ਪ੍ਰਿੰ: ਗਿ: ਸੁਰਜੀਤ ਸਿੰਘ ਜੀ ਦਾ ਵਿਛੋੜਾ
ਅੱਜ 29 ਮਾਰਚ 2019 ਨੂੰ ਜਦੋਂ
ਈ-ਮੇਲ ਦੇਖੀ, ਤੁਹਾਡਾ ਆਪਣਾ ਪੰਨਾ ਪੜ੍ਹਿਆ ਅਤੇ ਸਪੋਕਸਮੈਨ ਅਖਬਾਰ ਪੜ੍ਹਿਆ ਤਾਂ ਪਤਾ ਚੱਲਿਆ ਗਿ:
ਸੁਰਜੀਤ ਸਿੰਘ ਜੀ ਸਦੀਵੀ ਵਿਛੋੜਾ ਦੇ ਗਏ ਹਨ। ਇਸ ਸੰਸਾਰ ਤੇ ਜੋ ਵੀ ਆਇਆ ਹੈ ਸਭ ਨੂੰ ਇੱਕ ਨਾ ਇੱਕ
ਦਿਨ ਜਾਣਾ ਹੀ ਪੈਣਾ ਹੈ। ਮੈਂ ਪ੍ਰਿੰ: ਸੁਰਜੀਤ ਸਿੰਘ ਜੀ ਨੂੰ ਕਦੀ ਮਿਲਿਆ ਨਹੀਂ ਸੀ ਪਰ ਫੂਨ ਤੇ
ਕਈ ਵਾਰੀ ਗੱਲ-ਬਾਤ ਜਰੂਰ ਹੋਈ ਸੀ। ਨਾ ਮਿਲਣ ਦਾ ਕਾਰਨ ਇਹ ਹੈ ਕਿ ਮੈਨੂੰ ਇੰਡੀਆ ਗਏ ਨੂੰ 40 ਸਾਲ
ਤੋਂ ਵੀ ਉਪਰ ਹੋ ਗਏ ਹਨ। ਕੋਈ 36 ਕੁ ਸਾਲਾਂ ਬਾਅਦ ਇੰਗਲੈਂਡ ਗਿਆ ਸੀ। ਇੱਕ ਵਾਰੀ ਤਾਂ ਵੈਨਕੂਵਰ
ਵੀ ਕਈ ਸਾਲਾਂ ਬਾਅਦ ਗਿਆ ਸੀ। ਕਾਰਨ ਇੱਕ ਤਾਂ ਇਹ ਹੈ ਕਿ ਮੈਂ ਬਹੁਤਾ ਸਫਰ ਕਰਕੇ ਖੁਸ਼ ਨਹੀਂ ਹਾਂ
ਅਤੇ ਦੂਸਰਾ ਇਹ ਕਿ ਜਿਥੇ ਮੈਂ ਰਹਿੰਦਾ ਹੈ ਇੱਥੋਂ ਇੰਟਰਨੈਸ਼ਨਲ ਫਲਾਈਟ ਲੈਣ ਲਈ 8 ਘੰਟੇ ਡਰਾਈਵ
ਕਰਕੇ ਜਾਣਾ ਪੈਂਦਾ ਹੈ।
‘ਸਿੱਖ ਮਾਰਗ’ ਤੇ ਸਭ ਤੋਂ ਵੱਧ ਲੇਖ ਪ੍ਰਿੰ: ਸੁਰਜੀਤ ਸਿੰਘ ਦੇ ਛਪੇ ਹੋਏ ਹਨ। ਉਹ ਤਕਰੀਬਨ ਹਰ
ਹਫਤੇ ਲੇਖ ਛਪਣ ਲਈ ਭੇਜਦੇ ਹੁੰਦੇ ਸਨ। ਜਦੋਂ ਉਨ੍ਹਾ ਦੀ ਹਰਟ ਦੀ ਬਾਈਪਾਸ ਸਰਜਰੀ ਹੋਈ ਸੀ ਉਸ ਵੇਲੇ
ਕੁੱਝ ਸਮਾ ਨਹੀਂ ਭੇਜੇ ਸਨ। ਉਨ੍ਹਾਂ ਦਾ ਸਭ ਤੋਂ ਪਹਿਲਾ ਲੇਖ ਦਸਮ ਗ੍ਰੰਥ ਬਾਰੇ ਸੀ ਅਤੇ ਭੇਜਿਆ ਵੀ
ਉਨ੍ਹਾਂ ਨੇ ਆਪ ਹੀ ਸੀ। ਉਂਜ ਪਹਿਲਾਂ ਉਹ ਦਸਮ ਗ੍ਰੰਥ ਵਿਚਲੀਆਂ ਕੁੱਝ ਰਚਨਾਵਾਂ ਨੂੰ ਦਸਵੇਂ ਗੁਰੂ
ਦੀਆਂ ਮੰਨਦੇ ਸਨ ਪਰ ਜਦੋਂ ਡਾ: ਗੁਰਮੁਖ ਸਿੰਘ ਅਤੇ ਸ: ਦਲਬੀਰ ਸਿੰਘ ਜੀ ਦੀਆਂ ਸਾਰੇ ਦਸਮ ਗ੍ਰੰਥ
ਨੂੰ ਰੱਦ ਕਰਨ ਵਾਲੀਆਂ ਲਿਖਤਾਂ ਇੱਥੇ ਸਿੱਖ ਮਾਰਗ ਤੇ ਛਪ ਗਈਆਂ ਤਾਂ ਉਨ੍ਹਾਂ ਦੇ ਖਿਆਲ ਵੀ ਬਦਲ
ਗਏ।
ਗਿ: ਭਾਗ ਸਿੰਘ ਨੂੰ ਜਦੋਂ ਮਸਕੀਨ ਨੇ ਧੌਖੇ ਨਾਲ ਅਖੌਤੀ ਤੌਰ ਤੇ ਪੰਥ ਵਿਚੋਂ ਛਿਕਵਾਇਆ ਸੀ ਪ੍ਰਿੰ:
ਸੁਰਜੀਤ ਸਿੰਘ ਜੀ ਨੇ ਇਸ ਧੋਖੇ ਵਿਰੁੱਧ ਡਟ ਕੇ ਲਿਖਿਆ ਸੀ ਅਤੇ ਗਿ: ਭਾਗ ਸਿੰਘ ਦੇ ਹੱਕ ਵਿੱਚ
ਅਵਾਜ਼ ਉਠਾਈ ਸੀ।
ਦਸਮ ਗ੍ਰੰਥ ਦੇ ਕੂੜ ਨੂੰ ਨੰਗਾ ਕਰਨ ਵਾਲੇ ਅਤੇ ਸਿੱਖ ਮਾਰਗ ਤੇ ਲਿਖਣ ਵਾਲੇ ਹੁਣ ਤੱਕ ਪੰਜ ਲੇਖਕ
ਆਪਣੀ ਆਯੂ ਭੋਗ ਕੇ ਇਸ ਸੰਸਾਰ ਤੋਂ ਜਾ ਚੁੱਕੇ ਹਨ। ਇਨ੍ਹਾਂ ਪੰਜਾਂ ਦੇ ਨਾਮ ਹਨ:
1-ਸ: ਬਲਦੇਵ ਸਿੰਘ ਜੀ
2-ਸੁਰਜੀਤ ਸਿੰਘ ਸੰਧੂ (ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਲੇ)
3-ਗੁਰਬਖ਼ਸ਼ ਸਿੰਘ ਕਾਲਾ ਅਫਗਾਨਾ
4-ਸ: ਗੁਰਮੀਤ ਸਿੰਘ ਅਸਟ੍ਰੇਲੀਆ
5-ਪ੍ਰਿੰ: ਗਿ: ਸੁਰਜੀਤ ਸਿੰਘ
ਸ: ਬਲਦੇਵ ਸਿੰਘ ਤੋਂ ਬਿਨਾ ਬਾਕੀ ਚਾਰੇ ਸੱਜਣਾਂ ਦੀਆਂ ਦਸਮ ਗ੍ਰੰਥ ਬਾਰੇ ਲਿਖਤਾਂ ਤੁਸੀਂ ਇੱਥੇ
ਪੜ੍ਹ ਸਕਦੇ ਹੋ। ਬਲਦੇਵ ਸਿੰਘ ਦੀ ਭਾਵੇਂ ਕੋਈ ਲਿਖਤ ਇੱਥੇ ਨਹੀਂ ਛਪੀ ਪਰ ਉਹ ਸਿੱਖ ਮਾਰਗ ਨੂੰ
ਪੜ੍ਹਦੇ ਸਨ ਅਤੇ ਕਈ ਵਾਰੀ ਈ-ਮੇਲ ਵੀ ਕਰਦੇ ਸਨ। ਇੱਕ ਵਾਰੀ ਉਨ੍ਹਾਂ ਨੇ ਇੱਕ ਬੜੀ ਹੀ ਗੁੱਸੇ ਭਰੀ
ਨਿਰਾਜ਼ਗੀ ਵਾਲੀ ਈ-ਮੇਲ ਭੇਜੀ ਸੀ। ਗੱਲ ਇਸ ਤਰ੍ਹਾਂ ਹੋਈ ਕਿ ਪਹਿਲਾਂ ਸਿੱਖ ਮਾਰਗ ਤੇ ਸਿਰਫ
ਅੰਗ੍ਰੇਜ਼ੀ ਦੇ ਲੇਖ ਹੀ ਛਪਦੇ ਸਨ ਕਿਉਂਕਿ ਪਹਿਲੇ ਪਹਿਲ ਇੰਟਰਨੈੱਟ ਤੇ ਸਿਰਫ ਅੰਗ੍ਰੇਜ਼ੀ ਹੀ ਚਲਦੀ
ਸੀ। ਕਿਸੇ ਹੋਰ ਬੋਲੀ ਦੀ ਲਿਖਤ ਨੂੰ ਪੀ. ਡੀ. ਐੱਫ ਜਾਂ ਇਮਜ਼ ਬਣਾ ਕੇ ਹੀ ਪਾਇਆ ਜਾ ਸਕਦਾ ਸੀ।
ਚੰਡੀਗੜ੍ਹ ਦੇ ਰਹਿਣ ਵਾਲੇ ਡਾ: ਕੁਲਦੀਪ ਸਿੰਘ ਦੇ ਕੁੱਝ ਲੇਖ ਇੱਥੇ ਛਪੇ ਸਨ। ਉਨ੍ਹਾਂ ਦੇ ਇੱਕ ਲੇਖ
ਵਿੱਚ ਦਸਮ ਗ੍ਰੰਥ ਦੇ ਹੱਕ ਵਿੱਚ ਕੁੱਝ ਲਿਖਿਆ ਹੋਇਆ ਸੀ। ਬਹੁਤੀ ਪੜਤਾਲ ਕੀਤੇ ਬਿਨਾ ਮੈਂ ਉਹ ਲੇਖ
ਪਾ ਦਿੱਤਾ ਸੀ। ਉਸ ਲੇਖ ਨੂੰ ਪੜ੍ਹ ਕੇ ਬਲਦੇਵ ਸਿੰਘ ਦਾ ਪਾਰਾ ਕਾਫੀ ਚੜ੍ਹ ਗਿਆ ਸੀ ਅਤੇ ਉਨਹਾਂ ਨੇ
ਇੱਕ ਬਹੁਤ ਹੀ ਗੁੱਸੇ ਭਰੀ ਈ-ਮੇਲ ਮੈਨੂੰ ਲਿਖੀ ਸੀ।
ਪ੍ਰਿੰ: ਗਿ: ਸੁਰਜੀਤ ਸਿੰਘ ਜੀ ਨੇ ਸਾਰੀ ਉਮਰ ਡਟ ਕੇ ਗੁਰਮਤਿ ਦਾ ਪ੍ਰਚਾਰ ਕੀਤਾ ਹੈ। ਉਹ ਪ੍ਰਿੰ:
ਸਾਹਿਬ ਸਿੰਘ ਜੀ ਦੇ ਕੀਤੇ ਅਰਥਾਂ ਨੂੰ ਹੀ ਬਹੁਤਾ ਕਰਕੇ ਸਮਰਪਤ ਸਨ। ਉਹ ਅਵਾਗਉਣ ਦੇ ਸਿਧਾਂਤ ਵਿੱਚ
ਵੀ ਵਿਸ਼ਵਾਸ਼ ਰੱਖਦੇ ਸਨ ਜਿਸ ਕਰਕੇ ਇੱਥੇ ਸਿੱਖ ਮਾਰਗ ਤੇ ਲਿਖਣ ਵਾਲੇ ਕੋਈ ਹੋਰ ਲੇਖਕਾਂ ਨਾਲ ਉਨਹਾਂ
ਦੇ ਕਈ ਵਿਚਾਰ ਨਹੀਂ ਮਿਲਦੇ ਸਨ। ਅੱਜ ਤੋਂ ਚਾਰ ਕੁ ਦਿਨ ਪਹਿਲਾਂ ਜਦੋਂ ਮੈਂ ਰੱਬ ਦੀ ਹੋਂਦ ਬਾਰੇ
ਸਵਾਲ ਲਿਖ ਕੇ ਪਾਇਆ ਸੀ ਤਾਂ ਮੈਂ ਸੋਚਿਆ ਸੀ ਕਿ ਐਂਤਕੀ ਭਾਵੇਂ ਕੁੱਝ ਵੀ ਹੋਵੇ ਉਨ੍ਹਾਂ ਦੇ ਵਿਚਾਰ
ਵੀ ਇਸ ਸਵਾਲ ਬਾਰੇ ਜਰੂਰ ਲੈਣੇ ਹਨ ਪਰ ਉਹ ਅਚਾਨਕ ਹੀ ਇਸ ਸੰਸਾਰ ਤੋਂ ਕੂਚ ਕਰ ਗਏ।
ਮੱਖਣ ਸਿੰਘ ਪੁਰੇਵਾਲ,
ਅਪ੍ਰੈਲ 29, 2020.
ਮਿਸ਼ਨਰੀ ਲਹਿਰ ਦੇ ਮੋਢੀ ਅਤੇ ਥੰਮ ਪਿ੍ਰੰਸੀਪਲ ਸੁਰਜੀਤ ਸਿੰਘ ਦਿੱਲੀ ਵਾਲਿਆਂ ਦਾ ਸਦੀਵੀ ਵਿਛੋੜਾ
ਫਰੈਂਕਫੋਰਟ 29 ਅਪ੍ਰੈਲ (ਸੰਦੀਪ ਸਿੰਘ
khalra) 1947 ਤੋਂ ਬਾਅਦ ਦਿੱਲੀ ਵਿਚ ਸਿੱਖ
ਮਿਸ਼ਨਰੀ ਲਹਿਰ ਚਲਾਉਣ ਲਈ ਸਰਦਾਰ ਭਾਗ ਸਿੰਘ ਅੰਬਾਲੇ ਵਾਲਿਆਂ ਨੇ ਸਿਰ ਤੋੜ ਯਤਨ ਕੀਤਾ। ਇਸ ਲਹਿਰ
ਦੇ ਮੋਢੀਆਂ ਵਿਚੋਂ ਪਿ੍ਰੰਸੀਪਲ ਸੁਰਜੀਤ ਸਿੰਘ, ਸਰਦਾਰ ਮਹਿੰਦਰ ਸਿੰਘ ਜੋਸ਼, ਕੰਵਰ ਮਹਿੰਦਰ ਪ੍ਰਤਾਪ
ਸਿੰਘ, ਸਰਦਾਰ ਮਨਮੋਹਣ ਸਿੰਘ, ਸਰਦਾਰ ਗੁਰਚਰਨ ਸਿੰਘ ਆਦਿ ਵੱਡੀਆਂ ਸਖਸ਼ੀਅਤਾਂ ਨੇ ਸਿੱਖ ਕੌਮ ਦੀ
ਬੇਹਤਰੀ, ਸਿੱਖ ਸਿਧਾਂਤ ਨੂੰ ਘਰ ਘਰ ਪਹੁੰਚਾਉਣ ਲਈ ਆਪਣੇ ਜੀਵਨ ਵਿਚ ਬਹੁਤ ਵੱਡੇ ਉਪਰਾਲੇ ਕੀਤੇ
ਨਿਰ ਸੰਦੇਹ ਪਿ੍ਰੰਸੀਪਲ ਸੁਰਜੀਤ ਸਿੰਘ ਦਿੱਲੀ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਸਿਰਮੌਰਤਾ ਅਤੇ
ਰਹਿਤ ਮਰਯਾਦਾ ਪ੍ਰਤੀ ਵਚਨਬੰਧ ਹੁੰਦਿਆਂ ਸਾਰੀ ਜ਼ਿੰਦਗੀ ਇਸ ਕਾਰਜ ਤੇ ਲਾ ਦਿੱਤੀ ਪਿ੍ਰੰਸੀਪਲ
ਸੁਰਜੀਤ ਸਿੰਘ ਆਪਣੇ ਆਪ ਵਿਚ ਇਕ ਸੰਸਥਾ ਸਨ ਜਿੰਨਾ ਨੇ ਬਹੁਤਾਤ ਵਿਚ ਗੁਰਮਤਿ ਸਿਧਾਂਤਾਂ ਨੂੰ ਸਮਝਣ
ਵਾਲੀਆਂ ਮੁਕੰਮਲ ਪੁਸਤਕਾਂ, ਸਿੱਖ ਫੁਲਵਾੜੀ ਮਾਸਿਕ ਪੱਤਰ ਅਤੇ ਕਿਤਾਬਚੇ ਤਿਆਰ ਕੀਤੇ। ਸਿੱਖ ਮਾਰਗ
ਤੇ ਹਰ ਹਫਤੇ ਉਹਨਾਂ ਦਾ ਇਕ ਲੇਖ ਆਉਂਦਾ ਸੀ।ਜੀਵਨ ਦੇ ਆਖਰੀ ਪੜਾਅ ਤੱਕ ਸਿਹਤ ਢਿੱਲੀ ਹੋਣ ਦੇ
ਬਾਵਜੂਦ ਵੀ ਉਹ ਆਨਲਾਈਨ ਕਲਾਸਾਂ ਰਾਹੀਂ ਗੁਰਮਤਿ ਦੀ ਖੁਸ਼ਬੂ ਬਿਖੇਰਦੇ ਰਹੇ। ਆਪਣੀ ਜਿੰਦਗੀ ਦੇ
ਆਖਰੀ ਦਿਨ ਵੀ ਪਿ੍ਰੰਸੀਪਲ ਜੀ ਨੇ ਭਗਤ ਕਬੀਰ ਜੀ ਦੇ ਸਲੋਕਾਂ ਦੀ ਵਿਚਾਰ ਨਾਲ ਨਿਹਾਲ ਕੀਤਾ। ਗਿਆਨੀ
ਜੀ ਦੇ ਸੰਸਾਰ ਨੂੰ ਅਲਵਿਦਾ ਕਹਿਣ ਨਾਲ ਮਿਸ਼ਨਰੀ ਲਹਿਰ ਦਾ ਇਕ ਹੋਰ ਥੰਮ ਡਿੱਗ ਪਿਆ ਹੈ। ਅਕਾਲਪੁਰਖ
ਸਾਰੇ ਸੰਬੰਧੀਆ, ਤੇ ਮਿਸ਼ਨਰੀ ਪ੍ਰੀਵਾਰ ਨੂੰ ਰਜ਼ਾ ਵਿਚ ਰਾਜ਼ੀ ਰਹਿਣ ਦੀ ਹਿੰਮਤ ਬਖਸ਼ੇ ਤੇ ਗਿਆਨੀ ਜੀ
ਦੀ ਧਰਮ ਪ੍ਰਚਾਰ ਲਈ ਦਿ੍ਰੜਤਾ ਤੇ ਪਹਿਰਾ ਦੇਣ ਦਾ ਬੱਲ ਬਖਸ਼ੇ ਉਹ ਅੱਜ ਸੰਸਾਰਕ ਯਾਤਰਾ ਪੂਰੀ ਕਰਕੇ
ਚੜ੍ਹਾਈ ਕਰ ਗਏ ਹਨ ਉਨ੍ਹਾਂ ਦੀ ਕੀਤੀ ਹੋਈ ਸੇਵਾ ਨੂੰ ਸਿੱਖ ਕੌਮ ਸਦਾ ਯਾਦ ਕਰਦੀ ਰਹੇਗੀ ।ਇਸ
ਸਬੰਧੀ ਗੱਲ ਕਰਦਿਆਂ ਸਮੂਹ ਸਟਾਫ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪਿ੍ਰੰਸੀਪਲ ਗੁਰਬਚਨ
ਸਿੰਘ ਪੰਨਵਾਂ, ਚੇਅਰਮੈਨ ਰਾਣਾਇੰਦਰਜੀਤ ਸਿੰਘ, ਪ੍ਰੋ. ਸਰਬਜੀਤ ਸਿੰਘ ਧੂੰਦਾ, ਗਿ. ਸੁਖਵਿੰਦਰ
ਸਿੰਘ ਦਦੇਹਰ, ਗਿ. ਗੁਰਜੰਟ ਸਿੰਘ ਰੂਪੋਵਾਲੀ, ਭਾਈ ਹਰਜਿੰਦਰ ਸਿੰਘ ਸਭਰਾ , ਭਾਈ ਸੰਦੀਪ ਸਿੰਘ
ਖਾਲੜਾ, ਕੈਪਟਨ ਅਵਤਾਰ ਸਿੰਘ, ਨਛੱਤਰ ਸਿੰਘ ਭਾਂਬੜੀ ਨੇ ਕਿਹਾ ਕਿ ਉਨ੍ਹਾਂ ਦੇ ਇਸ ਸਦੀਵੀ ਵਿਛੋੜੇ
ਨੂੰ ਦਿਲੋਂ ਮਹਿਸੂਸ ਕਰਦਿਆਂ ਉਹ ਪਰਵਾਰ ਨਾਲ ਡੂੰਘੀ ਹਮਦਰਦੀ ਪਰਗਟ ਕਰਦੇ ਹਨ।
ਭਾਈ ਸੰਦੀਪ
ਸਿੰਘ ਖਾਲੜਾ,
ENG DARSHAN SINGH KHALSA. AUSTRALIA
. ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ॥
ਮ1॥473॥
. ਪਿੰਸੀਪਲ, ਗਿਆਨੀ ਸੁਰਜੀਤ ਸਿੰਘ ਜੀ ਦੇ ਸਦੀਵੀ ਵਿਛੌੜਾ ਦੇਣ ਬਾਰੇ ਜਦ ਖਬਰ ਪੜੀ ਤਾਂ ਆਪਣੇ ਆਪ
ਨੂੰ ਇੱਕ ਘਾਟਾ ਜਿਹਾ ਮਹਿਸੂਸ ਹੋਇਆ।
. ਸਿੱਖ ਮਾਰਗ ਉੱਪਰ ਹਰ ਹਫ਼ਤੇ ਉਹਨਾਂ ਦੇ ਗੁਰਮੱਤ ਵਿਚਾਰਾਂ ਨਾਲ ਰੁ-ਬ-ਰੂ ਹੁੰਦੇ ਸੀ ਅਤੇ ਬਹੁਤ
ਕੁੱਝ ਸਿਖਣ ਨੂੰ ਮਿਲਿਆ।
. ਬ੍ਰਹਿਮੰਡੀ ਅਟੱਲ ਨਿਯਮ ਦੇ ਤਹਿਤ ਹਰ ਮਨੁੱਖ ਦੀ ਇਹ ਮਨੁੱਖੀ ਜੀਵਨ ਯਾਤਰਾ ਦੇ ਪੈਂਡੇ ਦੀ
ਸਮਾਪਤੀ ਹੋ ਜਾਂਦੀ ਹੈ ਅਤੇ ਬਾਕੀ ਰਹਿੰਦਿਆਂ ਦੀ ਹੋ ਜਾਣੀ ਹੈ।
. ਮਨੁੱਖ ਦਾ ਸੰਸਾਰ ਵਿਚ ਆਉਂਣਾ ਇੱਕ ਇਤਫ਼ਾਕ ਹੁੰਦਾ ਹੈ। ਕੋਈ ਨਹੀਂ ਜਾਣਦਾ ਕਿ ਕੌਣ ਆ ਰਿਹਾ ਹੈ।
. ਪਰ ਜੀਵਨ ਯਾਤਰਾ ਦੀ ਸਮਾਪਤੀ ਤੇ ਉਸ ਮਨੁੱਖ ਦੀ ਸੁਚੱਜੀ ਅਤੇ ਸਚਿਆਰਤਾ ਭਰੀ ਜੀਵਨ ਸ਼ੈਲੀ ਕਰਕੇ
ਉਸਨੂੰ ਜਾਨਣ ਵਾਲੇ ਲੱਖਾਂ ਹੋ ਜਾਂਦੇ ਹਨ। ਸੋ ਵੀਰ ਜੀ ਉਹਨਾਂ ਵਿਚੋਂ ਇਕ ਹਨ।
. ਸੁਚੱਜਾ ਅਤੇ ਸਚਿਆਰਤਾ ਭਰਿਆ ਜੀਵਨ ਜਿਉਂਣ ਵਾਲੇ ਸਨ, ਵੀਰ ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ
ਜੀ।
. ਸਿੱਖ ਸਮਾਜ ਵਿਚ ਬਹੁਤ ਸਾਰ ਵੀਰਾਂ-ਭੈਣਾਂ ਨੇ ਉਹਨਾਂ ਦੀ ਕਲਮ ਦੁਆਰਾ ਲਿਖੇ ‘ਗੁਰਮੱਤ-ਗਿਆਨ’
ਵਿਚਾਰ ਦਾ ਲਾਹਾ ਲੈਣਾ ਕੀਤਾ ਹੈ ਅਤੇ ਕਰਦੇ ਰਹਿਗੇ।
. ਸਿੱਖ ਮਾਰਗ ਪ੍ਰੀਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।
. ਵੀਰ ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਜੀ, ਆਪਣੇ ਉੱਚੇ-ਸੁੱਚੇ ਗੁਰਸਿੱਖੀ ਕਿਰਦਾਰ ਕਰਕੇ ਹਮੇਸ਼ਾ
ਯਾਦਾਂ ਵਿਚ ਬਣੇ ਰਹਿਗੇ।
Jarnail Singh
ਗਿਆਨੀ ਸੁਰਜੀਤ ਸਿੰਘ ਦੇ ਲੇਖ ਮੈਂ ਸਿੱਖ ਮਾਰਗ ਤੇ ਹੀ ਪੜ੍ਹਨੇ ਸ਼ੁਰੂ ਕੀਤੇ ਸਨ।ਬੇਸ਼ੱਕ ਉਹਨਾ ਦੇ
ਕਈ ਵਿਚਾਰਾਂ ਨਾਲ ਮੈ ਅਸਹਿਮਤ ਸਾਂ ਪਰ ਮੈਂ ਉਹਨਾ ਦੀ ਸਿੱਖ ਫਲਸਫੇ ਨੂੰ ਸਮਝਣ ਸਮਝਾਉਣ ਦੀ ਲਗਨ
ਨੂੰ ਮੈ ਨਮਸਕਾਰ ਕਰਦਾ ਹਾਂ।ਅਕਾਲ ਪੁਰਖ ਉਹਨਾਂ ਦੇ ਪਰਿਵਾਰ ਨੂੰ ਇਹ ਭਾਣਾ ਮੰਨਣਾ ਲਈ ਸੁਮੱਤ
ਬਖਸ਼ੇ।