ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ ॥
ਇਸ ਲੇਖ ਵਿੱਚ ਸਾਡਾ ਵਿਸ਼ਾ “ਵਾਹਿ ਗੁਰੂ” ਸ਼ਬਦ ਦੀ ਬਣਤਰ ਅਤੇ ਉਸ ਦੇ ਉਚਾਰਣ
ਵਾਰੇ ਹੈ। ਮੈਂ ਬੇਅੰਤ ਰਾਗੀਆਂ ਅਤੇ ਪਾਠੀਆਂ ਕੋਲੋਂ ਗੁਰਬਾਣੀ ਦਾ ਗਾਇਣ ਅਤੇ ਪਾਠ ਸੁਣਿਆਂ ਹੈ।
ਮੈਂ ਇਸ ਗੱਲ ਨੂੰ ਉਚੇਚੇ ਤੌਰ ਤੇ ਅਨੁਭਵ ਕੀਤਾ ਹੈ ਕਿ “ਹ” ਅੱਖਰ ਦੇ ਉਚਾਰਣ ਵਾਸਤੇ ਉਨ੍ਹਾਂ ਕੋਲ
ਕੋਈ ਸਪੱਸ਼ਟ ਸੇਧ ਨਹੀਂ ਹੈ। ਬਹੁਤੇ ਰਾਗੀ ਅਤੇ ਪਾਠੀ ਜਾਣੇ-ਅਣਜਾਣੇ ਉਨ੍ਹਾਂ ਅੱਖਰਾਂ, ਜਿਨ੍ਹਾਂ
ਵਿੱਚ “ਹ” ਅਖਰ ਦੇ ਪਿਛੇਤਰ ਵਿੱਚ ਔਂਕੜ (ਹੁ) ਜਾਂ ਸਿਹਾਰੀ (ਹਿ) ਲਗ ਮਾਤ੍ਰ ਲੱਗੀ ਹੋਵੇ, ਦਾ
ਗੱਲਤ ਉਚਾਰਣ ਕਰਦੇ ਹਨ। “ਯ” ਅੱਖਰ ਦੇ ਬਾਰੇ ਵੀ ਇਸੇ ਤਰ੍ਹਾਂ ਹੀ ਪ੍ਰਚਲਤ ਹੈ। ਇਸ ਲੇਖ ਵਿੱਚ
“ਹਾਹਾ” ਅੱਖਰ ਦੇ ਪਿਛੇਤਰ ਤੇ ਵਰਤੀ ਜਾਂਦੀ ਔਂਕੜ (ਹੁ) ਅਤੇ ਸਿਹਾਰੀ (ਹਿ) ਦੀ ਗੁੱਝੀ ਵੀਚਾਰ
ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਸਿੱਖ ਸੰਗਤ ਇਸ ਜਾਣਕਾਰੀ ਤੋਂ ਲਾਭ ਲੈ ਸਕੇਗੀ।
ਗੁਰੂ ਗ੍ਰੰਥ ਸਾਹਿਬ ਵਿੱਚ “ਵਾਹਿ” ਅਤੇ “ਗੁਰੂ” ਦੇ ਵਖ-ਵਖ ਰੂਪ: ਆਓ
ਸਭ ਤੋਂ ਪਹਿਲਾਂ ਗੁਰਬਾਣੀ ਵਿੱਚੋਂ “ਵਾਹ” ਅਤੇ “ਗੁਰੂ” ਅੱਖਰਾਂ ਦੇ ਭਿੰਨ-ਭਿੰਨ ਰੂਪਾਂ ਦੀ ਵੀਚਾਰ
ਕਰੀਏ।
ਓ. ਵਾਹ ਸ਼ਬਦ: ਵਾਹ ਸ਼ਬਦ “ਹ” ਮੁਕਤਾ ਗੁਰੂ ਗ੍ਰੰਥ ਵਿੱਚ ਸੁਤੰਤਰ ਤੌਰ
ਤੇ ਕੇਵਲ ਦੋ ਵਾਰ ਹੀ ਮਿਲਦਾ ਹੈ; ੧. ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ॥ ਜਪੁ, ਪੰਨਾ
੫ ੨. ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ॥ ਆਸਾ ਮ: ੧, ਪੰਨਾ ੪੩੯ ਗੁਰੂ ਗ੍ਰੰਥ ਸਾਹਿਬ
ਵਿੱਚ “ਵਾਹ” ਸ਼ਬਦ ਕੇਵਲ ਗੁਰ ਨਾਨਕ ਸਾਹਿਬ ਨੇ ਹੀ ਵਰਤਿਆ ਹੈ। ਅਰਥ: ਦੋਵੇ ਥਾਵਾਂ ਤੇ ਇਸ
ਦਾ ਅਰਥ ਛੋਟੀ ਨਦੀ ਜਾਂ ਨਾਲਾ ਹੈ ਅਤੇ ਉਚਾਰਣ “ਵਾਹ” ਹੀ ਬਣਦਾ ਹੈ।
ਅ. ਵਾਹੇ ਸ਼ਬਦ: ਇਹ ਸ਼ਬਦ ਭੀ ਕੇਵਲ ਗੁਰ ਨਾਨਕ ਸਾਹਿਬ ਨੇ ਹੀ ਵਰਤਿਆ
ਹੈ ਅਤੇ ਇਹ ਸ਼ਬਦ ਗੁਰੂ ਗ੍ਰੰਥ ਵਿੱਚ ਕੇਵਲ ਇੱਕ ਥਾਂ ਤੇ ਹੀ ਮਿਲਦਾ ਹੈ; ਕੋਈ ਵਾਹੇ ਕੋ ਲੁਣੈ
ਕੋ ਪਾਏ ਖਲਿਹਾਨਿ॥ ਨਾਨਕ ਏਵ ਨ ਜਾਪਈ ਕੋਈ ਖਾਇ ਨਿਦਾਨਿ॥ ੧॥ ਸਲੋਕ ਮ: ੧, ਪੰਨਾ ੮੫੪
ਅਰਥ; “ਬੀਜ ਨੂੰ ਧਰਤੀ ਵਿੱਚ ਬੀਜਣਾ ਅਤੇ ਇਸ ਦਾ ਉਚਾਰਣ “ਵਾਹੇ” ਹੀ ਬਣਦਾ
ਹੈ।“
ਇ. ਵਾਹਿ ਸ਼ਬਦ: ਗੁਰੂ ਗ੍ਰੰਥ ਸਾਹਿਬ ਵਿੱਚ ੧੧ ਭੱਟਾਂ ਨੇ ਗੁਰੂ
ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ ਪੰਜ ਗੁਰੂ ਸਾਹਿਬਾਨਾਂ ਦੀ ਉਸਤਤ ਵਿੱਚ ੧੨੩
ਸਵਯੇ ਲਿਖੇ ਹਨ । ਇਨ੍ਹਾਂ ਸਵਯਾਂ ਵਿੱਚ, ਗੁਰੂ ਰਾਮ ਦਾਸ ਸਾਹਿਬ ਦੀ ਉਸਤਤ ਵਿੱਚ ੬੦ ਸਵਯੇ ਹਨ
ਜਿਨ੍ਹਾਂ ਵਿੱਚ ੧੩ ਸਵਯੇ ਗਯੰਦ ਭੱਟ ਦੇ ਹਨ। “ਸਵਈਏ ਮਹਲੇ ਚਉਥੇ ਕੇ” ਦੇ ਸਿਰਲੇਖ ਵਿੱਚ, ਗਯੰਦ
ਭੱਟ ਦੀ “ਵਾਹਿਗੁਰੂ” ਸ਼ਬਦ ਦੇ “ਹ” ਅਖੱਰ ਨਾਲ ਸਿਹਾਰੀ “ਹਿ”; “ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿ ਜੀਉ॥“ (ਪੰਨਾ ੧੪੦੨), ਕੇਵਲ ਚਾਰ ਵਾਰ ਹੀ ਲਿਖੀ ਮਿਲਦੀ ਹੈ। ਜਦ ਪਦ ਛੇਦ ਕਰ
ਕੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਛਪਾਈ ਕੀਤੀ ਗਈ ਤਾਂ “ਵਾਹਿਗੁਰੂ” ਸ਼ਬਦ ਨੂੰ ਸਮਾਸੀ
(Compound)
ਸ਼ਬਦ ਦਾ ਰੂਪ ਦੇ ਦਿੱਤਾ ਗਿਆ। “ਵਾਹਿਗੁਰੂ” ਸ਼ਬਦ ਦਾ ਇਹ ਸਮਾਸੀ ਰੂਪ ਠੀਕ ਨਹੀਂ ਹੈ। ਇਸ ਦਲੀਲ ਦਾ
ਸਬੂਤ ਇਨ੍ਹਾਂ ਸਵਯਾਂ ਵਿੱਚ ਹੀ ਮਿਲ ਜਾਂਦਾ ਹੈ ਕਿਉਂਕਿ ਇਨ੍ਹਾਂ ਸਵਯਾਂ ਵਿੱਚ “ਵਾਹਿ” ਅਤੇ “ਜੀਉ”
ਸ਼ਬਦ ਸੁਤੰਤਰ ਤੌਰ ਤੇ ਅੱਲਗ-ਅੱਲਗ ਵੀ ਮਿਲਦੇ ਹਨ। ਉਪਰ ਦਿੱਤੀ ਤੁੱਕ ਨੂੰ ਪਦਛੇਦ ਕਰਕੇ “ਵਾਹਿ
ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ॥“ ਵੀ ਲਿਖਿਆ ਜਾ ਸਕਦਾ ਹੈ। ਇਸ ਤਰਾਂ
“ਵਾਹਿ ਗੁਰੂ” ਪਦਛੇਦ ਨਾਲ ਅਰਥਾਂ ਵਿੱਚ ਕੋਈ ਫਰਕ ਨਹੀਂ ਪੈਂਦਾ ਅਤੇ ਇਹ ਦ੍ਰਿੜ ਹੋ ਜਾਂਦਾ ਹੈ ਕਿ
“ਵਾਹਿ” ਫਾਰਸੀ ਭਾਸ਼ਾ ਦਾ ਵਿਸਮਾਦਮਕ
(Interjection) ਸ਼ਬਦ ਹੈ ਅਤੇ “ਗੁਰੂ” “ਵਾਹਿ”
ਸ਼ਬਦ ਦੀ ਵਿਸ਼ੇਸ਼ਤਾਈ ਨੂੰ ਦਰਸਾਉਂਦਾ ਹੈ। ਇਸ ਦਾ ਉਚਾਰਣ ਭੀ “ਵਾਹ” ਹੀ ਬਣਦਾ ਹੈ।
ਸ. ਗੁਰੂ ਸ਼ਬਦ: ਗੁਰੂ
ਗ੍ਰੰਥ ਸਾਹਿਬ ਦੀ ਬਾਣੀ ਵਿੱਚ “ਗੁਰੂ” ਸ਼ਬਦ ਸੁਤੰਤਰ ਤੌਰ ਤੇ ੩੦੨ ਵਾਰ ਮਿਲਦਾ ਹੈ। “ਗੁਰੂ” ਸ਼ਬਦ
“ਪ੍ਰਮੇਸ਼ਰ” ਜਾਂ “ਅਕਾਲ ਪੁਰਖ” ਦੇ ਅਰਥ ਸੰਕੇਤ ਕਰਦਾ ਹੈ। “ਗੁਰੂ” ਸ਼ਬਦ ਦੇ ਸਮਾਨੰਤਰ “ਗੁਰ” ਸ਼ਬਦ
ਨੂੰ “ਗੁਰੂ” ਸ਼ਬਦ ਦਾ ਇੱਕੋ (Synonyms)
ਰੂਪ ਸਮਝਣਾ ਇੱਕ ਬਹੁਤ ਵੱਡੀ ਭੁੱਲ ਹੈ। “ਗੁਰ” ਸ਼ਬਦ ਤਾਂ “ਗਿਆਨ” ਜਾਂ “ਬ੍ਰਹਮ ਗਿਆਨ” ਦਾ ਸੰਕੇਤਕ
ਹੈ।
ਹ. “ਗੁਰੂ” ਅਤੇ “ਗੁਰ”
ਦੀ ਤਰ੍ਹਾਂ ਹੀ “ਸਤਿਗੁਰੂ” ਅਤੇ “ਸਤਿਗੁਰ” ਸ਼ਬਦਾਂ ਦੇ ਭੇਦ ਨੂੰ ਸਮਝਣਾ ਅਤੇ ਇਨ੍ਹਾਂ ਨੂੰ ਆਪਣੇ
ਹਿਰਦੇ ਵਿੱਚ ਦ੍ਰਿੜ ਕਰਨਾ ਵੀ ਜ਼ਰੂਰੀ ਹੈ। ਇਸ ਨਾਲ ‘ਗੁਰਬਾਣੀ’ ਹੀ ਨਹੀਂ ਬਲਕਿ ਗੁਰਬਾਣੀ ਦੇ ਅਰਥ
ਸਮਝਣ ਵਿੱਚ ਬਹੁਤ ਹੀ ਸੌਖ ਹੋ ਜਾਵੇਗੀ। ਗੁਰੂ ਗ੍ਰੰਥ ਸਾਹਿਬ ਵਿੱਚ “ਗੁਰ” ਜਾਂ “ਸਤਿਗੁਰ” ਸ਼ਬਦ
ਪ੍ਰਕਰਣ ਅਨੁਸਾਰ ਵੱਖ-ਵੱਖ ਰੂਪਾਂ ਵਿੱਚ ਦਰਜ਼ ਹੋਏ ਮਿਲਦੇ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਇਨ੍ਹਾਂ
ਸ਼ਬਦਾਂ ਦਾ ਵੇਰਵਾ ਇਸ ਤਰ੍ਹਾਂ ਹੈ;
੧. “ਗੁਰ” ਸ਼ਬਦ ੩੧੫੫
ਵਾਰ; ਜਿਵੇਂ “ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿਖ ਸੁਣੀ॥“ ਪੰਨਾ ੨
੨. “ਗੁਰੁ” ਸ਼ਬਦ ੭੩੬
ਵਾਰ, ਜਿਵੇਂ “ਮੰਨੈ ਤਰੈ ਤਾਰੇ ਗੁਰੁ ਸਿਖ॥“ ਪੰਨਾ ੩
੩. “ਗੁਰਿ” ਸ਼ਬਦ ੫੮੧
ਵਾਰ, ਜਿਵੇਂ “ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ॥“ ਪੰਨਾ ੪੪
ਗੁਰਬਾਣੀ ਵਿਆਕਰਣ ਦੇ ਨਿਯਮਾਂ ਅਨੁਸਾਰ “ਗੁਰ”, “ਨਾਂਵ” ਹੋਣ ਕਰਕੇ, “ਗੁਰ”
ਦੇ ਦੋ ਵੱਖਰੇ ਰੂਪ; “ਰਾਰਾ ਮੁਕਤਾ” ਭਾਵ “ਗੁਰ” ਅਤੇ “ਰਾਰਾ ਔਕੜ” ਭਾਵ “ਗੁਰੁ” ਹਨ । “ਗੁਰਿ” ਦੇ
“ਰਾਰਾ ਨੂੰ ਸਿਹਾਰੀ” ਦਾ ਭਾਵ “ਗੁਰਿ” ਸੰਬੰਧਕ ਹੈ ਇਸ ਕਰਕੇ “ਗੁਰਿ” ਦੇ ਰਾਰੇ ਨੂੰ ਸਿਆਰੀ ਲੱਗੀ
ਹੋਈ ਹੈ। “ਗੁਰ” “ਗੁਰੁ” ਅਤੇ “ਗੁਰਿ” ਦੇ ਇਨ੍ਹਾਂ ਤਿੰਨਾਂ ਰੂਪਾਂ ਦੇ ਉਚਾਰਣ ਵਿੱਚ ਕੋਈ ਫਰਕ
ਨਹੀਂ। ਇਨ੍ਹਾਂ ਤਿੰਨਾਂ ਦਾ ਉਚਾਰਨ ਗੁਰ ਹੈ। ਗੁਰਬਾਣੀ ਵਿਆਕਰਨ ਦੇ ਅਸੂਲਾਂ ਅਨੁਸਾਰ “ਗੁਰ” ਸ਼ਬਦ
ਦੇ ਅਰਥਾਂ ਨੂੰ ਨਿਖੇੜਨ ਲਈ ਉਪਰ ਦੱਸੇ ਇਸ ਸ਼ਬਦ ਦੇ ਇਹ ਤਿੰਨ ਰੂਪ ਗੁਰਬਾਣੀ ਵਿੱਚ ਦਰਜ਼ ਹਨ।
ਵਾਹਿਗੁਰੂ ਸ਼ਬਦ ਅਤੇ ਸਿਮਰਨ: ਸਮੁੱਚੇ ਸਿੱਖ ਸਮਾਜ ਵਿੱਚ ਸਿਮਰਨ ਸ਼ਬਦ
ਦੇ ਅਰਥਾਂ ਵਾਰੇ ਵੀ ਕੋਈ ਸਪਸ਼ਟ ਸੇਧ ਨਹੀਂ ਮਿਲਦੀ। ਜ਼ਿਆਦਾ ਲੋਕਾਂ ਨੇ “ਵਾਹਿਗੁਰੂ” ਸ਼ਬਦ ਦੇ
ਵਾਰ-ਵਾਰ ਉਚਾਰਣ ਨੂੰ ਹੀ ਸਿਮਰਨ ਸਮਝ ਲਿਆ ਹੋਇਆ ਹੈ। ਕੁੱਝ ਗੁਰਦੁਆਰਿਆਂ “ਵਾਹਿਗੁਰੂ” ਸ਼ਬਦ ਦਾ
ਸਿਮਰਨ ਹਨੇਰਾ ਕਰਕੇ ਦੋ ਘੰਟੇ ਤੋਂ ਲੈ ਕੇ ੨੪ ਘੰਟੇ ਤੱਕ ਵੀ ਕੀਤਾ ਜਾਂਦਾ ਹੈ। ਜੋਗ ਮਤ ਵਿੱਚ ਇਹ
ਤਰੀਕਾ ਆਮ ਹੀ ਪ੍ਰਚਲਤ ਸੀ। ਅਜੋਕੇ ਸਾਇੰਸਦਾਨਾ ਨੇ ਵੀ ਕਿਸੇ ਇੱਕ ਅੱਖਰ ਦੇ ਵਾਰ-ਵਾਰ ਉਚਾਰਣ ਦੇ
ਪ੍ਰਯੋਗ ਕਰਕੇ ਦੱਸਿਆ ਹੈ ਕਿ ਇਸ ਤਰ੍ਹਾਂ ਦਿਮਾਗ ਵਿੱਚ ਖੂਨ ਦਾ ਦੌਰਾ ਵੱਧ ਜਾਂਦਾ ਹੈ। ਜੋਗੀ ਵੀ
ਇਸ ਤਰੀਕੇ ਨੂੰ ਬੁਧੀ ਦੇ ਵਿਕਾਸ ਦਾ ਵਸੀਲਾ ਸਮਝਦੇ ਹੋਣਗੇ। “ਸਿੱਧ ਗੋਸਟਿ” ਬਾਣੀ ਵਿੱਚ ਗੁਰੂ
ਨਾਨਕ ਸਾਹਿਬ ਨੇ ਇਨ੍ਹਾਂ ਵਸੀਲਿਆਂ ਦਾ ਭਰਪੂਰ ਖੰਡਣ ਕੀਤਾ ਹੋਇਆ ਹੈ। ਗੁਰਮਤ ਤਾਂ ਕੇਵਲ “ਗੁਰ
ਕੀ ਮਤਿ ਤੂੰ ਲੇਹਿ ਇਆਨੇ” (ਪੰਨਾ ੨੮੮) ਦੇ ਸਿਧਾਂਤ ਨੂੰ ਹੀ ਮੰਨਦੀ ਹੈ। ਅਸੀਂ ਤਾਂ “ਗੁਰ”
ਤੋਂ ਪ੍ਰਾਪਤ ਹੋਏ ਗਿਆਨ ਨਾਲ ਹੀ ਆਪਣੀ ਬੁਧੀ ਦਾ ਵਿਕਾਸ ਕਰਨਾ ਹੈ ਅਤੇ ਸਭ ਤੋਂ ਪਹਿਲਾਂ ਸਾਰੇ
ਕ੍ਰਮ-ਕਾਂਡਾਂ ਅਤੇ ਭਰਮਾਂ ਦਾ ਨਾਸ਼ ਕਰਨਾ ਹੈ।
ਸਿਮਰਨ ਦੇ ਅਰਥ: ਸਿਮਰਨ ਸ਼ਬਦ ਦੇ ਸਹੀ ਅਰਥ ਕਿਸੇ ਭੁੱਲੀ ਹੋਈ ਗੱਲ ਨੂੰ
ਯਾਦ ਆ ਜਾਣ ਦੇ ਹਨ। ਸਿਮਰਨ ਦੇ ਅਰਥ ਕਿਸੇ ਨੂੰ ਵਾਰ-ਵਾਰ ਯਾਦ ਕਰਨਾ ਨਹੀਂ ਬਣਦੇ।
ਵਾਹਿਗੁਰੂ ਗੁਰਮੰਤ੍ਰ: ਆਮ ਕਰਕੇ ਕਈ ਰਾਗੀ ਜੱਥੇ ਕੀਰਤਨ ਕਰਨ ਵੇਲੇ
ਭਾਈ ਗੁਰਦਾਸ ਜੀ ਦੀ ਦੂਜੀ ਵਾਰ ਵਿਚੋਂ ਤੇਰਵੀਂ ਪਉੜੀ ਦੀ ਇੱਕ ਤੁੱਕ ਅਤੇ ਉਸ ਵਿੱਚੋਂ ਕੇਵਲ
“ਵਾਹਿਗੁਰੂ” ਸ਼ਬਦ ਨੂੰ ਵਾਰ-ਵਾਰ ਗਾਉਣਾ ਸ਼ੂਰੂ ਕਰ ਦਿੰਦੇ ਹਨ। ਸੁਣਨ ਵਾਸਤੇ ਤਾਂ ਭਾਂਵੇ ਇਹ ਚੰਗਾ
ਭੀ ਲੱਗਦਾ ਹੋਵੇ ਪਰ ਇਹ ਗੁਰਬਾਣੀ ਸਿਧਾਂਤ ਤੋਂ ਬਿਲਕੁਲ ਉਲਟ ਹੈ। ਇਸ ਤਰ੍ਹਾਂ ਗੁਰਬਾਣੀ ਅਸੂਲਾਂ
ਦੀ ਤੌਹੀਨ ਅਤੇ ਅਵੱਗਿਆ ਹੁੰਦੀ ਹੈ ਕਿਉਂਕਿ ਗੁਰਬਾਣੀ ਦੇ ਸ਼ਬਦ ਵਿੱਚ ਅਸੀਂ ਆਪਣੇ ਵਲੋਂ ਕੋਈ ਵੀ
ਵਾਧਾ ਘਾਟਾ ਨਹੀਂ ਕਰ ਸਕਦੇ। ਇਸ ਤਰ੍ਹਾਂ ਦੀ ਥੋੜੀ ਜਿਹੀ ਖੁਲ੍ਹ ਨਾਲ ਗੁਰਬਾਣੀ ਬਣਤਰ ਦਾ ਬਹੁਤ
ਵੱਡਾ ਸਿਧਾਂਤ ਟੁੱਟ ਜਾਂਦਾ ਹੈ। “ਵਾਹਿਗੁਰੂ” ਸ਼ਬਦ ਦੀ ਇਸ ਖੁਲ੍ਹ ਕਰਕੇ ਸਿੱਖੀ ਭੇਸ ਵਿੱਚ
ਸਾਧ-ਲਾਣੇ ਨੇ ਅਖੰਡ ਪਾਠ ਵਿੱਚ ਮਨ ਚਾਹੇ ਫਲ਼ਾਂ ਦੀ ਪ੍ਰਾਪਤੀ ਲਈ ਇੱਕ ਸ਼ਬਦ ਦਾ ਪਾਠ ਸ਼ੁਰੂ ਕਰ
ਦਿੱਤਾ ਹੈ ਜਿਸ ਨੂੰ ਉਹ ਸੰਪਟ ਪਾਠ ਆਖਦੇ ਹਨ। ਹੁਣ ਮਹਾਂ ਸੰਪਟ ਪਾਠਾਂ ਨੇ ਵੀ ਜਨਮ ਲੈ ਲਿਆ ਹੈ।
ਦੁੱਖ ਇਸ ਗੱਲ ਦਾ ਹੈ ਕਿ ਇਸ ਮਾਰੂ ਸਿਧਾਂਤ ਨੂੰ ਕੋਈ ਵੀ ਸਿੱਖ ਜੱਥੇਬੰਦੀ ਰੋਕਣ ਲਈ ਤਿਆਰ ਨਹੀਂ
ਹੈ ਅਤੇ ਨਾ ਹੀ ਇਸ ਪ੍ਰਕਿਰਿਆ ਨੂੰ ਕੋਈ ਗਲਤ ਕਹਿਣ ਲਈ ਤਿਆਰ ਹੈ। ਹੁਣ ਤਾਂ ਦੇਖਾ ਦੇਖੀ ਹੋਰ ਵੀ
ਕਈ ਪ੍ਰਕਾਰ ਦੀਆਂ ਮਨਮਤਾਂ ਨੇ ਜਨਮ ਲੈ ਲਿਆ ਹੈ। “ਵਾਹਿਗੁਰੂ” ਦੇ ਗੁਣਾਂ ਨੂੰ ਜੀਵਨ ਵਿੱਚ ਧਾਰਨ
ਦੀ ਕਰਨ ਦੀ ਥਾਂ “ਵਹਿਗੁਰੂ” ਸ਼ਬਦ ਨੂੰ ਮੰਤਰਾਂ ਵਾਂਗ ਜੱਪਿਆ ਜਾ ਰਿਹਾ ਹੈ। ਹੁਣ ਕਈ ਥਾਂਵਾਂ ਤੇ
ਗੁਰਬਾਣੀ ਕੀਰਤਨ ਛੱਡ ਕੇ ਕੇਵਲ “ਵਾਹਿਗੁਰੂ ਸ਼ਬਦ” ਦਾ ਹੀ ਕੀਰਤਨ ਹੋਣਾ ਸ਼ੁਰੂ ਹੋ ਗਿਆ ਹੈ।
“ਵਾਹਿਗੁਰੂ” ਦੇ ਗੁਣਾਂ ਦੀ ਵਿਚਾਰ ਨੂੰ ਸਮਝਣ ਦੀ ਥਾਂ ਤੇ ਭਾਈ ਗੁਰਦਾਸ ਜੀ ਦੀ ਦੂਜੀ ਵਾਰ ਦੀ
ਤੇਰਵੀਂ ਪਉੜੀ ਦੀ ਪੰਜਵੀਂ ਤੁਕ ਦਾ "ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ"।। ਦਾ
ਹਵਾਲਾ ਦੇ ਕੇ ਬਾਕੀ ਸੰਗਤ ਨੂੰ ਚੁੱਪ ਕਰਾ ਦਿੱਤਾ ਜਾਂਦਾ ਹੈ। ਅਸੀਂ ਭਾਈ ਗੁਰਦਾਸ ਦੀ ਇਸ ਪੂਰੀ
ਪਉੜੀ ਨੂੰ ਅਰਥਾਂ ਸਮੇਤ ਤੁਹਾਡੀ ਵੀਚਾਰ ਲਈ ਦੇ ਰਹੇ ਹਾਂ;
ਗੁਰ ਸਿਖਹੁ ਗੁਰ ਸਿਖ ਹੈ ਪੀਰ ਪੀਰਹੁ ਕੋਈ॥ ਸਬਦਿ ਸੁਰਤਿ ਚੇਲਾ ਗੁਰੂ
ਪਰਮੇਸਰੁ ਸੋਈ॥ ਦਰਸਨਿ ਦਿਸਟਿ ਧਿਆਨੁ ਧਰਿ ਗੁਰ ਮੂਰਤਿ ਹੋਈ॥ ਸਬਦ ਸੁਰਤਿ ਕਰ ਕੀਰਤਨੁ ਸਤਿਸੰਗਿ
ਵਿਲੋਈ॥ ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ॥ ਆਪ ਗਵਾਏ ਆਪਿ ਹੈ ਗੁਣ ਗੁਣੀ ਪਰੋਈ॥ ਵਾਰ ੧੩
ਪਉੜੀ ੨
ਅਰਥ: ਗੁਰੂ ਦੇ ਸਿੱਖ ਤੋਂ ਅਨੇਕ ਗੁਰਸਿਖ ਬਣ ਸਕਦੇ ਹਨ ਪਰ ਪੀਰਾਂ ਤੋਂ ਕੋਈ
ਹੀ ਪੀਰ ਬਣਦਾ ਹੈ। ਚੇਲਾ ਉਹ ਹੀ ਹੈ ਜੋ ਸ਼ਬਦ-ਸੁਰਤ ਦਾ ਰਸੀਆ ਅਤੇ ਗੁਰ ਪ੍ਰਮੇਸ਼ਰ ਦਾ ਪ੍ਰੇਮੀ ਹੈ
ਅਤੇ ਦ੍ਰਿਸ਼ਟੀ ਵਿਖੇ ਗੁਰੂ ਦਾ ਦਰਸ਼ਨ ਧਿਆਨ ਕਰਦਾ ਹੋਇਆ ਗੁਰੂ ਦੀ ਮੂਰਤ ਹੀ ਹੋ ਜਾਂਦਾ ਹੈ। ਸਿੱਖ
ਸ਼ਬਦ ਦਾ ਪ੍ਰੇਮ ਨਾਲ ਕੀਰਤਨ ਕਰੇ ਅਤੇ ਸਾਧ ਸੰਗਤ ਵਿੱਚ ਜਾ ਕੇ ਗੁਰਬਾਣੀ ਨੂੰ ਸਮਝੇ। ਹੇ ਗੁਰਸਿਖ
ਪਿਆਰੇ ਵਾਹਿਗੁਰੂ ਸ਼ਬਦ ਗੁਰਮੰਤ੍ਰ ਹੈ ਇਸ ਦਾ ਜਾਪ ਕਰਕੇ ਹੰਕਾਰ ਦਾ ਨਾਸ਼ ਕਰ। ਹੰਕਾਰ ਗਵਾ ਕੇ ਹੀ
ਤੂੰ ਆਪਣਾ-ਆਪ ਦੇਖ। ਇਨ੍ਹਾਂ ਗੁਣਾਂ ਨੂੰ ਧਾਰਨ ਕਰਨ ਨਾਲ ਹੀ ਤੂੰ ਰੱਬ ਨੂੰ ਮਿਲ ਸਕਦਾ ਹੈਂ।
“ਵਾਹਿਗੁਰੂ” ਸ਼ਬਦ ਦੇ ਅਰਥ: ‘ਵਾਹਿ ਗੁਰੂ’ ਸ਼ਬਦ ਦਾ ਅਰਥ ਰੱਬ ਨਹੀਂ
ਹੈ। ‘ਵਾਹਿ ਗੁਰੂ’ ਸ਼ਬਦ ਦਾ ਇਹ ਅਰਥ ਗੁਰਬਾਣੀ ਦੇ ਗ਼ਲਤ ਪਦ-ਛੇਦ ਕਰਕੇ ਬਣਾਇਆ ਗਿਆ ਹੈ। “ਵਾਹਿ
ਗੁਰੂ” ਸ਼ਬਦ ਫਾਰਸੀ ਭਾਸ਼ਾ ਦੇ ਸ਼ਬਦ ਵਾਹਿ, ਜਿਸ ਦਾ ਉਚਾਰਨ “ਵਾਹ” ਅਤੇ ਸੰਸਕ੍ਰਿਤ ਭਾਸ਼ਾ ਦੇ ਸ਼ਬਦ
“ਗੁਰੂ” ਦਾ ਸੁੰਦਰ ਸੁਮੇਲ ਹੈ। ਇਸ ਲਈ ‘ਵਾਹਿ’ ਅਤੇ ‘ਗੁਰੂ’ ਦੋ ਵੱਖਰੇ-ਵੱਖਰੇ ਸ਼ਬਦ ਹਨ। “ਵਾਹਿ
ਗੁਰੂ” ਦਾ ਅਰਥ ਹੈ ਕਿ ਹੇ ਗੁਰੂ ਜੀ! ਤੁਸੀਂ ਧੰਨ ਹੋ! ਤੁਹਾਡੇ ਤੋਂ ਬਲਿਹਾਰੇ!
ਨੋਟ: ਫਾਰਸੀ ਭਾਸ਼ਾ ਦੇ ਸ਼ਬਦ ਗੁਰਬਾਣੀ ਵਿਆਕਰਣ ਦੇ ਨੇਮ ਮੁਤਾਬਕ ਸ਼ਬਦ ਦੇ
ਅਖੀਰਲੇ ਅੱਖਰ ਤੇ ਸਿਹਾਰੀ ਲਗਾ ਕੇ ਲਿੱਖੇ ਜਾਂਦੇ ਹਨ ਜਿਵੇਂ ਕਿ ਅਰਦਾਸਿ, ਕੀਮਤਿ, ਕੁਦਰਤਿ,
ਅਕਲਿ, ਇਲਤਿ, ਕਰਾਮਾਤਿ, ਸਲਾਮਤਿ, ਖਰੀਦਿ, ਤਰੀਕਤਿ, ਗਰਦਨਿ, ਨਉਬਤਿ, ਦਉਲਤਿ, ਗੈਰਤਿ, ਹਕੀਕਤਿ,
ਆਦਿ।
ਭਾਈ ਗੁਰਦਾਸ ਜੀ: ਉਨ੍ਹਾਂ ਆਪਣੀ ਪਹਿਲੀ ਵਾਰ ਦੀ ੪੯ ਵੀਂ ਪਉੜੀ ਵਿੱਚ
ਇਸ ਗੱਲ ਵੱਲ ਵੀ ਇਸ਼ਾਰਾ ਕੀਤਾ ਹੈ ਕਿ ਇਹ ਅੱਖਰ ਚਾਰੇ ਜੁਗਾਂ ਦੇ ਚਾਰੇ ਅਵਤਾਰਾਂ ਦੇ ਪਹਿਲੇ
ਅੱਖਰਾਂ ਦੇ ਮਿਲਾਪ ਤੋਂ ਬਣਿਆ ਹੈ; ਜਿਵੇਂ ਕਿ ਸਤਯੁਗ ਦੇ ਵਾਸਦੇਵ (ਵਿਸ਼ਨੂੰ), ਤ੍ਰੇਤੇ ਦੇ ਰਾਮ,
ਦੁਆਪਰ ਦੇ ਹਰਿਕ੍ਰਿਸ਼ਨ (ਹਰੀ) ਅਤੇ ਕਲਯੁਗ ਦੇ ਗੋਬਿੰਦ। ਇਸ ਤਰ੍ਹਾਂ ਚਾਰੇ ਯੁਗਾਂ ਤੋਂ ਕ੍ਰਮਵਾਰ
‘ਵਾ, ਰਾ, ਹ, ਗੋ ਆਦਿ ਚਾਰ ਅੱਖਰ ਲਏ ਹਨ। ਇਸ ਤਰ੍ਹਾਂ ਤਾਂ ਵਾਹਿਗੁਰੂ” ਸ਼ਬਦ “ਵਾਰਾਹਗੋ”
ਬਣਦਾ ਹੈ ‘ਵਾਹਿਗੁਰੂ’ ਨਹੀਂ। ਪਰ ਜੇ ਦੁਆਪਰ, ਤ੍ਰੇਤੇ ਦੀ ਤਬਦੀਲ ਬਦਲ ਲਈ ਜਾਵੇ ਤਾਂ ਵੀ ਇਹ
‘ਵਾਹਰਾਗੋ’ ਬਣਦਾ ਹੈ। ਭਾਈ ਗੁਰਦਾਸ ਜੀ ਦੀ ਪੂਰੀ ਪਉੜੀ ਇਸ ਤਰ੍ਹਾਂ ਹੈ;
ਸਤਿਜੁਗ ਸਤਿਗੁਰ ਵਾਸਦੇਵ ਵਾਵਾ ਵਿਸ਼ਨਾ ਨਾਮ ਜਪਾਵੈ॥ ਦੁਆਪਰ ਸਤਿਗੁਰ
ਹਰੀਕ੍ਰਿਸ਼ਨ ਹਾਹਾ ਹਰਿ ਹਰਿ ਨਾਮ ਧਿਆਵੈ॥ ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖ ਪਾਵੈ॥
ਕਲਿਜੁਗ ਨਾਨਕ ਗੁਰ ਗੋਬਿੰਦ ਗਗਾ ਗੋਵਿੰਦ ਨਾਮ ਜਪਾਵੈ॥ ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿਚ ਜਾਇ
ਸਮਾਵੈ॥ ਚਾਰੋਂ ਅਛਰ ਇਕ ਕਰ “ਵਾਹਿਗੁਰੂ” ਜਪ ਮੰਤ੍ਰ ਜਪਾਵੈ॥ ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੈ
॥੪੯॥੧॥ ਵਾਰ ੧, ਪਉੜੀ ੪੯
ਇਸ ਤਰ੍ਹਾਂ ਦੀ ਭੁੱਲ ਭਾਈ ਗੁਰਦਾਸ ਜੀ ਕਦੇ ਵੀ ਨਹੀਂ ਸਨ ਕਰ ਸਕਦੇ ਕਿਉਂਕਿ
ਸਿੱਖ ਕਿਸੇ ਦੇਵੀ-ਦੇਵਤੇ ਦਾ ਪੁਜਾਰੀ ਨਹੀਂ। ਸਿੱਖ ਤਾਂ ਕੇਵਲ ਇੱਕ ਅਕਾਲ ਪੁਰਖ ਦਾ ਪੁਜਾਰੀ ਹੈ।
ਭਾਈ ਗੁਰਦਾਸ ਦੀ ਇਸ ਵਾਰ ਵਿੱਚ ਅਤੇ ੧੩ ਵੀਂ ਅਤੇ ੪੧ਵੀਂ ਵਾਰ ਵਿੱਚ ਕਿਸੇ ਪੰਥ ਦੋਖੀ ਦੀ ਜ਼ਰੂਰ
ਮਿਲਾਵਟ ਕੀਤੀ ਹੋਈ ਹੈ। ਇਸ ਦੀ ਪੁਸ਼ਟੀ ਗਿਆਨੀ ਹਜ਼ਾਰਾ ਸਿੰਘ ਨੇ ਭਾਈ ਗੁਰਦਾਸ ਦੀਆਂ ਵਾਰਾਂ ਦੀ
ਆਪਣੀ ਸਟੀਕ ਵਿੱਚ ਕੀਤੀ ਹੋਈ ਹੈ। ਇਸ ਕਰਕੇ ਇਹ ਵਾਰ ਭਾਈ ਗੁਰਦਾਸ ਜੀ ਦੀ ਨਹੀਂ ਹੋ ਸਕਦੀ। ਕਈ
ਵਿਆਖਿਆਕਾਰ ਸਤਯੁਗ ਦੇ “ਵਾਸਦੇਵ” ਦੀ ਥਾਂ “ਵਿਸ਼ਨੂੰ” ਅਵਤਾਰ ਅਤੇ ਦੁਆਪਰ ਦੇ “ਹਰਿਕ੍ਰਿਸ਼ਨ” ਦੀ
ਥਾਂ “ਹਰੀ” ਦੇ ਨਾਮ ਅਵਤਾਰ ਦੀ ਵਰਤੋਂ ਕਰਦੇ ਹਨ। ਭਾਈ ਗੁਰਦਾਸ ਜੀ ਨੇ ਵੀ ‘ਵਾਹਿਗੁਰੂ’ ਸ਼ਬਦ ਨੂੰ
“ਹ” ਅੱਖਰ ਤੇ ਸਿਹਾਰੀ (ਹਿ) ਲਾ ਕੇ “ਵਾਹਿਗੁਰੂ” ਹੀ ਲਿਖਿਆ ਹੈ।
ਪ੍ਰੋ. ਸਾਹਿਬ ਸਿੰਘ: ਭੱਟਾਂ ਦੇ ਸਵਯਾਂ ਦੀ ਸਟੀਕ ਵਿੱਚ ਪ੍ਰੋ. ਸਾਹਿਬ
ਸਿੰਘ ਲਿਖਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ “ਗੁਰੂ” ਨੂੰ “ਸਮਰਥ”, “ਪ੍ਰਮੇਸ਼ਰ”, “ਪਾਰਬ੍ਰਹਮ”
ਆਖਣ ਵਾਲੇ ਸੈੰਕੜੇ ਸ਼ਬਦ ਮਿਲਦੇ ਹਨ। ਭੱਟਾਂ ਦੇ ਸਵਈਆਂ ਵਿੱਚ ਕੇਵਲ “ਸਤਿਗੁਰੂ” ਦੀ ਵਡਿਆਈ ਕੀਤੀ
ਗਈ ਹੈ। ਗਯੰਦ ਭੱਟ ਨੇ ਗੁਰੂ ਰਾਮ ਦਾਸ ਸਾਹਿਬ ਦੀ ਉਸਤਤ ਵਿੱਚ ਤੇਰਾਂ ਸਵਈਆਂ ਲਿਖੇ ਹਨ। ਇਨ੍ਹਾਂ
ਸਵਈਆਂ ਵਿੱਚ ਗਯੰਦ ਭੱਟ ਨੇ ਗੁਰੂ ਸਾਹਿਬ ਲਈ “ਵਾਹਿ ਗੁਰੂ” ਸ਼ਬਦ ਵਰਤਿਆ ਹੈ। ਪ੍ਰੋ. ਸਾਹਿਬ ਸਿੰਘ
ਦੇ ਕੀਤੇ ਹੋਏ ਅਰਥ ਹੇਠਾਂ ਦਿੱਤੇ ਜਾ ਰਹੇ ਹਨ;
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ ॥ ਕਵਲ ਨੈਨ ਮਧੁਰ ਬੈਨ
ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ॥ ਦੇਖਿ ਰੂਪੁ ਅਤਿ ਅਨੂਪੁ ਮੋਹ
ਮਹਾ ਮਗ ਭਈ ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ॥ ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ
ਸਕੈ ਈਸੁ ਬੰਮ੍ਯ੍ਯੁ ਗ੍ਯ੍ਯਾਨੁ ਧ੍ਯ੍ਯਾਨੁ ਧਰਤ ਹੀਐ ਚਾਹਿ ਜੀਉ ॥ ਸਤਿ ਸਾਚੁ ਸ੍ਰੀ ਨਿਵਾਸੁ ਆਦਿ
ਪੁਰਖੁ ਸਦਾ ਤੁਹੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ ॥੧॥੬॥ ਪੰਨਾਂ ੧੪੦੨
ਪਦ ਅਰਥ: ਵਾਹਿ ਗੁਰੂ-ਹੇ ਗੁਰੂ! ਤੂੰ ਅਚਰਜ ਹੈਂ; ਨੈਨ-ਨੇਤ੍ਰ;
ਮਧੁਰ-ਮਿੱਠੇ; ਬੈਨ-ਬਚਨ; ਕੋਟਿ ਸੈਨ-ਕਰੋੜਾਂ ਜੀਵ; ਸੰਗ-ਤੇਰੇ ਨਾਲ; ਸੋਭ-ਸੋਹਣੇ ਲੱਗਦੇ ਹਨ;
ਜਿਸਹਿ- ਹੇ ਗੁਰੂ! ਤੈਨੂੰ; ਕਹਤ-ਆਖਦੀ ਸੀ; ਮਾ ਜਸੋਦ-ਮਾਂ ਜਸੋਧਾ; ਭਾਤੁ-ਚਉਲ; ਜੀਉ-ਹੇ ਪਿਆਰੇ!
ਦੇਖਿ-ਵੇਖ ਕੇ; ਅਤਿ ਅਨੂਪੁ-ਬਹੁਤ ਸੋਹਣਾ; ਮਹਾ ਮਗ ਭਈ-ਬਹੁਤ ਮਗਨ ਹੋ ਜਾਂਦੀ ਸੀ; ਕਿੰਕਨੀ-ਤੜਾਗੀ;
ਸਬਦ-ਆਵਾਜ਼; ਝਨਤਕਾਰ-ਛਣਕਾਰ; ਖੇਲੁ ਪਾਹਿ ਜੀਉ-ਜਦੋਂ ਤੂੰ ਖੇਡ ਮਚਾਉਂਦਾ ਸੀ; ਕਾਲ ਕਲਮ-ਮੌਤ ਦੀ
ਕਲਮ; ਹਾਥਿ-ਤੇਰੇ ਹੱਥ ਵਿੱਚ; ਕਹਹੁ-ਦੱਸੋ; ਈਸੁ-ਸ਼ਿਵ; ਥੰਮ੍ਯ੍ਯ-ਬ੍ਰਹਮਾ;
ਗ੍ਯ੍ਯਾਨੁ-ਧ੍ਯ੍ਯਾਨੁ-ਤੇਰੇ ਗਿਆਨ ਅਤੇ ਧਿਆਨ ਨੂੰ; ਧਰਤ ਹੀਐ ਚਾਹਿ ਜੀਉ-ਦਿਲ ਵਿਚ ਧਾਰਨਾ ਚਾਹੁੰਦੇ
ਹਨ; ਸ੍ਰੀ ਨਿਵਾਸੁ-ਲੱਛਮੀ ਦਾ ਟਿਕਾਣਾ।
ਅਰਥ: ਵਾਹ ਵਾਹ! ਹੇ ਪਿਆਰੇ! (ਰਾਮ ਦਾਸ) ਗੁਰੂ! ਸਦਕੇ! ਤੇਰੇ ਕਮਲ ਵਰਗੇ
ਨੇਤ੍ਰ ਹਨ, ਮੇਰੇ ਵਾਸਤੇ ਤਾਂ ਤੂੰ ਹੀ ਹੈਂ ਜਿਸ ਨੂੰ ਮਾਂ ਜਸੋਧਾ ਆਖਦੀ ਸੀ-‘ਹੇ ਲਾਲ ਆ, ਦਹੀਂ
ਚੌਲ ਖਾ। ’ ਜਦੋਂ ਤੂੰ ਖੇਡ ਮਚਾਉਂਦਾ ਸੀ, ਤੇਰੀ ਤੜਾਗੀ ਦੀ ਛਣਕਾਰ ਦੀ ਅਵਾਜ਼ ਪੈਂਦੀ ਸੀ, ਤੇਰੇ
ਅੱਤ ਸੋਹਣੇ ਮੁਖੜੇ ਨੂੰ ਵੇਖ ਕੇ ਮਾਂ ਜਸੋਧਾ ਤੇਰੇ ਪਿਆਰ ਵਿੱਚ ਮਗਨ ਹੋ ਜਾਂਦੀ ਸੀ। ਹੇ ਭਾਈ!
ਹਰੇਕ ਜੀਵ ਦੀ ਮੌਤ ਦੀ ਕਲਮ ਅਤੇ ਹੁਕਮ ਗੁਰੂ ਦੇ ਹੀ ਹੱਥ ਵਿੱਚ ਹਨ। ਕੋਈ ਵੀ ਗੁਰੂ ਦੇ ਹੁਕਮ ਨੂੰ
ਮਿਟਾ ਨਹੀਂ ਸਕਦਾ। ਸ਼ਿਵ ਅਤੇ ਬ੍ਰਹਮਾ ਗੁਰੂ ਦੇ ਬਖ਼ਸ਼ੇ ਹੋਏ ਗਿਆਨ ਅਤੇ ਧਿਆਨ ਨੂੰ ਆਪਣੇ ਦਿਲ ਵਿੱਚ
ਧਾਰਨਾ ਚਾਹੁੰਦੇ ਹਨ। ਹੇ (ਰਾਮ ਦਾਸ) ਗੁਰੂ! ਤੂੰ ਅਚਰਜ ਹੈਂ, ਤੂੰ ਸਤਿ-ਸਰੂਪ ਹੈਂ, ਤੂੰ ਅਟੱਲ
ਹੈਂ, ਤੂੰ ਹੀ ਲੱਛਮੀ ਦਾ ਟਿਕਾਣਾ ਹੈਂ, ਤੂੰ ਹੀ ਆਦਿ ਪੁਰਖੁ ਹੈਂ ਅਤੇ ਸਦਾ-ਥਿਰ ਹੈਂ।
ਰਾਮ ਨਾਮ ਪਰਮ ਧਾਮ ਸੁਧ ਬੁਧ ਨਿਰੀਕਾਰ ਬੇਸੁਮਾਰ ਸਰਬਰ ਕਉ ਕਾਹਿ ਜੀਉ ॥
ਸੁਥਰ ਚਿਤ ਭਗਤ ਹਿਤ ਭੇਖੁ ਧਰਿਓ ਹਰਨਾਖਸੁ ਹਰਿਓ ਨਖ ਬਿਦਾਰਿ ਜੀਉ ॥ ਸੰਖ ਚਕ੍ਰ ਗਦਾ ਪਦਮ ਆਪਿ ਆਪੁ
ਕੀਓ ਛਦਮ ਅਪਰੰਪਰ ਪਾਰਬ੍ਰਹਮ ਲਖੈ ਕਉਨੁ ਤਾਹਿ ਜੀਉ ॥ ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ
ਤੁਹੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ ॥੨॥੭॥ ਪੰਨਾਂ ੧੪੦੨
ਪਦ ਅਰਥ: ਰਾਮ ਨਾਮ-ਹੇ ਰਾਮ ਨਾਮ ਵਾਲੇ! ਹੇ ਗੁਰੂ ਜਿਸ ਦਾ ਨਾਮ ‘ਰਾਮ’ ਹੈ;
ਪਰਮ ਧਾਮ-ਹੇ ਉੱਚੇ ਟਿਕਾਣੇ ਵਾਲੇ! ਸੁਧ ਬੁਧ-ਹੇ ਸੁੱਧ ਗਿਆਨ ਵਾਲੇ! ਨਿਰੀਕਾਰ-ਹੇ ਆਕਾਰ ਰਹਿਤ!
ਬੇਸੁਮਾਰ-ਹੇ ਬੇਅੰਤ! ਸਰਬਰ ਕਉ-ਤੇਰੇ ਬਰਾਬਰ ਦਾ; ਕਾਹਿ-ਕੌਣ ਹੈ? ਸੁਥਰ-ਅਡੋਲ; ਭਗਤ ਹਿਤ-ਭਗਤ ਦੀ
ਖ਼ਾਤਰ; ਧਰਿਓ-ਧਰਿਆ ਹੈ; ਹਰਿਓ-ਮਾਰਿਆ ਹੈ; ਨਖ-ਨਹੁੰਆਂ ਨਾਲ; ਬਿਦਾਰਿ-ਚੀਰ ਕੇ; ਸੰਖ ਚਕ੍ਰ ਗਦਾ
ਪਦਮ-ਇਹ ਵਿਸ਼ਨੂੰ ਦੇ ਚਿੰਨ੍ਹ ਮੰਨੇ ਗਏ ਹਨ; ਛਦਮ-ਛਲ ਭਾਵ, ਬਾਵਨ ਅਵਤਾਰ; ਆਪੁ-ਆਪਣੇ ਆਪ ਨੂੰ;
ਅਪਰੰਪਰ-ਬੇਅੰਤ; ਲਖੈ-ਪਛਾਣੇ।
ਅਰਥ: ਹੇ (ਰਾਮ ਦਾਸ) ਸਤਿਗੁਰੂ ਜੀ! ਤੇਰਾ ਹੀ ਨਾਮ ‘ਰਾਮ’ ਹੈ ਅਤੇ ਤੇਰਾ
ਟਿਕਾਣਾ ਭੀ ਉੱਚਾ ਹੈ। ਤੂੰ ਸੁੱਧ ਗਿਆਨ ਵਾਲਾ ਹੈਂ, ਆਕਾਰ-ਰਹਿਤ ਹੈਂ, ਬੇਅੰਤ ਹੈਂ। ਤੇਰੇ ਬਰਾਬਰ
ਦਾ ਕੋਈ ਨਹੀਂ ਹੈ। ਹੇ ਗੁਰੂ! ਤੂੰ ਅਡੋਲ ਚਿੱਤ ਵਾਲਾ ਹੈਂ। ਮੇਰੇ ਵਾਸਤੇ ਤਾਂ ਤੂੰ ਹੀ ਭਗਤ
(ਪ੍ਰਹਲਾਦ) ਹੈਂ ਜਿਸ ਦੀ ਖ਼ਾਤਰ (ਨਰਸਿੰਘ ਦਾ) ਨੇ ਆਪਣਾ ਰੂਪ ਧਾਰਿਆ ਸੀ ਅਤੇ ਹਰਣਾਖਸ਼ ਨੂੰ ਨਹੁੰਆਂ
ਨਾਲ ਚੀਰ ਕੇ ਮਾਰਿਆ ਸੀ।
(ਹੇ ਰਾਮ ਦਾਸ) ਸਤਿਗੁਰੂ ਜੀ ! ਮੇਰੇ ਵਾਸਤੇ ਤਾਂ ਤੂੰ ਹੀ ਉਹ ਹੈਂ ਜਿਸ ਦੇ
ਸੰਖ, ਚਕ੍ਰ, ਗਦਾ ਤੇ ਪਦਮ ਆਦਿ ਚਿੰਨ੍ਹ ਹਨ; ਮੇਰੇ ਵਾਸਤੇ ਤਾਂ ਤੂੰ ਹੀ ਉਹ ਹੈਂ ਜਿਸ ਨੇ ਆਪ
ਆਪਣੇ-ਆਪ ਨੂੰ ਬਾਵਨ-ਰੂਪ ਵਾਲਾ ਛਲ ਬਣਾਇਆ ਸੀ। ਤੂੰ ਬੇਅੰਤ ਪਾਰਬ੍ਰਹਮ ਦਾ ਰੂਪ ਹੈਂ, ਤੇਰੇ ਉਸ
ਰੂਪ ਨੂੰ ਕੋਈ ਨਹੀਂ ਪਛਾਣ ਸਕਦਾ ਹੈ। ਹੇ ਗੁਰੂ । ਤੂੰ ਅਸਚਰਜ ਹੈਂ, ਤੂੰ ਅਟੱਲ ਹੈਂ, ਤੂੰ ਹੀ
ਲੱਛਮੀ ਦਾ ਟਿਕਾਣਾ ਹੈਂ, ਤੂੰ ਆਦਿ ਪੁਰਖ ਹੈਂ ਅਤੇ ਸਦਾ-ਥਿਰ ਹੈਂ।
ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟੁ ਸੀਸਿ ਮੋਰ ਪੰਖ ਚਾਹਿ
ਜੀਉ ॥ ਬੇਵਜੀਰ ਬਡੇ ਧੀਰ ਧਰਮ ਅੰਗ ਅਲਖ ਅਗਮ ਖੇਲੁ ਕੀਆ ਆਪਣੈ ਉਛਾਹਿ ਜੀਉ ॥ ਅਕਥ ਕਥਾ ਕਥੀ ਨ ਜਾਇ
ਤੀਨਿ ਲੋਕ ਰਹਿਆ ਸਮਾਇ ਸੁਤਹ ਸਿਧ ਰੂਪੁ ਧਰਿਓ ਸਾਹਨ ਕੈ ਸਾਹਿ ਜੀਉ ॥ ਸਤਿ ਸਾਚੁ ਸ੍ਰੀ ਨਿਵਾਸੁ
ਆਦਿ ਪੁਰਖੁ ਸਦਾ ਤੁਹੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ ॥੩॥੮॥ ਪੰਨਾਂ ੧੪੦੩
ਪਦ ਅਰਥ: ਪੀਤ-ਪੀਲੇ; ਬਸਨ-ਬਸਤ੍ਰ; ਕੁੰਦ-ਚੰਬੇਲੀ ਦਾ ਫੁੱਲ ਜਿਸ ਦਾ ਰੰਗ
ਚਿੱਟਾ ਅਤੇ ਕੋਮਲ ਹੁੰਦਾ ਹੈ; ਦਸਨ-ਦੰਦ; ਪ੍ਰਿਆ-ਪਿਆਰੀ ਰਾਧਕਾ; ਸਹਿਤ-ਨਾਲ; ਕੰਠ-ਗਲ; ਮਾਲ-ਮਾਲਾ;
ਸੀਸਿ-ਸਿਰ ਉੱਤੇ; ਮੋਰ ਪੰਖ-ਮੋਰ ਦੇ ਖੰਭਾਂ ਦਾ; ਚਾਹਿ;ਚਾਅ ਨਾਲ ਪਹਿਨਦਾ ਹੈਂ; ਵਜੀਰ-ਸਲਾਹਕਾਰ;
ਧੀਰ-ਧੀਰਜ ਵਾਲਾ; ਧਰਮ ਅੰਗ-ਧਰਮ-ਸਰੂਪ; ਉਛਾਹਿ-ਚਾਉ ਨਾਲ; ਤੀਨਿ ਲੋਕ-ਤਿੰਨਾਂ ਹੀ ਲੋਕਾਂ ਵਿੱਚ;
ਰਹਿਆ ਸਮਾਇ-ਵਿਆਪਕ ਹੈਂ; ਸੁਤਹ ਸਿਧ-ਆਪਣੀ ਇੱਛਾ ਨਾਲ ਸੁਭਾਵਕ ਹੀ; ਰੂਪੁ ਧਰਿਓ-ਪ੍ਰਗਟ ਹੋਇਆ ਹੈਂ।
ਅਰਥ: ਹੇ (ਰਾਮ ਦਾਸ) ਸਤਿਗੁਰੂ! ਮੇਰੇ ਵਾਸਤੇ ਤਾਂ ਪੀਲੇ ਬਸਤ੍ਰਾਂ ਵਾਲਾ
ਕ੍ਰਿਸ਼ਨ ਤੂੰ ਹੀ ਹੈਂ, ਜਿਸ ਦੇ ਕੁੰਦ ਵਰਗੇ ਚਿੱਟੇ ਦੰਦ ਹਨ, ਜੋ ਆਪਣੀ ਪਿਆਰੀ ਰਾਧਕਾ ਦੇ ਨਾਲ ਹੈ;
ਜਿਸ ਦੇ ਗਲ ਵਿੱਚ ਮਾਲਾ ਹੈ, ਜਿਸ ਨੇ ਮੋਰ ਦੇ ਖੰਭਾਂ ਦਾ ਮੁਕਟ ਆਪਣੇ ਮਸਤਕ ਉੱਤੇ ਬੜੇ ਚਾਅ ਨਾਲ
ਪਹਿਨਿਆ ਹੋਇਆ ਹੈ। ਤੂੰ ਬੜਾ ਧੀਰਜ ਵਾਲਾ ਹੈਂ, ਤੈਨੂੰ ਕਿਸੇ ਸਲਾਹਕਾਰ ਦੀ ਲੋੜ ਨਹੀਂ, ਤੂੰ
ਧਰਮ-ਸਰੂਪ ਹੈਂ, ਅਲੱਖ ਅਤੇ ਅਗੰਮ ਹੈਂ, ਇਹ ਸਾਰਾ ਖੇਲ ਤੂੰ ਹੀ ਆਪਣੇ ਚਾਉ ਨਾਲ ਰਚਿਆ ਹੋਇਆ ਹੈ।
ਹੇ ਗੁਰੂ! ਤੇਰੀ ਕਥਾ ਕਥਨ ਤੋਂ ਪਰੇ ਹੈ, ਤੇਰੀ ਕਥਾ ਕਹੀ ਨਹੀਂ ਜਾ ਸਕਦੀ,
ਤੂੰ ਤਿੰਨਾਂ ਲੋਕਾਂ ਵਿੱਚ ਰਮ ਰਿਹਾ ਹੈਂ। ਹੇ ਸ਼ਾਹਾਂ ਦੇ ਸ਼ਾਹ! ਤੂੰ ਆਪਣੀ ਇੱਛਾ ਨਾਲ ਇਹ
ਮਨੁੱਖ-ਰੂਪ ਧਾਰਿਆ ਹੈ, ਹੇ ਗੁਰੂ! ਤੂੰ ਅਚਰਜ ਹੈਂ, ਸਤਿ-ਸਰੂਪ ਹੈਂ, ਅਟੱਲ ਹੈਂ, ਤੂੰ ਹੀ ਲਕਸ਼ਮੀ
ਦਾ ਆਸਰਾ ਹੈਂ, ਆਦਿ ਪੁਰਖ ਹੈਂ ਤੇ ਸਦਾ-ਥਿਰ ਹੈਂ।
ਪ੍ਰੋ. ਕਸ਼ਮੀਰ ਸਿੰਘ ਯੂ ਐਸ ਏ: ਉਹ ਲਿਖਦੇ ਹਨ ਕਿ
‘ਵਾਹਿਗੁਰੂ’ ਸ਼ਬਦ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਉਹ ਹੇਠ ਲਿਖੇ ਸਵਾਲ-ਜਵਾਬ ਕਰਦੇ ਹਨ;
ਪ੍ਰਸ਼ਨ: ਕੀ ‘ਵਾਹਿਗੁਰੂ’ ਸ਼ਬਦ-ਜੋੜ ਜਾਂ ਪਦ-ਛੇਦ ਠੀਕ ਹਨ? ਉੱਤਰ:
ਬਿਲਕੁਲ ਨਹੀਂ। ਸਹੀ ਸ਼ਬਦ ਜੋੜ ਜਾਂ ਪਦ-ਛੇਦ ‘ਵਾਹਿ’ ‘ਗੁਰੂ’ ਹੈ ਜਾਂ ‘ਵਾਹ’ ‘ਗੁਰੂ’। ਇਸ ਦੀ
ਵਧੇਰੇ ਜਾਣਕਾਰੀ ਲਈ ਤੁਸੀਂ ਮਹਾਨ ਕੋਸ਼ ਵਿੱਚ ‘ਵਾਹਿ’ ਸ਼ਬਦ ਦੇ ਫ਼ਾਰਸੀ ਵਿੱਚੋਂ ਆਏ ਸ਼ਬਦ ਦੇ ਅਰਥ
ਅਤੇ ਭੱਟਾਂ ਦੇ ਸਵੱਯਾਂ ਦਾ ਟੀਕਾ ਕ੍ਰਿਤ ਪ੍ਰੋ. ਸਾਹਿਬ ਸਿੰਘ ਨੂੰ ਦੇਖ ਸਕਦੇ ਹੋ। “ਵਾਹ” ਸ਼ਬਦ
ਫ਼ਾਰਸੀ ਭਾਸ਼ਾ ਵਿੱਚੋਂ ਹੈ ਅਤੇ ਅਰਥ ਹਨ- ਧੰਨੁ! ਧੰਨੁ! ਬਲਿਹਾਰੇ! ਸਦਕੇ! ਕਿਸੇ ਕੁਦਰਤੀ ਸੁੰਦਰ
ਦ੍ਰਿਸ਼ ਨੂੰ ਦੇਖ ਕੇ ਅਸੀਂ ਆਮ ਹੀ ਕਹਿ ਦਿੰਦੇ ਹਾਂ ਕਿ “ਵਾਹ”! ਸੁਆਦੀ ਖਾਣਾ ਹੋਵੇ ਤਾਂ ਕਹਿ
ਦੀਏਦਾ ਹੈ ਵਾਹ ! ਬਈ ਵਾਹ! ਵਿਆਕਰਣ ਅਨੁਸਾਰ ਇਹ ਵਿਸਮਿਕ ਸ਼ਬਦ ਹੈ। {ਸ਼ਬਦ ਦੀਆਂ ਅੱਠ ਕਿਸਮਾਂ ਹਨ-
ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ-ਵਿਸ਼ੇਸ਼ਣ, ਸੰਬੰਧਕ, ਵਿਸਮਿਕ ਅਤੇ ਯੋਜਕ-
noun, pronoun, adjective, verb, adverb,
preposition, interjection, conjunction }।
ਇਹ ਸ਼ਬਦ ‘ਵਾਹਿ/ ਵਾਹੁ/ ਵਾਹ’ ਪ੍ਰਾਣੀ ਨੂੰ ਵਿਸਮਾਦ ਵਿੱਚ ਲੈ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਦੇ
ਪੰਨਾਂ ੧੪੦੨ ਤੇ ਗਯੰਦ ਭੱਟ ਨੇ ਧੰਨੁ ਸ਼੍ਰੀ ਗੁਰੂ ਰਾਮਦਾਸ ਪਾਤਿਸ਼ਾਹ ਜੀ ਦੇ ਗੁਣਾਂ ਦੀ ਖ਼ੁਸ਼ਬੂ ਨੂੰ
ਮਾਣਦਿਆਂ ਕਿਹਾ ਸੀ ‘ਵਾਹਿ’ ਅਤੇ ‘ਵਾਹ’। ‘ਗੁਰੂ’ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਹੈ ਜਿਸ ਦਾ ਅਰਥ ਹੈ
ਅਗਿਆਨਤਾ ਦਾ ਹਨ੍ਹੇਰਾ ਦੂਰ ਕਰਨ ਵਾਲ਼ਾ। ਸੋ ‘ਵਾਹਿ’ ਅਤੇ ‘ਗੁਰੂ’ ਦੋ ਵੱਖ-ਵੱਖ ਭਾਸ਼ਾਵਾਂ ਦੇ ਸ਼ਬਦ
ਹਨ ਤੇ ਅਰਥ ਹਨ- ਹੇ ਗੁਰੂ ਜੀ! ਤੁਸੀਂ ਧੰਨ ਹੋ! ਤੁਹਾਡੇ ਤੋਂ ਬਲਿਹਾਰੇ! ਸ਼੍ਰੀ ਗੁਰ ਗ੍ਰੰਥ ਸਾਹਿਬ
ਜੀ ਵਿੱਚ ਇਹ ਸ਼ਬਦ ਗਯੰਦ ਭੱਟ ਨੇ ਧੰਨੁ ਸ਼੍ਰੀ ਗੁਰੂ ਰਾਮਦਾਸ ਪਾਤਿਸ਼ਾਹ ਜੀ ਦੀ ਸਿਫ਼ਤਿ ਵਿੱਚ ਕੀਤਾ
ਹੈ। ਧੰਨੁ ਅਤੇ ਵਾਹਿ/ਵਾਹ ਸ਼ਬਦ ਇੱਕੋ ਅਰਥਾਂ ਵਿੱਚ ਹਨ। ਵੱਖਰੇ ਤੌਰ 'ਤੇ ਵੀ ਵਾਹਿ ਜਾਂ ਵਾਹ ਸ਼ਬਦ
ਗਯੰਦ ਭੱਟ ਨੇ ਵਰਤੇ ਹਨ। ਗਯੰਦ ਭੱਟ ਨੇ ‘ਵਾਹਿ’ ਅਤੇ ‘ਗੁਰੂ’ ਸ਼ਬਦਾਂ ਰਾਹੀ ਧੰਨੁ ਸ਼੍ਰੀ ਗੁਰੂ
ਰਾਮਦਾਸ ਪਾਤਿਸ਼ਾਹ ਜੀ ਦੀ ਸਿਫ਼ਤਿ ਹੀ ਕੀਤੀ ਹੈ। ਬਲ੍ਹ ਭੱਟ ਨੇ ਵਾਹਿ ਸ਼ਬਦ ਲਈ ‘ਧੰਨਿ’ ਸ਼ਬਦ ਵੀ
ਵਰਤਿਆ ਹੈ ਤੇ ਕਿਹ ਹੈ ਕਿ ਸ਼੍ਰੀ ਗੁਰੂ ਰਾਮਦਾਸ ਸਾਹਿਬ ਪਾਤਿਸ਼ਾਹ ਨੂੰ ਸੰਗਤਿ ਵਿੱਚ ‘ਧੰਨਿ’ ਕਰਹੁ,
ਜਿਵੇਂ- ਸੋਈ ਰਾਮਦਾਸੁ ਗੁਰੁ ਬਲ੍ਹ ਭਣਿ ਮਿਲਿ ਸੰਗਤਿ ਧੰਨੁ ਧੰਨੁ ਕਰਹੁ॥ (ਗਗਸ ਪੰਨਾਂ ੧੪੦੫)
ਪ੍ਰਸ਼ਨ: ਕੀ ‘ਵਾਹਿਗੁਰੂ’ ਰੱਬ ਦਾ ਸਿਮਰਨ ਹੈ? ਉੱਤਰ: ਬਿਲਕੁਲ
ਨਹੀਂ।
ਪ੍ਰਸ਼ਨ: ਕੀ ‘ਵਾਹਿਗੁਰੂ’ ਦਾ ਅਰਥ ਅਕਾਲ ਪੁਰਖ ਹੈ ? ਉੱਤਰ:
ਬਿਲਕੁਲ ਨਹੀਂ।
ਪ੍ਰਸ਼ਨ: ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕੋਈ ਐਸੀ ਤੁਕ
ਹੈ ਜਿਸ ਵਿੱਚ ਲਿਖਿਆ ਹੋਵੇ- ਵਾਹਿਗੁਰੂ ਜਪੋ, ਵਾਹਿਗੁਰੂ ਬੋਲੋ, ਬੋਲੋ ਜੀ ਵਾਹਿਗੁਰੂ, ਕਹੁ
ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ?
ਉੱਤਰ: ਸ਼ਪੱਸ਼ਟ ਤੌਰ ਤੇ ਨਹੀਂ, ਨਹੀਂ, ਨਹੀਂ, ਨਹੀਂ। ਗੁਰੂ
ਪਾਤਿਸ਼ਾਹਾਂ ਦੀ ਬਾਣੀ ਵਿੱਚ ਤਾਂ ‘ਵਾਹਿਗੁਰੂ’ ਸ਼ਬਦ ਦੀ ਵਰਤੋਂ ਹੀ ਨਹੀਂ ਹੈ, ਬਾਕੀ ਬਾਣੀਕਾਰਾਂ ਨੇ
ਵੀ ਕਦੇ ‘ਵਾਹਿਗੁਰੂ’ ਸ਼ਬਦ ਦੀ ਵਰਤੋਂ ਨਹੀਂ ਕੀਤੀ। ਸਾਰੀ ਬਾਣੀ ਵਿੱਚ ਕਿਤੇ ਵੀ ਅਕਾਲ ਪੁਰਖ ਨੂੰ
‘ਵਾਹਿਗੁਰੂ’ ਨਹੀਂ ਕਿਹਾ ਗਿਆ ਕਿਉਂਕਿ ‘ਵਾਹਿ’ ਸ਼ਬਦ ਨੂੰ ‘ਗੁਰੂ’ ਸ਼ਬਦ ਨਾਲ਼ ਜੋੜਿਆ ਹੀ ਨਹੀਂ ਜਾ
ਸਕਦਾ । ਅੱਜ ਦਾ ਸਿੱਖ 35 ਬਾਣੀਕਾਰਾਂ ਨਾਲੋਂ ਸਿਆਣਾ ਬਣਦਾ ਹੈ ਤੇ ‘ਵਾਹਿ’ ਅਤੇ ‘ਵਾਹ’ ਨੂੰ ਧੱਕੇ
ਨਾਲ਼ ਹੀ ‘ਗੁਰੂ’ ਸ਼ਬਦ ਨਾਲ਼ ਜੋੜ ਰਿਹਾ ਹੈ। ਸਿਆਣੇ ਕਥਾਕਾਰ ਵੀ ਅਕਾਲਪੁਰਖ ਵਾਹਿਗੁਰੂ, ਵਾਹਿਗੁਰੂ
ਪਰਮੇਸ਼ਰ, ਕਿਰਪਾਲੂ ਵਾਹਿਗੁਰੂ, ਬੋਲੋ ਵਾਹਿਗੁਰੂ, ਕਹੁ ਵਾਹਿਗੁਰੂ, ਆਖੋ ਵਾਹਿਗੁਰੂ, ਧੰਨੁ
ਵਾਹਿਗੁਰੂ ਆਦਿ ਇਕੱਠੇ ਸ਼ਬਦ ਵੀ ਕਿਸੇ ਭਰਮ ਵਿੱਚ ਹੀ ਵਰਤ ਰਹੇ ਹਨ। ਕਹਿਣਾ ਚਾਹੀਦਾ ਹੈ ਧੰਨੁ ਗੁਰੂ
ਜੀ! ਧੰਨੁ ਗੁਰੂ ਗ੍ਰੰਥ ਸਾਹਿਬ ਜੀ! ਗੁਰਬਾਣੀ ਨੂੰ ਵੀ ਜਪਣ ਲਈ ਆਦੇਸ਼ ਹੈ। ਇਸ ਨੂੰ ਕਿਵੇਂ ਜਪਿਆ
ਜਾਵੇਗਾ? ਬਾਣੀ ਨੂੰ ਜਪਣ ਦਾ ਕੀ ਭਾਵ ਹੈ? ਇਸ ਦਾ ਭਾਵ ਮੂੰਹੋਂ 24 ਘੰਟੇ ਬਾਣੀ, ਬਾਣੀ, ਬਾਣੀ,
ਬਾਣੀ-- ਕਰਨਾ ਨਹੀਂ ਹੈ। ਇਸ ਦਾ ਭਾਵ ਇਹ ਹੈ ਕਿ ਗੁਰਬਾਣੀ ਦੀ ਸੋਚ ਅਤੇ ਅਰਥ ਵਿਚਾਰ ਰਾਹੀਂ ਪ੍ਰਭੂ
ਦੀ ਯਾਦ ਸੁਰਤੀ ਵਿੱਚ ਰੱਖਣੀ ਹੈ। ਬਾਣੀਕਾਰ ਜਿਸ ਦਾ ਸਿਮਰਨ ਕਰਨ ਲਈ ਕਹਿੰਦੇ ਹਨ, ਉਸ ਨੂੰ ਅਨੇਕਾਂ
ਨਾਵਾਂ ਨਾਲ਼ ਅਨੇਕਾਂ ਪਾਵਨ ਪੰਕਤੀਆਂ ਵਿੱਚ ਦਰਸ਼ਾਇਆ ਗਿਆ ਹੈ, ਕੋਈ ਇੱਕ ਵਿਸ਼ੇਸ਼ ਨਾ ਨਹੀਂ ਵਰਤਿਆ
ਗਿਆ, ਜਿਵੇਂ, ਟੂਕ ਮਾਤ੍ਰ ਕੁੱਝ ਪੰਕਤੀਆਂ ਇਉਂ ਹਨ;
ਹੇ ਜਿਹਵੇ ਤੂ ਰਾਮ ਗੁਨ ਗਾਉ॥ ਪੰਨਾਂ ੧੮੦ ਜਪਿ ਮਨ ਮੇਰੇ ਗੋਬਿੰਦ ਕੀ
ਬਾਣੀ॥ ਪੰਨਾਂ ੧੯੨ ਰਾਮੁ ਗੋਬਿੰਦ ਜਪੇਦਿਆ ਹੋਆ ਮੁਖ ਪਵਿਤ੍ਰ॥ ਪੰਨਾਂ ੨੧੮ ਰਾਮ ਜਪਉ ਜੀਅ ਐਸੇ
ਐਸੇ॥ ਪੰਨਾਂ ੩੩੭ ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ॥ ਪੰਨਾਂ ੬੭੦ ਬੋਲਿ ਹਰਿ ਨਾਮੁ ਸਫਲ ਸਾ ਘਰੀ
॥ ਪੰਨਾਂ ੧੧੩੪ ਬੋਲਹੁ ਭਈਆ ਸਦ ਰਾਮੁ ਰਾਮੁ ਰਵਿ ਰਹਿਆ ਸਰਬਗੇ॥ ੧੨੦੨ ਮਨ ਜਾਪਹੁ ਰਾਮ ਗੁਪਾਲ॥
ਪੰਨਾਂ ੧੨੯੬ ਬੋਲਹੁ ਸਚੁ ਨਾਮੁ ਕਰਤਾਰ॥ ਪੰਨਾਂ ੧੩੨੯ ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜੁ
ਹੈ॥ ਪੰਨਾਂ ੧੩੫੨
ਗੁਰੂ ਗ੍ਰੰਥ ਸਾਹਿਬ ਦੇ ੩੫ ਬਾਣੀਕਾਰਾਂ ਨੇ ਜਿੱਥੇ ਰੱਬ ਲਈ ਪ੍ਰਭੂ,
ਪਰਮੇਸ਼ਰ, ਜਗਦੀਸ਼, ਪਾਰਬ੍ਰਹਮ, ਹਰਿ, ਹਰੀ, ਗੋਪਾਲ, ਗੋਬਿੰਦ, ਰਾਮ, ਸਤਿ ਨਾਮੁ, ਅਕਾਲ, ਜਗਜੀਵਨ,
ਮਾਧਉ, ਮੁਕੰਦ ਆਦਿ ਅਨੇਕਾਂ ਨਾਮ ਵਰਤੇ ਹਨ ਤਾਂ ਉਨ੍ਹਾਂ ਨੂੰ ‘ਵਾਹਿਗੁਰੂ’ ਵਰਤਣ ਦੀ ਕੋਈ ਦਿੱਕਤ
ਨਹੀਂ ਸੀ। ਸੱਚ ਤਾਂ ਇਹ ਹੈ ਕਿ ਗੁਰਬਾਣੀ ਵਿੱਚ “ਵਾਹਿਗੁਰੂ” ਸ਼ਬਦ ਰੱਬ ਵਾਸਤੇ ਨਹੀਂ ਹੈ।
“ਵਾਹਿਗੁਰੂ” ਸ਼ਬਦ ਦਾ ਇਹ ਰੂਪ ਗੁਰੂ ਗ੍ਰੰਥ ਸਾਹਿਬ ਵਿੱਚ ਗਲਤ ਪਦ-ਛੇਦ ਕਰਨ ਵੇਲੇ ਬਹੁਤ ਵੱਡੇ
ਭੁਲੇਖੇ ਨਾਲ ਬਣਾਇਆ ਗਿਆ ਹੈ। ਇੱਸ ਤੱਥ ਨੂੰ ਪ੍ਰੋ. ਸਾਹਿਬ ਸਿੰਘ ਨੇ ਭੱਟਾਂ ਦੇ ਸਵੱਈਆਂ ਦਾ ਟੀਕਾ
ਕਰਨ ਸਮੇਂ ਬਾਖ਼ੂਬੀ ਸਪੱਸ਼ਟ ਕੀਤਾ ਹੈ ਕਿ ‘ਵਾਹਿਗੁਰੂ’ ਸ਼ਬਦ ਰੱਬ ਦਾ ਸੂਚਕ ਨਹੀਂ ਹੈ, ਸਗੋਂ ਧੰਨੁ
ਸ਼੍ਰੀ ਗੁਰੂ ਰਾਮਦਾਸ ਪਾਤਿਸ਼ਾਹ ਜੀ ਦੀ ਸਿਫ਼ਤ ਵਿੱਚ ਉਚਾਰੇ ਗਏ ਦੋ ਵੱਖ-ਵੱਖ ਸ਼ਬਦ ਹਨ।
ਕੀ ‘ਵਾਹਿਗੁਰੂ’ ਸ਼ਬਦ ਗੁਰ-ਮੰਤ੍ਰ ਹੈ? ਸਿਮਰਨ ਦੀ ਜੁਗਤੀ ਵਾਰੇ
ਗੁਰਬਾਣੀ ਵਿੱਚੋਂ ਰੌਸ਼ਨੀ ਮਿਲ਼ ਚੁੱਕੀ ਹੈ। ਕੀ ਸਿਮਰਨ ਲਈ ਇੱਕ ਵੱਖਰਾ ਗ਼ਲਤ ਸ਼ਬਦ ਜੋੜਾਂ ਵਾਲ਼ਾ ਸ਼ਬਦ
ਮਿੱਥ ਲੈਣਾ ਗੁਰ-ਮੰਤ੍ਰ ਹੈ? ਗੁਰਬਾਣੀ ਨਹੀਂ ਮੰਨਦੀ। ਮੰਤ੍ਰ ਦਾ ਅਰਥ ਹੈ -ਉਪਦੇਸ਼। ਗੁਰ-ਮੰਤ੍ਰ ਦਾ
ਅਰਥ ਹੈ ਗੁਰ-ਉਪਦੇਸ਼। ਸੰਗਤ ਟੀ ਵੀ ਵਾਲ਼ੇ ਸਿੱਖ ਵਿਦਵਾਨ “ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ”
ਪੰਕਤੀ ਵਿੱਚ ‘ਗੁਰਿ ਮੰਤ੍ਰ’ ਦਾ ਅਰਥ ‘ਵਾਹਿਗੁਰੂ’ ਕਰ ਕੇ ਸੁਣਾ ਰਹੇ ਸਨ, ਜੋ ਵਿਆਕਰਣਕ ਪੱਖ ਤੋਂ
ਸਰਾਸਰ ਭੁਲੇਖਾ ਹੈ। ‘ਗੁਰਿ ਮੰਤ੍ਰੁ’ ਦਾ ਅਰਥ ‘ਵਾਹਿਗੁਰੂ’ ਗੁਰ ਮੰਤ੍ਰ’ ਬਿਲਕੁਲ ਨਹੀਂ ਹੈ,
ਕਿਉਂਕਿ ‘ਗੁਰਿ’ ਸ਼ਬਦ ਦਾ ਅਰਥ ‘ਗੁਰ’ ਨਹੀਂ ਹੈ। ਇਸ ਵਾਰੇ ਚਾਨਣ ਲੈਣ ਲਈ ਪ੍ਰੋ. ਸਾਹਿਬ ਸਿੰਘ ਦੀ
ਲਿਖੀ ਪੁਸਤਕ ‘ਗੁਰਬਾਣੀ ਵਿਆਕਰਣ’ ਪੜ੍ਹਨ ਦੀ ਜ਼ਰੂਰਤ ਹੈ। ਇੱਥੇ ‘ਗੁਰਿ’ ਸ਼ਬਦ ਦਾ ਅਰਥ ਹੈ -ਗੁਰੂ
ਨੇ( ਕਰਤਾ ਕਾਰਕ)। ‘ਗੁਰ’ ਸ਼ਬਦ ਦਾ ਅਰਥ ਪ੍ਰਕਰਣ ਅਨੁਸਾਰ- ਗੁਰੂ ਦਾ/ਦੀ/ਦੇ(ਸੰਬੰਧਕੀ ਪਦ), ਹੇ
ਗੁਰੂ! (ਸੰਬੋਧਨ ਕਾਰਕ) ਆਦਿ ਹਨ। ਇਸ ਲਈ ‘ਗੁਰਿ ਮੰਤ੍ਰ’ ਦ੍ਰਿੜਾਇਆ ਦਾ ਅਰਥ ਹੈ ਗੁਰੂ ਨੇ ਉਪਦੇਸ਼
(ਮੰਤ੍ਰ) ਦ੍ਰਿੜ੍ਹ ਕਰਾਇਆ, ਨਾ ਕਿ ‘ਵਾਹਿਗੁਰੂ’ ਮੰਤ੍ਰ ਦ੍ਰਿੜਾਇਆ ਜਿਵੇਂ ਕਿ ਸਿੱਖ ਵਿਦਵਾਨਾਂ ਦੀ
ਟੀਮ ਨੇ ਦੱਸਿਆ ਸੀ। ਗੁਰਮੰਤ੍ਰ ਕੋਈ ਕੰਨ ਵਿੱਚ ਫੂਕ ਮਾਰਨ ਵਰਗਾ ਨਹੀਂ ਹੈ। ਇੱਸ ਦਾ ਅਰਥ ਹੈ-
ਗੁਰੂ ਦਾ ਉਪਦੇਸ਼ ਜੋ ਗੁਰਬਾਣੀ ਵਿੱਚੋਂ ਮਿਲ਼ਦਾ ਹੈ। ‘ਗੁਰਿ’ ਸ਼ਬਦ 581 ਵਾਰੀ ਗੁਰਬਾਣੀ ਵਿੱਚ ਵਰਤਿਆ
ਗਿਆ ਹੈ ਜਿਸ ਨਾਲ਼ ਕਦੇ ਵੀ ‘ਮੰਤ੍ਰ’ ਸ਼ਬਦ ਨਹੀਂ ਜੁੜਦਾ। ਕੇਵਲ ਪੰਨਾਂ 321 ਉੇੱਤੇ ‘ਗੁਰਮੰਤੁ’ ਇੱਕ
ਸ਼ਬਦ (ਗੁਰ+ਮੰਤੁ) ਵਰਤਿਆ ਹੈ ਜਿਸ ਦੀ ਪੰਕਤੀ ਹੈ; “ਹਰਿ ਮਾਰਗੁ ਸਾਧੂ ਦਸਿਆ ਜਪੀਐ ਗੁਰਮੰਤੁ॥“ ਜਿਸ
ਦੇ ਅਰਥ ਹਨ; “ਗੁਰੂ ਨੇ ਹਰੀ ਨੂੰ ਮਿਲਣ ਦਾ ਰਾਹ ਦੱਸਿਆ ਹੈ ਇੱਸ ਲਈ ਗੁਰੂ ਦਾ ਉਪਦੇਸ਼ ਚੇਤੇ ਵਿੱਚ
ਰਖਣਾ (ਕਮਾਉਣਾ) ਚਾਹੀਦਾ ਹੈ।“ ‘ਗੁਰ’ ਸ਼ਬਦ ਸੰਬੰਧ ਕਾਰਕ ਵਿੱਚ ਹੈ। ‘ਮੰਤੁ’ ਸ਼ਬਦ ਨਾਂਵ ਇੱਕ-ਵਚਨ
ਹੈ। ਕੇਵਲ ਪੰਨਾਂ ੯੬੨ ਉੱਪਰ ‘ਗੁਰਮੰਤ’ (ਗੁਰ+ਮੰਤ) ਸ਼ਬਦ ਵਰਤਿਆ ਗਿਆ ਹੈ। ਇਸ ਵਿੱਚ ‘ਗੁਰ; ਸ਼ਬਦ
ਸੰਬੰਧ ਕਾਰਕ ਵਿੱਚ ਅਤੇ ‘ਮੰਤ’ ਸ਼ਬਦ ਨਾਂਵ ਬਹੁ-ਵਚਨ ਹੈ। ‘ਗੁਰਮੰਤ’ ਦਾ ਅਰਥ ‘ਵਾਹਿਗੁਰੂ’
ਗੁਰਮੰਤਰ ਨਹੀਂ ਹੈ ਜਿਸ ਦੀ ਪੰਕਤੀ; “ਹੁਕਮੇ ਜਪੈ ਨਿਰੋਧਰ ਗੁਰਮੰਤ॥“ ਅਤੇ ਅਰਥ; “ਹੁਕਮ ਵਿੱਚ ਹੀ
ਪ੍ਰਾਣੀ ਵਿਕਾਰਾਂ ਨੂੰ ਦੂਰ ਕਰਨ ਵਾਲ਼ੇ ਗੁਰੂ ਜੀ ਦੇ ਉਪਦੇਸ਼ਾਂ ਨੂੰ ਕਮਾਉਂਦਾ ਹੈ।“ ਲਗਾਂ ਮਾਤ੍ਰਾਂ
ਦੁਆਰਾ ਪ੍ਰਗਟ ਕੀਤੇ ਕਾਰਕੀ ਚਿੰਨ੍ਹਾਂ ਨੂੰ ਅਣਗੌਲ਼ਿਆਂ ਕਰਕੇ ਅਰਥ ਠੀਕ ਨਹੀਂ ਕੀਤੇ ਜਾ ਸਕਦੇ।
ਕਾਰਕ ਅੱਠ ਹਨ-ਕਰਤਾ, ਕਰਮ, ਕਰਣ, ਸੰਪਰਦਾਨ, ਅਪਾਦਾਨ, ਸੰਬੰਧ, ਅਧਿਕਰਣ ਅਤੇ ਸੰਬੋਧਨ-nominative,
accusative, instrumental, dative, ablative, genitive, locative, vocative.}.
ਇਨ੍ਹਾਂ ਕਾਰਕਾਂ ਦੀ ਵਰਤੋਂ ਗੁਰਬਾਣੀ ਵਿੱਚ ਕੀਤੀ ਗਈ ਹੈ, ਭਾਵੇਂ, ਆਧੁਨਿਕ ਪੰਜਾਬੀ ਭਾਸ਼ਾ ਵਿੱਚ
ਇਹ ਵਰਤੋਂ ਬਹੁਤ ਘਟ ਗਈ ਹੈ ਜਿਸ ਦਾ ਕਾਰਣ ਕਾਰਕੀ ਚਿੰਨ੍ਹਾਂ ਦੀ ਥਾਂ ਸੰਬੰਧਕੀ ਪਦਾਂ ਦੀ ਵਰਤੋਂ
ਵਧ ਗਈ ਹੈ ਜਿਵੇਂ ‘ਘਰੇ’ ਦੀ ਥਾਂ ‘ਘਰ ਵਿੱਚ’, ‘ਮਨਿ’ ਦੀ ਥਾਂ ‘ਮਨ ਵਿੱਚ’, ‘ਘਰੋਂ/ਘਰਹੁੰ’ ਦੀ
ਥਾਂ ‘ਘਰ ਤੋਂ’ ਅਤੇ ‘ਪ੍ਰਭਿ ਕਾਜ ਸਵਾਰੇ’ ਦੀ ਥਾਂ ‘ਪ੍ਰਭੂ ਨੇ ਕਾਜ ਸਵਾਰੇ’ ਕਿਹਾ ਤੇ ਲਿਖਿਆ
ਜਾਂਦਾ ਹੈ ਆਦਿ ਵਰਤੋਂ ਵਿੱਚ ਆ ਗਏ ਹਨ।
ਅੰਤ ਵਿੱਚ ਭੱਟਾਂ ਦੇ ਸਵਯੇ ਅਤੇ ਉਨ੍ਹਾਂ ਵਿੱਚ ਆਏ ਵਾਹਿਗੁਰੂ, ਵਾਹਗੁਰੂ,
ਵਾਹ, ਵਹੁ, ਸ੍ਰੀ ਗੁਰੂ, ਸਤਿਗੁਰੁ, ਸਤਗੁਰ ਆਦਿ ਕੁੱਝ ਸ਼ਬਦਾਂ ਦੇ ਵੱਖ-ਵੱਖ ਰੂਪ ਅਰਥਾਂ ਸਮੇਤ
ਦਿੱਤੇ ਜਾ ਰਹੇ ਹਨ। ਇਹ ਸਾਰੇ ਸਵਯੇ ਗੁਰੂ ਰਾਮ ਦਾਸ ਸਾਹਿਬ ਦੀ ਉਸਤਤ ਵਿੱਚ ਲਿਖੇ ਹੋਏ ਹਨ ਅਤੇ
ਇਨ੍ਹਾਂ ਦੇ ਅਰਥ ਪ੍ਰੋ. ਸਾਹਿਬ ਨੇ ਕੀਤੇ ਹਨ;
੧. ਗੁਰੂ
ਜਿਨਹੁ ਬਾਤ ਨਿਸ੍ਚਲ ਧ੍ਰੂਅ ਜਾਨੀ ਤੇਈ ਜੀਵ ਕਾਲ ਤੇ ਬਚਾ ॥ ਤਿਨ੍ਹ੍ਹ ਤਰਿਓ
ਸਮੁਦ੍ਰੁ ਰੁਦ੍ਰੁ ਖਿਨ ਇਕ ਮਹਿ ਜਲਹਰ ਬਿੰਬ ਜੁਗਤਿ ਜਗੁ ਰਚਾ ॥ ਕੁੰਡਲਨੀ ਸੁਰਝੀ ਸਤਸੰਗਤਿ
ਪਰਮਾਨੰਦ ਗੁਰੂ ਮੁਖਿ ਮਚਾ ॥ ਸਿਰੀ ਗੁਰੂ ਸਾਹਿਬੁ ਸਭ ਊਪਰਿ ਮਨ ਬਚ ਕ੍ਰੰਮ ਸੇਵੀਐ ਸਚਾ ॥੫॥ ਪੰਨਾਂ
੧੪੦੨
ਪਦ ਅਰਥ: ਕੁੰਡਲਨੀ-ਗੁੰਝਲ, ਮਨ ਦੇ ਮਾਇਆ ਨਾਲ ਵਲੇਵੇਂ; ਸੁਰਝੀ-ਖੁਲ੍ਹ ਗਈ;
ਗੁਰੂ ਮੁਖਿ-ਗੁਰੂ ਦੀ ਰਾਹੀਂ; ਮਚਾ-ਪਰਗਟ ਹੁੰਦੇ ਹਨ; ਨਿਸ੍ਚਲ-ਦ੍ਰਿੜ੍ਹ ਕਰ ਕੇ; ਬਾਤ-ਗੁਰੂ ਦੇ
ਬਚਨ; ਰੁਦ੍ਰੁ-ਡਰਾਉਣਾ; ਜਲਹਰ-ਬੱਦਲ; ਬਿੰਬ-ਛਾਇਆ; ਜਲਹਰ ਬਿੰਬ-ਬੱਦਲਾਂ ਦੀ ਛਾਂ।
ਅਰਥ: ਜਿਨ੍ਹਾਂ ਪ੍ਰਾਣੀਆਂ ਨੇ ਰਾਮ ਦਾਸ ਗੁਰੂ ਦੇ ਬਚਨ ਧ੍ਰੂ ਭਗਤ ਵਾਂਗ
ਦ੍ਰਿੜ੍ਹ ਕਰਕੇ ਮੰਨੇ ਹਨ, ਉਹ ਆਤਮਕ ਮੌਤ ਦੇ ਡਰ ਤੋਂ ਬਚ ਗਏ ਹਨ। ਉਨ੍ਹਾਂ ਨੇ ਭਿਆਨਕ
ਸੰਸਾਰ-ਸਮੁੰਦਰ ਨੂੰ ਇੱਕ ਪਲ ਵਿੱਚ ਹੀ ਤਰ ਲਿਆ ਹੈ। ਸੰਸਾਰ ਨੂੰ ਉਹ ਬੱਦਲਾਂ ਦੀ ਛਾਂ ਵਾਂਗ ਸਮਝਦੇ
ਹਨ। ਉਨ੍ਹਾਂ ਦੇ ਮਨ ਦੇ ਵੱਟ ਸਤ-ਸੰਗ ਵਿੱਚ ਖੁਲ੍ਹ ਜਾਂਦੇ ਹਨ। ਉਹ ਪ੍ਰਾਣੀ ਪਰਮ ਅਨੰਦ ਮਾਣਦੇ ਹਨ
ਅਤੇ ਗੁਰੂ ਦੀ ਬਰਕਤਿ ਨਾਲ ਉਨ੍ਹਾਂ ਦਾ ਜਸ ਪਰਗਟ ਹੋ ਜਾਂਦਾ ਹੈ। ਤਾਂ ਤੇ ਇਹੋ ਜਿਹੇ ਸੱਚੇ ਗੁਰੂ
ਨੂੰ ਮਨ, ਬਚਨ ਅਤੇ ਕਰਮਾਂ ਦੁਆਰਾ ਪੂਜਣਾ ਚਾਹੀਦਾ ਹੈ; ਉਹ ਸਤਿਗੁਰੂ ਸਭ ਤੋਂ ਉੱਚਾ ਹੈ।
ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਤਿ ਜੀਉ ॥ ਗੁਰ ਕਹਿਆ ਮਾਨੁ ਨਿਜ
ਨਿਧਾਨੁ ਸਚੁ ਜਾਨੁ ਮੰਤ੍ਰੁ ਇਹੈ ਨਿਸਿ ਬਾਸੁਰ ਹੋਇ ਕਲ੍ਯ੍ਯਾਨੁ ਲਹਹਿ ਪਰਮ ਗਤਿ ਜੀਉ ॥ ਕਾਮੁ
ਕ੍ਰੋਧੁ ਲੋਭੁ ਮੋਹੁ ਜਣ ਜਣ ਸਿਉ ਛਾਡੁ ਧੋਹੁ ਹਉਮੈ ਕਾ ਫੰਧੁ ਕਾਟੁ ਸਾਧਸੰਗਿ ਰਤਿ ਜੀਉ ॥ ਦੇਹ
ਗੇਹੁ ਤ੍ਰਿਅ ਸਨੇਹੁ ਚਿਤ ਬਿਲਾਸੁ ਜਗਤ ਏਹੁ ਚਰਨ ਕਮਲ ਸਦਾ ਸੇਉ ਦ੍ਰਿੜਤਾ ਕਰੁ ਮਤਿ ਜੀਉ ॥ ਨਾਮੁ
ਸਾਰੁ ਹੀਏ ਧਾਰੁ ਤਜੁ ਬਿਕਾਰੁ ਮਨ ਗਯੰਦ ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਤਿ ਜੀਉ ॥੫॥੧੦॥
ਪੰਨਾਂ ੧੪੦੩
ਪਦ ਅਰਥ: ਸਤਿ-ਸਦਾ ਅਟੱਲ; ਨਿਜ-ਨਾਲ ਨਿਭਣ ਵਾਲਾ; ਨਿਧਾਨੁ-ਖ਼ਜ਼ਾਨਾ; ਸਚੁ
ਜਾਣੁ-ਨਿਸਚੇ ਜਾਣ ਅਤੇ ਸਹੀ ਸਮਝ; ਨਿਸਿ-ਰਾਤ; ਬਾਸੁਰ-ਦਿਨ; ਕਲ੍ਯ੍ਯਾਨੁ-ਸੁਖ; ਲਹਹਿ-ਪ੍ਰਾਪਤ
ਕਰੇਂਗਾ; ਪਰਮ ਗਤਿ-ਸਭ ਤੋਂ ਉੱਚੀ ਆਤਮਕ ਅਵਸਥਾ; ਧੋਹੁ-ਠੱਗੀ; ਜਣ ਜਣ ਸਿਉ-ਧਿਰ ਧਿਰ ਨਾਲ;
ਫੰਧੁ-ਫਾਹੀ; ਰਤਿ-ਪਿਆਰ; ਦੇਹ-ਸਰੀਰ; ਗੇਹੁ-ਗਰ; ਤ੍ਰਿਅ ਸਨੇਹੁ-ਇਸਤ੍ਰੀ ਦਾ ਪਿਆਰ; ਚਿਤ
ਬਿਲਾਸੁ-ਮਨ ਦੀ ਖੇਡ; ਸੇਉ-ਸਿਮਰ; ਦ੍ਰਿੜਤਾ-ਪਕਿਆਈ, ਅਤੇ ਸਿਦਕ।
ਅਰਥ: ਸਤਿਗੁਰੂ ਹੀ ਸਦਾ-ਥਿਰ ਰਹਿਣ ਵਾਲਾ ਹੈ। ਹੇ ਮਨ! ਸਤਿਗੁਰੂ ਦਾ ਬਚਨ
ਮੰਨ, ਅੰਤ ਵੇਲੇ ਇਹ ਹੀ ਤੇਰੇ ਨਾਲ ਨਿਭਣ ਵਾਲਾ ਖ਼ਜ਼ਾਨਾ ਹੈ; ਨਿਸ਼ਚਾ ਕਰ ਕੇ ਇਹ ਮੰਨ ਕਿ ਸਤਿਗੁਰ ਦਾ
ਬਚਨ ਮੰਨਣਾ ਹੀ ਗੁਰੂ ਦਾ ਉਹ ਮੰਤ੍ਰ ਹੈ ਜਿਸ ਨਾਲ ਤੈਨੂੰ ਦਿਨ-ਰਾਤ ਸੁਖ ਹੀ ਮਿਲੇਗਾ ਅਤੇ ਤੂੰ
ਉੱਚੀ ਪਦਵੀ ਪਾ ਲਵੇਂਗਾ। ਕਾਮ, ਕ੍ਰੋਧ, ਲੋਭ, ਮੋਹ ਅਤੇ ਜਣੇ ਖਣੇ ਨਾਲ ਠੱਗੀ ਕਰਨੀ ਛੱਡ ਦੇ; ਹਉਮੈ
ਦੀ ਫਾਹੀ ਭੀ ਦੂਰ ਕਰ ਅਤੇ ਸਾਧ ਸੰਗਤ ਨਾਲ ਪਿਆਰ ਪਾ ਲੈ। ਇਹ ਸਰੀਰ, ਘਰ, ਇਸਤ੍ਰੀ ਦਾ ਪਿਆਰ ਅਤੇ
ਸਾਰਾ ਸੰਸਾਰ ਮਨ ਦੀ ਹੀ ਖੇਡ ਹੈ। ਤੂੰ ਸਤਿਗੁਰੂ ਦੇ ਚਰਨ-ਕਮਲਾਂ ਦਾ ਸਿਮਰਨ ਕਰ ਅਤੇ ਆਪਣੀ ਮਤਿ
ਵਿੱਚ ਇਹ ਗੱਲ ਹੀ ਦ੍ਰਿੜ੍ਹ ਰੱਖ। ਗਯੰਦ ਭੱਟ ਜੀ ਕਹਿੰਦੇ ਹਨ ਕਿ ਹੇ ਮੇਰੇ ਮਨ! ਸਤਿਗੁਰੂ ਦਾ
ਸ੍ਰੇਸ਼ਟ ਨਾਮ ਹਿਰਦੇ ਵਿੱਚ ਧਾਰ ਅਤੇ ਵਿਕਾਰ ਛੱਡ ਦੇ; ਸਤਿਗੁਰੂ ਹੀ ਸਦਾ-ਥਿਰ ਰਹਿਣ ਵਾਲਾ ਹੈ।
ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹ ਗੁਰੂ ਤੇਰਾ ਸਭੁ ਸਦਕਾ ॥ ਨਿਰੰਕਾਰੁ
ਪ੍ਰਭੁ ਸਦਾ ਸਲਾਮਤਿ ਕਹਿ ਨ ਸਕੈ ਕੋਊ ਤੂ ਕਦ ਕਾ ॥ ਬ੍ਰਹਮਾ ਬਿਸਨੁ ਸਿਰੇ ਤੈ ਅਗਨਤ ਤਿਨ ਕਉ ਮੋਹੁ
ਭਯਾ ਮਨ ਮਦ ਕਾ ॥ ਚਵਰਾਸੀਹ ਲਖ ਜੋਨਿ ਉਪਾਈ ਰਿਜਕੁ ਦੀਆ ਸਭ ਹੂ ਕਉ ਤਦ ਕਾ ॥ ਸੇਵਕ ਕੈ ਭਰਪੂਰ
ਜੁਗੁ ਜੁਗੁ ਵਾਹ ਗੁਰੂ ਤੇਰਾ ਸਭੁ ਸਦਕਾ ॥੧॥੧੧॥ ਪੰਨਾਂ ੧੪੦੩
ਪਦ ਅਰਥ: ਸੇਵਕ ਕੈ-ਸੇਵਕਾਂ ਦੇ ਹਿਰਦੇ-ਰੂਪ ਘਰ ਵਿਚ; ਭਰਪੂਰ-ਨਕਾ-ਨਕ ਭਰਿਆ
ਹੋਇਆ ਅਤੇ ਵਿਆਪਕ; ਜੁਗੁ ਜੁਗੁ-ਸਦਾ; ਵਾਹ-ਤੂੰ ਧੰਨ ਹੈਂ; ਗੁਰੂ-ਹੇ ਗੁਰੂ! ਸਦਕਾ-ਬਰਕਤਿ;
ਸਲਾਮਤਿ-ਸਦਾ ਥਿਰ ਅਤੇ ਅਟੱਲ; ਸਿਰੇ-ਪੈਦਾ ਕੀਤੇ; ਅਗਨਤ-ਬੇਅੰਤ; ਮੋਹੁ ਮਨ ਮਦ ਕਾ-ਮਨ ਦੇ ਹੰਕਾਰ
ਦਾ ਮੋਹ; ਤਦ ਕਾ-ਜਦੋਂ ਪੈਦਾ ਕੀਤੀ।
ਅਰਥ: ਹੇ (ਰਾਮ ਦਾਸ) ਗੁਰੂ! ਤੂੰ ਧੰਨ ਹੈਂ ! ਤੂੰ ਆਪਣੇ ਸੇਵਕਾਂ ਦੇ
ਹਿਰਦੇ ਵਿੱਚ ਸਦਾ ਹਾਜ਼ਰ-ਨਾਜ਼ਰ ਹੈਂ, ਤੇਰੀ ਹੀ ਸਾਰੀ ਬਰਕਤਿ ਹੈ; ਤੂੰ ਨਿਰੰਕਾਰ-ਰੂਪ ਹੈਂ,
ਪ੍ਰਭੂ-ਰੂਪ ਹੈਂ ਅਤੇ ਸਦਾ-ਥਿਰ ਹੈਂ। ਕੋਈ ਨਹੀਂ ਆਖ ਸਕਦਾ ਕਿ ਤੂੰ ਕਦੋਂ ਦਾ ਹੈਂ। ਹੇ ਗੁਰੂ !
ਤੂੰ ਹੀ ਅਗਿਣਤ ਬ੍ਰਹਮਾ ਅਤੇ ਵਿਸ਼ਨੂੰ ਪੈਦਾ ਕੀਤੇ ਹਨ, ਅਤੇ ਉਨ੍ਹਾਂ ਨੂੰ ਆਪਣੇ ਮਨ ਦੇ ਹੰਕਾਰ ਦਾ
ਮੋਹ ਹੋ ਗਿਆ। ਹੇ ਗੁਰੂ! ਤੂੰ ਹੀ ਚੌਰਾਸੀ ਲੱਖ ਜੂਨ ਭਾਵ ਬੇਅੰਤ ਜੀਵ ਪੈਦਾ ਕੀਤੇ ਹਨ ਅਤੇ ਸਾਰਿਆਂ
ਨੂੰ ਉਸ ਵੇਲੇ ਤੋਂ ਹੀ ਰਿਜ਼ਕ ਦੇ ਰਿਹਾ ਹੈਂ। ਹੇ ਗੁਰੂ ! ਤੂੰ ਧੰਨ ਹੈਂ! ਤੂੰ ਆਪਣੇ ਸੇਵਕਾਂ ਦੇ
ਹਿਰਦੇ ਵਿੱਚ ਸਦਾ ਹਾਜ਼ਰ-ਨਾਜ਼ਰ ਹੈਂ ਅਤੇ ਤੇਰੀ ਹੀ ਸਾਰੀ ਬਰਕਤਿ ਹੈ।
੨. ਵਾਹੁ
ਵਾਹੁ ਵਾਹੁ ਕਾ ਬਡਾ ਤਮਾਸਾ ॥ ਆਪੇ ਹਸੈ ਆਪਿ ਹੀ ਚਿਤਵੈ ਆਪੇ ਚੰਦੁ ਸੂਰੁ
ਪਰਗਾਸਾ ॥ ਆਪੇ ਜਲੁ ਆਪੇ ਥਲੁ ਥੰਮ੍ਹਨੁ ਆਪੇ ਕੀਆ ਘਟਿ ਘਟਿ ਬਾਸਾ ॥ ਆਪੇ ਨਰੁ ਆਪੇ ਫੁਨਿ ਨਾਰੀ
ਆਪੇ ਸਾਰਿ ਆਪ ਹੀ ਪਾਸਾ ॥ ਗੁਰਮੁਖਿ ਸੰਗਤਿ ਸਭੈ ਬਿਚਾਰਹੁ ਵਾਹੁ ਵਾਹੁ ਕਾ ਬਡਾ ਤਮਾਸਾ ॥੨॥੧੨॥
ਪੰਨਾਂ ੧੪੦੩
ਪਦ ਅਰਥ: ਵਾਹੁ ਵਾਹੁ-ਧੰਨਤਾ-ਯੋਗ ਗੁਰੂ; ਤਮਾਸਾ-ਸੰਸਾਰ-ਰੂਪ ਖੇਡ;
ਚਿਤਵੈ-ਵਿਚਾਰਦਾ ਹੈ; ਥੰਮ੍ਹਨੁ-ਆਸਰਾ, ਥੰਮ੍ਹ; ਬਾਸਾ-ਟਿਕਾਣਾ; ਘਟਿ ਘਟਿ-ਹਰੇਕ ਜੀਵ ਦੇ ਹਿਰਦੇ
ਵਿੱਚ; ਸਾਰਿ-ਨਰਦ; ਪਾਸਾ-ਚੌਂਪੜ; ਗੁਰਮੁਖਿ-ਹੇ ਗੁਰਮੁਖੋ! ਸੰਗਤਿ-ਸੰਗਤਿ ਵਿੱਚ; ਸਭੈ-ਸਾਰੇ।
ਅਰਥ: ਬਰਕਤਿ ਵਾਲੇ ਗੁਰੂ ਰਾਮਦਾਸ ਦਾ ਸੰਸਾਰ-ਰੂਪ ਇਹ ਵੱਡਾ ਖੇਲ ਹੋ ਰਿਹਾ
ਹੈ, ਸਰਬ-ਵਿਆਪਕ ਪ੍ਰਭੂ ਦਾ ਰੂਪ ਗੁਰੂ ਆਪ ਹੀ ਹੱਸ ਰਿਹਾ ਹੈ, ਆਪ ਹੀ ਵਿਚਾਰ ਰਿਹਾ ਹੈ, ਆਪ ਹੀ
ਚੰਦ ਅਤੇ ਸੂਰਜ ਨੂੰ ਚਾਨਣ ਦੇ ਰਿਹਾ ਹੈ। ਉਹ ਗੁਰੂ ਆਪ ਹੀ ਜਲ ਹੈ, ਆਪ ਹੀ ਧਰਤੀ ਹੈ, ਆਪ ਹੀ ਆਸਰਾ
ਹੈ ਅਤੇ ਉਸ ਨੇ ਆਪ ਹੀ ਹਰੇਕ ਸਰੀਰ ਵਿੱਚ ਨਿਵਾਸ ਕੀਤਾ ਹੋਇਆ ਹੈ। ਸਰਬ-ਵਿਆਪਕ ਪ੍ਰਭੂ ਦਾ ਰੂਪ
ਗੁਰੂ ਰਾਮਦਾਸ ਆਪ ਹੀ ਮਨੁੱਖ ਹੈ ਅਤੇ ਆਪ ਹੀ ਇਸਤ੍ਰੀ ਹੈ; ਆਪ ਹੀ ਨਰਦ ਹੈ ਅਤੇ ਆਪ ਹੀ ਚੌਂਪੜ ਹੈ।
ਹੇ ਗੁਰਮੁਖੋ ! ਸੰਗਤਿ ਵਿੱਚ ਰਲ ਕੇ ਸਾਰੇ ਵਿਚਾਰ ਕਰੋ, ਬਰਕਤਿ ਵਾਲੇ ਗੁਰੂ ਰਾਮਦਾਸ ਜੀ ਦਾ
ਸੰਸਾਰ-ਰੂਪ ਇਹ ਖੇਡ ਹੋ ਰਿਹਾ ਹੈ।
੩. ਵਾਹਿ, ਵਾਹਿਗੁਰੂ ਅਤੇ ਵਾਹ ਗੁਰੂ
ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿ ਗੁਰੂ ਤੇਰੀ ਸਭ ਰਚਨਾ ॥ ਤੂ ਜਲਿ ਥਲਿ
ਗਗਨਿ ਪਯਾਲਿ ਪੂਰਿ ਰਹ੍ਯ੍ਯਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ ਕਾਲ
ਕਾ ਕਾਲੁ ਨਿਰੰਜਨ ਜਚਨਾ ॥ ਗੁਰ ਪ੍ਰਸਾਦਿ ਪਾਈਐ ਪਰਮਾਰਥੁ ਸਤਸੰਗਤਿ ਸੇਤੀ ਮਨੁ ਖਚਨਾ ॥ ਕੀਆ ਖੇਲੁ
ਬਡ ਮੇਲੁ ਤਮਾਸਾ ਵਾਹ ਗੁਰੂ ਤੇਰੀ ਸਭ ਰਚਨਾ ॥੩॥੧੩॥੪੨॥ ਪੰਨਾਂ ੧੪੦੪
ਪਦ ਅਰਥ: ਖੇਲੁ-ਖੇਡ; ਮੇਲੁ-ਤੱਤਾਂ ਦਾ ਮਿਲਾਪ; ਤਮਾਸਾ-ਕੌਤਕ; ਵਾਹਿ-ਧੰਨ;
ਗੁਰੂ-ਹੇ ਗੁਰੂ! ਰਚਨਾ-ਸ੍ਰਿਸ਼ਟੀ; ਜਲਿ-ਪਾਣੀ ਵਿੱਚ; ਥਲਿ-ਧਰਤੀ ਵਿੱਚ; ਗਗਨਿ-ਅਕਾਸ਼ ਉੱਤੇ;
ਪਯਾਲਿ-ਪਾਤਾਲ ਵਿੱਚ; ਪੂਰਿ ਰਹ੍ਯ੍ਯਾ-ਵਿਆਪਕ ਹੈ; ਜਾ ਕੇ-ਜਿਸ ਦੇ; ਮਾਨਹਿ-ਮੰਨਦੇ ਹਨ; ਜਚਨਾ-
ਮੰਗਦੇ ਅਤੇ ਜਾਚਨਾ ਕਰਦੇ ਹਨ; ਗੁਰ ਪ੍ਰਸਾਦਿ-ਹੇ ਗੁਰੂ! ਤੇਰੀ ਕ੍ਰਿਪਾ ਨਾਲ, ਪਰਮਾਰਥੁ-ਉੱਚੀ
ਪਦਵੀ; ਸੇਤੀ-ਨਾਲ; ਖਚਨਾ-ਜੁੜ ਜਾਂਦਾ ਹੈ।
ਅਰਥ: ਹੇ (ਰਾਮ ਦਾਸ) ਗੁਰੂ ! ਤੂੰ ਧੰਨ ਹੈਂ; ਇਹ ਸ੍ਰਿਸ਼ਟੀ ਸਭ ਤੇਰੀ ਪੈਦਾ
ਕੀਤੀ ਹੋਈ ਹੈ; ਤੂੰ ਤੱਤਾਂ ਦਾ ਮੇਲ ਕਰ ਕੇ ਇੱਕ ਖੇਲ ਅਤੇ ਤਮਾਸ਼ਾ ਰਚਾ ਦਿੱਤਾ ਹੈ। ਤੂੰ ਜਲ ਵਿੱਚ,
ਪ੍ਰਿਥਵੀ ਤੇ, ਅਕਾਸ਼ ਉੱਤੇ ਅਤੇ ਪਾਤਾਲ ਵਿੱਚ ਭਾਵ ਸਭ ਥਾਈਂ ਵਿਆਪਕ ਹੈਂ; ਤੇਰੇ ਬਚਨ ਅੰਮ੍ਰਿਤ
ਨਾਲੋਂ ਭੀ ਮਿੱਠੇ ਹਨ। ਹੇ ਗੁਰੂ! ਬ੍ਰਹਮਾ ਅਤੇ ਰੁਦ੍ਰ (ਸ਼ਿਵ) ਆਦਿ ਤੈਨੂੰ ਹੀ ਮੰਨਦੇ ਹਨ, ਤੂੰ
ਕਾਲ ਦਾ ਭੀ ਕਾਲ ਹੈਂ, ਤੂੰ ਮਾਇਆ ਤੋਂ ਰਹਤ ਹਰੀ ਹੈਂ, ਸਭ ਲੋਕ ਤੇਰੇ ਕੋਲੋਂ ਹੀ ਮੰਗਾਂ ਮੰਗਦੇ
ਹਨ। ਹੇ ਗੁਰੂ! ਤੇਰੀ ਹੀ ਕ੍ਰਿਪਾ ਨਾਲ ਉੱਚੀ ਪਦਵੀ ਮਿਲਦੀ ਹੈ ਅਤੇ ਸਤਸੰਗ ਵਿੱਚ ਮਨ ਜੁੜ ਜਾਂਦਾ
ਹੈ। ਹੇ ਗੁਰੂ ! ਤੂੰ ਧੰਨ ਹੈਂ, ਇਹ ਰਚਨਾ ਤੇਰੀ ਹੀ ਹੈ; ਤੱਤਾਂ ਦਾ ਮੇਲ ਕਰਕੇ ਤੂੰ ਇਹ ਤਮਾਸ਼ਾ ਤੇ
ਖੇਲ ਰਚਾ ਦਿੱਤਾ ਹੈ। ਇਸੇ ਤਰ੍ਹਾਂ ‘ਵਾਹਿਗੁਰੂ ਜੀ ਕਾ ਖ਼ਾਲਸਾ’ ਦਾ ਅਰਥ ਹੈ; “ਖ਼ਾਲਸਾ ਗੁਰੂ ਦੀ
ਫ਼ੌਜ ਹੈ ਅਤੇ ਗੁਰੂ ਜੀ ਧੰਨੁ ਹਨ।“ ‘ਵਾਹਿਗੁਰੂ ਜੀ ਕੀ ਫ਼ਤਿਹ’ ਦਾ ਅਰਥ ਹੈ, “ਖ਼ਾਲਸੇ ਨੂੰ ਮਿਲ਼ੀ
ਜਿੱਤ ਵੀ ਗੁਰੂ ਜੀ ਦੀ ਹੀ ਜਿੱਤ ਹੈ ਅਤੇ ਗੁਰੂ ਜੀ ਧੰਨੁ ਹਨ।"
ਵਾਹਿ ਗੁਰੂ ਜੀ ਕਾ ਖਾਲਸਾ।। ਵਾਹਿ ਗੁਰੂ ਜੀ ਕੀ ਫ਼ਤਹਿ।।
ਬਲਬਿੰਦਰ ਸਿੰਘ ਅਸਟ੍ਰੇਲੀਆ