕਰਦੇ ਨੇ। ਕਿਸੇ ਦੀ ਰੀਸ ਕਰਕੇ ਉਸ ਨਾਲੋਂ ਕਦੇ ਵੀ ਵੱਡਾ ਨਹੀ ਬਣਿਆ ਜਾ ਸਕਦਾ। ਦੂਜੇ ਧਰਮਾ ਵਾਲੇ ਤਾਂ ਸਗੋਂ ਇਹ ਸਾਬਤ ਕਰਨ ਤੇ ਜ਼ੋਰ ਲਾ ਰਹੇ ਨੇ ਕਿ ਉਨ੍ਹਾ ਦੀਆਂ ਧਰਮ ਪੁਸਤਕਾਂ ਵੀ ਪ੍ਰਮਾਣਿਕ ਨੇ। ਇੱਕ ਵਾਰ ਮੈਨੂੰ ਇੱਕ ਈਸਾਈ ਧਰਮ ਦੇ ਕਾਰਕੁੰਨ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਸਿਰ ਤੇ ਪੱਗ ਹੋਣ ਕਰਕੇ ਉਸਨੇ ਮੈਨੂੰ ਸਿੱਖ ਧਰਮ ਵਾਰੇ ਪੁੱਛਿਆ ਤਾਂ ਗੱਲਾਂ ਗੱਲਾਂ ਵਿੱਚ ਮੈ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਸਾਹਿਬ ਵਲੋਂ ਆਪ ਰਚਣ ਦਾ ਜ਼ਿਕਰ ਕੀਤਾ। ਉਸ ਨੇ ਅਗਿਓਂ ਬਾਈਬਲ ਨੂੰ ਵੀ ਅਜਿਹਾ ਹੋਣਾ ਇਹ ਕਹਿ ਕੇ ਸਾਬਤ ਕਰਨਾ ਚਾਹਿਆ ਕਿ ਜੀਸਜ਼ ਨੂੰ ਮਿਲਿਆ ਇਲਹਾਮ ਵੀ ਸਿੱਧੀ ਉਸ ਦੀ ਰਚਨਾ ਬਣ ਜਾਂਦਾ ਹੈ। ਦਰਅਸਲ ਗੁਰਬਾਣੀ ਨੂੰ ਇਲਹਾਮ ਬਣਾਉਣ ਵਿੱਚ ਪੁਜਾਰੀਵਾਦ ਦਾ ਬਹੁਤ ਵੱਡਾ ਹੱਥ ਹੈ। ਇਸਦਾ ਲਾਭ ਵੀ ਸਿੱਧਾ ਪੁਜਾਰੀ ਲਾਣੇ ਨੂੰ ਜਾਂਦਾ ਹੈ ਕਿਉਂਕਿ ਇਸ ਤਰ੍ਹਾਂ ਉਹ ਆਮ ਜਨਤਾ ਨੂੰ ਅਕਲ ਨਾਲੋਂ ਤੋੜ ਸ਼ਰਧਾ ਨਾਲ ਜੋੜਦੇ ਨੇ। ਸ਼ਰਧਾ ਉਨ੍ਹਾਂ ਦੇ ਧੰਧੇ ਦੀ ਜਿੰਦ ਜਾਨ ਹੈ। ਦੂਜਾ ਇਸ ਤਰ੍ਹਾਂ ਕਰਕੇ ਉਹ ਗੁਰਬਾਣੀ ਨੂੰ ਸਿੱਖਾਂ ਤੋਂ ਦੂਰ ਕਰਨ ਵਿੱਚ ਵੀ ਕਾਮਯਾਬ ਹੋ ਗਏ ਨੇ। ਆਮ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਭੈ ਖਾਣ ਲਗ ਪਿਆ ਹੈ। ਪੁਜਾਰੀ ਇਹ ਭਲੀ ਭਾਂਤ ਜਾਣਦਾ ਹੈ ਕਿ ਅਗਰ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਸਮਝਣ ਲਗ ਪਏ ਤਾਂ ਉਸ ਦੇ ਧੰਧੇ ਦਾ ਚੌਪਟ ਹੋਣਾ ਯਕੀਨੀ ਹੈ। ਇਸ ਕਰਕੇ ਪੁਜਾਰੀ ਕਦੇ ਵੀ ਨਹੀਂ ਚਾਹੇਗਾ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਆਪ ਪੜ੍ਹਨ ਅਤੇ ਸਮਝਣ। ਦੁਨੀਆਂ ਚ ਹੋਰ ਕੋਈ ਆਪੋ ਆਪਣੇ ਮੁਨਾਫੇ ਨੂੰ ਸਾਂਭਣ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ।

ਗੁਰਬਾਣੀ ਇਲਹਾਮ ਨਹੀਂ ਬਲਕਿ ਬਿਬੇਕ ਵਿਚਾਰ ਹੈ

ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਰਚਨਾ ਨੂੰ ਬਾਣੀ ਜਾਂ ਗੁਰਬਾਣੀ ਕਹਿ ਕੇ ਪੁਕਾਰਿਆ ਜਾਂਦਾ ਹੈ। ਬਾਣੀ ਦਾ ਅਰਥ ਹੈ “ਬਣੀ ਹੋਈ, ਰਚਿਤ”। ਭਾਵ ਗੁਰਬਾਣੀ ਵੀ ਆਮ ਸਾਹਿਤ ਦੀ ਤਰ੍ਹਾਂ ਰਚੀ ਗਈ ਹੈ। ਕਹਿੰਦੇ ਨੇ ਕਿ ਗਿਆਨੀ ਦਿੱਤ ਸਿੰਘ ਦੇ ਸਾਧੂ ਦਯਾ ਨੰਦ ਨਾਲ ਜੋ ਸੰਵਾਦ ਹੋਏ ਉਸ ਵਿੱਚ ਇੱਕ ਪ੍ਰਸ਼ਨ ਇਹ ਵੀ ਸੀ ਕਿ ਵੇਦਾਂ ਦਾ ਰਚੈਤਾ ਈਸ਼ਵਰ ਹੈ ਜਾਂ ਨਹੀਂ। (2)

ਨਾਲ ਸਾਧੂ ਦੇ ਦੂਜਾ ਜੋ ਮੇਰਾ ਤਕਰਾਰ

ਹੋਇਆ ਸੀ ਜੋ ਸੱਜਨੋ ਸੁਨੀਏ ਨਾਲ ਪਯਾਰ

ਵੇਦਾਂ ਨੂੰ ਸੀ ਆਖਦੇ ਹਨ ਈਸ਼ਵਰ ਦੇ ਵਾਕ

ਉਸ ਦਾ ਖੰਡਨ ਮੈਂ ਕਰਿਆ ਖੋਲ ਭਰਮ ਦੇ ਤਾਕ।

ਗਿਆਨੀ ਦਿੱਤ ਸਿੰਘ ਹੁਰੀਂ ਭਰਮ ਦਾ ਤਾਕ ਖੋਲਣ ਲਈ ਜੋ ਤਰਕ ਵਰਤਿਆ ਉਹ ਵਰਣਨ ਯੋਗ ਹੈ। ਗਿਆਨੀ ਜੀ ਨੇ ਕਿਹਾ ਕਿ ਸਭ ਜਾਣਦੇ ਨੇ ਕਿ ਵੇਦ ਬੈਖਰੀ ਬਾਣੀ (ਭਾਵ ਜੋ ਬੋਲ ਕੇ ਪ੍ਰਗਟ ਕੀਤੀ ਜਾਵੇ) ਹੈ। ਬੋਲਣ ਲਈ ਮਨੁੱਖ ਅੱਖਰ ਵਰਤੇਗਾ। ਅੱਖਰਾਂ ਦੇ ਜੋੜ ਨਾਲ ਪਦ ਬਣਨਗੇ ਅਤੇ ਪਦਾਂ ਦਾ ਇਕੱਠ ਵਾਕ ਬਣਦਾ ਹੈ। ਇਹ ਵਾਕ ਰਲ ਕੇ ਕਥਾ ਕਹਾਣੀ ਦਾ ਰੂਪ ਲੈਂਦੇ ਨੇ ਜਿਸ ਨੂੰ ਮਨੁੱਖ ਰਚਨਾ ਬਣਾ ਕਾਗਜ਼ ਪਰ ਲਿਖ ਲੈਂਦਾ ਹੈ। ਲਿਖੀ ਹੋਈ ਰਚਨਾ ਇੱਕ ਪੁਸਤਕ ਜਾਂ ਗ੍ਰੰਥ ਬਣ ਜਾਂਦੀ ਹੈ। ਇਹ ਤਰਕ ਸੁਣ ਕੇ ਸਾਧੂ ਦਯਾ ਨੰਦ ਨੇ ਹਾਰ ਮੰਨਦੇ ਹੋਏ ਪਲਟੀ ਮਾਰ ਕੇ ਕਿਹਾ ਕਿ ਵੇਦ ਈਸ਼ਵਰ ਵਲੋਂ ਨਹੀਂ ਰਚੇ ਗਏ ਪਰ ਈਸ਼ਵਰ ਦਾ ਗਿਆਨ ਨੇ। ਜਿਸ ਤਰਕ ਨਾਲ ਗਿਆਨੀ ਦਿੱਤ ਸਿੰਘ ਹੁਰੀਂ ਵੇਦਾਂ ਨੂੰ ਈਸ਼ਵਰ ਦੀ ਰਚਨਾ ਨਾ ਹੋਣਾ ਸਿੱਧ ਕੀਤਾ ਉਸੇ ਤਰਕ ਨਾਲ ਗੁਰਬਾਣੀ ਵੀ ਇਲਹਾਮ ਹੋਣ ਦੀ ਵਜਾਏ ਗੁਰੂ ਸਾਹਿਬ ਦੀ ਰਚਨਾ ਹੈ।

ਇੱਕ ਗੱਲ ਹੋਰ ਗੌਰ ਕਰਨ ਵਾਲੀ ਹੈ ਕਿ ਸਾਰੀ ਬਾਣੀ ਪੰਜਾਬ ਜਾਂ ਭਾਰਤ ਵਿੱਚ ਪ੍ਰਚਲਤ ਕਾਵਿਕ ਰੂਪਾਂ (ਮਸਲਨ ਵਾਰ, ਬਾਰਹਮਾਹ, ਥਿਤੀ, ਅਸਟਪਦੀ, ਸੋਲਹੇ ਇਤਿਆਦਿ) ਵਿੱਚ ਹੈ। ਅਗਰ ਇਹ ਬਾਣੀ ਰੱਬ ਵਲੋਂ ਉਚਾਰੀ ਗਈ ਹੈ ਤਾਂ ਤੇ ਰੱਬ ਜੋ ਸਾਰੀ ਦੁਨੀਆਂ ਦਾ ਮਾਲਕ ਅਤੇ ਕਰਤਾ ਹੈ ਉਹ ਇਸ ਬਾਣੀ ਨੂੰ ਦੂਜੀਆਂ ਭਾਸ਼ਾਵਾਂ ਵਿੱਚ ਪ੍ਰਚਲਤ ਕਾਵਿ ਰੂਪਾਂ ਵਿੱਚ ਵੀ ਉਚਾਰਦਾ। ਪਰ ਅਜਿਹਾ ਨਹੀਂ ਹੈ। ਮਿਸਾਲ ਦੇ ਤੌਰ ਤੇ ਗੁਰਬਾਣੀ ਦੀ ਰਚਨਾ ਸਮੇ ਅੰਗਰੇਜ਼ੀ ਵਿੱਚ ਸੌਨਿੱਟ (sonnet) ਕਾਫੀ ਪ੍ਰਚਲਤ ਸੀ। ਸ਼ੇਕਸਪੀਅਰ ਨੇ ਇਸ ਕਾਵਿ ਰੂਪ ਵਿੱਚ ਕਾਫੀ ਰਚਨਾ ਕੀਤੀ ਹੈ। ਪਰ ਇਹ ਕਾਵਿ ਰੂਪ ਗੁਰੂ ਗ੍ਰੰਥ ਸਾਹਿਬ ਵਿੱਚ ਗੈਰ ਹਾਜ਼ਿਰ ਹੈ।

ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੀ ਇਸ ਗੱਲ ਦਾ ਸਬੂਤ ਹੈ ਕਿ ਇਸ ਵਿੱਚ ਸ਼ਾਮਲ ਬਾਣੀ ਦੀ ਬਣਤਰ ਬਾਕੀ ਸਾਹਿਤ ਦੀ ਤਰ੍ਹਾਂ ਹੀ ਹੈ। ਗੁਰਬਾਣੀ ਦੀ ਸੱਭ ਤੋਂ ਵੱਧ ਮਕਬੂਲ ਵਿਆਖਿਆ ਪ੍ਰੋ ਸਾਹਿਬ ਸਿੰਘ ਦੀ ਹੈ ਜੋ ਕਿ ਸਾਹਿਤ ਨੂੰ ਸਮਝਣ ਦੇ ਸਿਧਾਂਤ ਤੇ ਅਧਾਰਿਤ ਹੈ ਅਤੇ ਵਿਆਕਰਣ ਦਾ ਇਸਤੇਮਾਲ ਕਰਦੀ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਗੁਰਬਾਣੀ ਦੀ ਬਣਤਰ ਬਾਕੀ ਸਾਹਿਤ ਨਾਲੋਂ ਵੱਖਰੀ ਨਹੀਂ ਹੈ। ਹਾਂ ਇਸ ਦਾ ਫਲਸਫਾ ਜ਼ਰੂਰ ਨਿਰਾਲਾ ਅਤੇ ਇਨਕਲਾਬੀ ਹੈ। ਫਲਸਫੇ ਦਾ ਇਨਕਲਾਬੀ ਹੋਣਾ ਕਿਸੇ ਰਚਨਾ ਨੂੰ ਇਲਹਾਮ ਦਾ ਦਰਜਾ ਨਹੀ ਦੇ ਸਕਦਾ। ਗੁਰਬਾਣੀ ਪੜ੍ਹਿਆਂ ਇਹ ਵੀ ਭਲੀ ਭਾਂਤ ਜ਼ਾਹਰ ਹੋ ਜਾਂਦਾ ਹੈ ਕਿ ਕਈ ਸ਼ਬਦ ਕਿਸੇ ਇਤਿਹਾਸਿਕ ਘਟਨਾ ਦੇ ਸਬੰਧ ਵਿੱਚ ਉਚਾਰੇ ਗਏ ਹਨ। ਮਸਲਨ ਬਾਬਰ ਦੇ ਹਿੰਦੁਸਤਾਨ ਤੇ ਹਮਲੇ ਸਬੰਧੀ ਗੁਰ ਨਾਨਕ ਸਾਹਿਬ ਦੇ ਸ਼ਬਦ। ਇਸੇ ਤਰ੍ਹਾਂ ਕਈ ਸ਼ਬਦ ਗੁਰ ਅਰਜਨ ਸਾਹਿਬ ਨੇ ਆਪਣੇ ਬੇਟੇ ਹਰਗੋਬਿੰਦ ਦੀ ਬੀਮਾਰੀ ਦੇ ਸਬੰਧ ਵਿੱਚ ਵੀ ਉਚਾਰੇ ਹਨ। ਗੁਰ ਨਾਨਕ ਸਾਹਿਬ ਦੇ ਕਈ ਸ਼ਬਦ ਭਰਥਰ ਜੋਗੀ ਨੂੰ ਸੰਬੋਧਿਤ ਨੇ। ਜ਼ਾਹਰ ਹੈ ਇਹ ਉਹਨਾ ਦੀ ਭਰਥਰ ਜੋਗੀ ਨਾਲ ਹੋਈ ਗਲਬਾਤ ਦਾ ਨਤੀਜ਼ਾ ਹੈ। ਇਸੇ ਤਰ੍ਹਾਂ ਗੁਰ ਨਾਨਕ ਸਹਿਬ ਦੀਆਂ “ਸਿਧ ਗੋਸਿਟ” ਅਤੇ “ਓਅੰਕਾਰ” ਬਾਣੀਆਂ ਇਹ ਸਪਸ਼ਟ ਤੌਰ ਤੇ ਸਾਬਤ ਕਰਦੀਆਂ ਹਨ ਕਿ ਇਹ ਰਚਨਾਵਾਂ ਉਹਨਾ ਦੀ ਇਸ ਧਰਤੀ ਤੇ ਵਿਚਰਦੇ ਇਸ ਧਰਤੀ ਦੇ ਮਸਲਿਆਂ ਤੇ ਡੰਘੀ ਵਿਚਾਰ ਦਾ ਨਤੀਜ਼ਾ ਹਨ।

ਗੁਰੂ ਅਰਜਨ ਸਾਹਿਬ ਬਾਣੀ ਵਾਰੇ ਪੰਨਾ 404 ਤੇ ਕਹਿੰਦੇ ਨੇ ਕਿ ਗੁਰਬਾਣੀ ਕਰਤਾਰ ਤਕ ਪੁਹੰਚਣ ਦਾ ਰਸਤਾ ਏ ਅਗਰ ਇਸ ਨੂੰ ਅਸੀਂ ਆਪਣੇ ਮਨ ਵਿੱਚ ਟਿਕਾ ਕੇ ਰੱਖਦੇ ਹਾਂ। ਇਹ ਬਾਣੀ ਗੁਰੂ ਨਾਲ ਵੀ ਜੋੜਦੀ ਹੈ ਅਤੇ ਸਾਰੇ ਡਰ ਭੈ ਦੂਰ ਕਰਦੀ ਹੈ।

ਹਮਾਰੀ ਪਿਆਰੀ ਅਮਮ੍ਰਿਤਧਾਰੀ ਗੁਰਿ ਨਿਮਖ ਨ ਮਨ ਤੇ ਟਾਰੀ ਰੇ॥ ਰਹਾਓ॥

ਦਰਸਨ ਪਰਸਨ ਸਰਸਨ ਹਰਸਨ॥ ਰੰਗਿ ਰੰਗੀ ਕਰਤਾਰੀ ਰੇ॥ 1॥

ਖਿਨੁ ਰਮ ਗੁਰ ਗਮ ਹਰਿ ਦਮ ਨਹ ਜਮ॥ ਹਰਿ ਕੰਠਿ ਨਾਨਕ ਉਰਿ ਹਾਰੀ ਰੇ॥

ਗੁਰਬਾਣੀ ਕਰਤਾਰ ਨੂੰ ਸਮਝਣ ਦਾ ਵਸੀਲਾ ਹੈ ਨਾ ਕਿ ਕਰਤਾਰ ਵਲੋਂ ਹੋਇਆ ਇਲਹਾਮ। ਕਿਉਂਕਿ ਗੁਰਬਾਣੀ ਵੀ ਇੱਕ ਭਾਸ਼ਾ ਦਾ ਇਸਤੇਮਾਲ ਕਰਦੀ ਹੈ ਇਸ ਲਈ ਇਸ ਨੂੰ ਸਮਝਣ ਲਈ ਸਾਨੂੰ ਉਸ ਭਾਸ਼ਾ ਦੀ ਵਿਆਕਰਣ ਅਤੇ ਸਾਹਿਤ ਦੇ ਨਿਯਮ ਵੀ ਸਿੱਖਣੇ ਸਮਝਣੇ ਪੈਣਗੇ। ਅਗਰ ਅਸੀਂ ਇਸ ਨੂੰ ਸਮਝਾਂਗੇ ਤਾਂ ਹੀ ਇਹ ਸਾਡੇ ਮਨ ਵਿੱਚ ਟਿਕ ਸਾਨੂੰ ਗੁਰੂ ਨਾਲ ਜੋੜੇਗੀ। ਗੁਰਬਾਣੀ ਨੂੰ ਬਿਨਾ ਸਮਝ ਕੇ ਪੜ੍ਹਿਆਂ ਦੀਆਂ ਹਜ਼ਾਰਾਂ ਮਿਸਾਲਾਂ ਹਨ ਜੋ ਜ਼ਿੰਦਗੀ ਭਰ ਗੁਰੂ ਦੀ ਸਿਖਿਆਂ ਤੋਂ ਕੋਹਾਂ ਦੂਰ ਰਹੇ ਨੇ।

ਗੁਰਬਾਣੀ ਵਿੱਚ ਤਾਂ “ਸਤਿੁਗੁਰ” ਦੀ ਪੀੜ੍ਹੀ ਨੂੰ ਵੀ ਜੁਗ ਜੁਗ ਤੋਂ ਚਲੀ ਆ ਰਹੀ ਦੱਸਿਆ ਗਿਆ ਹੈ। “ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ ਜਿਨੀ ਗੁਰਮੁਖਿ ਨਾਮ ਧਿਆਇਆ॥” (ਪੰਨਾ 78) ਅਸੀਂ ਸਭ ਜਾਣਦੇ ਹਾਂ ਕਿ ਗੁਰ ਨਾਨਕ ਸਾਹਿਬ ਅਤੇ ਦੁਸਰੇ ਗੁਰੂ ਸਹਿਬਾਨ ਤਾ ਸਿਰਫ ਇਸ ਜੁਗ ਵਿੱਚ ਹੋਏ ਨੇ। ਅਸੀ ਉਹਨਾ ਦਾ ਜੀਵਨ ਕਾਲ ਵੀ ਜਾਣਦੇ ਹਾਂ। ਫਿਰ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵੀ ਕਿਹਾ ਗਿਆ ਹੈ ਕਿ “ਬਾਣੀ ਵਜੀ ਚਹੁ ਜੁਗੀ ਸਚੋ ਸਚੁ ਸੁਣਾਇ॥” (ਪੰਨਾ 35) ਅਤੇ “ਸਚੀ ਬਾਣੀ ਜੁਗ ਚਾਰੇ ਜਾਪੈ॥” (ਪੰਨਾ 158)। ਗੁਰੂ ਗ੍ਰੰਥ ਸਾਹਿਬ ਤਾਂ ਇਥੋਂ ਤੱਕ ਕਹਿੰਦੇ ਨੇ ਕਿ ਇਹ ਬਾਣੀ ਭਗਤ ਜਨ ਹਰ ਜੁਗ ਵਿੱਚ ਉਚਾਰਦੇ ਆਏ ਨੇ। “ਸਤਿਗੁਰੁ ਸੇਵਹਿ ਤਿਨ ਕੀ ਸਚੀ ਬਾਣੀ॥ ਜੁਗੁ ਜੁਗੁ ਭਗਤੀ ਆਖਿ ਵਖਾਣੀ॥” (ਪੰਨਾ 161)। ਇਸ ਤੋਂ ਤਾਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਇਹ ਬਾਣੀ ਗੁਰੂ ਸਾਹਿਬ ਦੇ ਜੀਵਨ ਕਾਲ ਤੋਂ ਅੱਗੇ ਪਿੱਛੇ ਵੀ ਪ੍ਰਗਟ ਹੁੰਦੀ ਰਹੀ ਹੈ। ਮਸਲਨ ਇਹ ਬਾਣੀ ਗੁਰ ਨਾਨਕ ਸਾਹਿਬ ਤੋਂ ਪਹਿਲਾਂ ਕਬੀਰ ਸਾਹਿਬ ਜਾਂ ਨਾਮਦੇਵ ਸਾਹਿਬ ਰਾਹੀਂ ਵੀ ਇਸੇ ਜੁਗ ਵਿੱਚ ਪ੍ਰਗਟ ਹੋ ਚੁੱਕੀ ਸੀ ਜਿਸ ਦਾ ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਗੁਰ ਨਾਨਕ ਸਾਹਿਬ ਨੇ ਪੂਰਾ ਮਾਣ ਸਤਿਕਾਰ ਕੀਤਾ। ਇਸ ਤੋਂ ਇਹ ਸਪਸ਼ਟ ਹੈ ਕਿ ਗੁਰਬਾਣੀ ਉਹ ਗਿਆਨ ਹੈ ਜੋ ਕਿਸੇ ਵੀ ਜੁਗ ਵਿੱਚ ਕਿਸੇ ਵੀ ਵਿਅਕਤੀ ਤੇ ਕਿਸੇ ਵੀ ਭਾਸ਼ਾ ਵਿੱਚ ਬਿਬੇਕ ਵਿਚਾਰ ਅਤੇ ਕਰਤਾਰ ਦੀ ਕ੍ਰਿਪਾ ਸਦਕਾ ਨਾਜ਼ਿਲ ਹੋ ਸਕਦਾ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਇੱਥੋਂ ਤੱਕ ਕਿਹਾ ਗਿਆ ਹੈ ਕਿ “ਬਾਣੀ ਪ੍ਰਭ ਕੀ ਸਭੁ ਕੋ ਬੋਲੈ॥ ਆਪਿ ਅਡੋਲੁ ਨ ਕਬਹੂ ਡੋਲੈ॥” (ਪੰਨਾ 294)। ਅਗਰ ਇਹ ਬਾਣੀ ਇਲਹਾਮ ਹੈ ਜੋ ਸਭ ਨੂੰ ਹੋ ਰਿਹਾ ਹੈ ਤਾਂ ਫਿਰ ਇਹ ਇਲਹਾਮ ਹੀ ਨਹੀਂ ਰਹਿੰਦਾ। ਫਿਰ ਗੁਰੂ ਸਾਿਹਬ ਵਲੋਂ ਤਾਂ ਹਰ ਇੱਕ ਨੂੰ ਗੁਰਬਾਣੀ ਬਣਨ ਦੀ ਹਦਾਇਤ ਵੀ ਕੀਤੀ ਗਈ ਹੈ। “ਸਤਿਗੁਰ ਕੀ ਬਾਣੀ ਸਤਿ ਸਰੂਪ ਹੈ ਗੁਰਬਾਣੀ ਬਣੀਐ॥” (ਪੰਨਾ 304)। ਜ਼ਾਹਰ ਹੈ ਇੱਥੇ ਗੁਰੂ ਸਾਹਿਬ ਕਿਸੇ ਇਲਹਾਮ ਦੀ ਗੱਲ ਨਹੀਂ ਕਰ ਰਹੇ ਬਲਕਿ ਇਸ ਬਾਣੀ ਦੇ ਗਿਆਨ ਜਾਂ ਸਿੱਖਿਆ ਨਾਲ ਜ਼ਿੰਦਗੀ ਨੂੰ ਰੰਗਣ ਦੀ ਗੱਲ ਆਖ ਰਹੇ ਨੇ। ਇਹ ਰੰਗ ਸਿਰਫ ਬਿਬੇਕ ਵਿਚਾਰ ਅਤੇ ਅਮਲ ਨਾਲ ਹੀ ਚੜ੍ਹਦਾ ਹੈ। ਇਲਹਾਮ ਵਿੱਚ ਅੰਨੀ ਸ਼ਰਧਾ ਤਾਂ ਸਿਰਫ ਕਰਮ ਕਾਂਢ ਨੂੰ ਹੀ ਪੈਦਾ ਕਰਦੀ ਏ। ਇਲਹਾਮ ਬਣਿਆਂ ਨਹੀਂ ਜਾ ਸਕਦਾ। ਬਿਬੇਕ ਵਿਚਾਰ ਕਰ ਗਿਆਨ ਬਣਿਆ ਜਾ ਸਕਦਾ।

ਧੁਰ ਕੀ ਬਾਣੀ, ਬਾਣੀਆਂ ਸਿਰਿ ਬਾਣੀ, ਖਸਮ ਕੀ ਬਾਣੀ

ਗੁਰਬਾਣੀ ਨੂੰ ਅਕਸਰ “ਧੁਰ ਕੀ ਬਾਣੀ” ਜਾਂ “ਬਾਣੀਆਂ ਸਿਰਿ ਬਾਣੀ” ਕਹਿ ਕੇ ਸਤਿਕਾਰਿਆ ਜਾਂਦਾ ਹੈ। ਧੁਰ ਉਸ ਕੀਲੀ ਨੂੰ ਕਹਿੰਦੇ ਹਨ ਜਿਸ ਦੀ ਟੇਕ `ਤੇ ਪਹੀਆ ਘੁੰਮਦਾ ਹੈ। ਇਹ ਬਾਣੀ ਉਸ ਬਿਬੇਕ ਗਿਆਨ ਦੀ ਗਲ ਕਰ ਰਹੀ ਹੈ ਜਿਸ ਦੀ ਟੇਕ ਤੇ ਇਹ ਸ੍ਰਿਸ਼ਟੀ ਚਲ ਰਹੀ ਹੈ। ਦੁਨੀਆਂ ਵਿੱਚ ਹਰ ਭਾਸ਼ਾਂ ਵਿੱਚ ਹੋਰ ਵੀ ਅਣਗਿਣਤ ਰਚਨਾਵਾਂ ਹਨ ਜੋ ਇਸ ਧੁਰੇ ਦੀ ਗਲ ਕਰਨ ਦੀ ਵਜਾਏ ਇੱਧਰ ਉੱਧਰ ਦੀਆਂ ਗੱਲਾਂ ਕਰ ਦੁਨੀਆਂ ਦਾ ਮਨ ਪ੍ਰਚਾਵਾ ਕਰ ਰਹੀਆਂ ਹਨ। ਇਹ ਬਹੁਤ ਮਕਬੂਲ ਵੀ ਹਨ। ਵੱਡੇ ਵੱਡੇ ਇਨਾਮ ਵੀ ਹਾਸਲ ਨੇ। ਪਰ ਇਹ ਸਾਰੀ ਕੱਚੀ ਬਾਣੀ ਹੈ। ਇਸ ਨੂੰ ਲਿਖਣ ਵਾਲੇ ਧਾਤ ਵਸ ਲਿਖ ਰਹੇ ਨੇ। ਗੁਰਬਾਣੀ ਸੱਚੀ ਹੈ ਅਤੇ ਇਹ ਲਿਵ ਦੀ ਟੇਕ ਨਾਲ ਰਚੀ ਗਈ ਹੈ। ਮਿਸਾਲ ਦੇ ਤੌਰ ਤੇ ਦੇਸ਼ ਭਗਤੀ ਦੇ ਗੀਤ ਕੱਚੀ ਬਾਣੀ ਹਨ। ਇਸ ਦੇ ਉਲਟ ਗੁਰਬਾਣੀ ਸਰਬੱਤ ਦੇ ਭਲੇ ਦੇ ਗੀਤ ਗਾਉਂਦੀ ਹੈ। ਟੈਗੋਰ “ਜਨ ਗਨ ਮਨ” ਲਿਖ ਭਾਰਤ ਦੀ ਉਸਤਿਤ ਕਰਦਾ ਏ, ਇਕਬਾਲ ਨੂੰ ਸਾਰੇ ਜਹਾਨ ਨਾਲੋਂ ਹਿੰਦੋਸਤਾਨ ਚੰਗਾ ਲਗਦਾ ਏ, ਵਾਲਟ ਵਿਟਮੈਨ ਨੂੰ ਅਮਰੀਕਾ ਗਾਉਂਦਾ ਸੁਣਾਈ ਦਿੰਦਾ ਏ (I hear America singing), ਪਰ ਗੁਰੂ ਸਾਹਿਬ ਨੂੰ ਸਾਰੀ ਕਾਇਨਾਤ ਗਾਉਂਦੀ ਸੁਣਾਈ ਦਿੰਦੀ ਹੈ। ਮੁਲਖ ਟੁਟਦੇ ਰਹਿੰਦੇ ਨੇ ਅਤੇ ਟੱਟ ਕੇ ਜੁੜ੍ਹਦੇ ਰਹਿੰਦੇ ਨੇ ਪਰ ਕਾਦਰ ਦੀ ਕਾਇਨਾਤ ਅਟੱਲ ਹੈ। ਇਹੀ ਫਰਕ ਏ ਕੱਚੀ ਬਾਣੀ ਅਤੇ ਸੱਚੀ ਬਾਣੀ ਵਿੱਚ। ਇਸੇ ਲਈ ਇਸ ਨੂੰ ਗੁਰੂ ਸਾਹਿਬ ਬਾਣੀਆਂ ਸਿਰਿ ਬਾਣੀ ਕਹਿ ਕੇ ਸੰਬੋਧਨ ਕਰਦੇ ਨੇ। ਜਦੋਂ ਕਬੀਰ ਸਾਹਿਬ ਕਹਿੰਦੇ ਨੇ ਕਿ “ਲੋਗੁ ਜਾਨੈ ਇਹੁ ਗੀਤੁ ਹੈ ਇਹ ਤਉ ਬ੍ਰਹਮ ਬੀਚਾਰ” ਉਹ ਵੀ ਇਸੇ ਨੁਕਤੇ ਤੇ ਜ਼ੋਰ ਦੇ ਰਹੇ ਨੇ। ਕਬੀਰ ਸਾਹਿਬ ਇਹ ਨਹੀਂ ਕਹਿ ਰਹੇ ਕਿ ਇਹ ਕੋਈ ਇਲਹਾਮ ਹੈ।

ਜਦੋਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ “ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥” (3) ਉਦੋਂ ਉਹ ਇਹ ਨਹੀਂ ਕਹਿ ਰਹੇ ਕਿ ਉਹਨਾਂ ਨੂੰ ਕੋਈ ਇਲਹਾਮ ਹੋ ਰਿਹਾ ਹੈ ਜਿਸਦਾ ਵੇਰਵਾ ਉਹ ਭਾਈ ਲਾਲੋ ਨੂੰ ਸੁਣਾ ਰਹੇ ਨੇ ਬਲਕਿ ਉਹ ਇੱਕ ਦਰਦਨਾਕ ਇਤਿਹਾਸਿਕ ਘਟਨਾ `ਤੇ ਕਾਫੀ ਡੂੰਘੀ ਸੋਚ ਵਿਚਾਰ ਕਰ ਜੋ ਉਹਨਾਂ ਨੂੰ ਕਰਤਾਰ ਦੀ ਕ੍ਰਿਪਾ ਨਾਲ ਸਮਝ ਪਈ ਏ ਉਸ ਗਿਆਨ ਨੂੰ ਸਹੀ ਸਮਝਣ ਦੀ ਭਾਈ ਲਾਲੋ ਨੂੰ ਤਾਗੀਦ ਕਰ ਰਹੇ ਨੇ। ਇਸ ਦਾ ਇੱਕ ਸਬੂਤ ਇਹ ਹੈ ਕਿ ਸ਼ਬਦ ਦੇ ਅਖੀਰ ਵਿੱਚ ਉਹ ਇਸ ਨੂੰ “ਸਚ ਕੀ ਬਾਣੀ’ ਕਹਿੰਦੇ ਨੇ। ਸ਼ਬਦ ਦੇ ਪਹਿਲੇ ਹਿੱਸੇ ਵਿੱਚ ਦਰਦਨਾਕ ਘਟਨਾ ਦਾ ਜ਼ਿਕਰ ਹੈ ਦੂਜੇ ਹਿੱਸੇ ਵਿੱਚ ਗੁਰੂ ਸਾਹਿਬ ਇਸ ਦਾ ਮੁਲਾਂਕਣ ਕਰ ਰਹੇ ਨੇ। ਹੋ ਸਕਦਾ ਏ ਇਹ ਸ਼ਬਦ ਭਾਈ ਲਾਲੋ ਦੇ ਕਿਸੇ ਸਵਾਲ ਦਾ ਉੱਤਰ ਹੋਵੇ। ਭਾਈ ਲਾਲੋ ਨੇ ਪੁਛਿਆ ਹੋਵੇ ਕਿ ਇਸ ਸਾਰੇ ਘਟਨਾ ਕ੍ਰਮ ਨੂੰ ਉਹ ਕਿਸ ਤਰ੍ਹਾਂ ਦੇਖਦੇ ਨੇ। ਸਿੱਖਾਂ ਵਲੋਂ ਗੁਰੂ ਸਹਿਬਾਨ ਨੂੰ ਅਜਿਹੇ ਸਵਾਲ ਕਰਨਾ ਕੁਦਰਤੀ ਅਤੇ ਸੁਭਾਵਿਕ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਕਈ ਸ਼ਬਦ ਸਿੱਖਾਂ ਦੇ ਸਵਾਲਾਂ ਦੇ ਪ੍ਰਥਾਏ ਉਚਾਰੇ ਹੋਣਾ ਕੁਦਰਤੀ ਹੈ। ਸਿੱਖ ਅਤੇ ਗੁਰੂ ਦਾ ਇਹੀ ਰਿਸ਼ਤਾ ਹੈ। ਸਵਾਲ ਜਵਾਬ ਹੀ ਸਿੱਖ ਨੂੰ ਗੁਰੂ ਨਾਲ ਜੋੜਦੇ ਨੇ। ਪੂਰੇ ਸ਼ਬਦ ਨੂੰ ਗਹੁ ਨਾਲ ਪੜਿਆਂ ਇਹ ਸਾਫ ਹੋ ਜਾਂਦਾ ਹੈ ਕਿ ਗੁਰੂ ਸਾਹਿਬ ਬਾਬਰ ਦੇ ਹਮਲੇ ਨਾਲ ਲੋਕਾਈ ਤੇ ਟੁੱਟੇ ਕਹਿਰ ਦੀ ਗੱਲ ਕਰ ਰਹੇ ਨੇ। ਇਸ ਕਹਿਰ ਦਾ ਆਪਣੇ ਫਲਸਫੇ ਦੇ ਨਜ਼ਰੀਏ ਤੋਂ ਮੁਲਾਂਕਣ ਕਰ ਰਹੇ ਨੇ। ਇਸ ਵਿੱਚ ਇੱਕ ਇਤਿਹਾਸਿਕ ਸਚਾਈ ਵੀ ਬਿਆਨ ਕੀਤੀ ਗਈ ਹੈ ਜੋ ਆਮ ਇਤਿਹਸਿਕ ਪੁਸਤਕਾਂ ਵਿੱਚ ਪੜ੍ਹਨ ਨੂੰ ਨਹੀਂ ਮਿਲਦੀ। ਆਮ ਤੌਰ ਤੇ ਇਹੀ ਕਿਹਾ ਜਾਂਦਾ ਹੈ ਕਿ ਬਾਬਰ ਨੇ ਹਿੰਦੂਆਂ ਤੇ ਜੁਲਮ ਕੀਤਾ ਪਰ ਇਸ ਸ਼ਬਦ ਵਿੱਚ ਇਹ ਦੱਸਿਆ ਗਿਆ ਹੈ ਕਿ ਜੁਲਮ ਹਿੰਦੂ ਅਤੇ ਮੁਸਲਮਾਨਾਂ ਦੋਵਾਂ ਤੇ ਇੱਕੋ ਜਿਹਾ ਹੋਇਆ ਹੈ। ਜਾਲਮ ਨੇ ਔਰਤ ਤੇ ਜੁਲਮ ਕਰਦਿਆਂ ਇਹ ਨਹੀਂ ਦੇਖਿਆ ਕਿ ਉਹ ਹਿੰਦੂ ਹੈ ਜਾਂ ਮੁਸਲਮਾਨ, ਉੱਚੀ ਜਾਤ ਹੈ ਜਾਂ ਨੀਵੀਂ ਜਾਤ। ਅਜਿਹਾ ਸੱਚ ਕਹਿਣਾ, ਅਜਿਹੀ ਹਿੰਮਤ ਕਿਸੇ ਵਿਰਲੇ ਦੇ ਹੀ ਹਿੱਸੇ ਆਉਂਦੀ ਹੈ। ਅਜਿਹੀ ਹਿੰਮਤ ਸਿਰਫ ਕਰਤਾਰ ਦੀ ਬਖਸ਼ਿਸ ਨਾਲ ਹੀ ਮਿਲਦੀ ਹੈ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਕਿ “ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ॥” ਪੰਨਾ 308. ਪੁਜਾਰੀ ਨਹੀਂ ਸੀ ਚਾਹੁੰਦਾ ਕਿ ਇਸ ਹਿੰਮਤ, ਇਸ ਸਚਾਈ ਦਾ ਪਤਾ ਚੱਲੇ। ਇਸ ਲਈ ਉਸਨੇ ਸਾਰੀ ਗੱਲ ਤੇ ਇਲਹਾਮ ਦਾ ਪਰਦਾ ਪਾ ਦਿੱਤਾ।

ਨਿਚੋੜ

ਸਾਰੀ ਵਿਚਾਰ ਦਾ ਨਿਚੋੜ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਿਲਾ ਸ਼ੱਕ ਧੁਰ ਕੀ ਬਾਣੀ ਹੈ, ਬਾਣੀਆਂ ਸਿਰ ਬਾਣੀ ਹੈ। ਕੱਚੀ ਬਾਣੀ ਨਾਲੋਂ ਬਿਲਕੁਲ ਭਿੰਨ ਹੈ। ਪਰ ਇਹ ਬਾਣੀ ਇਸੇ ਧਰਤੀ ਦੇ ਲੋਕਾਂ ਲਈ ਇਸੇ ਧਰਤੀ ਦੀਆਂ ਸਮੱਸਿਆਂਵਾ ਸਮਝ ਹੱਲ ਕਰਨ ਲਈ ਜੂਝਣ ਲਈ ਪ੍ਰੇਰਨਾ ਦਿੰਦੀ ਹੈ। ਇਸ ਨੂੰ ਇਲਹਾਮ ਕਹਿ ਕੇ ਅਸੀਂ ਗੁਰੂ ਸਾਹਿਬ ਦੀ ਕੀਤੀ ਘਾਲਣਾ ਘੱਟੇ ਚ ਰੋਲ ਰਹੇ ਹਾਂ। ਇਹ ਪੁਜਾਰੀਵਾਦ ਦੀ ਚਾਲ ਹੈ ਜੋ ਆਮ ਸਿੱਖ ਨੂੰ ਗਰਬਾਣੀ ਤੋਂ ਭੈ ਖਾ ਕੇ ਦੂਰ ਰਹਿਣ ਲਈ ਮਜ਼ਬੂਰ ਕਰ ਰਹੀ ਹੈ। ਕਈ ਵਿਦਵਾਨ (ਜਿਹਨਾਂ ਵਿੱਚ ਸਿਖ ਮਾਰਗ ਤੇ ਲਿਖਣ ਵਾਲੇ ਵੀ ਸ਼ਾਮਲ ਨੇ) ਵੀ ਇਸ ਚਾਲ ਦਾ ਸ਼ਿਕਾਰ ਹੋ ਗੁਰਬਾਣੀ ਦਾ ਸਮਾਜ ਸਿਆਸਤ ਨਾਲੋ ਨਾਤਾ ਤੋੜ ਇਸ ਨੂੰ ਨਿਜੀ ਮੁਕਤੀ ਦਾ ਹੀ ਸਾਧਨ ਦੱਸਦੇ ਨੇ। ਇਹ ਵਿਦਵਾਨ ਆਤਮਾ ਅਤੇ ਅਧਿਆਤਮਵਾਦ ਦੇ ਗੁਣ ਗਾਉਂਦੇ ਨੇ ਜਿਸ ਦਾ ਗੁਰੂ ਸਾਹਿਬ ਨੇ ਜ਼ਿਕਰ ਕਰਨਾ ਵੀ ਮੁਨਾਸਿਬ ਨਹੀਂ ਸਮਝਿਆ। ਇਹ ਵਿਦਵਾਨ ਉਪਰੋਂ ਬੇਸ਼ੱਕ ਪੁਜਾਰੀਵਾਦ ਨੂੰ ਭੰਡਦੇ ਨੇ ਪਰ ਉਹਨਾਂ ਦੀ ਸੋਚ ਪੁਜਾਰੀਵਾਦ ਨੂੰ ਹੀ ਪੱਠੇ ਪਾ ਰਹੀ ਹੈ। ਇਹ ਇੱਕ ਦੁਬਿਧਾ ਦਾ ਸ਼ਿਕਾਰ ਨੇ। ਪੁਜਾਰੀਵਾਦ ਨੂੰ ਭੰਡ ਕੇ ਵੀ ਉਹਨਾ ਦੀ ਹੀ ਕਤਾਰ ਵਿੱਚ ਖੜੇ ਦਿਖਾਈ ਦੇ ਰਹੇ ਨੇ।

ਹਵਾਲੇ ਅਤੇ ਨੋਟ

  1. ਇਨਸਾਈਕਲੋਪੀਡੀਆ ਬਰਿਟੈਨਿਕਾ ਦੀ ਜਾਣਕਾਰੀ ਤੁਸੀਂ ਹੇਠਾਂ ਦਿੱਤੇ ਲਿੰਕ ਤੇ ਪੜ੍ਹ ਸਕਦੇ ਹੋ। https://www.britannica.com/topic/revelation
  2. ਇਸ ਦਾ ਜ਼ਿਕਰ ਸਪੋਕਸਮੈਨ ਅਖਵਾਰ ਦੇ 5 ਫਰਵਰੀ 2020 ਦੇ ਅੰਕ ਵਿੱਚ ਸ ਹਰਪ੍ਰੀਤ ਸਿੰਘ ਨੇ ਆਪਣੇ ਲੇਖ “ਕੀ ਸੀ ਗਿਅਨੀ ਦਿੱਤ ਸਿੰਘ ਜੀ ਦਾ ਸਾਧੂ ਦਯਾ ਨੰਦ ਨਾਲ ਸੰਵਾਦ” ਵਿੱਚ ਕੀਤਾ ਹੈ।
  3. ਪੂਰਾ ਸ਼ਬਦ ਰਾਗ ਤਿਲੰਗ ਵਿੱਚ ਪੰਨਾ 722-23 ਤੇ ਇਸ ਤਰ੍ਹਾਂ ਹੈ।

ਜੈਸੀ ਮੈ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥ ਸਰਮ ਧਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥ ਕਾਜ਼ੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨ ਵੇ ਲਾਲੋ॥ ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ॥ ਜਾਤਿ ਸਨਾਤੀ ਹੋਰ ਹਿੰਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ॥ ਖੁਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ॥ 1॥ ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ॥ ਜਿਨਿ ਉਪਾਈ ਰੰਗਿ ਰਵਾਈ ਵੇਖੈ ਵਖਿ ਇਕੇਲਾ॥ ਸਚਾ ਸੋ ਸਾਹਿਬ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ॥ ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ॥ ਆਵਨਿ ਅਟਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ॥ ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ॥ 2॥

10/04/2020




.