.

ਅੱਜ ਅਪ੍ਰੈਲ 26, 2020 ਦਾ ਸਵਾਲ
ਰੱਬ ਦੀ ਹੋਂਦ ਬਾਰੇ ਤੁਹਾਡੇ ਕੀ ਵਿਚਾਰ ਹਨ?

ਅਪ੍ਰੈਲ 12, 2020 ਨੂੰ ਮੈਂ ਇੱਕ ਲੇਖ ਲਿਖਿਆ ਸੀ ਕਿ,“ਬਾਣੀ ਕਿਹੜੇ ਰੱਬ ਕੋਲੋਂ ਆਈ ਹੈ”।ਉਸ ਲੇਖ ਵਿੱਚ ਮੈਂ ਬਹੁਤ ਸਾਰੇ ਸਵਾਲ ਉਠਾਏ ਸਨ। ਕਈ ਪਾਠਕਾਂ/ਲੇਖਕਾਂ ਨੇ ਉਨ੍ਹਾ ਸਵਾਲਾਂ ਦੇ ਜਵਾਬ ਆਪਣੀ ਸੋਚਣੀ ਮੁਤਾਬਕ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਸਵਾਲ ਕੇਵਲ ਮੇਰੇ ਨਹੀਂ ਹਨ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਹਨ। ਕਿਸੇ ਨਾਸਤਕ ਦੇ ਵੀ ਹੋ ਸਕਦੇ ਹਨ। ਇਹ ਅਤੇ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਸਵਾਲ ਇੱਕ ਲੇਖ ਵਿੱਚ ਵਿਚਾਰਨੇ ਸੰਭਵ ਨਹੀਂ ਹਨ। ਇਸ ਲਈ ਹਰ ਹਫਤੇ ਇੱਕ ਸਵਾਲ ਨੂੰ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਜਿੱਥੋਂ ਤੱਕ ਹੋ ਸਕੇ ਇਹ ਸਪੱਸ਼ਟ ਹੋ ਸਕਣ।
ਰੱਬ ਦੀ ਹੋਂਦ ਬਾਰੇ ਬਹੁਤ ਸਾਰੇ ਭੁਲੇਖੇ ਹਨ। ਭਾਵੇਂ ਕਿ ਗੁਰੂ ਨਾਨਕ ਜੀ ਨੇ ਗੁਰਬਾਣੀ ਦੇ ਮੁੱਢ ਵਿੱਚ ਹੀ ਮੂਲ ਮੰਤ੍ਰ ਜਾਂ ਮੰਗਲਾ ਚਰਨ ਵਿੱਚ ਆਪਣੇ ਵਿਚਾਰ ਦਿੱਤੇ ਹੋਏ ਹਨ ਪਰ ਉਸ ਦੀ ਵਿਆਖਿਆ ਵੀ ਆਪਣੇ ਢੰਗ ਨਾਲ ਹੀ ਕੀਤੀ ਜਾ ਰਹੀ ਹੈ। ਪਿਛਲੇ ਕਾਫੀ ਸਮੇਂ ਤੋਂ ਇਸ ਮੁੱਦੇ ਨੂੰ ਲੈ ਕੇ ਹੀ ਇੱਕ ਦੂਸਰੇ ਵਿਰੁੱਧ ਦੂਸ਼ਣਬਾਜ਼ੀ ਹੋ ਰਹੀ ਹੈ। ਇਸ ਬਾਰੇ ਯੂ-ਟਿਊਬ ਤੇ ਵੀ ਬਹੁਤ ਸਾਰੀਆਂ ਵੀਡੀਓ ਬਣਾ ਕੇ ਪਾਈਆਂ ਹੋਈਆਂ ਹਨ ਅਤੇ ਆਏ ਦਿਨ ਹੋਰ ਵੀ ਪਾਈਆਂ ਜਾ ਰਹੀਆਂ ਹਨ। ਜੇ ਕਰ ਗੁਰਬਾਣੀ ਨੂੰ ਸਮਝਣ ਵਾਲੇ ਸੱਜਣ ਰਲ-ਮਿਲ ਕੇ ਵਿਚਾਰ ਕਰਨ ਤਾਂ ਹੋ ਸਕਦਾ ਹੈ ਕਿ ਰੱਬ ਦੀ ਹੋਂਦ ਬਾਰੇ ਅਤੇ ਬਾਕੀ ਹੋਰ ਵੀ ਜੋ ਸਵਾਲ ਹਨ ਉਹ ਸਾਰਿਆਂ ਦੇ ਰਲ ਕੇ ਵਿਚਾਰ ਕਰਨ ਨਾਲ ਕੁੱਝ ਹੱਦ ਤੱਕ ਹੱਲ ਹੋ ਸਕਣ।
ਹਰੇਕ ਹਫਤੇ ਹਰ ਸਵਾਲ ਨਾਲ ਕੋਈ ਭੂਮਿਕਾ ਬੰਨਣ ਦੀ ਲੋੜ ਨਹੀਂ ਹੈ। ਸਿਰਫ ਸਵਾਲ ਹੀ ਪਾਇਆ ਜਾਵੇਗਾ। ਪਰ ਵਿਚਾਰ ਦੇਣ ਲਈ ਕੁੱਝ ਨਿਯਮ ਤਹਿ ਕਰਨੇ ਪੈਣਗੇ। ਜੋ ਸਿਰਫ ਇਸ ਸਵਾਲ ਵਿੱਚ ਕੀਤੇ ਜਾ ਰਹੇ ਹਨ। ਇਹ ਨਿਯਮ ਮੇਰੀ ਆਪਣੀ ਸੋਚਣੀ ਮੁਤਾਬਕ ਹਨ ਅਤੇ ਇਹ ਆਖਰੀ ਨਹੀਂ ਹਨ। ਇਨ੍ਹਾਂ ਨਿਯਮਾ ਵਿੱਚ ਤੁਹਾਡੀ ਸਲਾਹ ਨਾਲ ਤਬਦੀਲੀ ਵੀ ਕੀਤੀ ਜਾ ਸਕਦੀ ਹੈ। ਮੈਂ ਆਪਣੇ ਵਲੋਂ ਹੇਠ ਲਿਖੇ ਨਿਯਮ ਤਹਿ ਕੀਤੇ ਹਨ:
1- ਜਿਹੜਾ ਵੀ ਕੋਈ ਲੇਖਕ ਇੱਥੇ ਸਿੱਖ ਮਾਰਗ ਤੇ ਲਿਖਦਾ ਹੈ ਖਾਸ ਕਰਕੇ ਗੁਰਬਾਣੀ ਦੇ ਅਧਾਰ ਤੇ ਲੇਖ ਲਿਖਦਾ ਹੈ ਉਸ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਜਰੂਰ ਹੀ ਦੇਣੇ ਚਾਹੀਦੇ ਹਨ। ਜੇ ਕਰ ਉਹ ਇਸ ਤਰ੍ਹਾਂ ਨਹੀਂ ਕਰਦੇ ਤਾਂ ਉਨ੍ਹਾਂ ਦੀ ਗੁਰਬਾਣੀ ਬਾਰੇ ਲੇਖ ਲਿਖਣ ਦੀ ਕੋਈ ਸੈਂਸ ਨਹੀਂ ਬਣਦੀ। ਜਿਹੜੇ ਗੁਰਬਾਣੀ ਦੇ ਮੁਢਲੇ ਸਿਧਾਂਤਾਂ ਬਾਰੇ ਆਪ ਹੀ ਸਪਸ਼ਟ ਨਹੀਂ ਹਨ ਉਹ ਆਪਣੀ ਲੇਖਣੀ ਰਾਹੀਂ ਹੋਰਨਾ ਨੂੰ ਕੀ ਸੇਧ ਦੇ ਸਕਦੇ ਹਨ? ਇੱਥੇ ਕਿਸੇ ਦੇ ਨਿੱਜੀ ਜੀਵਨ ਬਾਰੇ ਤਾਂ ਪੁੱਛਿਆ ਨਹੀਂ ਜਾ ਰਿਹਾ। ਗੁਰਬਾਣੀ ਬਾਰੇ ਹੀ ਪੁੱਛਿਆ ਜਾ ਰਿਹਾ ਹੈ ਜਿਸ ਬਾਰੇ ਉਹ ਲਿਖਦੇ ਹਨ। ਕਾਪੀ ਪੇਸਟ ਕਰਨਾ ਤਾਂ ਸਾਰੇ ਜਾਣਦੇ ਹੀ ਹਨ। ਇਸ ਲਈ ਕੋਈ ਬਹਾਨਾ ਨਹੀਂ ਹੋਣਾ ਚਾਹੀਦਾ।
2- ਜਿਤਨਾ ਚਿਰ ਇਨ੍ਹਾਂ ਸਵਾਲਾਂ/ਮੁੱਦਿਆਂ ਬਾਰੇ ਵਿਚਾਰ ਚੱਲੇਗੀ ਉਤਨਾ ਚਿਰ ਅੱਜ ਤੋਂ ਬਾਅਦ ਕੋਈ ਹੋਰ ਸਪਤਾਹਿਕ ਲੇਖ ਨਹੀਂ ਪਾਏ ਜਾਣਗੇ ਤਾਂ ਕਿ ਸਾਰਾ ਧਿਆਨ ਅਤੇ ਸਮਾਂ ਇਨ੍ਹਾਂ ਗੱਲਾਂ ਨੂੰ ਸਪਸ਼ਟ ਕਰਨ ਵੱਲ ਦਿੱਤਾ ਜਾ ਸਕੇ।
3- ਆਪਣੇ ਵਿਚਾਰ ਸਿਰਫ ਯੂਨੀਕੋਡ ਵਿੱਚ ਹੀ ਪੋਸਟ ਕਰੋ। ਜੇ ਕਰ ਕਿਸੇ ਨੂੰ ਕੋਈ ਦਿੱਕਤ ਹੋਵੇ ਤਾਂ ਉਹ ਆਪਣੀ ਲਿਖਤ ਸਾਨੂੰ ਈ-ਮੇਲ ਰਾਹੀਂ ਭੇਜ ਸਕਦਾ ਹੈ ਅਤੇ ਅਸੀਂ ਉਸ ਨੂੰ ਯੂਨੀਕੋਡ ਵਿੱਚ ਤਬਦੀਲ ਕਰਕੇ ਭੇਜ ਦਿਆਂਗੇ।
4- ਪੋਸਟ ਕੁਮਿੰਟ ਵਾਲਾ ਬਟਨ ਸਿਰਫ ਇੱਕ ਵਾਰੀ ਹੀ ਦੱਬੋ ਤਾਂ ਕਿ ਵਾਧੂ ਡਿਲੀਟ ਨਾ ਕਰਨੇ ਪੈਣ। ਇਹ ਵੀ ਖਿਆਲ ਰੱਖੋ ਕਿ ਇੱਥੇ ਨਵੀਂ ਪੋਸਟ ਥੱਲੇ ਪੈਂਦੀ ਹੈ ਅਤੇ ਤੁਹਾਡੇ ਆਪਣੇ ਪੰਨੇ ਤੇ ਉਪਰ ਪੈਂਦੀ ਹੈ।
5- ਗੁਰਬਾਣੀ ਦੀਆਂ ਪੰਗਤੀਆਂ ਅਤੇ ਪੂਰੇ ਸ਼ਬਦ ਦੀ ਵਿਆਖਿਆ ਉਥੇ ਹੀ ਕੀਤੀ ਜਾਵੇ ਜਦੋਂ ਕਿਸੇ ਸ਼ਬਦ ਬਾਰੇ ਸਵਾਲ ਹੋਵੇਗਾ। ਨਹੀਂ ਤਾਂ ਘੱਟ ਤੋਂ ਘੱਟ ਸ਼ਬਦਾਂ ਵਿੱਚ ਵੱਧ ਤੋਂ ਵੱਧ ਢੁਕਵਾਂ ਉਤਰ ਦੇਣ ਦੀ ਕੋਸ਼ਿਸ਼ ਕਰੋ।
6- ਦੂਸਰੇ ਨੂੰ ਸਵਾਲ ਜਾਂ ਨੁਕਤਾਚੀਨੀ ਉਹੀ ਕਰੇ ਜਿਸ ਨੇ ਪਹਿਲਾਂ ਆਪ ਉਸ ਸਵਾਲ ਦਾ ਜਵਾਬ ਦਿੱਤਾ ਹੋਵੇ।
7- ਕਿਸੇ ਦੂਸਰੇ ਲੇਖਕ ਪ੍ਰਤੀ ਘਟੀਆ ਜਾਂ ਧਮਕੀ ਭਰੀ ਸ਼ਬਦਾਵਲੀ ਵਰਤਣ ਵਾਲੇ ਨੂੰ ਆਰਜ਼ੀ ਜਾਂ ਪੱਕੇ ਤੌਰ ਤੇ ਇੱਥੋਂ ਬੈਨ ਕੀਤਾ ਜਾ ਸਕਦਾ ਹੈ।
8- ਜੇ ਕਰ ਕੋਈ ਲੇਖਕ ਆਪ ਵਿਚਾਰ ਨਹੀਂ ਦੇਣਾ ਚਾਹੁੰਦਾ ਤਾਂ ਉਹ ਪਹਿਲਾਂ ਦਿੱਤੇ ਲੇਖਕਾਂ ਦੇ ਵਿਚਾਰਾਂ ਨਾਲ ਸਹਿਮਤੀ ਪਰਗਟ ਕਰ ਸਕਦਾ ਹੈ।
9- ਜੇ ਕਰ ਤੁਸੀਂ ਆਪਣੀ ਪਾਈ ਪੋਸਟ ਵਿੱਚ ਕੋਈ ਗਲਤੀ ਠੀਕ ਕਰਨਾ ਚਾਹੁੰਦੇ ਹੋ ਜਾਂ ਕੁੱਝ ਬਦਲਣਾ ਚਾਹੁੰਦੇ ਹੋ ਤਾਂ ਆਪਣੀ ਉਸ ਪਾਈ ਪੋਸਟ ਦੇ ਥੱਲੇ ਆਪ ਹੀ ਅਪਲਾਈ ਕਰਕੇ ਦੱਸ ਸਕਦੇ ਹੋ। ਉਸ ਨੂੰ ਜਿਤਨੀ ਜਲਦੀ ਹੋ ਸਕੇ ਸਮਾਂ ਮਿਲਣ ਤੇ ਠੀਕ ਕਰਨ ਦੀ ਕੋਸ਼ਿਸ਼ ਕਰਾਂਗਾ।
10- ਜੇ ਕਰ ਕਿਸੇ ਸਵਾਲ/ਵਿਸ਼ੇ/ਨੁਕਤੇ ਤੇ ਵਿਚਾਰ ਆਉਂਦੇ ਰਹੇ ਤਾਂ ਤੁਹਾਡੀ ਸਲਾਹ ਨਾਲ ਇਸ ਵਿਚਾਰ ਨੂੰ ਇੱਕ ਹਫਤੇ ਤੋਂ ਵੱਧ ਲਈ ਵੀ ਵਿਚਾਰਿਆ ਜਾ ਸਕਦਾ ਹੈ।
ਧੰਨਵਾਦ ਸਹਿਤ,
ਸੰਪਾਦਕ।

ਰੱਬ ਦੀ ਹੋਂਦ ਬਾਰੇ ਸਵਾਲ ਦਾ ਦੂਜਾ ਹਿੱਸਾ ਪੜ੍ਹਨ ਲਈ ਇੱਥੇ ਕਲਿਕ ਕਰੋ ਜੀ।

(ਨੋਟ:- ਇਸ ਲੇਖ ਨਾਲ ਸੰਬੰਧਿਤ ਕੁਮਿੰਟਸ ਪੜ੍ਹਨ ਲਈ ਇੱਥੇ ਇਸ ਲਾਈਨ ਤੇ ਕਲਿਕ ਕਰੋ। ਇਹ ਫਾਈਲ ਪੀ.ਡੀ.ਐੱਫ. ਫੌਰਮੇਟ ਵਿਚ ਹੈ-ਸੰਪਾਦਕ)




.