ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਗੁਰਬਾਣੀ ਕਿਹੜੇ ਰੱਬ ਕੋਲੋਂ ਆਈ ਹੈ?
ਪਹਾੜਾਂ ਦੀਆਂ ਖੁੱਡਾਂ ਤੇ ਜੰਗਲਾਂ ਵਿੱਚ ਰਹਿਣ ਵਾਲੇ
ਨੰਗ ਮਨੰਗ ਮਨੁੱਖ ਨੇ ਸਮਾਜ ਦੇ ਹਰ ਖੇਤਰ ਵਿੱਚ ਬਲੰਦੀਆਂ ਨੂੰ ਛੋਹਿਆ ਹੈ। ਪੜਾਅ ਦਰ ਪੜਾਅ ਵਿਕਾਸ
ਕਰਦਿਆਂ ਕੁਦਰਤ ਦੀਆਂ ਸ਼ਕਤੀਆਂ ਨੂੰ ਸਮਝ ਕੇ ਉਹਨਾਂ ਦੀ ਵਰਤੋਂ ਕਰਨ ਦੀ ਜਾਚ ਸਿੱਖ ਲਈ। ਇੱਕ ਅਜੇਹਾ
ਸਮਾਂ ਵੀ ਸੀ ਜਦੋਂ ਕੁਦਰਤ ਦੀਆਂ ਸ਼ਕਤੀਆਂ ਨੂੰ ਆਪਣੇ ਲਈ ਆਫਤ ਜਾਂ ਮੁਸੀਬਤ ਸਮਝਦਾ ਸੀ। ਇਹਨਾਂ ਤੋਂ
ਬਚਣ ਲਈ ਅਗਨੀ ਹਵਾ, ਪਾਣੀ, ਮੀਂਹ, ਬੱਦਲ, ਚੰਦ-ਸੂਰਜ, ਪਸ਼ੁ, ਪੰਛੀ ਤੇ ਦਰੱਖਤਾਂ ਦੀ ਵੀ ਪੂਜਾ
ਕਰਦਾ ਰਿਹਾ ਹੈ। ਦੇਵ ਪੂਜਾ ਦਾ ਪ੍ਰਭਾਵ ਅੱਜ ਵੀ ਭਾਰਤੀ ਸਭਿਆਚਾਰ ਵਿੱਚ ਦੇਖਿਆ ਜਾ ਸਕਦਾ ਹੈ।
ਦੇਵੀ ਦੇਵਤਿਆਂ ਦੀਆਂ ਮੂਰਤੀਆਂ ਬਣਾ ਕੇ ਉਹਨਾਂ ਦੀ
ਕਰੋਪੀ ਤੋਂ ਬਚਾਉਣ ਲਈ ਪੁਜਾਰੀਆਂ ਨੇ ਇਸ ਸਾਰੀ ਖੇਡ ਨੂੰ ਆਪਣੇ ਹੱਥ ਕਰ ਲਿਆ। ਪੱਥਰਾਂ ਨੂੰ ਤਰਾਸ਼
ਕੇ ਭਗਵਾਨ ਬਣਾਉਣ ਵਿੱਚ ਕੋਈ ਦੇਰੀ ਨਹੀਂ ਕੀਤੀ। ਅਜੇਹੀ ਪੂਜਾ ਕਰਨ ਵਾਲਿਆਂ ਨੂੰ ਭਗਤ ਕਬੀਰ ਸਾਹਿਬ
ਨੇ ਬੁਲੰਦ ਅਵਾਜ਼ ਵਿੱਚ ਕਹਿਆ---
ਕਬੀਰ ਠਾਕੁਰੁ ਪੂਜਹਿ ਮੋਲਿ ਲੇ, ਮਨ ਹਠਿ ਤੀਰਥ ਜਾਹਿ॥
ਦੇਖਾ ਦੇਖੀ ਸਾਂਗੁ ਧਰਿ, ਭੂਲੇ ਭਟਕਾ ਖਾਹਿ॥ ੧੩੫॥
ਕਬੀਰ ਪਾਹਨੁ ਪਰਮੇਸੁਰੁ ਕੀਆ, ਪੂਜੈ ਸਭੁ ਸੰਸਾਰੁ॥
ਇਸ ਭਰਵਾਸੇ ਜੋ ਰਹੇ, ਬੂਡੇ ਕਾਲੀ ਧਾਰ॥ ੧੩੬॥
ਬਾਣੀ ਭਗਤ ਕਬੀਰ ਜੀ ਕੀ ਪੰਨਾ ੧੩੭੧
ਸਮੇਂ ਦੀ ਤੋਰ ਵਿੱਚ ਇਹ ਗੱਲ ਵੀ ਤੁਰ ਪਈ ਕਿ ਰੱਬ ਜੀ
ਮਨੁੱਖਾਂ ਵਾਂਗ ਜਨਮ ਲੈ ਕੇ ਭਜਨ ਬੰਦਗੀ ਕਰਨ ਵਾਲਿਆਂ ਨੂੰ ਪ੍ਰਤੱਖ ਦਰਸ਼ਨ ਦਿੰਦੇ ਹਨ। ਜਿਹੜਾ ਉਸ
ਦੀ ਅਰਾਧਣਾ ਕਰਦਾ ਹੈ ਉਸ ਦੇ ਸਾਰੇ ਵਿਗੜੇ ਤਿਗੜੇ ਕਾਰਜ ਸਵਾਰ ਦਿੰਦਾ ਹੈ। ਏਦਾਂ ਦੇ ਰੱਬ ਸਬੰਧੀ
ਗੁਰਬਾਣੀ ਨੇ ਸਪੱਸ਼ਟ ਐਲਾਨ ਕੀਤਾ ਕਿ ਉਹ ਮੂੰਹ ਸੜ ਜਾਏ ਜਿਹੜਾ ਆਖਦਾ ਹੈ ਕਿ ਰੱਬ ਜਨਮ ਲੈਂਦਾ ਹੈ—
ਸਗਲ ਪਰਾਧ ਦੇਹਿ ਲੋਰੋਨੀ॥
ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥
ਭੈਰਉ ਮਹਲਾ ੫ ਪੰਨਾ ੧੧੩੬
ਮਨੁੱਖ ਨੇ ਬਹੁਤ ਸਾਰੇ ਪੜਾਅ ਤਹਿ ਕੀਤੇ ਹਨ ਪਰ ਪੁਜਾਰੀ
ਵੀ ਇਸ ਦੇ ਨਾਲ ਹੀ ਚਲਦਾ ਰਿਹਾ ਹੈ। ਮਨੁੱਖੀ ਦਿਮਾਗ ਵਿੱਚ ਇੱਕ ਹੋਰ ਵਿਚਾਰ ਬਿਠਾ ਦਿੱਤਾ ਕਿ ਰੱਬ
ਜੀ ਕੇਵਲ ਧਾਰਮਿਕ ਅਸਥਾਨਾਂ `ਤੇ ਹੀ ਰਹਿੰਦੇ ਹਨ। ਲੋਕ ਧਾਰਮਿਕ ਅਸਥਾਨਾਂ ਤੋਂ ਰੱਬ ਲੱਭਣ ਤੁਰ ਪਏ।
ਕਬੀਰ ਸਾਹਿਬ ਜੀ ਨੇ ਸਾਫ਼ ਹੀ ਕਹਿ ਦਿੱਤਾ ਕਿ ਮੇਰਾ ਮਨ ਹੀ ਧਾਰਮਿਕ ਅਸਥਾਨ ਹੈ ਇਸ ਲਈ ਮੈਂ ਏੱਥੇ
ਹੀ ਇਸ਼ਨਾਨ ਕਰ ਲਵਾਂਗਾ। ਸਰਬ ਵਿਆਪਕ ਰੱਬ ਭਾਵ ਬ੍ਰਹਿਮੰਡੀ ਨਿਯਮ ਮਨੁੱਖਤਾ ਦੇ ਮਨ ਵਿੱਚ ਵੱਸਦਾ ਹੈ
ਤੇ ਇਹ ਕਿਸੇ ਚਾਰ ਦੀਵਾਰੀ ਦਾ ਮੁਥਾਜ ਨਹੀਂ ਹੈ---
ਹਜ ਹਮਾਰੀ ਗੋਮਤੀ ਤੀਰ॥ ਜਹਾ ਬਸਹਿ ਪੀਤੰਬਰ ਪੀਰ॥ ੧॥
ਵਾਹੁ ਵਾਹੁ ਕਿਆ ਖੂਬੁ ਗਾਵਤਾ ਹੈ॥ ਹਰਿ ਕਾ ਨਾਮੁ ਮੇਰੈ
ਮਨਿ ਭਾਵਤਾ ਹੈ॥ ੧॥ ਰਹਾਉ॥
ਰਾਗ ਆਸਾ ਬਾਣੀ ਕਬੀਰ ਜੀ ਪੰਨਾ ੪੭੯
ਰੱਬ ਸਬੰਧੀ ਬਹੁਤ ਵੱਡਾ ਭੁਲੇਖਾ ਪਾਇਆ ਗਿਆ ਹੈ ਕਿ ਉਹ
ਸ਼ਾਇਦ ਅਸਮਾਨ ਵਿੱਚ ਰਹਿੰਦਾ ਹੈ। ਇਹ ਵੀ ਕਹਿਆ ਜਾਂਦਾ ਹੈ ਕਿ ਸਾਡੇ ਬਾਬਾ ਜੀ ਨੂੰ ਕਈ ਵਾਰ ਰੱਬ ਜੀ
ਦੇ ਦੀਦਾਰ ਹੋਏ ਹਨ। ਆਮ ਮਨੁੱਖ ਗੱਲ ਗੱਲ ਤੇ ਆਖਦਾ ਹੈ ਊਪਰ ਵਾਲਾ ਜਾਣੇ ਇਸ ਸਬੰਧੀ ਗੁਰਬਾਣੀ
ਸਪੱਸ਼ਟ ਸਮਝਾਉਂਦੀ ਹੈ ਕਿ ਰੱਬ ਜੀ ਦਾ ਕੋਈ ਵੀ ਰੂਪ ਰੰਗ ਨਹੀਂ ਹੈ ਉਹ ਤਾਂ ਜ਼ਰੇ ਜ਼ਰੇ ਵਿੱਚ ਇੱਕ
ਨਿਯਮ ਦੇ ਰੂਪ ਵਿੱਚ ਸਮਾਇਆ ਹੋਇਆ ਹੈ।
ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭੁ
ਭਿੰਨ॥
ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ॥ ੧॥
ਗਉੜੀ ਸੁਖਮਨੀ ਮਹਲਾ ੫ ਪੰਨਾ ੨੮੩
ਅਤੇ—
ਤਿਸੁ ਰੂਪੁ ਨ ਰੇਖ ਅਦਿਸਟੁ ਅਗੋਚਰੁ ਗੁਰਮੁਖਿ ਅਲਖੁ
ਲਖਾਇਆ॥
ਸਦਾ ਅਨੰਦਿ ਰਹੈ ਦਿਨੁ ਰਾਤੀ ਸਹਜੇ ਨਾਮਿ ਸਮਾਇ ਜੀਉ॥
ਆਸਾ ਮਹਲਾ ੪ ਪੰਨਾ ੪੪੮
ਗੁਰਬਾਣੀ ਅਨੁਸਾਰ ਰੱਬ ਜੀ ਮਨੁੱਖਾਂ ਵਾਂਗ ਜਨਮ ਨਹੀਂ
ਲੈਂਦੇ। ਰੱਬ ਜੀ ਅਜੂਨੀ ਹਨ। ਦੂਸਰਾ ਇਹ ਵੀ ਵਿਚਾਰਨ ਦਾ ਯਤਨ ਕੀਤਾ ਹੈ ਕਿ ਰੱਬ ਜੀ ਦੀ ਕੋਈ
ਮਨੁੱਖਾਂ ਵਾਂਗ ਰੂਪ-ਰੇਖਾ ਨਹੀਂ ਹੈ। ਇੱਕ ਨੁਕਤਾ ਇਹ ਵੀ ਹੈ ਕਿ ਰੱਬ ਜੀ ਦੀ ਹੋਂਦ ਲਕੜੀ ਵਿੱਚ
ਅੱਗ ਤੇ ਦੁੱਧ ਵਿੱਚ ਘਿਓ ਵਾਂਗ ਹੈ। ਇਹ ਉਦਾਹਰਣ ਦਿਸਦੇ ਅਣ-ਦਿਸਦੇ ਸੰਸਾਰ ਵਿੱਚ ਸਰਬ-ਵਿਆਪਕ ਹੈ।
ਡਾ. ਗੁਰਸ਼ਰਨਜੀਤ ਸਿੰਘ ‘ਗੁਰਮਤ ਨਿਰਣਯ ਕੋਸ਼’
ਨਾਮੀ ਪੁਸਤਕ ਵਿੱਚ ਪ੍ਰਭੂ, ਰੱਬ, ਪਰਮਾਤਮਾ, ਅਕਾਲ ਪੁਰਖ ਦੇ ਸਿਰਲੇਖ ਹੇਠ ਸਤਵੇਂ ਨੰਬਰ `ਤੇ ਬਹੁਤ
ਮਹੱਤਵ ਪੂਰਨ ਲਿਖਦੇ ਹਨ ਕਿ “ਕਾਦਰ ਕੁਦਰਤ ਤੋਂ ਭਿੰਨ ਨਹੀਂ__ਪਰ ਕੁਦਰਤ ਰਾਂਹੀ ਹੀ ਕਾਦਰ
ਪ੍ਰਗਟ ਹੋ ਰਿਹਾ ਹੈ। ਉਸ ਨੂੰ ਕੁਦਰਤ ਵਿੱਚ ਅਨੁਭਵ ਕੀਤਾ ਜਾ ਸਕਦਾ ਹੈ। ਇਹ ਕੁਦਰਤ ਜਿਸ ਅਧੀਨ
ਵਿਚਰਦੀ ਹੈ, ਉਸ ਨਿਯਮ ਦਾ ਨਾਂ ਪਰਮਾਤਮਾ ਹੈ। ਇਸ ਨਿਯਮ ਦੇ ਅਧੀਨ ਹੀ ਕਰਮ ਸਿਧਾਂਤ ਅਨੁਸਰ ਜੀਵ
ਸੁੱਖ--ਦੁੱਖ ਪਉਂਦੇ ਹਨ”। ਅਗਲੇ ਨੰਬਰ `ਤੇ ਹੋਰ ਵੀ ਭਾਵਪੂਰਤ ਲਿਖਦੇ ਹਨ, “ਉਸ ਦੀ ਪ੍ਰਾਪਤੀ
ਨਹੀਂ ਸੋਝੀ ਹੋ ਸਕਦੀ ਹੈ- ਉਸ ਦੀ ਪ੍ਰਾਪਤੀ ਦਾ ਹੱਠ ਕਰਨ ਵਾਲੇ ਜਪ-ਤਪ ਕਰਦੇ ਹਨ, ਵਰਤ ਰੱਖਦੇ ਹਨ,
ਕਰਮ-ਕਾਂਡ ਕਰਦੇ ਹਨ, ਗ੍ਰੰਥਾਂ ਦੇ ਪਾਠ ਆਦਿ ਕਰਦੇ ਹਨ-ਪਰ ਇਨ੍ਹਾਂ ਦਾ ਕੋਈ ਲਾਭ ਨਹੀਂ ਹੁੰਦਾ। ਉਸ
ਦਾ ਭੌਤਿਕ ਸਰੀਰ ਹੈ ਹੀ ਨਹੀਂ ਤਾਂ ਉਸ ਦੀ ਪ੍ਰਾਪਤੀ ਵੀ ਸੰਭਵ ਨਹੀਂ। ਹਾਂ ਇਹ ਸੋਝੀ ਹੋ ਸਕਦੀ ਹੈ।
ਇਹ ਸੋਝੀ ਵੀ ਕਿਸੇ ਯਤਨ ਜਾਂ ਚਤਰਾਈ ਦੁਆਰਾ ਨਹੀਂ, ਸਗੋਂ ਅਚਨਚੇਤ ਤੇ ਸਹਿਜ ਵਿੱਚ ਹੁੰਦੀ ਹੈ”।
ਡਾ. ਸਰਬਜੀਤ ਸਿੰਘ ਦੇ ‘ਹੁਕਮ’ ਵਾਲੇ ਲੇਖ ਵਿੱਚ ਲਿਖਦੇ
ਜੋ ਸਿੱਖ ਮਾਰਗ `ਤੇ ਛਪਿਆ ਹੈ --- “ਆਮ ਤੌਰ ਤੇ ਅਸੀਂ ਹੁਕਮ ਬਾਰੇ ਇਹ ਸਮਝਦੇ ਹਾਂ ਕਿ ਕਿਸੇ
ਬਜ਼ੁਰਗ, ਵੱਡੇ ਮਾਲਕ, ਅਫ਼ਸਰ ਜਾਂ ਅਧਿਆਪਕ ਨੇ ਜਿਹੜਾ ਵੀ ਕੰਮ ਕਿਹਾ ਹੈ, ਉਸ ਦਾ ਕਿਹਾ ਹੀ ਹੁਕਮ
ਹੈ। ਪਰੰਤੂ ਗੁਰਬਾਣੀ ਵਿੱਚ ਹੁਕਮੁ ਦਾ ਸਬੰਧ ਅਕਾਲ ਪੁਰਖ ਦੇ ਨਿਯਮ, ਧਰਮ, ਅਸੂਲ ਜਾਂ ਸਿਸਟਮ ਨਾਲ
ਹੈ। ਇਹ ਸੀਮਤ ਨਹੀਂ ਹੈ ਕਿਉਂ ਕਿ ਅਕਾਲ ਪੁਰਖ ਦਾ ਅਸੂਲ ਕੁਦਰਤ ਅਤੇ ਜੀਵਨ ਦੇ ਹਰ ਪਹਿਲੂ ਨਾਲ
ਸਬੰਧਤਿਤ ਹੈ, ਇਸ ਵਿੱਚ ਅਨੇਕਤਾ ਹੈ। ਗੁਰਬਾਣੀ ਵਿੱਚ ਹੁਕਮੁ ਨੂੰ ਡਰ, ਭੈ, ਭਉ ਆਦਿ ਨਾਵਾਂ ਨਾਲ
ਵੀ ਵਰਤਿਆ ਗਿਆ ਹੈ”।
ਰੱਬ ਦਾ ਹੁਕਮ ਜਾਂ ਉਸ ਦਾ ਸਦੀਵ ਕਾਲ ਨਿਯਮ ਆਦਿ ਜੁਗਾਦਿ
ਤੋਂ ਸੱਚ ਦੇ ਰੂਪ ਵਿੱਚ ਚਲ ਰਿਹਾ ਹੈ? ਇਸ ਸੱਚ ਨੂੰ ਸਮਝ ਕੇ ਹੁਕਮ ਰਜ਼ਾ ਵਿੱਚ ਚੱਲਣਾ ਹੈ। ਜਪੁ
ਬਾਣੀ ਦੀ ਪਹਿਲੀ ਪਉੜੀ ਦੀਆਂ ਅਖੀਰਲੀਆਂ ਤੁਕਾਂ ਵਿੱਚ ਇਹ ਮੁੱਦਾ ਉਠਾਇਆ ਹੈ ਕਿ ਅਸੀਂ ‘ਸਚਿਆਰ ਕਿਸ
ਤਰ੍ਹਾਂ ਬਣਨਾ ਹੈ ਤਾਂ ਕੇ ਸਾਡੇ ਸੁਭਾਅ ਵਿਚੋਂ ਕੂੜ ਦੀ ਕੰਧ ਟੁੱਟ ਜਾਏ। ਇਸ ਦਾ ਉੱਤਰ ਦਿੱਤਾ ਹੈ
ਕਿ ਰੱਬੀ ਹੁਕਮ ਵਿੱਚ ਤੁਰਿਆਂ ਹੀ ਸਾਡੇ ਅੰਦਰੋਂ ਕੂੜ ਦੀ ਕੰਧ ਟੁੱਟ ਸਕਦੀ ਹੈ-ਤੇ ਰੱਬੀ ਹੁਕਮ ਦਾ
ਭਾਵ ਅਰਥ ਇਮਾਨਦਾਰੀ, ਸਚਾਈ, ਮਿਹਨਤ ਕਰਨੀ, ਉਦਮੀ ਹੋਣਾ, ਸੰਤੋਖ ਤੇ ਸਹਿਜ ਵਰਗੇ ਦੈਵੀ ਗੁਣਾਂ ਦਾ
ਧਾਰਨੀ ਹੋਣ ਤੋਂ ਹੈ।
ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲਿ॥
ਹੁਕਮਿ ਰਜਾਈ ਚਲਣਾ, ਨਾਨਕ ਲਿਖਿਆ ਨਾਲਿ॥ ੧॥
ਜਪੁ ਬਾਣੀ ਪੰਨਾ ੧
ਸਾਰਾ ਸੰਸਾਰ ਇੱਕ ਹੁਕਮ ਭਾਵ ਬੱਝਵੇਂ ਨਿਯਮ ਵਿੱਚ ਚੱਲ
ਰਿਹਾ ਹੈ। ਇਸ ਨਿਯਮ ਤਹਿਤ ਹੀ ਕੁੱਲ ਕਾਇਨਾਤ ਦਾ ਪਾਸਾਰਾ ਹੋ ਰਿਹਾ ਹੈ—
ਹੁਕਮੀ ਹੋਵਨਿ ਆਕਾਰ, ਹੁਕਮੁ ਨ ਕਹਿਆ ਜਾਈ॥
ਹੁਕਮੀ ਹੋਵਨਿ ਜੀਅ, ਹੁਕਮਿ ਮਿਲੈ ਵਡਿਆਈ॥
ਸਰਬ-ਵਿਆਪਕ ਰੱਬ ਭਾਵ ਸਦੀਵ ਕਾਲ ਬੱਝਵਾਂ ਨਿਯਮ ਜੋ ਸੱਚ `ਤੇ ਖੜਾ ਹੈ ਤੇ
ਇਸ ਦੀ ਸੂਝ ਸ਼ਬਦ ਵਿਚਾਰ ਵਿਚੋਂ ਆਉਂਦੀ ਹੈ ਜੇਹਾ ਕਿ—
ਘਟਿ ਘਟਿ ਰਵਿ ਰਹਿਆ ਬਨਵਾਰੀ॥
ਜਲਿ ਥਲਿ ਮਹੀਅਲਿ ਗੁਪਤੋ ਵਰਤੈ ਗੁਰ ਸਬਦੀ ਦੇਖਿ ਨਿਹਾਰੀ
ਜੀਉ॥ ਰਹਾਉ॥
ਸੋਰਠਿ ਮਹਲਾ ੧ ਪੰਨਾ ੫੯੭
ਅੰਦਰ ਵੱਸਦੇ ਸੱਚ ਦੀ ਪਹਿਚਾਨ ਮਨੁੱਖ ਨੇ ਖ਼ੁਦ ਕਰਨੀ ਹੈ—
ਸਦਾ ਹਜੂਰਿ, ਦੂਰਿ ਨ ਜਾਣਹੁ॥
ਗੁਰ ਸਬਦੀ ਹਰਿ ਅੰਤਰਿ ਪਛਾਣਹੁ॥
ਮਾਝ ਮਹਲਾ ੩ ਪੰਨਾ ੧੧੬
ਰੱਬ ਦਾ ਕੋਈ ਰੂਪ ਰੰਗ ਨਹੀਂ ਹੈ ਤੇ ਨਾ ਹੀ ਮਨੁੱਖਾਂ
ਵਾਂਗ ਕੋਈ ਜੰਮਦਾ ਮਰਦਾ ਹੈ। ਰੱਬ ਭਾਵ ਸਦੀਵ ਕਾਲ ਬੱਝਵੀਂ ਨਿਯਮਾਵਲੀ ਸਮੁੱਚੇ ਬ੍ਰਹਿਮੰਡ ਨੂੰ ਚਲਾ
ਰਹੀ ਹੈ ਤੇ ਮਨੁੱਖ ਵੀ ਏਸੇ ਬ੍ਰਹਮੰਡ ਦਾ ਇੱਕ ਹਿੱਸਾ ਹੈ। ਮਨੁੱਖ ਨੂੰ ਕੂੜ ਦੀ ਪਾਹ ਚੜ੍ਹੀ ਹੋਣ
ਕਰਕੇ ਸਚਾਈ ਤੋਂ ਕਿਨਾਰਾ ਕਰੀ ਬੈਠਾ ਹੈ। ਸਤਿ ਰੂਪੀ ਰੱਬ ਨੂੰ ਅੰਤਰ ਆਤਮੇ ਨਾਲ ਹੀ ਜਾਣਿਆ ਜਾ
ਸਕਦਾ ਹੈ—
ਕਰਤੇ
ਕੁਦਰਤੀ ਮੁਸਤਾਕ ਅਤੇ ਵਿਚਿ ਕੁਦਰਤਿ ਹਰਿ ਪ੍ਰਭ ਵਸੈ ਜੀਉ॥
ਅਨੁਸਾਰ ਹੈ।
ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜੀਵਨ ਵਿੱਚ ਖੇਤੀ,
ਵਪਾਰ ਤੇ ਸੁਲਤਾਨਪੁਰ ਵਿਖੇ ਮੋਦੀ ਦੀ ਕਾਰ ਵੀ ਕੀਤੀ। ਨਾਲ ਦੀ ਨਾਲ ਆਪਣੇ ਆਲੇ ਦੁਆਲੇ ਦੀ ਬਹੁਤ
ਡੂੰਘਾਈ ਵਿੱਚ ਜਾ ਕੇ ਮੁਤਾਲਿਆ ਵੀ ਕਰਦੇ ਰਹਿੰਦੇ ਸਨ। ਰਮਤੇ ਸਾਧਾਂ, ਵਿਦਵਾਨਾਂ ਨਾਲ ਵਿਚਾਰ
ਗੋਸ਼ਟੀਆਂ ਵੀ ਕਰਦੇ ਸਨ। ਗੁਰੂ ਨਾਨਕ ਸਾਹਿਬ ਜੀ ਨੇ ਇਸ ਧਰਤੀ ਤੇ ਰਹਿੰਦਿਆਂ ਧਰਤੀ ਦੇ ਬਾਸ਼ਦਿਆਂ
ਨੂੰ ਸਚਿਆਰ ਬਣਨ ਲਈ ਸੱਚ ਨਾਲ ਜੁੜਨ ਲਈ ਕਹਿਆ ਹੈ।
ਧਾਰਮ ਦੇ ਨਾਂ `ਤੇ ਨਿੱਤ ਨਵੇਂ ਕਰਮ-ਕਾਂਡ, ਪੁਜਾਰੀਆਂ
ਦੁਆਰਾ ਵਰ ਸਰਾਪ ਦੇ ਡਰਾਵੇ, ਸਮਾਜ ਵਿੱਚ ਜਾਤ ਪਾਤ ਦਾ ਕੋਹੜ, ਆਰਥਿਕ ਸਾਧਨਾ ਦੀ ਲੁੱਟ, ਇਸਤ੍ਰੀਆਂ
ਦੀ ਦੁਰਗਤੀ, ਸਿੱਧਾਂ ਜੋਗੀਆਂ ਦਾ ਸਮਾਜ ਵਲੋਂ ਭਗੌੜਾ ਹੋਣਾ, ਰਾਜਿਆਂ ਸ਼ੀਹਾਂ ਵਾਂਗ ਖੂੰਖਾਰ ਤੇ
ਉਹਨਾਂ ਦੇ ਕਰਿੰਦੇ ਕੁੱਤਿਆਂ ਦੀਆਂ ਨਹੁੰਦਰਾਂ ਬਣੇ ਹੋਏ ਦਿਸਦੇ ਸਨ। ਗੱਲ ਕੀ ਅੰਧੀ ਰਈਅਤ ਆਪਣੇ
ਫ਼ਰਜ਼ਾਂ ਦੀ ਪਛਾਣ ਕਰਨੀ ਭੁੱਲ ਚੁੱਕੀ ਸਨ-- ਗੁਰੂ ਨਾਨਕ ਸਾਹਿਬ ਜੀ ਨੇ ਇਸ ਸਾਰੀ ਅਵਸਥਾ ਨੂੰ
ਮਹਿਸੂਸ ਕਰਦਿਆਂ ਸੱਚ ਮਨੁੱਖਤਾ ਦੇ ਸਾਹਮਣੇ ਰੱਖਿਆ—
ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ॥
ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ॥
ਸਲੋਕ ਮ: ੧ ਪੰਨਾ ੪੬੯
ਸੱਚ ਨੂੰ ਨਾ ਸਮਝਣ ਕਰਕੇ ਰਾਜੇ ਕਸਾਈਆਂ ਦਾ ਰੂਪ ਧਾਰਨ ਕਰ ਜਾਂਦੇ ਹਨ ਗੁਰੂ
ਨਾਨਕ ਸਾਹਿਬ ਜੀ ਨੇ ਇਸ ਸਾਰੀ ਅਵਸਥਾ ਨੂੰ ਮਹਿਸੂਸ ਕਰਦਿਆਂ ਸੱਚ ਮਨੁੱਖਤਾ ਦੇ ਸਾਹਮਣੇ ਰੱਖਿਆ—
ਕਲਿ ਕਾਤੀ ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ, ਦੀਸੈ ਨਾਹੀ ਕਹ ਚੜਿਆ॥
ਸਲੋਕ ਮ: ੧ ਪੰਨਾ ੧੪੫
ਗੁਰੂ ਨਾਨਕ ਸਾਹਿਬ ਜੀ ਨੇ ਸਮਾਜ ਦੀ ਹਰ ਹਕੀਕਤ ਨੂੰ
ਬਹੁਤ ਨੇੜਿਓਂ ਹੋ ਕੇ ਵੇਖਿਆ ਜਿਸ ਨੂੰ ਭਾਈ ਗੁਰਦਾਸ ਜੀ ਨੇ ਆਪਣੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ।
ਬਾਬਾ ਦੇਖੈ ਧਿਆਨ ਧਰਿ ਜਲਤੀ ਪ੍ਰਿਥਵੀ ਸਭਿ ਦਿਸਿ ਆਈ।
ਫਿਰ ਧਰਤੀ ਨੂੰ ਸੋਧਣ ਲਈ ਭਾਵ ਮਨੁੱਖਤਾ ਨੂੰ ਜ਼ਿੰਦਗੀ ਦੀ
ਸਹੀ ਦਿਸ਼ਾ ਦੇਣ ਲਈ—
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ।
ਸਮਾਜ ਵਿੱਚ ਆਈ ਗਿਰਾਵਟ ਦੇ ਮੂਲ ਕਾਰਨ ਦੱਸਦਿਆਂ ਸਮਝਾਇਆ
ਕਿ ਅਸੀਂ ਰੱਬ ਭਾਵ ਸੱਚ ਨਾਲੋਂ ਟੁੱਟ ਚੁੱਕੇ ਹਾਂ—
ਮਾਣਸ ਖਾਣੇ ਕਰਹਿ ਨਿਵਾਜ॥ ਛੁਰੀ ਵਗਾਇਨਿ ਤਿਨ ਗਲਿ ਤਾਗ॥
ਤਿਨ ਘਰਿ ਬ੍ਰਹਮਣ ਪੂਰਹਿ ਨਾਦ॥ ਉਨਾੑ ਭਿ ਆਵਹਿ ਓਈ ਸਾਦ॥
ਕੂੜੀ ਰਾਸਿ ਕੂੜਾ ਵਾਪਾਰੁ॥ ਕੂੜੁ ਬੋਲਿ ਕਰਹਿ ਆਹਾਰੁ॥
ਸਰਮ ਧਰਮ ਕਾ ਡੇਰਾ ਦੂਰਿ॥ ਨਾਨਕ ਕੂੜੁ ਰਹਿਆ ਭਰਪੂਰਿ॥
ਸਲੋਕ ਮ: ੧ ਪੰਨਾ ੪੭੧
ਗੁਰਬਾਣੀ ਇਸ ਗੱਲ `ਤੇ ਜ਼ੋਰ ਦਿੰਦੀ ਹੈ ਕਿ ਹੇ ਮਨ ਤੂੰ ਆਪਣਾ ਮੂਲ ਭਾਵ ਸੱਚ
ਦੀ ਪਛਾਣ ਕਰ। ਸੱਚ ਹਮੇਸ਼ਾਂ ਤੇਰੇ ਨਾਲ ਹੈ ਪਰ ਉਸ ਨੂੰ ਅਨੁਭਵ ਨਹੀਂ ਕਰਦਾ—
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥
ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥
ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ
ਹੋਈ॥
ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ॥
ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ॥
ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ
ਪਛਾਣੁ॥ ੫॥
ਆਸਾ ਮਹਲਾ ੩ ਪੰਨਾ ੪੪੧
ਗੁਰੂ ਨਾਨਕ ਸਾਹਿਬ ਨੇ ਦਿਬ ਦ੍ਰਿਸ਼ਟੀ ਨਾਲ ਸੰਸਾਰ ਦੇ ਵਰਤਾਰੇ ਨੂੰ ਦੇਖਿਆ,
ਵਿਚਾਰਿਆ ਤੇ ਉਸ ਨੂੰ ਅੰਤਰ ਆਤਮੇ ਨਾਲ ਮਹਿਸੂਸ ਕੀਤਾ। ਮੁਲਕ ਦੇ ਅੰਦਰੂਨੀ ਤੇ ਬਾਹਰੀ ਹਾਲਾਤਾਂ
ਨੂੰ ਸਾਹਮਣੇ ਦੇਖ ਕੇ ਸੱਚ ਨਾਲ ਗੜੂੰਦ ਹੋਏ ਹਿਰਦੇ ਵਿਚੋਂ ਬੋਲ ਜਨਮ ਲੈਂਦੇ ਹਨ—ਤੇ ਇਹਨਾਂ ਨੂੰ ਹੀ
ਖਸਮ ਕੀ ਬਾਣੀ ਕਹਿਆ ਹੈ।
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ
ਲਾਲੋ॥
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ
ਲਾਲੋ॥
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ
ਲਾਲੋ॥
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ॥
ਤਿਲੰਗ ਮਹਲਾ ੧ ਪੰਨਾ ੭੨੨
ਮਹਾਨ ਕੋਸ਼ ਵਿੱਚ ਖਸਮ ਸ਼ਬਦ ਦੇ ਅਰਥ ਇਸਤਰ੍ਹਾਂ ਆਉਂਦੇ
ਹਨ--ਖ਼ਸਮ-ਸੰਗਿਆ—ਸੁਆਮੀ, ਆਕਾ, ਮਾਲਕ— “ਨਾਨਕ ਹੁਕਮੁ ਨਾ ਚਲਈ ਨਾਲਿ ਖਸਮ ਚਲੈ ਅਰਦਾਸਿ” ੨ ਭਾਵ
ਜਗਨਨਾਥ, ਕਰਤਾਰ, “ਖਸਮ ਵਿਸਾਰਿ ਕੀਏ ਰਸ ਭੋਗ” (ਮਲਾਰ ਮ. ੧) ੩ ਪਤਿ, ਭਰਤਾ “ਪਰਪਿਤ ਰਾਤੀ ਖਸਮੁ
ਵਿਸਾਰਾ” (ਮਾਰੂ ਸੋਹਲੇ ਮ: ੧) ੪ ਵੈਰੀ ਦੁਸ਼ਮਨ “ਕਹੁ ਕਬੀਰ ਅਖਰ ਦੋਇ ਭਾਖਿ॥ ਹੋਇਗਾ ਖਸਮੁ ਤਉ
ਲੇਇਗਾ ਰਾਖਿ” (ਗਉੜੀ ਕਬੀਰ ਜੀ) ਜੇ ਕੋਈ ਤੇਰਾ ਆਕਾਰਣ ਦੁਸ਼ਮਣ ਹੋਏਗਾ ਤਾਂ ਰਾਮ ਰੱਖਿਆ ਕਰੇਗਾ। ੫
ਖਿਸਮ—ਮਿੱਤਰ, ਦੋਸਤ ੬ ਸਬੰਧੀ ਰਿਸ਼ਤੇਦਾਰ ੭ ਖ਼ਸ਼ਮ ਕ੍ਰੋਧ ਗੁੱਸਾ
ਖਸਮ ਸ਼ਬਦ ਅਲ਼ੰਕਾਰ ਦੇ ਰੂਪ ਵਿੱਚ ਵਰਤਿਆ ਹੈ ਇਸ ਦਾ ਭਾਵ
ਅਰਥ ਦੂਰ ਦ੍ਰਿਸ਼ਟੀ, ਅਨੁਭਵਤਾ, ਸੱਚ ਨਾਲ ਇਕਮਿਕਤਾ, ਸਮੁੱਚੇ ਬ੍ਰਹਿਮੰਡ ਦਾ ਬੱਝਵਾਂ ਨਿਯਮ ਜੋ ਸੱਚ
ਦੇ ਅਧਾਰਤ ਖੜਾ ਹੈ। ਗੁਰਬਾਣੀ ਵਿੱਚ ਇਸ ਤਰ੍ਹਾਂ ਦੇ ਹੋਰ ਬੋਲ ਵੀ ਆਉਂਦੇ ਹਨ—
੧
ਸਚ ਕੀ ਬਾਣੀ ਨਾਨਕੁ ਆਖੈ ਸਚੁ
ਸੁਣਾਇਸੀ ਸਚ ਕੀ ਬੇਲਾ॥
ਤਿਲੰਗ ਮਹਲਾ ੧ ਪੰਨਾ ੭੨੩
੨ ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ॥
ਵਡਹੰਸ ਮਹਲਾ ੧ ਪੰਨਾ ੫੬੬
੩ ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ॥
ਸੋਰਠਿ ਮਹਲਾ ੫ ਪੰਨਾ ੫੨੮
੪ ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥
ਸੂਹੀ ਮਹਲਾ ੫ ਪੰਨਾ ੭੬੩
ੁ
ਗੁਰ ਸਾਹਿਬ ਦਾ ਆਸ਼ਾ ਸੱਚ ਦੇ ਅਧਾਰਤ ਹੈ ਤੇ ਸੱਚ ਕਦੇ
ਪੁਰਾਣਾ ਨਹੀਂ ਹੁੰਦਾ—
ਸਚੁ ਪੁਰਾਣਾ ਨਾ ਥੀਐ, ਨਾਮੁ ਨ ਮੈਲਾ ਹੋਇ॥
ਸਲੋਕ ਮ: ੩ ਪੰਨਾ ੧੨੪੮
ਗੁਰਬਾਣੀ ਕਾਵਿਕ ਰੂਪ ਵਿੱਚ ਹੈ ਜਿਸ ਵਿੱਚ ਅੰਲਕਾਰ,
ਤਸ਼ਬੀਹਾਂ, ਮਿੱਥਾਂ ਦੇ ਹਵਾਲਿਆਂ ਨੂੰ ਸਮਝਣ ਦੀ ਜ਼ਰੂਰਤ ਹੈ। ਜਿੱਥੇ ਗੁਰਬਾਣੀ ਦੇ ਅੱਖਰੀਂ ਅਰਥਾਂ
ਦੀ ਵਿਚਾਰ ਕਰਨੀ ਹੈ ਓੱਥੇ ਗੁਰਬਾਣੀ ਵਿਚਲੇ ਭਾਵ ਅਰਥਾਂ ਨੂੰ ਵੀ ਸਮਝਣ ਦੀ ਜ਼ਰੂਰਤ ਹੈ। ਇਹਨਾਂ ਭਾਵ
ਅਰਥਾਂ ਨੂੰ ਸਮਝਣ ਤੋਂ ਬਿਨਾਂ ਸਾਨੂੰ ਸਹੀ ਜੀਵਨ ਜਾਚ ਨਹੀਂ ਆ ਸਕਦੀ। ਗੁਰੂ ਸਾਹਿਬ ਜੀ ਨੇ
ਬ੍ਰਹਿਮੰਡੀ ਨਿਯਮਾਵਲੀ ਦੀਆਂ ਗਹਿਰਾਈਆਂ ਤੇ ਸਮਾਜਿਕ ਵਰਾਤਾਰੇ ਦੀ ਅਨੁਭਵਤਾ ਨੂੰ ਪ੍ਰਗਟ ਕਰਦਿਆਂ
ਕਹਿਆ ਕਿ ਸੰਸਾਰ ਸੱਚੇ ਗਿਆਨ ਤੋਂ ਬਿਨਾ ਭਟਕ ਰਿਹਾ ਹੈ।
ਗਿਆਨ ਹੀਣੰ ਅਗਿਆਨ ਪੂਜਾ॥ ਅੰਧ ਵਰਤਾਵਾ ਭਾਉ ਦੂਜਾ॥ ੨੨॥
ਸਲੋਕ ਮ: ੧ ਪੰਨਾ ੧੪੧੨
ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਨੂੰ ਸਮਝਾਇਆ ਕਿ ਰੱਬ ਲੱਭਣ ਦੀ ਜ਼ਰੂਰਤ
ਨਹੀਂ ਸਗੋਂ ਅੰਦਰਲੇ ਦੈਵੀ ਗੁਣਾਂ ਨਾਲ ਸਾਂਝ ਪਾ ਕੇ ਰੱਬ ਵਰਗੇ ਹੀ ਬਣਨਾ ਹੈ—
ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ॥
ਜਗ ਜੀਵਨੁ ਦਾਤਾ ਪਾਇਆ॥ ੬॥ ਪੰਨਾ ੪੬੬