.

ਕਿਸਾਨ ਅੰਦੋਲਨ
(2020-2021)

ਭਾਰਤ ਸਰਕਾਰ ਵੱਲੋਂ ਸੰਨ 1965 ਵਿੱਚ ਇੱਕ ਨਾਅਰਾ (slogan) ਮਸ਼ਹੂਰ ਕੀਤਾ ਗਿਆ ਸੀ, “ਜੈ ਜਵਾਨ, ਜੈ ਕਿਸਾਨ”। (ਨੋਟ:-ਇੱਥੇ ਅਸੀਂ ਸਿਰਫ਼ “ਜੈ ਕਿਸਾਨ” ਦੀ ਹੀ ਗੱਲ ਕਰਾਂ ਗੇ।) ਕਈ ਸਾਲ ਤਕ ਇਸ ਨਾਅਰ੍ਹੇ (ਜੈ ਕਿਸਾਨ) ਦੀ ਲਾਜ ਰੱਖਦਿਆਂ, ਸਰਕਾਰਾਂ ਵੱਲੋਂ ਕਿਰਸਾਨੀ ਦੀ ਉੱਨਤੀ ਅਤੇ ਮਿਹਨਤੀ ਕਿਸਾਨਾਂ ਦੀ ਖ਼ੁਸ਼ਹਾਲੀ ਵਾਸਤੇ ਕੁੱਝ ਯਤਨ ਵੀ ਕੀਤੇ ਗਏ। ਪਰੰਤੂ, ਜਿਉਂ ਜਿਉਂ ਸ਼ਾਸਕ/ਸਿਆਸਤਦਾਨ ਵਧੇਰੇ ਸਵਾਰਥੀ, ਲੋਭੀ-ਲਾਲਚੀ ਅਤੇ ਭ੍ਰਸ਼ਟ ਹੁੰਦੇ ਗਏ, ਤਿਉਂ ਤਿਉਂ ਇਹ ਨਾਅਰ੍ਹਾ ਧੁੰਦਲਾ ਪੈਂਦਾ ਗਿਆ। ਹੁਣ ਇਹ ਨਾਅਰ੍ਹਾ ਲੋਪ ਹੀ ਕਰ ਦਿੱਤਾ ਗਿਆ ਹੈ। ਪਰੰਤੂ, ਸ਼ਰਮ-ਹਯਾ ਗਵਾ ਚੁੱਕੇ ਰੱਜ ਕੇ ਕ੍ਰਿਤਘਣ, ਸਵਾਰਥੀ, ਝੂਠੇ, ਕਪਟੀ, ਹਰਾਮਖ਼ੋਰ ਅਤੇ ਨਿਰਲੱਜ ਲੀਡਰ ਵੋਟਾਂ ਦੇ ਦਿਨਾਂ ਵਿੱਚ ਕਿਸਾਨਾਂ ਦੀਆਂ ਵੋਟਾਂ ਬਟੋਰਨ ਵਾਸਤੇ ਅਜੇ ਵੀ ਇਹ ਥੋਥਾ ਨਾਅਰ੍ਹਾ ਵਰਤਦੇ ਰਹਿੰਦੇ ਹਨ।
ਕਿਸੇ ਜ਼ਮਾਨੇ ਵਿੱਚ ਕਿਸਾਨਾਂ ਦੀ ਬੇਜੋੜ ਮਿਹਨਤ/ਘਾਲਣਾ ਅਤੇ ਜਨ-ਸੇਵਾ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਇੱਕ ਅਖਾਣ ਬਹੁਤ ਪ੍ਰਚੱਲਿਤ ਸੀ, “ਉੱਤਮ ਖੇਤੀ ਮੱਧਮ ਵਪਾਰ ਨਖਿੱਧ ਚਾਕਰੀ ਭੀਖ ਗਵਾਰ”। ਭਾਰਤ ਦੀ, ਰਾਜ-ਸੱਤਾ ਦੇ ਨਸ਼ੇ ਵਿੱਚ ਫੁੰਕਾਰੇ ਮਾਰਦੀ ਮੋਦੀ/ਭਾਜਪਾ ਦੀ ਸਰਕਾਰ ਨੇ, ਪੂੰਜੀਪਤੀ ਵਪਾਰੀਆਂ ਨੂੰ ਖ਼ੁਸ਼ ਕਰਨ ਲਈ, ਕਿਸਾਨ-ਵਿਰੋਧੀ ਤਿੰਨ ਕਾਲੇ ਕਾਨੂੰਨ ਬਣਾਏ ਹਨ। ਜੇ ਤਰਕ ਨਾਲ ਦੇਖੀਏ ਤਾਂ ਇਹ ਕਿਸਾਨ-ਘਾਤਿਕ ਕਾਨੂੰਨ ਗ਼ੈਰ-ਕਾਨੂੰਨੀ ਹਨ। ਕਿਉਂਕਿ, ਅਜਿਹੇ ਕਾਨੂੰਨ ਬਣਾਉਣ ਦਾ ਅਧਿਕਾਰ ਪ੍ਰਾਂਤਕ ਸਰਕਾਰਾਂ ਦਾ ਹੈ, ਕੇਂਦਰੀ ਸਰਕਾਰ ਦਾ ਨਹੀਂ! ! ਇਨਸਾਨੀਅਤ ਤੋਂ ਗਿਰੇ ਹੋਏ ਜ਼ਾਲਿਮ ਸ਼ਾਸਕਾਂ ਨੇ ਇਨ੍ਹਾਂ ਕਾਲੇ ਕਾਨੂੰਨਾਂ ਦੀ ਆੜ ਵਿੱਚ ਮਿਹਨਤੀ ਕਿਸਾਨਾਂ ਨੂੰ ਮਾਇਆ-ਪੂਜ ਪੂੰਜੀਪਤੀ ਵਪਾਰੀਆਂ ਦੇ ਗ਼ੁਲਾਮ ਬਣਾ ਕੇ ਉਨ੍ਹਾਂ (ਕਿਸਾਨਾਂ) ਨੂੰ ਲਾਚਾਰੀ ਅਤੇ ਹੀਣਤਾ ਦੀ ਅਤਿ ਡੂੰਘੀ ਖਾਈ ਵਿੱਚ ਸੁੱਟ ਦਿੱਤਾ ਹੈ। ਅਜਿਹੇ ਹਾਲਾਤ ਵਿੱਚ ਖੇਤੀ ਲਈ ਵਰਤੇ ਜਾਂਦੇ ਉਕਤ ਪਵਿੱਤਰ ਤੇ ਸਤਿਕਾਰਤ ਅਖਾਣ ( “ਉੱਤਮ ਖੇਤੀ ਮੱਧਮ ਵਪਾਰ ਨਖਿੱਧ ਚਾਕਰੀ ਭੀਖ ਗਵਾਰ” ) ਨੂੰ ਹੁਣ ਬਦਲ ਦੇਣ ਦੀ ਪੂਰੀ ਸੰਭਾਵਨਾ ਹੈ। ਹੁਣ ਜਲਦੀ ਹੀ ਇਹ ਨਵਾਂ ਅਮਾਨਵੀ ਅਖਾਣ ਪ੍ਰਚੱਲਿਤ ਹੋਵੇ ਗਾ, “ਨਖਿੱਧ ਖੇਤੀ, ਉੱਤਮ ਵਪਾਰ…”।
ਭਾਜਪਾ ਸਰਕਾਰ ਦੁਆਰਾ ਬਣਾਏ ਤੇ ਪਾਸ ਕੀਤੇ ਗਏ ਕਿਸਾਨ-ਵਿਰੋਧੀ ਤਿੰਨੇਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗ ਪਗ ਅੱਠ-ਨੌਂ ਮਹੀਨਿਆਂ ਤੋਂ ਭਾਰਤ ਦੀ ਰਾਜਧਾਨੀ ਦਿੱਲੀ ਦੇ ਬਾਰਡਰਾਂ ਅਤੇ ਪ੍ਰਾਂਤਾਂ ਦੇ ਕਈ ਸ਼ਹਿਰਾਂ ਵਿੱਚ ਕਿਸਾਨ ਅੰਦੋਲਨ ਚਲ ਰਿਹਾ ਹੈ। ਬਜ਼ੁਰਗ, ਬੀਬੀਆਂ, ਮਾਅਸੂਮ ਬੱਚੇ ਅਤੇ ਬੱਚੀਆਂ ਵੀ ਇਸ ਅੰਦੋਲਨ ਵਿੱਚ ਹਿੱਸਾ ਲੈ ਰਹੇ ਹਨ! ਉਨ੍ਹਾਂ ਦੀ ਤਰਸਯੋਗ ਹਾਲਤ ਦੇਖੀ ਨਹੀਂ ਜਾਂਦੀ! ਪਰੰਤੂ, ਕਿਤਨੀ ਸ਼ਰਮ ਦੀ ਗੱਲ ਹੈ ਕਿ ਭਾਜਪਾ ਦੇ ਕਠੋਰ-ਚਿੱਤ ਨਿਰਦਈ ਨੇਤਾ ਸਮੇਂ ਦਾ ਸੰਤਾਪ ਭੁਗਤ ਰਹੇ ਅੰਦੋਲਨਕਾਰੀਆਂ ਉੱਤੇ ਲਾਗਲੇ ਪਿੰਡਾਂ ਦੇ ਵਾਸੀਆਂ ਅਤੇ ਆਪਣੇ ਪਾਲੇ ਹੋਏ ਬਦਮਾਸ਼ਾਂ ਤੋਂ ਹਮਲੇ ਕਰਵਾ ਰਹੇ ਹਨ ਅਤੇ ਉਨ੍ਹਾਂ ਦੇ ਤੰਬੂਆਂ ਨੂੰ ਅੱਗਾਂ ਲਗਵਾ ਕੇ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੇ ਹਨ। ਆਪਣੇ ਖ਼ਰੀਦੇ ਹੋਏ ਖਰੂਦੀ ਬੰਦਿਆਂ ਤੋਂ ਲਾਲ ਕਿਲੇ ਉੱਤੇ ਖਰੂਦ ਕਰਵਾ ਕੇ ਦੋਸ਼ ਅੰਦੋਲਨਕਾਰੀ ਕਿਸਾਨਾਂ ਦੇ ਸਿਰ ਮੜ੍ਹ ਕੇ ਉਨ੍ਹਾਂ ਨੂੰ ਬਦਨਾਮ ਕਰਨ ਅਤੇ ਅੰਦੋਲਨ ਨੂੰ ਅਸਫ਼ਲ ਕਰਨ ਦੀ ਕੋਸ਼ਿਸ਼ ਵੀ ਸਰਕਾਰ ਦੀ ਹੀ ਕੂਟਨੀਤੀ ਸੀ। ਭਾਜਪਾ ਅਤੇ ਭਾਜਪਾ ਦੀਆਂ ਸਮਰਥਕ ਪਾਰਟੀਆਂ ਦੇ ਇਨਸਾਨੀਯਤ ਤੋਂ ਗਿਰੇ ਹੋਏ ਲੀਡਰਾਂ ਦੀਆਂ ਅਜਿਹੀਆਂ ਕਰਤੂਤਾਂ ਉਨ੍ਹਾਂ ਦੀ ਗ਼ਲੀਜ਼ ਅਤੇ ਭ੍ਰਸ਼ਟ ਮਾਨਸਿਕਤਾ ਦਾ ਪੁਖ਼ਤਾ ਸਬੂਤ ਹਨ।
ਭਾਰਤ ਦੀ ਭਾਜਪਾ ਸਰਕਾਰ ਦੇ ਇਨਸਾਨੀਅਤ ਤੋਂ ਗਿਰੇ ਹੋਏ ਮਿੰਨ੍ਹੇਂ ਮੰਤਰੀਆਂ ਅਤੇ ਲੀਡਰਾਂ ਦੀ ਅਤਿ ਦੀ ਗ਼ਲੀਜ਼, ਕਪਟ ਅਤੇ ਮਲੀਨ ਮਾਨਸਿਕਤਾ ਦਾ ਅੰਦਾਜ਼ਾ ਉਨ੍ਹਾਂ ਦੇ ਹੇਠ ਲਿਖੇ ਇਨਸਾਨੀਅਤ ਤੋਂ ਗਿਰੇ ਹੋਏ ਬਕਵਾਸ, ਬੇਹੂਦਾ ਅਤੇ ਕੋਰੇ ਝੂਠੇ ਬਿਆਨਾਂ ਤੋਂ ਵੀ ਲਗਾਇਆ ਜਾ ਸਕਦਾ ਹੈ:
# ਇਹ ਕਾਨੂੰਨ ਕਿਸਾਨਾਂ ਦੇ ਭਲੇ ਲਈ ਬਣਾਏ ਗਏ ਹਨ।
(ਨੋਟ:-ਕਿਸਾਨਾਂ ਨੇ ਆਪਣੇ ਅਜਿਹੇ ਵਿਨਾਸ਼ਕਾਰੀ ਭਲੇ ਦੀ ਤਾਂ ਕਦੇ ਕੋਈ ਮੰਗ ਹੀ ਨਹੀਂ ਕੀਤੀ!)
# ਅੰਦੋਲਨ ਕਰ ਰਹੇ ਲੋਕ ਕਿਸਾਨ ਨਹੀਂ ਸਗੋਂ ਖਾਲਿਸਤਾਨੀ, ਆਤੰਕਵਾਦੀ, ਗੁੰਡੇ ਅਤੇ ਮਵਾਲੀ ਹਨ।
# ਅੰਦੋਲਨਕਾਰੀ ਕਿਸਾਨ ਨਹੀਂ ਸਗੋਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵੱਲੋਂ ਕਿਰਾਏ `ਤੇ ਲਿਆਂਦੇ ਹੋਏ ਗੁੰਡੇ ਹਨ।
# ਅੰਦੋਲਨ ਕਰ ਰਹੇ ਲੋਕ ਅਯਾਸ਼ਜੀਵੀ ਹਨ।
# ਧਰਨਿਆਂ ਉੱਤੇ ਬੈਠੇ ਲੋਕ ਖੱਬੇਪਖੀ, ਮਾਓਵਾਦੀ, ਵੱਖਵਾਦੀ ਹਨ ਅਤੇ ਇਸ ਲਈ ਉਹ ਦੇਸ਼-ਦ੍ਰੋਹੀ ਹਨ……ਵਗੈਰਾ ਵਗੈਰਾ।
ਭਾਜਪਾ ਦੇ ਜ਼ਾਲਿਮ ਲੀਡਰਾਂ ਦੇ ਇਹ ਬੇ-ਬੁਨਿਆਦ ਬੇਹੂਦਾ ਬਿਆਨ ਸੰਘਰਸ਼ ਕਰ ਰਹੇ ਕਿਸਾਨਾਂ ਦੇ ਜ਼ਖ਼ਮਾਂ ਉੱਤੇ ਨਮਕ ਛਿੜਕਣ ਤੋਂ ਵੀ ਵੱਧ ਦੁੱਖਦਾਈ ਹਨ।
ਇਸ ਅੰਦੋਲਨ ਦੌਰਾਨ ਲਗਪਗ ੬੦੦ ਕਿਸਾਨ ਅਣਆਈ ਮੌਤ ਮਰ ਚੁੱਕੇ ਹਨ। ਅਣਆਈ ਮੌਤ ਮਰਨ ਵਾਲੇ ਕਿਸਾਨਾਂ ਦਾ, ਦਰਅਸਲ, ਕਤਲ ਹੋਇਆ ਹੈ ਅਤੇ ਇਨ੍ਹਾਂ ਦੇ ਕਤਲ ਦੇ ਜ਼ਿੱਮੇਦਾਰ ਕੋਈ ਹੋਰ ਨਹੀਂ ਸਗੋਂ ਕਿਸਾਨਾਂ ਦੀਆਂ ਵੋਟਾਂ ਲੈਕੇ ਗੱਦੀਆਂ ਦੇ ਮਾਲਿਕ ਬਣਨ ਵਾਲੇ ਇਨਸਾਨੀਅਤ ਤੋਂ ਪੂਰੀ ਤਰ੍ਹਾਂ ਗਿਰ ਚੁੱਕੇ ਪੱਥਰ ਦਿਲ ਨਿਰਦਈ ਰਾਜਸੀ ਨੇਤਾ ਹੀ ਹਨ। ਰਾਜਸੀ ਸੱਤਾ ਦੀ ਹਉਮੈਂ ਦੇ ਨਸ਼ੇ ਵਿੱਚ ਇਨ੍ਹਾਂ ਅੰਦਰੋਂ ਇਨਸਾਨੀਅਤ ਪੂਰੀ ਤਰ੍ਹਾਂ ਮਰ ਗਈ ਹੈ ਅਤੇ ਇਹ ਸਾਰੇ ਸ਼ੈਤਾਨ ਬਣ ਗਏ ਹਨ। ਇਨ੍ਹਾਂ ਸ਼ੈਤਾਨਾਂ ਦੀਆਂ ਕਿਸਾਨ-ਘਾਤਿਕ ਕਾਲੀਆਂ ਕਰਤੂਤਾਂ ਅਤੇ ਬੇਬੁਨਿਆਦ ਝੂਠੇ ਬਿਆਨਾਂ ਕਾਰਣ ਬਣੀ ਸਮੇਂ ਦੀ ਭਿਆਨਕ ਸਥਿਤੀ ਨੂੰ ਮੁਖ ਰੱਖਦਿਆਂ ਕਹਿਣਾ ਪਵੇਗਾ: “ਜੈ ਸ਼ੈਤਾਨ, ਖੈ ਕਿਸਾਨ”। (ਖੈ: ਵਿਨਾਸ਼, ਬਰਬਾਦੀ।)
ਇੱਥੇ ਇਹ ਖ਼ੁਲਾਸਾ ਕਰ ਦੇਣਾ ਵੀ ਜ਼ਰੂਰੀ ਹੈ ਕਿ ਕਿਸਾਨਾਂ ਲਈ ਘਾਤਿਕ ਕਾਲੇ ਕਾਨੂੰਨਾਂ ਦੇ ਪਾਸ ਕਰਵਾਉਣ ਵਿੱਚ ਕੁੱਝ ਇੱਕ ਵਿਰੋਧੀ ਪਾਰਟੀਆਂ (ਖ਼ਾਸ ਕਰਕੇ ਬਾਦਲ ਦਾ ‘ਕਾਲੀ ਦਲ) ਦੇ ਲੀਡਰਾਂ ਅਤੇ ਇਨ੍ਹਾਂ ਲੀਡਰਾਂ ਦੀ ਡੁਗਡੁਗੀ ਦੀ ਬੇਸੁਰੀ ਤਾਨ ਉੱਤੇ ਬਾਂਦਰਾਂ ਵਾਂਙ ਨੱਚ ਰਹੇ ਸੰਪਰਦਾਈ ਧਰਮਾਂ ਦੇ ਧਾਰਮਿਕ ਨੇਤਾਵਾਂ ਨੇ ਵੀ ਯੋਗਦਾਨ ਪਾਇਆ ਹੈ। ਇਹ ਕੜਵਾ ਸੱਚ ਕਿਸੇ ਤੋਂ ਲੁਕਿਆ ਨਹੀਂ। ਲੱਖ ਲਅਨਤ ਹੈ ਅਜਿਹੇ ਬੇਰੜੇ ਕਿਸਮ ਦੇ ਦੋਗਲੇ ਲੀਡਰਾਂ ਨੂੰ!
(ਨੋਟ:- ਕੇਂਦਰੀ ਮੰਤਰੀ-ਮੰਡਲ ਦੀ ਜਿਸ ਬੈਠਕ ਵਿੱਚ ਇਹ ਕਾਨੂੰਨ ਬਣਾਉਣ ਦੇ ਮਤੇ ਬਾਰੇ ਚਰਚਾ ਹੋਈ ਸੀ, ਉਸ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਸ਼ਾਮਿਲ ਸੀ। ਇਹ ਕਹਿਣ ਦੀ ਲੋੜ ਨਹੀਂ ਕਿ ਉਸ ਨੇ ਇਸ ਅਮਾਨਵੀ ਮਤੇ/ਮੁੱਦੇ ਦਾ ਕੋਈ ਵਿਰੋਧ ਨਹੀਂ ਸੀ ਕੀਤਾ ਸਗੋਂ ਆਪਣੀ ਸਹਿਮਤੀ ਜਤਾਈ ਸੀ! ! ! ਇਹ ਓਹੀ ਹਰਸਿਮਰਤ ਕੌਰ ਬਾਦਲ ਹੈ ਜਿਸ ਨੇ ਮੋਦੀ ਦੇ ਪੈਰਾਂ ਵਿੱਚ ਡਿੱਗ ਕੇ ਕੇਂਦ੍ਰੀ ਮੰਤਰੀ ਦੀ ਗੱਦੀ ਹਥਿਆਈ ਸੀ।)
ਇਸ ਅੰਦੋਲਨ ਦੌਰਾਨ ਭਾਰਤੀ ਮੀਡਿਆ ਦੀ ਨਿਭਾਈ ਜਾ ਰਹੀ ਭੂਮਿਕਾ ਦਾ ਜ਼ਿਕਰ ਵੀ ਜ਼ਰੂਰੀ ਹੈ। ਇਹ ਸੱਚ ਤਾਂ ਸਾਰੇ ਜਾਣਦੇ ਹੀ ਹਨ ਕਿ ਭਾਰਤ ਦੇ ਵਿਕੇ ਹੋਏ ਖੋਟੇ ਮੀਡੀਆ ਨੂੰ, ਨਰਿੰਦਰ ਮੋਦੀ ਦੇ ਕਬਜ਼ੇ ਵਿੱਚ ਹੋਣ ਕਰਕੇ, ਮੋਦੀ-ਮੀਡੀਆ ਕਿਹਾ ਜਾਂਦਾ ਹੈ। ਸਰਕਾਰ ਕੋਲ ਵਿਕੇ ਹੋਏ ਭ੍ਰਸ਼ਟ ਮੋਦੀ-ਮੀਡੀਏ ਨੇ ਸੰਤਾਪ ਭੁਗਤ ਰਹੇ ਅੰਦੋਲਨਕਾਰੀ ਕਿਸਾਨਾਂ ਦੇ ਹੱਕ ਵਿੱਚ ਕਦੇ ਵੀ ਹਾਹ ਦੀ ਆਵਾਜ਼ ਨਹੀਂ ਉਠਾਈ ਉਲਟਾ ਕਿਸਾਨਾਂ ਦੇ ਵਿਰੋਧ ਵਿੱਚ ਅਤੇ ਭ੍ਰਸ਼ਟ ਮੋਦੀ-ਸਰਕਾਰ ਦੇ ਪਖ ਵਿੱਚ ਝੂਠੀਆਂ ਬੇਬੁਨਿਆਦ ਖ਼ਬਰਾਂ ਫ਼ੈਲਾ ਰਿਹਾ ਹੈ।
ਸੰਘਰਸ਼ ਕਰ ਰਹੇ ਸਿਰੜੀ ਕ੍ਰਿਤੀ-ਕਿਸਾਨਾਂ ਨੂੰ ਸਾਡੇ ਵੱਲੋਂ ਇੱਕ ਸੁਝਾਅ ਹੈ: ਸਿਆਸੀ ਲੀਡਰਾਂ ਅਤੇ ਪੰਥਕ ਜਾਂ ਧਾਰਮਿਕ ਸ਼ਖ਼ਸੀਅਤਾਂ, ਡੇਰੇਦਾਰਾਂ, ਟਕਸਾਲੀਏ ਅਤੇ ਭੇਖਧਾਰੀ ਸੰਤਾਂ-ਸਾਧੜਿਆਂ ਵਗੈਰਾ ਤੋਂ ਦੂਰੀ ਬਣਾ ਕੇ ਰੱਖਿਓ! ਇਹ ਸਾਰੇ ਦੁਮੂਹੇਂ ਛਲਾਰ ਹਨ। ਸਿਆਸੀ ਲੀਡਰਾਂ ਦੀ ਦਿਖਾਵੇ ਦੀ ਹਮਦਰਦੀ ਅਤੇ ਝੂਠੇ ਬਿਆਨ ਸਿਰਫ਼ ਤੁਹਾਡੀਆਂ ਵੋਟਾਂ ਬਟੋਰਨ ਲਈ ਹਨ। ਅਤੇ ਭੇਖੀ ਤੇ ਕਪਟੀ ਧਾਰਮਿਕ ਨੇਤਾ ਅਤੇ ਉਨ੍ਹਾਂ ਦੇ ਅਧੀਨ ਕੰਮ ਕਰਦੇ ਜਮੂਰੇ { “ਕੂੜੁ ਬੋਲਿ ਮੁਰਦਾਰੁ…” ਖਾਣ ਵਾਲੇ ਦੰਭੀ ਤੇ ਕਪਟੀ ਕਰਮਚਾਰੀ (ਕਥਿਤ ਸੇਵਾਦਾਰ)} ਸੰਘਰਸ਼ ਵਿੱਚ ਤੁਹਾਡੀ ਸਫ਼ਲਤਾ ਵਾਸਤੇ ਪਾਠਾਂ ਅਤੇ ਅਰਦਾਸਾਂ ਆਦਿ ਕਰਮਕਾਂਡ ਕਰ/ਕਰਵਾ ਕੇ ਭੇਟਾ ਦੇ ਨਾਂ `ਤੇ ਤੁਹਾਡੀਆਂ ਜੇਬਾਂ ਕਤਰਨ ਦੀ ਤਾੜ ਵਿੱਚ ਹਨ। ਸੋ, ਇਨ੍ਹਾਂ ਤੋਂ ਵੀ ਦੂਰੀ ਬਣਾ ਕੇ ਰੱਖਣ ਵਿੱਚ ਹੀ ਤੁਹਾਡਾ ਤੇ ਸੱਭ ਦਾ ਭਲਾ ਹੈ।
ਮਾਨਸ ਖਾਣੇ ਤੇ ਰੱਤ-ਪੀਣੇ ਸ਼ਾਸਕਾਂ ਵਾਸਤੇ ਬਾਬਾ ਨਾਨਕ ਦੇ ਸਦੀਆਂ ਪਹਿਲਾਂ ਕਹੇ ਹੋਏ ਸੱਚੇ ਬੋਲ ਅੱਜ ਦੇ ਨਿਰਦਈ ਸ਼ਾਸਕਾਂ ਵੱਲੋਂ ਭਾਰਤੀ ਕ੍ਰਿਤੀ-ਕਿਸਾਨਾਂ ਉੱਤੇ ਕੀਤੇ ਜਾ ਰਹੇ ਤਸ਼ੱਦੁਦ ਅਤੇ ਇਸ ਕਾਰਣ ਪੈਦਾ ਹੋਏ ਦਰਦਨਾਕ ਹਾਲਾਤ ਉੱਤੇ ਪੂਰੀ ਤਰ੍ਹਾਂ ਢੁੱਕਦੇ ਹਨ:
ਮਾਣਸ ਖਾਣੇ ਕਰਹਿ ਨਿਵਾਜ॥ ਛੁਰੀ ਵਗਾਇਨਿ ਤਿਨ ਗਲਿ ਤਾਗ॥
ਤਿਨ ਘਰਿ ਬ੍ਰਹਮਣ ਪੂਰਹਿ ਨਾਦ॥ ਉਨਾੑ ਭਿ ਆਵਹਿ ਓਈ ਸਾਦ॥
ਕੂੜੀ ਰਾਸਿ ਕੂੜਾ ਵਾਪਾਰੁ॥ ਕੂੜੁ ਬੋਲਿ ਕਰਹਿ ਆਹਾਰੁ॥
ਸਰਮ ਧਰਮ ਕਾ ਡੇਰਾ ਦੂਰਿ॥ ਨਾਨਕ ਕੂੜੁ ਰਹਿਆ ਭਰਪੂਰਿ॥ ……ਸਲੋਕ ਮ: ੧


ਐ ਸ਼ੰਘਰਸ਼ ਕਰ ਰਹੇ ਕਿਸਾਨ ਭਰਾਵੋ! ਤੁਹਾਡਾ ਸੰਘਰਸ਼ ਜਾਇਜ਼ ਹੈ। ਸੱਚੇ ਮਨ ਅਤੇ ਸ੍ਰਿੜਤਾ ਨਾਲ ਡਟੇ ਰਹੋ; ਅੰਤ ਵਿੱਚ ਜਿੱਤ ਸੱਚ ਦੀ ਹੀ ਹੋਵੇ ਗੀ! ਸਾਡੀਆਂ ਹਾਰਦਿਕ ਸ਼ੁਭ ਇੱਛਾਂਵਾਂ ਤੁਹਾਡੇ ਨਾਲ ਹਨ।
ਗੁਇੰਦਰ ਸਿੰਘ ਪਾਲ
ਅਗਸਤ 15, 2021.

(ਸੰਪਾਦਕੀ ਟਿੱਪਣੀ:- ਇਸ ਲੇਖ ਵਿੱਚ ਲੇਖਕ ਨੇ ਜੋ ਵੀ ਲਿਖਿਆ ਹੈ ਉਹ ਸੱਚ ਹੈ ਪਰ ਉਸ ਸੱਚ ਦਾ ਇੱਕ ਹਿੱਸਾ ਹੈ। ਦੁਨੀਆ ਦੇ ਬਦਲਦੇ ਹਾਲਾਤਾਂ ਅਨੁਸਾਰ ਜੇ ਕਰ ਕਾਨੂੰਨ ਬਦਲਣ ਦੀ ਕੋਈ ਲੋੜ ਸੀ ਤਾਂ ਉਹ ਸੂਬੇ ਦੀਆਂ ਸਰਕਾਰਾਂ ਦੀ ਸਹਿਮਤੀ ਨਾਲ ਅਤੇ ਮਾਹਰਾਂ ਦੀ ਰਾਏ ਨਾਲ ਹੌਲੀ-ਹੌਲੀ ਬਦਲਣੇ ਚਾਹੀਦੇ ਸਨ। ਜੇ ਕਰ ਸਰਕਾਰ ਕਣਕ ਅਤੇ ਝੋਨਾ ਮਹਿੰਗੇ ਭਾਅ ਕਿਸਾਨਾ ਤੋਂ ਖਰੀਦ ਕੇ, ਘਾਟੇ ਵਿੱਚ ਬਿਦੇਸ਼ਾਂ ਨੂੰ ਭੇਜਦੀ ਹੈ ਜਾਂ ਗੋਦਾਮਾ ਵਿੱਚ ਇਹ ਫਸਲਾਂ ਸੜਦੀਆਂ ਹਨ ਤਾਂ ਹੌਲੀ-ਹੌਲੀ ਹੋਰ ਭਿੰਨਤਾਂ ਵਾਲੀਆਂ ਸਬਜੀਆਂ ਜਾਂ ਫਲਾਂ ਵੱਲ ਉਤਸ਼ਾਹਤ ਕਰਨਾ ਚਾਹੀਦਾ ਹੈ। ਇੰਡੀਆ ਦੇ ਬਹੁਤ ਸਾਰੇ ਲੋਕ ਖੇਤੀਬਾੜੀ ਤੇ ਨਿਰਭਰ ਕਰਦੇ ਹਨ। ਨਵੀਆਂ ਨੌਕਰੀਆਂ ਪੈਦਾ ਕਰਨ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਧਰਮ ਦੇ ਅਧਾਰ ਦੇ ਫਿਰਕੂ ਲੀਹਾਂ ਤੇ ਸਰਕਾਰਾਂ ਚਲਾਉਣ ਵਾਲੇ ਆਮ ਲੋਕਾਈ ਵੱਲ ਘੱਟ ਧਿਆਨ ਦਿੰਦੇ ਹਨ ਅਤੇ ਸਰਮਾਏਦਾਰਾਂ ਵੱਲ ਵੱਧ)




.