. |
|
ਭਾਈ ਲਾਲੋ ਬਨਾਮ ਮਲਿਕ ਭਾਗੋ
(1)
ਭਾਈ ਲਾਲੋ ਅਤੇ ਮਲਿਕ ਭਾਗੋ ਦੋਵੇਂ ਗੁਰੂ ਨਾਨਕ ਦੇਵ
ਜੀ ਦੇ ਸਮਕਾਲੀ ਸਨ। ਉਹ ਦੋਨੋਂ ਸੈਦਪੁਰ (ਅਜੋਕੇ ਏਮਨਾਬਾਦ), ਜੋ ਕਿ ਹੁਣ ਪਾਕਿਸਤਾਨ ਵਿੱਚ ਹੈ, ਦੇ
ਵਸਨੀਕ ਸਨ। ਸਾਖੀ ਅਨੁਸਾਰ, ਧਾੜਵੀ ਬਾਬਰ ਦੇ ਹਮਲੇ ਸਮੇਂ ਬਾਬਾ ਨਾਨਕ ਭਾਈ ਲਾਲੋ ਦੇ ਘਰ ਠਹਿਰੇ
ਹੋਏ ਮਿਹਮਾਨ ਸਨ। ਜੈਸੀ ਮੈ
ਆਵਹਿ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ
ਦਾਨੁ ਵੇ ਲਾਲੋ॥ … ਵਾਲੇ ਸ਼ਬਦ ਵਿੱਚ ਗੁਰੂ ਜੀ ਨੇ
ਬਾਬਰ ਦੇ ਹਮਲੇ ਸਮੇਂ ਉਸ ਦੀਆਂ ਫ਼ੌਜਾਂ ਦੁਆਰਾ ਲੋਕਾਂ ਉੱਤੇ ਕੀਤੇ ਗਏ ਅਕਹਿ ਅੱਤਿਆਚਾਰਾਂ ਦਾ
ਅੱਖੀਂ ਡਿੱਠਾ ਹਾਲ ਬਿਆਨ ਕੀਤਾ ਹੈ। “…ਵੇ
ਲਾਲੋ॥” ਤੋਂ ਸਪਸ਼ਟ ਹੈ ਕਿ ਇਹ ਸ਼ਬਦ ਭਾਈ
ਲਾਲੋ ਨੂੰ ਸੰਬੋਧਿਤ ਹੋ ਕੇ ਲਿਖਆ ਗਿਆ ਸੀ।
ਉਕਤ ਸ਼ਬਦ ਤੋਂ ਬਿਨਾਂ ਕੁੱਝ ਇੱਕ ਹੋਰ ਸ਼ਬਦ ਹਨ, ( ਖੁਰਾਸਾਨ
ਖਸਮਾਨਾ ਕੀਆ ਹਿੰਦੋਸਤਾਨੁ ਡਰਾਇਆ॥ …; ਅਤੇ
ਜਿਨ ਸਿਰਿ ਸੋਹਨਿ ਪਟੀਆ
ਮਾਂਗੀ ਪਾਏ ਸੰਧੂਰੁ॥ ਆਦਿਕ), ਜਿਨ੍ਹਾਂ ਵਿੱਚ
ਗੁਰੂ ਨਾਨਕ ਦੇਵ ਜੀ ਨੇ ਸਮੇਂ ਦੇ ਸ਼ੈਤਾਨ ਤੇ ਰਾਕਸ਼ਸ ਬਿਰਤੀ ਵਾਲੇ ਨਿਰਦਈ ਧਾੜਵੀਆਂ,
ਰਾਜੇ-ਰਜਵਾੜਿਆਂ ਅਤੇ ਉਨ੍ਹਾਂ ਦੇ ਜ਼ਮੀਰ-ਮਰੇ ਜ਼ਾਲਿਮ, ਦੁਸ਼ਟ ਤੇ ਪਾਪੀ ਅਹਿਲਕਾਰਾਂ ਨੂੰ ਨਿਧੜਕ ਹੋ
ਕੇ ਫਿਟਕਾਰਾਂ ਪਾਈਆਂ ਹਨ। ਅਜਿਹੀਆਂ ਫਿਟਕਾਰਾਂ ਕੋਈ ਰੂਹਾਨੀ ਸ਼ਖ਼ਸੀਯਤ ਅਤੇ ਆਤਮ-ਬਲ ਵਾਲਾ
ਸੱਚਾ-ਸੁੱਚਾ ਮਰਦ-ਮਰਦਾਨਾ ਹੀ ਪਾ ਸਕਦਾ ਹੈ!
ਭਾਈ ਲਾਲੋ ਜਾਤ ਦਾ ਤਖਾਣ ਸੀ; ਅਤੇ ਤਖਾਣਾ ਕੰਮ ਕਰਦਾ ਸੀ। ਉਹ ਗ਼ਰੀਬੀ
ਵੇਸ ਅਤੇ ਸੱਚੇ-ਸੁੱਚੇ ਮਨ ਵਾਲਾ ਕਿਰਤੀ ਇਨਸਾਨ ਸੀ ਜੋ, ਆਪਣੀ ਹੱਡ-ਭੰਨਵੀਂ ਖ਼ੂਨ-ਪਸੀਨੇ ਦੀ ਕਮਾਈ
ਨਾਲ ਰੁੱਖੀ-ਸੁੱਖੀ ਖਾ ਕੇ ਗੁਜ਼ਾਰਾ ਕਰਦਾ ਸੀ। ਇੱਥੇ ਹੀ ਬਸ ਨਹੀਂ, ਉਹ ਹੱਕ-ਹਲਾਲ ਦੀ ਇਹ
ਰੁੱਖੀ-ਸੁੱਖੀ ਆਉਂਦੇ-ਜਾਂਦੇ ਰਾਹੀਆਂ ਅਤੇ ਮਿਹਮਾਨਾਂ ਨਾਲ ਵੀ ਖ਼ੁਸ਼ੀ ਖ਼ੁਸ਼ੀ ਸਾਂਝੀ ਕਰਦਾ ਸੀ। ਉਹ
ਰਬ ਦਾ ਮਸਕੀਨ ਤੇ ਨਿਮਾਣਾ ਜਿਹਾ ਬੰਦਾ ਸੀ ਜੋ ਨੈਤਿਕ ਗੁਣਾਂ ਨਾਲ ਭਰਪੂਰ ਸੱਚੇ-ਸੁੱਚੇ
ਪਾਕ-ਪਵਿਤ੍ਰ ਕਿਰਦਾਰ ਦਾ ਮਾਲਿਕ ਸੀ।
ਭਾਈ ਲਾਲੋ ਆਪਣੇ
ਸਿੱਧੇ-ਸਾਦੇ, ਸੱਚੇ-ਸੁੱਚੇ, ਮਸਕੀਨ ਅਤੇ ਮਾਨਵਵਾਦੀ ਸਦਗੁਣੀ ਕਿਰਦਾਰ ਕਰਕੇ ਮਨੁੱਖਾ ਸਮਾਜ ਦਾ
ਮਹਾਂ ਨਾਇਕ ਸੀ, ਅੱਜ ਵੀ ਹੈ ਅਤੇ ਹਮੇਸ਼ਾ ਰਹੇਗਾ!
ਮਲਿਕ ਭਾਗੋ ਜਾਤ ਦਾ ਖੱਤ੍ਰੀ ਸੀ, ਅਤੇ ਉਹ ਸੈਦਪੁਰ ਦੇ
ਰਜਵਾੜੇ ਜ਼ਾਲਿਮ ਖ਼ਾਨ ਦਾ ਚਾਪਲੂਸ ਅਹੁਦੇ-ਦਾਰ ਸੀ। ਉਹ ਜ਼ਾਲਿਮ ਖ਼ਾਨ ਵਾਂਙ ਖ਼ੁਦ ਵੀ
ਬੜਾ ਜ਼ਾਲਿਮ ਸੀ। ਉਹ ਇਨਸਾਨੀਯਤ ਤੋਂ ਗਿਰਿਆ ਹੋਇਆ ਇੱਕ ਹੰਕਾਰੀ ਅਤੇ ਨੀਚ-ਨਾਪਾਕ ਵਿਅਕਤੀ ਸੀ।
ਜ਼ੋਰ-ਜ਼ੁਲਮ, ਕਾਮਚੋਰੀ, ਹਰਾਮਖ਼ੋਰੀ, ਸ਼ੈਤਾਨੀਯਤ, ਦੁਸ਼ਟਤਾ ਅਤੇ ਰਿਸ਼ਵਤਖ਼ੋਰੀ ਆਦਿਕ ਉਸ ਦੇ ਭ੍ਰਸ਼ਟ,
ਖੋਟੇ ਅਤੇ ਗ਼ਲੀਜ਼ ਕਿਰਦਾਰ ਦੇ ਕੁਲਖਣ ਸਨ। ਮਲਿਕ ਭਾਗੋ ਆਪਣੇ ਹਉਮੈਂ-ਯੁਕਤ ਅਵਗੁਣੀ,
ਭ੍ਰਸ਼ਟ, ਗ਼ਲੀਜ਼, ਜ਼ਾਲਿਮ, ਹਰਾਮ-ਖ਼ੋਰ ਅਤੇ ਕੁਟਿਲ ਕਿਰਦਾਰ ਅਤੇ ਕਾਲੀਆਂ ਕਰਤੂਤਾਂ ਕਰਕੇ ਮਨੁੱਖਾ
ਸਮਾਜ ਦਾ ਮਨਹੂਸ, ਨਿਰਦਈ, ਨੀਚ ਅਤੇ ਕਲੰਕਿਤ ਖਲਨਾਇਕ ਸੀ ਅਤੇ ਸਦਾ ਖਲਨਾਇਕ ਹੀ ਰਹੇਗਾ।
ਪ੍ਰਚੱਲਿਤ ਸਾਖੀ ਅਨੁਸਾਰ, ਬਾਬਾ ਨਾਨਕ ਜੀ ਆਪਣੀ ਇੱਕ ਉਦਾਸੀ ਦੌਰਾਨ ਭਾਈ
ਲਾਲੋ ਦੇ ਘਰ ਠਹਿਰੇ ਹੋਏ ਸਨ ਅਤੇ ਰਬ ਦੇ ਉਸ ਸਿੱਧੇ-ਸਾਦੇ ਮਸਕੀਨ ਬੰਦੇ ਦੀ ਉਚੇਚ-ਰਹਿਤ ਨਿੱਘੀ
ਮਿਹਮਾਨ-ਨਿਵਾਜ਼ੀ ਦਾ ਆਨੰਦ ਮਾਣ ਰਹੇ ਸਨ। ਇਸੇ ਸਮੇਂ ਦੌਰਾਨ ਮਲਿਕ ਭਾਗੋ ਨੇ ਇੱਕ ਬ੍ਰਹਮ ਭੋਜ
ਕਰਵਾਇਆ। ਇਸ ਭੋਜ ਵਾਸਤੇ ਸਥਾਨਕ ਬ੍ਰਾਹਮਣਾਂ ਤੋਂ ਬਿਨਾਂ ਬਾਬੇ ਨਾਨਕ ਨੂੰ ਵੀ ਸੱਦਾ ਭੇਜਿਆ ਗਿਆ।
ਪਰ, ਬਾਬੇ ਨਾਨਕ ਨੇ ਮਲਿਕ ਦਾ ਸੱਦਾ ਠੁੱਕਰਾ ਦਿੱਤਾ। ਬਾਬੇ ਨਾਨਕ ਦੀ ਇਸ ‘ਗੁਸਤਾਖ਼ੀ’ ਕਾਰਣ ਮਲਿਕ
ਭਾਗੋ ਅੱਗ-ਭਬੂਕਾ ਹੋ ਉੱਠਿਆ ਅਤੇ ਉਸ ਨੇ ਬਾਬੇ ਨਾਨਕ ਨੂੰ ਹੁਕਮਨ ਆਪਣੇ ਦਰਬਾਰ ਵਿੱਚ ਹਾਜ਼ਿਰ ਹੋਣ
ਵਾਸਤੇ ਸੱਦਾ ਭੇਜਿਆ। ਬ੍ਰਹਮ-ਭੋਜ ਦੇ ਭਰੇ ਇਕੱਠ ਵਿੱਚ ਭਾਗੋ ਨੇ ਹਾਕਮਾਨਾ ਅੰਦਾਜ਼ ਵਿੱਚ ਬਾਬੇ ਨੂੰ
ਉਸ ਦਾ ਸ਼ਾਹੀ ਨਿਉਂਦਾ ਠੁਕਰਾਉਣ ਦਾ ਕਾਰਣ ਪੁੱਛਿਆ। ਬਾਬੇ ਨਾਨਕ ਨੇ ਬੜੇ ਠਰ੍ਹਮੇ ਅਤੇ ਤਰਕ ਨਾਲ
ਕਿਹਾ, “ਲਾਲੋ ਤਖਾਣ ਦੀ ਖ਼ੂਨ-ਪਸੀਨੇ ਦੀ ਕਿਰਤ ਨਾਲ ਕਮਾਈ ਹੱਕ-ਹਲਾਲ ਦੀ ਰੁੱਖੀ-ਸੁਖੀ ਕੋਧਰੇ ਦੀ
ਰੋਟੀ ਦੁੱਧ-ਅੰਮ੍ਰਿਤ ਵਾਂਙ ਪਵਿੱਤਰ ਅਤੇ ਸਵਾਦ ਹੈ, ਜਿਸ ਨੂੰ ਖਾ ਕੇ ਮਨ ਤ੍ਰਿਪਤ ਅਤੇ ਆਨੰਦਿਤ
ਹੁੰਦਾ ਹੈ! ਪਰੰਤੂ, ਤੇਰਾ ਛੱਤੀ ਪ੍ਰਕਾਰ ਦੇ ਭੋਜਨਾਂ ਵਾਲਾ ਬ੍ਰਹਮ-ਭੋਜ ਜ਼ੋਰ-ਜ਼ੁਲਮ ਨਾਲ
ਲੁੱਟੀ-ਖੋਹੀ ਗ਼ਰੀਬ ਕਿਰਤੀਆਂ ਦੀ ਖ਼ੂਨ-ਪਸੀਨੇ ਦੀ ਕਿਰਤ-ਕਮਾਈ ਨਾਲ ਬਣਾਇਆ ਗਿਆ ਹੈ। ਇਸ ਭੋਜ
ਵਿੱਚੋਂ ਕਿਰਤ-ਕਮਾਈ ਅਤੇ ਮਸਕੀਨਤਾ ਦੇ ਦੁੱਧ ਅੰਮ੍ਰਿਤ ਦੀ ਮਹਿਕ ਦੀ ਬਜਾਏ ਤੇਰੀ ਹਉਮੈਂ ਅਤੇ ਹਰਾਮ
(ਬੇਚਾਰੇ ਮਜ਼ਲੂਮ ਕਿਰਤੀਆਂ ਦੇ ਖ਼ੂਨ) ਦੀ ਹਬਕ ਆਉਂਦੀ ਹੈ। ਹਉਮੈਂ ਅਤੇ ਹਰਾਮ ਦੀ ਬੂ ਮਾਰਦਾ ਤੇਰਾ
ਬ੍ਰਹਮ ਭੋਜ ਮੈਂ ਹਜ਼ਮ ਨਹੀਂ ਸੀ ਕਰ ਸਕਦਾ; ਇਸੇ ਲਈ ਮੈਂ ਤੇਰਾ ਨਿਉਂਦਾ ਪ੍ਰਵਾਨ ਨਹੀਂ ਕੀਤਾ!
ਉਪਰੋਕਤ ਸਾਖੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਹੱਕ-ਹਲਾਲ ਦਾ ਖਾਣਾ ਅਤੇ
ਸਾਂਝਾ ਕਰਨਾ ਇਨਸਾਨੀਯਤ ਵਾਲਾ ਪੁੰਨ ਕਰਮ ਹੈ; ਪਰੰਤੂ ਕਿਰਤੀਆਂ ਦੀ ਖ਼ੂਨ-ਪਸੀਨੇ ਦੀ ਕਮਾਈ
ਜ਼ੋਰ-ਜ਼ੁਲਮ ਤੇ ਕੁਟਿਲਤਾ ਨਾਲ ਲੁੱਟ-ਖੋਹ ਤੇ ਠੱਗ ਕੇ ਹਰਾਮਖ਼ੋਰੀ ਕਰਨਾ ਅਤੇ ਹਉਮੈਂ ਤ੍ਰਿਪਤੀ ਵਾਸਤੇ
ਗ਼ਰੀਬ ਕਿਰਤੀਆਂ ਤੋਂ ਲੁੱਟੀ-ਖੋਹੀ ਜਾਂ ਠੱਗੀ ਹੋਈ ਮਾਇਆ ਨਾਲ ਬ੍ਰਹਮ-ਭੋਜ ਆਦਿ ਦਾ ਆਡੰਬਰ ਕਰਨਾ
ਪਾਖੰਡ ਤੇ ਪਾਪ ਕਰਮ ਹੈ; ਇਸ ਪਾਪ ਕਰਮ ਤੋਂ ਬਚਣਾ ਲੋੜੀਏ।
ਪਾਠਕ ਸੱਜਨੋਂ! ਆਓ, ਦੇਖੀਏ-ਬੀਚਾਰੀਏ ਕਿ ਬਾਬੇ ਨਾਨਕ ਨੂੰ ਆਪਣਾ ਗੁਰੂ
ਮੰਨਣ ਵਾਲੇ ( ‘ਸਿੱਖ ਧਰਮ’ ਦੇ) ਸਿੱਖਾਂ ਨੇ ਇਸ ਸਾਖੀ ਨੂੰ ਕਿੰਨਾ ਕੁ ਸਮਝਿਆ-ਬੀਚਾਰਿਆ ਹੈ ਅਤੇ
ਇਸ ਤੋਂ ਮਿਲਣ ਵਾਲੀ ਸਿੱਖਿਆ ਉੱਤੇ ਕਿਤਨਾ ਕੁ ਅਮਲ ਕੀਤਾ ਹੈ ਜਾਂ ਕਰ ਰਹੇ ਹਨ? ਜੇ ਬਿਬੇਕਤਾ ਵਾਲੀ
ਪਾਰਖੂ ਅੱਖ ਨਾਲ ਦੇਖੀਏ-ਬੀਚਾਰੀਏ ਤਾਂ ਇਸ ਸਵਾਲ ਦਾ ਜਵਾਬ ਬਣਦਾ ਹੈ, ਭੋਰਾ ਵੀ ਨਹੀਂ!
ਇਸ ਜਵਾਬ ਦੇ ਕੌੜੇ ਸੱਚ ਨੂੰ ਦਲੀਲਮਈ ਢੰਗ ਨਾਲ ਸਹੀ ਸਾਬਤ ਕਰਨ ਲਈ ਹੇਠ ਲਿਖੇ ਕੁੱਝ ਇੱਕ
ਤੱਥਾਂ ਉੱਤੇ ਵਿਚਾਰ ਕਰਦੇ ਹਾਂ:
‘ਸਿੱਖ ਧਰਮ’ ਉੱਤੇ ਜਿਨ੍ਹਾਂ ਲੋਕਾਂ ਦਾ ਕਬਜ਼ਾ ਰਿਹਾ ਹੈ ਜਾਂ ਹੁਣ ਹੈ, ਉਹ
ਸਾਰੇ ਬਾਬੇ ਨਾਨਕ ਦੇ ਪੈਰੋਕਾਰ ਬਿਲਕੁਲ ਨਹੀਂ ਹਨ ਸਗੋਂ ਉਹ ਤਾਂ, ਬਿਨਾ ਸ਼ੱਕ, ਇਨਸਾਨੀਯਤ ਤੋਂ
ਗਿਰੇ ਹੋਏ ਬਦ-ਚਲਨ ਮਲਿਕ ਭਾਗੋ ਦੇ ਵੰਸ਼ਜ ਹਨ। ਉਨ੍ਹਾਂ ਦਾ ਉਪਰੋਕਤ ਸਾਖੀ ਅਤੇ ਸ਼ਬਦਾਂ ਤੋਂ
ਮਿਲਦੀ ਅਧਿਆਤਮਿਕ ਤੇ ਨੈਤਿਕ ਸਿੱਖਿਆ ਨਾਲ ਕੋਈ ਵਾਸਤਾ ਹੀ ਨਹੀਂ ਹੈ। ਉਹ ਤਾਂ ਬਾਬੇ ਨਾਨਕ ਦੀ
ਮਾਨਵਵਾਦੀ ਸੋਚ ਅਤੇ ਫ਼ਲਸਫ਼ੇ ਦਾ ਨਿਧੜਕ ਹੋ ਕੇ ਵਿਰੋਧ ਕਰ ਰਹੇ ਹਨ! ਉਹ ਬਾਬੇ ਨਾਨਕ ਦੁਆਰਾ ਨਕਾਰੇ
ਗਏ ਪਾਪ ਕਰਮਾਂ ਨੂੰ ਹੀ ਪਰਸੁਆਰਥ ਅਤੇ ਪਰਮਾਰਥ ਦੇ ਪੁੰਨ ਕਰਮ ਕਹਿੰਦੇ, ਮੰਨਦੇ ਅਤੇ
ਕਰਦੇ/ਕਰਵਾਉਂਦੇ ਹਨ। ‘ਸਿੱਖ ਧਰਮ’ ਨੂੰ ਚਲਾਉਣ ਵਾਲੇ ਸਾਰੇ ਮੋਅਤਬਰ ਨੇਤਾ, ਦਰਅਸਲ, ਮਲਿਕ ਭਾਗੋ
ਦੇ ਪਗ-ਚਿੰਨ੍ਹਾਂ `ਤੇ ਚੱਲਣ ਵਾਲੇ ਇਨਸਾਨੀਯਤ ਤੋਂ ਗਿਰੇ ਹੋਏ ਅਧਰਮੀ ਠਗਵਾੜੇ ਹਨ।
‘ਸਿੱਖ ਧਰਮ’ ਨੂੰ ਚਲਾਉਣ ਵਾਲੀਆਂ ਪੰਜ ਮੁਖ ਸੰਸਥਾਵਾਂ/ਜਥੇਬੰਦੀਆਂ ਹਨ:
ਪਹਿਲੀ, ਅਕਾਲੀ ਦਲ ਅਤੇ ਹੋਰ ਸਿਆਸੀ ਪਾਰਟੀਆਂ ਦੇ ‘ਸਿੱਖ’ ਨੇਤਾ; ਦੂਜੀ, ਸ਼ਰੋਮਣੀ
ਪ੍ਰਬੰਧਕ ਕਮੇਟੀਆਂ ਅਤੇ ਸਥਾਨਕ ਗੁਰੂਦਵਾਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਤੋਂ ਬਿਨਾਂ ਅਣਗਿਣਤ ਹੋਰ
‘ਪੰਥਕ’ ਜਥੇਬੰਦੀਆਂ ਵਗ਼ੈਰਾ; ਤੀਜੀ, ‘ਤਖ਼ਤਾਂ’ ਦੇ ਜਥੇਦਾਰ ਅਤੇ ਪੁਜਾਰੀ ਲਾਣਾ; ਚੌਥੀ,
ਟਕਸਾਲਾਂ ਦੇ ਮੁਖੀਏ ਅਤੇ ਹਜ਼ਾਰਾਂ ਡੇਰਿਆਂ ਦੇ ਡੇਰੇਦਾਰ; ਅਤੇ ਪੰਜਵੀਂ, ਕਾਲਾ ਧਨ
‘ਕੱਠਾ ਕਰਨ ਵਾਲੇ ਚੋਰ-ਬਾਜ਼ਾਰੀਏ, ਜਿਨ੍ਹਾਂ ਨੂੰ ਕਾਲੇ ਧਨ ਦੇ ਕੁਬੇਰ ਵੀ ਕਿਹਾ ਜਾਂਦਾ
ਹੈ! ਜੇ ਗੁਰਮਤਿ ਨੂੰ ਕਸੌਟੀ ਬਣਾ ਕੇ ਬਿਬੇਕ ਬੁੱਧਿ ਵਾਲੀ ਪਾਰਖੂ ਅੱਖ ਨਾਲ ਦੇਖੀਏ-ਪਰਖੀਏ ਤਾਂ
ਇਨ੍ਹਾਂ ਸਾਰਿਆਂ ਦਾ ਜੀਵਨ ਦੁਸ਼ਟ ਮਲਿਕ ਭਾਗੋ ਵਾਲਾ ਹੀ ਹੈ; ਕਿਸੇ ਦੇ ਵੀ ਕਿਰਦਾਰ ਵਿੱਚ
ਗ਼ਰੀਬ, ਮਸਕੀਨ ਤੇ ਕਿਰਤੀ ਭਾਈ ਲਾਲੋ ਦੇ ਸੱਚੇ-ਸੁੱਚੇ ਕਿਰਦਾਰ ਵਾਲੇ ਸਦਗੁਣੀ ਲੱਛਣ ਨਜ਼ਰ ਨਹੀਂ
ਆਉਂਦੇ! ਉਕਤ ਪੰਜੇ ਸੰਸਥਾਵਾਂ ਦੇ ਮੋਅਤਬਰ ਕਾਰਕੁਨ ਆਪਸ ਵਿੱਚ ਜੁੰਡੀਦਾਰ ਵੀ ਹਨ!
ਪਹਿਲਾਂ ਗੱਲ ਕਰਦੇ ਹਾਂ ਸ਼ਾਸਕਾਂ ਅਤੇ ਸਿਆਸਤਦਾਨਾਂ ਦੀ: ਇਹ ਘਿਨਾਉਣਾ ਸੱਚ
ਤਾਂ ਜੱਗ-ਜ਼ਾਹਿਰ ਹੈ ਕਿ ਭਾਰਤ ਦੇ, ਲਗ ਪਗ, ਸਾਰੇ ਸਿਆਸੀ ਨੇਤਾ ਰੱਜ ਕੇ ਸੁਆਰਥੀ, ਲੋਭੀ, ਭ੍ਰਸ਼ਟ,
ਝੂਠੇ, ਕਪਟੀ ਅਤੇ ਇਨਸਾਨੀਯਤ ਤੋਂ ਗਿਰੇ ਹੋਏ ਨਿਰਦਈ ਲੋਕ ਹਨ। ਪਰੰਤੂ ਇੱਥੇ ਅਸੀਂ ਸਿਰਫ਼ ‘ਸਿੱਖ’
ਨੇਤਾਵਾਂ ਦੀ ਹੀ ਗੱਲ ਕਰਾਂਗੇ। ‘ਸਿੱਖ’ ਸ਼ਾਸਕ/ਸਿਆਸਤਦਾਨ, ਚਾਹੇ ਉਹ ਅਕਾਲੀ ਹੋਣ ਜਾਂ ਕਾਂਗਰਸੀ
ਜਾਂ ਕੋਈ ਹੋਰ, ਇਹ ਸਾਰੇ ਇੱਕੋ ਥਾਲੀ ਦੇ ਚੱਟੇ-ਵਟੇ ਹਨ। ਇਨ੍ਹਾਂ ਦਾ ਪਰਮ ਧਰਮ ਹੈ: ਗੱਦੀ
ਅਤੇ ਸੱਤਾ! ਗੱਦੀ ਅਤੇ ਰਾਜਸੀ ਸੱਤਾ ਹਾਸਿਲ ਕਰਨ ਵਾਸਤੇ ਵੋਟਾਂ ਦੀ ਲੋੜ ਹੁੰਦੀ ਹੈ!
ਵੋਟਾਂ ਹਾਸਿਲ ਕਰਨ ਵਾਸਤੇ ਇਹ ਲੋਕ ਬੜੀ ਨਿਰਲੱਜਤਾ ਅਤੇ ਢੀਠਤਾ ਨਾਲ ਰੱਜ ਕੇ ਝੂਠ ਬੋਲਦੇ ਤੇ ਕੁਫ਼ਰ
ਤੋਲਦੇ ਰਹਿੰਦੇ ਹਨ। ਵੋਟਰਾਂ ਦਾ ਭਰੋਸਾ ਜਿੱਤਣ ਵਾਸਤੇ ਝੂਠੇ ਤੇ ਬੇਹੂਦਾ ਬਿਆਨ ਬਕਣ ਵਿੱਚ ਇਹ
ਮਾਹਿਰ ਹਨ। ਅਤੇ, ਝੂਠੀਆਂ ਕਸਮਾਂ ਖਾਣਾ ਅਤੇ ਫਿਰ ਉਨ੍ਹਾਂ ਕਸਮਾਂ ਨੂੰ ਬੇ-ਸ਼ਰਮੀ ਨਾਲ ਤੋੜਣਾ
ਇਨ੍ਹਾਂ ਦੇ ਅਮਾਨਵੀ, ਅਧਰਮੀ ਅਤੇ ਭ੍ਰਸ਼ਟ ਕਿਰਦਾਰ ਦਾ ਪਰਮੁਖ ਲੱਛਣ ਹੈ! ਇਸ ਕੌੜੇ ਕਥਨ ਦੀ ਪੁਸ਼ਟੀ
ਲਈ ਇਤਿਹਾਸਕ ਤੱਥਾਂ ਦਾ ਹਵਾਲਾ ਦਿੱਤਾ ਜਾ ਸਕਦਾ ਹੈ।
ਗੁਰੂ ਨਾਨਕ ਦੇਵ ਜੀ ਦਾ ਸ਼ਬਦ, “ …
ਰਾਜੇ ਸੀਹ ਮੁਕਦਮ ਕੁਂਤੇ॥ … ‘ਸਿੱਖ’
ਸਿਆਸਟਦਾਨਾਂ ਦੇ ਲੋਭੀ, ਭ੍ਰਸ਼ਟ, ਜ਼ਾਲਿਮ ਅਤੇ ਨੀਚ ਚਲਨ ਉੱਤੇ ਪੂਰਾ ਢੁਕਦਾ ਹੈ। ਪੰਜਾਬ ਵਿੱਚ ਸਿਰਫ਼
ਦੋ ਹੀ ਸਿਆਸੀ ਪਾਰਟੀਆਂ ਦਾ ਰਾਜ ਰਿਹਾ ਹੈ: ਇਕ, ਕਾਂਗਰਸ ਅਤੇ ਦੂਜੀ, ਅਕਾਲੀ ਦਲ। ਇਨ੍ਹਾਂ ਦੋਨਾਂ
ਪਾਰਟੀਆਂ ਦੇ ਲੀਡਰ ਰਾਜ-ਗੱਦੀਆਂ ਦੇ ਦੀਵਾਨੇ ਹਨ। ਗੱਦੀ ਦੀ ਖ਼ਾਤਿਰ ਇਹ, ਹਮੇਸ਼ਾਂ ਤੋਂ, ਕੇਂਦਰੀ
ਸਰਕਾਰ ਦੇ ਜ਼ਮੀਰ-ਮਰੇ ਗ਼ੁਲਾਮ ਬਣ ਕੇ ਰਹੇ ਹਨ। ਕੇਂਦਰੀ ਸਰਕਾਰਾਂ (ਕਾਂਗਰਸ ਤੇ ਭਾਜਪਾ) ਦੇ ਇਨ੍ਹਾਂ
ਬੇ-ਜ਼ਮੀਰੇ ਗ਼ੁਲਾਮਾਂ ਨੇ ਆਪਣੇ ਸੁਆਰਥਾਂ ਦੀ ਖ਼ਾਤਿਰ ਪਹਿਲਾਂ ਮਹਾਨ ਪੰਜਾਬ ਨੂੰ ਕੱਟ-ਵੱਢ ਕੇ ਨਿੱਕੀ
ਜਿਹੀ ਪੰਜਾਬੀ ਸੂਬੜੀ ਬਣਾ/ਬਣਵਾ ਦਿੱਤੀ; ਅਤੇ ਫਿਰ ਗੱਦੀ, ਸੱਤਾ ਤੇ ਚੌਧਰ ਦੀ ਖ਼ਾਤਿਰ, ਇਸ ਨਾਮ
ਮਾਤ੍ਰ ਪੰਜਾਬੀ ਸੂਬੜੀ ਨੂੰ ਆਪਣੇ ਕਾਲੇ ਕਾਰਨਾਮਿਆਂ ਨਾਲ ਖੋਖਲਾ ਕਰ ਕੇ ਰੱਖ ਦਿੱਤਾ ਹੈ। ਪੰਜਾਬ
ਅਤੇ ਪੰਜਾਬੀਆਂ ਨਾਲ ਕੀਤੀ ਇਨ੍ਹਾਂ ਬੇਈਮਾਨਾਂ ਦੀ ਬੇ-ਮਿਸਾਲ ਗ਼ੱਦਾਰੀ ਦਾ ਹੀ ਨਤੀਜਾ ਹੈ ਕਿ ਅੱਜ
ਨਾ ਹੀ ਹੱਸਦਾ-ਵੱਸਦਾ ਸੁਹਾਵਣਾ ਪੰਜਾਬ ਰਿਹਾ, ਨਾ ਪੰਜਾਬੀ ਭਾਸ਼ਾ, ਨਾ ਪੰਜਾਬੀ ਭਾਈਚਾਰਾ ਤੇ ਨਾ ਹੀ
ਕਿਤੇ ਪੰਜਾਬੀ ਸੱਭਿਆਚਾਰ ਨਜ਼ਰ ਆਉਂਦਾ ਹੈ! ! ਮਿਹਨਤੀ ਪੰਜਾਬੀਆਂ ਅਤੇ ਪੰਜਬ ਦੀ ਖ਼ੁਸ਼ਹਾਲੀ ਨੂੰ
ਆਪਣੇ ਸੁਆਰਥ ਲਈ ਮਗਰਮੱਛਾਂ ਵਾਂਙ ਨਿਗਲ ਕੇ ਮਗਰਮੱਛੀ ਹੰਝੂ ਵਹਾਉਣ ਵਾਲੇ ਇਹ ਨਿਰਦਈ ਨੇਤਾ ਖ਼ੁਦ
ਖ਼ੁਸ਼ਹਾਲ ਬਣ ਗਏ ਹਨ! ਦੇਸ-ਵਿਦੇਸ ਵਿੱਚ ਇਨ੍ਹਾਂ ਦੀਆਂ ਕਰੋੜਾਂ-ਅਰਬਾਂ ਦੀਆਂ ਜਾਇਦਾਦਾਂ ਹਨ! ਸਾਰੇ
‘ਸਿੱਖ’ ਸ਼ਾਸਕਾਂ/ਸਿਆਸਤਦਾਨਾਂ ਅਤੇ ਇਨ੍ਹਾਂ ਦੁਆਰਾ ਨਿਰਧਾਰਤ ਕੀਤੇ ਅਹੁਦੇਦਾਰਾਂ ਨੂੰ ਵੀ, ਬੇ
ਝਿਜਕ ਹੋ ਕੇ, ਕਾਲੇ ਧਨ ਦੇ ਕੁਬੇਰ ਕਿਹਾ ਜਾ ਸਕਦਾ ਹੈ! ! ਅੱਜ ਪੰਜਾਬੀ ਸੂਬਾ ਭਾਰਤ ਦੇ ਹੋਰ ਸਾਰੇ
ਸੂਬਿਆਂ ਤੋਂ ਵੱਧ ਕਰਜ਼ਦਾਰ ਹੈ; ਪਰ, ਇੱਥੋਂ ਦੇ ਕਈ ‘ਸਿੱਖ’ ਸਿਆਸਤਦਾਨ ਭਾਰਤ ਤਾਂ ਕੀ, ਸਾਰੇ
ਸੰਸਾਰ ਦੇ ਅਮੀਰਾਂ ਵਿੱਚ ਗਿਣੇ ਜਾਂਦੇ ਹਨ!
ਨਸ਼ਿਆਂ ਦੇ ਕਾਲੇ ਕਾਰੋਬਾਰ ਅਤੇ ਖਪਤ ਵਿੱਚ ਪੰਜਾਬੀ ਸੂਬਾ ਸਾਰੇ ਸੰਸਾਰ
ਵਿੱਚ ਪਹਿਲੇ ਨੰਬਰ `ਤੇ ਕਿਹਾ ਜਾਂਦਾ ਹੈ! ਪੰਜਾਬ ਦੀ ਇਸ ‘ਪ੍ਰਾਪਤੀ’ ਦਾ ਸਿਹਰਾ ‘ਸਿੱਖ’
ਸਿਆਸਤਦਾਨਾਂ ਦੇ ਸਿਰ ਬੰਨ੍ਹਿਆ ਜਾਂਦਾ ਹੈ; ਕਿਉਂਕਿ, ਨਸ਼ਿਆਂ ਦੀ ਤਸਕਰੀ
(smuggling)
ਅਤੇ ਧੰਦਾ ਕਰਨ ਵਾਲਿਆਂ ਨਾਲ ‘ਸਿੱਖ’ ਸਿਆਸਤਦਾਨਾਂ ਦੀ ਭਾਈਵਾਲੀ ਦੀਆਂ ਖ਼ਬਰਾਂ ਆਮ ਛਪਦੀਆਂ
ਰਹਿੰਦੀਆਂ ਹਨ! !
ਪੰਜਾਬ ਨੂੰ ਨਸ਼ਟ ਕਰਨ ਵਾਲੇ ਟਕਸਾਲੀਆਂ, ਡੇਰੇਦਾਰਾਂ, ਗੁੰਡਿਆਂ,
ਗੈਂਗਸਟਰਾਂ, ਬਦਮਸ਼ਾਂ, ਕਾਤਿਲਾਂ, ਸਮਗਲਰਾਂ ਅਤੇ ਬਲਾਤਕਾਰੀਆਂ ਆਦਿ ਦੀ ਪੁਸ਼ਤ-ਪਨਾਹੀ ਕਰਨ ਵਾਲੇ ਵੀ
ਇਨਸਾਨੀਯਤ ਤੋਂ ਗਿਰੇ ਹੋਏ ਨੀਚ ਤੇ ਨਿਰਲੱਜ ਸਿਆਸਤਦਾਨ ਹੀ ਹੁੰਦੇ ਹਨ। ਬੜੀ ਸ਼ਰਮ ਦੀ ਗੱਲ ਹੈ ਕਿ
ਕਾਲੇ ਕਾਰਨਾਮੇਂ ਕਰਨ ਵਿੱਚ ਸਿਆਸਤਦਾਨ ਖ਼ੁਦ ਵੀ ਪਿੱਛੇ ਨਹੀਂ ਹਨ। ਕੋਈ ਮਨੀ-ਲਾਂਡਰਿੰਗ ਦੇ ਦੋਸ਼
ਤਹਿਤ ਸਲਾਖਾਂ ਪਿੱਛੇ ਹੈ, ਕੋਈ ਬਲਾਤਕਾਰ ਦਾ ਦੋਸ਼ੀ ਹੈ ਅਤੇ ਕੋਈ ਆਪਣੇ ਹੁਕਮਾਂ ਨਾਲ ਜਨਤਾ ਦਾ ਘਾਣ
ਕਰਵਾਉਣ ਦੇ ਮਹਾਂ ਪਾਪ ਨਾਲ ਕਲੰਕਿਤ ਹੈ……ਵਗ਼ੈਰਾ ਵਗ਼ੈਰਾ।
ਧਰਮ ਅਤੇ ਸਿਆਸਤ ਦੋ ਅਲੱਗ ਅਲੱਗ ਰਾਹ ਹਨ। ਇਨ੍ਹਾਂ ਦੋਨਾਂ ਦਾ ਆਪਸ ਵਿੱਚ
ਕੋਈ ਮੇਲ ਨਹੀਂ ਹੈ। ਧਰਮ ਸੱਚ, ਇਨਸਾਨੀਯਤ, ਪੁੰਨ, ਪਰਉਪਕਾਰ ਅਤੇ ਪਰਮਾਰਥ ਦਾ ਸਦਗੁਣੀ ਸੁਮਾਰਗ
ਹੈ; ਇਸ ਦੇ ਉਲਟ, ਸਿਆਸਤ ਝੂਠ, ਨਿਜਸਵਾਰਥ, ਅਤੇ ਸ਼ੈਤਾਨੀਯਤ ਦਾ ਅਵਗੁਣੀ ਮਾਰਗ ਹੈ। ਅਤਿ ਦੁੱਖ ਦੀ
ਗੱਲ ਇਹ ਹੈ ਕਿ ‘ਸਿੱਖ ਧਰਮ’ ਦੇ ਮਾਲਿਕ ਬਣ ਬੈਠੇ ਸਿਆਸਤਦਾਨਾਂ (ਅਜੋਕੇ ਮਲਿਕ ਭਾਗੋਆਂ) ਨੇ ਆਪਣੇ
ਮਤਲਬ ਦੀ ਖ਼ਾਤਿਰ ਗੁਰੂਦਵਾਰਿਆਂ ਨੂੰ ਗੰਦੀ ਸਿਆਸਤ ਦੇ ਅਖਾੜੇ ਬਣਾ ਲਿਆ ਹੈ। ਜਦੋਂ ਵੀ ਕੋਈ
ਦਿਨ-ਤਿਉਹਾਰ ਮਨਾਉਣ ਦਾ ਢਕੌਂਸਲਾ ਰਚਿਆ ਜਾਂਦਾ ਹੈ, ਓਦੋਂ ਗੁਰੂਦਵਾਰਿਆਂ ਦੁਆਲੇ ਅਲੱਗ ਅਲੱਗ
ਸਿਆਸੀ ਪਾਰਟੀਆਂ ਦੀਆਂ ਜੁੰਡਲੀਆਂ (Gangs) ਵਾਸਤੇ ਸਟੇਜਾਂ ਲੱਗਦੀਆਂ ਹਨ। ਇਨ੍ਹਾਂ ਸਟੇਜਾਂ ਉੱਤੋਂ
ਧਰਮ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ ਸਗੋਂ ਸਿਆਸਤ ਦੀ ਜ਼ਹਿਰੀਲੀ ਧੂੜ ਉਡਾ ਕੇ ‘ਸਿੱਖਾਂ’ ਦੀ ਮੱਤ
ਮਾਰ ਦਿੱਤੀ ਜਾਂਦੀ ਹੈ ਅਤੇ ਗੁਰੂਦਵਾਰੇ ਦੇ ਮਾਹੌਲ ਨੂੰ ਗੰਧਲਾ ਕੀਤਾ ਜਾਂਦਾ ਹੈ। ਅਜਿਹੇ ਮੌਕਿਆਂ
ਉੱਤੇ ‘ਗੁਰੂ ਕੀਆਂ ਸੰਗਤਾਂ’ ਜਾਂ ਤਾਂ ਸਿਆਸੀ ਪੰਡਾਲਾਂ ਵਿੱਚ ਨਜ਼ਰ ਆਉਂਦੀਆਂ ਹਨ ਅਤੇ ਜਾਂ ਫਿਰ
‘ਗੁਰੂ ਕੇ ਲੰਗਰ’ ਹਾਲ ਵਿੱਚ।
ਸਾਲ ਵਿੱਚ ਇਕ-ਦੋ ਵਾਰ ਕਈ ਥਾਂਈ ਪਸ਼ੂ-ਮੇਲੇ ਲੱਗਦੇ ਹਨ ਜਿੱਥੇ ਬੇ-ਜ਼ੁਬਾਨ
ਡੰਗਰਾਂ-ਢੋਰਾਂ ਦੀ ਖ਼ਰੀਦ ਓ ਫ਼ਰੋਖ਼ਤ ਹੁੰਦੀ ਹੈ। ਪਰ, ‘ਸਿੱਖ’ ਸਿਆਸਤਦਾਨ ਡੰਗਰਾਂ-ਢੋਰਾਂ ਤੋਂ ਵੀ
ਗਏ ਗੁਜ਼ਰੇ ਹਨ ਜੋ ਚੌਧਰ, ਕੁਰਸੀ ਅਤੇ ਹਰਾਮ ਦੀ ਮਾਇਆ ਦੀ ਖ਼ਾਤਿਰ ਹਮੇਸ਼ਾ ਹੀ ਵਿਕਾਊ
(For Sale)
ਰਹਿੰਦੇ ਹਨ। ਕੀ ਅਸੀਂ ਝੂਠ ਬੋਲਿਆ? ? ਖੁਲ੍ਹਮ-ਖੁਲ੍ਹਾ ਵਿਕਣ ਵੇਲੇ ਧਉਣਾਂ ਦੁਆਲੇ ਭਗਵੇਂ
ਪਰਨੇ (ਕਥਿਤ ਸਿਰੋਪੇ) ਪੁਆ ਕੇ ਜੋ ਢੀਠਤਾ ਅਤੇ ਬੇ-ਸ਼ਰਮੀ ਇਹ ਵਿਕਾਊ ਸਿਆਸਤਦਾਨ ਦਿਖਾਉਂਦੇ ਹਨ, ਉਸ
ਨੂੰ ਦੇਖ ਕੇ ਤਾਂ ਸ਼ਰਮ ਵੀ ਸ਼ਰਰਮਸਾਰ ਹੁੰਦੀ ਹੋਵੇਗੀ! ਇਸ ਕੌੜੇ ਸੱਚ ਦੀ ਪੁਸ਼ਟੀ ਲਈ ਕੋਈ ਪ੍ਰਮਾਣ
ਦੇਣ ਦੀ ਲੋੜ ਨਹੀਂ ਕਿਉਂਕਿ, ਅਖ਼ਬਾਰਾਂ ਵਿੱਚ ਇਸ ਕਥਨ ਦੀ ਪੁਸ਼ਟੀ ਦੀਆਂ ਸਚਿੱਤਰ ਖ਼ਬਰਾਂ ਹਰ ਰੋਜ਼
ਛਪਦੀਆਂ ਹੀ ਰਹਿੰਦੀਆਂ ਹਨ। ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਦੇ ਪਰਿਵਾਰ (ਸੁਖਬੀਰ ਬਾਦਲ, ਹਰਸਿਮਰਤ
ਬਾਦਲ ਅਤੇ ਬਿਕਰਮਜੀਤ ਮਜੀਠੀਆ ਵਗ਼ੈਰਾ) ਨੇ ਗੱਦੀਆਂ ਦੀ ਖ਼ਾਤਿਰ ੨੫-੩੦ ਸਾਲਾਂ ਤੋਂ ਆਪਣੀ
ਅਣਖ/ਸਵੈਮਾਨ/ਜ਼ਮੀਰ ਭਾਜਪਾ ਲੀਡਰਾਂ ਦੇ ਗੰਦੇ ਕਦਮਾਂ ਵਿੱਚ ਸਮਰਪਣ ਕੀਤੀ ਹੋਈ ਹੈ। ਇਹ ਸੱਚ ਕਿਸੇ
ਤੋਂ ਛੁਪਿਆ ਨਹੀਂ ਕਿ ਕਿਸਾਨ-ਘਾਤਿਕ ਕਾਲੇ ਕਾਨੂੰਨ ਪਾਸ ਕਰਨ ਸਮੇਂ ਅਕਾਲੀਆਂ ਅਤੇ ਕਈ ਕਾਂਗਰਸੀਆਂ
ਦੀ ਅੰਦਰਖਾਤੇ ਭਾਜਪਾਈਆਂ ਨਾਲ ਗੂੜ੍ਹੀ ਸਾਂਝ ਸੀ। ਅਤੇ, ਹਰਸਿਮਰਤ ਬਾਦਲ ਨੇ ਇਨ੍ਹਾਂ ਕਾਲੇ
ਕਾਨੂੰਨਾਂ ਦੇ ਪਾਸ ਕਰਨ ਸਮੇਂ ਆਪਣੀ ਪੂਰੀ ਸਹਿਮਤੀ ਅਤੇ ਸਮਰਥਨ ਦਿੱਤਾ ਸੀ। ਕੈਪਟਨ ਅਮਿਰੰਦਰ ਸਿੰਘ
ਦਾ ਖ਼ਾਨਦਾਨ ਪਹਿਲਾਂ ਅੰਗਰੇਜ਼ਾਂ ਦਾ ਗ਼ੁਲਾਮ ਰਿਹਾ ਅਤੇ ਫਿਰ ਆਜ਼ਾਦ ਭਾਰਤ ਦੀਆਂ ਕੇਂਦਰੀ ਸਰਕਾਰਾਂ
ਦਾ। ਅਜੇ ਕੱਲ ਦੀ ਖ਼ਬਰ ਹੈ ਕਿ ਗੱਦੀ ਦਾ ਭੁੱਖਾ ਅਮਰਿੰਦਰ ਸਿੰਘ ਭਾਜਪਾ ਲੀਡਰਾਂ ਦੇ ਗ਼ਲੀਜ਼ ਪੈਰਾਂ
ਵਿੱਚ ਜਾ ਡਿੱਗਿਆ ਹੈ! ! ! ਇਤਿਹਾਸ ਗਵਾਹ ਹੈ ਕਿ ਪੰਜਾਬ ਦੀਆਂ ਦੋਖੀ ਕੇਂਦਰੀ ਸਰਕਾਰਾਂ (ਕਾਂਗਰਸ
ਅਤੇ ਭਾਜਪਾ) ਨੂੰ ਖ਼ੁਸ਼ ਕਰਕੇ ਗੱਦੀਆਂ ਹੱਥਿਆਉਣ ਤੇ ਬਚਾਈ ਰੱਖਣ ਵਾਸਤੇ ‘ਸਿੱਖ’ ਸਿਆਸਤਦਾਨਾਂ ਨੇ
ਸੱਚੀ ਸਿੱਖੀ, ਪੰਜਾਬ ਅਤੇ ਪੰਜਾਬ ਦੀ ਜਨਤਾ ਨਾਲ ਹਮੇਸ਼ਾ ਗ਼ੱਦਾਰੀ ਕੀਤੀ ਹੈ।
ਤਾਜ਼ਾ ਖ਼ਬਰ ਹੈ ਕਿ ਕਿਸਾਨਾਂ ਵਿਰੁੱਧ ਕਾਲੇ ਕਾਨੂੰਨ ਬਣਾਉਣ ਵਾਲੇ ਮੋਦੀ ਨੇ,
ਇੱਕ ਸਾਲ ਤੋਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਕਰ ਰਹੇ, ਸਿਰੜੀ ਕਿਸਾਨਾਂ
ਦੀ ਜ਼ਿੱਦ ਅੱਗੇ ਹਾਰ ਮੰਨ ਲਈ ਹੈ ਅਤੇ ਕਾਨੂੰਨ ਰੱਦ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ। ਇਸ ਐਲਾਨ ਦਾ
ਤਿੰਨ ਝੂਠਾਂ ਨਾਲ ਸਵਾਗਤ ਕੀਤਾ ਜਾ ਰਿਹਾ ਹੈ। ਪਹਿਲਾ, ਮੋਦੀ ਦੇ ਇਸ ਐਲਾਨ ਦਾ ਸਵਾਗਤ ਅਤੇ ਮੋਦੀ
ਦਾ ਧੰਨਵਾਦ; ਦੂਜਾ, ਮੋਦੀ ਵੱਲੋਂ ਬਾਬੇ ਨਾਨਕ ਦੇ ੫੫੨ਵੇਂ ਜਨਮ ਦਿਨ (ਪ੍ਰਕਾਸ਼ ਪੁਰਬ) ਮੌਕੇ
ਸ਼ੱ੍ਰਧਾਲੂਆਂ ਨੂੰ ਬੇ-ਮਿਸਾਲ ਵੱਡਾ ਤੋਹਫ਼ਾ; ਅਤੇ ਤੀਜਾ, ਸਿਆਸਤਦਾਨਾਂ ਵੱਲੋਂ, ਕਿਸਾਨਾਂ ਦੀਆਂ
ਕੁਰਬਾਨੀਆਂ ਨੂੰ ਨਜ਼ਰ-ਅੰਦਾਜ਼ ਕਰਕੇ, ਇਸ ਜਿੱਤ ਦਾ ਸਿਹਰਾ ਆਪਣੇ ਸਿਰ ਬੰਨ੍ਹਣਾ। ਹਉਮੈਂ-ਮਾਰੇ
ਜ਼ਾਲਿਮ ਮੋਦੀ ਦੇ ਐਲਾਨ ਦਾ ਸਵਾਗਤ ਅਤੇ ਧੰਨਵਾਦ ਕਰਨ ਅਤੇ ਕਿਸਾਨਾਂ ਦੇ ਬੇ-ਮਿਸਾਲ ਸੰਘਰਸ਼ ਕਾਰਣ
ਹੋਈ ਪ੍ਰਾਪਤੀ ਨੂੰ ਮੋਦੀ ਵੱਲੋਂ ਬੇ-ਮਿਸਾਲ ਤੋਹਫ਼ਾ ਕਹਿਣ ਵਾਲੇ ਅਕਾਲੀ ਅਤੇ ਕਾਂਗਰਸੀ ਨੇਤਾ (ਖ਼ਾਸ
ਕਰਕੇ ਪ੍ਰਕਾਸ਼ ਸਿੰਘ ਬਾਦਲ ਅਤੇ ਸਾਰੀ ਬਾਦਲ ਜੁੰਡਲੀ, ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ
ਜੁੰਡੀਦਾਰ ਵਗ਼ੈਰਾ) ਹਨ। ਇਹ ਘਿਣਾਉਣੇ ਝੂਠ ਬੋਲਣ ਵਿੱਚ ਸ਼ਰੋਮਣੀ ਕਮੇਟੀਆਂ ਦੇ ਪ੍ਰਧਾਨ, ਜਥੇਦਾਰ,
ਟਕਸਾਲਾਂ ਦੇ ਮੁਖੀਏ ਅਤੇ ਡੇਰਿਆਂ ਦੇ ਡੇਰੇਦਾਰ ਵਗ਼ੈਰਾ ਵੀ ਪਿੱਛੇ ਨਹੀਂ ਹਨ। ਉਕਤ ਝੂਠੇ, ਬੇਹੂਦਾ
ਅਤੇ ਬੇ-ਤੁਕੇ ਬਿਆਨ ਦੇਣ ਵਾਲੇ ਬਿਆਨ-ਬਾਜ਼ਾਂ ਵਾਸਤੇ, ਬੇ-ਝਿਜਕ ਹੋ ਕੇ ਕਿਹਾ ਜਾ ਸਕਦਾ ਹੈ ਕਿ ਇਹ
ਸਾਰੇ ਅਣਖ-ਹੀਣੇ ਅਤੇ ਅਕਲ ਦੇ ਅੰਨ੍ਹੇਂ ਲੋਕ ਹਨ। ਮੋਦੀ ਦੀ ‘ਮਿਹਰਬਾਨੀ’ ਦੀ ਤਾਅਰੀਫ਼ ਕਰਨ ਸਮੇਂ
ਇਨ੍ਹਾਂ ਬਕਬਾਦੀ ਬਿਆਬ-ਬਾਜ਼ਾਂ ਨੂੰ ਹੰਕਾਰੀ ਮੋਦੀ ਦੇ ਪਾਪਾਂ ਕਾਰਣ ਹੋਈ ੭-੮ ਸੌ ਕਿਸਾਨਾਂ ਦੀ ਮੌਤ
(ਦਰਅਸਲ ਕਤਲ) ਅਤੇ ਸੰਘਰਸ਼ ਵਿੱਚ ਥਾਂ ਥਾਂ ਰੁਲਦੇ ਬਜ਼ੁਰਗ, ਬੀਬੀਆਂ ਅਤੇ ਬੱਚੇ-ਬੱਚੀਆਂ ਆਦਿ ਦੀ
ਤਰਸ-ਯੋਗ ਹਾਲਤ ਯਾਦ ਨਹੀਂ ਆਈ! ਉਕਤ ਬਿਆਨਾਂ ਤੋਂ ਸਾਬਤ ਹੁੰਦਾ ਹੈ ਕਿ, ‘ਸਿੱਖ’ ਨੇਤਾ ਇਤਨੇ ਗ਼ਰਕੇ
ਹੋਏ ਹਨ ਕਿ ਉਹ ਆਪਣੀਆਂ ਰਾਜ-ਗੱਦੀਆਂ ਬਚਾਉਣ ਲਈ ਮੋਦੀ ਅਤੇ ਹੋਰ ਭਾਜਪਾ ਲੀਡਰਾਂ ਦੇ ਤਲੂਏ ਚੱਟਣ
ਵਿੱਚ ਵੀ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ!
ਸੰਖੇਪ ਵਿੱਚ, ‘ਸਿੱਖ’ ਸ਼ਾਸਕ/ਸਿਆਸਤਦਾਨ, ਮਲਿਕ ਭਾਗੋ ਵਾਂਙ,
ਆਪਣੇ ਸਵਾਰਥੀ, ਹਉਮੈਂ-ਯੁਕਤ ਅਵਗੁਣੀ, ਭ੍ਰਸ਼ਟ, ਗ਼ਲੀਜ਼, ਜ਼ਾਲਿਮ ਅਤੇ ਕੁਟਿਲ ਕਿਰਦਾਰ ਅਤੇ ਕਾਲੀਆਂ
ਕਰਤੂਤਾਂ ਕਰਕੇ ਮਨੁੱਖਾ ਸਮਾਜ ਦੇ ਮਨਹੂਸ, ਨਿਰਦਈ, ਨੀਚ ਅਤੇ ਕਲੰਕਿਤ ਖਲਨਾਇਕ ਹਨ ਅਤੇ
ਸਦਾ ਖਲਨਾਇਕ ਹੀ ਰਹਿਣ ਗੇ।
(ਨੋਟ:- ‘ਸਿੱਖ’ ਸ਼ਾਸਕਾਂ/ਸਿਆਸਤਦਾਨਾਂ ਦੇ ਕਿਰਦਾਰ ਵਿੱਚ ਮਲਿਕ ਭਾਗੋ ਵਾਲੇ
ਸਾਰੇ ਕੁਲੱਛਣ ਨਜ਼ਰ ਆਉਂਦੇ ਹਨ; ਪਰੰਤੂ, ਭਾਈ ਲਾਲੋ ਦੇ ਪਵਿੱਤਰ, ਨੈਤਿਕ ਗੁਣਾਂ ਤੇ ਕਿਰਤੀ ਕਿਰਦਾਰ
ਵਾਲਾ ਇੱਕ ਵੀ ਸੁਲੱਛਣ ਦਿਖਾਈ ਨਹੀਂ ਦਿੰਦਾ। ਜੇ ਇਨ੍ਹਾਂ ਲੀਡਰਾਂ ਦੇ ਕਿਸੇ ਭਗਤ ਨੂੰ ਇਨ੍ਹਾਂ ਦੇ
ਕਿਰਦਾਰ ਵਿੱਚ ਭਾਈ ਲਾਲੋ ਦੇ ਸੱਚੇ-ਸੁੱਚੇ ਕਿਰਦਾਰ ਦਾ ਇੱਕ ਵੀ ਕਣ ਦਿਖਾਈ ਦੇਵੇ ਤਾਂ ਸਾਨੂੰ ਜ਼ਰੂਰ
ਦੱਸਣਾ।)
ਇਨਸਾਨੀਯਤ ਤੋਂ ਗਿਰੇ ਹੋਏ ਅਧਰਮੀ ‘ਸਿੱਖ’ ਸਿਆਸਤਦਾਨਾਂ (ਅਜੋਕੇ ਮਲਿਕ
ਭਾਗੋਆਂ) ਦੇ ਭ੍ਰਸ਼ਟ ਕਿਰਦਾਰ ਅਤੇ ਕਾਲੇ ਕਾਰਨਾਮਿਆਂ ਬਾਰੇ ਬਹੁਤ ਕੁਛ ਹੋਰ ਵੀ ਲਿਖਿਆ ਜਾ ਸਕਦਾ
ਹੈ; ਪਰੰਤੂ ਸਿਆਣਿਆਂ ਦੀ ਨਸੀਹਤ (ਜਿਤਨਾ ਝੱਗਾ ਚੱਕਾਂ ਗੇ, ਆਪਣਾ ਢਿੱਡ ਉਤਨਾ ਹੀ ਨੰਗਾ ਹੋਊ!)
ਨੂੰ ਧਿਆਨ ਵਿੱਚ ਰੱਖਦਿਆਂ ਇੱਥੇ ਹੀ ਬੱਸ ਕਰਦੇ ਹਾਂ।
ਚਲਦਾ……
ਗੁਰਇੰਦਰ ਸਿੰਘ ਪਾਲ
20 ਨਵੰਬਰ, 2021.
|
. |