ਸੱਚ -- ਇਨਸਾਨੀਯਤ -- ਧਰਮ
(1)
“ਸਿੱਖ ਮਾਰਗ” ਦੇ ਸੰਪਾਦਕ
ਨੇ ਚਾਰ-ਚੁਫੇਰੇ ਦਿੱਸਦੇ ‘ਸਿੱਖ ਧਰਮ’ ਵਿੱਚ ਚਰਮ ਸੀਮਾ ਤਕ ਪਹੁੰਚ ਚੁੱਕੇ ਭ੍ਰਸ਼ਟਾਚਾਰ,
ਦੰਭ, ਦਿਖਾਵਾ, ਝੂਠ, ਕਪਟ, ਬੇਈਮਾਨੀ, ਕਰਮਕਾਂਡ ਅਤੇ ਗੁੰਡਾਗਰਦੀ ਤੋਂ ਨਿਰਾਸ਼ ਹੋ ਕੇ ਇਹ ਸਾਈਟ
ਪਿਛਲੇ ਸਾਲ 7 ਜੂਨ,
2020 ਤੋਂ ਇੱਕ ਸਾਲ ਲਈ ਬੰਦ ਕਰ
ਦਿੱਤਾ ਸੀ। ਸੰਪਾਦਕ ਦੀ ਇਸ ਕਾਰਵਾਈ ਕਾਰਣ,
22-23 ਸਾਲ ਤੋਂ ਇਸ ਸਾਈਟ ਉੱਤੇ ਆਪਣੀਆਂ ਮੌਲਿਕ ਲਿਖਤਾਂ ਪ੍ਰਕਾਸ਼ਤ ਕਰਵਾਉਣ ਵਾਲੇ ਲੇਖਕਾਂ
ਅਤੇ ਇਨ੍ਹਾਂ ਗਿਆਨ ਬਖੇਰਦੀਆਂ ਲਿਖਤਾਂ ਨੂੰ ਪੜ੍ਹਨ ਵਾਲੇ ਦੇਸ-ਵਿਦੇਸ ਵਿੱਚ ਬੈਠੇ ਹਜ਼ਾਰਾਂ-ਲੱਖਾਂ
ਪਾਠਕਾਂ ਨੂੰ ਘੋਰ ਨਿਰਾਸ਼ਾ ਹੋਈ ਸੀ। “ਸਿੱਖ ਮਾਰਗ” ਨਾਲ ਜੁੜੇ ਸੁਹਿਰਦ ਪਾਠਕਾਂ/ਲੇਖਕਾਂ ਵਾਸਤੇ ਇਹ
ਇੱਕ ਵਰ੍ਹਾ ਬੜਾ ਵਿਯੋਗ ਭਰਿਆ ਸੀ।
ਇਕ ਸਾਲ ਬਾਅਦ,
7 ਜੂਨ,
2021 ਨੂੰ ਸੰਪਾਦਕ ਨੇ, ਆਪਣੇ ਵਾਅਦੇ
ਮੁਤਾਬਿਕ, “ਸਿੱਖ ਮਾਰਗ” ਮੰਚ ਦੇ ਕਿਵਾੜ ਦੁਬਾਰਾ ਖੋਲ੍ਹ ਦਿੱਤੇ ਹਨ। ਸਾਈਟ ਨੂੰ ਦੁਬਾਰਾ
ਚਾਲੂ ਕਰਨ ਵਾਸਤੇ ਸੰਪਾਦਕ ਨੇ ਲੇਖਕਾਂ ਵਾਸਤੇ ਨਵੀਂ ਸੇਧ ਦਿੱਤੀ ਹੈ ਅਤੇ ਕੁੱਝ ਇੱਕ ਸ਼ਰਤਾਂ ਵੀ
ਰੱਖੀਆਂ ਹਨ। ਇਸ ਲਿਖਿਤ ਵਿੱਚ ਇਸੇ ਮੁੱਦੇ ਉੱਤੇ ਚਰਚਾ ਕੀਤੀ ਗਈ ਹੈ।
ਪਹਿਲਾ ਫ਼ੈਸਲਾ ਜੋ ਸੰਪਾਦਕ ਨੇ ਲਿਆ ਉਹ ਹੈ “ਸਿੱਖ ਮਾਰਗ” ਮੰਚ ਦੇ ਸੂਤ੍ਰ/ਸਿੱਧਾਂਤ/ਨਿਯਮ ਜਾਂ
ਉਸੂਲ (motto) ਨੂੰ ਬਦਲਣ ਦਾ।
ਪਹਿਲਾਂ ਇਸ ਸਾਈਟ ਦਾ ਸੂਤ੍ਰ ਸੀ:
“ਨਿਰੋਲ ਧਾਰਮਿਕ ਵੈੱਬ ਸਾਈਟ ਜੋ ਸ਼ਬਦ ਗੁਰੁ-ਬਾਣੀ ਦੇ
ਸੱਚ ਨੂੰ ਸਮਰਪਿਤ ਹੈ”।
“ਇੱਥੇ ਸਿਰਫ਼ ਗੁਰਮਤਿ, ਗੁਰਬਾਣੀ ਦੇ ਸੱਚ ਦੀ ਗੱਲ ਕੀਤੀ
ਜਾਂਦੀ ਹੈ” (ਸੰਪਾਦਕ ਦੇ ਲੇਖ, “ਬਈ ਭਰਾਵੋ ਮੈਂ
ਪਾਗਲਸਤਾਨੀ ਨਹੀਂ ਹਾਂ” ਵਿੱਚੋਂ।)
ਹੁਣ ਇਸ ਸਾਈਟ ਦਾ ਨਵਾਂ ਸੂਤ੍ਰ
(motto)
ਹੈ:
“ਇਹ ਸਾਈਟ ਇਨਸਾਨੀਅਤ ਅਤੇ ਸੱਚ ਨੂੰ ਸਮਰਪਿਤ ਹੈ”।
(ਨੋਟ:-ਇਸ ਮੁੱਦੇ ਉੱਤੇ ਵਿਸਤ੍ਰਿਤ ਵਿਚਾਰ ਲੇਖ
ਦੇ ਦੂਜੇ ਭਾਗ ਵਿੱਚ ਕੀਤੀ ਗਈ ਹੈ।)
“ਸਿੱਖ ਮਾਰਗ” ਨੂੰ ਦੁਬਾਰਾ ਸ਼ੁਰੂ ਕਰਨ ਤੋਂ ਬਾਅਦ ਸੰਪਾਦਕ ਨੇ ਆਪਣੇ ਲਿਖੇ ਪਹਿਲੇ ਚਾਰ ਲੇਖ ਜੋ
ਪ੍ਰਕਾਸ਼ਤ ਕੀਤੇ ਹਨ, ਉਨ੍ਹਾਂ ਸਾਰੇ ਲੇਖਾਂ ਵਿੱਚ ਦਿੱਤੇ ਤਰਕ ਪੂਰਣ ਵਿਚਾਰ, ਤੱਥਾਂ ਉੱਤੇ ਆਧਾਰਿਤ
ਹੋਣ ਕਰਕੇ, ਸੱਚੇ ਹਨ। ਇਨ੍ਹਾਂ ਲੇਖਾਂ ਵਿੱਚੋਂ ਸੰਪਾਦਕ ਦੇ ਨਵੇਂ ਦਿਸ਼ਾ-ਨਿਰਦੇਸ਼ ਵੀ ਨਜ਼ਰ ਆਉਂਦੇ
ਹਨ।
1.”ਰੱਬ, ਗੁਰਬਾਣੀ
ਅਤੇ ਕਰਾਮਾਤਾਂ”।
ਰੱਬ ਸਾਰੀ ਸ੍ਰਿਸ਼ਟੀ/ਕਾਇਨਾਤ/ਕੁਦਰਤ ਵਿੱਚ ਵਿਆਪਕ ਹੈ। ਜਿੱਥੇ ਕੁਦਰਤ ਹੈ ਉੱਥੇ ਕਾਦਿਰ
(ਰੱਬ) ਹੈ। ਗੁਰਬਾਣੀ ਵਿੱਚ ਇਹ ਸਿੱਧਾਂਤਕ ਤੱਥ ਬਾਰ ਬਾਰ ਦ੍ਰਿੜਾਇਆ ਗਿਆ ਹੈ।
ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ॥ ਸਲੋਕ
ਮ: ੧
ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ॥ ਮਾਝ ਕੀ ਵਾਰ ਮ: ੧
ਸਾਰੀ ਸ੍ਰਿਸ਼ਟੀ ਵਿੱਚ ਰਮੇ ਹੋਏ ਰਾਮ (ਅਸਥੂਲ ਰੱਬ) ਨੂੰ ਸ਼ਾਤਿਰ ਪੁਜਾਰੀਆਂ ਦੀ ਠੱਗਮੰਡਲੀ
ਦੁਆਰਾ ਕੀਮਤੀ ਪੱਥਰਾਂ ਨਾਲ ਉਸਾਰੇ ਅਤੇ ਸੋਨਾ ਚਾਂਦੀ ਤੇ ਹੀਰੇ ਜਵਾਹਰਾਤ ਨਾਲ ਸਜਾਏ ਗਏ ਕਥਿਤ
ਰੱਬ ਦੇ ਘਰਾਂ ਵਿੱਚ ਕਿਸੇ ਨ ਕਿਸੇ ਸਥੂਲ ਰੂਪ ਵਿੱਚ ਲਿਆ ਬਿਠਾਇਆ ਹੈ; ਜਿਵੇਂ: ਮੰਦਰਾਂ ਵਿੱਚ
ਮਿਥਿਹਾਸਿਕ ਦੇਵੀ-ਦੇਵਤਿਆਂ ਦੀਆਂ ਕਾਲਪਨਿਕ ਮੂਰਤੀਆਂ! ਧੰਧਲੀ ਸਿੱਖ ਪ੍ਰਬੰਧਕਾਂ ਅਤੇ ਪੁਜਾਰੀਆਂ
ਨੇ ਵੀ, ਹਿੰਦੂ ਮੰਦਰਾਂ ਦੀ ਤਰਜ਼ `ਤੇ, ਪਵਿੱਤਰ ਗੁਰੁਬਾਣੀ ਗ੍ਰੰਥ ਨੂੰ ਮੂਰਤੀ ਬਣਾ ਕੇ
ਗੁਰੂਦਵਾਰਿਆਂ ਵਿੱਚ ਸਥਾਪਿਤ ਕਰ ਰੱਖਿਆ ਹੈ। ਗਿਆਨ-ਗੁਰੂ (ਗੁਰੂ ਗ੍ਰੰਥ) ਵਿੱਚੋਂ ਗਿਆਨ ਪ੍ਰਾਪਤ
ਕਰਨ ਦੀ ਬਜਾਏ ਇਸ ਅਦੁੱਤੀ ਗ੍ਰੰਥ ਦੀ ਬਿਲਕੁਲ ਉਸੇ ਕਰਮਕਾਂਡੀ ਢੰਗ ਨਾਲ ਪੂਜਾ-ਅਰਚਾ ਕੀਤੀ/ਕਰਵਾਈ
ਜਾਂਦੀ ਹੈ ਜਿਵੇਂ ਮੰਦਿਰਾਂ ਵਿੱਚ ਮੂਰਤੀਆਂ ਦੀ! ਦੰਭੀ ਤੇ ਪਾਖੰਡੀ ਪੁਜਾਰੀ ਸਿਧਾਏ ਹੋਏ
ਅੰਧਵਿਸ਼ਵਾਸੀ ਸ਼੍ਰੱਧਾਲੂਆਂ ਨੂੰ ਸਰਬਵਿਆਪੀ ਸੂਖਮ ‘ਰੱਬ ਦੇ ਦਰਸਨ’ ਕਰਵਾਉਣ ਦਾ ਝਾਂਸਾ ਦੇ ਕੇ
ਇਨ੍ਹਾਂ ਰੱਬ ਦੇ ਕਥਿਤ ਘਰਾਂ ਵਿੱਚ ਬੁਲਾ ਕੇ, ਸਥੂਲ ਪ੍ਰਭੂ ਦੀ ਪੂਜਾ-ਭਗਤੀ ਕਰਨ-ਕਰਵਾਉਣ ਦੇ
ਬਹਾਨੇ, ਬੇਰਹਿਮੀ ਅਤੇ ਨਿਰਲੱਜਤਾ ਨਾਲ ਠੱਗਦੇ ਹਨ। ਰੱਬ ਦੀ ਸਿੱਧੀ-ਸਾਦੀ ਜਨਤਾ ਨੂੰ ਰੱਬ ਦੇ ਹੀ
ਨਾਂ `ਤੇ ਛਲ ਨਾਲ ਠੱਗਣਾ ਮਹਾਂ ਪਾਪ ਹੈ; ਅਤੇ ਇਹ ਪਾਪ ਝਾਂਸੇਬਾਜ਼ ਪਤਿਤ ਪੁਜਾਰੀ ਨਿਰਲੱਜਤਾ ਨਾਲ
ਕਮਾ ਰਹੇ ਹਨ।
ਗੁਰਬਾਣੀ:
ਸੰਪਾਦਕ ਦਾ ਇਹ ਲਿਖਣਾ ਵੀ ਬਿਲਕੁਲ ਸਹੀ ਹੈ ਕਿ
ਗੁਰਬਾਣੀ ਕੋਈ ਇਲਹਾਮ {ਆਕਾਸ਼ਬਾਣੀ
(revelation,
afflatus)} ਨਹੀਂ; ਸਗੋਂ ਗੁਰਬਾਣੀ ਤਾਂ ਬਿਬੇਕ
ਬੁੱਧਿ, ਦਿਬਦ੍ਰਿਸਟੀ ਅਤੇ ਅਧਿਆਤਮਿਕ ਗਿਆਨ ਵਾਲੇ ਮਹਾਂਪੁਰਖਾਂ ਦੇ ਨਿੱਜੀ ਵਿਚਾਰ ਹਨ।
ਪਰੰਤੂ, ਹਰ ਸੰਪਰਦਾਈ ਧਰਮ ਦੇ ਪੁਜਾਰੀ ਇਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਧਰਮ ਦਾ ਮੋਢੀ ਰੱਬੀ
ਸੁਨੇਹਾ ਲੋਕਾਂ ਤਕ ਪਹੁੰਚਾਉਣ ਵਾਲਾ ਰੱਬ ਵੱਲੋਂ ਭੇਜਿਆ ਗਿਆ ਸੰਦੇਸ਼-ਵਾਹਕ
(messenger) ਸੀ/ਹੈ। ਉਨ੍ਹਾਂ ਦਾ ਇਹ
ਦਾਅਵਾ ਧਾਰਮਿਕ ਗ੍ਰੰਥਾਂ, ਪ੍ਰਾਚੀਨ ਮਿਥਿਹਾਸਕ ਪੁਸਤਕਾਂ ਅਤੇ ਮਿਥਿਆ ਤੇ ਕਾਲਪਨਿਕ ਕਹਾਣੀਆਂ ਉੱਤੇ
ਆਧਾਰਿਤ ਹੈ। ਬਾਈਬਲ ਵਿੱਚ ਹਜ਼ਰਤ ਈਸਾ ਨੂੰ ਰੱਬ
(God) ਦਾ ਮੈਸੰਜਰ
(Messenger)
ਦੱਸਿਆ ਗਿਆ ਹੈ। ਉਹ (ਈਸਾ) ਰੱਬ ਦੇ ਹੁਕਮ ਲੋਕਾਂ ਤਕ ਪਹੁੰਚਾਉਂਦਾ ਸੀ! ਇਸੇ ਤਰ੍ਹਾਂ ਕੁਰਾਨ ਵਿੱਚ
ਵੀ ਇਹ ਦਾਅਵਾ ਕੀਤਾ ਗਿਆ ਹੈ ਕਿ ਹਜ਼ਰਤ ਮੁਹੰਮਦ ਨੂੰ ਵਹੀ ਉਤਰਦੀ ਸੀ ਤੇ ਉਹ ਉਸ ਵਹੀ (ਰੱਬੀ
ਫ਼ਰਮਾਨ/ਸੁਨੇਹਾ) ਨੂੰ ਲੋਕਾਂ ਤੀਕ ਪਹੁੰਚਾਉਣ ਦਾ ਫ਼ਰਜ਼ ਨਿਭਾਉਂਦਾ ਸੀ। ਉਹ ਅਲ੍ਹਾ ਦਾ ਪ੍ਰਤਿਨਿਧੀ
ਸੀ ਜਿਸ ਨੂੰ ਲੋਕਾਂ ਤੋਂ ਵਹੀ (ਰੱਬ ਦੇ ਹੁਕਮਾਂ) ਦੀ ਤਾਮੀਲ ਕਰਵਾਉਣ ਦਾ ਪੂਰਾ ਅਧਿਕਾਰ ਸੀ;
ਭਾਵੇਂ ਇਸ ਮੰਤਵ ਦੀ ਪੂਰਤੀ ਲਈ ਦਹਿਸ਼ਤ, ਜ਼ੁਲਮ ਅਤੇ ਖ਼ੂਨੀ ਮਾਰ-ਧਾੜ ਵੀ ਕਿਉਂ ਨਾ ਕਰਨੀ ਪਵੇ! (ਵਹੀ:
ਰੱਬੀ ਫ਼ਰਮਾਨ/ਹੁਕਮ/ਸੁਨੇਹਾ)।
‘ਸਿੱਖ ਧਰਮ’ ਦੇ ਪੁਜਾਰੀਆਂ ਨੇ ਵੀ ਏਹੋ ਪੈਂਤਰਾ ਵਰਤਦਿਆਂ ਗੁਰਬਾਣੀ ਦੀਆਂ ਕੁੱਝ ਇੱਕ ਤੁਕਾਂ
ਦੇ ਗ਼ਲਤ ਅਰਥ ਕਰਕੇ ਇਸ ਝੂਠੀ ਮਨੌਤ ਨੂੰ ਸਿੱਖਾਂ ਦੀ ਖੋਪੜੀ ਵਿੱਚ ਵੀ ਘਸੋੜ ਦਿੱਤਾ ਹੈ। ਉਦ੍ਹਾਰਣ
ਵਜੋਂ:
ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ॥ …ਸੋਰਠਿ ਮ: ੫
{ਉਕਤ ਤੁਕ ਦੇ ਸਹੀ ਅਰਥ ਹਨ: ਹੇ ਸੰਤ ਜਨੋਂ! ਪਰਮਾਤਮਾ ਦੀ ਸਿਫ਼ਤਿ ਸਾਲਾਹ ਦੀ ਬਾਣੀ ਜਿਸ ਮਨੁੱਖ
ਦੇ ਹਿਰਦੇ ਅੰਦਰ ਆ ਵੱਸੀ, ਉਸ ਨੇ ਆਪਣੀ ਸਾਰੀ ਚਿੰਤਾ ਦੂਰ ਕਰ ਲਈ। (ਸ੍ਰੀ ਗੁਰੂ ਗ੍ਰੰਥ ਸਾਹਿਬ
ਦਰਪਣ; ਪ੍ਰੋ: ਸਾਹਿਬ ਸਿੰਘ)।}
ਕਰਾਮਾਤਾਂ:
ਹਰ ਸੰਸਾਰਕ ਧਰਮ ਦੇ ਪਸਾਰ ਲਈ ਝੂਠੀਆਂ ਅਤੇ ਨਿਗੁਣੀਆਂ ਕਰਾਮਾਤਾਂ ਦਾ
ਸਹਾਰਾ ਲਿਆ ਜਾਂਦਾ ਹੈ। ਛਲਾਰ ਪੁਜਾਰੀ ਸਿੱਧੜ ਪੈਰੋਕਾਰਾਂ ਨੂੰ ਝੂਠੀਆਂ ਕਰਾਮਾਤੀ ਕਹਾਣੀਆਂ ਦੇ
ਹਵਾਲੇ ਦੇ ਕੇ ਇਹ ਵਿਸ਼ਵਾਸ ਕਰਾ ਦਿੰਦੇ ਹਨ ਕਿ ਦੁੱਖਾਂ ਤੋਂ ਮੁਕਤੀ, ਸੁੱਖਾਂ ਦੀ ਪ੍ਰਾਪਤੀ ਅਤੇ ਮਨ
ਦੀਆਂ ਮੁਰਾਦਾਂ ਦੀ ਪੂਰਤੀ ਵਾਸਤੇ ਕਰਾਮਾਤਾਂ ਵਿੱਚ ਦ੍ਰਿੜ ਵਿਸ਼ਵਾਸ (ਦਰਅਸਲ ਅੰਧਵਿਸ਼ਵਾਸ) ਦਾ ਹੋਣਾ
ਜ਼ਰੂਰੀ ਹੈ। ਗੁਰੁਬਾਣੀ ਵਿੱਚ ਕਰਾਮਾਤਾਂ ਉੱਤੇ ਆਧਾਰਿਤ ਕਰਮਕਾਂਡਾਂ (ਭਾੜੇ ਦੇ ਪਾਠ, ਅਰਦਾਸ,
ਦਰਸ਼ਨ-ਇਸ਼ਨਾਨ ਅਤੇ ਅੰਮ੍ਰਿਤ ਆਦਿਕ) ਨੂੰ ਨਿਸ਼ਫਲ ਦਸ ਕੇ ਮੂਲੋਂ ਹੀ ਰੱਦ ਕੀਤਾ ਗਿਆ ਹੈ।
ਗੁਰਮਤਿ ਦੇ ਬਿਲਕੁਲ ਉਲਟ, ਭਾਰਤ ਦਾ ਹਰ ਗੁਰੂਦਵਾਰਾ, ਟਕਸਾਲ ਅਤੇ ਡੇਰਾ ਆਦਿਕ ਮਿਥਿਆ ਕਰਾਮਾਤੀ
ਕਹਾਣੀਆਂ ਦੀਆਂ ਕੱਚੀਆਂ ਨੀਂਹਾਂ ਉੱਤੇ ਹੀ ਉਸਾਰਿਆ ਗਿਆ ਹੈ! ਅਜਿਹੇ ਸਥਾਨਾਂ ‘ਤੋਂ ਅਧਿਆਮਿਕ ਗਿਆਨ
ਦੇ ਮਿਲਨ ਦੀ ਉਮੀਦ ਰੱਖਣਾ ਵੱਡੀ ਭੁੱਲ ਹੈ!
2.
“ਵਿਸ਼ਨੂੰ ਦੇ ਭਗਤਾਂ ਵਿੱਚ
ਦੋ ਕਰੋੜ ਦਾ ਵਾਧਾ”।
ਇਸ ਲੇਖ ਵਿੱਚ ਲੇਖਕ ਨੇ ਗੁਰਮਤਿ ਦੇ ਨਿਰਮਲ ਧਰਮ ਦੇ ਜ਼ਮੀਰ ਮਰੇ ਗ਼ੱਦਾਰ ਟਕਸਾਲੀਆਂ,
ਡੇਰੇਦਾਰਾਂ, ਅਤੇ ਭੇਖੀ, ਦੰਭੀ ਅਤੇ ਪਾਖੰਡੀ ਪੁਜਾਰੀਆਂ, ਪ੍ਰਬੰਧਕਾਂ, ਜਥੇਦਾਰਾਂ ਅਤੇ ‘ਮਹਾਨ
ਪੰਥਕ ਵਿੱਦਵਾਨਾਂ’ ਦੇ ਗ਼ਲੀਜ਼ ਤੇ ਕੋਝੇ ਕਿਰਦਾਰ ਨੂੰ ਦਲੀਲਾਂ ਨਾਲ ਨੰਗਿਆਂ ਕੀਤਾ ਹੈ।
ਸੰਪਾਦਕ ਨੇ ਤਰਕ ਪੂਰਣ ਢੰਗ ਨਾਲ ਇਹ ਖ਼ਦਸ਼ਾ ਜਤਾਇਆ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਵਿਸ਼ਨੂੰ ਦੇ
ਭਗਤਾਂ (ਹਿੰਦੂਆਂ) ਦੀ ਗਿਣਤੀ ਵਿੱਚ ਦੋ ਕਰੋੜ ਦਾ ਵਾਧਾ ਹੋ ਜਾਵੇ ਗਾ! ਸੰਪਾਦਕ ਦੇ ਇਸ ਸੰਸੇ ਉੱਤੇ
ਵਿਚਾਰ ਕਰਨ ਤੋਂ ਪਹਿਲਾਂ, ਆਓ! ਇਸ ਨੁਕਤੇ ਦੇ ਪਿਛੋਕੜ ਉੱਤੇ ਸਰਸਰੀ ਜਿਹੀ ਨਿਗਾਹ ਮਾਰ ਲਈਏ:
ਆਦਿ ਕਾਲ ਤੋਂ ਹੀ ਭਾਰਤ ਵਿੱਚ ਵਿਸ਼ਨੂੰ (ਹਿੰਦੂਆਂ ਦੇ ਪਰਮੁਖ ਮਿਥਿਹਾਸਕ ਦੇਵਤਿਆਂ ਵਿੱਚੋਂ ਇਕ)
ਦੇ ਕੱਟੜਪੰਥੀ ਭਗਤਾਂ ਦਾ ਬੋਲ-ਬਾਲਾ ਰਿਹਾ ਹੈ। ਹਿੰਦੂ ਧਰਮ ਦਾ ਪ੍ਰਚਾਰ ਕਰਨ ਵਾਲੇ
ਪੰਡਿਤ-ਪੁਜਾਰੀ, ਹਿੰਦੂ ਰਾਜੇ-ਰਜਵਾੜੇ ਅਤੇ ਰਾਜਸੀ ਨੇਤਾ ਵਗ਼ੈਰਾ ਨਹੀਂ ਚਾਹੁੰਦੇ ਕਿ ਭਾਰਤ ਵਿੱਚ
ਹਿੰਦੂ ਧਰਮ ਤੋਂ ਬਿਨਾਂ ਕੋਈ ਹੋਰ ਧਰਮ ਜੜਾਂ ਫੜ ਸਕੇ! ਬੋਧ ਮੱਤ ਦਾ ਭਾਰਤ ਦੀ ਧਰਤੀ ਤੋਂ ਖਦੇੜੇ
ਜਾਣਾਂ ਇਸ ਤੱਥ ਦਾ ਠੋਸ ਪ੍ਰਮਾਣ ਹੈ।
ਗੁਰੂ ਕਾਲ ਦੇ ਖ਼ਤਮ ਹੁੰਦਿਆਂ ਹੀ ਗੁਰਮਤਿ ਦੇ ਸਚ ਧਰਮ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਸੀ। ਇਸ
ਕੁਕਰਮ ਦੀ ਸ਼ੁਰੂਆਤ ਕੀਤੀ ਗਈ ਗੁਰਮਤਿ-ਵਿਰੋਧੀ ਕੂੜ ਗ੍ਰੰਥ ਲਿਖ/ਲਿਖਵਾ ਕੇ। ਅਖੌਤੀ ਦਸਮ ਗ੍ਰੰਥ,
ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਗੁਰ ਬਿਲਾਸ, ਰਹਿਤ ਨਾਮੇ ਅਤੇ ਰਹਿਤ ਮਰਿਆਦਾਵਾਂ ਵਗ਼ੈਰਾ ਇਸ ਸੱਚ ਦਾ
ਪੁਖ਼ਤਾ ਪ੍ਰਮਾਣ ਹਨ।
ਗੁਰਮਤਿ ਦੇ ਅਭਿਲਾਸ਼ੀਆਂ ਦੀ ਇਹ ਬਦਕਿਸਮਤੀ ਹੈ ਕਿ ਇਨ੍ਹਾਂ ਕੂੜ-ਕਿਤਾਬਾਂ ਵਿੱਚ ਜੋ ਕੁੱਝ ਵੀ
ਲਿਖਿਆ ਹੋਇਆ ਹੈ, ਉਹ 100% ਗੁਰਮਤਿ
ਵਿਰੋਧੀ ਹੈ ਅਤੇ ਸੱਚੀ ਗੁਰਸਿੱਖੀ ਨੂੰ ਢਾਹ ਲਾਉਣ ਵਾਲਾ ਹੈ!
ਆਪਣੇ ਪੱਖ ਦੀ ਪ੍ਰੋਢਤਾ ਵਾਸਤੇ ਸੰਪਾਦਕ ਨੇ ਦੋ ਪੁਸਤਕਾਂ ਦਾ ਹਵਾਲਾ ਵੀ ਦਿੱਤਾ ਹੈ। ਪਹਿਲੀ,
ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ‘ਭਿੰਡਰਾਂਵਾਲਾ’ ਦੀ ਲਿਖੀ ਪੁਸਤਕ
“ਗੁਰਬਾਣੀ ਪਾਠ ਦਰਪਣ” ਹੈ। ਦੋ ਕੁ ਸਾਲ ਪਹਿਲਾਂ ਮੈਂ ਵੀ ਇਹ ਪੁਸਤਕ ਅੰਮ੍ਰਿਤਸਰੋਂ
“ਭਿੰਡਰਾਂਵਾਲਾ” ਦੇ ਚੇਲੇ ਦੀ ਦੁਕਾਨ ਤੋਂ ਖ਼ਰੀਦ ਕੇ ਲਿਆਇਆ ਸੀ। ਇਹ ਪੁਸਤਕ ਅਖੌਤੀ ਦਸਮ ਗ੍ਰੰਥ,
ਪੰਥ ਪ੍ਰਕਾਸ਼ ਗੁਰ ਬਿਲਾਸ ਆਦਿਕ ਉੱਤੇ ਆਧਾਰਿਤ ਹੈ। ਅਤੇ ਇਸ ਪੁਸਤਕ ਵਿੱਚ ਲੇਖਕ (ਗੁਰਬਚਨ ਸਿੰਘ)
ਨੇ ਆਪਣੀ ਮੂੜ੍ਹ ਮੱਤ ਵੀ ਰਲਾਈ ਹੋਈ ਹੈ। ਇਸ ਪੁਸਤਕ ਵਿੱਚ ਗੁਰਮਤਿ ਦਾ ਕੋਈ ਵੀ ਸਿੱਧਾਂਤ ਨਿਰੋਲ
ਰੂਪ ਵਿੱਚ ਨਹੀਂ ਦਰਸਾਇਆ ਗਿਆ! ਜੇ ਕਿਤੇ ਗੁਰੂ ਜਾਂ ਗੁਰਬਾਣੀ ਦਾ ਕੋਈ ਜ਼ਿਕਰ ਹੈ ਤਾਂ ਉਹ ਲੇਖਕ ਨੇ
ਆਪਣੇ ਆਸ਼ੇ ਅਨੁਸਾਰ ਤੋੜ-ਮਰੋੜ ਕੇ ਪੇਸ਼ ਕੀਤਾ ਹੈ!
ਇਹ ਸੱਚ ਤਾਂ ਹੁਣ ਜੱਗ ਜ਼ਾਹਰ ਹੈ ਕਿ ਗੁਰਮਤਿ ਦੇ ਨਿਰਮਲ ਧਰਮ ਉੱਤੇ ਅਧਰਮੀ ਗ਼ੱਦਾਰਾਂ ਦਾ ਪੂਰਾ
ਕਬਜ਼ਾ ਹੈ! ਇਹ ਸੱਚ ਵੀ ਕਿਸੇ ਤੋਂ ਲੁਕਿਆ ਨਹੀਂ ਕਿ ਧਰਮ-ਧ੍ਰੋਹੀ ਟਕਸਾਲੀਆਂ ਅਤੇ ਡੇਰੇਦਾਰਾਂ ਤੋਂ
ਬਿਨਾਂ ਸਾਰੇ ਸਵਾਰਥੀ ਸਿੱਖ ਨੇਤਾ, ਚਾਹੇ ਉਹ ਅਕਾਲੀ ਹੋਣ ਜਾਂ ਕਾਂਗਰਸੀ ਜਾਂ ਕੋਈ ਹੋਰ, ਗੱਦੀਆਂ
ਦੀ ਖ਼ਾਤਿਰ ਭਾਜਪਾ ਦੀ ਗ਼ੁਲਾਮੀ ਕਬੂਲ ਕਰ ਚੁੱਕੇ ਹਨ! ਡੇਰੇਦਾਰ ਅਤੇ ਟਕਸਾਲੀਏ ਇਸ ਦੌੜ ਵਿੱਚ ਸੱਭ
ਤੋਂ ਅੱਗੇ ਹਨ। ਭਾਜਪਾ ਆਪਣੇ ਇਨ੍ਹਾਂ ਗ਼ੁਲਾਮਾਂ ਤੋਂ ਗੁਰਮਤਿ ਦੇ ਸਚ ਧਰਮ ਨੂੰ ਖ਼ਤਮ ਕਰਨ ਉੱਤੇ
ਤੁਲੀ ਹੋਈ ਹੈ।
ਦੂਜੀ ਪੁਸਤਕ ਜਿਸ ਦਾ ਜ਼ਿਕਰ ਸੰਪਾਦਕ ਨੇ ਕੀਤਾ ਹੈ ਉਹ ਹੈ: ਬੀਬੀ ਬਲਜੀਤ ਕੌਰ ਤੁਲਸੀ ਦੀ ਲਿਖੀ
ਹੋਈ, “ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਾਮਾਯਿਣ”
(“The Ramayan of Shri Guru Gobind
Singh ji”)। ਮੈਂ ਇਹ ਪੁਸਤਕ ਅਜੇ ਪੜ੍ਹੀ ਨਹੀਂ, ਪਰੰਤੂ ਇਸ ਦਾ ਨਾਮ ਅਤੇ ਕੱਟੜਪੰਥੀ
ਮੋਦੀ ਤੋਂ ਇਸ ਦੀ ‘ਘੁੰਡ-ਚੁਕਾਈ’ ਕਰਵਾਉਣ ਤੋਂ ਸੰਪਾਦਕ ਦੇ ਖ਼ਦਸ਼ੇ,
“ਵਿਸ਼ਨੂੰ ਦੇ ਭਗਤਾਂ ਵਿੱਚ
ਦੋ ਕਰੋੜ ਦਾ ਵਾਧਾ”
ਦੀ ਪੁਸ਼ਟੀ ਹੁੰਦੀ ਹੈ!
ਪਾਠਕਾਂ ਦੇ ਵਿਚਾਰ ਗੋਚਰੇ ਕੁੱਝ ਇੱਕ ਨੁਕਤੇ:
‘ਸਿੱਖਾਂ’ ਦਾ ‘ਧਾਰਮਿਕ’ ਰੰਗ ਕੇਸਰੀ ਦੀ ਬਜਾਏ ਭੱਗਵਾਂ ਹੁੰਦਾ ਜਾ ਰਿਹਾ ਹੈ! ਸਿੱਖਾਂ ਦੇ
ਧਾਰਮਿਕ, ਸਿਆਸੀ ਅਤੇ ਸਮਾਜਕ ਲੀਡਰਾਂ ਦੀਆਂ ਪੱਗਾਂ, ਪੰਜ ਪਿਆਰਿਆਂ ਅਦਿ ਦੇ ਚੋਲਿਆਂ, ਨਿਸ਼ਾਨ
‘ਸਾਬ’ ਦੇ ਵਸਤਰਾਂ ਅਤੇ ਸੰਸਾਰਕ ਸਨਮਾਨ ਵਜੋਂ ਦਿੱਤੇ ਜਾਂਦੇ ਸਿਰੋਪਿਆਂ ਦੇ ਰੰਗ ਨੂੰ ਧਿਆਨ ਵੇਖ
ਕੇ ਵੀਚਾਰਿਓ!
‘ਰਾਮ’ ਦੇ ਨਾਮ ਵਾਲੀਆਂ ਇੱਟਾਂ ਦੇ ਮਿਲਣ ਪਿੱਛੇ ਕੀ ਰਾਜ਼ ਹੈ?
ਕੂੜ ਕਿਤਾਬਾਂ ਵਿੱਚ ਗੁਰੂਆਂ ਨੂੰ ਲਵ ਕੁਸ਼ ਦੀ ਵੰਸ਼ ਵਿੱਚੋਂ ਕਿਹਾ ਗਿਆ ਹੈ! ਲਵ ਕੁਸ਼
ਮਿਥਿਹਾਸਿਕ ਪਾਤਰ ਹਨ! ਜਦ ਕਿ ਗੁਰੂ ਜੀ ਮਨੁੱਖਾ ਸਮਾਜ ਦੀਆਂ ਇਤਿਹਾਸਿਕ ਹਸਤੀਆਂ ਵਿੱਚੋਂ ਹਨ।
ਮਨੁੱਖਾ ਸਮਾਜ ਦੀਆਂ ਇਤਿਹਾਸਿਕ ਹਸਤੀਆਂ (ਗੁਰੂ ਜੀ) ਮਿਥਿਹਾਸਿਕ ਪਾਤਰਾਂ ਦੇ ਵੰਸ਼ਜ ਕਿਵੇਂ ਹੋ ਗਏ?
3.
“ਨਰਕ ਸੁਰਗ ਦਾ ਖਹਿੜਾ ਛੱਡ
ਕੇ ਆਓ ਰਲ ਮਿਲ ਰਹੀਏ”।
ਇਸ ਲੇਖ ਵਿੱਚ ਲੇਖਕ ਨੇ ‘ਸਿੱਖ ਧਰਮ’ ਵਿੱਚ ਵਿਆਪਕ ਕਰ ਦਿੱਤੀਆਂ ਗਈਆਂ ਨਰਕ, ਸੁਰਗ, ਮੁਕਤੀ
ਅਤੇ ਸਚਖੰਡ ਵਗ਼ੈਰਾ ਅੰਧਵਿਸ਼ਵਾਸੀ ਧਾਰਮਿਕ ਮਨੌਤਾਂ ਦਾ ਦਲੀਲਮਈ ਖੰਡਨ ਕੀਤਾ ਹੈ। ਗੁਰਬਾਣੀ ਵਿੱਚ
ਸਾਰੇ ਸੰਪਰਦਾਈ ਧਰਮਾਂ ਦੇ ਸ਼ਾਤਿਰ ਪੁਜਾਰੀਆਂ ਦੁਆਰਾ ਨਿਰਧਾਰਤ ਅਤੇ ਪ੍ਰਚੱਲਿਤ ਕੀਤੇ ਗਏ ਰੰਗ
ਬਿਰੰਗੇ ਭੇਖਾਂ ਅਤੇ ਚਿੰਨ੍ਹਾਂ ਦਾ ਖੰਡਨ ਹੈ। ਪਰੰਤੂ, ਗੁਰਮਤਿ ਦੇ ਨਿਰਮਲ ਧਰਮ ਉੱਤੇ ਕਾਬਿਜ਼
ਭੇਖਧਾਰੀ ਟਕਸਾਲੀਏ, ਡੇਰੇਦਾਰ ਅਤੇ ਗੁਰੂਦਵਾਰਿਆਂ ਦੇ ਪੁਜਾਰੀਆਂ ਨੇ ‘ਸਿੱਖ ਧਰਮ’ ਦੇ ਪੈਰੋਕਾਰਾਂ
ਨੂੰ ਇਨ੍ਹਾਂ ਵਿਵਰਜਿਤ ਨਿਗੁਣੇ ਭੇਖਾਂ ਅਤੇ ਚਿੰਨ੍ਹਾਂ ਦੀ ਪੂਜਾ ਭਗਤੀ ਕਰਨ ਲਾ ਦਿੱਤਾ ਹੈ।
ਕਿਰਪਾਨ ਦੇ ਚਿੰਨ੍ਹ ਲਈ ਸੰਸਾਰ ਭਰ ਵਿੱਚ ਕੀਤੀ ਜਾ ਰਹੀ ਹੁੱਲੜਬਾਜ਼ੀ ਦਾ ਹਵਾਲਾ ਦੇ ਕੇ ਲੇਖਕ ਨੇ
ਇਸ ਤੱਥ ਦੀ ਪੁਸ਼ਟੀ ਕੀਤੀ ਹੈ। ਅੰਤ ਵਿੱਚ ਲੇਖਕ ਨੇ ਪਤਿਤ ਅਤੇ ਅਧਰਮੀ ਧਾਰਮਿਕ ਲੀਡਰਾਂ, ਭੇਖਧਾਰੀ
ਪਾਖੰਡੀ ਪੁਜਾਰੀਆਂ ਅਤੇ ਭੇਡਾਂ ਵਾਂਙ ਉਨ੍ਹਾਂ ਦੇ ਮਗਰ ਲੱਗੇ ਅੰਧਵਿਸ਼ਵਾਸੀ ਸ਼੍ਰੱਧਾਲੂਆਂ ਨੂੰ ਦੋ
ਟੁਕ ਸੱਚਾ ਸੁਨੇਹਾ ਦਿੱਤਾ ਹੈ: “ਧਾਰਮਿਕ ਚਿੰਨ੍ਹਾਂ ਨਾਲ ਕੋਈ ਧਰਮੀ ਨਹੀਂ ਬਣ ਜਾਂਦਾ”।
4.
“ਸੌ ਵਿੱਚੋਂ
ਨੜਿਨਵੇਂ ਬੇਈਮਾਨ ਫਿਰ ਵੀ ਸਾਡਾ ਪੰਥ ਮਹਾਨ”।
ਇਸ ਲਘੂ ਲੇਖ ਵਿੱਚ ਸੰਪਾਦਕ ਦਾ ਕਹਿਣਾ ਹੈ ਕਿ,
“ਧਰਮ ਦੀ ਗੱਲ ਕਰਦੇ ਸਮੇਂ ਇਹ (ਸਿੱਖ) ਦੁਨੀਆਂ ਦੇ ਸੱਭ ਤੋਂ ਬੇਈਮਾਨ ਲੋਕ ਸਾਬਤ ਹੁੰਦੇ ਹਨ”।
“ਦੁਨੀਆਂ ਭਰ ਦੇ
99% ਤੋਂ ਉਪਰ
ਸਿੱਖਾਂ ਨੇ ਸਮਾਜ ਨੂੰ ਗੰਧਲਾ ਕਰਨ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਹੈ ਅਤੇ ਪਾ ਰਹੇ ਹਨ”।
ਜੇ ਅੰਧਵਿਸ਼ਵਾਸ ਦੀ ਅੰਧੇਰੀ ਬੁੱਕਲ ਵਿੱਚੋਂ ਨਿਕਲ ਕੇ ਬਿਬੇਕ ਦੀ ਰੋਸ਼ਨੀ ਵਿੱਚ ਨਿਰਪੱਖਤਾ ਨਾਲ
ਵੇਖੀਏ ਤਾਂ ਲੇਖਕ ਦੇ ਉਕਤ ਕਥਨ ਬਿਲਕੁਲ ਸਹੀ ਹਨ। ਆਓ! ਵਿਚਾਰੀਏ ਕਿਵੇਂ:
ਜਰਨੈਲ ਸਿੰਘ ਭਿੰਡਰਾਂਵਾਲਾ, ਜਿਸ ਨੇ ਆਪਣੀ ਜਾਨ ਬਚਾਉਣ ਵਾਸਤੇ ਅਕਾਲ ਤਖ਼ਤ ਨੂੰ ਪਨਾਹ-ਗਾਹ ਬਣਾ
ਰੱਖਿਆ ਸੀ, ਦੀ ਮੌਤ ਨੂੰ ਕੁਰਬਾਨੀ ਦੱਸ ਕੇ ਉਸ ਨੂੰ ਮਹਾਨ ਸ਼ਹੀਦ ਦਾ ਰੁਤਬਾ ਦੇਣਾ ਸੱਭ ਤੋਂ ਵੱਡਾ
ਝੂਠ ਹੈ। ਦੂਜਾ, ਭਿੰਡਰਾਂਵਾਲਾ ਦੇ ਬੇ-ਈਮਾਨ ਚੇਲਿਆਂ ਦੁਆਰਾ ਸਾਕਾ ਨੀਲਾ ਤਾਰਾ
(Operation Blue Star) ਉੱਤੇ ਲਿਖੀ
ਤੇ ਪ੍ਰਕਾਸ਼ਤ ਕਰਵਾਈ ਗਈ ਜਾਅਲੀ ਕਿਤਾਬ, ਬਿਨਾਂ ਸ਼ੱਕ, ਚਿੱਟੇ ਝੂਠ ਅਤੇ ਕਾਲੇ ਕੁਫ਼ਰ ਦਾ ਇੱਕ
ਬੇਮਿਸਾਲ ਪੁਲੰਦਾ ਹੈ। ਪਰੰਤੂ, ਅੱਜ ਤੀਕ ਕਿਸੇ ਵੀ ਅਕਾਲੀ, ਸ਼੍ਰਿੋਮਣੀ ਕਮੇਟੀਆਂ ਦੇ ਕਾਰਕੁਨ,
ਜਥੇਦਾਰ, ਪੁਜਾਰੀ ਅਤੇ ਪੰਥ ਦੇ ਮਹਾਨ ਵਿੱਦਵਾਨ ਆਦਿ ਨੇ ਇਸ ਚਿੱਟੇ ਝੂਠ ਦੇ ਖ਼ਿਲਾਫ਼ ਚੂੰ
ਤਕ ਕਰਨ ਦੀ ਜੁੱਰਤ ਨਹੀਂ ਕੀਤੀ! ਉਲਟਾ, ਟਕਸਾਲੀਆਂ ਨੇ, ਅਕਾਲੀਆਂ, ਸ਼੍ਰਿੋਮਣੀ ਕਮੇਟੀ ਅਤੇ ਜਥੇਦਾਰ
ਵਗ਼ੈਰਾ ਦੀ ਸਹਿਮਤੀ ਅਤੇ ਸਮਰਥਨ ਨਾਲ ਹਰਿਮੰਦਰ ਤੋਂ ਕਿਤੇ ਉਚੇਰੀ ਥਾਂ ਉੱਤੇ, ਇੱਕ ਗੁਰੁਦੁਆਰੇ ਦੇ
ਰੂਪ ਵਿੱਚ, ਭਿੰਡਰਾਂਵਾਲੇ ਤੇ ਉਸ ਦੇ ਮਾਰੇ ਗਏ ਸਾਥੀਆਂ ਦੀ ਯਾਦਗਾਰ ਬਣਾਈ ਹੈ! ਸਿੱਖਾਂ ਦੇ
ਸਰਵਉੱਚ ਕਹੇ ਜਾਂਦੇ ਪਵਿਤ੍ਰ ਸਥਾਨ ਹਰਿਮੰਦਰ ਦੀ ਇਸ ਤੋਂ ਵੱਧ ਹੋਰ ਬੇ-ਅਦਬੀ ਕੀ ਹੋ ਸਕਦੀ ਹੈ?
ਚਲਦਾ……
ਗੁਰਇੰਦਰ ਸਿੰਘ ਪਾਲ
ਸਤੰਬਰ
12, 2021.