. |
|
ਸੱਚ--ਇਨਸਾਨੀਯਤ--ਧਰਮ
(3)
ਗੁਰਮਤਿ ਦਾ ਨਿਰਮਲ
ਧਰਮ ਮਨੁੱਖਾਂ ਨੂੰ ਗਿਆਨਅੰਜਨ ਬਖ਼ਸ਼ਦਾ ਹੈ।
ਇਸ ਅਲੌਕਿਕ ਅੰਜਨ ਸਦਕਾ ਉਨ੍ਹਾਂ ਵਿੱਚੋਂ ਅਗਿਆਨ-ਅੰਧੇਰੇ ਦਾ ਨਾਸ਼ ਹੁੰਦਾ ਹੈ ਅਤੇ ਉਹ ਝੂਠ ਅਤੇ
ਸ਼ੈਤਾਨੀਯਤ ਦਾ ਕੁਮਾਰਗ ਤਿਆਗ ਕੇ ਸੱਚ ਅਤੇ ਇਨਸਾਨੀਯਤ ਦਾ ਸੁਮਾਰਗ ਅਖ਼ਤਿਆਰ ਕਰਨ ਲਈ ਪ੍ਰੇਰਿਤ
ਹੁੰਦੇ ਹਨ। ਗੁਰਮਤਿ ਦਾ ਅਧਿਆਤਮਿਕ ਧਰਮ ਪ੍ਰਭੂ-ਭਗਤੀ (ਚਿੰਤਨ), ਉੱਤਮ ਸੰਸਕਾਰਾਂ (ਨੇਕੀ ਅਤੇ
ਪਰਸੁਆਰਥ ਦੇ ਕਰਮ) ਅਤੇ ਪ੍ਰਭੂ ਦੀ ਪ੍ਰਜਾ ਦੇ ਭਲੇ ਦਾ ਸਚ ਧਰਮ ਹੈ। ਇਸ ਦੇ ਬਿਲਕੁਲ
ਵਿਪਰੀਤ, ਸੰਸਾਰਕ ‘ਸਿੱਖ
ਧਰਮ’ ਵਿੱਚ ਪ੍ਰਭੂ-ਭਗਤੀ ਦਾ ਅਭਾਵ ਹੈ; ਅਤੇ
ਦਿਖਾਵੇ ਦੇ ਇਸ ਸੰਸਾਰਕ ਧਰਮ ਵਿੱਚ ਝੂਠੀਆਂ ਤੇ ਮਿਥਿਹਾਸਕ ਕਰਾਮਾਤੀ ਕਥਾ-ਕਹਾਣੀਆਂ ਅਤੇ ਨਿਖਿੱਧ
ਸੰਸਕਾਰਾਂ (ਅਨੈਤਿਕਤਾ ਅਤੇ ਅਪਸਵਾਰਥ ਦੇ ਨਾਪਾਕ ਕਰਮ) ਅਤੇ ਕਿਰਿਆਚਾਰ (ਨਿਸ਼ਫ਼ਲ ਕਰਮਕਾਂਡਾਂ) ਦੀ
ਪ੍ਰਧਾਨਤਾ ਹੈ। ਇਸ ਸੰਪਰਦਾਈ ਸੰਸਾਰਕ ਧਰਮ ਵਿੱਚ ਪ੍ਰਭੂ ਦੀ ਪ੍ਰਜਾ ਦੇ ਭਲੇ ਦੀ ਬਜਾਏ ਖ਼ੁਦ ਦੇ ਭਲੇ
ਨੂੰ ਪਹਿਲ ਦਿੱਤੀ ਜਾਂਦੀ ਹੈ। ਖ਼ੁਦ ਦੇ ਭਲੇ ਦੀ ਖ਼ਾਤਿਰ ਖ਼ੁਦਗ਼ਰਜ਼ ਪੁਜਾਰੀ ਭੋਲੇ-ਭਾਲੇ ਸੰਸਾਰੀਆਂ
ਨੂੰ, ਸੰਸਾਰਕ ਸੰਸਕਾਰਾਂ (ਕਰਮਕਾਂਡਾਂ) ਦੀ ਸੰਪੰਨਤਾ ਦੇ ਬਹਾਨੇ, ਬੇ-ਰਹਿਮੀ ਅਤੇ ਨਿਰਲੱਜਤਾ ਨਾਲ,
ਠੱਗਦੇ ਰਹਿੰਦੇ ਹਨ।
ਪ੍ਰਭੂ ਦੇ ਸੱਚੇ ਸੇਵਕ
ਬ੍ਰਹਮਗਿਆਨੀ ਬਾਣੀਕਾਰਾਂ ਦੁਆਰਾ, ਗੁਰਬਾਣੀ ਵਿੱਚ ਚਿੱਤਰਿਆ ਗਿਆ
ਨਿਰਮਲ
ਧਰਮ ਬਨਾਮ
ਬਿਉਹਾਰੀ ਪੁਜਾਰੀ ਲਾਣੇ ਦੁਆਰਾ ਸਥਾਪਿਤ ਕੀਤਾ ਤੇ
ਪ੍ਰਚਾਰਿਆ ਜਾ ਰਿਹਾ
ਸੰਪਰਦਾਈ ‘ਸਿੱਖ ਧਰਮ’
ਦੇ ਵਿਸ਼ੇ ਉੱਤੇ ਇੱਕ ਵੱਡਾ ਗ੍ਰੰਥ ਲਿਖਿਆ ਜਾ
ਸਕਦਾ ਹੈ! ਪਰ, ਇੱਥੇ ਅਸੀਂ ਸੰਖੇਪ ਵਿੱਚ
ਕੁੱਝ ਇੱਕ ਤੱਥਾਂ ਦਾ ਵਰਣਨ ਹੀ ਕਰਾਂਗੇ।
*ਗੁਰਬਾਣੀ ਵਿੱਚ ਚਿਤ੍ਰਿਆ ਨਿਰਮਲ ਧਰਮ*
ਬਨਾਮ
#ਬਿਉਹਾਰੀਆਂ ਦੁਆਰਾ ਸਥਾਪਿਤ ਕੀਤਾ ‘ਸਿੱਖ ਧਰਮ’ #
*
ਨਿਰਮਲ ਧਰਮ
ਦੇ ਸੰਸਥਾਪਕ ਮਾਨਵਵਾਦੀ ਬਾਣੀਕਾਰਾਂ ਨੇ ਅਧਿਆਤਮ ਗਿਆਨ ਦੇ
ਅਦੁੱਤੀ ਸੂਰਜ ਗੁਰਬਾਣੀ ਗ੍ਰੰਥ ਦੀ ਰਚਨਾ ਅਤੇ ਸੰਪਾਦਨਾ ਕਰਕੇ ਸਾਰੀ ਮਾਨਵਤਾ
ਵਾਸਤੇ ਸੱਚ ਅਤੇ ਇਨਸਾਨੀਯਤ ਦਾ ਰਾਹ ਰੋਸ਼ਨ ਕੀਤਾ।
#
‘ਸਿੱਖ ਧਰਮ’
ਦੇ ਬਿਉਹਾਰੀ ਸੰਸਥਾਪਕਾਂ, ਸਮਰਥਕਾਂ ਅਤੇ
ਪ੍ਰਚਾਰਕਾਂ ਨੇ, ਆਪਣੇ ਸੁਆਰਥ ਦੀ ਖ਼ਾਤਿਰ, ਸਾਰੀ ਮਨੁੱਖਤਾ ਵਾਸਤੇ ਸੱਚ ਅਤੇ ਇਨਸਾਨੀਯਤ ਦਾ
ਰਾਹ ਰੋਸ਼ਨ ਕਰਨ ਵਾਲੇ ਗੁਰਬਾਣੀ ਗ੍ਰੰਥ ਨੂੰ ਸਿਰਫ਼ ਇੱਕ ਸਿੱਖ ਫ਼ਿਰਕੇ ਦੇ ਭੇਖਧਾਰੀ ਸਿੱਖਾਂ
ਦਾ ਗੁਰੂ ਘੋਸ਼ਿਤ ਕਰ ਦਿੱਤਾ! ਦੂਜਾ, ਗੁਰਮਤਿ ਵਿਰੋਧੀ ਕਈ ਕੂੜ ਗ੍ਰੰਥਾਂ ਦੀ ਰਚਨਾ ਅਤੇ
ਪ੍ਰਕਾਸ਼ਨਾ ਕਰ/ਕਰਵਾ ਕੇ ਗਿਆਨ ਦੀ ਰੋਸ਼ਨੀ ਬਿਖੇਰਦੇ ਲਾਸਾਨੀ ਸੂਰਜ (ਗੁਰੂ ਗ੍ਰੰਥ) ਦੇ ਸਾਮਣੇ
ਅਗਿਆਨਤਾ ਦੀ ਧੂੜ ਦੇ ਗ਼ੁਬਾਰ ਪੈਦਾ ਕਰਕੇ, ਗਿਆਨ ਦੇ ਅਦੁੱਤੀ ਸੂਰਜ ਗੁਰੂ ਗ੍ਰੰਥ ਨੂੰ, ਲਗ
ਪਗ, ਪੂਰਣ ਗ੍ਰਹਿਣ ਲਗਾ ਦਿੱਤਾ ਹੈ। ਇਸ ਮਨਹੂਸ ਗ੍ਰਹਿਣ ਨਾਲ ਪੈਦਾ ਕੀਤੇ ਅਗਿਆਨ-ਅੰਧੇਰੇ ਦੀ ਆੜ
ਵਿੱਚ ਪੁਜਾਰੀਆਂ, ਸ਼ਾਸਕਾਂ ਅਤੇ ਸਿਆਸਤਦਾਨਾਂ ਦੀ ਠਗਮੰਡਲੀ ਭੋਲੀ-ਭਾਲੀ ਜਨਤਾ ਨੂੰ ਬੇ-ਰਹਿਮੀ ਨਾਲ
ਠਗ ਰਹੀ ਹੈ। ਸ਼੍ਰੱਧਾਲੂਆਂ ਨੂੰ ਗੁਰੂ (ਗ੍ਰੰਥ) ਵੱਲੋਂ ਬੇਮੁਖ ਕਰਨ ਵਾਸਤੇ ਟਕਸਾਲਾਂ, ਡੇਰਿਆਂ ਅਤੇ
ਗੁਰੂਦਵਾਰਿਆਂ ਵਿੱਚ ਕੂੜ ਗ੍ਰੰਥਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਅਤੇ, ‘ਸਿੱਖ ਧਰਮ’ ਦਾ ਪ੍ਰਚਾਰ
ਅਤੇ ਕਥਾ-ਕੀਰਤਨ ਕਰਨ ਸਮੇਂ ਇਨ੍ਹਾਂ ਕੂੜ-ਗ੍ਰੰਥਾਂ ਵਿੱਚੋਂ ਹੀ ਹਵਾਲੇ ਦਿੱਤੇ ਜਾਂਦੇ ਹਨ।
*
ਸਾਹਿਬ:
ਗੁਰਮਤਿ ਦੇ ਸੱਚ ਧਰਮ ਦੇ ਮੂਲ ਸਿੱਧਾਂਤਾਂ ਵਿੱਚੋਂ
ਸਾਹਿਬ ਇੱਕ ਅਹਿਮ ਸਿੱਧਾਂਤ ਹੈ। ਸਾਰੀ ਸ੍ਰਿਸ਼ਟੀ ਦਾ ਸਚਾ ਸਾਹਿਬ ਇੱਕ ਅਸਥੂਲ
ਅਦ੍ਰਿਸ਼ਟ ਅਕਾਲ ਪੁਰਖ ਹੀ ਹੈ। ਮਨੁੱਖ ਨੇ ਕੇਵਲ ਉਸੇ ਅਦੁੱਤੀ ਸਾਹਿਬ ਦੀ ਉਪਾਸਨਾ-ਭਗਤੀ
ਕਰਨੀ ਹੈ। (ਸਾਹਿਬ: ਮਾਲਿਕ, ਕਰਤਾਰ)।
# ‘ਸਿੱਖ ਧਰਮ’ ਦੇ
ਖ਼ੁਦਗ਼ਰਜ਼ ਠੇਕੇਦਾਰਾਂ ਨੇ ਅਣਗਿਣਤ ਝੂਠੇ ਅਤੇ ਹਾਸੋਹੀਣੇ ਸਥੂਲ ਸਾਹਿਬਾਂ ਦੀ ਅਜਿਹੀ ਧੂੜ
ਉਡਾਈ ਹੈ ਕਿ ਮਨੁੱਖਤਾ ਦਾ ਇਕੋ ਇੱਕ ਸਚਾ ਸਾਹਿਬ ਕਿਧਰੇ ਨਜ਼ਰ ਹੀ ਨਹੀਂ ਆਉਣ
ਦਿੱਤਾ ਜਾਂਦਾ। ਨਤੀਜਤਨ, ਲੋਕ ਸੱਚੇ ਸਾਹਿਬ ਵੱਲੋਂ ਬੇਮੁਖ ਹੋ ਕੇ ਝੂਠੇ ਸਾਹਿਬਾਂ ਅੱਗੇ
ਮੱਥੇ ਰਗੜਦੇ ਫਿਰਦੇ ਹਨ।
* ਧਾਰਮਿਕ ਭੇਖ:
ਪ੍ਰਭੂ-ਭਗਤੀ, ਸੱਚ ਅਤੇ ਇਨਸਾਨੀਯਤ
ਦੇ ਰਾਹ ਦੇ ਰਾਹੀ ਦੇ ਰਾਹ ਵਿੱਚ ਧਾਰਮਿਕ ਭੇਖ ਬਹੁਤ ਵੱਡੀ ਰੁਕਾਵਟ ਹਨ। ਇਸੇ ਲਈ ਸਚ ਅਤੇ
ਇਨਸਾਨੀਯਤ ਦੇ ਪੁੰਜ ਬਾਣੀਕਾਰਾਂ ਵਿੱਚੋਂ ਕੋਈ ਵੀ ਭੇਖੀ ਨਹੀਂ ਸੀ। ਉਹ ਨੈਤਿਕ ਗੁਣਾਂ ਦੇ ਵੇਸ
ਦੇ ਧਾਰਨੀ ਸਨ। ਆਤਮਿਕ/ਨੈਤਿਕ ਗੁਣਾਂ ਦਾ ਵੇਸ ਹੀ ਉਨ੍ਹਾਂ ਦੀ ਪਹਿਚਾਨ ਸੀ! ! ਸੰਸਾਰਕ ਜਾਂ
ਸਮਾਜਿਕ ਪੱਖੋਂ ਉਹ ਆਪਣੇ ਆਪਣੇ ਇਲਾਕੇ ਦੇ ਸਭਿਅਚਾਰ ਵਾਲਾ ਵੇਸ ਕਰਦੇ ਸਨ। ਗੁਰਬਾਣੀ ਵਿੱਚ ਧਾਰਮਿਕ
ਭੇਖ ਅਤੇ ਚਿੰਨ੍ਹ ਧਾਰਨ ਕਰਨ ਵਾਲੇ ਪਾਖੰਡੀਆਂ ਦੀ ਤੁਲਣਾ ਜ਼ਹਿਰੀਲੇ ਸੱਪਾਂ, ਡੱਡਾਂ ਨਿਗਲ ਜਾਣ
ਵਾਲੇ ਕਠੋਰ ਚਿੱਤ ਨਿਰਦਈ ਚਿੱਟੇ ਬਗੁਲਿਆਂ ਅਤੇ ਅਕਲ ਦੇ ਅੰਨ੍ਹੇ ਡੰਗਰਾਂ-ਢੋਰਾਂ ਨਾਲ ਕੀਤੀ ਗਈ
ਹੈ। ਗੁਰਮਤਿ ਅਨੁਸਾਰ, ਭੇਖ ਓਹੀ ਲੋਕ ਕਰਦੇ ਹਨ ਜੋ ਸੱਚ ਅਤੇ ਇਨਸਾਨੀਯਤ ਦੇ ਰਾਹ ਤੋਂ ਥਿੜਕ ਚੁੱਕੇ
ਹਨ, ਜਿਨ੍ਹਾਂ ਦੀ ਜ਼ਮੀਰ/ਆਤਮਾ ਮਰ ਚੁੱਕੀ ਹੈ ਅਤੇ ਜੋ ਪਰਲੇ ਦਰਜੇ ਦੇ ਝੂਠੇ, ਕਪਟੀ, ਨੀਚ ਅਤੇ
ਆਤਮਿਕ ਪੱਖੋਂ ਨਾਮਰਦ ਹਨ।
ਬਹੁਤੇ ਵੇਸ ਕਰੇ ਕੂੜਿਆਰਿ॥ ਓਅੰਕਾਰ ਮ: ੧
ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ॥
ਮੂਲੁ ਨ ਬੂਝਹਿ ਅਪਣਾ ਸੇ ਪਸੂਆ ਸੇ ਢੋਰ ਜੀਉ॥ ਸੂਹੀ ਅ: ਮ: ੧
ਭੇਖੀ ਹਾਥ ਨ ਲਭਈ ਤੀਰਥਿ ਨਹੀ ਦਾਨੇ॥ ਪੂਛਉ ਬੇਦ ਪੜੰਤਿਆ ਮੂਠੀ ਵਿਣੁ
ਮਾਨੇ॥
ਨਾਨਕ ਕੀਮਤਿ ਸੋ ਕਰੇ ਪੂਰਾ ਗੁਰੁ ਗਿਆਨੇ॥ ਮਾਰੂ ਅ: ਮ: ੧
#
‘ਸਿੱਖ ਧਰਮ’
ਸਿਰਫ਼ ਭੇਖ ਦਾ ਧਰਮ ਹੈ।
ਇਸ ਸੰਪਰਦਾਈ ਧਰਮ ਵਿੱਚ ‘ਸਿੱਖ’ ਦੀ ਪਹਿਚਾਨ ਉਸ ਦੇ ਧਾਰਮਿਕ ਭੇਖ ਨਾਲ ਕੀਤੀ ਜਾਂਦੀ ਹੈ,
ਆਤਮਿਕ ਜਾਂ ਨੈਤਿਕ ਗੁਣਾਂ ਨਾਲ ਨਹੀਂ! ‘ਸਿੱਖ ਧਰਮ’ ਦੇ ਮੁਦਈਆਂ ਦੁਆਰਾ ਬਣਾਈ ਗਈ “ਸਿੱਖ
ਰਹਿਤ ਮਰਯਾਦਾ” ਵਿੱਚ ਸਿੱਖ ਦੀ ਪਹਿਚਾਨ ਵਾਸਤੇ, ਆਪੂੰ ਨਿਰਧਾਰਤ ਕੀਤੇ, ‘ਸਿੱਖੀ ਭੇਖ’ ਨੂੰ ਕਸੌਟੀ
ਬਣਾਇਆ ਜਾਂਦਾ ਹੈ; ਗੁਰਸਿੱਧਾਂਤਾਂ ਜਾਂ ਨੈਤਿਕ ਗੁਣਾਂ ਨੂੰ ਨਹੀਂ। ਹੋਰ ਤਾਂ ਹੋਰ, ‘ਸਿੱਖੀ ਭੇਖ’
ਨੂੰ ਸਤਿਕਾਰਤ ਬਣਾ ਕੇ ਲੋਕਾਂ ਵਿੱਚ ਮਾਨਤਾ ਦਿਵਾਉਣ ਲਈ, ਬਾਣੀਕਾਰਾਂ ਦੇ ਜੋ ਕਾਲਪਨਿਕ ਚਿਤ੍ਰ
ਬਣਵਾ ਕੇ ਪ੍ਰਦਰਸ਼ਿਤ ਕੀਤੇ ਜਾਂਦੇ ਹਨ, ਉਨ੍ਹਾਂ ਵਿੱਚ ਭੇਖਾਂ ਦਾ ਖੰਡਨ ਕਰਨ ਵਾਲੇ ਬਾਣੀਕਾਰਾਂ
ਦੀਆਂ ਰੂਹਾਨੀ ਸ਼ਖ਼ਸੀਯਤਾਂ ਨੂੰ ਧਰਮ ਦੇ ਵਾਪਾਰੀਆਂ ਨੇ ਉਸੇ ( “ਸਿੱਖ ਰਹਿਤ ਮਰਿਯਾਦਾ” ਵਾਲੇ)
‘ਸਿੱਖੀ ਭੇਖ’ ਵਿੱਚ ਦਿਖਾਇਆ ਹੈ! !
* ਤੀਰਥ ਅਤੇ ਅੰਮ੍ਰਿਤ:
ਗੁਰਮਤਿ ਅਨੁਸਾਰ, ਦੁਨਿਆਵੀ ਤੀਰਥ ਅਤੇ ਇਨ੍ਹਾਂ ਤੀਰਥਾਂ
ਦੇ ਅੰਮ੍ਰਿਤ ਕਹੇ ਜਾਂਦੇ ਚਮਤਕਾਰੀ ਪਾਣੀਆਂ ਦੇ ਕਥਿਤ ਚਮਤਕਾਰ, ਮਨਘੜੰਤ ਮਿਥਿਹਾਸਿਕ ਕਹਾਣੀਆਂ,
ਝੂਠ ਅਤੇ ਕਪਟ ਉੱਤੇ ਆਧਾਰਿਤ ਹੋਣ ਕਰਕੇ ਨਿਸ਼ਫ਼ਲ ਅਤੇ ਨਿਰਾਰਥਕ ਹਨ। ਉੱਚਤਮ ਦਿੱਬਦ੍ਰਿਸ਼ਟੀ ਅਤੇ
ਬਿਬੇਕਬੁੱਧਿ ਵਾਲੇ ਬਾਣੀਕਾਰਾਂ ਨੇ ਆਪਣੀ ਰਚੀ ਬਾਣੀ ਵਿੱਚ ਪੁਜਾਰੀਆਂ ਦੇ ਫ਼ੈਲਾਏ ਹੋਏ ਇਸ ਭਰਮ-ਜਾਲ
ਨੂੰ ਭਾਂਪਦਿਆਂ ਸੰਸਾਰਕ ਤੀਰਥਾਂ, ਤੀਰਥ ਯਾਤ੍ਰਾਵਾਂ ਅਤੇ ਤੀਰਥ ਇਸ਼ਨਾਨਾਂ ਦਾ ਪੁਰਜ਼ੋਰ ਖੰਡਨ ਕੀਤਾ
ਹੈ। ਗੁਰਫ਼ਲਸਫ਼ੇ ਅਨੁਸਾਰ ਸਿਰਫ਼ ਨਾਮ (ਚਿੰਤਨ) ਹੀ ਅੰਮ੍ਰਿਤ ਹੈ; ਇਸ ਨਾਮ-ਅੰਮ੍ਰਿਤ ਦਾ ਠਿਕਾਣਾ
ਮਨੁੱਖ ਦਾ ਮਨ/ਹਿਰਦਾ ਜਾਂ ਅੰਤਹਕਰਣ ਹੈ। ਇਸ ਨਾਮ-ਅੰਮ੍ਰਿਤ ਨਾਲ ਮਨੁੱਖ ਨੇ ਵਿਕਾਰਾਂ ਵਿੱਚ ਲਥ-ਪਥ
ਆਪਣੇ ਮਨ ਨੂੰ ਮਾਂਜ ਕੇ ਸ਼ੁੱਧ ਕਰਨਾ ਹੈ।
#
‘ਸਿੱਖ ਧਰਮ’
ਦੇ ਵਾਪਾਰੀ ਇਹ ਭਲੀਭਾਂਤ ਜਾਣਦੇ ਸਨ/ਹਨ ਕਿ ਧਰਮ
ਦੇ ਵਾਪਾਰ ਵਾਸਤੇ ਤੀਰਥ, ਤੀਰਥ-ਯਾਤ੍ਰਾ ਅਤੇ ਤੀਰਥ-ਇਸ਼ਨਾਨ ਵਿੱਚ ਲੋਕਾਂ ਦਾ ਅੰਨ੍ਹਾ ਵਿਸ਼ਵਾਸ ਹੋਣਾ
ਬਹੁਤ ਲਾਹੇਵੰਦ ਹੈ। ਸੋ, ‘ਸਿੱਖ ਧਰਮ’ ਦੇ ਵਾਪਾਰੀਆਂ ਨੇ ਮਨਘੜੰਤ ਝੂਠੀਆਂ ਕਰਾਮਾਤੀ ਕਹਾਣੀਆਂ ਦੇ
ਆਧਾਰ `ਤੇ ਭਾਰਤ ਦੇ ਹਰ ਗੁਰੂਦਵਾਰੇ ਨੂੰ ਤੀਰਥ ਬਣਾ ਲਿਆ ਹੈ। ਝੂਠੀਆਂ ਕਰਾਮਾਤੀ ਕਹਾਣੀਆਂ ਵਿੱਚ
ਅੰਨ੍ਹਾ ਵਿਸ਼ਵਾਸ ਲੋਕਾਂ ਨੂੰ ਅੰਧਵਿਸ਼ਵਾਸੀ ਬਣਾ ਕੇ ਅਗਿਆਨਤਾ ਦੇ ਅਨ੍ਹੇਰੇ ਰਸਤੇ ਦੇ ਰਾਹੀ
ਬਣਾਉਂਦਾ ਹੈ। ਅਨ੍ਹੇਰੇ ਰਸਤੇ ਵਿੱਚ ਭਟਕਦੇ ਰਾਹੀਆਂ ਨੂੰ ਲੁੱਟਣਾ ਬੜਾ ਸੌਖਾ ਹੁੰਦਾ ਹੈ। ਸੋ,
‘ਸਿੱਖ ਧਰਮ’ ਦੇ ਬਿਉਹਾਰੀ ਪੁਜਾਰੀ ‘ਸਿੱਖਾਂ’ ਨੂੰ ਵਰਗਲਾ ਕੇ ਕਥਿਤ ਤੀਰਥਾਂ ਵੱਲ ਪ੍ਰਲੋਭਤ ਕਰਨ
ਲਈ ਕਈ ਝੂਠੇ ਅਤੇ ਅਮਾਨਵੀ ਪੈਂਤਰੇ ਵੀ ਵਰਤਦੇ ਰਹਿੰਦੇ ਹਨ।
“…ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ……” ; ਮਾਘੀ ਅਤੇ ਹੋਰ ਤਿਉਹਾਰਾਂ ਦੇ
ਦਿਨਾਂ ਦੇ ਵਿਸ਼ੇਸ਼ ਇਸ਼ਨਾਨ; ਤੀਰਥ-ਯਾਤ੍ਰਾ ਲਈ ਸਪੈਸਿਲ ਗੱਡੀਆਂ ਅਤੇ ਬਸਾਂ ਆਦਿਕ। …
* ਦਰਸ਼ਨ: ਮਨੁੱਖ ਦੇ
ਅਧਿਆਤਮਿਕ ਅਤੇ ਨੈਤਿਕ ਜੀਵਨ ਲਈ
ਦਰਸ਼ਨ
ਦਾ ਸਿੱਧਾਂਤ ਬਹੁਤ ਮਹੱਤਵ ਰੱਖਦਾ ਹੈ। ਦਰਸਨ ਦੇ ਸਰਲ ਅਤੇ ਸੰਖੇਪ ਅਰਥ ਹਨ: ਦੇਖਣਾ,
ਦੀਦਾਰ ਕਰਨਾ; ਸੂਖਮ, ਗੁਪਤ ਜਾਂ ਅਦ੍ਰਿਸ਼ਟ ਹਸਤੀ ਨੂੰ ਮਨ ਦੀਆਂ ਅੱਖਾਂ ਨਾਲ ਨਿਹਾਰਨਾ/ਦੇਖਣਾ।
ਦਰਸਨ ਤਿੰਨ ਪ੍ਰਕਾਰ ਦੇ ਹਨ: ਪਹਿਲਾ, ਅਦ੍ਰਿਸ਼ਟ ਅਕਾਲ ਪੁਰਖ ਪ੍ਰਭੂ ਦਾ ਦਰਸ਼ਨ; ਦੂਜਾ,
ਗਿਆਨ ਗੁਰੂ ਦਾ ਦਰਸ਼ਨ ਅਤੇ ਤੀਜਾ, ਸੰਸਾਰ ਦੀਆਂ ਸਥੂਲ ਹੋਂਦਾਂ ਨੂੰ ਅੱਖਾਂ ਨਾਲ ਦੇਖਣਾ!
ਸੂਖਮ ਅਤੇ ਅਦ੍ਰਿਸਟ ਅਕਾਲ ਪੁਰਖ ਦੇ ਦਰਸਨ, ਸਿਰਫ਼ ਅਤੇ ਸਿਰਫ਼, ਅਧਿਆਤਮ
ਗਿਆਨ-ਇੰਦਰੀ (ਗਿਆਨ-ਚਕਸ਼ੂ) ਨਾਲ ਕੀਤੇ ਜਾਂਦੇ ਹਨ, ਅੱਖਾਂ ਨਾਲ ਨਹੀਂ! ! ਗਿਆਨ-ਚਕਸ਼ੂ ਖੁਲ੍ਹਦੇ ਹਨ
ਗੁਰੁ-ਗਿਆਨ ਨਾਲ ਅਤੇ, ਗੁਰੁ-ਗਿਆਨ ਨਸੀਬ ਹੁੰਦਾ ਹੈ ਗੁਰੁ-ਸ਼ਬਦਾਂ ਨੂੰ ਵਿਚਾਰਨ ਅਤੇ ਉਨ੍ਹਾਂ ਉੱਤੇ
ਅਮਲ ਕਰਨ ਜਾਂ ਉਨ੍ਹਾਂ ਅਨੁਸਾਰ ਜੀਵਨ ਢਾਲਣ ਨਾਲ। ਗੁਰਮਤਿ ਅਨੁਸਾਰ, ਗੁਰੂ ਦੀ ਦੇਹ (ਬੀੜ)
ਜਾਂ ਦੇਹਧਾਰੀ ਗੁਰੂ ਦੀ ਕਾਲਪਨਿਕ ਮੂਰਤ/ਚਿਤ੍ਰ ਨੂੰ ਅੱਖਾਂ ਨਾਲ ਦੇਖਣਾ ਗੁਰੂ ਦੇ ਦਰਸਨ ਨਹੀਂ ਹਨ;
ਗੁਰੂ ਦਾ ਸ਼ਬਦ ਹੀ
ਗੁਰੂ ਦੀ ਮੂਰਤ ਹੈ।
ਸੋ, ਗੁਰੁ-ਦਰਸਨ ਅਭਿਲਾਸ਼ੀਆਂ ਨੂੰ ਗੁਰ ਸਬਦੁ ਬੀਚਾਰ ਕਰਕੇ ਹੀ ਗੁਰੂ ਦੀ
ਰੂਹਾਨੀ ਸ਼ਖ਼ਸੀਯਤ ਦੇ ਦਰਸਨ ਕਰਨੇ ਚਾਹੀਦੇ ਹਨ! ! !
ਗੁਰਬਾਣੀ ਵਿੱਚ ਅੱਖਾਂ ਰਾਹੀਂ ਦੇਖੀਆਂ ਜਾਣ ਵਾਲੀਆਂ ਜਗਤ ਦੀਆਂ ਚਕਾਚੌਂਧ ਕਰਨ ਵਾਲੀਆਂ ਸਥੂਲ
ਹੋਂਦਾਂ ਦੇ ਅੱਖੀਂ ਦਰਸ਼ਨ ਕਰਨ ਦੇ ਕਰਮ ਨੂੰ ਨਕਾਰਿਆ ਗਿਆ ਹੈ; ਕਿਉਂਕਿ, ਇਨ੍ਹਾਂ ਹੋਂਦਾਂ ਦੇ
‘ਦਰਸਨ’ ਕਰਨ ਵਾਲਾ ਰੱਬ ਨੂੰ ਭੁੱਲ ਜਾਂਦਾ ਹੈ।
ਗੁਰਬਾਣੀ ਵਿੱਚ, ਸਥੂਲ ਹੋਂਦਾਂ ਅੱਗੇ ਸਿਰ ਝੁਕਾਉਣ (ਮੱਥਾ ਟੇਕਣ ਜਾਂ
ਨਤਮਸਤਕ ਹੋਣ) ਨੂੰ ਵੀ ਪਾਖੰਡ ਕਰਮ ਕਿਹਾ ਗਿਆ ਹੈ:
# ‘ਸਿੱਖ ਧਰਮ’ ਵਿੱਚ
ਪਹਿਲੇ ਦੋ ਪ੍ਰਕਾਰ ਦੇ ਦਰਸਨਾਂ ਦਾ ਅਭਾਵ ਹੈ। ‘ਸਿੱਖਾਂ’ ਨੂੰ ਪ੍ਰਭੂ ਦੇ ਦਰਸਨਾਂ ਅਤੇ ਗੁਰ
ਸਬਦੁ ਬੀਚਾਰ ਰਾਹੀਂ ਗੁਰੂ ਦੇ ਦਰਸਨਾਂ ਤੋਂ ਦੂਰ ਰੱਖਿਆ ਜਾਂਦਾ ਹੈ। ਸਿਰਫ਼, ਅੱਖਾਂ ਨਾਲ
ਕੀਤੇ/ਕਰਾਏ ਜਾਣ ਵਾਲੇ ਪਦਾਰਥਕ ਹੋਂਦਾਂ ਅਤੇ ਮੂਰਤੀਆਂ ਦੇ ‘ਦਰਸਨਾਂ’ ਦਾ ਪ੍ਰਬੰਧ ਅਤੇ
ਪਾਖੰਡ-ਪ੍ਰਚਾਰ ਹੀ ਕੀਤਾ ਜਾਂਦਾ ਹੈ। ਸਥੂਲ ਸੰਸਾਰਕ ਹੋਂਦਾਂ ਅੱਗੇ
ਨਤਮਸਤਕ ਹੋਣ
ਅਤੇ
ਮੱਥਾ ਟੇਕਣ
ਨੂੰ ਮਹੱਤਵ ਦਿੱਤਾ ਜਾਂਦਾ ਹੈ। ‘ਗੁਰੂ ਕੀਆਂ ਸੰਗਤਾਂ’
ਜਦੋਂ ਗੁਰੂਦੁਆਰੇ ਵਿੱਚ ਨਤਮਸਤਕ ਹੁੰਦੀਆਂ ਜਾਂ ਮੱਥਾ ਟੇਕਦੀਆਂ ਹਨ ਤਾਂ ਇਹ ਸਮਝਣਾ ਮੁਸ਼ਕਿਲ ਹੈ ਕਿ
ਕੀ ਉਹ ‘ਗੁਰੂ ਦੀ ਗੋਲਕ’ ਨੂੰ ਮੱਥਾ ਟੇਕ ਰਹੀਆਂ ਹਨ ਜਾਂ ਸ਼ਸਤ੍ਰਾਂ, ਫੁੱਲਾਂ ਨੂੰ ਅਤੇ ਜਾਂ ਫਿਰ
ਰੇਸ਼ਮੀ ਰੁਮਾਲਿਆਂ ਵਿੱਚ ਲਪੇਟੀ ‘ਗੁਰਾਂ ਕੀ ਦੇਹ’ (ਬੀੜ) ਨੂੰ?
“ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ
ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ!” ;
ਗੁਰੂਦਵਾਰਿਆਂ ਦੀਆਂ ਸਜਾਈਆਂ ਹੋਈਆਂ ਬਹੁ ਕੀਮਤੀ ਇਮਾਰਤਾਂ ਦੇ ਦਰਸਨ……।
ਸਥੂਲ ਵਸਤੂਆਂ (ਪੁਰਾਤਨ ਬੀੜਾਂ, ਸ਼ਸਤ੍ਰ, ਚੋਲੇ, ਪਊਏ,
ਝਾੜ-ਬੂਟੇ, ਰੁੱਖ, ਪੱਥਰ, ਕੰਧਾਂ ਤੇ ਹੋਰ ਅਨੇਕ ਵਸਤੂਆਂ) ਦੇ ਦਰਸ਼ਨ ਤੇ ਪੂਜਾ-ਅਰਚਨਾ……।
* ਧਰਮ-ਕਰਮ
ਤਿੰਨ ਪ੍ਰਕਾਰ ਦੇ ਹਨ: 1. ਅਧਿਆਤਮਿਕ ਗਿਆਨ ਦੀ ਪ੍ਰਾਪਤੀ
ਵਾਲੇ ਕਰਮ; 2. ਉਪਾਸ਼ਨਾ-ਭਗਤੀ ਨਾਲ ਸੰਬੰਧਿਤ ਕਰਮ; ਅਤੇ 3. ਕਰਮਕਾਂਡ।
ਪਹਿਲੇ ਦੋ, ਸੂਖਮ ਕਰਮ ਹਨ। ਇਨ੍ਹਾਂ ਸੂਖਮ ਧਰਮ-ਕਰਮਾਂ ਦਾ ਸੰਬੰਧ ਮਨ/ਆਤਮਾ ਦੀ ਸਾਧਨਾ ਨਾਲ
ਹੈ, ਮਾਇਆ ਜਾਂ ਸੰਸਾਰਕਤਾ ਨਾਲ ਬਿਲਕੁਲ ਹੀ ਨਹੀਂ। ਤੀਸਰੇ ਦਾ ਸੰਬੰਧ ਸਥੂਲ ਰੂਪ ਵਿੱਚ
ਕੀਤੇ/ਕਰਵਾਏ ਜਾਂਦੇ ਸੰਸਾਰਕ ਧਰਮ-ਕਰਮਾਂ ਨਾਲ ਹੈ; ਇਨ੍ਹਾਂ ਸਥੂਲ ਰੂਪ ਵਿੱਚ ਕੀਤੇ ਕਰਵਾਏ
ਜਾਂਦੇ ਧਰਮ-ਕਰਮਾਂ ਨੂੰ ਹੀ ਕਿਰਿਆਚਾਰ, ਸੰਸਾਰਕ ਸੰਸਕਾਰ ਜਾਂ ਕਰਮਕਾਂਡ ਕਿਹਾ ਜਾਂਦਾ ਹੈ।
ਕਰਮਕਾਂਡ ਦੇ ਸਰਲ ਭਾਵ-ਅਰਥ ਹਨ: ਉਹ ਧਰਮ-ਕਰਮ ਜਿਨ੍ਹਾਂ ਵਿੱਚ ਪ੍ਰਭੂ ਅਤੇ ਪ੍ਰਭੂ ਦੀ
ਪ੍ਰਜਾ ਵਾਸਤੇ ਸੱਚੀ ਪ੍ਰੇਮ-ਭਾਵਨਾ ਦੀ ਅਣਹੋਂਦ ਹੋਵੇ! ਇਨ੍ਹਾਂ ਕਰਮਕਾਂਡਾਂ ਦਾ ਸੰਬੰਧ ਕੇਵਲ
ਮਾਇਆ ਨਾਲ ਹੈ, ਮਨ-ਆਤਮਾ ਨਾਲ ਇਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਗੁਰਬਾਣੀ
ਵਿੱਚ ਪਹਿਲੇ ਦੋ ਦਾ ਮੰਡਨ ਹੈ ਪਰੰਤੂ ਤੀਸਰੇ (ਸਥੂਲ ਸੰਸਾਰਕ ਸੰਸਕਾਰਾਂ/ਕਰਮਕਾਂਡਾਂ) ਦਾ
ਪੁਰਜ਼ੋਰ ਖੰਡਨ ਹੈ।
#
‘ਸਿੱਖ ਧਰਮ’
ਕਿਰਿਆਚਾਰ, ਸੰਸਾਰਕ ਸੰਸਕਾਰਾਂ ਜਾਂ
ਕਰਮਕਾਂਡਾਂ ਦਾ ਧਰਮ ਹੈ। ਇਸ ਸੰਪਰਦਾਈ ਧਰਮ ਵਿੱਚ ਪਹਿਲੇ ਦੋ ਤਰ੍ਹਾਂ ਦੇ ਧਰਮ-ਕਰਮਾਂ
(ਅਧਿਆਤਮਿਕ ਗਿਆਨ ਅਤੇ ਉਪਾਸਨਾ-ਭਗਤੀ ਦੇ ਧਰਮ-ਕਰਮਾਂ) ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।
ਪਰੰਤੂ, ਦਿਖਾਵੇ ਦੇ ਬਾਹਰਲੇ ਧਰਮ-ਕਰਮਾਂ (ਕਰਮਕਾਂਡਾਂ) ਦੀ ਹੀ ਪ੍ਰਧਾਨਤਾ ਅਤੇ ਪ੍ਰਚਾਰ ਹੈ।
ਇਨ੍ਹਾਂ ਸਥੂਲ ਸੰਸਾਰਕ ਕਰਮਕਾਂਡਾਂ ਦਾ ਸੰਬੰਧ ਮਾਇਆ-ਮੂਠੇ ਪੁਜਾਰੀਆਂ ਦੇ ਖ਼ੁਦਗ਼ਰਜ਼ ਲੋਟੂ ਲਾਣੇ
ਨਾਲ ਹੈ; ਸ਼੍ਰੱਧਾਲੂਆਂ ਦੀ ਅਧਿਆਤਮਿਕਤਾ ਅਤੇ ਭਲੇ ਨਾਲ ਬਿਲਕੁਲ ਨਹੀਂ। “ਸਿੱਖ ਰਹਿਤ ਮਰਿਆਦਾ”
ਵਿੱਚ ਵੀ ਅਧਿਆਤਮਿਕ ਗਿਆਨ ਦੀ ਪ੍ਰਾਪਤੀ ਅਤੇ ਉਪਾਸ਼ਨਾ-ਭਗਤੀ ਨਾਲ ਸੰਬੰਧਿਤ
ਸ਼ੁਭ ਕਰਮਾਂ ਨੂੰ ਅਣਡਿੱਠ ਕੀਤਾ ਗਿਆ ਹੈ! ‘ਸਿੱਖ ਧਰਮ’ ਦੀ “ਸਿੱਖ ਰਹਿਤ ਮਰਿਆਦਾ” ਵਿੱਚ ਸਿਰਫ਼
ਸੰਸਾਰਕ ਸੰਸਕਾਰ (ਕਰਮਕਾਂਡ) ਸੰਪੰਨ ਕਰਨ/ਕਰਵਾਉਣ ਦਾ ਵਿਧੀ-ਵਿਧਾਨ ਹੀ ਨਜ਼ਰ ਆਉਂਦਾ ਹੈ! !
ਕਰਮਕਾਂਡ (ਸੰਸਾਰਕ ਸੰਸਕਾਰ) ਕਰਨ/ਕਰਵਾਉਣ ਦੇ ਪਾਖੰਡ ਕਰਮ ਅਧਰਮ ਦੀ ਖੋਟੀ ਕਮਾਈ ਦਾ ਸੱਭ ਤੋਂ
ਵਧੀਆ ਸਾਧਨ ਹਨ!
ਭਾੜੇ ਦੇ ਪਾਠ, ਅਰਦਾਸਾਂ, ਅਨੇਕ ਕਿਸਮ ਦੇ ਧਾਰਮਿਕ ਸਮਾਗਮ,
ਅਵਤਾਰ-ਦਿਹਾੜੇ, ਪ੍ਰਭਾਤ ਫ਼ੇਰੀਆਂ, ਨਗਰ ਕੀਰਤਨ, ਰੈਣਸਬਾਈ ਕੀਰਤਨ, ਭੰਡਾਰੇ, ਢੌਂਗੀ ਸੰਤੜਿਆਂ
ਸਾਧੜਿਆਂ ਦੀਆਂ ਬਰਸੀਆਂ……ਆਦਿਕ। ਰੁਮਾਲੇ, ਚੰਦੋਏ ਚੜ੍ਹਾਉਣ ਅਤੇ ਕੜ੍ਹਾ ਪ੍ਰਸਾਦ ਦੀ ਦੇਗ ਕਰਾਉਣ
ਜਿਹੇ ਸੈਂਕੜੇ ਹੋਰ ਕਰਮ ਹਨ ਜੋ ਧਰਮ ਦੇ ਵਾਪਾਰ ਦੀ ਆਮਦਨ ਵਧਾਉਣ ਵਾਸਤੇ ਚੰਗਾ ਸਾਧਨ ਹਨ।
*
ਹੁਕਮਨਾਮਾ:
ਗੁਰਬਾਣੀ
ਵਿੱਚ ਦਰਸਾਏ ਹਰ ਸਿੱਧਾਂਤਕ ਕਥਨ ਨੂੰ, ਸ਼੍ਰੱਧਾ ਅਤੇ
ਸਤਿਕਾਰ ਨਾਲ, “ਹੁਕਮਨਾਮਾ” ਕਿਹਾ ਜਾਂਦਾ ਹੈ। ਇਸ ਹੁਕਮਨਾਮੇ (ਫ਼ਰਮਾਨ) ਨੂੰ ਮੰਨਣਾ ਅਤੇ
ਇਸ ਫ਼ਰਮਾਨ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਗੁਰਸਿੱਖ ਦਾ ਨੈਤਿਕ ਫ਼ਰਜ਼ ਹੈ।
# ‘ਸਿੱਖ ਧਰਮ’ ਦੇ
ਬਿਉਹਾਰੀਆਂ ਨੇ ਪਹਿਲਾਂ ਅਕਾਲ ਬੂੰਗੇ ਨੂੰ ‘ਅਕਾਲ ਤਖ਼ਤ’ ਦਾ ਨਾਮ ਦੇ ਦਿੱਤਾ ਅਤੇ ਫਿਰ ਕਿਸੇ
ਸੰਸਾਰੀ ਨੂੰ ਜਥੇਦਾਰ ਦੀ ਪਦਵੀ ਦੇ ਕੇ ਇਸ ਸੰਸਾਰਕ ਤਖ਼ਤ ਉੱਤੇ ਨੂੰ ਬਿਰਾਜਮਾਨ ਕਰਵਾ ਦਿੱਤਾ।
‘ਅਕਾਲ ਤਖ਼ਤ’ ਦੇ ਨਾਮ ਧਰੀਕ ਸੰਸਾਰੀ ਜਥੇਦਾਰ ਨੂੰ ਸਿੱਖ ਫ਼ਿਰਕੇ ਦੇ ਸਿੱਖਾਂ ਵਾਸਤੇ ਹੁਕਮਨਾਮੇਂ
ਜਾਰੀ ਕਰਨ ਦਾ ਪੂਰਾ ਅਧਿਕਾਰ ਹੈ। ਅਤੇ, ਇਨ੍ਹਾਂ ਅਧਾਰਮਿਕ ਹੁਕਮਨਾਮਿਆਂ ਦੀ ਉਲੰਘਣਾ ਕਰਨ ਵਾਲੇ
ਨੂੰ “ਤਨਖ਼ਾਹ ਲਾਉਣ”, ਸਜ਼ਾ ਦੇਣ ਅਤੇ ਮੁਆਫ਼ ਕਰਨ ਦਾ ਪੂਰਾ ਅਧਿਕਾਰ ਵੀ ਹੈ! ! ਬ੍ਰਹਮਗਿਆਨੀ
ਬਾਣੀਕਾਰਾਂ ਦੇ ਸਿੱਧਾਂਤਕ ਹੁਕਮਨਾਮਿਆਂ ਨੂੰ ਅਣਡਿੱਠਾ ਕਰਕੇ ਸੰਸਾਰੀ ਜਥੇਦਾਰ ਦੇ ਅਧਾਰਮਿਕ
ਹੁਕਮਨਾਮਿਆਂ ਨੂੰ ‘ਸਿੱਖਾਂ’ ਉੱਤੇ ਥੋਪਣ ਦੇ ਇਸ ਅਧਾਰਮਿਕ ਕਾਰੇ ਦਾ ਮਕਸਦ ਸੀ/ਹੈ, ਸ਼੍ਰੱਧਾਲੂਆਂ
ਨੂੰ ਮਾਨਸਿਕ ਤੌਰ `ਤੇ ਗ਼ੁਲਾਮ ਬਣਾ ਕੇ ਆਪਣੇ ਅਧੀਨ ਕਰਨਾ! !
* ਨਿਰਮਲ ਧਰਮ ਦੇ
ਸੰਸਥਾਪਕ ਅਤੇ ਪ੍ਰਚਾਰਕ ਬਾਣੀਕਾਰ ਵਿਕਾਰ-ਮੁਕਤ ਰੂਹਾਨੀ ਸ਼ਖ਼ਸੀਯਤਾਂ ਦੇ ਮਾਲਿਕ ਸਨ। ਉਹ ਸਦਗੁਣਾਂ
ਅਤੇ ਨਿਸ਼ਕਾਮ ਨਮ੍ਰਤਾ ਦੀ ਮੂਰਤ ਸਨ। ਉਨ੍ਹਾਂ ਨੂੰ ਕਿਸੇ ਵੀ ਕਿਸਮ ਦੇ ਸੰਸਾਰਕ ਸਨਮਾਨ, ਉਪਾਧੀਆਂ
ਜਾਂ ਲਕਬਾਂ ਦੀ ਲਾਲਸਾ ਨਹੀਂ ਸੀ। ਉਹ ਸਦਗੁਣਾਂ ਦੀ ਗੁੱਥਲੀ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ
ਗੁਣਹੀਣ, ਅਗਿਆਨੀ, ਅੰਧੁਲਾ, ਅਪਰਾਧੀ, ਪਾਪੀ, ਭੁੱਲਣਹਾਰ ਅਤੇ ਭਿਖਾਰੀ ਆਦਿਕ ਕਹਿੰਦੇ ਸਨ।
# ‘ਸਿੱਖ ਧਰਮ’ ਦੇ
ਵਿਕਾਰ-ਗ੍ਰਸਤ ਸੰਸਥਾਪਕ ਅਤੇ ਪ੍ਰਚਾਰਕ ਆਤਮ-ਗਿਆਨ ਅਤੇ ਸਦਗੁਣਾਂ ਤੋਂ ਸੱਖਣੇ ਹੋਣ ਦੇ ਬਾਵਜੂਦ ਵੀ
ਸੰਸਾਰਕ ਸਨਮਾਨਾਂ ਦੇ ਇਤਨੇ ਭੁੱਖੇ ਹਨ ਕਿ ਬਿਆਨ ਕਰਨਾ ਮੁਸ਼ਕਿਲ ਹੈ! ਇਹ ਸਾਰੇ ਆਪਣੇ ਆਪ ਨੂੰ
ਸਾਹਿਬ, ਸਿੰਘ ਸਾਹਿਬ, ਗਿਆਨੀ, ਬ੍ਰਹਮ-ਗਿਆਨੀ, ਸੰਤ-ਸਾਧ, ਖ਼ਾਲਸਾ, ਮਾਰਤੰਡ, ਲੋਹ ਪੁਰਸ਼ ਅਤੇ ਵਜ਼ੀਰ
ਵਗੈਰਾ ਵਗੈਰਾ ਕਹਿ/ਕਹਿਵਾ ਕੇ ਖ਼ੁਸ਼ ਹੁੰਦੇ ਹਨ।
………
( ਨੋਟ:-
ਲੇਖ ਦੇ ਚੌਥੇ ਅਤੇ ਅੰਤਲੇ ਭਾਗ ਵਿੱਚ ਲੇਖ ਦੇ
ਪਹਿਲੇ ਤਿੰਨ ਭਾਗਾਂ ਵਿੱਚ ਵਿਚਾਰੇ ਗਏ ਤੱਥਾਂ ਦੀ ਪੁਸ਼ਟੀ ਲਈ ਠੋਸ ਪ੍ਰਮਾਣ ਦਿੱਤੇ ਜਾਣਗੇ।)
……
ਗੁਰਇੰਦਰ ਸਿੰਘ ਪਾਲ
ਅਕਤੂਬਰ 15, 2021.
|
. |