ਭਾਉ ਭਗਤਿ ਕਰਿ ਨੀਚੁ ਸਦਾਏ
ਭਾਉ ਭਗਤਿ ਧਰਮੀ ਜੀਵ ਦੇ ਕੰਮ ਹਨ। ਇਹ ਸਿਰਫ ਮਨ ਦੇ ਨਾਲ ਹੀ ਕੀਤੇ ਜਾ
ਸਕਦੇ ਹਨ ਅਤੇ ਇਨਾ ਦਾ ਟੀਚਾ ਉਸ ਸਰਬ ਵਿਆਪੀ ਹਸਤੀ ਨਾਲ ਪ੍ਰੇਮ ਪਾਉਣਾ ਹੈ। ਪਰ ਉਸ ਇੱਕ ਹਰੀ ਦੇ
ਨਾਲ ਪ੍ਰੀਤ ਪਾਉਣ ਦਾ ਕੰਮ ਜੇ ਨਹੀਂ ਹੋਇਆ ਤਾਂ ਧਰਮ ਦੇ ਨਾਂਅ ਤੇ ਕੀਤਾ ਜੀਵ ਦਾ ਹਰ ਕੰਮ ਇੱਕ
ਪਾਖੰਡ ਤੇ ਦਿਖਾਵਾ ਬਣ ਕੇ ਹੀ ਰਹਿ ਜਾਂਦਾ ਹੈ। ਹਰੀ ਨਾਲ ਪ੍ਰੀਤ ਹੀ ਜੀਵ ਨੂੰ ਸੱਚਾ ਧਰਮੀ ਬਣਾ ਕੇ
ਸਦੀਵੀ ਅਨੰਦ ਦੇ ਸਕਦੀ ਹੈ।
ਪਾਖੰਡ ਧਰਮੁ ਪ੍ਰੀਤਿ ਨਹੀ ਹਰਿ ਸਉ ਗੁਰ ਸਬਦੁ ਮਹਾ ਰਸੁ ਪਾਇਆ-1043
ਕਿਸੇ ਭੀ ਫਿਰਕੇ ਦੀਆਂ ਮੰਨੀਆਂ ਰਸਮਾਂ ਕਰ ਲੈਣ ਨਾਲ ਕੋਈ ਭੀ ਸਫਲਤਾ ਨਹੀਂ
ਮਿਲਣੀ ਜੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਮਾਰੂ ਅਤੇ ਭਿਆਨਕ ਦੈਂਤ ਪਲਦੇ ਰਹੇ। ਤੁਕਾਂ
ਇੱਕ ਫਿਰਕੇ ਦੀ ਇੱਕ ਉਦਾਹਰਣ ਹਨ ਪਰ ਅਸੂਲ ਸਭ ਫਿਰਕਿਆਂ ਦੀਆਂ ਮੰਨੀਆਂ ਸਭ ਰਸਮਾਂ ਤੇ ਲਾਗੂ ਹੁੰਦਾ
ਹੈ।
ਕਰਹਿ ਬਿਭੂਤਿ ਲਗਾਵਹਿ ਭਸਮੈ। ਅੰਤਰਿ ਕ੍ਰੋਧੁ ਚੰਡਾਲੁ ਸੁ ਹਉਮੈ।
ਪਾਖੰਡ ਕੀਨੇ ਜੋਗੁ ਨ ਪਾਈਐ ਬਿਨੁ ਸਤਿਗੁਰ ਅਲਖੁ ਨ ਪਾਇਆ-1043
ਨਿਰੋਲ ਬਾਣੀ ਦੀ ਸਿਖਿਆ ਤੇ ਚਲੇ ਬਿਨਾਂ ਪ੍ਰਭੂ ਮਿਲਾਪ ਦੀ ਸੰਭਾਵਨਾ ਹੀ
ਨਹੀਂ ਹੋ ਸਕਦੀ। ਇਹ ਕੰਮ ਨਾ ਹੋਣ ਨੂੰ ਬਾਣੀ ਜ਼ਿੰਦਗੀ ਦੀ ਅਸਫਲਤਾ ਮੰਨਦੀ ਹੈ। ਇਸ ਲਈ ਹਰ ਇੱਕ
ਸੱਚਾ ਧਰਮੀ ਬਣਨ ਦੇ ਚਾਹਵਾਨ ਜੀਵ ਨੂੰ ਸੱਚੇ ਮਨ ਨਾਲ ਪੜਤਾਲ ਕਰਨੀ ਚਾਹੀਦੀ ਹੈ ਕਿ ਉਹ ਬਾਣੀ ਦੀ
ਸਿਖਿਆ ਨਾਲ ਕਿੰਨਾ ਕੁ ਜੁੜਿਆ ਹੋਇਆ ਹੈ? ਅਸੀਂ ਆਪਣੀਆਂ ਰਸਮਾਂ ਨੂੰ ਜਿੰਨਾ ਮਰਜ਼ੀ ਸਲਾਹੀ ਜਾਈਅੇ
ਪਰ ਸੱਚ ਤਾਂ ਇਹ ਹੈ ਕਿ ਬਾਹਰਲੇ ਵੇਸ, ਬਾਣੇ ਜਾਂ ਰਸਮਾਂ ਰਿਵਾਜ ਅੰਦਰਲੀ ਮੈਲ ਨੂੰ ਦੂਰ ਨਹੀਂ
ਕਰਨਗੇ:
ਪਾਖੰਡਿ ਮੈਲੁ ਨ ਚੁਕਈ ਭਾਈ ਅੰਤਰਿ ਮੈਲੁ ਵਿਕਾਰੀ-635
ਦੁੱਖ ਦੀ ਗੱਲ ਹੀ ਇਹ ਹੈ ਕਿ ਧਰਮ ਦੇ ਨਾਂਅ ਤੇ ਸਾਰਾ ਸੰਸਾਰ ਹੀ ਫੋਕੇ ਕੰਮ
ਕਰਨ ਲੱਗਾ ਹੋਇਆ ਹੈ। ਸਭ ਕੁੱਝ ਹੀ ਵਿਖਾਵੇ ਦੀ ਗੱਲ ਬਣ ਕੇ ਰਹਿ ਗਿਆ ਹੈ ਜਦੋਂ ਕਿ ਅੰਦਰਲਾ ਮਨ
ਮੈਲੇ ਦਾ ਮੈਲਾ ਹੀ ਨਹੀਂ ਰਹੀ ਜਾਂਦਾ ਬਲਕਿ ਹੋਰ ਮਲੀਨ ਹੋਈ ਜਾਂਦਾ ਹੈ:
ਹਰਿ ਪਾਖੰਡੁ ਨ ਕੀਜਈ ਬੈਰਾਗੀਅੜੇ, ਪਾਖੰਡਿ ਰਤਾ ਸਭੁ ਲੋਕੁ ਵਣਾ
ਹੰਬੈ-1104
ਇਹ ਗਲ ਪੱਕੀ ਤੇ ਸਦਾ ਯਾਦ ਰੱਖਣ ਵਾਲੀ ਹੈ ਕਿ ਨਿਰਮਲ ਹਰੀ ਨਾਲ ਮੈਲੇ ਮਨ
ਰਾਹੀਂ ਮਿਲਾਪ ਹੋਣਾ ਅਸੰਭਵ ਹੈ। ਇਸ ਕਰਕੇ ਅਕਲ ਦੀ ਗੱਲ ਹੀ ਇਹ ਹੈ ਕਿ ਹੋਰ ਸਾਰਾ ਕੁੱਝ ਛੱਡ ਕੇ
ਮਨ ਨੂੰ ਨਿਰਮਲ ਕਰਨ ਵਿੱਚ ਰੁੱਝਣਾ ਚਾਹੀਦਾ ਹੈ। ਹੇਠ ਦਿੱਤੀ ਉਦਾਹਰਣ ਹਰ ਇੱਕ ਅਕਲਮੰਦ ਤੇ ਲਾਗੂ
ਹੁੰਦੀ ਹੈ:
ਦਾਨਸਬੰਦੁ ਸੋਈ ਦਿਲਿ ਧੋਵੈ। ਮੁਸਲਮਾਣੁ ਸੋਈ ਮਲੁ ਖੋਵੈ-662
ਹੋਰ ਤਾਂ ਕੋਈ ਭੁੱਲਿਆ ਰਹਿ ਸਕਦਾ ਹੈ ਪਰ ਬਾਣੀ ਤੋਂ ਸੋਝੀ ਲੈਣ ਵਾਲਾ ਇਹ
ਭੁੱਲ ਕਦੀ ਭੀ ਨਹੀਂ ਕਰ ਸਕਦਾ ਕਿਉਂਕਿ ਗੁਰੂ ਨੇ ਉਸਨੂੰ ਸੱਭ ਸੋਝੀ ਦੇ ਦਿੱਤੀ ਹੈ। ਹਾਂ ਜੇ ਗੁਰੂ
ਦੀ ਸੋਝੀ ਨਹੀਂ ਲਈ ਫਿਰ ਤਾਂ ਗ਼ਲਤੀ ਤੇ ਗ਼ਲਤੀ ਹੋਵੇਗੀ:
ਗੁਰਮੁਖਿ ਹੋਇ ਤਿਸੁ ਸਭ ਕਿਛੁ ਸੁਝੈ। ਨਾਨਕ ਗੁਰਮੁਖਿ ਮਨ ਸਿਉ ਲੁਝੈ-1418
ਜੇ ਜੀਵ ਮਨ ਨਿਰਮਲ ਕਰਨ ਦੇ ਕੰਮ ਨੂੰ ਛੱਡ ਕੇ ਹੋਰ ਕੰਮਾਂ ਦੇ ਵਿੱਚ ਲੱਗਾ
ਹੈ ਤਾਂ ਉਹ ਬਾਣੀ ਦਾ ਸ਼ਰਧਾਲੂ ਨਹੀਂ, ਉਸਦਾ ਕੋਈ ਭੀ ਕੰਮ ਗੁਰੂ ਦੀ ਹਜ਼ੂਰੀ ਵਿੱਚ ਨਹੀਂ ਹੋ ਰਿਹਾ
ਭਾਵੇਂ ਉਹ ਇਹ ਗੁਰਬਾਣੀ ਗ੍ਰੰਥ ਦੇ ਕੋਲ ਬਹਿ ਕੇ ਹੀ ਕਰਦਾ ਹੈ। ਗੁਰੂ ਦੀ ਹਜ਼ੂਰੀ ਵਿੱਚ ਹੋਣਾ
ਸਰੀਰਿਕ ਨਹੀਂ ਬਲਕਿ ਮਨ ਦਾ ਕੰਮ ਹੈ। ਜਿਹੜੇ ਮਨ ਵਿੱਚ ਗੁਰੂ ਦੀ ਸੋਝੀ ਨਹੀਂ ਉਹ ਗੁਰੂ ਦੀ ਹਜ਼ੂਰੀ
ਵਿੱਚ ਨਹੀਂ, ਜਿਹੜਾ ਕੰਮ ਗੁਰੂ ਦੀ ਸਿੱਖਿਆ ਦੇ ਅਨੁਕੂਲ ਨਹੀਂ ਉਹ ਗੁਰੂ ਦੀ ਹਜ਼ੂਰੀ ਵਿੱਚ ਨਹੀਂ ਹੋ
ਰਿਹਾ:
ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ।
ਨਾਨਕ ਸਤਿਗੁਰੁ ਤਾਂ ਮਿਲੈ ਜਾ ਮਨੁ ਰਹੈ ਹਦੂਰਿ-84
ਅਸੀਂ ਜਿੱਥੋਂ ਤੱਕ ਭੀ ਨਜ਼ਰ ਦੁੜਾਉਂਦੇ ਹਾਂ ਸਾਨੂੰ ਕੋਈ ਵਿਰਲਾ ਹੀ ਕੰਮ
ਬਾਣੀ ਦੀ ਸਿੱਖਿਆ ਦੇ ਅਨੁਕੂਲ ਹੁੰਦਾ ਨਜ਼ਰ ਆਉਂਦਾ ਹੈ, ਕੋਈ ਵਿਰਲਾ ਹੀ ਬਾਣੀ ਦੇ ਨਿਰੋਲ ਸਿਧਾਂਤ
ਦੀ ਗੱਲ ਕਰਦਾ ਦਿਸਦਾ ਹੈ। ਲੱਗਦਾ ਇਵੇਂ ਹੈ ਕਿ ਅਸੀਂ ਬਹੁ ਪਰਕਾਰੀ ਨੀਂਦ ਵਿੱਚ ਗੜੂੰਦ ਹੀ ਆਪਣੇ
ਆਪ ਨੂੰ ਬਾਣੀ ਦੇ ਪੱਕੇ ਸ਼ਰਧਾਲੂ ਹੋਣ ਦਾ ਭਰਮ ਪਾਲੀ ਬੈਠੇ ਹਾਂ ਜਦਕਿ ਅਮਲੀ ਤੌਰ ਤੇ ਅਸੀਂ ਸਾਰੇ
ਹੀ ਕੰਮ ਹੋਰ ਥਾਵਾਂ ਤੋਂ ਲਈ ਸਿੱਖਿਆ ਦੇ ਅਧੀਨ ਕਰ ਰਹੇ ਹਾਂ। ਜਿੰਨਾ ਚਿਰ ਕੋਈ ਜੀਵ ਆਪਣੇ ਆਪ ਨੂੰ
ਨਿਰੋਲ ਬਾਣੀ ਦੀ ਕਸਵੱਟੀ ਤੇ ਲਾਉਣ ਲਈ ਤਿਆਰ ਨਹੀਂ ਹੁੰਦਾ ਉਨਾਂ ਚਿਰ ਉਹ ਸਿੱਧੇ ਰਾਹ ਤੇ ਕਦੀ ਭੀ
ਨਹੀਂ ਆ ਸਕਦਾ। ਉਹ ਸਿੱਧੇ ਰਾਹ ਤੇ ਆਉਣ ਤੋਂ ਬਚਣ ਲਈ ਇਤਿਹਾਸ, ਰਵਾਇਤਾਂ ਆਦਿਕ ਦੇ ਹਵਾਲੇ ਦੇ ਦੇ
ਕੇ ਆਪਣੇ ਕੀਤੇ ਕੰਮਾਂ ਨੂੰ ਸਹੀ ਸਿੱਧ ਕਰਨ ਦੀ ਅਸਫਲ ਕਾਰਵਾਈ ਕਰਨ ਵਿੱਚ ਹੀ ਪਰਚਿਆ ਰਹੇਗਾ।
ਧਿਆਨ ਦੇਣ ਵਾਲੀ ਗੱਲ ਇਹ ਹੈ
ਕਿ ਸੱਚੇ ਧਰਮ ਦੀ ਪੂਰੀ ਰੂਪ ਰੇਖਾ ਸਿਰਫ ਤੇ ਕੇਵਲ ਧੁਰ ਕੀ ਬਾਣੀ ਹੀ ਨੀਯਤ ਕਰ ਸਕਦੀ ਹੈ।
ਸੱਚੇ ਧਰਮ ਦੇ ਰਾਹ ਤੇ ਤੁਰਨ ਦੇ ਚਾਹਵਾਨ ਨੂੰ ਹੋਰ ਸਾਰਾ
ਕੁੱਝ ਛੱਡ ਕੇ ਸਿਰਫ ਇਸ ਦਾ ਪੱਲਾ ਘੁੱਟ ਕੇ ਫੜ ਲੈਣ ਦੀ ਲੋੜ ਹੈ।
ਆਉ ਧਿਆਨ ਮਾਰਦੇ ਹਾਂ ਪੂਰਨ ਪੁਰਖ ਦੀ ਉਸ ਤਸਵੀਰ ਤੇ ਜਿਹੜੀ ਬਾਣੀ ਚਿਤਰਦੀ
ਹੈ। ਲੋੜ ਹੈ ਆਪਣੇ ਆਪ ਨੂੰ ਉਸ ਦੇ ਆਧਾਰ ਤੇ ਪਰਖਣ ਦੀ। ਫਿਰ ਹੀ ਪਤਾ ਲੱਗੇਗਾ ਕਿ ਅਸੀਂ ਸੱਚਮੁੱਚ
ਹੀ ਪੂਰਨ ਹਾਂ ਜਾਂ ਕਿ ਪੂਰੀ ਤਰਾਂ ਮੈਲੇ, ਨੀਚ ਅਤੇ ਪਤਿਤ ਹੁੰਦੇ ਹੋਏ ਹੀ ਪੂਰਨ ਹੋਣ ਦੇ ਝੂਠੇ
ਦਾਅਵੇ ਕਰੀ ਜਾਂਦੇ ਹਾਂ।
ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ। ਸਾਧ ਸੰਗਿ ਜਾ ਕਾ ਮਿਟੈ ਅਭਿਮਾਨੁ।
ਆਪਸ ਕਉ ਜੋ ਜਾਣੈ ਨੀਚਾ। ਸੋਊ ਗਨੀਐ ਸਭ ਤੇ ਊਚਾ।
ਜਾ ਕਾ ਮਨੁ ਹੋਇ ਸਗਲ ਕੀ ਰੀਨਾ। ਹਰਿ ਹਰਿ ਨਾਮੁ ਤਿਨਿ ਘਟਿ ਘਟਿ ਚੀਨਾ
ਮਨ ਅਪੁਨੇ ਤੇ ਬੁਰਾ ਮਿਟਾਨਾ। ਪੇਖੈ ਸਗਲ ਸ੍ਰਿਸਟਿ ਸਾਜਨਾ।
ਸੂਖ ਦੂਖ ਜਨ ਸਮ ਦ੍ਰਿਸਟੇਤਾ। ਨਾਨਕ ਪਾਪ ਪੁੰਨ ਨਹੀਂ ਲੇਪਾ-266
ਇੱਥੇ ਸਰੀਰ ਦੀ ਜਾਂ ਉਸਦੀ ਕਿਸੇ ਖਾਸ ਸ਼ਕਲ ਦੀ ਗੱਲ ਨਹੀਂ ਹੋ ਰਹੀ, ਕਿਸੇ
ਵੇਸ ਜਾਂ ਬਾਣੇ ਦੀ ਗੱਲ ਨਹੀਂ ਹੋ ਰਹੀ, ਕਿਸੇ ਤਰਾਂ ਦੇ ਦਾਅਵੇ ਜਾਂ ਹੰਕਾਰ ਦੀ ਗੱਲ ਨਹੀਂ ਹੋ
ਰਹੀ, ਕਿਸੇ ਖਾਸ ਰਸਮ ਜਾਂ ਕਰਮ ਕਾਂਡ ਦੀ ਗੱਲ ਨਹੀਂ ਹੋ ਰਹੀ, ਕਿਸੇ ਧਾਰਮਿਕ ਚਿੰਨ ਦੀ ਗੱਲ ਨਹੀਂ
ਹੋ ਰਹੀ। ਕੀ ਸਾਡੀ ਪੂਰਨਤਾ ਇੱਥੇ ਦੱਸੀਆਂ ਗੱਲਾਂ ਤੇ ਨਿਰਭਰ ਹੈ ਜਾਂ ਹੋਰ ਹੋਰ ਗੱਲਾਂ ਤੇ?
ਇੱਥੇ ਅਭਿਮਾਨ ਨੂੰ ਤਿਆਗਣ ਦੀ ਗੱਲ ਹੋ ਰਹੀ ਹੈ। ਅਭਿਮਾਨ ਹੀ ਉਹ ਝੂਠਾ ਮਦੁ
ਹੈ ਜਿਹੜਾ ਸਾਡੇ ਤੋਂ ਜ਼ਬਰ, ਜ਼ੁਲਮ ਵਰਗੇ ਘਿਨਾਉਣੇ ਕੰਮ ਕਰਾਉਂਦਾ ਹੈ।
ਇਸ ਝੂਠੇ ਮਦੁ ਦੇ ਨਸ਼ੇ ਵਿੱਚ ਹੀ ਅਸੀਂ ਆਪਣੀ ਪੂਰਨਤਾ ਦੇ ਆਧਾਰ ਤੇ ਬਲੀ
ਕੰਧਾਰੀ ਬਣ ਕੇ ਦੂਜਿਆਂ ਨੂੰ ਪਤਿਤ, ਸ਼ੂਦਰ ਅਤੇ ਦਲਿਤ ਹੋਣ ਦੇ ਕੌੜੇ ਬੋਲਾਂ ਦੇ ਪੱਥਰ ਚਾਅ ਨਾਲ
ਮਾਰ ਕੇ ਖੁਸ਼ ਹੁੰਦੇ ਹਾਂ। ਸੱਚੇ ਧਰਮੀ ਬਣਨ ਲਈ ਅਭਿਮਾਨ ਦੇ ਝੂਠੇ ਮਦੁ ਨੂੰ ਪੂਰਨ ਤੌਰ ਤੇ ਤਿਆਗਣਾ
ਜ਼ਰੂਰੀ ਹੈ। ਮਨ ਦਾ ਪੂਰਨ ਤੌਰ ਤੇ ਨਿਮਰਤਾ ਵਿੱਚ ਆਉਣਾ ਜ਼ਰੂਰੀ ਹੈ। ਜਿਹੜਾ ਧਰਮ ਦੇ ਨਾਂਅ ਤੇ
ਦੂਜਿਆਂ ਨੂੰ ਮਾਰਨ ਜਾਂ ਉਨਾਂ ਦੀਆਂ ਲੱਤਾਂ ਬਾਹਾਂ ਭੰਨਣ ਦੀਆਂ ਗੱਲਾਂ ਕਰਦਾ ਹੈ ਜਾਂ ਇਹੋ ਜਿਹਾ
ਸਬਕ ਸਿਖਾਉਣ ਦੀ ਧਮਕੀ ਦਿੰਦਾ ਹੈ ਜਿਹੜਾ ਕਿ ਉਸ ਦੀਆਂ ਸੱਤ ਕੁਲਾਂ ਯਾਦ ਰੱਖਣਗੀਆਂ-ਕੀ ਉਹ ਨਿਮਰਤਾ
ਨਾਲ ਭਰਪੂਰ ਹੈ ਜਾਂ ਕਿ ਅਭਿਮਾਨ ਦੇ ਝੂਠੇ ਮਦੁ ਨਾਲ ਰੱਜਿਆ ਹੋਇਆ ਹੈ? ਬਾਣੀ ਤਾਂ ਆਪਣੇ ਆਪ ਨੂੰ
ਨੀਚਾ ਸਮਝਣ ਅਤੇ ਸਭ ਦੇ ਪੈਰਾਂ ਦੀ ਧੂੜ ਬਣਨ ਲਈ ਕਹਿ ਰਹੀ ਹੈ।
ਸੱਚੇ ਧਰਮੀ ਲਈ ਉਪਦੇਸ਼ ਮਨ ਦਾ ਬੁਰਾ ਮਿਟਾਉਣ ਦਾ ਹੈ। ਕੀ ਮਨ ਦੇ ਬੁਰੇ ਨੂੰ
ਮਿਟਾਉਣਾ ਸਾਡਾ ਇੱਕੋ ਇੱਕ ਟੀਚਾ ਬਣ ਗਿਆ ਹੈ? ਜੇ ਨਹੀਂ ਬਣਿਆ ਤਾਂ ਸੱਚੇ ਧਰਮ ਦੇ ਰਾਹ ਤੇ ਤੁਰਨ
ਦੀ ਸ਼ੁਰੂਆਤ ਭੀ ਨਹੀਂ ਹੋਈ। ਬੁਰਿਆਈਆਂ ਨਾਲ ਲੱਥਪੱਥ ਹੋਇਆ ਮਨ ਬਾਹਰਲੇ ਕਿਸੇ ਭੀ ਦਿਖਾਵੇ, ਕਰਮ
ਕਾਂਡ ਜਾਂ ਧਾਰਮਿਕ ਚਿੰਨ/ਚਿੰਨਾਂ ਨਾਲ ਨਿਰਮਲ ਨਹੀਂ ਹੋਣਾ। ਅੰਦਰਲੀਆਂ ਬੁਰਿਆਈਆਂ ਮਿਟਾਉਣ ਲਈ ਹੀ
ਮਨ ਨਾਲ ਜੂਝਣਾ ਹੈ। ਸੱਚੇ ਧਰਮ ਦਾ ਪਾਂਧੀ ਇਹ ਜੰਗ ਲਗਾਤਾਰ ਲੜਦਾ ਹੈ। ਮਨ ਦੀ ਬੁਰਿਆਈ, ਮੈਲ ਤੇ
ਵਿਕਾਰ ਖ਼ਤਮ ਹੋਣ ਤੋਂ ਬਾਅਦ ਹੀ ਘਟਿ ਘਟਿ ਵਾਸੀ ਦੇ ਦਰਸ਼ਨ ਹੋ ਸਕਦੇ ਹਨ। ਜਿਸ ਨੂੰ ਇਹ ਹੋ ਗਏ ਉਸ
ਨੂੰ ਸਭ ਆਪਣੇ ਸੱਜਣ ਮਿੱਤਰ ਮਹਿਸੂਸ ਹੋਣੇ ਹਨ।
ਜਿਹੜੀ ਧਾਰਮਿਕਤਾ ਊਚ ਨੀਚ ਦੀ ਇੱਕ
ਹੋਰ ਵੰਡੀ ਪਾਉਂਦੀ ਹੈ ਉਹ ਸੱਚੀ ਨਹੀਂ
ਕਿਉਂਕਿ ਬਾਣੀ ਊਚ ਨੀਚ ਦੀਆਂ ਵੰਡੀਆਂ
ਵਧਾਉਣ ਲਈ ਨਹੀਂ ਬਲਕਿ ਵੰਡੀ ਪਾਉਣ ਵਾਲੀ ਹਰ ਬਿਮਾਰੀ ਦੀ ਜੜ ਵੱਢਣ ਲਈ ਕਹਿੰਦੀ ਹੈ।
ਕਿਸੇ ਨੂੰ ਦੇਖਦੇ ਸਾਰ ਹੀ ਕ੍ਰੋਧ ਅਤੇ ਘਿਰਨਾ ਦੀ ਅੱਗ
ਵਿੱਚ ਸੜ ਕੇ ਪਤਿਤ ਨੀਚ ਜਾਂ ਸ਼ੂਦਰ ਵਰਗੇ ਲਫਜ਼ ਬੋਲਣ ਵਾਲੇ ਦੇ ਮਨ ਦੀ ਬੁਰਿਆਈ ਮਿਟੀ ਨਹੀਂ ਇਸ
ਕਰਕੇ ਉਹ ਬਾਣੀ ਦਾ ਚਿਤਵਿਆ ਉੱਤਮ ਪੁਰਖ ਨਹੀਂ ਹੈ।
ਸਿਰਲੇਖ ਵਾਲੀ ਤੁਕ ਸੇਧ ਦਿੰਦੀ ਹੈ ਕਿ ਧਰਮ ਦੇ ਕੰਮ ਕਰਦਿਆਂ ਆਪਣੇ ਆਪ ਨੂੰ
ਨੀਵੇਂ ਸਮਝਣਾ ਹੈ। ਇਸ ਤੋਂ ਅਗਲੀ ਤੁਕ ਦੱਸਦੀ ਹੈ ਕਿ ਤਾਂ ਹੀ ਸਫਲਤਾ ਮਿਲ ਸਕਦੀ ਹੈ।
ਤਉ ਨਾਨਕ ਮੋਖੰਤਰੁ ਪਾਏ-470
ਪਰ ਧਰਮ ਦੀ ਦੁਨੀਆਂ ਵਿੱਚ ਬਿਉਹਾਰ ਇਸ ਤੋਂ ਉਲਟ ਦੇਖਣ ਨੂੰ ਮਿਲਦਾ ਹੈ।
ਆਪਣੇ ਆਪ ਨੂੰ ਨੀਵੇਂ ਸਮਝਣ ਦੀ ਬਜਾਏ ਆਪਣੀ ਧਾਰਮਕਿਤਾ ਦਾ ਡੰਕਾ ਵਜਾ ਕੇ ਦੂਜਿਆਂ ਨੂੰ ਪ੍ਰਭਾਵਿਤ
ਕਰਨ ਲਈ ਆਪਣੇ ਨਾਂਅ ਦੇ ਅੱਗੇ ਜਾਂ ਪਿੱਛੇ ਵਿਸ਼ੇਸ਼ਣ ਰੂਪੀ ਸ਼ਬਦ ਫ਼ਖਰ ਨਾਲ ਲਾਉਂਦੇ ਹਨ। ਕਈ ਤਾਂ
ਬਹੁਤ ਹਿੰਮਤ ਕਰਕੇ ਅੱਗੇ ਤੇ ਪਿੱਛੇ, ਦੋਹੀਂ ਪਾਸੀਂ ਵਿਸ਼ੇਸ਼ਣ ਸਜਾ ਲੇਂਦੇ ਹਨ।
ਜਿਹੜਾ ਭੀ ਜੀਵ ਅੱਗੇ ਪਿੱਛੇ ਵਿਸ਼ੇਸ਼ਣ
ਲਾ ਕੇ ਆਪਣੇ ਧਰਮੀ ਹੋਣ ਦਾ ਦਾਅਵਾ ਕਰਦਾ ਹੈ ਉਹ ਗੁਰਬਾਣੀ ਅਨੁਸਾਰ ਗ਼ਲਤ ਕੰਮ ਕਰ ਰਿਹਾ ਹੈ।
ਬਾਣੀ ਹੋਰ ਕਹਿੰਦੀ ਹੈ:
ਆਪਸ ਕਉ ਜੋ ਭਲਾ ਕਹਾਵੈ। ਤਿਸਹਿ ਭਲਾਈ ਨਿਕਟਿ ਨ ਆਵੈ-278
ਇਸ ਕਰਕੇ ਆਪਣੀ ਧਾਰਮਿਕਤਾ ਦੱਸਣ ਲਈ ਜਿੰਨੇ ਵਿਸ਼ੇਸ਼ਣ ਕੋਈ ਵੱਧ ਲਾਉਂਦਾ ਹੈ
ਉਨਾਂ ਹੀ ਉਹ ਸੱਚੀ ਧਾਰਮਕਿਤਾ ਤੋਂ ਅਤੇ ਗੁਰਮਤਿ ਤੋਂ ਉਲਟ ਹੋ ਜਾਂਦਾ ਹੈ। ਗੁਰਮਤਿ ਤੋਂ ਦੂਰ ਹੋਣਾ
ਹੀ ਦੁਰਮਤਿ ਵਿੱਚ ਪੈਣਾ ਹੈ। ਸੱਚਾਈ ਇਹ ਹੈ ਕਿ ਜਿਹੜੀ ਭੀ ਮਤਿ ਅਸੀਂ ਗੁਰੂ ਕੋਲੋਂ ਨਹੀਂ ਲਈ ਉਹ
ਸਭ ਦੁਰਮਤਿ ਹੋਣ ਦਾ ਖ਼ਤਰਾ ਹੈ। ਦੁਰਮਤਿ ਭੀ ਝੂਠਾ ਮਦੁ ਹੈ। ਇਸ ਦੇ ਨਸ਼ੇ ਵਿੱਚ ਗੜੂੰਦ ਹੋਣ ਤੇ
ਕੀਤੇ ਕੰਮ ਝੱਲਿਆਂ ਅਤੇ ਦੁਰਾਚਾਰੀਆਂ ਦੇ ਬਣ ਜਾਂਦੇ ਹਨ:
ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ-399
ਇਸ ਗ਼ਲਤੀ ਤੋਂ ਬਚਾਉਣ ਲਈ ਹੀ ਸਤਿਗੁਰ, ਸਿੱਖ ਦੀ ਦੁਰਮਤਿ ਪਹਿਲਾਂ ਦੂਰ
ਕਰਦਾ ਹੈ:
ਸਿਖ ਕੀ ਗੁਰੁ
ਦੁਰਮਤਿ ਮਲੁ ਹਿਰੈ-286
ਸਾਰੀ ਬਾਣੀ ਜੀਵ ਦੀ ਦੁਰਮਤਿ ਦੂਰਿ ਕਰਨ ਲਈ ਹੀ ਹੈ। ਦੁਰਮਤਿ ਦੀ ਮੈਲ ਅਤੇ
ਝੂਠੇ ਮਦੁ ਤੋਂ ਛੁਟਕਾਰਾ ਪਾਵਾਂਗੇ ਤਾਂ ਹੀ ਅਸਲੀ ਕੰਮ ਪੂਰਾ ਹੋਵੇਗਾ। ਸਿਰਫ ਅਤੇ ਕੇਵਲ ਬਾਣੀ ਦੀ
ਸਿੱਖਿਆ ਤੇ ਚੱਲਾਂਗੇ ਤਾਂ ਹੀ ਗੁਰਮਤਿ ਦੇ ਧਾਰਨੀ ਹੋਵਾਂਗੇ:
ਦੁਰਮਤਿ ਜਾਇ ਪਰਮ ਪਦੁ ਪਾਏ-736
ਕੇਵਲ ਨਿਰੋਲ ਗੁਰਮਤਿ ਦਾ ਪੱਲਾ ਨਾ ਫੜਨ ਕਰਕੇ ਜੀਵ ਮਾਇਆ ਦੇ ਝੂਠੇ ਮਦੁ
ਨਾਲ ਨਸ਼ਿਆਇਆ ਰਹਿੰਦਾ ਹੈ। ਇਸ ਦੇ ਨਸ਼ਈ ਨੂੰ ਸੱਚੇ ਗਿਆਨ ਦੀ ਸਮਝ ਹੀ ਨਹੀਂ ਪੈ ਸਕਦੀ। ਝੂਠੇ ਨਸ਼ੇ
ਵਿੱਚ ਸੁੱਤੇ ਰਹਿਣ ਕਰਕੇ ਸੁਆਸਾਂ ਦਾ ਅਮੋਲਕ ਖ਼ਜਾਨਾ ਅਜਾਈਂ ਲੁਟਿਆ ਜਾਂਦਾ ਹੈ:
ਮਦਿ ਮਾਇਆ ਕੈ ਭਇਉ ਬਾਵਰੋ ਸੂਝਤ ਨਹ ਕਛੁ ਗਿਆਨਾ-633
ਮਾਇਆ ਮਦਿ ਮਾਤਾ ਰਹਿਆ ਸੋਇ। ਜਾਗਤੁ ਰਹੈ ਨ ਮੂਸੈ ਕੋਇ-1128
ਅੰਤ ਵਿੱਚ ਬਹੁਤ ਹੀ ਜ਼ਰੂਰੀ ਬੇਨਤੀ ਹੈ ਕਿ ਦਸਾਂ ਪਾਤਿਸ਼ਾਹੀਆਂ ਦਾ ਤਿਆਰ
ਕੀਤਾ ਹੋਇਆ ਇੱਕੋ ਇੱਕ ਗ੍ਰੰਥ ਹਰ ਤਰਾਂ ਨਾਲ ਪੂਰਨ ਹੈ। ਇਹ ਹੀ ਅਨਮੋਲ ਖ਼ਜਾਨਾ ਹੈ। ਸਿਰਫ ਇਸ ਦਾ
ਪੱਲਾ ਘੁੱਟ ਕੇ ਫੜੀਏ। ਇਸ ਤੋਂ ਬਾਹਰ ਜਾ ਕੇ ਕੌਡੀਆਂ ਦੇ ਵਾਪਾਰੀ ਨਾ ਬਣੀਏ। ਇਸਦੇ ਸਿਰਫ ਦਰਸ਼ਨ
ਕਰਨ, ਪਾਠ ਕਰਨ, ਬਾਣੀਆਂ ਨੂੰ ਯਾਦ ਕਰਨ ਅਤੇ ਬਾਣੀ ਨੂੰ ਗਾਉਣ ਤੋਂ ਅੱਗੇ ਜਾ ਕੇ ਇਸਦੀ ਸਿੱਖਿਆ
ਨੂੰ ਬੁੱਝਣ ਲਈ ਕਰੜੀ ਮਿਹਨਤ ਕਰਨ ਲਈ ਕਮਰਕੱਸੇ ਕਰੀਏ। ਸਿੱਖਿਆ ਨੂੰ ਬੁੱਝ ਕੇ ਉਸਤੇ ਚੱਲਾਂਗੇ ਤਾਂ
ਹੀ ਸਤਿਗੁਰ ਦੇ ਥਾਪੜੇ ਦੀ ਮਿਹਰ ਹੋਣ ਦੀ ਸੰਭਾਵਨਾ ਹੈ। ਨਹੀਂ ਤਾਂ ਮਨੁੱਖੀ ਦੇਹ ਵਿੱਚ ਹੁੰਦੇ ਹੋਏ
ਭੀ ਪਸੂ ਹੀ ਬਣੇ ਰਹਿ ਕੇ ਗ਼ਲਤ ਕੰਮ ਕਰਦੇ ਹੀ ਰਹਾਂਗੇ:
ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ-127
ਬਿਨੁ ਬੂਝੇ ਪਸੂ ਭਏ ਬੇਤਾਲੇ-224
ਸਿੱਖਿਆ ਨੂੰ ਬੁੱਝੇ ਬਿਨਾ ਭਟਕਣਾ ਵਿੱਚ ਪੈ ਜਾਵਾਂਗੇ। ਫਿਰ ਮਾਇਆ ਅਤੇ ਮੋਹ
ਦੇ ਝੂਠੇ ਮਦੁ ਦੇ ਵਿੱਚ ਫਸੇ ਕਦੇ ਭੀ ਬੰਧਨਾਂ ਤੋਂ ਮੁਕਤ ਨਹੀਂ ਹੋ ਸਕਾਂਗੇ:
ਬਿਨੁ ਬੂਝੇ ਪਸੂ ਕੀ ਨਿਆਈ ਭ੍ਰਮਿ ਮੋਹਿ ਬਿਆਪਿਉ ਮਾਇਆ-1300
ਸੰਖੇਪ ਵਿੱਚ ਬਾਣੀ ਦੇ ਕੁੱਝ ਅਸੂਲਾਂ ਤੇ ਇੱਕ ਵਾਰ ਫਿਰ ਧਿਆਨ ਦੁਆਉਂਦੇ
ਹਾਂ ਤਾਂ ਕਿ ਸਹੀ ਕੰਮ ਕਰਨ ਤੋਂ ਉੱਕ ਨਾ ਜਾਈਏ। ਬਾਣੀ ਨੇ ਕਿਹਾ ਹੈ:
ਗੁਰ ਕੀ ਸਿਖ ਕੋ ਵਿਰਲਾ ਲੇਵੈ-509.
ਇਸ ਕਰਕੇ ਹੋਰ ਹੋਰ ਨਜ਼ਰ ਆਉਣ ਵਾਲੀਆਂ ਚੀਜਾਂ ਰਾਹੀਂ
ਵਿਲੱਖਣ ਹੋਣ ਦਾ ਮਾਣ ਕਰਨ ਦੀ ਥਾਂ ਗੁਰੂ ਦੀ ਸਿੱਖਿਆ ਤੇ ਚੱਲਣ ਵਾਲੇ ਵਿਸ਼ੇਸ਼ ਅਤੇ ਵਿਲੱਖਣ ਵਿਅਕਤੀ
ਬਣੀਏ।
ਬਾਣੀ ਕਹਿੰਦੀ ਹੈ:
ਲੇਖਾ ਲਿਖੀਐ ਮਨ ਕੈ ਭਾਇ-1237.
ਇਸ ਕਰਕੇ ਬਾਹਰੋਂ ਨਜ਼ਰ ਆਉਣ ਵਾਲੇ ਹੋਰ ਕੰਮ ਛੱਡ
ਕੇ ਅਸੀਂ ਭੀ ਆਪਣੇ ਮਨ ਨੂੰ ਵਿਕਾਰ ਰਹਿਤ ਕਰਨ ਵਿੱਚ ਲੱਗ ਕੇ ਲੇਖੇ ਵਿੱਚ ਪੂਰੇ ਉਤਰਨ ਲਈ ਜੂਝੀਏ।
ਜੇ ਅਸੀਂ ਅੰਦਰਲੇ ਮਨ ਨੂੰ ਪਾਸੇ ਰੱਖ ਕੇ ਬਾਹਰਲੀ ਚਮਕ ਦਮਕ ਦੇ ਆਧਾਰ ਤੇ
ਹੀ ਸੱਚੇ ਧਰਮੀ ਹੋਣਾ ਮੰਨ ਕੇ ਜੀਵਨ ਬਤੀਤ ਕਰ ਲਿਆ ਤਾਂ ਬਾਣੀ ਕਿਹੜੇ ਘੋਰ ਨਤੀਜੇ ਸਾਡੇ ਲਈ ਨੀਯਤ
ਕਰਦੀ ਹੈ ਉਹ ਦੇਖਣੇ ਬਹੁਤ ਜ਼ਰੂਰੀ ਹਨ:
ਅੰਤਰੁ ਮੈਲਾ ਬਾਹਰੁ ਨਿਤ ਧੋਵੈ। ਸਾਚੀ ਦਰਗਹ ਅਪਨੀ ਪਤਿ ਖੋਵੈ-1151
ਜਿਸਦਾ ਅੰਦਰਲਾ ਮਨ ਮੈਲਾ ਹੈ ਉਹ ਹੀ ਪਤਿਤ ਹੈ। ਸੱਚੀ ਦਰਗਾਹ ਵਿੱਚ ਉਸਨੂੰ
ਲਾਹਣਤ ਹੀ ਨਸੀਬ ਹੋਵੇਗੀ। ਬਾਣੀ ਹੋਰ ਕਹਿੰਦੀ ਹੈ:
ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ-919
ਮਨ ਦੇ ਮੈਲੇ ਰਹਿੰਦਿਆਂ, ਬਾਹਰ ਦੇ ਆਧਾਰ ਤੇ ਆਪਣੇ ਆਪ ਨੂੰ ਜਿੰਨੇ ਮਰਜ਼ੀ
ਪਵਿੱਤਰ, ਨਿਰਮਲ ਤੇ ਖਾਲਸ ਐਲਾਨੀ ਜਾਈਏ ਪਰ ਬਾਣੀ ਦੇ ਫੈਸਲੇ ਅਨੁਸਾਰ ਅਸੀਂ ਜਿੰਦਗੀ ਜੂਏ ਵਿੱਚ
ਬਰਬਾਦ ਕੀਤੀ ਹੈ।
ਮਨ ਦੇ ਮੈਲੇ ਰਹਿੰਦਿਆਂ ਜੇ ਬਾਹਰੋਂ ਨਜ਼ਰ ਆਉਣ ਵਾਲੀਆਂ ਚੀਜ਼ਾਂ ਦੇ ਬਾਰੇ
ਕਨੂੰਨ ਬਣਾ ਬਣਾ ਕੇ, ਅਤੇ ਉਨਾਂ ਨਾਲ ਲਿਸ਼ਕ ਕੇ ਹੀ ਸੱਚੇ ਧਰਮੀ ਹੋਣ ਦੇ ਦਾਅਵੇ ਕਰਦੇ ਰਹੇ ਤਾਂ
ਬਾਣੀ ਅਨੁਸਾਰ ਅਸੀਂ ਪੂਰਨ ਤੌਰ ਤੇ ਅਸਫਲ ਹੋਏ ਹਾਂ:
ਬਾਹਰੁ ਧੋਇ ਅੰਤਰੁ ਮਨੁ ਮੈਲਾ ਦੁਇ
ਠਉਰ ਅਪੁਨੇ ਖੋਏ-38
ਇਸ ਕਰਕੇ ਸਫਲਤਾ ਲੈਣ ਲਈ ਗੁਰੂ ਦੀ ਸਿੱਖਿਆ ਤੋਂ ਰੱਤੀ ਭਰ ਭੀ ਬਾਹਰ ਨਾ
ਜਾਣ ਦੀ ਕਸਮ ਖਾਈਏ ਕਿਉਂਕਿ ਗੁਰਬਾਣੀ ਹੀ ਪੂਰਨ ਹੈ ਅਤੇ ਸੱਚੇ ਧਰਮ ਦੇ ਰਾਹ ਤੇ ਚੱਲਣ ਦੇ ਚਾਹਵਾਨ
ਦੇ ਸਾਰੇ ਕੰਮ ਗੁਰੂ ਦੀ ਸਿੱਖਿਆ ਤੇ ਚੱਲਣ ਨਾਲ ਹੀ ਪੂਰੇ ਹੋ ਸਕਦੇ ਹਨ।
ਨਿਮਰਤਾ ਸਹਿਤ-
ਮਨੋਹਰ ਸਿੰਘ ਪੁਰੇਵਾਲ