.

ਸੋ ਭੂਲੇ ਜਿਸ ਆਪਿ ਭੁਲਾਏ

ਜਰਨੈਲ਼ ਸਿੰਘ

ਸਿਡਨੀ ਅਸਟ੍ਰੇਲੀਆ

www.understandingguru.com

ਗੁਰੂ ਗ੍ਰੰਥ ਸਾਹਿਬ ਦੇ ਪੰਨਾ 1344 ਤੇ ਰਾਗ ਪ੍ਰਭਾਤੀ ਵਿੱਚ ਗੁਰ ਨਾਨਕ ਸਾਹਿਬ ਦੀ ਚੌਥੀ ਅਸ਼ਟਪਦੀ ਵਿੱਚ ਇਸ ਲੇਖ ਦੇ ਸਿਰਲੇਖ ਦੀ ਸਤਰ ਵਿਰਾਜਮਾਨ ਹੈ। ਇਸ ਅਸਟਪਦੀ ਵਿੱਚ ਕਈ ਇਤਿਹਾਸ/ਮਿਥਹਾਸ ਦੀਆਂ ਕਹਾਣੀਆਂ ਦਾ ਜ਼ਿਕਰ ਹੈ ਜੋ ਸਿੱਖ ਵਿਚਾਰਧਾਰਾ ਨੂੰ ਸਮਝਣ ਵਾਲੇ ਦੇ ਗਲੇ ਨਹੀਂ ਉਤਰਦੀਆਂ। ਸਿੱਖ ਦੇ ਮਨ ਵਿੱਚ ਸਵਾਲ ਉਠਦਾ ਹੈ ਕਿ ਗੁਰੂ ਸਾਹਿਬ ਇਹਨਾਂ ਦਾ ਜ਼ਿਕਰ ਕਿਉਂ ਕਰਦੇ ਨੇ। ਉਹਨਾਂ ਦਾ ਕੀ ਮਕਸਦ ਹੈ। ਕੀ ਇਹਨਾਂ ਕਹਾਣੀਆਂ ਦਾ ਜ਼ਿਕਰ ਗੁਰੂ ਸਾਹਿਬ ਵਲੋਂ ਇਹਨਾਂ ਦਾ ਸਮਰਥਨ ਹੈ ਜਾਂ ਕੁੱਝ ਹੋਰ। ਇਸ ਲੇਖ ਵਿੱਚ ਇਹਨਾਂ ਸਵਾਲਾਂ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ। ਨਾਲ ਹੀ ਅਸੀਂ ਪੂਰੇ ਸ਼ਬਦ ਦੇ ਅਰਥ ਵੀ ਸਮਝਣ ਦਾ ਯਤਨ ਕਰਾਂਗੇ ਤਾਂ ਜੋ ਇਹਨਾਂ ਮਿਥਿਹਾਸਿਕ ਕਹਾਣੀਆਂ ਦੀ ਗੁਰਬਾਣੀ ਵਿੱਚ ਵਰਤੋਂ ਦਾ ਮਕਸਦ ਸਪਸ਼ਟ ਹੋ ਸਕੇ।

ਮਿਥਿਹਾਸ ਕੀ ਹੈ

ਸਭ ਤੋਂ ਪਹਿਲਾਂ ਆਉ ਮਿਥਿਹਾਸ ਵਾਰੇ ਕੁੱਝ ਸਮਝ ਲਈਏ। ਮਿਥਿਹਾਸ ਦੀ ਹੋਂਦ ਦੇ ਕਈ ਕਾਰਣ ਹਨ। ਪਰ ਬਹੁਤਾਤ ਮਿਥਿਹਾਸ ਪੁਜਾਰੀ ਦੀ ਦੇਣ ਹੈ। ਹਰ ਧਰਮ ਦੇ ਪੁਜਾਰੀ ਨੇ ਆਪਣਾ ਕਾਰੋਬਾਰ ਚਲਾਉਣ ਲਈ ਆਪਣੇ ਮਤਲਬ ਦਾ ਮਿਥਿਹਾਸ ਸਿਰਜਿਆ ਹੈ। ਇਹ ਉਹ ਸੱਚ ਨੂੰ ਛਪਾਉਣ ਲਈ ਅਤੇ ਝੂਠ ਨੂੰ ਆਪਣੇ ਮਤਲਬ ਦਾ ਸੱਚ ਬਣਾਉਣ ਲਈ ਕਰਦਾ ਹੈ। ਕਿਉਂਕਿ ਉਹਨੇ ਆਪਣੇ ਝੂਠ ਨੂੰ ਮਹਿੰਗੇ ਭਾ ਸੱਚ ਬਣਾ ਕੇ ਵੇਚਣਾ ਹੈ। ਉਸ ਵਲੋਂ ਘੜੇ ਹੋਏ ਇਸ ਮਿਥਿਹਾਸ ਦੀਆਂ ਕੁੱਝ ਕੁ ਵੰਨਗੀਆਂ ਇਸ ਤਰ੍ਹਾਂ ਹਨ।

  1. ਅਗਰ ਕਿਸੇ ਸਵਾਲ ਦਾ ਉਸ ਕੋਲ ਕੋਈ ਜਵਾਬ ਨਹੀਂ ਹੈ ਤਾਂ ਉਹ ਇੱਕ ਮਿਥਿਹਾਸਿਕ ਕਹਾਣੀ ਘੜ ਕੇ ਗੁਜ਼ਾਰਾ ਕਰਦਾ ਹੈ। ਸੂਰਜ ਜਾਂ ਚੰਦ ਗ੍ਰਹਿਣ ਵਾਰੇ ਕਹਾਣੀਆਂ, ਕੁਦਰਤੀ ਆਫਤਾਂ ਸਬੰਧੀ ਕਹਾਣੀਆਂ, ਰਾਹੂ ਕੇਤੂ ਵਰਗੀਆਂ ਕਹਾਣੀਆਂ ਇਸ ਵੰਨਗੀ ਵਿੱਚ ਆਉਂਦੀਆਂ ਹਨ।
  2. ਇਤਿਹਾਸ ਵਿੱਚ ਹੋਏ ਸੂਰਮੇ ਮਰਦ ਜਿਹਨਾਂ ਨੇ ਪੁਜਾਰੀ ਨੂੰ ਵੰਗਾਰਿਆ ਉਹਨਾਂ ਤੇ ਮਿਥਿਹਾਸ ਜਾਣੀ ਝੂਠ ਦੀ ਅਜਿਹੀ ਮਿਠਾਸ ਚਾੜਨੀ ਕਿ ਉਹਨਾਂ ਦੇ ਇਨਕਲਾਬੀ ਉਪਦੇਸ਼ ਵੀ ਪੁਜਾਰੀ ਦੇ ਹੱਕ ਵਿੱਚ ਭੁਗਤ ਜਾਣ। ਸਿੱਖ ਗੁਰੂਆਂ, ਕਬੀਰ ਸਾਹਿਬ, ਨਾਮਦੇਵ ਜੀ, ਰਵਿਦਾਸ ਜੀ ਅਤੇ ਹੋਰ ਅਨੇਕਾਂ ਮਹਾਂਪੁਰਖਾਂ ਵਾਰੇ ਜੋ ਵੀ ਕੂੜ ਕਹਾਣੀਆਂ ਪ੍ਰਚਲਤ ਹਨ ਉਹ ਇਸ ਵੰਨਗੀ ਵਿੱਚ ਆਉਂਦੀਆਂ ਹਨ। ਇਹ ਗੱਲ ਅਤਿਕਥਨੀ ਨਹੀਂ ਹੋਏਗੀ ਅਗਰ ਕਿਹਾ ਜਾਏ ਕਿ ਜਿਸ ਤਰ੍ਹਾਂ ਦੇ ਜੀਸਜ਼ ਜਾਂ ਮੁਹੰਮਦ ਜਾਂ ਕ੍ਰਿਸ਼ਨ ਸਾਡੇ ਸਾਹਮਣੇ ਪੇਸ਼ ਕੀਤੇ ਜਾ ਰਹੇ ਨੇ ਉਹ ਅਸਲ ਜ਼ਿੰਦਗੀ ਵਿੱਚ ਅਜਿਹੇ ਕਤਈ ਨਹੀ ਹੋਣਗੇ।
  3. ਇਤਿਹਾਸ ਵਿੱਚ ਹੋਏ ਹਾਕਮਾਂ ਤੇ ਮਿਥਿਹਾਸ ਦੀ ਅਜਿਹੀ ਰੰਗਤ ਚਾੜਨੀ ਕਿ ਉਹ ਪੁਜਾਰੀ ਦੇ ਹੁਕਮ ਅੰਦਰ ਚਲਦੇ ਹੀ ਚੰਗੇ ਲਗਣ। ਅਜਿਹਾ ਕਰ ਪੁਜਾਰੀ ਆਮ ਜਨਤਾ ਤੇ ਆਪਣਾ ਦਬਦਬਾ ਜਮਾਉਣ ਵਿੱਚ ਕਾਮਯਾਬ ਹੁੰਦਾ ਹੈ। ਜਦੋਂ ਉਸ ਨੇ ਰਾਜੇ ਨੂੰ ਹੀ ਨਕੇਲ ਪਾ ਲਈ ਤਾਂ ਆਮ ਜਨਤਾ ਤਾਂ ਕਿਸ ਬਾਗ ਦੀ ਮੂਲੀ ਹੈ।
  4. ਪੁਜਾਰੀ ਕਈ ਕਲਪਤ ਦੇਵੀ ਦੇਵਤੇ ਵੀ ਆਪਣੇ ਮਕਸਦ ਲਈ ਸਿਰਜਦਾ ਹੈ। ਧਰਮ ਰਾਜ ਇਸ ਦੀ ਇੱਕ ਮਿਸਾਲ ਹੈ।
  5. ਆਪਣੇ ਮਕਸਦ ਲਈ ਉਹ ਕਲਪਤ ਥਾਵਾਂ ਦਾ ਵੀ ਨਿਰਮਾਣ ਕਰਦਾ ਹੈ ਜਿਵੇਂ ਕਿ ਸੁਰਗ, ਨਰਕ ਇਤਿਅਦਿ
  6. ਆਪਣੇ ਮਕਸਦ ਲਈ ਉਹ ਕਲਪਤ ਪਸ਼ੂ ਪੰਛੀ ਅਦਿ ਵੀ ਪੈਦਾ ਕਰਦਾ ਹੈ। ਮਿਸਾਲ ਦੇ ਤੌਰ ਤੇ ਕਾਮਧੇਨ ਗਾਂ।

ਪੁਜਾਰੀ ਦੇ ਮਿਥਿਹਾਸ ਦੀਆਂ ਹੋਰ ਵੀ ਕਈ ਵੰਨਗੀਆਂ ਹੋ ਸਕਦੀਆ ਹਨ ਜੋ ਉਪਰੋਕਤ ਵੇਰਵੇ ਵਿੱਚ ਨਹੀਂ ਆਈਆਂ।

ਦੂਸਰੇ ਆਮ ਲੋਕ ਵੀ ਜ਼ਿੰਦਗੀ ਵਿੱਚ ਵਿਚਰਦੇ ਹੋਏ ਕੁੱਝ ਮਿਥਿਹਾਸਿਕ ਗੱਲਾਂ ਬਣਾ ਲੈਂਦੇ ਨੇ ਤਾਂ ਜੋ ਉਹ ਆਪਣੀ ਗੱਲ ਨੂੰ ਚੰਗੀ ਤਰ੍ਹਾਂ ਕਹਿ ਸਕਣ। ਇਸ ਵਿੱਚ ਲੋਕਾਂ ਦੀ ਸਮੂਹਿਕ ਕਾਵਿ ਕਲਪਨਾ ਕੰਮ ਕਰਦੀ ਹੈ। ਇਸ ਨੂੰ ਫੋਕਲੋਰ ਜਾਂ ਲੋਕਧਾਰਾ ਵੀ ਕਹਿ ਸਕਦੇ ਹਾਂ। ਇਸ ਤਰ੍ਹਾਂ ਦੇ ਮਿਥਿਹਾਸ ਵਿੱਚ ਪੰਛੀ ਪਪੀਹਾ ਜਾਂ ਬੰਬੀਹਾ, ਚਕੋਰ ਆਦਿ ਆਉਂਦੇ ਨੇ। ਇਸ ਸਾਰੀ ਦੁਨੀਆਂ ਅੰਦਰ ਹਰ ਸਭਿਆਚਾਰ ਵਿੱਚ ਮਿਲਦੇ ਨੇ। ਯੁਨਾਨੀ ਲੋਕਧਾਰਾ ਵਿੱਚ ਇੱਕ ਪੰਛੀ ਫੀਨਿਕਸ ਦਾ ਜ਼ਿਕਰ ਆਉਂਦਾ ਹੈ ਜੋ ਆਪਣੇ ਸਿਵੇ ਦੀ ਸੁਆਹ ਵਿੱਚੋਂ ਫਿਰ ਜੀ ਉਠਦਾ ਹੈ।

ਅੱਜ ਕੱਲ ਇੱਕ ਨਵੀਂ ਕਿਸਮ ਦਾ ਮਿਥਿਹਾਸ ਵੀ ਪ੍ਰਚਲਤ ਹੋ ਰਿਹਾ ਹੈ। ਇਹ ਹੈ ਵਿਗਿਆਨਿਕ ਗਲਪ ਜਾਂ ਸਾਇੰਸ ਫਿਕਸ਼ਨ। ਇਸ ਦੀਆਂ ਬੇਅੰਤ ਫਿਲਮਾਂ, ਟੀਵੀ ਸੀਰੀਅਲ਼ ਅਕਸਰ ਦੇਖਣ ਨੂੰ ਮਿਲਦੇ ਨੇ।

ਗੁਰਬਾਣੀ ਅਤੇ ਮਿਥਿਹਾਸ

ਮਿਥਿਹਾਸ ਦੇ ਅੱਖਰੀ ਅਰਥ ਹੀ ਦੱਸਦੇ ਨੇ ਇਹ ਕਿਸੇ ਸੱਚੀ ਜਾਂ ਹਕੀਕੀ ਗੱਲ ਨੂੰ ਨਹੀਂ ਬਿਆਨ ਕਰਦਾ ਬਲਕਿ ਕਿਸੇ ਖਾਸ ਮੰਤਵ ਲਈ ਸਿਰਜਿਆ ਗਿਆ ਝੂਠ ਹੈ। ਇਤਿਹਾਸ ਨੂੰ ਵਿਗਾੜ ਕੇ ਵੀ ਮਿਥਿਹਾਸ ਬਣਾਇਆ ਜਾਂਦਾ ਹੈ। ਦਰਅਸਲ ਇਤਿਹਾਸ ਨੂੰ ਵੀ ਪੂਰਾ ਸੱਚ ਕਹਿਣਾ ਜ਼ਾਇਜ਼ ਨਹੀਂ ਹੁੰਦਾ ਕਿਉਂਕਿ ਇਹ ਇਤਿਹਾਸ ਨੂੰ ਲਿਖਣ ਵਾਲੇ ਦੇ ਨਜ਼ਰੀਏ ਤੋਂ ਦੇਖਿਆ ਸੱਚ ਹੈ ਜੋ ਕੇ ਪੂਰਾ ਸੱਚ ਨਹੀਂ ਹੁੰਦਾ। ਇੱਕ ਕੌਮ ਦਾ ਸ਼ਹੀਦ ਦੂਜੀ ਕੌਮ ਦਾ ਬਾਗੀ ਹੁੰਦਾ ਹੈ। ਜਦੋਂ ਅਸਟ੍ਰੇਲੀਆ ਦੀਆਂ ਫੋਜ਼ਾਂ ਅਫਗਾਨਿਸਤਾਨ ਵਿੱਚ ਸਨ ਤਾਂ ਇੱਕ ਅਫਗਾਨ ਫੋਜ਼ੀ ਜੋ ਅਸਟ੍ਰੇਲੀਆ ਦੀਆਂ ਫੋਜ਼ਾਂ ਦਾ ਸਾਥ ਦੇ ਰਿਹਾ ਸੀ ਅਸਟ੍ਰੇਲੀਆ ਦੇ ਸਿਪਾਹੀਆਂ ਵਲੋਂ ਹੁੰਦੀਆਂ ਟਿੱਚਰਾਂ ਤੋਂ ਗੁੱਸੇ ਹੋ ਬਗਾਵਤ ਕਰ ਅਸਟ੍ਰੇਲੀਆ ਦੇ ਕਈ ਫੋਜ਼ੀ ਮਾਰ ਦਿੱਤੇ। ਅਸਟ੍ਰੇਲੀਆ ਦੀਆਂ ਅਖਬਾਰਾਂ ਉਸ ਨੂੰ ਗੁੰਡਾ ਸਿਪਾਹੀ (Rogue Soldier) ਕਹਿੰਦੀਆ ਸਨ ਪਰ ਅਫਗਾਨਿਸਤਾਨ ਵਿੱਚ ਉਹ ਜ਼ਰੂਰ ਸਰਾਹਿਆ ਜਾਂਦਾ ਹੋਏਗਾ। ਇਸੇ ਕਰਕੇ ਗੁਰਬਾਣੀ ਵਿੱਚ ਇਤਿਹਾਸਿਕ ਘਟਨਾਵਾਂ ਨੂੰ ਵੀ ਉਹਨਾਂ ਵਿੱਚ ਵਰਤਦੇ ਕਰਤਾਰ ਦੇ ਹੁਕਮ ਦੀ ਸ਼ਿਨਾਖਤ ਵਜੋਂ ਇਸਤੇਮਾਲ ਕੀਤਾ ਗਿਆ ਹੈ। ਇਹਨਾਂ ਘਟਨਾਵਾਂ ਨੂੰ ਕਿਸੇ ਵੀ ਧਿਰ ਦੇ ਨਜ਼ਰੀਏ ਤੋਂ ਦੇਖਣ ਦੀ ਵਜਾਏ ਕਰਤੇ ਦੇ ਨਜ਼ਰੀਏ ਤੋਂ ਦੇਖਿਆ ਗਿਆ ਹੈ। ਇਸ ਦੀ ਸਭ ਤੋਂ ਸੋਹਣੀ ਮਿਸਾਲ ਬਾਬਰ ਦੇ ਹਿੰਦੁਸਤਾਨ ਤੇ ਹਮਲੇ ਹਨ ਜਿਸ ਵਾਰੇ ਗੁਰ ਨਾਨਕ ਸਾਹਿਬ ਨੇ ਖੁੱਲ ਕੇ ਲਿਖਿਆ ਹੈ। ਇਹਨਾਂ ਸ਼ਬਦਾਂ ਵਿੱਚ ਉਹ ਨ ਤਾਂ ਬਾਬਰ ਦਾ ਪੱਖ ਲੈਂਦੇ ਅਤੇ ਨਾ ਹੀ ਉਸ ਵੇਲੇ ਦੇ ਹਿੰਦੁਸਤਾਨ ਦੇ ਹਾਕਮ ਪਠਾਣਾ ਦਾ ਬਲਕਿ ਉਹ ਤਾਂ ਸਾਰੀਆਂ ਘਟਨਾਵਾਂ ਨੂੰ ਅਕਾਲ ਪੁਰਖ ਦੇ ਨਜ਼ਰੀਏ ਤੋਂ ਵੇਖਦੇ ਹਨ। ਇਸੇ ਤਰ੍ਹਾਂ ਗੁਰਬਾਣੀ ਵਿੱਚ ਆਏ ਮਿਥਿਹਾਸਿਕ ਵੇਰਵੇ ਵੀ ਉਹਨਾਂ ਦੇ ਪੁਸ਼ਟੀ ਕਰਨ ਦੀ ਵਜਾਏ ਉਹਨਾ ਰਾਹੀ ਕਰਤਾਰ ਦੇ ਹੁਕਮ ਨੂੰ ਆਮ ਆਦਮੀ ਨੂੰ ਸਮਝਾਉਣਾ ਹੀ ਹੈ।

ਇਹ ਸੱਚ ਹੈ ਕਿ ਗੁਰਬਾਣੀ ਇੱਕ ਕਾਵਿ ਰਚਨਾ ਹੈ। ਇਸੇ ਧਰਤੀ ਤੇ ਇਸ ਧਰਤੀ ਦੇ ਲੋਕਾਂ ਵਾਰੇ ਉਨ੍ਹਾਂ ਦੇ ਭਲੇ ਲਈ ਲਿਖੀ ਗਈ ਹੈ। ਇਸ ਕਰਕੇ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਹ ਉਸ ਮੁਹਾਵਰੇ ਵਿੱਚ ਲਿਖੀ ਜਾਏ ਜੋ ਲੋਕਾਂ ਨੂੰ ਸਮਝ ਆਉਂਦਾ ਹੈ। ਇਸ ਕਰਕੇ ਗੁਰਬਾਣੀ ਵਿੱਚ ਉਹ ਸਾਰੀਆਂ ਮਿਥਿਹਾਸਿਕ ਗੱਲਾਂ ਦਾ ਜ਼ਿਕਰ ਹੈ ਜੋ ਉਸ ਵੇਲੇ ਲੋਕਾਂ ਵਿੱਚ ਪ੍ਰਚਲਤ ਸਨ। ਗੁਰਬਾਣੀ ਦੇ ਰਚਨ ਕਾਲ ਵੇਲੇ ਕਿਸੇ ਸੁਪਰਮੈਨ ਜਾਂ ਬੈਟਮੈਨ ਦੀ ਹੋਂਦ ਨਹੀਂ ਸੀ ਇਸ ਕਰਕੇ ਉਨ੍ਹਾ ਦਾ ਜ਼ਿਕਰ ਨਹੀਂ ਹੈ। ਗੁਰਬਾਣੀ ਵਿੱਚ ਮਿਥਿਹਾਸ ਦਾ ਜ਼ਿਕਰ ਸਿਰਫ ਆਪਣੀ ਗੱਲ ਸਮਝਾਉਣ ਲਈ ਕੀਤਾ ਗਿਆ ਹੈ। ਕਿਸੇ ਵੀ ਮਿਥਿਹਾਸ ਦਾ ਗੁਰਬਾਣੀ ਸਮਰਥਨ ਨਹੀਂ ਕਰਦੀ। ਵੈਸੇ ਤਾਂ ਸਾਹਿਤ ਨੂੰ ਸਮਝਣ ਵਾਲੇ ਵਿਦਿਆਰਥੀ ਇਹ ਭਲੀ ਭਾਂਤ ਜਾਣਦੇ ਹਨ ਕਿ ਸਾਹਿਤ ਵਿੱਚ ਆਏ ਅਲੰਕਾਰਾਂ, ਪ੍ਰਸੰਗਾਂ ਜਾਂ ਰੂਪਕਾਂ ਦਾ ਭਾਵਅਰਥ ਲੈਣਾ ਹੈ ਨ ਕਿ ਅੱਖਰੀ ਅਰਥ। ਪਰ ਗੁਰਬਾਣੀ ਤਾਂ ਹੋਰ ਇਤਿਹਾਦ ਵਰਤਦੀ ਹੋਈ ਸਾਨੂੰ ਰਹਾਓ ਵਾਲੀ ਤੁਕ ਰਾਹੀਂ ਖਬਰਦਾਰ ਕਰਦੀ ਹੈ ਕਿ ਸ਼ਬਦ ਦੇ ਅਰਥ ਕਰਦਿਆਂ ਅਸੀਂ ਕਿਸ ਸੇਧ ਵਿੱਚ ਤੁਰਨਾ ਹੈ। ਨਾਲ ਹੀ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਮੂਲ਼ ਮੰਤਰ ਦੀ ਹਰ ਮੋੜ ਤੇ ਹਾਜ਼ਰੀ ਵੀ ਸਾਨੂੰ ਸਹੀ ਦਿਸ਼ਾ ਨਿਰਦੇਸ਼ ਦੇਣ ਲਈ ਮੌਜ਼ੂਦ ਹੈ। ਅਗਰ ਇਸ ਸਭ ਦੇ ਬਾਵਜ਼ੂਦ ਵੀ ਅਸੀਂ ਭੁਲਦੇ ਹਾਂ ਤਾਂ ਤੇ ਫਿਰ ਇਹ ਹੀ ਕਹਿਣਾ ਪਏਗਾ ਕਿ ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ॥” ਪੰਨਾ 1372

ਸ਼ਬਦ ਦੇ ਅਰਥ

ਆਉ ਹੁਣ ੳਪਰਲੀ ਵਿਚਾਰ ਤਹਿਤ ਇਸ ਸ਼ਬਦ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰੀਏ। ਸ਼ਬਦ ਦਾ ਪੂਰਾ ਪਾਠ ਇਸ ਤਰ੍ਹਾਂ ਹੈ।

ਗੌਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰ ਲੁਭਾਇਆ॥ ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ॥ 1॥ ਕੋਈ ਜਾਣਿ ਨ ਭੁਲੈ ਭਾਈ॥ ਸੋ ਭੂਲੇ ਜਿਸੁ ਆਪ ਭੁਲਾਏ ਬੂਝੇ ਜਿਸੈ ਬੁਝਾਈ॥ ਰਹਾਉ॥ ਤਿਨਿ ਹਰੀ ਚੰਦਿ ਪ੍ਰਿਥਮੀ ਪਤਿ ਰਾਜੇ ਕਾਗਦਿ ਕੀਮ ਨ ਪਾਈ॥ ਅਉਗਣੁ ਜਾਣੈ ਤ ਪੁੰਨ ਕਰੇ ਕਿਉ ਕਿਉ ਨੇਖਾਸਿ ਬਿਕਾਈ॥ 2॥ ਕਰਉ ਅਢਾਈ ਧਰਤੀ ਮਾਂਗੀ ਬਾਵਨ ਰੂਪਿ ਬਹਾਨੈ॥ ਕਿਉ ਪਇਆਲ ਜਾਇ ਕਿਉ ਛਲੀਐ ਜੇ ਬਾਵਨ ਰੂਪ ਪਛਾਨੈ॥ 3॥ ਰਾਮਾ ਜਨਮੇਜਾ ਦੇ ਮਤੀ ਬਰਿਜ ਬਿਆਸਿ ਪੜਾਇਆ॥ ਤਿਨ੍ਹਿ ਕਰਿ ਜਗ ਅਠਾਰਹ ਘਾਏ ਕਿਰਤੁ ਨ ਚਲੈ ਚਲਾਇਆ॥ 4॥ ਗਣਤ ਨ ਗਣੀ ਹੁਕਮ ਪਛਾਣਾ ਬੋਲੀ ਭਾਇ ਸਭਾਈ॥ ਜੋ ਕਿਛੁ ਵਰਤੈ ਤੁਧੈ ਸਲਾਹੀ ਸਭ ਤੇਰੀ ਵਡਿਆਈ॥ 5॥ ਗੁਰਮੁਖਿ ਅਲਿਪਤੁ ਲੇਪੁ ਕਦੇ ਨ ਲਾਗੈ ਸਦਾ ਰਹੈ ਸਰਣਾਈ॥ ਮਨਮੁਖੁ ਮੁਗਧੁ ਆਗੈ ਚੇਤੈ ਨਾਹੀ ਦੁਖਿ ਲਾਗੈ ਪਛੁਤਾਈ॥ 6॥ ਆਪੇ ਕਰੇ ਕਰਾਏ ਕਰਤਾ ਜਿਨਿ ਏਹ ਰਚਨ ਰਚੀਐ। ਹਰਿ ਅਭਿਮਾਨੁ ਨ ਜਾਈ ਜੀਅਹੁ ਅਭਿਮਾਨੇ ਪੈ ਪਚੀਐ॥ 7॥ ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ। ਨਾਨਕ ਸਚਿ ਨਾਮਿ ਨਿਸਤਾਰਾ ਕੋ ਗੁਰ ਪਰਸਾਦਿ ਅਘੁਲੈ॥ 8॥

ਗੁਰਬਾਣੀ ਦੇ ਕਿਸੇ ਵੀ ਸ਼ਬਦ ਦਾ ਅਰਥ ਕਰਦਿਆਂ ਦੋ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸ਼ਬਦ ਦੀ ਰਹਾਉ ਵਾਲੀ ਤੁਕ ਜੋ ਸ਼ਬਦ ਦਾ ਧੁਰਾ ਹੈ ਅਤੇ ਮੂਲ ਮੰਤ੍ਰ ਜੋ ਗੁਰਮਤਿ ਦਾ ਧੁਰਾ ਹੈ। ਇਸ ਸ਼ਬਦ ਦੀ ਰਹਾਉ ਵਾਲੀ ਤੁਕ ਕਹਿੰਦੀ ਹੈ ਕਿ ਇਸ ਦੁਨੀਆਂ ਵਿੱਚ ਕੋਈ ਵੀ ਸ਼ਖਸ ਮਿੱਥ ਕੇ ਆਪਣੀ ਮਰਜ਼ੀ ਨਾਲ ਨਹੀ ਭਟਕਦਾ। ਭਾਵ ਇਹ ਗੱਲ ਤਾਂ ਉਸ ਦੇ ਅਖਤਿਆਰ ਵਿੱਚ ਹੀ ਨਹੀਂ ਹੈ। ਸਭ ਕੁੱਝ ਕਰਤਾਰ ਦੇ ਅਖਤਿਆਰ ਵਿੱਚ ਹੈ। ਜਿਸ ਨੂੰ ਉਹ ਕੁਰਾਹੇ ਪਾਉਂਦਾ ਹੈ ਉਹ ਕੁਰਾਹੇ ਪੈ ਜਾਂਦਾ ਹੈ ਅਤੇ ਜਿਸ ਨੂੰ ਉਹ ਇਸ ਭਟਕਣ ਦੀ ਸੋਝੀ ਦਿੰਦਾ ਹੈ ਉਹ ਬਚ ਜਾਂਦਾ ਹੈ। ਇਸ ਨੁਕਤੇ ਨੂੰ ਜਰਾ ਵਿਸਥਾਰ ਵਿੱਚ ਸਮਝਣ ਦੀ ਲੋੜ ਹੈ। ਉਪਰੋਂ ਉਪਰੋਂ ਤਾਂ ਇਹ ਲਗਦਾ ਹੈ ਕਿ ਰੱਬ ਜਿਸ ਨੂੰ ਚਾਹੇ ਮਾੜਾ ਬੰਦਾ ਬਣਾ ਦਿੰਦਾ ਹੈ ਅਤੇ ਜਿਸ ਨੂੰ ਚਾਹੇ ਚੰਗਾ ਬੰਦਾ। ਪਰ ਇੱਥੇ ਬਹੁਤ ਹੀ ਗਹਿਰਾ ਸਵਾਲ ਖੁਦਮੁਖਤਿੳਾਰੀ ਬਨਾਮ ਨਿਸ਼ਚੇਵਾਦ ਦਾ ਹੈ। ਇਹ ਉਹ ਸਵਾਲ ਹੈ ਜਿਸ ਨੂੰ ਧਰਮ, ਫਿਲਾਸਫੀ ਅਤੇ ਵਿਗਿਆਨ ਸਦੀਆਂ ਤੋਂ ਹੱਲ ਕਰਨ ਦੀ ਕੋਸ਼ਿਸ਼ ਵਿੱਚ ਹਨ। ਗੁਰਬਾਣੀ ਇਹ ਨਹੀਂ ਮੰਨਦੀ ਕਿ ਰੱਬ ਦੇ ਮੁਖਾਲਿਫ ਕੋਈ ਸ਼ੈਤਾਨ ਜਾਂ ਹੋਰ ਅਜਿਹੀ ਸ਼ਕਤੀ ਹੈ ਜੋ ਬੰਦਿਆਂ ਨੂੰ ਕੁਰਾਹੇ ਪਾਉਣ ਦੀ ਸ਼ਰਾਰਤ ਕਰ ਸਕਦੀ ਹੈ। ਗੁਰਬਾਣੀ ਇਹ ਮੰਨਦੀ ਹੈ ਕਿ ਇਸ ਦੁਨੀਆਂ ਵਿੱਚ ਸਾਰੀਆਂ ਨੇਕੀਆਂ ਅਤੇ ਸਾਰੀਆਂ ਬਦੀਆਂ ਕੁਦਰਤ ਹੀ ਹਨ ਭਾਵ ਇਹ ਕਰਤੇ ਦੀ ਹੀ ਸਿਰਜਣਾ ਹਨ। ਗੱਲ ਹੋਰ ਵੀ ਸਪਸ਼ਟ ਹੋ ਜਾਏਗੀ ਅਗਰ ਅਸੀਂ ਇਹ ਸਮਝੀਏ ਕਿ ਇਹ ਹੁੰਦਾ ਕਿਵੇਂ ਹੈ। ਗੁਰਬਾਣੀ ਅਨੁਸਾਰ ਰੱਬ ਦੀ ਇਸ ਕੁਦਰਤ ਦਾ ਕਾਰੋਬਾਰ ਚਲਾਉਣ ਲਈ ਦੋ ਤਾਕਤਾਂ ਕੰਮ ਕਰ ਰਹੀਆਂ ਹਨ। ਇਸ ਨੂੰ ਲਿਵ ਅਤੇ ਧਾਤ ਦੋ ਰਾਹ ਕਹਿ ਕੇ ਸਮਝਾਇਆ ਗਿਆ ਹੈ। ਧਾਤ ਉਹ ਤਾਕਤ ਹੈ ਜੋ ਇੱਥੇ ਜਵਿਨ ਸਾਜਣ ਵਿੱਚ ਵਿਅਸਥ ਹੈ। ਲਿਵ ਉਹ ਤਾਕਤ ਹੈ ਜੋ ਕਰਤੇ ਦੀ ਸੋਝੀ ਦੇ ਕੇ ਇਹ ਜੀਵਨ ਸਵਾਰਦੀ ਹੈ। ਧਾਤ ਜੀਵਨ ਵਿੱਚ ਹਉਮੇ, ਕਾਮ, ਕਰੋਧ ਜਾਂ ਮਾਇਆ ਆਦਿ ਤਾਕਤਾਂ ਦੇ ਜਰੀਏ ਆਪਣਾ ਕੰਮ ਕਰਦੀ ਹੈ ਜਦ ਕਿ ਲਿਵ ਬਿਬੇਕ ਬੁੱਧ ਨੂੰ ਵਰਤਦੀ ਹੈ। ਧਾਤ ਇਸ ਧਰਤੀ ਤੇ ਜੀਵਨ ਸਾਜਣ ਲਈ ਜ਼ਰੂਰੀ ਹੈ ਇਸ ਤੋਂ ਬਿਨਾ ਜੀਵਨ ਖਤਮ ਹੋ ਜਾਏਗਾ। ਅਗਰ ਲਿਵ ਨ ਹੋਵੇ ਤਾਂ ਇਸ ਧਰਤੀ ਤੇ ਅਰਾਜਕਤਾ ਫੈਲ਼ ਹਨੇਰਗਰਦੀ ਛਾ ਜਾਏਗੀ। ਇਸ ਧਰਤੀ ਤੇ ਜੀਵਨ ਲਈ ਦੋਨੋਂ ਹੀ ਅਤਿਅੰਤ ਜ਼ਰੂਰੀ ਨੇ। ਦੋਨੋ ਕਰਤੇ ਦੀ ਦੇਣ ਨੇ। ਜਦੋਂ ਅਸੀ ਇਹ ਸਮਝ ਜਾਈਏ ਤਾਂ ਸਾਨੂੰ ਸਮਝਣ ਵਿੱਚ ਦੇਰ ਨਹੀਂ ਲਗਦੀ ਕਿ ਕਰਤਾਰ ਕਿਸੇ ਬੰਦੇ ਨੂੰ ਕਿਸ ਭਾਵ ਵਿੱਚ ਕੁਰਾਹੇ ਪਾਉਂਦਾ ਹੈ। ਉਸ ਦੀ ਕਿਸੇ ਨਾਲ ਦੁਸ਼ਮਣੀ ਨਹੀ ਹੈ। ਉਹ ਨਿਰਵੈਰ ਹੈ। ਇਸੇ ਤਰ੍ਹਾਂ ਕਰਤਾਰ ਨੇ ਹੀ ਲਿਵ ਦੀ ਬਖਸ਼ਿਸ਼ ਕੀਤੀ ਹੇ ਜਿਸ ਦੇ ਜ਼ਰੀਏ ਬੰਦਾ ਰਾਹ ਸਿਰ ਆਉਂਦਾ ਹੈ।

ਆਪਾਂ ਇਹ ਰਹਾਉ ਵਾਲੀ ਤੁਕ ਦੇ ਅਰਥ ਸਮਝ ਲਏ ਹਨ। ਹੁਣ ਸਾਰੇ ਸ਼ਬਦ ਦੇ ਅਰਥ ਚਿੱਟੇ ਚਾਨਣ ਵਾਂਙ ਸਾਫ ਹੋ ਜਾਂਦੇ ਨੇ। ਗੁਰ ਨਾਨਕ ਸਾਹਿਬ ਦੀ ਇਹ ਰਾਗ ਪ੍ਰਭਾਤੀ ਵਿੱਚ ਚੌਥੀ ਅਸਟਪਦੀ ਹੈ। ਪਹਿਲੀ ਅਸਟਪਦੀ ਦੇ ਸ਼ੁਰੂ ਹੋਣ ਤੇ ਹੀ ਮੂਲ ਮੰਤ੍ਰ ਦਾ ਛੋਟਾ ਰੂਪ ਮੌਜ਼ੂਦ ਹੈ। ਇਸ ਤੋਂ ਇਹ ਹੀ ਭਾਵ ਨਿਕਲਦਾ ਹੈ ਕਿ ਇਹਨਾਂ ਅਸਟਪਦੀਆਂ ਨੂੰ ਸਮਝਣ ਵੇਲੇ ਮੂਲ ਮੰਤ੍ਰ ਦੀ ਸੇਧ ਤੋਂ ਨਹੀ ਭਟਕਣਾ। ਅਸਟਪਦੀ ਦੇ ਪਹਿਲੇ ਚਾਰ ਪਦਿਆਂ ਵਿੱਚ ਮਿਥਹਾਸਿਕ ਪਾਤਰਾਂ ਦਾ ਜ਼ਿਕਰ ਹੈ। ਬਿਪਰ ਦੀ ਸਿਖਿਆ ਮੁਤਾਬਿਕ ਇਹ ਪਾਤਰ ਬਹੁਤ ਹੀ ਪਹੁੰਚੇ ਹੋਏ ਅਤੇ ਧਰਮ ਦੀ ਦੁਨੀਆਂ ਵਿੱਚ ਸਤਿਕਾਰ ਯੋਗ ਸ਼ਖਸ਼ੀਅਤਾਂ ਸਨ। ਜਿਹੜੇ ਸਿੱਖਾਂ ਨੂੰ ਗੁਰੂ ਸਾਹਿਬ ਸੰਬੋਧਨ ਸਨ ਉਹ ਇਹਨਾਂ ਤੋਂ ਭਲੀ ਭਾਂਤ ਜਾਣੂ ਸਨ ਇਸ ਕਰਕੇ ਇਹਨਾ ਦੇ ਹਵਾਲੇ ਨਾਲ ਉਹਨਾਂ ਨੂੰ ਆਪਣੀ ਗੱਲ ਸਮਝਾਉਣ ਵਿੱਚ ਬਹਤ ਹੀ ਅਸਾਨੀ ਸੀ। ਗੁਰੁ ਸਾਹਿਬ ਕਹਿੰਦੇ ਹਨ ਕਿ ਇੰਦ੍ਰ ਜਿਸ ਨੂੰ ਤੁਸੀਂ ਦੇਵਤਿਆਂ ਦਾ ਰਾਜਾ ਕਹਿੰਦੇ ਹੋ ਉਸ ਦਾ ਵੀ ਆਪਣੇ ਆਪ ਤੇ ਕੋਈ ਵਸ ਨਾ ਰਿਹਾ ਅਤੇ ਉਸ ਨੇ ਗੌਤਮ ਤਪੇ ਦੀ ਘਰਵਾਲੀ ਅਹਿਲਿਆ ਨਾਲ ਕੁਕਰਮ ਕੀਤਾ ਅਤੇ ਸਜ਼ਾ ਪਾ ਪਛਤਾਉਂਦਾ ਰਿਹਾ। ਰਾਜਾ ਹਰੀ ਚੰਦ ਦੀ ਮਿਸਾਲ ਲੈ ਲਉ। ਉਸ ਨੇ ਬੇਅੰਤ ਦਾਨ ਪੁੰਨ ਕੀਤੇ। ਉਸ ਦੇ ਵਸ ਹੁੰਦਾ ਤਾਂ ਜਾਣ ਲੈਂਦਾ ਕਿ ਇਸ ਤਰ੍ਹਾਂ ਦੇ ਦਾਨ ਪੁੰਨ ਵਿਅਰਥ ਹਨ। ਪਰ ਉਹ ਸਮਝ ਨਹੀਂ ਸਕਿਆ ਅਤੇ ਨਤੀਜ਼ਨ ਆਪ ਹੀ ਮੰਡੀ ਵਿੱਚ ਵਿਕ ਗਿਆ। ਇਸੇ ਤਰ੍ਹਾਂ ਦੈਂਤ ਰਾਜੇ ਬਲ ਦੀ ਗੱਲ ਸੁਣ ਲਉ। ਰਾਜੇ ਬਲ ਦੇ ਅਗਰ ਬਸ ਹੁੰਦਾ ਤਾਂ ਉਹ ਆਪਣੇ ਗਰੂ ਦੀ ਗੱਲ ਮੰਨ ਸਕਦਾ ਸੀ। ਉਸ ਨੇ ਆਪਣੇ ਗੁਰੂ ਦੀ ਗੱਲ ਨਹੀ ਮੰਨੀ ਅਤੇ ਧੋਖਾ ਖਾ ਗਿਆ ਅਤੇ ਠਗਿਆ ਗਿਆ। ਜਨਮੇਜੇ ਨੇ ਵੀ ਆਪਣੇ ਗੁਰੂ ਦੀ ਗੱਲ ਨ ਮੰਨ ਕੇ ਅਠਾਰਾਂ ਕਤਲ ਕੀਤੇ। ਪਰ ਉਸਨੇ ਵੀ ਇਹ ਸਭ ਕਰਤਾਰ ਦੇ ਹੁਕਮ ਅਧੀਨ ਹੀ ਕੀਤਾ ਹੈ। ਇਹ ਚਾਰੇ ਆਪਣੇ ਆਪ ਵਿੱਚ ਕਹਿੰਦੇ ਕਹਾਉਂਦੇ ਸਨ। ਕੋਈ ਦੇਵਤਿਆ ਦਾ ਰਾਜਾ, ਕੋਈ ਮਹਾਂ ਦਾਨੀ, ਕੋਈ ਦੇਵਤਿਆ ਨੂੰ ਵੀ ਜਿੱਤਣ ਵਾਲਾ ਅਤੇ ਕੋਈ ਬਲਵਾਨ ਰਾਜਾ ਪਰ ਇਹ ਸਭ ਵੀ ਕਰਤੇ ਦੇ ਹੁਕਮ ਅੰਦਰ ਹੀ ਵਿਚਰੇ ਹਨ। ਇਹਨਾਂ ਦੀ ਆਪਣੀ ਮਰਜ਼ੀ ਨਹੀਂ ਚੱਲੀ। ਇਹ ਵੀ ਕਰਤੇ ਦੇ ਹੁਕਮ ਨੂੰ ਨਹੀਂ ਬਦਲ ਸਕੇ। ਇਹ ਨੂੰ ਵੀ ਹੁਕਮ ਅੰਦਰ ਹੀ ਚਲਣਾ ਪਿਆ।

ਆਖਰੀ ਚਾਰ ਪਦਿਆਂ ਵਿੱਚ ਗੁਰੂ ਸਾਹਿਬ ਰਹਾਉ ਵਾਲੀ ਤੁਕ ਦੇ ਫਲਸਫੇ ਦੀਆਂ ਕੁੱਝ ਬਰੀਕਿਆਂ ਦਾ ਵਰਣਨ ਕਰਦੇ ਨੇ। ਕਹਿੰਦੇ ਨੇ ਕਿ ਹੇ ਕਰਤਾਰ ਮੈਂ ਤਾਂ ਤੇਰੇ ਹੁਕਮ ਨੂੰ ਸੰਪੂਰਣ ਰੂਪ ਵਿੱਚ ਜਾਣ ਵੀ ਨਹੀ ਸਕਦਾ ਪਰ ਇਸ ਹੁਕਮ ਦੇ ਬਲਿਹਾਰੇ ਜਾ ਇਹੀ ਗਾਉਂਦਾ ਹਾਂ ਕਿ ਸਭ ਕੁੱਝ ਤੇਰੀ ਮਰਜ਼ੀ ਨਾਲ ਹੋ ਰਿਹਾ ਹੈ। ਜੋ ਗੁਰੂ ਦੀ ਗੱਲ ਮੰਨਦੇ ਹਨ ਉਹਨਾ ਤੇ ਮਾਇਆ ਜਾਣੀ ਧਾਤ ਦਾ ਮਾੜਾ ਅਸਰ ਨਹੀਂ ਹੁੰਦਾ। ਗੁਰੂ ਤੋਂ ਮੁਨਕਰ ਹੋ ਜੋ ਬਿਬੇਕ ਦਾ ਪੱਲਾ ਛੱਡ ਦਿੰਦੇ ਨੇ ਉਹ ਦੂਰ ਦੀ ਗੱਲ ਨਹੀਂ ਸੋਚ ਸਕਦੇ ਅਤੇ ਪਛਤਾਉਂਦੇ ਨੇ। ਜਿਸ ਤਰ੍ਹਾਂ ਇੰਦਰ, ਹਰੀ ਚੰਦ, ਬਲ ਅਤੇ ਜਨਮੇਜੇ ਨੇ ਪਛਤਾਇਆ। ਪਰ ਇਹ ਸਭ ਕਰਤੇ ਦੀ ਕੁਦਰਤ ਅੰਦਰ ਹੀ ਹੋ ਰਿਹਾ ਹੈ। ਉਹੀ ਸਭ ਕਰਦਾ ਹੈ। ਇਨਸਾਨ ਹੰਕਾਰ ਵਿੱਚ ਆ ਕੇ ਕਹਿ ਦਿੰਦਾ ਹੈ ਕਿ ਉਹ ਖੁਦ ਇਹ ਸਭ ਕਰਦਾ ਹੈ ਪਰ ਫਿਰ ਆਖਰ ਨੂੰ ਪਛਤਾਉਂਦਾ ਹੈ। ਕਰਤਾਰ ਨੇ ਇਹ ਰਚਨਾ ਹੀ ਇਸ ਤਰ੍ਹਾਂ ਦੀ ਕੀਤੀ ਹੈ ਕਿ ਸਭ ਮਾਇਆ ਵਸ ਜਾਂ ਧਾਤ ਵਸ ਗਲਤ ਕਦਮ ਉਠਾ ਲੈਂਦੇ ਨੇ। ਪਰ ਕਰਤਾ ਆਪਣੇ ਨਿਯਮ ਕਦੀ ਨਹੀਂ ਭੁਲਦਾ। ਕਰਤਾ ਆਪਿ ਨ ਭੁਲੈ” ਦੇ ਅਰਥ ਅਕਸਰ ਇਹ ਕੀਤੇ ਜਾਂਦੇ ਨੇ ਕਿ ਰੱਬ ਕਦੀ ਗਲਤੀ ਨਹੀ ਕਰਦਾ। ਜੋ ਕਿ ਸਹੀ ਨਹੀ ਜਾਪਦੇ। ਰੱਬ ਦੀ ਗਲਤੀ ਤਾਂ ਹੀ ਗਲਤੀ ਹੋਏਗੀ ਅਗਰ ਉਸ ਦੇ ਉਤੇ ਕੋਈ ਜੱਜ ਲੱਗਾ ਹੋਵੇ, ਉਸ ਨੂੰ ਕਿਸੇ ਕਸੋਟੀ ਤੇ ਪਰਖਣ ਵਾਲਾ ਹੋਵੇ। ਉਹ ਤਾ ਜੋ ਵੀ ਕਰਦਾ ਹੈ ਉਹੀ ਸਹੀ ਹੈ। ਅਗਰ ਉਹ ਫਲ ਮਿੱਠੇ ਲਾਉਂਦਾ ਹੈ ਤਾਂ ਮਿੱਠੇ ਹੀ ਸਹੀ ਨੇ। ਅਗਰ ਉਹ ਫਲ ਖੱਟੇ ਲਾਉਂਦਾ ਹੈ ਤਾਂ ਖੱਟੇ ਹੀ ਸਹੀ ਨੇ। ਇਸ ਕਰਕੇ ਇਹ ਹੀ ਕਹਿਣਾ ਵਾਜਬ ਰਹੇਗਾ ਕਿ ਕਰਤਾ ਆਪਣੇ ਬਣਾਏ ਨਿਯਮ ਕਦੇ ਨਹੀਂ ਭੁਲਦਾ ਜਾਣੀ ਕਦੇ ਨਹੀਂ ਬਦਲਦਾ। ਅਗਰ ਮਾਇਆ ਵਸ ਬੰਦਾ ਬਿਬੇਕ ਨੂੰ ਛੱਡਦਾ ਹੈ ਤਾਂ ਉਸ ਦੇ ਨਤੀਜੇ ਉਹ ਨਿਯਮਾਂ ਅਧੀਨ ਹਰ ਹਾਲ ਭੁਗਤੇਗਾ। ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਉਹ ਬੰਦਾ ਖੁਦ ਬੇਕਸੂਰ ਹੈ ਅਤੇ ਕਸੂਰ ਸਾਰਾ ਰੱਬ ਦਾ ਹੈ। ਰੱਬ ਨੇ ਤਾਂ ਬਿਬੇਕ ਬੁੱਧ ਵੀ ਬਖਸ਼ੀ ਹੈ। ਅਗਰ ਕੋਈ ਇਹ ਕਹੇ ਕਿ ਰੱਬ ਰੋਕਦਾ ਕਿਉਂ ਨਹੀ। ਤਾਂ ਫਿਰ ਜਵਾਬ ਇਹੀ ਹੈ ਕਿ ਰੱਬ ਨੇ ਜੋ ਸਜ਼ਾ ਰੱਖੀ ਹੈ ਉਹ ਰੋਕਣ ਲਈ ਹੀ ਤਾਂ ਹੈ। ਅਗਰ ਕੋਈ ਇਹ ਕਹੇ ਕਿ ਰੱਬ ਅਜਿਹਾ ਪਹਿਲੀ ਸੂਰਤ ਵਿੱਚ ਹੋਣ ਹੀ ਕਿਉਂ ਦਿੰਦਾ ਹੈ। ਪਰ ਇਸ ਨੂੰ ਜੜ੍ਹ ਤੋਂ ਖਤਮ ਕਰਨ ਲਈ ਤਾਂ ਮਾਇਆ ਜਾ ਧਾਤ ਨੂੰ ਬਿਲਕੁਲ ਹੀ ਖਤਮ ਕਰਨਾ ਪਏਗਾ। ਅਗਰ ਇਹ ਖਤਮ ਹੋ ਗਈ ਤਾਂ ਫਿਰ ਧਰਤੀ ਤੇ ਜੀਵਨ ਹੀ ਖਤਮ ਹੋ ਜਾਏਗਾ। ਇਸ ਲਈ ਜਿਵੇਂ ਆਖਰੀ ਸਤਰ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿ ਹੇ ਭਾਈ ਇਸ ਹੁਕਮ ਨੂੰ ਸਮਝਣ ਵਿੱਚ ਹੀ ਛੁਟਕਾਰਾ ਹੈ ਪਰ ਕਿਸੇ ਵਿਰਲੇ ਤੇ ਹੀ ਇਹ ਗੁਰੂ ਕਿਰਪਾ ਹੁੰਦੀ ਹੈ।

ਸਿੱਟਾ

ਅਖੀਰ ਵਿੱਚ ਇਹ ਕਹਿ ਸਕਦੇ ਹਾਂ ਕਿ ਇਸ ਸ਼ਬਦ ਵਿੱਚ ਮਿਥਿਹਾਸਿਕ ਸ਼ਖਸ਼ੀਅਤਾਂ ਦਾ ਵੇਰਵਾ ਦੇ ਕੇ ਗੁਰੂ ਸਾਹਿਬ ਨੇ ਇਹ ਸਮਝਾਇਆ ਹੈ ਮਾਇਆ ਵਿੱਚ ਮਦਹੋਸ਼ ਬੰਦਾ ਇਹ ਸਮਝਦਾ ਹੈ ਕਿ ਉਹ ਸਭ ਕੁੱਝ ਆਪਣੀ ਮਰਜ਼ੀ ਨਾਲ ਕਰ ਰਿਹਾ ਹੈ ਪਰ ਅਸਲ ਵਿੱਚ ਇਸ ਮਾਇਆ ਰਾਹੀ ਇਹ ਕਰਤੇ ਦਾ ਹੁਕਮ ਵਰਤ ਰਿਹਾ ਹੈ। ਜਦੋਂ ਗੁਰੂ ਦੇ ਲੜ ਲੱਗਿਆਂ ਬਿਬੇਕ ਦੀਆਂ ਅੱਖਾ ਮਿਲਦੀਆਂ ਹਨ ਤਾਂ ਇਸ ਹੁਕਮ ਦੀ ਸੋਝੀ ਹੋ ਜਾਂਦੀ ਹੈ। ਜਪੁ ਦੀ ਦੂਜੀ ਪੌੜੀ ਵਿੱਚ ਹੀ ਗੁਰੂ ਸਾਹਿਬ ਕਹਿੰਦੇ ਹਨ ਕਿ ਨਾਨਕ ਹੁਕਮੈ ਜੇ ਬੁਝੇ ਤ ਹਉਮੈ ਕਹੈ ਨ ਕੋਇ॥” ਭਾਵ ਜਦੋਂ ਹੁਕਮ ਦੀ ਸੋਝੀ ਹੋ ਜਾਂਦੀ ਹੈ ਤਾਂ ਬੰਦੇ ਦੀ ਮੈਂ ਮਿਟ ਜਾਂਦੀ ਹੈ। ਉਹ ਸਮਝ ਜਾਂਦਾ ਹੈ ਕਿ ਉਸਦੀ ਕੋਈ ਮਰਜ਼ੀ ਨਹੀਂ ਚਲਦੀ। ਸਿਰਫ ਕਰਤੇ ਦਾ ਹੁਕਮ ਹੀ ਵਰਤ ਰਿਹਾ ਹੈ ਜਿਸ ਤੋ ਉਸਦਾ ਬਲਿਹਾਰੇ ਜਾਣ ਨੂੰ ਜੀ ਕਰਦਾ ਹੈ।

ਬੇਨਤੀ

ਮੇਰੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਲਿਖੇ ਹੋਰ ਲੇਖ ਅਤੇ ਗੁਰਬਾਣੀ ਦਾ ਅੰਗਰੇਜ਼ੀ ਵਿੱਚ ਉਲਥਾ ਪੜ੍ਹਨ ਲਈ ਮੇਰੀ ਵੈੱਬ ਸਾਈਟ www.understandingguru.com ਤੇ ਤੁਹਾਡਾ ਤਹਿਦਿਲੋਂ ਸਵਾਗਤ ਹੈ।




.