ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਗੌਤਮੁ ਤਪਾ ਅਹਿਲਿਆ
ਗੁਰੂ ਨਾਨਕ ਸਾਹਿਬ ਜੀ ਦੇ ਪ੍ਰਭਾਤੀ ਰਾਗ ਵਿੱਚ ਉਚਾਰਣ
ਕੀਤੇ ਹੋਏ ਸ਼ਬਦ ਦੀ ਵਿਚਾਰ ਚਰਚਾ ਕੀਤੀ ਜਾਏਗੀ।
ਪ੍ਰਭਾਤੀ ਮਹਲਾ ੧ ਦਖਣੀ।।
ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ।।
ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ।। ੧।।
ਕੋਈ ਜਾਣਿ ਨ ਭੂਲੈ ਭਾਈ।।
ਸੋ ਭੂਲੈ ਜਿਸੁ ਆਪਿ ਭੁਲਾਏ ਬੂਝੈ ਜਿਸੈ ਬੁਝਾਈ।। ੧।।
ਰਹਾਉ।।
ਤਿਨਿ ਹਰੀ ਚੰਦਿ ਪ੍ਰਿਥਮੀ ਪਤਿ ਰਾਜੈ ਕਾਗਦਿ ਕੀਮ ਨ
ਪਾਈ।।
ਅਉਗਣੁ ਜਾਣੈ ਤ ਪੁੰਨ ਕਰੇ ਕਿਉ ਕਿਉ ਨੇਖਾਸਿ ਬਿਕਾਈ।।
੨।।
ਕਰਉ ਅਢਾਈ ਧਰਤੀ ਮਾਂਗੀ ਬਾਵਨ ਰੂਪਿ ਬਹਾਨੈ।।
ਕਿਉ ਪਇਆਲਿ ਜਾਇ ਕਿਉ ਛਲੀਐ ਜੇ ਬਲਿ ਰੂਪੁ ਪਛਾਨੈ।। ੩।।
ਰਾਜਾ ਜਨਮੇਜਾ ਦੇ ਮਤੀ ਬਰਜਿ ਬਿਆਸਿ ਪੜਾੑਇਆ।।
ਤਿਨਿੑ ਕਰਿ ਜਗ ਅਠਾਰਹ ਘਾਏ ਕਿਰਤੁ ਨ ਚਲੈ ਚਲਾਇਆ।। ੪।।
ਗਣਤ ਨ ਗਣੀ ਹੁਕਮੁ ਪਛਾਣਾ ਬੋਲੀ ਭਾਇ ਸੁਭਾਈ।।
ਜੋ ਕਿਛੁ ਵਰਤੈ ਤੁਧੈ ਸਲਾਹੀ ਸਭ ਤੇਰੀ ਵਡਿਆਈ।। ੫।।
ਗੁਰਮੁਖਿ ਅਲਿਪਤੁ ਲੇਪੁ ਕਦੇ ਨ ਲਾਗੈ ਸਦਾ ਰਹੈ ਸਰਣਾਈ।।
ਮਨਮੁਖੁ ਮੁਗਧੁ ਆਗੈ ਚੇਤੈ ਨਾਹੀ ਦੁਖਿ ਲਾਗੈ ਪਛੁਤਾਈ।।
੬।।
ਆਪੇ ਕਰੇ ਕਰਾਏ ਕਰਤਾ ਜਿਨਿ ਏਹ ਰਚਨਾ ਰਚੀਐ।।
ਹਰਿ ਅਭਿਮਾਨੁ ਨ ਜਾਈ ਜੀਅਹੁ ਅਭਿਮਾਨੇ ਪੈ ਪਚੀਐ।। ੭।।
ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ।।
ਨਾਨਕ ਸਚਿ ਨਾਮਿ ਨਿਸਤਾਰਾ ਕੋ ਗੁਰ ਪਰਸਾਦਿ ਅਘੁਲੈ।।
੮।। ੪।।
ਅੱਖਰੀਂ ਅਰਥ--—
ਹੇ ਭਾਈ! ਕੋਈ ਭੀ ਜੀਵ ਜਾਣ
ਬੁੱਝ ਕੇ ਕੁਰਾਹੇ ਨਹੀਂ ਪੈਂਦਾ (ਜੀਵ ਦੇ ਵੱਸ ਦੀ ਗੱਲ ਨਹੀਂ)। ਉਹੀ ਮਨੁੱਖ ਕੁਰਾਹੇ ਪੈਂਦਾ ਹੈ
ਜਿਸ ਨੂੰ ਪਰਮਾਤਮਾ ਆਪ ਕੁਰਾਹੇ ਪਾਂਦਾ ਹੈ। ਉਹੀ ਮਨੁੱਖ (ਸਹੀ ਜੀਵਨ-ਰਾਹ) ਸਮਝਦਾ ਹੈ, ਜਿਸ ਨੂੰ
ਪਰਮਾਤਮਾ ਆਪ ਸਮਝ ਬਖ਼ਸ਼ਦਾ ਹੈ। ੧। ਰਹਾਉ।
ਗੋਤਮ (ਇਕ ਪ੍ਰਸਿੱਧ) ਤਪੀ (ਸੀ), ਅਹਿੱਲਿਆ (ਉਸ ਦੀ)
ਇਸਤ੍ਰੀ (ਸੀ), ਉਸ ਦਾ ਰੂਪ ਵੇਖ ਕੇ (ਦੇਵਤਿਆਂ ਦਾ ਰਾਜਾ ਅਖਵਾਂਦਾ) ਇੰਦ੍ਰ ਮਸਤ ਹੋ ਗਿਆ। (ਗੋਤਮ
ਦੇ ਸਰਾਪ ਨਾਲ) (ਉਸ ਦੇ ਇੰਦਰ ਦੇ) ਸਰੀਰ ਉਤੇ ਹਜ਼ਾਰ ਭਗਾਂ ਦੇ ਨਿਸ਼ਾਨ ਬਣ ਗਏ, ਤਦੋਂ ਇੰਦ੍ਰ ਆਪਣੇ
ਮਨ ਵਿੱਚ (ਉਸ ਕੁਕਰਮ ਤੇ) ਪਛੁਤਾਇਆ। ੧।
ਧਰਤੀ ਦੇ ਰਾਜੇ ਉਸ ਰਾਜਾ ਹਰੀ ਚੰਦ ਨੇ (ਇਤਨੇ ਦਾਨ-ਪੁੰਨ
ਕੀਤੇ ਕਿ ਉਹਨਾਂ ਦਾ) ਮੁੱਲ ਕਾਗਜ਼ ਉਤੇ ਨਹੀਂ ਪੈ ਸਕਦਾ। ਜੇ (ਰਾਜਾ ਹਰੀ ਚੰਦ ਉਹਨਾਂ ਦਾਨ-ਪੁੰਨਾਂ
ਨੂੰ) ਮਾੜਾ ਕੰਮ ਸਮਝਦਾ ਤਾਂ ਦਾਨ ਪੁੰਨ ਕਰਦਾ ਹੀ ਕਿਉਂ? (ਨਾਹ ਉਹ ਦਾਨ-ਪੁੰਨ ਕਰਦਾ) ਤੇ ਨਾਹ ਹੀ
ਮੰਡੀ ਵਿੱਚ ਵਿਕਦਾ। ੨।
(ਵਿਸ਼ਨੂੰ ਨੇ) ਵਉਣੇ ਰੂਪ ਵਿੱਚ (ਆ ਕੇ) ਬਹਾਨੇ ਨਾਲ
ਰਾਜਾ ਬਲਿ ਪਾਸੋਂ ਢਾਈ ਕਰਮ ਧਰਤੀ (ਦਾ ਦਾਨ ਆਪਣੀ ਕੁਟੀਆ ਬਣਾਣ ਲਈ) ਮੰਗਿਆ। ਜੇ ਬਲਿ ਰਾਜਾ ਵਉਣੇ
ਰੂਪ ਨੂੰ ਪਛਾਣ ਲੈਂਦਾ, ਤਾਂ ਨਾਹ ਹੀ ਠੱਗਿਆ ਜਾਂਦਾ ਤੇ ਨਾਹ ਹੀ ਪਾਤਾਲ ਵਿੱਚ ਜਾਂਦਾ। ੩।
ਬਿਆਸ ਰਿਸ਼ੀ ਨੇ ਮੱਤਾਂ ਦੇ ਕੇ ਰਾਜਾ ਜਨਮੇਜੈ ਨੂੰ
ਸਮਝਾਇਆ ਤੇ ਵਰਜਿਆ (ਕਿ ਉਸ ਅਪੱਛਰਾਂ ਨੂੰ ਆਪਣੇ ਘਰ ਵਿੱਚ ਨਾਹ ਲਿਆਈਂ। ਪਰ ਪਰਮਾਤਮਾ ਨੇ ਉਸ ਦੀ
ਮਤਿ ਮਾਰੀ ਹੋਈ ਸੀ। ਉਹ ਰਿਸ਼ੀ ਦੇ ਆਖੇ ਨਾਹ ਲੱਗਾ। ਅਪੱਛਰਾਂ ਨੂੰ ਲੈ ਕੇ ਆਇਆ। ਫਿਰ) ਉਸ ਨੇ
ਅਠਾਰਾਂ ਜੱਗ ਕਰ ਕੇ ਅਠਾਰਾਂ ਬ੍ਰਾਹਮਣ ਮਾਰ ਦਿੱਤੇ (ਕਿਉਂਕਿ ਉਹ ਅੱਤ ਬਰੀਕ ਕਪੜਿਆਂ ਵਿੱਚ ਆਈ
ਅੱਧ-ਨਗਨ ਅਪੱਛਰਾ ਵੇਖ ਕੇ ਹੱਸ ਪਏ ਸਨ)। ਕੀਤੇ ਕਰਮਾਂ ਦੇ ਫਲ ਨੂੰ ਕੋਈ ਮਿਟਾ ਨਹੀਂ ਸਕਦਾ। ੪।
ਹੇ ਪ੍ਰਭੂ! ਮੈਂ ਹੋਰ ਕੋਈ ਸੋਚਾਂ ਨਹੀਂ ਸੋਚਦਾ, ਮੈਂ
ਤਾਂ ਤੇਰੀ ਰਜ਼ਾ ਨੂੰ ਸਮਝਣ ਦਾ ਜਤਨ ਕਰਦਾ ਹਾਂ, ਤੇ ਤੇਰੇ ਪ੍ਰੇਮ ਵਿੱਚ (ਮਗਨ ਹੋ ਕੇ) ਤੇਰੇ ਗੁਣ
ਉਚਾਰਦਾ ਹਾਂ। ਮੈਂ ਤਾਂ ਤੇਰੀ ਹੀ ਸਿਫ਼ਤਿ-ਸਾਲਾਹ ਕਰਦਾ ਹਾਂ। ਜੋ ਕੁੱਝ ਜਗਤ ਵਿੱਚ ਹੋ ਰਿਹਾ ਹੈ
ਤੇਰੀ ਤਾਕਤ ਦਾ ਜ਼ਹੂਰ ਹੋ ਰਿਹਾ ਹੈ। ੫।
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਜਗਤ ਵਿੱਚ
ਨਿਰਲੇਪ ਰਹਿੰਦਾ ਹੈ, ਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਉਹ ਸਦਾ ਪਰਮਾਤਮਾ ਦੀ ਓਟ ਫੜਦਾ
ਹੈ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ (ਜ਼ਿੰਦਗੀ ਵਿਚ) ਵੇਲੇ ਸਿਰ ਪਰਮਾਤਮਾ ਨੂੰ
ਯਾਦ ਨਹੀਂ ਕਰਦਾ, ਜਦੋਂ (ਆਪਣੀ ਇਸ ਮੂਰਖਤਾ ਦੇ ਕਾਰਨ) ਦੁੱਖ ਵਿੱਚ ਫਸਦਾ ਹੈ ਤਾਂ ਹੱਥ ਮਲਦਾ ਹੈ।
੬।
ਜਿਸ ਪਰਮਾਤਮਾ ਨੇ ਇਹ ਜਗਤ-ਰਚਨਾ ਰਚੀ ਹੈ ਉਹ ਆਪ ਹੀ ਸਭ
ਕੁੱਝ ਕਰਦਾ ਹੈ ਉਹ ਆਪ ਹੀ ਜੀਵਾਂ ਪਾਸੋਂ ਸਭ ਕੁੱਝ ਕਰਾਂਦਾ ਹੈ।
ਹੇ ਪ੍ਰਭੂ! (ਅਸੀ ਜੀਵ ਮੂਰਖ ਹਾਂ, ਅਸੀ ਇਹ ਮਾਣ ਕਰਦੇ
ਹਾਂ ਕਿ ਅਸੀ ਹੀ ਸਭ ਕੁੱਝ ਕਰਦੇ ਹਾਂ ਤੇ ਕਰ ਸਕਦੇ ਹਾਂ) ਸਾਡੇ ਦਿਲਾਂ ਵਿਚੋਂ ਅਹੰਕਾਰ ਦੂਰ ਨਹੀਂ
ਹੁੰਦਾ। ਅਹੰਕਾਰ ਵਿੱਚ ਪੈ ਕੇ ਖ਼ੁਆਰ ਹੁੰਦੇ ਹਾਂ। ੭। ਕਰਤਾਰ ਆਪ ਕਦੇ ਗ਼ਲਤੀ ਨਹੀਂ ਖਾਂਦਾ ਪਰ ਹਰੇਕ
ਜੀਵ ਜੋ ਉਸ ਨੇ ਪੈਦਾ ਕੀਤਾ ਹੈ ਭੁੱਲਾਂ ਵਿੱਚ ਫਸਦਾ ਰਹਿੰਦਾ ਹੈ।
ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿੱਚ
ਜੁੜਿਆਂ ਇਹਨਾਂ ਭੁੱਲਾਂ ਤੋਂ ਬਚ ਸਕੀਦਾ ਹੈ। ਗੁਰੂ ਦੀ ਕਿਰਪਾ ਨਾਲ ਹੀ ਕੋਈ ਵਿਰਲਾ ਜੀਵ ਕੁਰਾਹੇ
ਪੈਣ ਤੋਂ ਬਚਦਾ ਹੈ। ੮। ੪।
ਵਿਚਾਰ ਚਰਚਾ—
ਸ਼ਬਦ ਦਾ ਮੂਲ ਪਾਠ ਅਤੇ ਅੱਖਰੀਂ ਅਰਥ ਊਪਰ ਵਿਚਾਰ ਲਏ ਹਨ।
ਰਹਾਉ ਦੀਆਂ ਤੁਕਾਂ ਵਿੱਚ ਇੰਝ ਸਮਝ ਆਉਂਦਾ ਹੈ ਕਿ ਜਿਵੇਂ ਰੱਬ ਜੀ ਨੇ ਮਨੁੱਖ ਨੂੰ ਭੁਲਾ ਦਿੱਤਾ
ਹੋਵੇ ਤਾਂ ਮਨੁੱਖ ਆਪਣੇ ਰਾਹ ਤੋਂ ਭੁੱਲ ਜਾਂਦਾ ਹੈ। ਇਸ ਦਾ ਅਰਥ ਹੋਇਆ ਕਿ ਮਨੁੱਖ ਦੀ ਆਪਣੀ ਕੋਈ
ਜ਼ਿੰਮੇਵਾਰੀ ਨਹੀਂ ਬਣਦੀ ਸਗੋਂ ਰੱਬ ਹੀ ਮਨੁੱਖ ਨੂੰ ਉਝੜ ਰਾਹੇ ਪਾ ਦੇਂਦਾ ਹੈ।
ਗੁਰਬਾਣੀ ਦਾ ਸਿਧਾਂਤ ਹੈ ਕਿ ਰੱਬ ਜੀ ਸਦਾ ਹੀ
‘ਨਿਰਵੈਰ`
ਹਨ, ਰੱਬ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ।
ਰਬ ਸਭ ਦਾ ਸਾਂਝਾ ਹੈ। ਉਹ ਕਿਸੇ ਨੂੰ ਦੁਖ ਨਹੀਂ ਦੇਂਦਾ। ਅਸਲ ਵਿੱਚ ਰੱਬ ਦੀ ਸਦੀਵ ਕਾਲ ਨਿਯਮਾਵਲੀ
ਵਿੱਚ ਕਰਮ ਮਨੁੱਖ ਦਾ ਹੈ। ਮਨੁੱਖ ਆਪਣੇ ਕੀਤੇ ਕਰਮਾਂ ਅਨੁਸਾਰ ਅੱਗੇ ਪਿੱਛੇ ਨੂੰ ਤੁਰਦਾ ਹੈ—
ਦਦੈ ਦੋਸੁ ਨ ਦੇਊ ਕਿਸੈ, ਦੋਸੁ ਕਰੰਮਾ ਆਪਣਿਆ।।
ਜੋ ਮੈ ਕੀਆ ਸੋ ਮੈ ਪਾਇਆ, ਦੋਸੁ ਨ ਦੀਜੈ ਅਵਰ ਜਨਾ।।
੨੧।।
ਰਾਗ ਆਸਾ ਮਹਲਾ ੧ ਪੰਨਾ ੪੩੩
ਗੁਰਬਾਣੀ ਦੀ ਵਿਚਾਰਧਾਰਾ ਸਮੁੱਚੀ ਮਨੁੱਖਤਾ ਨੂੰ ਸਚਿਆਰ ਮਨੁੱਖ ਬਣਨ ਲਈ
ਆਖਦੀ ਹੈ। ਸਚਿਆਰ ਮਨੁੱਖ ਦੀ ਘਾੜਤ ਸੱਚੇ ਗਿਆਨ ਦੁਆਰਾ ਘੜੀ ਜਾਂਦੀ ਹੈ। ਗੁਰਬਾਣੀ ਫਰਮਾਣ ਹੈ ਕਿ
ਸੁਆਮੀ ਦੇ ਦਰ ‘ਤੋਂ ਸ਼ੁਭ ਮੱਤ ਮਿਲਦੀ ਹੈ ਜੇਹਾ ਕਿ—
ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ।।
ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ।।
੧।।
ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ।।
ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ।।
ਰਹਾਉ।।
ਸੁਆਮੀ ਦੇ ਦਰ ਦਾ ਭਾਵ ਅਰਥ ਹੈ ਕਿ ਮਨੁੱਖ ਨੂੰ ਖ਼ੁਦ ਉਦਮ
ਕਰਕੇ ਗਿਆਨ ਹਾਸਲ ਕਰਦਿਆਂ ਹੋਇਆਂ ਮਿਹਨਤ ਕਰਨੀ ਪੈਣੀ ਹੈ। ਸਮਰਪਤ ਭਾਵਨਾ ਨਾਲ ਆਪਣੇ ਜੀਵਨ ਵਿੱਚ
ਵਿਚਰਦਿਆਂ ਸਮਾਜ ਦਾ ਨਿਰੋਇਆ ਅੰਗ ਬਣਨਾ ਹੈ।
ਸਾਡੇ ਦਿਮਾਗ ਵਿੱਚ ਹਰ ਵੇਲੇ ਭਲੇ-ਬੁਰੇ ਦੋ ਵਿਚਾਰ ਚਲਦੇ
ਰਹਿੰਦੇ ਹਨ। ਬੁਰੇ ਵਿਚਾਰ ਆਪਣਾ ਪ੍ਰਭਾਵ ਬਣਾ ਕਿ ਰੱਖਦੇ ਹਨ ਇਸ ਲਈ ਬੁਰੇ ਪਾਸੇ ਨੂੰ ਛੇਤੀ ਛੇਤੀ
ਤੁਰ ਪੈਂਦਾ ਹੈ ਜਦ ਕਿ ਚੰਗੇ ਵਿਚਾਰ ਲੈਣ ਲੱਗਿਆਂ ਨੀਂਦ ਆ ਜਾਂਦੀ ਹੈ—
ਰੇ ਮੂੜੇ ਲਾਹੇ ਕਉ ਤੂੰ ਢੀਲਾ ਢੀਲਾ ਤੋਟੇ ਕਉ ਬੇਗਿ
ਧਾਇਆ।।
ਸਸਤ ਵਖਰੁ ਤੂੰ ਘਿੰਨਹਿ ਨਾਹੀ ਪਾਪੀ ਬਾਧਾ ਰੇਨਾਇਆ।।
੧।।
ਆਸਾ ਮਹਲਾ ੫ ਪੰਨਾ ੪੦੨
ਭਲੇ ਅਤੇ ਬੁਰੇ ਵਿਚਾਰ ਸਾਡੇ ਮਨ ਵਿੱਚ ਹਰ ਵੇਲੇ ਚਲਦੇ
ਰਹਿੰਦੇ ਹਨ। ਇਹ ਦੋਵੇਂ ਵਿਚਾਰ ਹੀ ਸਾਡਾ ਜੀਵਨ ਨਿਰਧਾਰਤ ਕਰਦੇ ਹਨ। ਇਹਨਾਂ ਦੇ ਪ੍ਰਭਾਵ ਹੇਠ ਹੀ
ਸਾਡਾ ਜੀਵਨ ਘੜਿਆ ਜਾਂਦਾ ਹੈ-ਗੁਰਬਾਣੀ ਫਰਮਾਣ ਹੈ—
ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ।।
ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ
ਹਰੇ।। ੧।।
ਮਾਰੂ ਮਹਲਾ ੧ ਪੰਨਾ ੯੯੦
ਸ
ਉਪਰੋਕਤ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਦਾ ਮੂਲ ਪਾਠ ਅਤੇ
ਅੱਖਰੀਂ ਅਰਥ ਪੜ੍ਹ ਆਏ ਹਾਂ। ਇਹਨਾਂ ਤੁਕਾਂ ਵਿੱਚ ਮੋਟੇ ਤੌਰ `ਤੇ ਸਮਝ ਆਉਂਦਾ ਹੈ ਕਿ ਰੱਬ ਜੀ ਹੀ
ਮਨੁੱਖ ਨੂੰ ਭੁਲਾਉਂਦੇ ਤੇ ਸਿੱਧੇ ਰਾਹ ਤੋਰਦੇ ਹਨ।
“ਕੋਈ ਜਾਣਿ ਨ ਭੂਲੈ ਭਾਈ।। ਸੋ ਭੂਲੈ ਜਿਸੁ ਆਪਿ ਭੁਲਾਏ ਬੂਝੈ ਜਿਸੈ
ਬੁਝਾਈ”
ਅੱਖਰੀਂ
ਅਰਥ ਤਾਂ ਇਹੋ ਸਮਝ ਆਉਂਦੇ ਹਨ ਕਿ ਉਪਰੋਕਤ ਮਿੱਥਹਾਸਕ ਪਾਤਰਾਂ ਦਾ ਕੋਈ ਕਸੂਰ ਨਹੀਂ ਸੀ ਉਹਨਾਂ ਨੂੰ
ਰੱਬ ਨੇ ਭੁਲਾਇਆ ਹੈ ਤਾਂ ਇੰਦ੍ਰ ਵਰਗੇ ਦੇਵਤੇ ਨੇ ਕਿਸੇ ਦੀ ਨਾਰ ਦਾ ਸਤ ਭੰਗ ਕੀਤਾ। ਸਵਾਲ ਪੈਦਾ
ਹੁੰਦਾ ਹੈ ਕਿ ਜੇ ਅੱਜ ਏਦਾਂ ਹੋਵੇ ਤਾਂ ਕੀ ਸਮਾਜ ਦੀਆਂ ਕਦਰਾਂ ਕੀਮਤਾਂ ਬਰਕਰਾਰ ਰਹਿ ਸਕਦੀਆਂ ਹਨ?
ਇੰਦ੍ਰ ਵਰਗਾ ਕਾਂਡ ਕਰਕੇ ਕਹਿ ਸਕਦਾ ਹੈ ਕਿ ਮੇਰਾ ਤਾਂ ਕੋਈ ਕਸੂਰ ਹੀ ਨਹੀਂ ਹੈ ਮੈਨੂੰ ਤਾਂ ਰੱਬ
ਨੇ ਹੀ ਭੁਲਾ ਦਿੱਤਾ ਹੈ। ਭਾਵ ਮੇਰੇ ਕੋਲੋਂ ਤਾਂ ਰੱਬ ਨੇ ਹੀ ਕਰਮ ਕਰਾਇਆ ਹੈ। ਦੂਸਰਾ ਜੇ ਸਮਾਜ
ਇੰਦ੍ਰ ਵਰਗੀ ਬਿਰਤੀ ਰੱਖੇਗਾ ਤਾਂ ਸਮਾਜ ਦੀ ਹਾਲਤ ਕਿਹੋ ਜੇਹੀ ਹੋਏਗੀ?
ਭੁੱਲ ਜਾਣਾ ਦੋ ਪ੍ਰਕਾਰ ਦਾ ਹੈ। ਅਚਨਚੇਤ ਭੁੱਲ ਜਾਣਾ
ਦੂਸਰਾ ਜਾਣ ਕੇ ਭੁੱਲ ਜਾਣਾ। ਮਿਸਾਲ ਦੇ ਤੌਰ `ਤੇ ਅਚਨਚੇਤ ਪੈਸਿਆਂ ਵਾਲਾ ਬਟੂਆ ਘਰ ਰਹਿ ਜਾਏ ਤਾਂ
ਬੰਦਾ ਉਸ ਦਾ ਕੋਈ ਹੱਲ ਲੱਭ ਲੈਂਦਾ ਹੈ। ਦੂਸਰਾ ਜਾਣ ਬੁਝ ਕੇ ਭੁੱਲਣਾ ਜਿਸ ਤਰ੍ਹਾਂ ਮਿੱਤਰਾਂ ਦੀ
ਪਾਰਟੀ `ਤੇ ਚੱਲੇ ਹਾਂ ਤਾਂ ਜਾਣ ਬੁਝ ਕੇ ਬਟੂਆ ਘਰ ਛੱਡ ਜਾਣਾ ਕਿ ਓੱਥੇ ਪੈਸੇ ਨਾ ਦੇਣੇ ਪੈਣ। ਸੁ
ਰਹਾਉ ਦੀ
‘ਆਪਿ`
ਸ਼ਬਦ ਨੂੰ ਸਮਝਣ ਦੀ ਜ਼ਰੂਰਤ ਹੈ।
ਇਹਨਾਂ ਤੁਕਾਂ ਵਿੱਚ ਆਪਿ ਸ਼ਬਦ ਮਨੁੱਖ ਵਾਸਤੇ ਹੀ ਆਇਆ ਹੈ ਤੇ ਅਰਥ ਸਮਝ
ਆਉਂਦੇ ਹਨ—ਕੋਈ ਵੀ ਕਿਸੇ ਚੀਜ਼ ਨੂੰ ਜਾਣਕੇ (ਸਮਝ ਕੇ) ਨਹੀਂ ਭੁੱਲਦਾ ਪਰ ਉਹ ਕਿਸੇ ਚੀਜ਼ ਨੂੰ ਤਾਂ
ਭੁੱਲਦਾ ਜੇ ਉਹ ਆਪ ਉਸ ਨੂੰ ਭੁਲਾ ਦੇਵੇ। ਦੂਸਰਾ ਉਹੀ ਸਮਝਦਾ ਹੈ ਜਿਹੜਾ ਆਪ ਉਦਮ ਕਰਕੇ ਸੋਝੀ ਲੈਣ
ਦਾ ਯਤਨ ਕਰਦਾ ਹੈ।
ਇਸ ਸਾਰੇ ਸ਼ਬਦ ਵਿੱਚ ਦੋ ਸੁਨੇਹੇ ਹਨ। ਇੱਕ ਉਹ ਜਿੰਨ੍ਹਾਂ
ਨੇ ਜਾਣਦਿਆਂ ਹੋਇਆਂ ਵੀ ਗਲਤੀਆਂ ਕੀਤੀਆਂ ਅਤੇ ਉਸ ਦੇ ਸਿੱਟੇ ਉਹਨਾਂ ਨੇ ਭੁਗਤੇ। ਮਗਰਲਿਆਂ ਚਾਰ
ਪਦਿਆਂ ਵਿੱਚ ਗੁਰੂ ਸਾਹਿਬ ਜੀ ਨੇ ਸਮਝਾਇਆ ਹੈ ਕਿ ਜਿਹੜੇ ਗੁਰ-ਗਿਆਨ ਨੂੰ ਸਮਝ ਕੇ ਆਪਣੀ ਸੋਚ ਦਾ
ਹਿੱਸਾ ਬਣਾਉਂਦੇ ਹਨ, ਸਦੀਵ ਕਾਲ ਨਿਯਮਾਵਲੀ ਨੂੰ ਸਮਝਦਿਆਂ ਹੋਇਆਂ ਦੈਵੀ ਗੁਣਾਂ ਨੂੰ ਆਪਣੀ ਜ਼ਿੰਦਗੀ
ਵਿੱਚ ਧਾਰਨ ਕਰਦੇ ਹਨ। ਜਿਹੜੇ ਸਤ ਸੰਤੋਖ, ਧੀਰਜ, ਇਮਾਨਦਾਰੀ ਅਨੁਸਾਰ ਚੱਲਣ ਦਾ ਯਤਨ ਕਰਦੇ ਹਨ ਉਹ
ਭੁੱਲਦੇ ਨਹੀਂ ਹਨ। ਗੁਣਾਂ ਰੂਪੀ ਕਰਤਾਰ ਸਾਡੇ ਹਿਰਦੇ ਭਾਵ ਦਿਮਾਗ ਵਿੱਚ ਬੈਠਾ ਹੈ। ਗੁਰ-ਗਿਆਨ ਦੀ
ਸਮਝ ਜਦੋਂ ਆ ਜਾਂਦੀ ਹੈ ਤਾਂ ਇਹ ਸਮਝ ਧਰਮਰਾਜ ਦੇ ਰੂਪ ਵਿੱਚ ਚੰਗਿਆਈਆਂ ਤੇ ਬੁਰਾਈਆਂ ਦੀ ਸ਼ਨਾਖ਼ਤ
ਕਰਕੇ ਸਾਨੂੰ ਸਹੀ ਗਲਤ ਦੀ ਸਮਝ ਮਿਲਦੀ ਹੈ। ਅਸੀਂ ਆਪਣੇ ਕੀਤੇ ਕਰਮਾਂ ਕਰਕੇ ਹੀ ਦੂਰ ਅਤੇ ਨੇੜੇ
ਹਾਂ।
ਚੰਗਿਆਈਆ ਬੁਰਿਆਈਆ, ਵਾਚੈ ਧਰਮੁ ਹਦੂਰਿ।।
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ।।
ਜਪੁਜੀ ਪੰਨਾ ੯
ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਨੂੰ ਛੱਡ ਕੇ ਪਹਿਲੇ ਚਾਰ
ਬੰਦਾਂ ਵਿੱਚ ਪੁਰਾਣੀਆਂ ਚਲੀਆਂ ਆ ਰਹੀਆਂ ਮਿੱਥਾਂ ਦੀਆਂ ਉਦਾਹਰਣਾਂ ਦਿੱਤੀਆਂ ਹਨ ਨਾ ਕਿ ਉਹਨਾਂ ਦੀ
ਕੋਈ ਪ੍ਰੋੜਤਾ ਕੀਤੀ ਹੈ। ਪ੍ਰਚੱਲਤ ਚਲ ਰਹੇ ਵਿਚਾਰਾਂ ਦੁਆਰਾ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਹੈ
ਕਿ ਇਹਨਾਂ ਮਿੱਥਹਾਸਕ ਪਾਤਰਾਂ ਨੇ ਜਾਣਦਿਆਂ ਹੋਇਆਂ ਵੀ ਭੁੱਲਾਂ ਕੀਤੀਆਂ ਤੇ ਉਸ ਦੇ ਨਤੀਜੇ ਉਹਨਾਂ
ਨੇ ਭੁਗਤੇ ਹਨ। ਇਹ ਨਹੀਂ ਹੈ ਕਿ ਇਹਨਾਂ ਨੂੰ ਰੱਬ ਨੇ ਭੁਲਾ ਦਿੱਤਾ ਹੈ।
ਸ਼ਬਦ ਦੇ ੫, ੬, ੭, ੮ ਪਦਿਆਂ ਵਿੱਚ ਗੁਰੂ ਦੀ ਸ਼ਰਣ ਵਿੱਚ
ਆ ਕੇ ਗਿਆਨ ਹਾਸਲ ਕਰਨ ਦੀ ਜੁਗਤੀ, ਹੁਕਮ ਦੀ ਪਛਾਣ ਸਮਝਾਈ ਹੈ। ਜਿਸ ਨੂੰ ਸਮਝ ਆ ਜਾਂਦੀ ਹੈ ਉਹ
ਮਨੁੱਖ ਨਹੀਂ ਭੁੱਲਦਾ ਤੇ ਅਸੂਲਾਂ ਤੇ ਕਾਇਮ ਰਹਿੰਦਾ ਹੈ।
ਜਦੋਂ ਮਨੁੱਖ ਗਿਆਨ ਹਾਸਲ ਕਰਨ ਦਾ ਯਤਨ ਕਰਦਾ ਹੈ ਤਾਂ
ਸਮਝ ਜਨਮ ਲੈਂਦੀ ਹੈ। ਇਸ ਸਮਝਣ ਨੂੰ ਵਰਤਣ ਕਰਕੇ ਹੀ ਸਾਰੀ ਦੁਨੀਆਂ ਦੀ ਤਰੱਕੀ ਹੋਈ ਹੈ। ਇੱਕ ਜਹਾਜ਼
ਚਲਾਉਣ ਵਾਲੇ ਨੂੰ ਕਿੰਨਾ ਅਭਿਆਸ ਕਰਾਇਆ ਗਿਆ ਹੋਵੇਗਾ ਕਿ ਸੈਂਕੜੇ ਯਾਤਰੂਆਂ ਨੂੰ ਇੱਕ ਥਾਂ ਤੋਂ
ਦੂਜੀ ਥਾਂ `ਤੇ ਨਿਰੰਤਰ ੧੫-੧੬ ਘੰਟੇ ਅਸਮਾਨ ਵਿੱਚ ਤਾਰੀਆਂ ਲਉਂਦਾ ਮਿੱਥੀ ਮੰਜ਼ਿਲ `ਤੇ ਪਹੁੰਚਾ
ਦਿੰਦਾ ਹੈ।
ਇਸ ਸ਼ਬਦ ਵਿੱਚ ਸਮਝਾਇਆ ਹੈ ਕਿ ਜਦੋਂ ਸਮਝ ਆ ਜਾਂਦੀ ਹੈ
ਤਾਂ ਉਹ ਭੁੱਲਦਾ ਨਹੀਂ ਹੈ। ਦੂਸਰਾ ਜੇ ਮਨੁੱਖ ਜਾਣ ਬੁਝ ਕੇ ਕਿਸੇ ਨੂੰ ਭੁੱਲਣਾ ਚਾਹੇ ਤਾਂ ਉਹ
ਅਸੂਲਾਂ ਨੂੰ ਭੁਲਾ ਦਿੰਦਾ ਹੈ। ਤੀਸਰਾ ਉਦਮ ਕਰਕੇ ਗੁਰ-ਗਿਆਨ ਦੁਆਰਾ ਸੋਝੀ ਲੈਣ ਦਾ ਹਰ ਵੇਲੇ ਯਤਨ
ਕਰਦੇ ਰਹਿਣਾ ਚਾਹੀਦਾ ਹੈ।